ਵਿਦੇਸ਼
ਬਦਲਣਗੀਆਂ ਵੀਜ਼ਾ ਸ਼ਰਤਾਂ: ਰੁਕੇਗਾ ਵਿਦਿਆਰਥੀ ਸੋਸ਼ਣ
ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੜ੍ਹਾਈ ਉਪਰੰਤ ਵੀਜ਼ਾ-ਬਦਲਾਅ ਦੀ ਤਜਵੀਜ਼
- ਹਰਜਿੰਦਰ ਸਿੰਘ ਬਸਿਆਲਾ
ਇਮੀਗ੍ਰੇਸ਼ਨ ਨਿਊਜ਼ੀਲੈਂਡ ਵੱਲੋਂ ਅੰਤਰਰਾਸ਼ਟਰੀ ਵਿਦਿਆਰਥੀਆਂ ਲਈ ਪੜ੍ਹਾਈ ਉਪਰੰਤ ਵੀਜ਼ਾ-ਬਦਲਾਅ ਦੀ ਤਜਵੀਜ਼



ਇਮੀਗ੍ਰੇਸ਼ਨ ਨਿਊਜ਼ੀਲੈਂਡ ਜਿੱਥੇ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਦੇਸ਼ ਅੰਦਰ ਬੁਲਾ ਕੇ ਸਿੱਖਿਆ ਦੇ ਉਦਯੋਗੀਕਰਨ ਦਾ ਪੂਰਾ ਫਾਇਦਾ ਚੁੱਕ ਰਹੀ ਸੀ, ਉਥੇ ਪੜ੍ਹਾਈ ਤੋਂ ਬਾਅਦ ਇਨ੍ਹਾਂ ਵਿਦਿਆਰਥੀਆਂ ਨੂੰ ਮਿਲਣ ਵਾਲੇ ਰੁਜ਼ਗਾਰ ਵੀਜ਼ੇ ਲਈ ਰੁਜ਼ਗਾਰ ਦਾਤਾਵਾਂ ਨਾਲ ਹੁੰਦੇ ਨੌਕਰੀ ਇਕਰਾਰਨਾਮੇ ਨੂੰ ਲੈ ਕੇ ਕਈ ਉਲਾਹਮਿਆਂ ਦੀ ਪੜਤਾਲ ਵਿੱਚ ਫਸ ਕੇ ਰਹਿ ਜਾਂਦੀ ਸੀ। ਸਰਕਾਰ ਨੇ ਹੁਣ ਆਪਣੀ ਸਿਰ ਦਰਦੀ ਘਟਾਉਣ ਲਈ ਪੜ੍ਹਾਈ ਤੋਂ ਬਾਅਦ ਦੀਆਂ ਵੀਜ਼ਾ ਸ਼ਰਤਾਂ ਨੂੰ ਨਵੇਂ ਸਿਰੇ ਤੋਂ ਤਿਆਰ ਕਰਕੇ ਲਾਗੂ ਕਰਨ ਦਾ ਮਨ ਬਣਾ ਲਿਆ ਹੈ।

