ਵਿਦੇਸ਼
ਧੋਖਾਧੜੀ ਮਾਮਲਾ
ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 517-517 ਸਾਲ ਕੈਦ ਦੀ ਸਜ਼ਾ
- ਪੀ ਟੀ ਟੀਮ
ਦੋਸ਼ੀਆਂ ਨੂੰ ਅਦਾਲਤ ਨੇ ਸੁਣਾਈ 517-517 ਸਾਲ ਕੈਦ ਦੀ ਸਜ਼ਾ



ਦੁਬਈ ਦੇ ਇੱਕ ਕੋਰਟ ਨੇ ਐਤਵਾਰ ਨੂੰ ਦੋ ਭਾਰਤੀਆਂ ਨੂੰ ਕਈ ਕਰੋੜਾਂ ਡਾਲਰ ਦੇ ਧੋਖਾਧੜੀ ਦੇ ਮਾਮਲੇ ਵਿੱਚ ਫ਼ੈਸਲਾ ਸੁਣਾਉਂਦੇ ਹੋਏ 517 ਸਾਲ ਦੀ ਜੇਲ੍ਹ ਦੀ ਸਜ਼ਾ ਸੁਣਾਈ ਹੈ। ਸਪੈਸ਼ਲ ਬੈਂਚ ਦੇ ਪ੍ਰੀਸਾਈਡਿੰਗ ਜੱਜ ਡਾ. ਮੁਹੰਮਦ ਹਨਾਫੀ ਨੇ ਦੋਵਾਂ ਵਿੱਚੋਂ ਇੱਕ ਦੀ ਪਤਨੀ ਨੂੰ ਵੀ 517 ਸਾਲ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿੱਚ ਸਭ ਤੋਂ ਮਹੱਤਵਪੂਰਨ ਗੱਲ ਇਹ ਹੈ ਕਿ ਕੋਰਟ ਰੂਮ ਵਿੱਚ ਜੱਜ ਨੂੰ ਫ਼ੈਸਲਾ ਸੁਣਾਉਣ ਵਿੱਚ ਸਿਰਫ 10 ਮਿੰਟ ਹੀ ਲੱਗੇ।

ਅਸਲ 'ਚ ਇਨ੍ਹਾਂ ਦੋਸ਼ੀਆਂ ਦੁਆਰਾ ਚਲਾਈ ਜਾ ਰਹੀ ਵਿਦੇਸ਼ੀ ਮੁਦਰਾ ਵਪਾਰ ਦੀ ਕੰਪਨੀ 'ਐਕਸੈਨਸ਼ੀਅਲ' ਵਿੱਚ ਕਈ ਹਜ਼ਾਰ ਲੋਕਾਂ ਦੇ ਪੈਸੇ ਨਿਵੇਸ਼ ਕੀਤੇ ਗਏ ਸਨ, ਜਿਸ ਤੋਂ ਬਾਅਦ ਧੋਖਾਧੜੀ ਦੇ ਕਈ ਮਾਮਲੇ ਸਾਹਮਣੇ ਆਏ। ਕੰਪਨੀ ਦੇ ਮਾਲਕ ਦੋਸ਼ੀ ਸਿਡਨੀ ਲੇਮੋਂਸ ਤੇ ਉਸ ਦੀ ਪਤਨੀ ਵਲਾਨੇ ਅਤੇ ਯੋਰਨ ਡਿਸੂਜਾ ਦੇ ਖਿਲਾਫ਼ ਅਜਿਹੇ 515 ਮਾਮਲੇ ਦਰਜ ਸਨ। ਅਦਾਲਤ ਮੁਤਾਬਿਕ ਉਨ੍ਹਾਂ ਨੂੰ ਹਰ ਕੇਸ ਲਈ ਇੱਕ-ਇੱਕ ਸਾਲ ਦੀ ਸਜ਼ਾ ਸੁਣਾਈ ਗਈ ਅਤੇ ਦੋ ਹੋਰ ਮਾਮਲਿਆਂ ਵਿੱਚ ਦੋ-ਦੋ ਸਾਲ ਦੀ ਸਜ਼ਾ ਸੁਣਾਈ ਗਈ। ਇਸ ਪ੍ਰਕਾਰ 515 ਮਾਮਲਿਆਂ ਵਿੱਚ 517 ਸਾਲ ਦੀ ਸਜ਼ਾ ਸੁਣਾਈ ਗਈ।

ਜਾਣਕਾਰੀ ਅਨੁਸਾਰ ਪਿਛਲੇ ਸਾਲ ਇਸ ਘੁਟਾਲੇ ਦਾ ਖੁਲਾਸਾ ਹੋਇਆ ਸੀ। ਪ੍ਰਾਸੀਕਿਊਸ਼ਨ ਨੇ ਇਸ ਮਾਮਲੇ ਨੂੰ 31 ਅਕਤੂਬਰ ਨੂੰ ਸਪੈਸ਼ਲ ਪੈਨਲ ਨੂੰ ਸੌਂਪ ਦਿੱਤਾ ਸੀ। ਮਾਮਲੇ ਦੀ ਪਹਿਲੀ ਸੁਣਵਾਈ 25 ਦਸੰਬਰ ਨੂੰ ਹੋਈ ਸੀ ਤੇ ਇਸ 'ਤੇ ਫੈਸਲਾ ਬੀਤੇ ਐਤਵਾਰ ਨੂੰ ਆਇਆ। ਦੋਸ਼ੀ ਹੁਣ ਆਪਣੀ ਸਜ਼ਾ ਦੇ ਖਿਲਾਫ ਕੋਰਟ ਵਿੱਚ ਅਪੀਲ ਕਰ ਸਕਦੇ ਹਨ।

ਇਸ ਮਾਮਲੇ ਬਾਰੇ ਯੂ.ਏ.ਈ. ਵਕੀਲ ਅੱਟੀ ਬਾਰਨੀ ਅਲਮਜ਼ਾਰ ਨੇ ਦੱਸਿਆ ਕਿ ਫਿਲਪਾਈਨਜ਼ ਦੇ ਅਨੇਕਾਂ ਨਾਗਰਿਕਾਂ ਨੇ ਵੀ 'ਐਕਸੈਨਸ਼ੀਅਲ’ ਵਿੱਚ ਨਿਵੇਸ਼ ਕੀਤਾ ਸੀ। ਸੈਂਕੜੇ ਪੀੜਤਾਂ, ਜਿਨ੍ਹਾਂ ਦੇ ਉਗ ਵਕੀਲ ਹਨ, ਨੇ ਆਪਣੀ ਰਿਟਾਇਰਮੈਂਟ ਅਤੇ ਜੀਵਨ ਭਰ ਦੀ ਬੱਚਤ ਦਾ ਪੈਸਾ ਇਸ ਵਿੱਚ ਲਗਾ ਦਿੱਤਾ ਸੀ ਜਦਕਿ ਕਈਆਂ ਨੇ ਲੋਨ ਲੈ ਕੇ ਇਸ ਕੰਪਨੀ ਵਿੱਚ ਨਿਵੇਸ਼ ਕੀਤਾ ਸੀ।

ਅਲਮਜ਼ਾਰ ਨੇ ਕਿਹਾ ਕਿ ਕੋਰਟ ਦਾ 500 ਸਾਲ ਦੀ ਸਜ਼ਾ ਦਾ ਫੈਸਲਾ ਇਸ ਗੱਲ ਦਾ ਸੰਦੇਸ਼ ਦਿੰਦਾ ਹੈ ਕਿ ਦੁਬਈ ਵਿੱਤੀ ਅਪਰਾਧਾਂ ਨੂੰ ਹਲਕੇ ਵਿੱਚ ਨਹੀਂ ਲੈਂਦਾ। ਫੈਸਲਾ ਪੀੜਤਾਂ ਨੂੰ ਕੁਝ ਹੱਦ ਤੱਕ ਨਿਆਂ ਦਵਾ ਸਕਦਾ ਹੈ, ਕਿਉਂਕਿ ਦੋਸ਼ੀ ਦੇਸ਼ ਛੱਡ ਕੇ ਨਹੀਂ ਜਾ ਸਕਦੇ।

ਇੱਕ ਨਿਵੇਸ਼ਕ ਜਿਸ ਨੇ 'ਐਕਸੈਨਸ਼ੀਅਲ' ਦੇ ਪੰਜ ਖਾਤਿਆਂ ਵਿੱਚ 125,000 ਡਾਲਰ ਦਾ ਨਿਵੇਸ਼ ਕੀਤਾ ਸੀ, ਨੇ ਕਿਹਾ ਕਿ ਕੰਪਨੀ ਦੇ ਮਾਲਕਾਂ ਨੇ ਸਿਰਫ ਸਾਡੇ ਪੈਸੇ ਹੀ ਚੋਰੀ ਨਹੀਂ ਕੀਤੇ ਬਲਕਿ ਸਾਡਾ ਜੀਵਨ ਵੀ ਬਰਬਾਦ ਕਰ ਦਿੱਤਾ ਹੈ।

ਇੱਕ ਹੋਰ ਨਿਵੇਸ਼ਕ ਜਿਸ ਨੇ 60,000 ਡਾਲਰ ਦਾ ਨਿਵੇਸ਼ ਕੀਤਾ ਸੀ ਨੇ ਕਿਹਾ 'ਇਹ ਫੈਸਲਾ ਸਹੀ ਹੈ। ਪਰ ਸਾਡੇ ਲਈ ਮੁੱਖ ਮਸਲਾ ਆਪਣੇ ਪੈਸੇ ਵਾਪਿਸ ਪਾਉਣਾ ਹੈ। ਸਾਨੂੰ ਉਮੀਦ ਹੈ ਅਦਾਲਤ ਸਾਡੀ ਮਦਦ ਕਰੇਗੀ।'






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE




Copyright © 2016-2017










NEWS LETTER