ਵਿਦੇਸ਼
ਕੈਨੇਡਾ ਵਿੱਚ ਪਗੜੀ ਸੰਘਰਸ਼ ਦਾ ਹੀਰੋ- ਅਵਤਾਰ ਸਿੰਘ ਢਿੱਲੋਂ
- ਬਲਰਾਜ ਸਿੰਘ ਸਿੱਧੂ*
ਕੈਨੇਡਾ ਵਿੱਚ ਪਗੜੀ ਸੰਘਰਸ਼ ਦਾ ਹੀਰੋ- ਅਵਤਾਰ ਸਿੰਘ ਢਿੱਲੋਂ31 ਮਾਰਚ ਨੂੰ ਅਜੀਤ ਵਿੱਚ ਖਬਰ ਛਪੀ ਹੈ ਕਿ ਕੈਨੇਡਾ ਦੀ ਅਲਬਰਟਾ ਸਟੇਟ ਵਿੱਚ ਦਸਤਾਰਧਾਰੀ ਸਿੱਖਾਂ ਨੂੰ ਮੋਟਰਸਾਈਕਲ ਚਲਾਉਣ ਸਮੇਂ ਹੈਲਮਟ ਤੋਂ ਛੋਟ ਦੇਣ ਲਈ ਕਾਨੂੰਨ ਪਾਸ ਹੋ ਗਿਆ ਹੈ। ਅਲਬਰਟਾ ਤੋਂ ਇਲਾਵਾ ਸਿੱਖਾਂ ਨੂੰ ਇਹ ਛੋਟ ਕੈਨੇਡਾ ਦੇ ਬ੍ਰਿਟਿਸ਼ ਕੋਲੰਬੀਆ ਅਤੇ ਮੌਨੀਟੋਬਾ ਸੂਬੇ ਵਿੱਚ ਪ੍ਰਾਪਤ ਹੈ।

ਸਿੱਖਾਂ ਨੇ ਦੇਸ਼-ਵਿਦੇਸ਼ ਵਿੱਚ ਪਗੜੀ ਖਾਤਰ ਬਹੁਤ ਸੰਘਰਸ਼ ਕੀਤੇ ਹਨ। ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਸਿੱਖਾਂ ਨੇ ਹੈਲਮਟ ਪਾਉਣ ਦੀ ਬਜਾਏ ਬ੍ਰਿਟਿਸ਼ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਜੇ ਅਸੀਂ ਸਿਰ ਵਿੱਚ ਗੋਲੀ ਲੱਗ ਕੇ ਮਰੇ ਤਾਂ ਬੇਸ਼ੱਕ ਸਾਡੇ ਪਰਿਵਾਰ ਨੂੰ ਪੈਨਸ਼ਨ ਨਾ ਲਾਈ ਜਾਵੇ। ਇਸੇ ਤਰਾਂ ਕੈਨੇਡਾ ਵਿੱਚ ਵੀ ਪਗੜੀ 'ਤੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਸਨ। ਇਨ੍ਹਾਂ ਪਾਬੰਦੀਆਂ ਦੇ ਖਿਲਾਫ ਸੰਘਰਸ਼ ਦੀ ਦਾਸਤਾਨ ਇਸ ਤਰ੍ਹਾਂ ਹੈ।