ਇਨ੍ਹਾਂ ਵੀਜ਼ਾ ਨਿਯਮਾਂ ਦੀ ਰੂਪ-ਰੇਖਾ ਦੇਸ਼ ਦੇ ਇਮੀਗ੍ਰੇਸ਼ਨ ਮੰਤਰੀ ਇਆਨ ਲੀਸ ਗਾਲੋਵੇਅ ਨੇ ਮੀਡੀਆ ਨਾਲ ਸਾਂਝੀ ਕੀਤੀ। ਮੰਤਰਾਲੇ ਵੱਲੋਂ ਭਾਵੇਂ ਅੰਤਰਰਾਸ਼ਟਰੀ ਵਿਦਿਆਰਥੀਆਂ ਦੇ ਸ਼ੋਸ਼ਣ ਨੂੰ ਘੱਟ ਕਰਨ ਦੀ ਗੱਲ ਕੀਤੀ ਗਈ ਹੈ, ਪਰ ਇਸ ਦੇ ਨਾਲ ਇਥੇ ਪਹੁੰਚਣ ਵਾਲੇ ਵਿਦਿਆਰਥੀਆਂ ਦੇ ਸੁਪਨੇ ਟੁੱਟਣ ਦਾ ਡਰ ਵਧ ਗਿਆ ਹੈ। ਮਾਹਿਰਾਂ ਦਾ ਕਹਿਣਾ ਹੈ ਕਿ ਸਰਕਾਰ ਨੇ ਆਪਣੇ ਚੋਣਾਂ ਸਮੇਂ ਕੀਤੇ ਵਾਅਦੇ ਕਿ ਹੁਣ ਦੇਸ਼ ਅੰਦਰ ਪ੍ਰਵਾਸੀ ਵਿਦਿਆਰਥੀਆਂ ਜਾਂ ਸਥਾਈ ਲੋਕਾਂ ਦੀ ਆਮਦ  ਨੂੰ ਸਲਾਨਾ 20 ਤੋਂ 30 ਹਜ਼ਾਰ ਘੱਟ ਕਰਨਾ ਹੈ, ਨੂੰ ਇਨ੍ਹਾਂ ਵੀਜ਼ਾ ਸ਼ਰਤਾਂ ਦੇ ਬਦਲਾਅ ਵਿੱਚ ਹੀ ਪੂਰਾ ਕਰਕੇ ਹੁਸ਼ਿਆਰੀ ਵਿਖਾ ਦੇਣੀ ਹੈ।

ਪ੍ਰਸਤਾਵਿਤ ਨਵੇਂ ਨਿਯਮਾਂ ਮੁਤਾਬਿਕ ਜਿਹੜੇ ਅੰਤਰਰਾਸ਼ਟਰੀ ਵਿਦਿਆਰਥੀ ਡਿਗਰੀ ਲੈਵਲ ਜਾਂ ਉਸ ਤੋਂ ਵੀ ਉਪਰ ਦੇ ਪੱਧਰ ਦੀ ਪੜ੍ਹਾਈ ਪੂਰੀ ਕਰਨਗੇ ਉਨ੍ਹਾਂ ਨੂੰ ਪੜ੍ਹਾਈ ਉਪਰੰਤ ਤਿੰਨ ਸਾਲ ਦਾ ਵਰਕ ਵੀਜ਼ਾ ਮਿਲੇਗਾ। ਜਿਹੜੇ ਵਿਦਿਆਰਥੀ ਡਿਗਰੀ ਤੋਂ ਘੱਟ ਦੀ ਪੜ੍ਹਾਈ ਕਰਨਗੇ ਉਨ੍ਹਾਂ ਨੂੰ ਇਕ ਸਾਲ ਦਾ ਵਰਕ ਵੀਜ਼ਾ ਹੀ ਮਿਲੇਗਾ। ਇਥੇ ਰੁਜ਼ਗਾਰ ਦਾਤਾ ਦੀ ਸਹਾਇਤਾ ਨਾਲ ਮਿਲਣ ਵਾਲਾ ਵੀਜ਼ਾ ਖਤਮ ਕੀਤਾ ਜਾ ਰਿਹਾ ਹੈ।

ਵਿਦਿਆਰਥੀਆਂ ਦੇ ਸ਼ੋਸ਼ਣ ਕਰਨ ਵੇਲੇ ਕਈ ਰੁਜ਼ਗਾਰ ਦਾਤਾ ਪੜ੍ਹਾਈ ਮੁਤਾਬਿਕ ਉਨ੍ਹਾਂ ਦੇ ਕੰਮਕਾਰ ਦਾ ਖੇਤਰ ਕਾਗਜ਼ਾਂ ਵਿੱਚ ਵਿਖਾ ਕੇ ਅਤੇ ਕਾਨੂੰਨ ਮੁਤਾਬਿਕ ਵੱਧ ਤਨਖਾਹ ਦੇ ਕੇ ਪੈਸੇ ਵਾਪਿਸ ਨਗਦ ਲੈ ਲੈਂਦੇ ਸਨ ਜਿਨ੍ਹਾਂ ਉਤੇ ਇਮੀਗ੍ਰੇਸ਼ਨ ਦਾ ਜ਼ੋਰ ਨਹੀਂ ਸੀ ਚਲਦਾ। ਸੋ ਸਰਕਾਰ ਵੀ ਇਕ ਕਦਮ ਅੱਗੇ ਹੋ ਗਈ ਹੈ ਕਿਉਂਕਿ ਨਾ ਰਹੇਗਾ ਬਾਂਸ ਤੇ ਨਾ ਵੱਜੇਗੀ ਬਾਂਸਰੀ।

ਜੇ ਵਿਦਿਆਰਥੀ ਇਥੇ ਹੋਰ ਰਹਿਣਾ ਚਾਹੁਣਗੇ ਤਾਂ ਉਹ ਬਦਲਵਾਂ ਵੀਜ਼ਾ ਅਪਲਾਈ ਕਰ ਸਕਦੇ ਹਨ, ਪਰ ਉਹ ਵਰਕ ਵੀਜ਼ਾ ਹੀ ਮਿਲ ਸਕੇਗਾ ਜਿਸ ਹੁਨਰ ਦੇ ਵਿੱਚ ਨਿਊਜ਼ੀਲੈਂਡ ਨੂੰ ਉਨ੍ਹਾਂ ਦੀ ਲੋੜ ਹੋਵੇਗੀ। ਦੋ ਸਾਲ ਤੋਂ ਘੱਟ ਪੜ੍ਹਾਈ ਕਰਨ ਵਾਲਿਆਂ ਨੂੰ ਉਦੋਂ ਹੀ ਵਰਕ ਵੀਜ਼ਾ ਮਿਲ ਸਕੇਗਾ ਜੇਕਰ ਉਹੋ ਜਿਹਾ ਕੰਮ ਲੱਭ ਲੈਂਦੇ ਹਨ ਜਿਨ੍ਹਾਂ ਦੀ ਇਥੇ ਸਰਕਾਰੀ ਤੌਰ 'ਤੇ ਮੰਗ ਹੈ।

ਬਿਜ਼ਨਸ ਦੀ ਪੜ੍ਹਾਈ ਕਰਨ ਵਾਲਾ ਅਜਿਹੇ ਕੰਮ ਵਾਲੇ ਵੀਜ਼ੇ ਤੋਂ ਬਾਹਰ ਰਹੇਗਾ ਕਿਉਂਕਿ ਸਰਕਾਰ ਨੇ ਵੇਖਿਆ ਹੈ ਕਿ ਬਿਜ਼ਨਸ ਸਬੰਧੀ ਕੋਰਸ ਕਰਕੇ ਵਿਦਿਆਰਥੀ ਖੇਤਾਂ ਵਿੱਚ ਹੀ ਕੰਮ ਕਰਦੇ ਹਨ। 2016 ਦੇ ਅੰਕੜੇ ਦੱਸਦੇ ਹਨ ਕਿ 85% ਅੰਤਰਰਾਸ਼ਟਰੀ ਵਿਦਿਆਰਥੀ ਦੋ ਸਾਲ ਤੋਂ ਘੱਟ ਵਾਲੀ ਪੜ੍ਹਾਈ ਕਰਨ ਹੀ ਇਥੇ ਆਏ ਹਨ ਤੇ ਅਜਿਹੇ ਹੀ ਕੰਮ ਕਰਦੇ ਰਹੇ ਹਨ।

ਇਸ ਵੇਲੇ ਨਿਊਜ਼ੀਲੈਂਡ ਸਰਕਾਰ 37,000 ਦੇ ਕਰੀਬ ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਲੈ ਰਹੀ ਸੀ ਜੋ ਕਿ ਨਵੇਂ ਵੀਜ਼ਾ ਨਿਯਮਾਂ ਬਾਅਦ 12 ਤੋਂ 16 ਹਜ਼ਾਰ ਤਕ ਘੱਟ ਜਾਣਗੇ। ਇਨ੍ਹਾਂ ਘਟਣ ਵਾਲੇ ਵਿਦਿਆਰਥੀਆਂ ਵਿਚ ਕੁਝ ਉਹ ਹੋਣਗੇ ਜੋ ਇਥੇ ਆਉਣਾ ਹੀ ਨਹੀਂ ਚਾਹੁਣਗੇ ਤੇ ਕੁਝ ਉਹ ਹੋਣਗੇ ਜੋ ਡਿਗਰੀ ਤਕ ਦੀ ਪੜ੍ਹਾਈ ਕਰਨ ਹੀ ਆਉਣਗੇ। ਔਸਤਨ ਪੱਧਰ ਦੀ ਪੜ੍ਹਾਈ ਕਰਕੇ ਪੱਕੇ ਹੋਣ ਵਾਲਾ ਸੁਪਨਾ ਹੁਣ ਪੂਰਾ ਹੋਣ ਵਾਲਾ ਨਹੀਂ ਰਹੇਗਾ। ਇਸ ਸਮੇਂ ਦੇਸ਼ ਨੂੰ ਸਿੱਖਿਆ ਉਦਯੋਗ ਤੋਂ 4.5 ਬਿਲੀਅਨ ਡਾਲਰ ਆ ਰਿਹਾ ਸੀ, ਜੋ ਕਿ ਨਵੇਂ ਨਿਯਮਾਂ ਬਾਅਦ 260 ਮਿਲੀਅਨ ਡਾਲਰ ਤਕ ਘੱਟ ਸਕਦਾ ਹੈ।

ਕਾਮਿਆਂ ਦੀ ਪੂਰਤੀ ਵਾਸਤੇ ਮੰਤਰੀ ਸਾਹਿਬ ਨੇ ਕਿਹਾ ਹੈ ਕਿ ਸਰਕਾਰ ਆਰ.ਐੱਸ.ਈ. ਸਕੀਮ (ਰੀਕੋਗਨਾਈਜ਼ਡ ਸੀਜ਼ਨਲ ਵਰਕਰ) ਦਾ ਕੋਟਾ ਵਧਾ ਸਕਦੀ ਹੈ। 2017 ਵਿੱਚ 11,100 ਵਿਅਕਤੀਆਂ ਨੂੰ ਇਸ ਸ਼੍ਰੇਣੀ ਅਧੀਨ ਵੀਜ਼ਾ ਦਿੱਤਾ ਗਿਆ ਸੀ। ਵਰਣਨਯੋਗ ਹੈ ਕਿ ਇਸ ਸਕੀਮ ਦੇ ਤਹਿਤ ਭਾਰਤ ਦੇਸ਼ ਨਹੀਂ ਆਉਂਦਾ ਜਿਸ ਕਰਕੇ ਏਜੰਟਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਹ ਸਕੀਮ 2007 ਵਿੱਚ ਜਾਰੀ ਕੀਤੀ ਗਈ ਸੀ। ਆਉਣ ਵਾਲੇ ਸਮੇਂ 'ਚ ਨਿਊਜ਼ੀਲੈਂਡ ਨੂੰ 2,20,000 ਸਰਵਿਸ ਵਰਕਰਾਂ ਦੀ ਲੋੜ ਹੈ ਜਿਹੜੇ ਕਿ ਬਿਰਧ ਆਸ਼ਰਮਾਂ ਵਿੱਚ ਕੰਮ ਕਰ ਸਕਣਗੇ ਪਰ ਇਹ ਨੌਕਰੀ 'ਸਕਿੱਲ ਸ਼ੌਰਟੇਜ਼' ਵਿੱਚ ਨਹੀਂ ਹੈ।

ਇਸ ਵੇਲੇ ਇਕ ਅੰਦਾਜ਼ੇ ਮੁਤਾਬਿਕ 17% ਅੰਤਰਰਾਸ਼ਟਰੀ ਵਿਦਿਆਰਥੀ ਹੀ ਪੱਕਾ ਰਿਹਾਇਸ਼ ਵੀਜ਼ਾ ਹਾਸਿਲ ਕਰ ਪਾ ਰਹੇ ਹਨ। ਪਿਛਲੇ ਸਾਲ ਇਥੇ 12,474 ਅੰਤਰਰਾਸ਼ਟਰੀ ਵਿਦਿਆਰਥੀਆਂ ਨੂੰ ਪੜ੍ਹਾਈ ਤੋਂ ਬਾਅਦ ਓਪਨ ਵਰਕ ਵੀਜ਼ਾ ਮਿਲਿਆ ਸੀ ਤੇ 210 ਦਾ ਰੱਦ ਹੋਇਆ ਸੀ। ਇਸੀ ਤਰ੍ਹਾਂ 7,262 ਵਿਦਿਆਰਥੀਆਂ ਨੂੰ ਰੁਜ਼ਗਾਰ ਦਾਤਾ ਦੀ ਸਹਾਇਤਾ ਨਾਲ ਵਰਕ ਵੀਜ਼ਾ ਮਿਲਿਆ ਸੀ, ਜੋ ਕਿ ਹੁਣ ਬੰਦ ਕੀਤਾ ਜਾ ਰਿਹਾ ਹੈ।

ਸਰਕਾਰ ਚਾਹੁੰਦੀ ਹੈ ਕਿ ਇਥੇ ਉੱਚ ਪੱਧਰ, ਜਿਵੇਂ ਲੈਵਲ 7, 8 ਜਾਂ 9, ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀ ਹੀ ਆਉਣ ਅਤੇ ਉਹ ਵੀ ਉਨ੍ਹਾਂ ਵਿਸ਼ਿਆਂ ਵਿੱਚ ਜਿਸ ਦੀ ਇਥੇ ਦੀਰਘ ਕਾਲ ਲਈ ਲੋੜ ਹੈ। ਇਮੀਗ੍ਰੇਸ਼ਨ ਸਲਾਹਕਾਰ ਸੰਨੀ ਸਿੰਘ ਨੇ ਕਿਹਾ ਹੈ ਕਿ ਇਮੀਗ੍ਰੇਸ਼ਨ ਇਨ੍ਹਾਂ ਬਦਲਾਵਾਂ ਦੇ ਨਾਲ ਆਪਣੇ ਸਿਸਟਮ ਵਿੱਚ ਤਾਂ ਹੋਰ ਨਿਖਾਰ ਲੈ ਆਵੇਗੀ, ਪਰ ਇਥੇ ਵੱਡੇ ਸੁਪਨੇ ਲੈ ਕੇ ਆਉਣ ਵਾਲਿਆਂ ਦਾ ਭਵਿੱਖ ਧੁੰਦਲਾ ਹੋ ਜਾਣ ਦੀ ਸੰਭਾਵਨਾ ਵੱਧ ਸਕਦੀ ਹੈ। ਸੋ ਭਾਰਤ ਤੋਂ ਇਥੇ ਆਉਣ ਵਾਲੇ ਵਿਦਿਆਰਥੀ ਬੜੀ ਸੋਚ-ਵਿਚਾਰ ਕਰਨ ਤੋਂ ਬਾਅਦ ਉੱਚ ਪੱਧਰ ਦੀ ਪੜ੍ਹਾਈ ਕਰਨ ਆਉਣ ਤਾਂ ਉਨ੍ਹਾਂ ਦਾ ਇਥੇ ਪੱਕੇ ਹੋਣ ਦਾ ਸੁਪਨਾ ਪੂਰਾ ਹੋ ਸਕਦਾ ਹੈ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER