ਵਿਦੇਸ਼
ਜ਼ਿੰਦਗੀਨਾਮਾ: ਇਮਰਾਨ ਅਹਿਮਦ ਖਾਨ ਨਿਆਜ਼ੀ ਉਰਫ ਇਮਰਾਨ ਖਾਨ
ਕਿਵੇਂ ਦਾ ਹੋਵੇਗਾ ਨਵੇਂ ਪ੍ਰਧਾਨ ਮੰਤਰੀ ਦਾ 'ਨਵਾਂ ਪਾਕਿਸਤਾਨ'?
- ਬਲਰਾਜ ਸਿੰਘ ਸਿੱਧੂ
ਕਿਵੇਂ ਦਾ ਹੋਵੇਗਾ ਨਵੇਂ ਪ੍ਰਧਾਨ ਮੰਤਰੀ ਦਾ 'ਨਵਾਂ ਪਾਕਿਸਤਾਨ'?



ਪਾਕਿਸਤਾਨ ਪਾਰਲੀਮੈਂਟ ਦੀਆਂ 272 ਕੁੱਲ ਸੀਟਾਂ ਵਿੱਚੋਂ 115 ਸੀਟਾਂ ਜਿੱਤ ਕੇ ਇਮਰਾਨ ਖਾਨ ਦੀ ਪਾਰਟੀ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਸਭ ਤੋਂ ਵੱਡੀ ਪਾਰਟੀ ਬਣ ਕੇ ਉੱਭਰੀ ਹੈ। ਸੂਬਾ ਸਰਹੱਦ ਵਿੱਚ ਉਸ ਦੀ ਸਰਕਾਰ ਬਣ ਗਈ ਹੈ ਤੇ ਪੰਜਾਬ ਵਿੱਚ ਉਹ ਨਵਾਜ਼ ਸ਼ਰੀਫ ਦੀ ਪਾਰਟੀ ਤੋਂ ਥੋੜ੍ਹਾ ਹੀ ਪਿੱਛੇ ਹੈ। ਉਸ ਨੇ 18 ਅਗਸਤ ਨੂੰ ਪਾਕਿਸਤਾਨ ਦੇ 19ਵੇਂ ਪ੍ਰਧਾਨ ਮੰਤਰੀ (ਵਜ਼ੀਰੇ ਆਜ਼ਮ) ਵਜੋਂ ਸਹੁੰ ਚੁੱਕ ਲਈ ਹੈ। ਹੁਣ ਤਕ ਪਾਕਿਸਤਾਨ ਦਾ ਪ੍ਰਧਾਨ ਮੰਤਰੀ ਜ਼ਿਆਦਾਤਰ ਸਿੰਧ ਜਾਂ ਪੰਜਾਬ ਤੋਂ ਹੀ ਬਣਦਾ ਆਇਆ ਹੈ। ਇਹ ਪਹਿਲੀ ਵਾਰ ਹੈ ਕਿ ਸੂਬਾ ਸਰਹੱਦ ਦਾ ਕੋਈ ਵਿਅਕਤੀ ਇਸ ਪਦਵੀ ਤਕ ਪਹੁੰਚਿਆ ਹੈ।

ਇਮਰਾਨ ਖਾਨ ਦਾ ਜਨਮ 5 ਅਕਤੂਬਰ 1952 ਨੂੰ ਲਾਹੌਰ ਦੇ ਇੱਕ ਉੱਚ ਮੱਧ ਵਰਗੀ ਪਰਿਵਾਰ ਵਿੱਚ ਹੋਇਆ ਸੀ। ਉਸ ਦਾ ਬਾਪ ਇਕਰਾਮਉਲਾਹ ਖਾਨ ਨਿਆਜ਼ੀ ਸਿਵਲ ਇੰਜੀਨੀਅਰ ਸੀ ਤੇ ਮਾਂ ਸ਼ੌਕਤ ਖਾਨਮ ਇੱਕ ਘਰੇਲੂ ਔਰਤ ਸੀ। ਉਹ ਚਾਰ ਭੈਣਾਂ ਦਾ ਇਕਲੌਤਾ ਭਰਾ ਹੈ। ਉਸ ਦਾ ਪਿੱਛਾ ਸੂਬਾ ਸਰਹੱਦ ਦਾ ਹੈ ਤੇ ਉਹ ਪਠਾਣਾਂ ਦੇ ਨਿਆਜ਼ੀ ਕਬੀਲੇ ਨਾਲ ਸਬੰਧ ਰੱਖਦਾ ਹੈ। ਉਸ ਦੀ ਮਾਂ ਵੀ ਪਠਾਣ ਸੀ ਤੇ ਬਰਕੀ ਕਬੀਲੇ ਦੀ ਹੈ। ਉਸ ਦੇ ਖਾਨਦਾਨ ਵਿੱਚ ਜਾਵੇਦ ਬਰਕੀ ਅਤੇ ਮਾਜ਼ਿਦ ਖਾਨ ਵਰਗੇ ਕਈ ਕ੍ਰਿਕਟਰ ਪੈਦਾ ਹੋਏ ਹਨ। ਉਹ ਬਚਪਨ ਵਿੱਚ ਬਹੁਤ ਹੀ ਸ਼ਰਮੀਲੇ ਸੁਭਾਅ ਦਾ ਸੀ। ਉਸ ਦੇ ਬਾਪ ਨੇ ਉਸ ਨੂੰ ਉੱਚ ਕੋਟੀ ਦੇ ਸਕੂਲਾਂ ਕਾਲਜਾਂ ਵਿੱਚ ਪੜ੍ਹਾਇਆ। ਉਸ ਨੇ ਐਚੀਸਨ ਕਾਲਜ ਲਾਹੌਰ, ਰਾਇਲ ਗਰੈਮਰ ਸਕੂਲ ਲੰਡਨ ਅਤੇ ਕੈਂਬਲੇ ਕਾਲਜ ਆਕਸਫੋਰਡ ਤੋਂ ਪੜ੍ਹਾਈ ਮੁਕੰਮਲ ਕੀਤੀ।

16 ਸਾਲ ਦੀ ਉਮਰ ਤੋਂ ਹੀ ਇਮਰਾਨ ਖਾਨ ਨੇ ਫਸਟ ਕਲਾਸ ਕ੍ਰਿਕਟ ਖੇਡਣੀ ਸ਼ੁਰੂ ਕਰ ਦਿੱਤੀ ਸੀ। ਸ਼ੁਰੂਆਤ ਵਿੱਚ ਉਹ ਲਾਹੌਰ ਕਾਲਜ, ਆਕਸਫੋਰਡ ਯੂਨੀਵਰਸਿਟੀ ਅਤੇ ਵਾਰਚੈਸਸ਼ਾਇਰ ਦੀ ਕ੍ਰਿਕਟ ਟੀਮ ਦਾ ਮੈਂਬਰ ਸੀ। 1976 ਵਿੱਚ ਉਹ ਪਾਕਿਸਤਾਨ ਵਾਪਸ ਆ ਗਿਆ ਤੇ ਕੁਝ ਹੀ ਦਿਨਾਂ ਵਿੱਚ ਪਾਕਿ ਕ੍ਰਿਕਟ ਟੀਮ ਦਾ ਸਥਾਈ ਮੈਂਬਰ ਬਣ ਗਿਆ। ਉਸ ਨੇ ਆਪਣੀ ਆਲ ਰਾਊਂਡਰ ਖੇਡ ਨਾਲ ਕ੍ਰਿਕਟ ਜਗਤ ਵਿੱਚ ਤਰਥੱਲੀ ਮਚਾ ਦਿੱਤੀ। 1982 ਵਿੱਚ ਉਹ ਪਾਕਿਸਤਾਨੀ ਟੀਮ ਦਾ ਕੈਪਟਨ ਥਾਪ ਦਿੱਤਾ ਗਿਆ ਤੇ 1992 ਵਿੱਚ ਆਪਣੇ ਸੰਨਿਆਸ ਲੈਣ ਤੱਕ ਉਹ ਇਸ ਪਦਵੀ 'ਤੇ ਰਿਹਾ। ਉਸ ਦੀ ਅਗਵਾਈ ਹੇਠ ਹੀ ਪਾਕਿਸਤਾਨ ਨੇ ਆਪਣਾ ਇੱਕੋ-ਇੱਕ ਵਰਲਡ ਕੱਪ (1992) ਜਿੱਤਿਆ ਸੀ। ਉਸ ਨੇ ਆਪਣੇ ਖੇਡ ਜੀਵਨ ਵਿੱਚ ਅਨੇਕਾਂ ਵਿਸ਼ਵ ਰਿਕਾਰਡ ਕਾਇਮ ਕੀਤੇ।

1985 ਵਿੱਚ ਇਮਰਾਨ ਖਾਨ ਦੀ ਮਾਂ ਦੀ ਮੌਤ ਕੈਂਸਰ ਕਾਰਨ ਹੋ ਗਈ ਸੀ। ਉਸ ਵੇਲੇ ਪਾਕਿਸਤਾਨ ਵਿੱਚ ਕੋਈ ਕੈਂਸਰ ਹਸਪਤਾਲ ਨਹੀਂ ਸੀ। ਉਸ ਨੇ ਆਪਣੀ ਮਾਂ ਦੀ ਯਾਦ ਵਿੱਚ ਕਰੋੜਾਂ ਰੁਪਏ ਖਰਚ ਕੇ ਲਾਹੌਰ ਵਿੱਚ ਪਾਕਿਸਤਾਨ ਦਾ ਪਹਿਲਾ ਕੈਂਸਰ ਹਸਪਤਾਲ ਖੋਲ੍ਹਿਆ। ਇਸ ਲਈ ਉਸ ਨੇ ਬਹੁਤ ਮਿਹਨਤ ਕੀਤੀ ਤੇ ਸਾਰੀ ਦੁਨੀਆਂ ਘੁੰਮ ਕੇ ਫੰਡ ਇਕੱਠਾ ਕੀਤਾ। ਇਸ ਤੋਂ ਇਲਾਵਾ ਪਾਕਿਸਤਾਨ ਦੇ ਕਈ ਇਲਾਕਿਆਂ ਵਿੱਚ ਉਸ ਨੇ ਗਰੀਬਾਂ ਲਈ ਕਈ ਹੋਰ ਹਸਪਤਾਲ ਅਤੇ ਸਕੂਲ ਕਾਲਜ ਖੋਲ੍ਹੇ ਹੋਏ ਹਨ। ਉਹ ਕਾਫੀ ਅਮੀਰ ਹੈ। ਉਸ ਕੋਲ ਇਸਲਾਮਾਬਾਦ ਨਜ਼ਦੀਕ ਬਾਨੀ ਗਲਾ ਪਿੰਡ ਵਿਖੇ 71 ਲੱਖ ਡਾਲਰ (48 ਕਰੋੜ ਰੁਪਏ) ਕੀਮਤ ਦਾ 300 ਕਨਾਲ ਦਾ ਇੱਕ ਵੱਡਾ ਫਾਰਮ ਹਾਊਸ ਹੈ ਤੇ ਲਾਹੌਰ ਵਿੱਚ ਤਿੰਨ ਲੱਖ ਡਾਲਰ ਕੀਮਤ (2 ਕਰੋੜ ਰੁਪਏ) ਦਾ ਇੱਕ ਮਕਾਨ ਹੈ।

ਇਮਰਾਨ ਖਾਨ ਦੇ ਹੁਣ ਤਕ ਤਿੰਨ ਵਿਆਹ ਹੋ ਚੁੱਕੇ ਹਨ। ਜੇਮਿਮਾ ਗੋਲਡਸਮਿੱਥ ਅਤੇ ਰੇਹਾਮ ਖਾਨ ਨਾਲ ਉਸ ਦਾ ਤਲਾਕ ਹੋ ਚੁੱਕਾ ਹੈ ਤੇ ਹੁਣ 2018 ਵਿੱਚ ਉਸ ਨੇ ਬੁਸ਼ਰਾ ਮਨਿਕਾ ਨਾਮਕ ਪੁੱਛਾਂ ਦੇਣ ਵਾਲੀ ਸਾਧਣੀ ਨਾਲ ਤੀਸਰਾ ਵਿਆਹ ਕਰਵਾਇਆ ਹੈ।

ਉਸ ਦੇ ਜੇਮਿਮਾ ਨਾਲ ਵਿਆਹ ਤੋਂ ਦੋ ਲੜਕੇ ਹਨ, ਸੁਲੇਮਾਨ ਈਸਾ ਖਾਨ ਅਤੇ ਕਾਸਿਮ ਖਾਨ। ਰੇਹਾਮ ਖਾਨ ਨੇ ਹੁਣੇ ਜਿਹੇ ਇੱਕ ਕਿਤਾਬ ਲਿਖੀ ਹੈ ਜਿਸ ਵਿੱਚ ਉਸ ਨੇ ਰੱਜ ਕੇ ਇਮਰਾਨ ਖਾਨ ਦੀ ਮਿੱਟੀ ਪਲੀਤ ਕੀਤੀ ਹੈ।

1996 ਵਿੱਚ ਇਮਰਾਨ ਖਾਨ ਸਿਆਸਤ ਵਿੱਚ ਕੁੱਦ ਪਿਆ। ਉਸ ਨੂੰ ਸਿਆਸਤ ਵਿੱਚ ਲਿਆਉਣ ਦਾ ਸਿਹਰਾ ਆਈ.ਐੱਸ.ਆਈ. ਦੇ ਬਦਨਾਮ ਚੀਫ ਹਾਮਿਦ ਗੁੱਲ ਦੇ ਸਿਰ ਜਾਂਦਾ ਹੈ। ਉਸ ਨੇ ਪਾਕਿਸਤਾਨ ਤਹਿਰੀਕ-ਏ-ਇਨਸਾਫ਼ ਪਾਰਟੀ ਬਣਾਈ ਤੇ ਨਵਾਜ਼ ਸ਼ਰੀਫ ਅਤੇ ਬੇਨਜ਼ੀਰ ਭੁੱਟੋ ਵਰਗੇ ਪੁਰਾਣੇ ਘੁਲਾਟੀਆਂ ਨਾਲ ਦਸਤ ਪੰਜਾ ਲੈਣਾ ਸ਼ੁਰੂ ਕਰ ਦਿੱਤਾ। ਉਸ ਨੂੰ ਉਮੀਦ ਸੀ ਕਿ ਸਟਾਰ ਖਿਡਾਰੀ ਹੋਣ ਕਾਰਨ ਲੋਕ ਉਸ ਨੂੰ ਹੱਥਾਂ 'ਤੇ ਚੁੱਕ ਲੈਣਗੇ, ਪਰ ਅਜਿਹਾ ਕੁਝ ਨਾ ਹੋਇਆ।

ਇਮਰਾਨ ਖਾਨ ਨੇ 1997 ਦੀ ਪਾਰਲੀਮੈਂਟ ਚੋਣਾਂ ਵਿੱਚ ਦੋ ਥਾਵਾਂ ਤੋਂ (ਮੀਆਂਵਾਲੀ ਅਤੇ ਲਾਹੌਰ) ਚੋਣ ਲੜੀ ਪਰ ਦੋਵਾਂ ਥਾਵਾਂ ਤੋਂ ਉਸ ਦੀ ਜ਼ਮਾਨਤ ਜ਼ਬਤ ਹੋ ਗਈ। ਉਸ ਦਾ ਇੱਕ ਵੀ ਉਮੀਦਵਾਰ ਨਾ ਜਿੱਤ ਸਕਿਆ। ਪਰ ਉਹ ਡਟਿਆ ਰਿਹਾ ਤੇ ਹਾਰ ਨਾ ਮੰਨੀ। ਮੁੱਢ ਤੋਂ ਹੀ ਉਸ ਦਾ ਝੁਕਾਅ ਫੌਜ ਵੱਲ ਹੈ। ਉਸ ਨੇ 1999 ਦੇ ਜਨਰਲ ਪ੍ਰਵੇਜ਼ ਮੁਸ਼ੱਰਫ ਵੱਲੋਂ ਕੀਤੇ ਨਵਾਜ਼ ਸ਼ਰੀਫ ਦੀ ਸਰਕਾਰ ਦੇ ਤਖਤਾ ਪਲਟ ਦੀ ਹਮਾਇਤ ਕੀਤੀ। ਉਸ ਨੂੰ ਉਮੀਦ ਸੀ ਕਿ ਮੁਸ਼ੱਰਫ ਰਾਜਨੀਤਕ ਭ੍ਰਿਸ਼ਟਾਚਾਰ ਖਤਮ ਕਰ ਦੇਵੇਗਾ। ਪਰ ਉਸ ਦੀ ਆਸ ਪੂਰੀ ਨਾ ਹੋਈ। 2002 ਦੀਆਂ ਚੋਣਾਂ ਵਿੱਚ ਉਸ ਨੇ ਫਿਰ ਹਿੱਸਾ ਲਿਆ ਅਤੇ ਮੀਆਂਵਾਲੀ ਤੋਂ ਐੱਮ.ਪੀ. ਚੁਣਿਆ ਗਿਆ। ਇਸ ਤੋਂ ਬਾਅਦ ਉਸ ਨੇ ਪਿੱਛੇ ਮੁੜ ਕੇ ਨਹੀਂ ਵੇਖਿਆ।

2007 ਵਿੱਚ ਮੁਸ਼ੱਰਫ ਫੌਜ ਤੋਂ ਅਸਤੀਫ਼ਾ ਦਿੱਤੇ ਬਿਨਾਂ ਹੀ ਐੱਮ.ਪੀ. ਦੀ ਚੋਣ ਲੜ ਰਿਹਾ ਸੀ। ਇਮਰਾਨ ਖਾਨ ਨੇ ਇਸ ਦੇ ਵਿਰੋਧ ਵਿੱਚ 85 ਹੋਰ ਐੱਮ.ਪੀ. ਸਮੇਤ ਪਾਰਲੀਮੈਂਂਟ ਤੋਂ ਅਸਤੀਫ਼ਾ ਦੇ ਦਿੱਤਾ।

3 ਨਵੰਬਰ 2007 ਨੂੰ ਇਮਰਾਨ ਖਾਨ ਨੂੰ ਘਰ ਵਿੱਚ ਹੀ ਨਜ਼ਰਬੰਦ ਕਰ ਦਿੱਤਾ ਗਿਆ ਪਰ ਉਹ ਉਥੋਂ ਖਿਸਕ ਗਿਆ। ਕੁਝ ਹੀ ਦਿਨਾਂ ਬਾਅਦ ਉਸ ਨੂੰ ਦੁਬਾਰਾ ਗ੍ਰਿਫਤਾਰ ਕਰ ਕੇ ਡੇਰਾ ਗਾਜ਼ੀ ਖਾਨ ਜੇਲ੍ਹ ਵਿੱਚ ਸੁੱਟ ਦਿੱਤਾ ਗਿਆ। ਪਰ ਕੁਝ ਮਹੀਨਿਆਂ ਬਾਅਦ ਉਸ ਨੂੰ ਰਿਹਾ ਕਰ ਦਿੱਤਾ ਗਿਆ।