ਅਸਲ ਵਿੱਚ ਇਸ ਲੜਾਈ ਵਿੱਚ ਸਭ ਤੋਂ ਪਹਿਲੀ ਜਿੱਤ ਅਵਤਾਰ ਸਿੰਘ ਢਿੱਲੋਂ ਨੇ ਪ੍ਰਾਪਤ ਕੀਤੀ ਸੀ। ਅਵਤਾਰ ਸਿੰਘ ਢਿੱਲੋਂ ਨੇ ਕੈਨੇਡੀਅਨ ਸੂਬੇ ਬ੍ਰਿਟਿਸ਼ ਕੋਲੰਬੀਆ (ਬੀ.ਸੀ.) ਵਿੱਚ 22 ਸਾਲ ਲੜਾਈ ਲੜ ਕੇ ਪਗੜੀਧਾਰੀ ਸਿੱਖਾਂ ਵਾਸਤੇ ਬਿਨਾਂ ਹੈਲਮੈਟ ਮੋਟਰਸਾਈਕਲ ਚਲਾਉਣ ਦਾ ਕਾਨੂੰਨ ਪਾਸ ਕਰਵਾਇਆ ਹੈ। ਢਿੱਲੋਂ ਦਾ ਜਨਮ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਮਜਾਰਾ ਢੀਂਗਰੀਆਂ ਵਿੱਚ ਹੋਇਆ ਸੀ। ਉਸ ਦੀ ਮਾਤਾ ਦਾ ਨਾਮ ਚੰਨਣ ਕੌਰ ਤੇ ਬਾਪ ਦਾ ਨਾਮ ਨਿਰੰਜਣ ਸਿੰਘ ਢਿੱਲੋਂ ਹੈ। ਉਹ ਆਪਣੇ ਦਾਦੇ ਗੁਲਜਾਰਾ ਸਿੰੰਘ ਢਿੱਲੋਂ ਤੋਂ ਬਹੁਤ ਪ੍ਰਭਾਵਿਤ ਹੈ ਜਿਸ ਨੇ ਪਗੜੀ ਪਹਿਨ ਕੇ ਅੰਗਰੇਜਾਂ ਵੱਲੋਂ ਪਹਿਲੀ ਸੰਸਾਰ ਯੁੱਧ ਵਿੱਚ ਹਿੱਸਾ ਲਿਆ ਸੀ।
---------
ਅਵਤਾਰ ਸਿੰਘ ਢਿੱਲੋਂ ਬਨਾਮ ਮਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਐਂਡ ਹਾਈਵੇਜ਼ ਕੇਸ ਐਨਾ ਮਸ਼ਹੂਰ ਹੋ ਗਿਆ ਕਿ ਹਰ ਪੇਸ਼ੀ 'ਤੇ ਹਜ਼ਾਰਾਂ ਲੋਕ ਸੁਣਨ ਲਈ ਆਉਂਦੇ। ਪੰਜਾਬੀਆਂ ਵੱਲੋ ਲੰਗਰ ਲਾਏ ਜਾਂਦੇ ਤੇ ਲੋਕਾਂ ਨੂੰ ਆਉਣ ਜਾਣ ਲਈ ਫਰੀ ਟ੍ਰਾਂਸਪੋਰਟ ਮੁਹੱਈਆ ਕਰਵਾਈ ਜਾਂਦੀ।
---------
ਢਿੱਲੋਂ ਨਵੰਬਰ 1970 ਵਿੱਚ ਕੈਨੇਡਾ ਪ੍ਰਵਾਸ ਕਰ ਗਿਆ ਤੇ 1971 ਵਿੱਚ ਉਸ ਨੇ ਅੰਮ੍ਰਿਤ ਛੱਕ ਲਿਆ। ਉਸੇ ਸਾਲ ਉਹ ਰੋਜ਼ਗਾਰ ਦੀ ਭਾਲ ਵਿੱਚ ਬ੍ਰਿਟਿਸ਼ ਕੋਲੰਬੀਆ ਦੇ ਸ਼ਹਿਰ ਫੋਰਟ ਸੇਂਟ ਜੇਮਸ ਸ਼ਹਿਰ ਚਲਾ ਗਿਆ। ਪਹਿਲੀ ਨੌਕਰੀ ਵਿੱਚ ਹੀ ਉਸ ਦਾ ਕੰਪਨੀ ਨਾਲ ਹੈਲਮਟ ਪਾਉਣ ਤੋਂ ਪੰਗਾ ਪੈ ਗਿਆ। ਹੈਲਮਟ ਪਹਿਨਣ ਦੀ ਬਜਾਏ ਉਸ ਨੇ ਨੌਕਰੀ ਤੋਂ ਅਸਤੀਫਾ ਦੇਣਾ ਠੀਕ ਸਮਝਿਆ। ਕਈ ਛੋਟੀਆਂ-ਮੋਟੀਆਂ ਨੌਕਰੀਆਂ ਕਰਨ ਤੋਂ ਬਾਅਦ ਉਹ 1974 ਵਿੱਚ ਵੈਨਕੂਵਰ ਆ ਗਿਆ ਤੇ ਜੁਲਾਈ 1974 ਨੂੰ ਇੱਕ ਨਾਮੀ ਸੀਮੈਂਟ ਕੰਪਨੀ ਵਿੱਚ ਟਰੱਕ ਡਰਾਈਵਰ ਦੀ ਵਧੀਆ ਤਨਖਾਹ ਵਾਲੀ ਨੌਕਰੀ ਮਿਲ ਗਈ। ਪਰ ਸਰਕਾਰੀ ਹੁਕਮ ਮੁਤਾਬਕ ਕੰਮ 'ਤੇ ਹੈਲਮਟ ਪਾਉਣਾ ਲਾਜ਼ਮੀ ਸੀ। ਢਿੱਲੋਂ ਉਸ ਵੇਲੇ ਕਮਾਈ ਕਰਨ ਵਾਲਾ ਘਰ ਦਾ ਇਕੱਲਾ ਮੈਂਬਰ ਸੀ, ਫਿਰ ਵੀ ਨੌਕਰੀ ਗਵਾ ਲੈਣ ਦੇ ਖਤਰੇ ਦੇ ਬਾਵਜੂਦ ਉਹ ਹੈਲਮੈਟ ਤੋਂ ਬਗੈਰ ਨੌਕਰੀ ਕਰਦਾ ਰਿਹਾ। ਕਈ ਵਾਰ ਚੇਤਾਵਨੀ ਦੇਣ ਤੋਂ ਬਾਅਦ ਉਸ ਨੂੰ ਆਖਰ ਨੌਕਰੀ ਤੋਂ ਫਾਰਗ ਕਰ ਦਿੱਤਾ ਗਿਆ। ਕੈਨੇਡਾ ਵਿੱਚ ਜੇ ਕੋਈ ਵਰਕਰ ਹੈਲਮੈਟ ਤੋਂ ਬਗੈਰ ਕੰਮ ਕਰਦਾ ਸਰੀਰਕ ਨੁਕਸਾਨ ਖਾ ਜਾਵੇ ਤਾਂ ਕੰਪਨੀ ਨੂੰ ਭਾਰੀ ਜੁਰਮਾਨੇ ਲੱਗਦੇ ਹਨ। ਉਸ ਦੇ ਮਿਹਨਤੀ ਸੁਭਾਅ ਨੂੰ ਵੇਖਦੇ ਹੋਏ ਕੰਪਨੀ ਨੇ ਲਿਖ ਕੇ ਦਿੱਤਾ ਕਿ ਜੇ ਉਹ ਹੈਲਮੈਟ ਪਹਿਨ ਲਵੇ ਜਾਂ ਵਰਕਰ ਕੰਪਨਜ਼ੇਸ਼ਨ ਬੋਰਡ ਤੋਂ ਹੈਲਮੈਟ ਦੀ ਛੋਟ ਲੈ ਲਵੇ ਤਾਂ ਨੌਕਰੀ ਦੁਬਾਰਾ ਬਹਾਲ ਕਰ ਦਿੱਤੀ ਜਾਵੇਗੀ।

ਢਿੱੱਲੋਂ ਨੇ ਹੈਲਮੈਟ ਪਹਿਨਣ ਦੀ ਬਜਾਏ ਕਾਨੂੰਨੀ ਲੜਾਈ ਲੜਨਾ ਦਾ ਫੈਸਲਾ ਕਰ ਲਿਆ। ਉਹ ਚਾਹੁੰਦਾ ਸੀ ਕਿ ਉਸ ਵਰਗੇ ਹੋਰ ਸਿੱਖਾਂ ਨੂੰ ਵੀ ਅਜਿਹੀ ਮੁਸ਼ਕਲ ਪੇਸ਼ ਨਾ ਆਵੇ। ਉਸ ਨੇ ਵੈਨਕੂਵਰ ਦੇ ਤਕਰੀਬਨ ਸਾਰੇ ਗੁਰਦਵਾਰਿਆਂ ਤੋਂ ਪਟੀਸ਼ਨਾਂ 'ਤੇ ਦਸਤਖਤ ਕਰਵਾਏ ਤੇ ਸਮਰਥਨ ਕਰਨ ਲਈ ਮਨਾਇਆ। ਸਾਰੀਆਂ ਪਟੀਸ਼ਨਾਂ ਲੈ ਕੇ ਉਸ ਨੇ ਉਸ ਵੇਲੇ ਦੇ ਬੀ.ਸੀ. ਦੇ ਲੇਬਰ ਮੰਤਰੀ ਅਤੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖੀਆਂ ਕਿ ਸਿੱਖ ਦੀਆਂ ਧਾਰਮਿਕ ਭਾਵਨਾਵਾਂ ਨੂੰ ਸਾਹਮਣੇ ਰੱਖਦੇ ਹੋਏ ਹੈਲਮੈਟ ਕਾਨੂੰਨ ਬਦਲਿਆ ਜਾਵੇ। ਉਸ ਦੀ ਇਸ ਮੁਹਿੰਮ ਸਬੰਧੀ ਅਖ਼ਬਾਰਾਂ ਨੇ ਬੜੀ ਪ੍ਰਮੁੱਖਤਾ ਨਾਲ ਖ਼ਬਰਾਂ ਛਾਪੀਆਂ।

ਗੁਰਦਵਾਰਾ ਅਕਾਲੀ ਸਿੰਘ ਟੈਂਪਲ ਵਿੱਚ ਹੋਈ ਮੀਟਿੰਗ ਵਿੱਚ ਸਿੱਖ ਸਮਾਜ ਨੇ ਫੈਸਲਾ ਕੀਤਾ ਕਿ ਢਿੱਲੋਂ ਅਤੇ ਸਿੱਖ ਸਮਾਚਾਰ ਅਖਬਾਰ ਦਾ ਬੋਰਡ ਇਸ ਕੇਸ ਨੂੰ ਅੱਗੇ ਵਧਾਵੇ ਤੇ ਸਾਰਾ ਸਮਾਜ ਜਥਾ ਸ਼ਕਤੀ ਆਰਥਿਕ, ਧਾਰਮਿਕ ਤੇ ਇਖਲਾਕੀ ਮਦਦ ਦੇਵੇ। ਬੋਰਡ ਵੱਲੋਂ 1 ਅਪਰੈਲ 1976 ਨੂੰ ਲੇਬਰ ਮੰਤਰੀ ਐਲਨ ਵਿਲੀਅਮਜ਼ ਨੂੰ ਚਿੱਠੀ ਲਿਖੀ ਗਈ ਕਿ ਪਗੜੀ ਸਿੱਖ ਧਰਮ ਦਾ ਅਟੁੱਟ ਅੰਗ ਹੈ ਤੇ ਇਹ ਸਿਰ ਨੂੰ ਜ਼ਰੂਰੀ ਸੁਰੱਖਿਆ ਵੀ ਪ੍ਰਦਾਨ ਕਰਦੀ ਹੈ। ਜੂਨ 1977 ਨੂੰ ਦੁਬਾਰਾ ਚਿੱਠੀ ਲਿਖੀ ਗਈ। 20 ਜੁਲਾਈ 1977 ਨੂੰ ਮੰਤਰਾਲੇ ਤੋਂ ਕੋਰਾ ਜਵਾਬ ਆਇਆ ਕਿ ਪਗੜੀ ਸੁਰੱਖਿਅਤ ਨਹੀਂ ਹੈ ਤੇ ਇਹ ਹੈਲਮੈਟ ਦਾ ਸਥਾਨ ਨਹੀਂ ਲੈ ਸਕਦੀ।

ਪਰ ਢਿੱਲੋਂ ਇਨ੍ਹਾਂ ਅਸਫਲਤਾਵਾਂ ਨਾਲ ਨਿਰਉਤਸ਼ਾਹਿਤ ਨਹੀਂ ਹੋਇਆ। ਉਸ ਨੇ ਸੋਚਿਆ ਕਿ ਕੰਮ ਵਾਲੀ ਜਗ੍ਹਾ 'ਤੇ ਹੈਲਮੈਟ ਤੋਂ ਛੋਟ ਲੈਣ ਤੋਂ ਪਹਿਲਾਂ ਜੇ ਮੋਟਰਸਾਈਕਲ ਚਲਾਉਣ ਵੇਲੇ ਪਗੜੀ ਪਹਿਨਣ ਦੀ ਆਗਿਆ ਲੈ ਲਈ ਜਾਵੇ ਤਾਂ ਰਾਹ ਕੁਝ ਅਸਾਨ ਹੋ ਜਾਵੇਗਾ। ਇਸ ਲਈ ਉਹ ਅਗਸਤ 1977 ਵਿੱਚ ਆਵਾਜਾਈ ਵਿਭਾਗ ਕੋਲ ਗਿਆ ਕਿ ਉਸ ਦਾ ਪਗੜੀ ਪਹਿਨ ਕੇ ਮੋਟਰ ਸਾਇਕਲ ਰੋਡ ਟੈਸਟ ਲਿਆ ਜਾਵੇ। ਵਿਭਾਗ ਨੇ ਉਸ ਦਾ ਹੈਲਮੈਟ ਤੋਂ ਬਗੈਰ ਟੈਸਟ ਲੈਣ ਤੋਂ ਇਨਕਾਰ ਕਰ ਦਿੱਤਾ। ਢਿੱਲੋਂ ਨੇ ਇਸ ਦੇ ਖਿਲਾਫ ਬੀ.ਸੀ. ਦੇ ਟ੍ਰਾਂਸਪੋਰਟ ਮੰਤਰਾਲੇ ਅਤੇ ਹਿਊਮਨ ਰਾਈਟਸ ਕਮਿਸ਼ਨ ਕੋਲ ਅਪੀਲ ਕੀਤੀ ਜੋ ਖਾਰਜ਼ ਕਰ ਦਿੱਤੀ ਗਈ।

ਪਰ ਢਿੱਲੋਂ ਥੱਕ ਕੇ ਬੈਠ ਜਾਣ ਵਾਲਾ ਇਨਸਾਨ ਨਹੀਂ ਸੀ। ਉਸ ਨੇ 23 ਅਕਤੂਬਰ 1980 ਨੂੰ  ਪੁਲਿਸ ਨੂੰ ਜਾਣ ਬੁੱਝ ਕੇ ਫੋਨ ਕੀਤਾ ਕਿ ਇੱਕ ਵਿਅਕਤੀ ਫਲਾਣੀ ਸੜਕ 'ਤੇ ਬਗੈਰ ਹੈਲਮੈਟ ਬਾਈਕ ਚਲਾ ਰਿਹਾ ਹੈ। ਆਪ ਉਹ ਪਗੜੀ ਬੰਨ੍ਹ ਕੇ ਬਾਈਕ ਲੈ ਕੇ ਰੋਡ ਨੰ. 3 ਰਿਚਮੰਡ ਚਲਾ ਗਿਆ ਤੇ ਉਦੋਂ ਤੱਕ ਬਾਈਕ ਚਲਾਉਂਦਾ ਰਿਹਾ ਜਦ ਤੱਕ ਉਸ ਦਾ ਬਿਨਾਂ ਹੈਲਮੈਟ ਚਲਾਨ ਨਾ ਕਰ ਦਿੱਤਾ ਗਿਆ। ਢਿੱਲੋਂ ਨੇ ਚਲਾਨ ਦੇ ਖਿਲਾਫ ਅਦਾਲਤ ਵਿੱਚ ਅਪੀਲ ਪਾ ਦਿੱਤੀ। ਮੁਕੱਦਮੇ ਦੌਰਾਨ ਜੱਜ ਨੂੰ ਪਗੜੀ ਦੀ ਸਿੱਖ ਇਤਿਹਾਸ ਵਿੱਚ ਮਹੱਤਤਾ ਬਾਰੇ ਦੱਸਿਆ ਗਿਆ। ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੀਆਂ ਚਿੱਠੀਆਂ ਪੇਸ਼ ਕੀਤੀਆਂ ਗਈਆਂ ਤੇ ਇੰਗਲੈਂਡ ਵਿੱਚ ਸਿੱਖਾਂ ਨੂੰ 1976 ਵਿੱਚ ਬਗੈਰ ਹੈਲਮੈਟ ਮਿਲੀ ਮੋਟਰਸਾਈਕਲ ਦੀ ਆਗਿਆ ਦੇ ਆਰਡਰ ਪੇਸ਼ ਕੀਤੇ ਗਏ। ਦਲੀਲਾਂ ਸੁਣਨ ਤੋਂ ਬਾਅਦ ਜੱਜ ਨੇ ਚਲਾਨ ਤਾਂ ਮਾਫ ਕਰ ਦਿੱਤਾ ਪਰ ਢਿੱਲੋਂ 'ਤੇ ਬਗੈਰ ਹੈਲਮੈਟ ਬਾਈਕ ਚਲਾਉਣ ਦੀ ਪਾਬੰਦੀ ਲਗਾ ਦਿੱਤੀ। ਇਹ ਪਗੜੀ ਮਸਲੇ ਵਿੱਚ ਭਾਵੇਂ ਛੋਟੀ ਪਰ ਪਹਿਲੀ ਜਿੱਤ ਪ੍ਰਾਪਤ ਹੋਈ। ਜੱਜ ਨੇ ਢਿੱਲੋਂ ਨੂੰ ਫੈਸਲੇ ਦੇ ਖਿਲਾਫ ਸੁਪਰੀਮ ਕੋਰਟ ਵਿੱਚ ਅਪੀਲ ਕਰਨ ਦੀ ਆਗਿਆ ਦੇ ਦਿੱਤੀ। ਸੁਪਰੀਮ ਕੋਰਟ ਵਿੱਚ ਸੁਣਵਾਈ ਦੀ ਤਾਰੀਖ 21 ਸਤੰਬਰ 1984 ਨੀਯਤ ਹੋਈ। ਵਕੀਲ ਦੀ ਗਲਤ ਸਲਾਹ ਕਾਰਨ ਅਪੀਲ ਵਾਪਸ ਲੈ ਲਈ ਗਈ।

8 ਅਕਤੂਬਰ 1986 ਨੂੰ ਸੁਪਰੀਮ ਕੋਰਟ ਨੇ ਇੱਕ ਹੋਰ ਮੋਟਰਸਾਈਕਲ ਪ੍ਰੇਮੀ ਲੈਰੀ ਸਟੋਨ ਦੀ ਅਪੀਲ 'ਤੇ ਉਸ ਨੂੰ ਬਗੈਰ ਹੈਲਮੈਟ ਬਾਈਕ ਚਲਾਉਣ ਦੀ ਆਗਿਆ ਦੇ ਦਿੱਤੀ। ਜਿਸ ਦੇ ਨਤੀਜੇ ਵਜੋਂ ਕੁਝ ਦੇਰ ਲਈ ਕਾਨੂੰਨ ਵੀ ਬਦਲ ਦਿੱਤਾ ਗਿਆ। ਇਸ ਸਮੇਂ ਦੌਰਾਨ ਢਿੱਲੋਂ ਨੇ ਦੁਬਾਰਾ ਰੋਡ ਟੈਸਟ ਦੇਣ ਦੀ ਕੋਸ਼ਿਸ਼ ਕੀਤੀ ਪਰ ਉਸ ਨੂੰ ਕਿਹਾ ਗਿਆ ਕਿ ਬਿਨਾਂ ਹੈਲਮੈਟ ਮੋਟਰਸਾਈਕਲ ਚਲਾਉਣ ਦੀ ਆਗਿਆ ਮਿਲੀ ਹੈ, ਟੈਸਟ ਦੇਣ ਦੀ ਨਹੀਂ। ਕੁਝ ਚਿਰ ਬਾਅਦ ਅਪੀਲ ਕਰਨ ‘ਤੇ ਸਰਕਾਰ ਕੇਸ ਜਿੱਤ ਗਈ ਤੇ ਹੈਲਮੈਟ ਦੁਬਾਰਾ ਲਾਗੂ ਹੋ ਗਿਆ।

1994 ਵਿੱਚ ਉਸ ਨੇ ਦੁਬਾਰਾ ਕੋਸ਼ਿਸ਼ ਕੀਤੀ ਤੇ ਮੁੱਖ ਮੰਤਰੀ ਮਾਈਕ ਹਾਰਕੋਟ ਨੂੰ ਵੀ ਲਿਖਿਆ ਪਰ ਗੱਲ ਨਾ ਬਣੀ। ਇਸ ਆਖਰੀ ਹੱਲੇ ਤੋਂ ਬਾਅਦ ਢਿੱਲੋਂ ਨੇ ਹੁਣ ਤੱਕ ਦਾ ਸਾਰਾ ਰਿਕਾਰਡ ਨਾਲ ਲਗਾ ਕੇ 17 ਫਰਵਰੀ 1995 ਨੂੰ ਬੀ.ਸੀ. ਦੇ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਅਪੀਲ ਪਾ ਦਿੱਤੀ। ਅਪੀਲ ਦਾਖਲ ਹੋ ਗਈ ਤਾਂ ਢਿੱਲੋਂ ਨੂੰ ਕੁਝ ਹੌਂਸਲਾ ਹੋ ਗਿਆ ਕਿ ਹੁਣ ਮਾਮਲਾ ਹੰਨੇ ਜਾਂ ਬੰਨੇ ਹੋ ਜਾਵੇਗਾ। ਕੇਸ ਦਾਖਲ ਹੋਣ 'ਤੇ ਸਿੱਖ ਸਮਾਜ ਵੱਲੋਂ ਢਿੱਲੋਂ ਨੂੰ ਬੇਮਿਸਾਲ ਹੁੰਗਾਰਾ ਮਿਲਣਾ ਸ਼ੁਰੂ ਹੋ ਗਿਆ। ਉਸ ਦੀ ਮਦਦ ਲਈ ਇੱਕ ਕਮੇਟੀ ਬਣਾ ਦਿੱਤੀ ਗਈ ਤੇ ਮਸ਼ਹੂਰ ਵਕੀਲਾਂ ਅਲੈਕਸ ਡੈਨਟਜ਼ਰ ਤੇ ਡੀ.ਏ. ਬੌਏਡ ਦੀਆਂ ਸੇਵਾਵਾਂ ਹਾਸਲ ਕੀਤੀਆਂ ਗਈਆਂ। ਜਿਸ ਵੀ ਦੇਸ਼ ਵਿੱਚ ਸਿੱਖਾਂ ਨੂੰ ਪਗੜੀ ਬੰਨ੍ਹ ਕੇ ਮੋਟਰਸਾਈਕਲ ਚਲਾਉਣ ਦੀ ਆਗਿਆ ਸੀ, ਉਥੋਂ ਹੀ ਰਿਕਾਰਡ ਇਕੱਠਾ ਕੀਤਾ ਗਿਆ। ਸ਼੍ਰੋਮਣੀ ਕਮੇਟੀ ਅੰਮ੍ਰਿਤਸਰ ਨੇ ਸਿੱਖ ਧਰਮ ਵਿੱਚ ਪੱਗ ਦੀ ਮਹੱਤਤਾ ਬਾਰੇ ਵਿਸਤਾਰ ਪੂਰਵਕ ਲਿਖ ਕੇ ਭੇਜਿਆ।

ਅਵਤਾਰ ਸਿੰਘ ਢਿੱਲੋਂ ਬਨਾਮ ਮਨਿਸਟਰੀ ਆਫ ਟ੍ਰਾਂਸਪੋਰਟੇਸ਼ਨ ਐਂਡ ਹਾਈਵੇਜ਼ ਕੇਸ ਐਨਾ ਮਸ਼ਹੂਰ ਹੋ ਗਿਆ ਕਿ ਹਰ ਪੇਸ਼ੀ 'ਤੇ ਹਜ਼ਾਰਾਂ ਲੋਕ ਸੁਣਨ ਲਈ ਆਉਂਦੇ। ਪੰਜਾਬੀਆਂ ਵੱਲੋ ਲੰਗਰ ਲਾਏ ਜਾਂਦੇ ਤੇ ਲੋਕਾਂ ਨੂੰ ਆਉਣ ਜਾਣ ਲਈ ਫਰੀ ਟ੍ਰਾਂਸਪੋਰਟ ਮੁਹੱਈਆ ਕਰਵਾਈ ਜਾਂਦੀ। ਪਹਿਲਾਂ ਕੇਸ ਦੀ ਸੁਣਵਾਈ ਵੈਨਕੂਵਰ ਆਰਟ ਗੈਲਰੀ ਵਿੱਚ ਹੁੰਦੀ ਸੀ, ਪਰ ਵਧਦੇ ਦਰਸ਼ਕਾਂ ਕਾਰਨ ਵੱਡੇ ਹਾਲ ਵਿੱਚ ਤਬਦੀਲ ਕਰਨੀ ਪਈ। ਕੇਸ ਦੀ ਸੁਣਵਾਈ ਕਮਿਸ਼ਨ ਦੀ ਚੇਅਰਪਰਸਨ ਬੀਬੀ ਫਰਾਂਸੇਸ ਗੋਰਡਨ ਨੇ ਕੀਤੀ। ਕੇਸ ਕਰੀਬ ਦੋ ਸਾਲ ਚੱਲਿਆ। ਸੈਂਕੜੇ ਗਵਾਹ ਤੇ ਹਜ਼ਾਰਾਂ ਦਸਤਾਵੇਜ਼ ਵਾਚੇ ਗਏ।

ਅਖੀਰ 11 ਮਈ 1999 ਨੂੰ ਫੈਸਲਾ ਢਿੱਲੋਂ ਦੇ ਹੱਕ ਵਿੱਚ ਆ ਗਿਆ। ਕਮਿਸ਼ਨ ਨੇ ਮੰਨ ਲਿਆ ਕਿ ਢਿੱਲੋਂ ਨਾਲ ਧਰਮ ਦੇ ਅਧਾਰ 'ਤੇ ਵਿਤਕਰਾ ਕੀਤਾ ਗਿਆ ਹੈ। ਕਮਿਸ਼ਨ ਨੇ ਬ੍ਰਿਟਿਸ਼ ਕੋਲੰਬੀਆ ਦੀ ਸਰਕਾਰ ਨੂੰ ਕਾਨੂੰਨ ਵਿੱਚ ਜ਼ਰੂਰੀ ਬਦਲਾਅ ਕਰਨ ਦਾ ਹੁਕਮ ਦਿੱਤਾ ਜੋ ਸਰਕਾਰ ਨੂੰ ਤੁਰੰਤ ਕਰਨਾ ਪਿਆ। ਇਸ ਹੁਕਮ ਮੁਤਾਬਿਕ ਬੀ.ਸੀ. ਵਿੱਚ ਹਰ ਉਸ ਵਿਅਕਤੀ ਨੂੰ ਬਿਨਾਂ ਹੈਲਮੈਟ ਮੋਟਰਸਾਈਕਲ ਚਲਾੳੇੁਣ ਦਾ ਅਧਿਕਾਰ ਹੈ ਜੋ ਸਿੱਖ ਧਰਮ ਨੂੰ ਮੰਨਦਾ ਹੋਵੇ, ਜਿਸ ਦੇ ਬਿਨਾਂ ਕੱਟੇ ਲੰਬੇ ਵਾਲ ਹੋਣ ਅਤੇ ਘੱਟੋ ਘੱਟ ਪੰਜ ਮੀਟਰ ਜਾਂ ਵੱਧ ਲੰਬਾਈ ਦੀ ਪਗੜੀ ਬੰਨ੍ਹਦਾ ਹੋਵੇ। ਢਿੱਲੋਂ ਕੈਨੇਡਾ ਵਿੱਚ ਪੰਜਾਬੀਆਂ ਦਾ ਹੀਰੋ ਬਣ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਉਸ ਦਾ ਗੋਲਡ ਮੈਡਲ ਨਾਲ ਸਨਮਾਨ ਕੀਤਾ ਗਿਆ।
---------
ਸਿੱਖਾਂ ਨੇ ਦੇਸ਼-ਵਿਦੇਸ਼ ਵਿੱਚ ਪਗੜੀ ਖਾਤਰ ਬਹੁਤ ਸੰਘਰਸ਼ ਕੀਤੇ ਹਨ। ਪਹਿਲੀ ਅਤੇ ਦੂਸਰੀ ਸੰਸਾਰ ਜੰਗ ਵਿੱਚ ਸਿੱਖਾਂ ਨੇ ਹੈਲਮਟ ਪਾਉਣ ਦੀ ਬਜਾਏ ਬ੍ਰਿਟਿਸ਼ ਸਰਕਾਰ ਨੂੰ ਲਿਖ ਕੇ ਦੇ ਦਿੱਤਾ ਸੀ ਕਿ ਜੇ ਅਸੀਂ ਸਿਰ ਵਿੱਚ ਗੋਲੀ ਲੱਗ ਕੇ ਮਰੇ ਤਾਂ ਬੇਸ਼ੱਕ ਸਾਡੇ ਪਰਿਵਾਰ ਨੂੰ ਪੈਨਸ਼ਨ ਨਾ ਲਾਈ ਜਾਵੇ।
---------
ਅੱਜ ਉਸ ਦੇ 22 ਸਾਲਾਂ ਦੇ ਅਣਥੱਕ ਯਤਨਾਂ ਕਾਰਨ ਸਿੱਖ ਰੰਗ ਬਿਰੰਗੀਆਂ ਪਗੜੀਆਂ ਬੰਨ੍ਹ ਕੇ ਬੀ.ਸੀ. ਵਿੱਚ ਮੋਟਰਸਾਈਕਲ ਚਲਾਉਂਦੇ ਆਮ ਨਜ਼ਰ ਆਉਂਦੇ ਹਨ। ਉਹ ਸਾਰੇ ਕੈਨੇਡਾ ਦਾ ਰਾਹ ਦਸੇਰਾ ਬਣ ਗਿਆ। ਕਈ ਸੂਬਿਆਂ ਵਿੱਚ ਇਸ ਸਬੰਧੀ ਕੇਸ ਚੱਲ ਰਹੇ ਹਨ। ਮਿਨੀਟੋਬਾ ਸੂਬੇ ਵਿੱਚ ਵੀ ਅਜਿਹੀ ਆਗਿਆ ਮਿਲ ਗਈ।

ਬਲਤੇਜ ਸਿੰਘ ਢਿੱਲੋਂ : ਕੈਨੇਡਾ ਵਿੱਚ ਹਰੇਕ ਸੂਬੇ ਅਤੇ ਸ਼ਹਿਰ ਦੀ ਆਪਣੀ ਅਲੱਗ ਪੁਲਿਸ ਫੋਰਸ ਹੁੰਦੀ ਹੈ। ਪਰ ਸਾਰੇ ਕੈਨੇਡਾ ਵਿੱਚ ਕਿਸੇ ਵੀ ਗੰਭੀਰ ਕੇਸ ਦੀ ਤਫਤੀਸ਼ ਕਰਨ ਦੀ ਤਾਕਤ ਸਿਰਫ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਕੋਲ ਹਨ। ਇਹ ਕੈਨੇਡਾ ਦੀ ਨੈਸ਼ਨਲ ਤੇ ਸਭ ਤੋਂ ਸ਼ਕਤੀਸ਼ਾਲੀ ਪੁਲਿਸ ਫੋਰਸ ਹੈ ਤੇ ਅਮਰੀਕਾ ਦੀ ਐੱਫ.ਬੀ.ਆਈ ਵਾਂਗ ਕੰਮ ਕਰਦੀ ਹੈ। ਬਲਤੇਜ ਸਿੰਘ ਢਿੱਲੋਂ ਇਸ ਫੋਰਸ ਦਾ ਪਹਿਲਾ ਪਗੜੀਧਾਰੀ ਅਫਸਰ ਹੈ। ਉਸ ਦਾ ਜਨਮ 1966 ਵਿੱਚ ਮਲੇਸ਼ੀਆ ਵਿੱਚ ਹੋਇਆ ਤੇ 1982 ਵਿੱਚ ਪਰਿਵਾਰ ਸਮੇਤ ਕੈਨੇਡਾ ਪ੍ਰਵਾਸ ਕਰ ਗਿਆ। ਹਾਈ ਸਕੂਲ ਪਾਸ ਕਰਨ ਤੋਂ ਬਾਅਦ ਵਕੀਲ ਬਣਨ ਦੀ ਚਾਹਤ ਵਿੱਚ ੳਸ ਨੇ ਕ੍ਰਿਮੀਨਾਲੋਜੀ ਦੀ ਵਿਦਿਆ ਪ੍ਰਾਪਤ ਕੀਤੀ। ਉਹ ਸਕੂਲੀ ਸਮੇਂ ਤੋਂ ਹੀ ਵਲੰਟੀਅਰ ਦੇ ਤੌਰ 'ਤੇ ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਨਾਲ ਜੁੜਿਆ ਹੋਇਆ ਸੀ।

ਜਦ ਉਹ ਭਰਤੀ ਹੋਣ ਲਈ ਗਿਆ ਤਾਂ ਸਾਰੇ ਟੈਸਟ ਪਾਸ ਕਰਨ ਬਾਵਜੂਦ ਉਸ ਦੀ ਪਗੜੀ 'ਤੇ ਇਤਰਾਜ਼ ਲਗਾ ਦਿੱਤਾ ਗਿਆ। ਰਾਇਲ ਕੈਨੇਡੀਅਨ ਮਾਊਂਟੇਡ ਪੁਲਿਸ ਦੇ ਤਤਕਾਲੀ ਕਮਿਸ਼ਨਰ ਨਾਰਮਨ ਇੰਕਸਟਰ ਨੇ ਉਸ ਦਾ ਸਾਥ ਦਿੱਤਾ ਤੇ ਸਰਕਾਰ 'ਤੇ ਪਾਲਿਸੀ ਬਦਲਣ ਲਈ ਦਬਾਅ ਪਾਇਆ। ਢਿੱਲੋਂ ਦੀ ਬੇਨਤੀ ਨੇ ਬਹੁਤ ਵੱਡਾ ਵਿਵਾਦ ਖੜ੍ਹਾ ਕਰ ਦਿੱਤਾ। ਲੋਕਾਂ ਦਾ ਵਿਚਾਰ ਸੀ ਕਿ ਲੋਕਲ ਪੁਲਿਸ ਫੋਰਸਾਂ ਵਿੱਚ ਭਾਵੇਂ ਪਗੜੀਧਾਰੀ ਅਫਸਰ ਹਨ ਪਰ ਕੌਮੀ ਪੱਧਰ ਦੀ ਫੋਰਸ ਵਿੱਚ ਅਜਿਹੀ ਆਗਿਆ ਦੇਣ ਨਾਲ ਇਸ ਕੌਮੀ ਅਦਾਰੇ ਦਾ ਅਕਸ ਖਰਾਬ ਹੋ ਜਾਵੇਗਾ। ਇਸ ਦੇ ਖਿਲਾਫ ਵੱਡੇ ਪੱਧਰ 'ਤੇ ਲਹਿਰ ਚਲਾਈ ਗਈ ਤੇ ਡੇਢ ਲੱਖ ਲੋਕਾਂ ਨੇ ਪੱਗੜੀ ਦੇ ਖਿਲਾਫ ਦਸਤਖਤ ਕੀਤੇ।

ਭਾਰੀ ਵਾਦ-ਵਿਵਾਦ ਤੋਂ ਬਾਅਦ ਆਖਰ 16 ਮਾਰਚ 1990 ਨੂੰ ਪਗੜੀਧਾਰੀ ਸਿੱਖਾਂ ਨੂੰ ਰਾਇਲ ਕੈਨੇਡੀਅਨ ਪੁਲਿਸ ਵਿੱਚ ਭਰਤੀ ਕਰਨ ਦਾ ਐਲਾਨ ਪਾਰਲੀਮੈਂਟ ਵਿੱਚ ਸਾਲਿਸਟਰ ਜਨਰਲ ਪੀਅਰੀ ਕਾਡੀਅਕਸ ਨੇ ਕਰ ਦਿੱਤਾ। ਢਿੱਲੋਂ ਨੇ ਭਰਤੀ ਹੋਣ ਤੋਂ ਬਾਅਦ 1985 ਵਿੱਚ ਹੋਏ ਏਅਰ ਇੰਡੀਆ ਬੰਬ ਧਮਾਕੇ ਤੋਂ ਇਲਾਵਾ ਹੋਰ ਕਈ ਮਹੱਤਵਪੂਰਨ ਕੇਸਾਂ 'ਤੇ ਕੰਮ ਕੀਤਾ ਹੈ। ਢਿੱਲੋਂ ਇਸ ਵੇਲੇ ਸਟਾਫ ਸਾਰਜੈਂਟ ਦੇ ਅਹੁਦੇ 'ਤੇ ਪੁਲਿਸ ਦੀ ਪ੍ਰੋਵਿੰਸ਼ੀਅਲ ਇੰਟੈਲੀਜੈਂਸ ਬ੍ਰਿਟਿਸ਼ ਕੋਲੰਬੀਆ ਬ੍ਰਾਂਚ ਦੇ ਮੁਖੀ ਵਜੋਂ ਤਇਨਾਤ ਹੈ। ਉਹ ਆਪਣੀ ਮਾਂ, ਪਤਨੀ ਅਤੇ ਦੋ ਬੱਚੀਆਂ ਸਮੇਤ ਸਰੀ ਵਿੱਚ ਰਹਿ ਰਿਹਾ ਹੈ।

(*ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਪਦ 'ਤੇ ਤਾਇਨਾਤ ਹਨ)


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE
Copyright © 2016-2017


NEWS LETTER