ਵੀਡੀਓ
ਸਰਕਾਰੀ ਸਨਮਾਨ ਦਾ ਢਕੋਸਲਾ - ਨਾਨਕ ਨਾਮ ਲੇਵਾ ਜੋ ਸੱਚੇ ਸੁੱਚੇ ਹੋਣ




ਲਾਹੌਲ ਵਿਲਾ ਕੁਵੱਤ!

ਹੁਣ ਪੰਜਾਬ ਦੇ ਹਾਕਮਾਂ ਨੇ ਆਪਣੇ ਸੰਵਿਧਾਨਿਕ ਫਰਜ਼ਾਂ ਤੋਂ ਇਲਾਵਾ ਇਕ ਵੱਡੀ ਰੂਹਾਨੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਚੁੱਕਣ ਦਾ ਫੈਸਲਾ ਕਰ ਲਿਆ ਹੈ।

ਸਰਕਾਰੀ ਐਲਾਨ ਅਨੁਸਾਰ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੇ ਫ਼ੈਸਲਾ ਕੀਤਾ ਹੈ ਕਿ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਦੇ ਅਵਸਰ 'ਤੇ ਦੇਸ਼ ਵਿਦੇਸ਼ 'ਚੋਂ ਗੁਰੂ ਸਾਹਿਬ ਦੇ 550 ਸੱਚੇ ਪੈਰੋਕਾਰਾਂ ਨੂੰ ਚੁਣ ਕੇ ਉਨ੍ਹਾਂ ਦੇ ਸਹੀ ਮਾਅਨਿਆਂ ਵਿੱਚ ਨਾਨਕ ਨਾਮ ਲੇਵਾ ਹੋਣ ਦਾ ਪ੍ਰਮਾਣ ਪੱਤਰ ਜਾਰੀ ਕੀਤਾ ਜਾਵੇਗਾ ਤਾਂ ਕਿ ਲੋੜ ਪੈਣ 'ਤੇ ਉਹ ਗੁਰੂ ਜੀ ਨੂੰ ਸਰਕਾਰ ਵਲੋਂ ਮਿਲਿਆ ਇਹ ਸਰਟੀਫਿਕੇਟ ਵਿਖਾ ਕੇ ਆਪਣਾ ਬਣਦਾ ਹੱਕ ਮੰਗ ਸਕਣ।

ਸਰਕਾਰੀ ਐਲਾਨ ਦੀ ਸ਼ਬਦਾਵਲੀ ਭਾਵੇਂ ਵੱਖ ਸੀ ਪਰ ਸਰਕਾਰ ਵਲੋਂ ਵਿਉਂਤੇ ਗਏ ਉੱਦਮ ਦਾ ਮੰਤਵ ਇਹ ਹੀ ਜਾਪਦਾ ਹੈ। ਹਾਂ, ਹੈਰਾਨੀ ਦੀ ਗੱਲ ਇਹ ਜ਼ਰੂਰ ਹੈ ਕਿ ਇਕ ਗੁਰੂ ਅਤੇ ਉਸ ਦੇ ਨਾਮ ਲੇਵਾ ਦਰਮਿਆਨ ਰੂਹਾਨੀ ਸੰਬੰਧਾਂ ਨੂੰ ਪਰਖਣ ਦਾ ਕੰਮ ਇਕ ਧਰਮ ਨਿਰਪੱਖ ਸਰਕਾਰ ਕਿਵੇਂ ਕਰੇਗੀ?
-----------
ਥੋੜ੍ਹਾ ਡੂੰਘਾਈ ਅਤੇ ਗੰਭੀਰਤਾ ਨਾਲ ਘੋਖਿਆਂ ਇਹ ਐਲਾਨਨਾਮਾ ਹਾਸੋਹੀਣਾ ਤੇ ਕੁਝ ਬੰਦਿਆਂ ਵਲੋਂ ਆਪਣੇ ਹਉਮੈ ਨੂੰ ਪੱਠੇ ਪਾਉਣ ਦੇ ਸੰਦ ਤੋਂ ਵੱਧ ਪ੍ਰਤੀਤ ਨਹੀਂ  ਹੁੰਦਾ।
-----------
ਸਰਕਾਰ ਵਲੋਂ ਜਾਰੀ ਪ੍ਰੈਸ ਨੋਟ ਅਨੁਸਾਰ ਪੰਜਾਬ ਸਰਕਾਰ ਵਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ ਮੌਕੇ 550 ਨਾਨਕ ਨਾਮ ਲੇਵਾ ਉਘੀਆਂ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਜਾਵੇਗਾ। ਸੈਰ-ਸਪਾਟਾ ਤੇ ਸਭਿਆਚਾਰਕ ਮਾਮਲਿਆਂ ਬਾਰੇ ਮੰਤਰੀ ਸ੍ਰੀ ਚਰਨਜੀਤ ਸਿੰਘ ਚੰਨੀ ਅਨੁਸਾਰ ਇਸ ਸੂਚੀ ਵਿੱਚ ਉਹ ਸ਼ਖ਼ਸੀਅਤਾਂ ਸ਼ਾਮਲ ਹੋ ਸਕਣਗੀਆਂ ਜਿਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪੂਰਾ ਭਰੋਸਾ ਹੈ ਅਤੇ ਜਿਨ੍ਹਾਂ ਨੇ ਇਨ੍ਹਾਂ ਸਿੱਖਿਆਵਾਂ ਨੂੰ ਅਪਣਾ ਕੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸਰ ਕੀਤਾ ਜਾਂ ਜਿਨ੍ਹਾਂ ਨੇ ਸਮਾਜ ਲਈ ਕੋਈ ਵਡਮੁੱਲਾ ਯੋਗਦਾਨ ਦਿੱਤਾ ਜਾਂ ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਨੂੰ ਚਾਨਣਮੁਨਾਰਾ ਮੰਨਦਿਆਂ ਆਪਣੇ ਚੁਣੇ ਹੋਏ ਕਿੱਤੇ ਜਾਂ ਖੇਤਰ ਵਿੱਚ ਮੱਲਾਂ ਮਾਰੀਆਂ।

ਸੈਰ-ਸਪਾਟਾ ਮੰਤਰੀ ਅਨੁਸਾਰ ਅਜਿਹੀਆਂ ਹਸਤੀਆਂ ਭਾਰਤ ਜਾਂ ਵਿਦੇਸ਼ ਤੋਂ ਵੀ ਹੋ ਸਕਦੀਆਂ ਹਨ ਅਤੇ ਇਨ੍ਹਾਂ ਸਤਿਕਾਰਯੋਗ ਹਸਤੀਆਂ ਨੂੰ ਖੋਜਣ ਦਾ ਸਿਲਸਿਲਾ ਪੂਰੀ ਦੁਨੀਆਂ ਵਿੱਚ ਚਲਾਇਆ ਜਾਵੇਗਾ। ਅਜਿਹੀਆਂ ਮਸ਼ਹੂਰ ਸ਼ਖ਼ਸੀਅਤਾਂ ਤਕ ਪਹੁੰਚ ਕਰਨ ਲਈ ਪੰਜਾਬ ਸਰਕਾਰ ਵਲੋਂ ਇਸ਼ਤਿਹਾਰ ਵੀ ਦਿੱਤਾ ਗਿਆ ਹੈ, ਜਿਸ ਵਿੱਚ ਸੰਸਥਾਵਾਂ ਨੂੰ ਨਾਨਕ ਨਾਮ ਲੇਵਾ ਹਸਤੀਆਂ ਨੂੰ ਨਾਮਜ਼ਦ ਕਰਨ/ਨਾਂ ਭੇਜਣ ਜਾਂ ਆਮ ਲੋਕਾਂ ਨੂੰ ਅਜਿਹੀਆਂ ਪ੍ਰਸਿੱਧ ਹਸਤੀਆਂ ਦੇ ਨਾਂ ਸੁਝਾਉਣ ਦੀ ਖੁੱਲ੍ਹ ਹੋਵੇਗੀ, ਜੋ ਇਹ ਸਨਮਾਨ ਹਾਸਲ ਕਰਨ ਯੋਗ ਹੱਕਦਾਰ ਸਮਝੇ ਜਾਂਦੇ ਹੋਣ। ਇਹ ਨਾਮ ਬਿਨਾਂ ਕਿਸੇ ਜਾਤ-ਪਾਤ, ਧਰਮ, ਫਿਰਕੇ ਅਤੇ ਨਾਗਰਿਕਤਾ ਦੇ ਭੇਦ ਭਾਵ ਤੋਂ ਭੇਜੇ ਜਾਂ ਸੁਝਾਏ ਜਾ ਸਕਦੇ ਹਨ।

ਸੋ ਸਪਸ਼ਟ ਹੈ ਕਿ ਸਰਕਾਰ ਵਲੋਂ ਜੀਅ-ਤੋੜ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਉਹ ਅਜਿਹੇ 550 ਸੱਜਣ ਲੱਭ ਲਵੇ ਜਿਨ੍ਹਾਂ ਨੂੰ ਇਹ ਸਰਟੀਫਿਕੇਟ ਦਿੱਤਾ ਜਾ ਸਕੇ ਕਿ ਉਨ੍ਹਾਂ ਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਂਵਾਂ ਵਿਚ ਪੂਰਾ ਭਰੋਸਾ ਹੈ।

ਪਹਿਲੀ ਨਜ਼ਰੇ ਪੰਜਾਬ ਸਰਕਾਰ ਦੇ ਮੰਤਰੀ ਦਾ ਇਹ ਬਿਆਨ ਸਵਾਗਤਯੋਗ ਜਾਪਦਾ ਹੈ ਕਿਉਂਕਿ ਇਸ ਤੋਂ ਵਧੇਰੇ ਖੁਸ਼ੀ ਵਾਲੀ ਗੱਲ ਕੀ ਹੋ ਸਕਦੀ ਹੈ ਕਿ ਸਰਕਾਰ ਅਜਿਹੀਆਂ 550 ਨਾਨਕ ਨਾਮ ਲੇਵਾ ਸ਼ਖ਼ਸੀਅਤਾਂ ਨੂੰ ਲੱਭ ਰਹੀ ਹੈ ਪਰ ਥੋੜ੍ਹਾ ਡੂੰਘਾਈ ਅਤੇ ਗੰਭੀਰਤਾ ਨਾਲ ਘੋਖਿਆਂ ਇਹ ਐਲਾਨਨਾਮਾ ਹਾਸੋਹੀਣਾ ਤੇ ਕੁਝ ਬੰਦਿਆਂ ਵਲੋਂ ਆਪਣੇ ਹਉਮੈ ਨੂੰ ਪੱਠੇ ਪਾਉਣ ਦੇ ਸੰਦ ਤੋਂ ਵੱਧ ਪ੍ਰਤੀਤ ਨਹੀਂ  ਹੁੰਦਾ।

ਇਹ ਸਰਕਾਰੀ ਐਲਾਨਨਾਮਾ ਕੁਝ ਪ੍ਰਾਸੰਗਿਕ ਸਵਾਲ ਖੜ੍ਹੇ ਕਰਦਾ ਹੈ, ਜਿਵੇਂ:

ਇਨ੍ਹਾਂ 550 ਮਸ਼ਹੂਰ ਨਾਨਕ ਨਾਮ ਲੇਵਾ ਸਖਸ਼ੀਅਤਾਂ ਦੀ ਚੋਣ ਕੌਣ ਕਰੇਗਾ?

ਜਿਨ੍ਹਾਂ ਨੇ ਇਨ੍ਹਾਂ ਨਾਨਕ ਨਾਮ ਲੇਵਾ ਸ਼ਖ਼ਸੀਅਤਾਂ ਦੀ ਚੋਣ ਕਰਨੀ ਹੈ, ਉਨ੍ਹਾਂ ਦੀ ਚੋਣ ਕੌਣ ਕਰੇਗਾ?

ਇਨ੍ਹਾਂ ਚੋਣ-ਕਰਤਾਵਾਂ (ਜੱਜਾਂ) ਦੀ ਯੋਗਤਾ ਕੀ ਹੋਵੇਗੀ?

ਕੀ ਇਹ ਜੱਜ ਆਪੂੰ ਬਣ ਬੈਠੇ ਹਨ ਜਾਂ ਇਨ੍ਹਾਂ ਦੀ ਚੋਣ ਕਿਸੇ ਮਾਪਦੰਡ ਨੂੰ ਮੁੱਖ ਰੱਖ ਕੇ ਕੀਤੀ ਗਈ ਹੈ?

ਕੀ ਇਹ ਚੋਣ-ਕਰਤਾ ਆਪ ਗੁਰੂ ਨਾਨਕ ਸਾਹਿਬ ਦੇ ਜੀਵਨ, ਉਨ੍ਹਾਂ ਦੀ ਬਾਣੀ, ਉਨ੍ਹਾਂ ਦੀਆਂ ਸਿੱਖਿਆਂਵਾਂ ਬਾਰੇ ਗਹਿਰ ਜਾਣਕਾਰੀ ਰੱਖਦੇ ਹਨ ਜੋ ਦੂਜਿਆਂ ਦੀ ਜੀਵਨ-ਜਾਚ ਦਾ ਇਸ ਮਾਪਦੰਡ 'ਤੇ ਮੁਲਾਂਕਣ ਕਰਨਗੇ?

ਜਿਸ ਮੰਤਰੀ ਸਾਹਿਬ ਦੀ ਦੇਖ ਰੇਖ ਵਿੱਚ ਇਹ ਕਾਰਜ ਸਿਰੇ ਚੜ੍ਹਨਾ ਹੈ ਉਹ ਆਪ ਕਿੰਨਾ ਕੁ ਗੁਰੂ ਜੀ ਦੀਆਂ ਸਿਖਿਆਂਵਾਂ 'ਤੇ ਚੱਲਣ ਵਾਲੇ ਹਨ?

ਇਹ ਉਹ ਮੰਤਰੀ ਸਾਹਿਬਾਨ ਹਨ ਜੋ ਗੁਰੂ ਨਾਨਕ ਦੇਵ ਜੀ ਦੀਆਂ ਕਰਮਕਾਂਡਾਂ ਤੋਂ ਦੂਰ ਰਹਿਣ ਵਾਲੀ ਅਹਿਮ ਸਿੱਖਿਆ ਦੇ ਉਲਟ ਕਦੇ ਆਪਣੀ ਕੋਠੀ ਮੂਹਰੇ ਗੈਰ ਕਾਨੂੰਨੀ ਸੜਕ ਬਣਵਾਉਂਦੇ ਹਨ ਤਾਂ ਕਿ ਵਾਸਤੂ ਦੋਸ਼ ਦੂਰ ਹੋ ਸਕੇ ਅਤੇ ਕਦੇ ਇਸ ਅਜ਼ੀਮ ਸ਼ਖ਼ਸੀਅਤ ਦੇ ਹਾਥੀ ਦੀ ਸਵਾਰੀ ਕਰਨ ਦੇ ਟੋਟਕਿਆਂ ਨੂੰ ਅਪਨਾਉਣ ਦੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਵ੍ਹਾਟਸਐੱਪ 'ਤੇ ਮਹਿਲਾ ਅਫ਼ਸਰ ਨੂੰ ਇਤਰਾਜ਼ਯੋਗ ਸੰਦੇਸ਼ ਅਤੇ ਸ਼ੇਅਰੋ-ਸ਼ਾਇਰੀ ਭੇਜਣ ਦੇ  ਸ਼ੌਕੀਨ ਇਹ ਸ਼ਖ਼ਸ ਹੁਣ ਦੁਨੀਆ ਵਿਚੋਂ ਸੱਚੇ ਸੁੱਚੇ ਨਾਨਕ ਨਾਮ ਲੇਵਾ ਸੱਜਣਾਂ ਨੂੰ ਲੱਭਣ ਦੀ ਜ਼ਿੰਮੇਵਾਰੀ ਆਪਣੇ ਮੋਢਿਆਂ 'ਤੇ ਪਾ ਬੈਠੇ ਹਨ।

ਮੰਤਰੀ ਜੀ ਨੇ ਇਸ ਕਾਰਜ ਲਈ ਜੋ ਚੋਣ ਕਮੇਟੀ ਬਣਾਈ ਹੈ ਉਸ ਵਿੱਚ ਸਰਕਾਰੀ ਅਫ਼ਸਰਾਂ ਤੋਂ ਇਲਾਵਾ ਇਕ ਸਿੱਖ ਵਿਦਵਾਨ ਵੀ ਸ਼ਾਮਿਲ ਕੀਤਾ ਗਿਆ ਹੈ। ਸਰਕਾਰੀ ਅਫ਼ਸਰਾਂ ਬਾਰੇ ਕੋਈ ਟਿੱਪਣੀ ਕਰਨੀ ਇਸ ਲਈ ਗੈਰ ਵਾਜਿਬ ਹੈ ਕਿ ਉਨ੍ਹਾਂ ਨੇ ਤਾਂ ਸਰਕਾਰ ਦਾ ਹੁਕਮ ਵਜਾਉਣਾ ਹੀ ਹੈ। ਜੇ ਕੱਲ੍ਹ ਕੋਈ ਸਰਕਾਰ ਇਹ ਫ਼ੈਸਲਾ ਕਰ ਲਵੇ ਕਿ ਬਾਬੇ ਕਿਆਂ ਦੀ ਥਾਂ ਬਾਬਰ ਕਿਆਂ ਦੇ ਅਨੁਯਾਈ ਲੱਭੋ ਤਾਂ ਉਹ ਇਸ ਕਾਰਜ ਨੂੰ ਵੀ ਸਿਰੇ ਚੜ੍ਹਾਉਣ ਲਈ ਵਚਨਬੱਧ ਹੋਣਗੇ।

ਪਰ ਇਥੇ ਉਸ ਇਕ ਸਿੱਖ ਵਿਦਵਾਨ ਦਾ ਜ਼ਿਕਰ ਕਰਨਾ ਜ਼ਰੂਰੀ ਹੈ ਜਿਸ ਨੂੰ ਇਸ ਕਮੇਟੀ ਦਾ ਹਿੱਸਾ ਬਣਾ ਕੇ ਬਾਬੇ ਨਾਨਕ ਦੇ 550 ਮਸ਼ਹੂਰ ਅਸਲੀ ਨਾਮ ਲੇਵਾ ਸ਼ਰਧਾਲੂਆਂ ਨੂੰ ਚੁਣਨ ਦੀ ਜ਼ਿੰਮੇਵਾਰੀ ਦਿਤੀ ਗਈ ਹੈ। ਆਖਿਰ ਇਸ ਮਹਾਨ ਕਾਰਜ ਲਈ ਸਰਕਾਰ ਨੇ ਕੁਝ ਸੋਚ ਸਮਝ ਕੇ ਹੀ ਉਹ ਸਿੱਖ ਵਿਦਵਾਨ ਚੁਣਿਆ ਹੋਵੇਗਾ ਜਿਸ ਦੀ ਵਿਦਵਤਾ ਅਤੇ ਸਿੱਖੀ ਜੀਵਨ-ਜਾਚ ਬਾਰੇ ਪ੍ਰਤੀਬੱਧਤਾ ਇਸ ਤੋਂ ਜ਼ਾਹਿਰ ਹੋ ਜਾਂਦੀ ਹੈ ਕਿ ਇਸ ਮਾਹਿਰ ਵਲੋਂ ਸੰਪਾਦਿਤ ਕੀਤੀ ਕਿਤਾਬ ਨੂੰ ਅਕਾਲ ਤਖ਼ਤ ਵਲੋਂ ਬੈਨ ਕਰ ਦਿੱਤਾ ਗਿਆ ਸੀ। ਵੈਸੇ ਪਿਛਲੀ ਕੈਪਟਨ ਅਮਰਿੰਦਰ ਸਿੰਘ ਸਰਕਾਰ ਵੇਲੇ ਵਿੱਤੀ ਘਪਲੇ ਦੇ ਦੋਸ਼ਾਂ ਹੇਠ ਇਹ 'ਸੱਜਣ' ਜੇਲ੍ਹ ਦੀਆਂ ਸੀਖਾਂ ਪਿੱਛੇ ਵਿਸਮਾਦ ਨਾਦੁ ਦਾ ਅਨੁਭਵ ਮਾਣ ਚੁੱਕੇ ਹਨ ।
----------
ਵੈਸੇ ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਇਨ੍ਹਾਂ ਨਾਨਕ ਨਾਮ ਲੇਵਾ ਹਸਤੀਆਂ ਕੋਲੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾਕੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸਰ ਕਰਨ ਸੰਬਧੀ ਕੋਈ ਪ੍ਰੀਖਿਆ ਲਈ ਜਾਵੇਗੀ ਜਾਂ ਸਰਕਾਰ ਉਸ ਹਸਤੀ ਤੋਂ ਕੋਈ ਇਕਬਾਲੀਆ ਬਿਆਨ ਮੰਗੇਗੀ? 
----------
ਹੁਣ ਤੁਸੀਂ ਆਪ ਸੋਚ ਸਕਦੇ ਹੋ ਕਿ ਜੇ ਚੋਣ-ਕਰਤਾ ਐਸੀਆਂ ਸ਼ਖ਼ਸੀਅਤਾਂ ਹੋਣਗੀਆਂ ਤਾਂ ਉਨ੍ਹਾਂ ਦੀ ਚੋਣ ਤਾਂ ਵਾਕਈ ਹੋਰ ਵੀ ਪਾਏਦਾਰ ਹੋਵੇਗੀ। ਹੋ ਸਕਦਾ ਹੈ ਉਨ੍ਹਾਂ ਨੂੰ ਕਥਿਤ ਲੋਕ ਗਾਇਕਾਂ, ਫ਼ਿਲਮੀ ਤੇ ਟੀਵੀ ਅਦਾਕਾਰਾਂ, ਨਾਟਕ ਕਲਾਕਾਰਾਂ, ਲੇਖਕਾਂ, ਗੀਤਕਾਰਾਂ, ਵਪਾਰੀਆਂ, ਅਫ਼ਸਰਾਂ, ਸਿਆਸਤਦਾਨਾਂ, ਖਿਡਾਰੀਆਂ, ਪੇਸ਼ੇਵਰ ਕਿੱਤਿਆਂ ਦੇ ਮਾਹਿਰਾਂ ਅਤੇ ਪ੍ਰੋਫੈਸਰਾਂ ਵਿੱਚ ਉਹ ਨਾਨਕ ਨਾਮ ਲੇਵਾ ਹੀਰੇ ਲੱਭ ਪੈਣ ਜਿਨ੍ਹਾਂ ਨੇ ਸਰਕਾਰੀ ਪ੍ਰੈਸ ਨੋਟ ਅਨੁਸਾਰ 'ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਨੂੰ ਚਾਨਣਮੁਨਾਰਾ ਮੰਨਦਿਆਂ ਆਪਣੇ ਚੁਣੇ ਹੋਏ ਕਿੱਤੇ ਜਾਂ ਖੇਤਰ ਵਿੱਚ ਮੱਲਾਂ ਮਾਰੀਆਂ।'

ਹੁਣ ਸਰਕਾਰ ਤੋਂ ਇਹ ਉਮੀਦ ਰੱਖਣੀ ਬੇਮਾਨੀ ਹੋਵੇਗੀ ਕਿ ਉਹ ਬਾਬਰ ਨੂੰ ਵੰਗਾਰਨ ਵਾਲੇ ਬਾਬੇ ਦੀ ਯਾਦ ਵਿਚ ਉਨ੍ਹਾਂ ਨੂੰ ਸਨਮਾਨ ਕਰੇ ਜਿਨ੍ਹਾਂ ਨੇ ਬਾਬੇ ਦੇ ਦਰਸਾਏ ਮਾਰਗ 'ਤੇ ਚਲਦਿਆਂ ਪੁਲਸ ਵਲੋਂ ਝੂਠੇ ਮੁਕਾਬਲਿਆਂ ਵਿਚ ਮਾਰੇ ਗਏ ਬੇਕਸੂਰ ਨੌਜਵਾਨਾਂ ਦੇ ਪਰਿਵਾਰਾਂ ਨੂੰ ਹੱਕ ਦੁਆਉਣ ਦੀ ਲੜਾਈ ਵਿਚ ਆਪਣੀ ਜਾਨ ਵੀ ਤਲੀ 'ਤੇ ਰੱਖ ਕੇ ਕੰਮ ਕੀਤੇ ਜਾਂ ਮਨੁੱਖੀ ਅਧਿਕਾਰਾਂ ਦੇ ਹੱਕ ਵਿਚ ਆਵਾਜ਼ ਬੁਲੰਦ ਕੀਤੀ।

ਪਰ ਅਜੇ ਇਹ ਰਾਜ਼ ਉਜਾਗਰ ਨਹੀਂ ਹੋਇਆ ਕਿ ਸਰਕਾਰ ਕਿਹੜੇ ਮਾਪਦੰਡ ਅਪਣਾਏਗੀ ਜਿਸ ਤੋਂ ਇਹ ਪਤਾ ਲਗ ਸਕੇਗਾ ਕਿ ਕੋਈ ਮਸ਼ਹੂਰ ਨਾਨਕ ਨਾਮ ਲੇਵਾ ਹਸਤੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਵਿੱਚ ਪੂਰਾ ਭਰੋਸਾ ਰੱਖਦਾ ਹੈ ਜਾਂ ਨਹੀਂ? 

ਬਾਬਾ ਨਾਨਕ ਨੇ ਮਲਿਕ ਭਾਗੋ ਦੇ ਛੱਪਣ-ਭੋਗ ਠੁਕਰਾ ਕੇ ਭਾਈ ਲਾਲੋ ਦੀ ਰੁਖੀ-ਮਿੱਸੀ ਨੂੰ ਮਾਣ ਦਿੱਤਾ ਸੀ।
 
ਵੈਸੇ ਅਜੇ ਇਹ ਵੀ ਸਪਸ਼ਟ ਨਹੀਂ ਹੈ ਕਿ ਇਨ੍ਹਾਂ 550 ਮਸ਼ਹੂਰ ਨਾਨਕ ਨਾਮ ਲੇਵਾ ਹਸਤੀਆਂ ਕੋਲੋਂ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨੂੰ ਅਪਣਾਕੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸਰ ਕਰਨ ਸੰਬਧੀ ਕੋਈ ਪ੍ਰੀਖਿਆ ਲਈ ਜਾਵੇਗੀ ਜਾਂ ਸਰਕਾਰ ਉਸ ਹਸਤੀ ਤੋਂ ਕੋਈ ਇਕਬਾਲੀਆ ਬਿਆਨ ਮੰਗੇਗੀ ਜਿਸ ਤੋਂ ਸਪਸ਼ਟ ਹੋ ਸਕੇ ਉਸ ਮਸ਼ਹੂਰ ਨਾਨਕ ਨਾਮ ਲੇਵਾ ਨੇ ਗੁਰੂ ਨਾਨਕ ਜੀ ਦੀਆਂ ਸਿੱਖਿਆਵਾਂ ਨੂੰ ਅਪਣਾ ਕੇ ਹੀ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸਰ ਕੀਤਾ? 

ਇਥੇ ਇਹ ਜ਼ਿਕਰਯੋਗ ਹੈ ਕਿ ਲੋਕ ਸਭਾ ਜਾਂ ਵਿਧਾਨ ਸਭਾ ਦੀ ਚੋਣ ਲੜਨ ਲਈ ਉਮੀਦਵਾਰ ਨੂੰ ਆਪਣਾ ਪੂਰਾ ਵਿੱਤੀ ਵੇਰਵਾ ਤੇ ਚਰਿੱਤਰ ਪ੍ਰਮਾਣ ਪੱਤਰ ਦੇਣਾ ਪੈਂਦਾ ਹੈ ਜਿਸ ਵਿੱਚ ਉਮੀਦਵਾਰ ਵਿਰੁੱਧ ਚਲ ਰਹੇ ਅਦਾਲਤੀ ਕੇਸਾਂ ਦੀ ਵੀ ਜਾਣਕਾਰੀ ਦੇਣੀ ਹੁੰਦੀ ਹੈ, ਇਥੇ ਤਾਂ ਮਸਲਾ ਰੂਹਾਨੀਅਤ ਨਾਲ ਜੁੜਿਆ ਹੋਇਆ ਹੈ। ਸਰਕਾਰ ਨੂੰ ਇਨ੍ਹਾਂ ਨਾਨਕ ਨਾਮ ਲੇਵਾ ਸੱਜਣਾਂ ਦੀ ਇੰਟੈਲੀਜੇਂਸ ਰਿਪੋਰਟ ਲੈਣ ਲਈ ਵੀ ਦੂਜੇ ਦੇਸ਼ਾਂ ਦੀਆਂ ਸਰਕਾਰਾਂ ਤਕ ਚਾਰਾਜੋਈ ਕਰਨੀ ਪਵੇਗੀ।

ਜਾਂ ਫਿਰ ਇਸ ਸਭ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਨ੍ਹਾਂ ਹਸਤੀਆਂ ਦਾ ਨਾਂ ਆਪਣੇ ਤੌਰ 'ਤੇ ਹੀ ਉਸ ਸੂਚੀ ਵਿੱਚ ਪਾ ਦਿੱਤਾ ਜਾਏਗਾ ਜਿਸ ਸੂਚੀ ਨੂੰ ਤਿਆਰ ਕਰਨ ਦਾ ਬਿਖੜਾ ਕਾਰਜ ਸੈਰ ਸਪਾਟਾ ਮੰਤਰੀ, ਕੁਝ ਕਾਬਿਲ ਅਫ਼ਸਰਾਂ ਅਤੇ ਵਿਦਵਾਨ ਸੱਜਣਾਂ ਨੇ ਆਪਣੇ ਸਿਰ ਲਿਆ ਹੈ।

ਇਕ ਹੋਰ ਪ੍ਰਸ਼ਨ ਜੋ ਪੁੱਛਣਾ ਬਣਦਾ ਹੈ ਕਿ ਕੀ ਗੁਰੂ ਨਾਨਕ ਸਾਹਿਬ ਦੀਆਂ ਸਿੱਖਿਆਵਾਂ ਨੂੰ ਜੀਵਨ ਵਿੱਚ ਢਾਲ ਕੇ ਉਸ ਅਨੁਸਾਰ ਜੀਵਨ ਜਿਉਣ ਵਾਲੇ ਦਾ ਦੁਨਿਆਵੀ ਖੇਤਰ ਵਿਚ ਤਰੱਕੀ ਪ੍ਰਾਪਤ ਕਰਨਾ ਜ਼ਰੂਰੀ ਹੈ? ਕਿਉਂਕਿ ਸਰਕਾਰੀ ਐਲਾਨ ਦੀ ਸ਼ਰਤ ਹੈ ਕਿ 'ਇਹ ਮਾਣ ਉਸ ਮਸ਼ਹੂਰ ਨਾਨਕ ਨਾਮ ਲੇਵਾ ਨੂੰ ਹੀ ਮਿਲੇਗਾ ਜਿਸ ਨੇ ਪਹਿਲੀ ਪਾਤਸ਼ਾਹੀ ਦੀਆਂ ਸਿੱਖਿਆਵਾਂ ਨੂੰ ਚਾਨਣਮੁਨਾਰਾ ਮੰਨਦਿਆਂ ਆਪਣੇ ਚੁਣੇ ਹੋਏ ਕਿੱਤੇ ਜਾਂ ਖੇਤਰ ਵਿੱਚ ਮੱਲਾਂ ਮਾਰੀਆਂ।'

ਮੰਨ ਲਵੋ ਕਿਸੇ ਸੱਜਣ ਨੇ ਬਾਬੇ ਨਾਨਕ ਦੀ ਬਾਣੀ, ਉਨ੍ਹਾਂ ਦੀ ਜੀਵਨਜਾਚ ਤੇ ਸਿੱਖਿਆਵਾਂ ਦੇ ਮਾਰਗ ਦਾ ਅਨੁਸਰਣ ਕਰਦਿਆਂ ਆਪਣਾ ਜੀਵਨ ਬਤੀਤ ਕੀਤਾ ਅਤੇ ਦੁਨਿਆਵੀ ਆਪਾਧਾਪੀ ਦੌੜ ਵਿੱਚ ਸ਼ਾਮਿਲ ਨਹੀਂ ਹੋਇਆ ਤਾਂ ਕੀ ਉਹ ਇਸ ਸਨਮਾਨ ਦਾ ਹੱਕਦਾਰ ਹੋਵੇਗਾ ਜਾਂ ਕਿਸੇ ਖੇਤਰ ਵਿੱਚ ਮੱਲ ਮਾਰਨੀ ਹੀ ਸੱਚਾ ਨਾਨਕ ਨਾਮ ਲੇਵਾ ਹੋਣ ਦੀ ਬੁਨਿਆਦੀ ਸ਼ਰਤ ਹੋਵੇਗੀ?

ਵੈਸੇ ਇਨ੍ਹਾਂ ਚੋਣ-ਕਰਤਾ ਦੀਆਂ ਨਜ਼ਰਾਂ ਵਿਚ ਬਾਬੇ ਨਾਨਕ ਨੇ ਦੁਨਿਆਵੀ ਕਾਰਜ ਖੇਤਰ ਵਿੱਚ ਕਿਹੜੀਆਂ ਮੱਲਾਂ ਮਾਰੀਆਂ ਸਨ ਜੋ ਉਨ੍ਹਾਂ ਦਾ 'ਪ੍ਰਮਾਣਿਤ ਨਾਮ ਲੇਵਾ ਸ਼ਰਧਾਲੂ' ਬਣਨ ਦੀ ਇਹ ਸ਼ਰਤ ਰੱਖੀ ਗਈ ਹੈ?

ਹੁਣ ਕੁਝ ਸੁਆਲ ਉਨ੍ਹਾਂ ਸੱਜਣਾਂ ਦੇ ਸਨਮੁੱਖ ਵੀ ਰੱਖਣੇ ਬਣਦੇ ਹਨ ਜਿਨ੍ਹਾਂ ਨੂੰ ਇਸ ਪ੍ਰਮਾਣ ਪੱਤਰ ਦੇ ਯੋਗ ਸਮਝਿਆ ਜਾਵੇਗਾ:

ਕੀ ਸੱਚਮੁੱਚ ਤੁਹਾਡਾ ਇਹ ਦਾਅਵਾ ਹੈ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਵਿੱਚ ਪੂਰਾ ਭਰੋਸਾ ਹੈ ਅਤੇ ਤੁਸੀਂ ਇਨ੍ਹਾਂ ਸਿੱਖਿਆਵਾਂ ਨੂੰ ਅਪਣਾ ਕੇ ਆਪਣੇ ਜੀਵਨ ਦੇ ਵੱਖ-ਵੱਖ ਪੜਾਵਾਂ ਨੂੰ ਸਰ ਕੀਤਾ ਹੈ?
 
ਕੀ ਤੁਹਾਡੇ ਇਸ ਦਾਅਵੇ ਬਾਰੇ ਕੋਈ ਪੜਚੋਲ ਹੋ ਸਕਦੀ ਹੈ?
 
ਜੇ ਸੱਚਮੁੱਚ ਤੁਸੀਂ ਇਸ ਕਸੌਟੀ 'ਤੇ ਖਰੇ ਉਤਰਦੇ ਹੋ ਤਾਂ ਫਿਰ ਤੁਹਾਨੂੰ ਕਿਸੇ ਦੁਨਿਆਵੀ ਸਰਕਾਰ ਤੋਂ ਇਸ ਪ੍ਰਤੀ ਕੋਈ ਸਰਟੀਫਿਕੇਟ ਲੈਣ ਦੀ ਲੋੜ ਮਹਿਸੂਸ ਹੁੰਦੀ ਹੈ?

ਪ੍ਰਸ਼ਨ ਕੁਝ ਹੋਰ ਵੀ ਹਨ ਜਿਵੇਂ, ਜੇ ਸਰਕਾਰੀ ਜੱਜਾਂ ਦੀਆਂ ਪਾਰਖੂ ਅੱਖਾਂ ਨੂੰ ਮਸ਼ਹੂਰ ਨਾਨਕ ਨਾਮ ਲੇਵਾ 550 ਦੀ ਥਾਂ ਜੇ 540 ਹੀ ਲੱਭੇ ਜਾਂ ਫ਼ਿਰ 555 ਲੱਭ ਪਏ ਤਾਂ ਫ਼ਿਰ ਸਰਕਾਰੀ ਪ੍ਰਣਾਲੀ ਕੀ ਕਰੇਗੀ, ਪਰ ਜੇ ਉਪਰ ਦਿਤੇ ਸਵਾਲਾਂ ਦਾ ਹੀ ਜਵਾਬ ਮਿਲ ਜਾਏ ਤਾਂ ਵੀ ਕਈ ਸ਼ੰਕੇ ਨਿਵ੍ਰਿਤ ਹੋ ਜਾਣਗੇ।

ਹੋ ਸਕਦੈ ਸਰਕਾਰ ਇਨ੍ਹਾਂ ਸਵਾਲਾਂ ਦੇ ਵਾਜਿਬ ਜਵਾਬ ਦੇਵੇ ਪਰ ਸਰਕਾਰੀ ਬੁਲਾਰੇ ਇਨ੍ਹਾਂ ਸੁਆਲਾਂ ਦੇ ਜਵਾਬ ਦੇਣ ਵੇਲੇ ਇਹ ਧਿਆਨ ਵਿੱਚ ਜ਼ਰੂਰ ਰੱਖਣ ਕਿ ਇਹ ਸਨਮਾਨ ਕਿਸੇ ਸਿਆਸੀ ਹਸਤੀ, ਰਾਜੇ ਮਹਾਰਾਜੇ ਜਾਂ ਸਮਾਜਿਕ ਤੌਰ 'ਤੇ ਸਫ਼ਲ ਕਿਸੇ ਸ਼ਖ਼ਸ ਦੀ ਯਾਦ ਵਿੱਚ ਨਹੀਂ ਦਿੱਤੇ ਜਾਣੇ ਅਤੇ ਨਾ ਉਹ ਸਰਕਾਰੀ ਪੁਰਸਕਾਰ ਹਨ ਜੋ ਹਕੂਮਤਾਂ ਆਪਣਿਆਂ ਚਹੇਤਿਆਂ ਨੂੰ ਖ਼ੁਸ਼ ਕਰਨ ਲਈ ਵੰਡਦੀਆਂ ਹਨ।
 
ਇਹ ਸਨਮਾਨ ਉਸ ਗੁਰੂ ਨੂੰ ਸਮਰਪਿਤ ਕਰ ਕੇ ਨਿਵਾਜੇ ਜਾਣੇ ਹਨ ਜੋ ਹਾਕਮਾਂ ਬਾਰੇ ਆਪਣੀ ਬਾਣੀ ਵਿਚ ਸਪਸ਼ਟ ਤੇ ਬੇਬਾਕ ਵਿਚਾਰ ਪ੍ਰਗਟਾਉਂਦੇ ਉਚਾਰਦੇ ਨੇ 'ਰਾਜੇ ਸੀਹ ਮੁਕਦਮ ਕੁਤੇ' ਤੇ ਫਿਰ 'ਸਚੁ ਸੁਣਾਇਸੀ ਸਚ ਕੀ ਬੇਲਾ' ਦੀ ਬਾਤ ਪਾਉਣ ਦਾ ਸੰਦੇਸ਼ ਆਪਣੇ (ਸਰਕਾਰ ਤੋਂ ਗੈਰ-ਪ੍ਰਮਾਣਿਤ) ਸਿੱਖਾਂ ਅਤੇ ਨਾਮ ਲੇਵਾ ਸ਼ਰਧਾਲੂਆਂ ਤਕ ਪਹੁੰਚਾਉਂਦੇ ਹਨ।

ਜੇ ਇਨ੍ਹਾਂ ਸਵਾਲਾਂ ਦੇ ਢੁੱਕਵੇਂ ਜਵਾਬ ਸਰਕਾਰ ਨੇ ਨਾ ਦਿੱਤੇ ਤਾਂ ਸਾਨੂੰ ਅਜ਼ੀਮ ਸ਼ਾਇਰ ਰਾਹਤ ਇੰਦੌਰੀ  ਦੀ ਗ਼ਜ਼ਲ ਦੇ ਇਹ ਸ਼ੇਅਰ ਹੀ ਯਾਦ ਕਰਾਉਣੇ ਪੈਣਗੇ:

ਝੂਠੋਂ ਨੇ ਝੂਠੋਂ ਸੇ ਕਹਾ ਹੈ ਸੱਚ ਬੋਲੋ,
ਸਰਕਾਰੀ ਐਲਾਨ ਹੂਆ ਹੈ ਸੱਚ ਬੋਲੋ।

ਘਰ ਕੇ ਅੰਦਰ ਝੂਠੋਂ ਕੀ ਇਕ ਮੰਡੀ ਹੈ
ਦਰਵਾਜ਼ੇ ਪਰ ਲਿਖ ਰਖਾ ਹੈ ਸੱਚ ਬੋਲੋ।
 
- ਕੰਵਰ ਮਨਜੀਤ ਸਿੰਘ
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ : 


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER