ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਸ਼ਹਿਰ ਮੇਰਾ ਹੋਇਆ ਸ਼ਾਹੀਨ, ਡੈਡੀ ਪੁੱਛਦੇ ਫਿਰਨ ਪਤਾ
ਸਾਡਾ ਸੰਵਿਧਾਨ ਸੱਤਰ ਸਾਲ ਟੱਪ ਗਿਆ ਹੈ ਤੇ ਪਿੱਛੇ ਜਿਹੇ ਮੈਂ 50 ਟੱਪ ਆਇਆ ਸਾਂ। ਡੈਡੀ ਹੁਣਾਂ ਨੇ 60ਵਿਆਂ ਦੇ ਮੱਧ ਵਿੱਚ ਮੰਮੀ ਜੀ ਨਾਲ ਵਿਆਹ ਕੀਤਾ ਸੀ। ਮੰਮੀ-ਡੈਡੀ ਤਾਂ ਉਹ ਵੈਸੇ ਮੇਰੇ ਦੁਨੀਆਂ ਵਿੱਚ ਆਉਣ ਨਾਲ ਹੀ ਬਣੇ ਸਨ। ਸਾਡੇ ਲੁਧਿਆਣੇ ਵਾਲੇ ਘਰ ਉਨ੍ਹਾਂ ਦੀ ਸਟੂਡੀਓ ਵਿੱਚ ਖਿਚਵਾਈ ਤੇ ਫਰੇਮ ਵਿੱਚ ਜੜ੍ਹ ਕੇ ਰੱਖੀ 60ਵਿਆਂ ਵਾਲੀ ਕਾਲੀ-ਚਿੱਟੀ ਫੋਟੋ ’ਚੋਂ ਝਾਕਦੀ ਜੋੜੀ ਡਾਢੀ ਜਵਾਨ ਦਿਸਦੀ ਹੈ। ਮੰਮੀ ਤਾਂ ਸੱਚੀਓਂ ਬਾਹਲੀ ਸੋਹਣੀ ਕੁੜੀ ਹੋਣੀ ਹੈ ਉਦੋਂ, ਭਾਵੇਂ ਇਸ ਕਾਲਮ ਉੱਤੇ ਜੜੀ ਮੇਰੀ ਫੋਟੋ ਤੋਂ ਤੁਹਾਨੂੰ ਇਹ ਦਾਅਵਾ ਰਤਾ ਵਧਾ-ਚੜ੍ਹਾਅ ਕੇ ਕੀਤਾ ਜਾਪੇ।

ਸਾਡੇ ਬਿਨਾਂ ਇੰਟਰਨੈੱਟ ਅਤੇ ਬਿਨਾਂ ਮੋਬਾਈਲ ਵਾਲੇ ਬਚਪਨ ਦਾ ਸੋਸ਼ਲ ਮੀਡੀਆ ਅਖ਼ਬਾਰਾਂ, ਕਿਤਾਬਾਂ, ਅਧਿਆਪਕਾਂ, ਦੋਸਤਾਂ, ਗਵਾਂਢੀਆਂ ਤੱਕ ਸੀਮਤ ਸੀ, ਪਰ ਫਿਰ ਜਵਾਨੀ ਵਿੱਚ ਸ਼ਹਿਰ ਦੀਆਂ ਦੋ ਲਾਇਬ੍ਰੇਰੀਆਂ, ਦੂਰਦਰਸ਼ਨ ਅਤੇ ਪੱਖੋਵਾਲ ਦੀ ਪੁਲੀ ਟੱਪ ਕੇ ਬਣੇ ਮਲਹਾਰ ਸਿਨੇਮਾ ਵਿੱਚ ਲੱਗਦੀਆਂ ਅੰਗਰੇਜ਼ੀ ਫਿਲਮਾਂ ਨਾਲ ਬੜਾ ਵਸੀਹ ਜਾਪਣ ਲੱਗ ਪਿਆ ਸੀ। ਬਾਕੀ ਹਰ ਵੇਲੇ ਉਪਲੱਬਧ ਸੋਸ਼ਲ ਮੀਡੀਆ ਤਾਂ ਮੰਮੀ-ਡੈਡੀ ਹੀ ਸਨ।

ਜਵਾਨੀ ਅਤੇ ਫਿਰ ਅੱਧਖੜ ਉਮਰ ਦੇ ਸਫ਼ਰ ਦੌਰਾਨ 60ਵਿਆਂ ਦੇ ਬਿਰਤਾਂਤਾਂ ਨੂੰ ਪੜ੍ਹਦਿਆਂ-ਜਾਣਦਿਆਂ ਬੜੀ ਵਾਰੀ ਦਿਲ ਕਰਦਾ ਕਿ ਕਾਸ਼, ਮੈਂ 60ਵਿਆਂ ਵਿੱਚ ਜਵਾਨ ਹੁੰਦਾ। ਇਹ 1960ਵਿਆਂ ਦੇ ਮੱਧ ਤੋਂ ਅੰਤ ਤਕ ਯੂ.ਕੇ ਵਿਚ ਉੱਠੇ ਨੌਜਵਾਨਾਂ ਦੇ ਸੱਭਿਆਚਾਰਕ ਇਨਕਲਾਬ (Swinging Sixties) ਦਾ ਦਹਾਕਾ ਤਾਂ ਸੀ ਹੀ, ਪਰ 1960ਵਿਆਂ ਦੇ ਅੰਤ ਵਿਚ ਸ਼ੁਰੂ ਹੋਈ ਅਤੇ 1970ਵਿਆਂ ਵਿਚ ਆਪਣਾ ਜਲੌਅ ਗੁਆ ਚੁੱਕੀ ਅਮਰੀਕੀ ਨੌਜਵਾਨਾਂ ਦੀ ਵਿਰੋਧ ਮੁਹਿੰਮ (counter-culture) ਵਾਲਾ ਦਹਾਕਾ ਵੀ ਸੀ।

ਮੈਂ ਬੜੀ ਵਾਰੀ ਮੰਮੀ-ਡੈਡੀ ਨੂੰ ਪੁੱਛਣਾ ਕਿ ਭਰ ਜਵਾਨੀ ਵਿੱਚ ਤੁਹਾਡੇ ਕੋਲ ਇੰਨੇ ਰਸਤੇ ਮੌਜੂਦ ਸਨ, ਤੁਸੀਂ ਉਨ੍ਹਾਂ ਵਿੱਚੋਂ ਕੋਈ ਕਿਉਂ ਨਾ ਚੁਣਿਆ? ਨਾ ਤੁਸਾਂ Beatles ਦੇ ਰਿਕਾਰਡ ਖਰੀਦੇ, ਨਾ Bob Dylan ਗਾਇਆ, ਨਾ marijuana ਚੱਖ ਵੇਖਿਆ, ਨਾ Che Guevara ਵਾਲੀ ਟੀ-ਸ਼ਰਟ ਪਾ ਫੋਟੋ ਖਿਚਵਾਈ। ਅਮਰੀਕਾ ਦੀ Civil Rights Movement ਨੂੰ ਵੇਖ ਆਪਣੇ ਹੀ ਦੇਸ਼ ਵਿੱਚ ਪਿਛੜਿਆਂ ਲਈ ਬਰਾਬਰੀ ਅਤੇ ਇਨਸਾਫ਼ ਮੰਗਦੀਆਂ ਭੀੜਾਂ ਵਿੱਚ ਨਾਅਰੇ ਮਾਰਨ ਨਹੀਂ ਗਏ। ਨਕਸਲੀ ਹੋ ਜਾਣ ਦਾ ਵਿਕਲਪ ਵੀ ਸੀ, ਹਿੱਪੀ ਵੀ ਹੋਇਆ ਜਾ ਸਕਦਾ ਸੀ, ਤੁਸੀਂ ਤਾਂ ਭੰਗ ਪੀ ਦਮ-ਮਾਰੋ-ਦਮ ਗਾ ‘‘ਹਰੇ ਰਾਮਾ ਹਰੇ ਕ੍ਰਿਸ਼ਨਾ’’ ਵਾਲਿਆਂ ਦੀ ਟਰਾਲੀ ’ਤੇ ਵੀ ਨਾ ਚੜ੍ਹੇ। ਇਸ ਤੋਂ ਤਾਂ ਚੰਗਾ ਸੀ ਤੁਹਾਡੀ ਥਾਵੇਂ ਮੈਂ ਹੀ 60ਵਿਆਂ ਵਿੱਚ ਜਵਾਨ ਹੁੰਦਾ।
 
ਜਵਾਨੀ ਦੇ ਸਫ਼ਰ ਦੌਰਾਨ 60ਵਿਆਂ ਦੇ ਬਿਰਤਾਂਤਾਂ ਨੂੰ ਪੜ੍ਹਦਿਆਂ ਬੜੀ ਵਾਰੀ ਦਿਲ ਕਰਦਾ ਕਿ ਕਾਸ਼, ਮੈਂ 60ਵਿਆਂ ਵਿੱਚ ਜਵਾਨ ਹੁੰਦਾ। ਮੰਮੀ ਡੈਡੀ ਨੂੰ ਕਹਿੰਦਾ ਚੰਗਾ ਹੁੰਦਾ ਜੇ ਤੁਹਾਡੀ ਥਾਵੇਂ ਮੈਂ ਹੀ 60ਵਿਆਂ ਵਿੱਚ ਜਵਾਨ ਹੁੰਦਾ।
ਸ਼ਾਇਦ ਉਨ੍ਹਾਂ ਵੇਲਿਆਂ ਵਿੱਚ ਉਨ੍ਹਾਂ ਨੂੰ ਇਹ ਨਹੀਂ ਪਤਾ ਲੱਗਿਆ ਕਿ ਉਹ ਇਤਿਹਾਸ ਰਚਦੇ ਪਲਾਂ ਵਿੱਚ ਜੀਅ ਰਹੇ ਹਨ। ਸੰਤਾਲੀ ਵੇਲੇ ਵੀ ਦਾਦਾ ਜੀ ਹੋਰੀਂ ਪਾਕਿਸਤਾਨ ਵਿਚਲੇ ਹੁਜਰਾ ਸ਼ਾਹ ਮੁਕੀਮ ਵਾਲੇ ਘਰ ਨੂੰ ਤਾਲਾ ਮਾਰ, ਚਾਬੀ ਨਾਲ ਲਿਆਏ ਸਨ। ਕਈ ਸਾਲ ਚਾਬੀ ਸਾਂਭੀ ਰੱਖੀ, ਵਿਸ਼ਵਾਸ ਹੀ ਨਹੀਂ ਆਇਆ ਕਿ ਇਤਿਹਾਸ ਹਮੇਸ਼ਾਂ ਲਈ ਮੋੜਾ ਖਾ ਗਿਆ ਹੈ। ਦੁਨੀਆ ਭਰ ਵਿੱਚ ਲੋਕ ਜਦੋਂ ਬਹੁਤ ਅਫ਼ਰਾ-ਤਫ਼ਰੀ ਵਾਲੇ ਹਾਲਾਤ ਨਾਲ ਦੋ-ਚਾਰ ਹੁੰਦੇ ਹਨ ਤਾਂ ਅਕਸਰ ਹੀ ਉਨ੍ਹਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਕਿ ਉਹ ਕਿਸੇ ਵੱਡੀ ਇਤਿਹਾਸਕ ਤਬਦੀਲੀ ਦੇ ਦੌਰ ਵਿੱਚੋਂ ਲੰਘ ਰਹੇ ਹਨ। ਉਨ੍ਹਾਂ ਵਿੱਚੋਂ ਕੁਝ ਆਪਣੀ ਜਾਨ ਬਚਾ ਰਹੇ ਹੁੰਦੇ ਹਨ, ਕੁਝ ਕਿਸੇ ਹੋਰ ਦੀ ਜਾਨ ਲੈਣ ਦੀ ਕਵਾਇਦ ਕਰ ਰਹੇ ਹੁੰਦੇ ਹਨ ਅਤੇ ਬਹੁਤੇ ਸਿਰਫ਼ ਦੜ੍ਹ-ਵੱਟ ਕਿਸੇ ਸੱਚੀ-ਝੂਠੀ ਨੌਰਮੈਲਸੀ ਦੇ ਪਰਤ ਆਉਣ ਦਾ ਇੰਤਜ਼ਾਰ ਕਰ ਰਹੇ ਹੁੰਦੇ ਹਨ।

ਬਹੁਤੀ ਵਾਰੀ ਚਿਰਾਂ ਬਾਅਦ ਖੁਲਾਸਾ ਹੁੰਦਾ ਹੈ। ਪਾੜ੍ਹੇ ਵਿਦਵਾਨ ਉਸ ਦੌਰ ਦੇ ਵੱਖ-ਵੱਖ ਪੱਖਾਂ ਦਾ ਮੁਤਾਲਿਆ ਕਰ ਖ਼ਲਕਤ ਨੂੰ ਸਮਝਾਉਂਦੇ ਹਨ ਕਿ ਕਿਵੇਂ ਇਤਿਹਾਸ ਰਚਿਆ ਗਿਆ ਸੀ ਅਤੇ ਖ਼ਲਕਤ ਇਸ ਇਤਿਹਾਸਸਾਜ਼ੀ ਦਾ ਹਿੱਸਾ ਸੀ।

ਪਰ ਇਨ੍ਹੀਂ ਦਿਨੀਂ ਹਿੰਦੋਸਤਾਨ-ਭਰ ਵਿੱਚ ਸੜਕਾਂ ’ਤੇ ਉਮੜੀ ਖ਼ਲਕਤ ਨੂੰ ਸ਼ਾਇਦ ਇਤਿਹਾਸਕਾਰਾਂ ਦੀ ਉਡੀਕ ਕੀਤੇ ਬਿਨਾਂ ਹੀ ਇਸ ਗੱਲ ਦੀ ਸਪੱਸ਼ਟ ਸਮਝ ਆ ਚੁੱਕੀ ਹੈ ਕਿ ਉਹ ਇਤਿਹਾਸਕ ਪਲਾਂ ਵਿੱਚ ਜੀਅ ਰਹੀ ਹੈ, ਇਤਿਹਾਸ ਰਚ ਰਹੀ ਹੈ, ਇਤਿਹਾਸ ਬਦਲ ਰਹੀ ਹੈ, ਇਤਿਹਾਸ ਬਣ ਰਹੀ ਹੈ।

ਜਿਨ੍ਹਾਂ ਨੇ ਮੇਰੇ ਡੈਡੀ ਜੀ ਜਾਂ ਮੇਰੇ ਵਰਗੇ ਲੱਖਾਂ ਕਰੋੜਾਂ ਵਾਂਗ ਕੇਵਲ ਕਿਤਾਬਾਂ ਵਿੱਚ ਹੀ ਜੋਸ਼ੀਲੇ ਨਾਗਰਿਕਾਂ ਦੇ ਉੱਠਦੇ ਵਲਵਲਿਆਂ ਬਾਰੇ ਪੜ੍ਹਿਆ ਹੈ, ਅਤੀਤ ਵਿੱਚ ਘਰੋਂ ਨਿਕਲੀਆਂ ਉਨ੍ਹਾਂ ਭੀੜਾਂ ਬਾਰੇ ਜਾਣਿਆ ਹੈ ਜਿਹੜੀਆਂ ਵਿਗੜੇ ਨੂੰ ਸੰਘਰਸ਼ ਰਾਹੀਂ ਦਰੁਸਤ ਕਰ ਦੇਣ ਦੇ ਦ੍ਰਿੜ੍ਹ ਇਰਾਦੇ ਨਾਲ ਸੜਕਾਂ ’ਤੇ ਉਮੜੀਆਂ, ਅਤੇ ਅਕਸਰ ਝੂਰੇ ਹਨ ਕਿਉਂ ਜੋ ਉਸ ਵੇਲੇ ਉਹ ਉਨ੍ਹਾਂ ਮੁਹਾਜ਼ਾਂ ’ਤੇ ਮੌਜੂਦ ਨਹੀਂ ਸਨ, ਅੱਜ ਉਨ੍ਹਾਂ ਸਾਹਵੇਂ ਇੱਕ ਮੌਕਾ ਫਿਰ ਬਹੁੜਿਆ ਹੈ।

ਚੰਗੇ ਭਾਗੀਂ ਹੁਣ ਵਾਲਾ ਅੰਦੋਲਨ ਇਤਿਹਾਸ ਦਾ ਪਹੀਆ ਪੁੱਠਾ ਘੁਮਾ (rewind) ਕੇ ਨਾਗਰਿਕਾਂ ਨੂੰ ਇੱਕ ਵਾਰੀ ਫਿਰ, ਅਤੇ ਸ਼ਾਇਦ ਆਖ਼ਰੀ, ਸੁਨਹਿਰੀ ਮੌਕਾ ਦੇ ਰਿਹਾ ਹੈ। ਸੱਤ ਦਹਾਕਿਆਂ ਤੋਂ ਵੀ ਰਤਾ ਵਧੀਕ ਪਹਿਲੋਂ ਗਲੀਆਂ ਬਾਜ਼ਾਰਾਂ ਵਿਚ ਭੀੜਾਂ ਠੀਕ ਉਲਟੇ ਕੰਮ ਕਰਨ ਨਿਕਲੀਆਂ ਸਨ। ਉਦੋਂ ਵੀ ਇਤਿਹਾਸ ਰਚਿਆ ਜਾ ਰਿਹਾ ਸੀ। ਸਾਨੂੰ ਦੱਸਿਆ ਜਾ ਰਿਹਾ ਸੀ ਕਿ ਧਰਮ ਦੇ ਆਧਾਰ ’ਤੇ ਫ਼ੈਸਲੇ ਹੋਣਗੇ ਕਿ ਕੌਣ ਕਿਹੜੇ ਦੇਸ਼ ਦਾ ਨਾਗਰਿਕ ਹੈ। ਕਿਤੇ ਭੀੜਾਂ ਨੇ ਭੀੜਾਂ ਨਾਲ ਯੁੱਧ ਕੀਤੇ, ਬਹੁਤੀ ਥਾਂ ਭੀੜਾਂ ਨੇ ਇਕੱਲਿਆਂ-ਦੁਕੱਲਿਆਂ ਨਿਹੱਥਿਆਂ-ਮਜਬੂਰਾਂ ਦੇ ਘੇਰ-ਘੇਰ ਸ਼ਿਕਾਰ ਕੀਤੇ।

ਕਿਸ ਨੂੰ ਸ਼ਰਨ ਦਿੱਤੀ ਜਾਣੀ ਹੈ, ਕਿਸ ਨੂੰ ਦੂਜੇ ਪਾਸੇ ਧੱਕਣਾ ਹੈ, ਇਹ ਉੱਪਰ ਤੈਅ ਹੋ ਗਿਆ ਸੀ। ਥੱਲੇ ਭੀੜਾਂ ਇਸ ਕਾਰਜ ਨੂੰ ਨੇਪਰੇ ਚਾੜ੍ਹ ਰਹੀਆਂ ਸਨ। *ਕਾਨੂੰਨ ਪ੍ਰਤੀ ਇਸ ਸਮੂਹਿਕ ਹੱਠਧਰਮੀ-ਯੁਕਤ ਵਚਨਬੱਧਤਾ ਨਾਲ ਨੇਪਰੇ ਚੜ੍ਹਾਏ ਕਾਰਜ ਦੌਰਾਨ ਸਾਡੇ ਹੱਥ, ਗਲੀਆਂ, ਦਹਿਲੀਜ਼ਾਂ ਅਤੇ ਜ਼ਮੀਰ ਰੱਤ-ਰੰਗੇ ਹੋ ਗਏ ਸਨ।* ਪਰ ਇਨ੍ਹਾਂ ਹੀ ਸਮਿਆਂ ਵਿੱਚੋਂ ਉਹ ਸਤਰੰਗੀ ਬਿਰਤਾਂਤ ਵੀ ਨਿਕਲ ਕੇ ਸਾਹਮਣੇ ਆਏ ਜਿਨ੍ਹਾਂ ਵਿੱਚ ਕਿਸੇ ਨੇ ਅੱਗੇ ਵਧ ਕੇ ਖ਼ੁਦਾ ਦੀ ਰੱਖ ਵਿਖਾਈ, ਕੋਈ ‘ਮਾਨਸ ਕੀ ਜਾਤ ਸਭੈ ਏਕੇ ਪਹਿਚਾਨਬੋ’ ’ਤੇ ਹੀ ਡੱਟ ਗਿਆ। ਅੱਜ ਇਤਿਹਾਸ, ਕਥਾ, ਕਹਾਣੀਆਂ, ਅਫ਼ਸਾਨਿਆਂ, ਫ਼ਿਲਮਾਂ, ਨਾਟਕਾਂ ਵਿੱਚ ਇਨ੍ਹਾਂ ਅੱਲ੍ਹਾ-ਬਖ਼ਸ਼ਿਆਂ ਵੱਲ ਵੇਖਦੇ ਹਾਂ ਤਾਂ ਦਿਲ ਨੂੰ ਧਰਵਾਸ ਆਉਂਦਾ ਹੈ। ਆਪਣੇ ਅੰਦਰੂਨ ਨੂੰ ਖ਼ੁਸ਼ ਕਰਨ ਲਈ ਉਨ੍ਹਾਂ ਵਿੱਚ ਆਪਣੇ ਆਪ ਨੂੰ ਵੇਖਣ ਦਾ ਚਿੱਤ ਕਰਦਾ ਹੈ।

ਜਿਹੜੇ ਉਨ੍ਹਾਂ ਵੇਲਿਆਂ ਵਿੱਚ ਖ਼ਤਰਾ ਸਹੇੜ ‘ਦੂਜੇ’ ਲਈ ਖੜ੍ਹ ਗਏ, ਕੀ ਉਨ੍ਹਾਂ ਨੂੰ ਪਤਾ ਹੋਵੇਗਾ ਕਿ ਉਹ ਵੀ ਇਤਿਹਾਸ ਰਚ ਰਹੇ ਸਨ? ਸਮੇਂ ਦੀ ਵਗਦੀ ਖ਼ੂਨੀ ਧਾਰਾ ਖ਼ਿਲਾਫ਼ ਇੱਕ ਕਾਊਂਟਰ-ਕਲਚਰ ਦੀ ਗਵਾਹੀ ਭਰ ਰਹੇ ਸਨ?

ਹੁਣ ਸਾਡੇ ਕਾਲਜਾਂ ਯੂਨੀਵਰਸਿਟੀਆਂ ਵਿੱਚ ਅਜਿਹੀ ਕੋਈ ਤਾਲੀਮ ਨਹੀਂ ਅਰਜਿਤ ਕੀਤੀ ਜਾਂਦੀ ਜਿਹੜੀ ਸਾਨੂੰ ਇਹ ਸਿਖਲਾਈ ਦੇਵੇ ਕਿ ਦੂਰੋਂ ਆਉਂਦੀ ਜਾਂ ਨੇੜਿਓਂ ਖਹਿ ਕੇ ਲੰਘਦੀ ਕਿਸੇ ਧਾਰਾ ਨੂੰ ਪਛਾਣ, ਝੱਟ ਜਾਣ ਜਾਈਏ ਕਿ ਇਤਿਹਾਸ ਰਚਿਆ ਜਾ ਰਿਹਾ ਹੈ, ਪਰ ਫਿਰ ਵੀ ਅੱਜ ਸੜਕਾਂ ’ਤੇ ਉਮੜੇ ਨਾਗਰਿਕਾਂ ਦੇ ਸਮੂਹਾਂ ਉੱਤੇ ਰੋਜ਼ੇ-ਰੌਸ਼ਨ ਵਾਂਗ ਇਹ ਸੂਝ ਤਾਰੀ ਹੈ ਕਿ ਉਹ ਇਤਿਹਾਸਕ ਪਲਾਂ ਵਿੱਚ ਜੀਅ ਰਹੇ ਹਨ, ਇਤਿਹਾਸ ਬਦਲ ਰਹੇ ਹਨ, ਇਤਿਹਾਸ ਰਚ ਰਹੇ ਹਨ, ਇਤਿਹਾਸ ਬਣ ਰਹੇ ਹਨ। ਖੌਰੇ, ਇਹ ਮੇਰੀ ਜਵਾਨੀ ਵਾਲੇ ਸੋਸ਼ਲ ਮੀਡੀਆ ਤੋਂ ਵਧੇਰੇ ਵਸੀਹ ਹੋ ਚੁੱਕੇ ਅਜੋਕੇ ਖਲਕਤ-ਸੰਚਾਰ ਮਾਧਿਅਮ ਦਾ ਅਸਰ ਹੋਵੇ, ਜਾਂ ਸ਼ਾਇਦ ਕਿਉਂਕਿ ਲੋਕਾਂ ਨੇ ਸੰਤਾਲੀ ਦੇ ਜਿੰਨ ਦੀ ਸ਼ਕਲ ਵੇਖੀ ਹੋਈ ਹੈ, ਉਨ੍ਹਾਂ ਹਕੂਮਤੀ ਨਫ਼ਰਤੀ ਬਿਰਤਾਂਤ ਵਿੱਚੋਂ ਉਸ ਨੂੰ ਪਛਾਣ ਲਿਆ ਹੈ।

ਇਹ ਬਹੁਤ ਦੁਰਲੱਭ ਘੜੀ ਹੈ। ਬੀਤਿਆ ਵਾਪਸ ਆ ਗਿਆ ਹੈ। ਇਤਿਹਾਸ ਦੇ ਉਸ ਮੁਕਾਮ ’ਤੇ ਜੇ ਅਸੀਂ ਹੁੰਦੇ ਤਾਂ ਬਾਹਰ ਨਿਕਲ ਕੁਝ ਅਗੰਮੀ ਕਰਦੇ। ਹਮਸਾਇਆਂ ਨੂੰ ਕਲਾਵੇ ਵਿੱਚ ਲੈਂਦੇ, ਹਕੂਮਤਾਂ ਨੂੰ ਕਹਿੰਦੇ ਕਿ ਸਾਡੀ ਸਦੀਆਂ ਦੀ ਸਾਂਝ ਹੈ। ਤੁਸੀਂ ਕੌਣ ਹੋ ਵਿਚਕਾਰ ਫ਼ੌਜਾਂ, ਕੰਡੇਦਾਰ ਤਾਰਾਂ, ਸੰਗੀਨਾਂ ਦੀਆਂ ਕੰਧਾਂ ਖੜ੍ਹੀਆਂ ਕਰਨ ਵਾਲੇ? (ਵੈਸੇ ਜੇ ਉਦੋਂ ਹੁੰਦੇ ਤਾਂ ਪਤਾ ਨਹੀਂ ਸ਼ਾਇਦ ਦੜ੍ਹ ਵੱਟ ਬੈਠੇ ਹੁੰਦੇ ਜਾਂ ਕਿਸੇ ਭੀੜ ਨਾਲ ਰਲੇ ਹੁੰਦੇ, ਪਰ ਅੱਜ ਅਤੀਤ ਵੱਲ ਝਾਤ ਮਾਰ ਸਾਡਾ ਕਦਾਚਿੱਤ ਇਹ ਦਾਅਵਾ ਨਹੀਂ ਕਿ ਅਸੀਂ ਕੁਝ ਵੀ ਗ਼ੈਰ-ਇਖ਼ਲਾਕੀ ਕਰਦੇ।) ਆਪਣੇ ਮਨਾਂ ਵਿੱਚ ਰਚੇ ਚੇਤੇ ਵਿੱਚ ਤਾਂ ਅਸੀਂ ਨਾਇਕ ਦੀ ਭੂਮਿਕਾ ਤੋਂ ਘੱਟ ਕੁਝ ਵੀ ਸਵੀਕਾਰ ਨਹੀਂ ਕਰਦੇ।
 
ਹੁਣ ਅਤੀਤ ਦੇ ਰਚੇ ਚੇਤਿਆਂ ਵਾਲਾ ਸਮਾਂ ਫਿਰ ਆਣ ਢੁੱਕਿਆ ਹੈ, ਪਰ ਇਸ ਵਾਰੀ ਕੁਝ ਅਦੁੱਤੀ ਹੀ ਭਾਣਾ ਵਰਤ ਰਿਹਾ ਹੈ। ਖ਼ਲਕਤ ਇਤਿਹਾਸ ਦੀ ਬਾਰੀਕ ਸਮਝ ਦੀ ਰੂਪਕਾਰੀ ਕਰ ਰਹੀ ਹੈ, ਮੁਤਾਲਿਆ ਕਰਨ ਵਾਲੇ ਅਜੇ ਬੜੇ ਕਦਮ ਪਿੱਛੇ ਹਨ।

Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the link in the top visual. This piece was originally published on February 17, 2020 in the wake of anti-CAA Shaheen Bagh protest becoming a viral phenomenon, spurring almost copycat sit-ins across the country. – Ed. 
ਕੋਈ ਦੱਸ ਰਿਹਾ ਹੈ ਕਿ ਲੋਕ ਧਰੁਵੀਕਰਨ ਦੀ ਨੀਤੀ ਖ਼ਿਲਾਫ਼ ਉੱਠ ਖੜੋਤੇ ਹਨ, ਕੋਈ ਕਹਿ ਰਿਹਾ ਹੈ ਕਿ ਵਿਦਿਆਰਥੀਆਂ ਉੱਤੇ ਹਮਲਿਆਂ ਨੇ ਲੋਕ ਮਨ ਝੰਜੋੜਿਆ ਹੈ। ਕਿਸੇ ਨੂੰ ਲੱਗਦਾ ਹੈ ਕਿ ਅਸਲੀ ਕਾਰਨ ਆਰਥਿਕ ਨੀਤੀਆਂ ਹਨ ਅਤੇ ਬੇਰੁਜ਼ਗਾਰੀ ਤੋਂ ਧਿਆਨ ਭਟਕਾਉਣ ਲਈ ਸੱਪ ਜਨਤਾ ਸਾਹਵੇਂ ਸੁੱਟਿਆ ਗਿਆ ਹੈ। ਵੱਡੇ ਪਾੜ੍ਹੇ ਦੱਸ ਰਹੇ ਹਨ ਕਿ ਸਾਮਰਾਜਵਾਦ ਦਾ ਮੰਡੀ ਨਾਲ ਜੁੜਿਆ ਤਰਕ ਆਪਣੀ ਮੰਤਕੀ ਕੰਧ ਵਿੱਚ ਜਾ ਵੱਜਿਆ ਹੈ, ਸੋ ਅਵਾਜ਼ਾਰ ਹੋਈ ਖ਼ਲਕਤ ਸਥਾਪਤੀ ਵਿਰੁੱਧ ਰੋਹ ਵਿੱਚ ਬਾਹਰ ਨਿਕਲੀ ਹੈ। ਸਭਨਾਂ ਦਲੀਲਾਂ ਵਿੱਚ ਸੱਚ ਦੀ ਕੋਈ ਨਾ ਕੋਈ ਤੰਦ ਹੈ।

ਪਰ ਸੰਪੂਰਨ ਸੱਚ ਤਾਂ ਇਸ ਵਾਰੀ ਖ਼ੁਦਾ ਦੀ ਰੱਖ ਵਿਖਾਉਂਦੀ ਖ਼ਲਕਤ ਕੋਲ ਹੀ ਹੈ। ਉਹ ਤਾਂ ਮੁਲਕ ਤੋਂ ਵੀ ਕੁਝ ਵਡੇਰਾ ਬਚਾਉਣ ਨਿਕਲੀ ਹੈ, ਇਤਿਹਾਸ ਬਦਲਣ, ਬਣਾਉਣ ਨਿਕਲੀ ਹੈ। ਅੰਦਰੂਨ ਨੂੰ ਨਵਿਆਉਣ ਨਿਕਲੀ ਹੈ। ਨਾਗਰਿਕਤਾ ਕਾਨੂੰਨ ਜਾਂ ਕੌਮੀ ਨਾਗਰਿਕਤਾ ਰਜਿਸਟਰ ਵਿੱਚ ਤਾਂ ਸਮਾਜ ਅਤੇ ਦਿਲਾਂ ਵਿੱਚ ਲਕੀਰਾਂ ਵਾਹੁਣ ਦੀ ਹਕੂਮਤੀ ਕਵਾਇਦ ਦਾ ਬੰਦੋਬਸਤ ਹੋਵੇਗਾ ਪਰ ਖ਼ਲਕਤ ਤਾਂ ਹੋਰ ਬੜੀਆਂ ਲਕੀਰਾਂ ਮਿਟਾਉਣ ਨਿਕਲੀ ਹੈ।

ਵੇਖੋ ਤਾਂ ਸਹੀ ਕਿ ਨਾਅਰੇ ਮਾਰਦੇ, ਹਕੂਮਤ ਨੂੰ ਚੁਣੌਤੀ ਦਿੰਦੇ ਲੋਕਾਂ ਦੇ ਇਹ ਛੋਟੇ-ਵੱਡੇ ਸਮੂਹ ਮੰਗ ਕੀ ਰਹੇ ਹਨ? ਧਰਨੇ-ਮੁਜ਼ਾਹਰੇ ਤਾਂ ਹਰ ਆਏ ਦਿਨ ਹੁੰਦੇ ਹਨ, ਹਰ ਦੂਜੇ ਦਿਨ ਕੋਈ ਕਿਸੇ ਦੀ ਅਰਥੀ ਫੂਕ ਰਿਹਾ ਹੁੰਦਾ ਹੈ, ਹਰ ਤੀਜੇ ਦਿਨ ਕੋਈ ਪਾਣੀ ਦੀ ਟੈਂਕੀ ’ਤੇ ਚੜ੍ਹ ਜਾਂਦਾ ਹੈ। ਪਰ ਮੰਗ ਹਮੇਸ਼ਾ ਸਪੱਸ਼ਟ ਹੁੰਦੀ ਹੈ – ਕੱਚੀ ਨੌਕਰੀ ਪੱਕੀ ਕਰੋ, ਫਲਾਣਾ ਗ੍ਰੇਡ ਦਿਓ, ਫਲਾਣੀ ਗੱਲ ਲਈ ਮੁਆਵਜ਼ਾ ਦਿਓ। ਬਸੰਤੀ ਨਾਲ ਮੇਰਾ ਵਿਆਹ ਕਰੋ। ਹੁਣ ਖ਼ਲਕਤ ਕੀ ਮੰਗ ਰਹੀ ਹੈ? ਪੈਸਾ-ਧੇਲਾ-ਨੌਕਰੀ-ਮੁਆਵਜ਼ਾ ਮੰਗਦੀ ਹੁੰਦੀ ਤਾਂ ਵਿਚੋਲੀਏ ਕੋਈ ਸੌਦਾ ਹੀ ਕਰਵਾ ਦਿੰਦੇ। ਬਸੰਤੀ ਦੀ ਮਾਸੀ ਨੂੰ ਵਾਸਤਾ ਪਾ ਦਿੰਦੇ।

ਇੱਥੇ ਤਾਂ ਮੰਗ ਹੀ ਇਨਸਾਨੀਅਤ ਦੀ ਰੱਖ ਦਿੱਤੀ ਗਈ ਹੈ। ਧਰਨਾ ਅਸੂਲਪ੍ਰਸਤੀ ਲਈ ਲੱਗ ਗਿਆ ਹੈ। ਗੁਰੂ ਦਾ ਸ਼ਬਦ ਨਫ਼ਰਤ ਦੀ ਇਜਾਜ਼ਤ ਨਹੀਂ ਦਿੰਦਾ, ਇਸ ਲਈ ਪੱਕਾ ਮੋਰਚਾ ਗੱਡ ਦਿੱਤਾ ਗਿਆ ਹੈ। ਆਪਣੇ ਲਈ ਨਹੀਂ, ਦੂਜਿਆਂ ਨਾਲ ਹੋਣ ਵਾਲੇ ਧੱਕੇ ਖ਼ਿਲਾਫ਼ ਹਜ਼ੂਮ ਉਮੜ ਪਿਆ ਹੈ। ਸੰਤਾਲੀ ਵੇਲੇ ਜਿਹੜੇ "ਹਿੰਦੂ ਮੁਸਲਿਮ ਸਿੱਖ ਇਸਾਈ, ਆਪਸ ਮੇਂ ਹੈ ਭਾਈ ਭਾਈ” ਦੇ ਨਾਅਰੇ ਲਾਉਣ ਬਾਹਰ ਨਹੀਂ ਸਨ ਨਿਕਲ ਸਕੇ, ਅੱਜ ਘਰ ਦੇ ਨੇੜਲੇ ਕਿਸੇ ਸ਼ਾਹੀਨ ਬਾਗ਼ ਵਿੱਚ ਚੌਕੜਾ ਮਾਰ ਬੈਠ ਗਏ ਹਨ, ‘ਸੰਵਿਧਾਨ ਬਚਾਓ ਯਾਤਰਾ’ ਵਿੱਚ ਸ਼ਾਮਲ ਹੋ ਰਹੇ ਹਨ। ਹਕੀਕਤ ਵਿੱਚ ਉਹ ਇੱਕ ਸੁੰਦਰ ਦੇਸ਼ ਬਣਾਉਣ ਦੇ ਗੁਆਚੇ ਕਿਸੇ ਖ਼ੁਆਬ ਉੱਤੇ ਆਪਣਾ ਦਾਅਵਾ ਫਿਰ ਠੋਕ ਰਹੇ ਹਨ।

ਨੌਜਵਾਨ ਪਾੜ੍ਹੇ ਮੁੰਡੇ-ਕੁੜੀਆਂ ਨੇ, ਬੁਰਕਾਨਸ਼ੀਂ ਦਾਦੀਆਂ ਨਾਨੀਆਂ ਨੇ, ਦਲਿਤ ਭੈਣਾਂ-ਭਰਾਵਾਂ ਨੇ, ਜਾਤ-ਪਾਤ-ਨਫ਼ਰਤਾਂ ਨੂੰ ਤਿਲਾਂਜਲੀ ਦੇ ਕੇ ਸੁਰਖ਼ਰੂ ਹੋਏ ਨਾਗਰਿਕਾਂ ਨੇ ਦੇਸ਼-ਭਰ ਵਿੱਚ ਵੱਡੀ ਸਾਰੀ ਯੂਨੀਵਰਸਿਟੀ ਖੋਲ੍ਹ ਦਿੱਤੀ ਹੈ ਜਿੱਥੇ ਰਾਜਨੀਤੀ, ਦੇਸ਼, ਰਾਸ਼ਟਰਵਾਦ, ਕੌਮਾਂ, ਸਦਭਾਵਨਾ, ਸੰਵਿਧਾਨ, ਸਮਾਜ ਬਾਰੇ ਦਿਨ ਰਾਤ ਕੋਰਸ ਕਰਵਾਏ ਜਾ ਰਹੇ ਹਨ। ਸ਼ਾਹੀਨ ਬਾਗ਼ ਵਿੱਚ ਅੰਞਾਣੇ ਬਾਲਾਂ ਨੂੰ ਗੋਦੀ ਵਿੱਚ ਖਿਡਾਉਂਦੀਆਂ ਘਰੇਲੂ ਔਰਤਾਂ ਟੀਵੀ ਕੈਮਰਿਆਂ ਸਾਹਮਣੇ ਆਪਣੇ ਤਸੱਵੁਰ ਦੇ ਐਸੇ ਖ਼ੂਬਸੂਰਤ ਦੇਸ਼ ਦੀ ਗੱਲ ਕਰ ਰਹੀਆਂ ਹਨ ਜਿਸ ਦੀ ਨਾਗਰਿਕਤਾ ਲਈ ਅਸੀਂ ਕਤਾਰਾਂ ਬੰਨ੍ਹ ਖੜ੍ਹੇ ਹੋ ਜਾਈਏ। ਹਾਕਮ ਸ਼ਾਹੀਨ ਬਾਗ਼ ਖਾਲੀ ਕਰਵਾਉਣਾ ਲੋਚ ਰਹੇ ਹਨ, ਏਧਰ ਸ਼ਾਹੀਨ ਬਾਗ਼ ਦਾ ਤੰਬੂ ਵੱਡਾ ਹੋ ਕੇ ਦੇਸ਼ ਭਰ ਵਿੱਚ ਫੈਲ ਗਿਆ ਹੈ। ਇਸ ਹਫ਼ਤੇ ਲੁਧਿਆਣਾ ਅਤੇ ਮਾਨਸਾ ਵਿੱਚ ਵੀ ਕਨਾਤਾਂ ਲੱਗ ਗਈਆਂ ਹਨ। ਮਾਲੇਰਕੋਟਲਾ ਨਫ਼ਰਤ ਨੂੰ ਖੁੱਲ੍ਹਮ-ਖੁੱਲ੍ਹਾ ਚੁਣੌਤੀ ਦੇ ਰਿਹਾ ਹੈ। ਤੁਸੀਂ ਇਸ ਸ਼ਾਹੀਨ ਬਾਗ਼ ਵਿੱਚ ਆਪਣੀ ਧਾਰਮਿਕ ਪਛਾਣ ਸਮੇਤ ਨਿੱਠ ਕੇ ਧਰਨਾ ਦੇ ਸਕਦੇ ਹੋ। ਇਹ ਦਾਅਵਾ ਵੀ ਕਰ ਸਕਦੇ ਹੋ ਕਿ ਤੁਸੀਂ ਭਾਰਤ ਦੇ ਲੋਕ ਹੋ ਅਤੇ ਇਸ ਲਈ ਡਟੇ ਹੋ ਕਿਉਂ ਜੋ ਅੱਜ ਫਿਰ ਕਿਸੇ ਨੇ ਹੈ ਆਣ ‘ਹਿੰਦੁਸਤਾਨੁ ਡਰਾਇਆ’। ਲੜਾਈ ਨਾਗਰਿਕਤਾ ਕਾਨੂੰਨ ਤੋਂ ਵੱਡੀ ਹੋ ਚੁੱਕੀ ਹੈ, ਮੋਰਚਾ ਮਨੁੱਖਤਾ ਦੇ ਮੁੱਦੇ ’ਤੇ ਲੱਗ ਗਿਆ ਹੈ।

ਇੱਕ ਵਾਰੀ ਵਡੇਰੀ ਖ਼ਲਕਤ ਇਨ੍ਹਾਂ ਬਾਗ਼ਾਂ ਵਿੱਚ ਪੁੱਜਣੀ ਸ਼ੁਰੂ ਹੋ ਗਈ ਤਾਂ ਜਿੱਤ ਨਾਗਰਿਕਤਾ ਕਾਨੂੰਨ ਵਾਪਸੀ ਤੋਂ ਬਹੁਤ ਵਡੇਰੀ ਹੋਸੀ। ਅਜੇ ਸਾਡੇ ਯੋਧੇ ਖੇਤ ਮਜ਼ਦੂਰ, ਫੈਕਟਰੀ ਕਾਮਗਾਰ, ਹਾਸ਼ੀਏ ’ਤੇ ਧੱਕੇ ਮਿਹਨਤਕਸ਼, ਦੋ ਵਕਤ ਦੀ ਰੋਟੀ ਦੇ ਮੁਥਾਜ ਲੋਕ ਜਿਊਂਦੇ ਰਹਿਣ ਦੀ ਜੰਗ ਵਿੱਚ ਮਸਰੂਫ਼ ਹਨ। ਉਸ ਮੁਹਾਜ਼ ’ਤੇ ਟੀਵੀ, ਪੱਤਰਕਾਰ ਜਾਂਦਾ ਨਹੀਂ। ਉਹ ਆਪ ਨਾ ਟੀਵੀ ਵੇਖਣ, ਨਾ ਟਵਿੱਟਰੀ ਚੁੰਝਮਾਰੀ ਵਿੱਚ ਸ਼ਰੀਕ ਹੋਣ।
 
ਮਜ਼ਦੂਰ ਦੀ ਉਜਰਤ, ਭੁੱਖ ਅਤੇ ਗੁਰਬਤ ਦੇ ਵਿਸ਼ੇ ਟੀਵੀ ਤਾਂ ਕੀ, ਫੇਸਬੁੱਕੀ ਸੰਸਾਰ ’ਚ ਵੀ ਗਾਇਬ ਹਨ। ਇਹ ਨਾਮੁਰਾਦ ਲਕੀਰਾਂ ਇੱਕ ਠੋਸ ਹਕੀਕਤ ਹਨ। ਇਨ੍ਹਾਂ ਲਕੀਰਾਂ ਦੇ ਦੂਜੇ ਪਾਸੇ ਤਾਰਾਂ ਘੱਲਣ ਦਾ ਸਮਾਂ ਲੰਘਦਾ ਜਾ ਰਿਹਾ ਹੈ। ਜੇ ਇੱਕ ਵਾਰੀ ਉਧਰੋਂ ਕੁਮਕ ਆ ਗਈ ਤਾਂ ਲਕੀਰ ਸਾਫ਼ ਹੋਵੇਗੀ। ਖ਼ੁਦਾ ਦੀ ਖ਼ਲਕਤ ਤੇ ਨਫ਼ਰਤੀ ਸਿਆਸਤ ਵਿਚਲੀ ਜੰਗ ਦੇ ਮੁਹਾਜ਼ ’ਤੇ ਤਾਂ ਹੁਣ ਡੈਡੀ ਜੀ ਵੀ ਲੜਨ ਨੂੰ ਫਿਰਦੇ ਹਨ। ਉਮਰ ਦੇ 80ਵੇਂ ਮੀਲਪੱਥਰ ਤੋਂ ਦੋ ਕਦਮ ਉਰ੍ਹਾਂ ਹਨ ਪਰ ਸਾਡੇ ਘਰ ਫਰੇਮ ਵਿਚ ਜੜ੍ਹੀ ਕਾਲੀ-ਚਿੱਟੀ ਫੋਟੋ ਵਿਚਲੇ ਆਦਮੀ ਵਾਂਗ ਪੋਚਵੀਂ ਪੱਗ ਬੰਨ੍ਹ ਧਰਨੇ ਦਾ ਪਤਾ ਪੁੱਛ ਰਹੇ ਹਨ। ਅਖੇ ਸ਼ਹਿਰ ਮੇਰਾ ਸ਼ਾਹੀਨ ਹੋ ਗਿਆ ਹੈ। ਖੌਰੇ, ਏਸ ਵਾਰੀ ਖੁੰਝਣਾ ਨਹੀਂ ਚਾਹੁੰਦੇ ਕਿ ਇਤਿਹਾਸ ਬਦਲਣਾ ਹੈ, ਜਾਂ ਸ਼ਾਇਦ ਮੰਮੀ ਹੋਰਾਂ ਨੂੰ ਹੋਰ ਇੰਪਰੈੱਸ (impress) ਕਰਨਾ ਹੈ? ਤੁਹਾਨੂੰ ਦੱਸਿਆ ਤਾਂ ਹੈ ਪਈ ਬੜੀ ਸੋਹਣੀ ਕੁੜੀ ਹੈ। ਫਿਰ ਮਾਂ ਕਿਸ ਦੀ ਹੈ?
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਦੂਰ-ਭਵਿੱਖ ਵਿੱਚ ਜਾਇਦਾਦ ਦੀ ਵੰਡ ਵੇਲੇ ਦਹਾਕਿਆਂ ਪੁਰਾਣੀ ਸਟੀਲ ਦੇ ਫਰੇਮ ਵਿੱਚ ਜੜ੍ਹੀ ਉਸ ਕਾਲੀ-ਚਿੱਟੀ ਫੋਟੋ ਉੱਤੇ ਭਾਈ-ਭਾਈ ਵਿੱਚ ਕਿਸੇ ਰੱਫ਼ੜ ਦੀ ਪ੍ਰਵਾਹ ਕੀਤੇ ਬਿਨਾਂ ਮਜ਼ਬੂਤ ਦਾਅਵਾ ਠੋਕਣ ਦਾ ਇਰਾਦਾ ਰੱਖਦਾ ਹੈ।

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

  
 
 
 
 _______________________________________________________________

  


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017


NEWS LETTER