2008 ਵਿੱਚ ਮੁਸ਼ੱਰਫ ਦਾ ਰਾਜ ਖਤਮ ਹੋ ਗਿਆ ਤੇ ਪੀਪਲਜ਼ ਪਾਰਟੀ ਦੀ ਸਰਕਾਰ ਕਾਇਮ ਹੋ ਗਈ। ਇਮਰਾਨ ਖਾਨ ਦੀ ਪਾਰਟੀ ਨੂੰ ਕੁਝ ਹੀ ਸੀਟਾਂ ਮਿਲ ਸਕੀਆਂ। ਪੀਪਲਜ਼ ਪਾਰਟੀ ਦੀ ਭ੍ਰਿਸ਼ਟ ਸਰਕਾਰ ਬਦਨਾਮ ਹੋ ਜਾਣ ਕਾਰਨ ਇਮਰਾਨ ਖਾਨ ਦੀ ਮਕਬੂਲੀਅਤ ਵਧਣ ਲੱਗ ਗਈ। ਉਸ ਨੇ 30 ਅਕਤੂਬਰ 2011 ਨੂੰ ਲਾਹੌਰ ਅਤੇ 25 ਦਸੰਬਰ 2011 ਨੂੰ ਕਰਾਚੀ ਵਿੱਚ ਲੱਖਾਂ ਲੋਕਾਂ ਦੀ ਰੈਲੀ ਕਰ ਕੇ ਆਪਣੀ ਤਾਕਤ ਵਿਖਾ ਦਿੱਤੀ।

21 ਅਪਰੈਲ 2013 ਨੂੰ ਇਮਰਾਨ ਖਾਨ ਨੇ ਲਾਹੌਰ ਵਿਖੇ ਇੱਕ ਵਿਸ਼ਾਲ ਰੈਲੀ ਕਰ ਕੇ 2013 ਦੀਆਂ ਆਮ ਚੋਣਾਂ ਦਾ ਬਿਗਲ ਫੂਕ ਦਿੱਤਾ। ਉਸ ਨੇ ਐਲਾਨ ਕੀਤਾ ਜੇ ਉਹ ਪ੍ਰਧਾਨ ਮੰਤਰੀ ਬਣ ਗਿਆ ਤਾਂ ਅਮਰੀਕਾ ਦੇ ਅੱਤਵਾਦ ਵਿਰੋਧੀ ਮੁਹਿੰਮ ਤੋਂ ਪਾਕਿਸਤਾਨ ਨੂੰ ਅਲੱਗ ਕਰ ਲਵੇਗਾ, ਸੂਬਾ ਸਰਹੱਦ ਵਿੱਚ ਸ਼ਾਂਤੀ ਲਿਆਵੇਗਾ ਤੇ ਡ੍ਰੋਨ ਹਮਲਿਆਂ ਦਾ ਅੰਤ ਕਰੇਗਾ। ਉਸ ਨੇ ਸਾਰੇ ਪਾਕਿਸਤਾਨ ਵਿੱਚ ਰੈਲੀਆਂ ਦੀ ਹਨੇਰੀ ਲਿਆ ਦਿੱਤੀ। ਪਰ ਇਸ ਸਭ ਦੇ ਬਾਵਜੂਦ ਨਵਾਜ਼ ਸ਼ਰੀਫ ਦੀ ਪਾਰਟੀ ਮੁਸਲਿਮ ਲੀਗ ਜਿੱਤ ਗਈ। ਇਮਰਾਨ ਖਾਨ ਲਈ ਸੰਤੋਖ ਦੀ ਗੱਲ ਇਹ ਰਹੀ ਕਿ ਉਸ ਦੀ ਪਾਰਟੀ ਜ਼ਰਦਾਰੀ ਦੀ ਪੀਪਲਜ਼ ਪਾਰਟੀ ਨੂੰ ਭਾਂਜ ਦੇ ਕੇ ਮੁੱਖ ਵਿਰੋਧੀ ਪਾਰਟੀ ਬਣ ਗਈ ਤੇ ਸੂਬਾ ਸਰਹੱਦ ਵਿੱਚ ਉਸ ਦੀ ਪਾਰਟੀ ਦੀ ਸਰਕਾਰ ਬਣ ਗਈ। ਉਸ ਨੇ ਸੂਬਾ ਸਰਹੱਦ ਵਿੱਚ ਭ੍ਰਿਸ਼ਟਾਚਾਰ ਦਾ ਅੰਤ ਕਰਨ ਲਈ ਅਨੇਕਾਂ ਠੋਸ ਕੰਮ ਕੀਤੇ। ਅੱਜ ਸੂਬਾ ਸਰਹੱਦ ਪਾਕਿਸਤਾਨ ਦਾ ਸਭ ਤੋਂ ਘੱਟ ਭ੍ਰਿਸ਼ਟ ਸੂਬਾ ਹੈ। ਉਸ ਨੇ ਖਾਸ ਤੌਰ 'ਤੇ ਮੰਤਰੀਆਂ 'ਤੇ ਸ਼ਿਕੰਜਾ ਕੱਸੀ ਰੱਖਿਆ ਤੇ ਅਨੇਕਾਂ ਮੰਤਰੀ ਭ੍ਰਿਸ਼ਟਾਚਾਰ ਦੇ ਦੋਸ਼ਾਂ ਕਾਰਨ ਡਿਸਮਿਸ ਕਰ ਦਿੱਤੇ ਗਏ।

2014 ਵਿੱਚ ਹੀ ਉਸ ਨੇ 2018 ਦੀਆਂ ਚੋਣਾਂ ਦੀ ਤਿਆਰੀ ਸ਼ੁਰੂ ਕਰ ਦਿੱਤੀ। ਉਸ ਨੇ ਇਲਜ਼ਾਮ ਲਗਾਇਆ ਕਿ ਚੋਣਾਂ ਵਿੱਚ ਭਾਰੀ ਧਾਂਦਲੀ ਹੋਈ ਹੈ। ਉਸ ਨੇ ਕਈ ਰੈਲੀਆਂ ਜਲਸੇ ਜਲੂਸ ਕੀਤੇ। ਉਸ 'ਤੇ ਕਈ ਵਾਰ ਜਾਨਲੇਵਾ ਹਮਲੇ ਵੀ ਹੋਏ। ਉਸ ਨੇ ਜਲਾਵਤਨ ਪਾਕਿ-ਕੈਨੇਡੀਅਨ ਮੁਲਾਣੇ ਮੁਹੰਮਦ ਤਾਹਿਰ ਅਲ ਕਾਦਰੀ ਨਾਲ ਵੀ ਸੰਧੀ ਕਰ ਲਈ। 1 ਸਤੰਬਰ 2014 ਨੂੰ ਉਸ ਦੀ ਅਗਵਾਈ ਵਿੱਚ ਲੋਕਾਂ ਨੇ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਦੇ ਸਰਕਾਰੀ ਘਰ ਨੂੰ ਘੇਰਨ ਦੀ ਕੋਸ਼ਿਸ਼ ਕੀਤੀ। ਇਸ 'ਤੇ ਪੁਲਿਸ ਨਾਲ ਹੋਏ ਟਕਰਾਅ ਵਿੱਚ ਤਿੰਨ ਵਿਅਕਤੀ ਮਾਰੇ ਗਏ ਤੇ 115 ਪੁਲਿਸ ਅਫ਼ਸਰਾਂ ਸਮੇਤ 595 ਜ਼ਖਮੀ ਹੋਏ। ਉਸ ਦੇ ਦਬਾਅ ਹੇਠ ਨਵਾਜ਼ ਸ਼ਰੀਫ ਨੇ ਚੋਣਾਂ ਵਿੱਚ ਹੋਈ ਧਾਂਦਲੀ ਦੀ ਜਾਂਚ ਲਈ ਇੱਕ ਜੁਡੀਸ਼ੀਅਲ ਕਮਿਸ਼ਨ ਬਣਾ ਦਿੱਤਾ। 2018 ਦੀਆਂ ਚੋਣਾਂ ਵਿੱਚ ਉਸ ਨੇ ਮੀਆਂਵਾਲੀ ਅਤੇ ਰਾਵਲਪਿੰਡੀ ਤੋਂ ਚੋਣ ਲੜੀ ਤੇ ਦੋਵਾਂ ਥਾਵਾਂ ਤੋਂ ਹੀ ਜਿੱਤ ਗਿਆ ਹੈ। ਉਸ ਨੂੰ ਫੌਜ ਦੀ ਖੁਲਮ ਖੁਲ੍ਹਮ ਖੁਲ੍ਹੀ ਹਮਾਇਤ ਹਾਸਲ ਹੈ। ਇਸੇ ਕਰ ਕੇ ਉਹ ਜੋੜ-ਤੋੜ ਕਰ ਕੇ ਪਾਰਲੀਮੈਂਟ ਵਿੱਚ ਬਹੁਸੰਮਤੀ ਵੀ ਹਾਸਲ ਕਰ ਲਵੇਗਾ।

ਭਾਰਤ ਨੂੰ ਇਮਰਾਨ ਖਾਨ ਤੋਂ ਜ਼ਿਆਦਾ ਉਮੀਦ ਨਹੀਂ ਰੱਖਣੀ ਚਾਹੀਦੀ। ਇਮਰਾਨ ਖਾਨ ਤਾਲਿਬਾਨ ਅਤੇ ਇਸਲਾਮੀ ਅੱਤਵਾਦ ਦੀ ਖੁੱਲ੍ਹ ਕੇ ਹਮਾਇਤ ਕਰਦਾ ਹੈ। ਇਸੇ ਕਾਰਨ ਉਸ ਨੂੰ ਮਜ਼ਾਕ ਨਾਲ ਤਾਲਿਬਾਨ ਖਾਨ ਕਿਹਾ ਜਾਂਦਾ ਹੈ। ਉਹ ਫੌਜ ਦੀ ਹਮਾਇਤ ਨਾਲ ਜਿੱਤਿਆ ਹੈ, ਇਸ ਲਈ ਉਸ ਨੂੰ ਫੌਜ ਦਾ ਹੱਥ ਠੋਕਾ ਬਣ ਕੇ ਹੀ ਚੱਲਣਾ ਪਵੇਗਾ। ਮਾਹਿਰਾਂ ਨੇ ਪਹਿਲਾਂ ਹੀ ਕਹਿ ਦਿੱਤਾ ਹੈ ਕਿ ਉਸ ਦੀ ਸਰਕਾਰ ਬਣਨ ਤੋਂ ਬਾਅਦ ਕਸ਼ਮੀਰ ਵਿੱਚ ਅੱਤਵਾਦੀ ਹਮਲੇ ਹੋਰ ਵਧਣ ਦੀ ਉਮੀਦ ਹੈ। ਉਹ ਕਸ਼ਮੀਰ ਨੂੰ ਤਾਕਤ ਨਾਲ ਹਥਿਆਉਣ ਦੇ ਹੱਕ ਵਿੱਚ ਹੈ।

ਪਹਿਲਾਂ ਇਮਰਾਨ ਖਾਨ ਅਮਰੀਕਾ ਦੇ ਡ੍ਰੋਨ ਹਮਲਿਆਂ ਖਿਲਾਫ ਖੁੱਲ੍ਹ ਕੇ ਬੋਲਦਾ ਸੀ। ਹੁਣ ਵੇਖਣਾ ਪਵੇਗਾ ਕਿ ਉਹ ਪ੍ਰਧਾਨ ਮੰਤਰੀ ਬਣ ਕੇ ਅਮਰੀਕਾ ਨਾਲ ਟਕਰਾਅ ਰੱਖਦਾ ਹੈ ਕਿ ਥੱਲੇ ਲੱਗ ਕੇ ਚੱਲਦਾ ਹੈ। ਵੈਸੇ ਪਾਕਿਸਤਾਨ ਵਿੱਚ ਅਮਰੀਕਾ ਅਤੇ ਫੌਜ ਦੀ ਖਿਲਾਫਵਰਜ਼ੀ ਕਰਨ ਵਾਲਾ ਪ੍ਰਧਾਨ ਮੰਤਰੀ ਬਹੁਤੇ ਦਿਨ ਨਹੀਂ ਕੱਢਦਾ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER