ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਰਾਸ਼ਟਰੀ ਤਕੂਲੀ ਖੇਡਾਂ 2019
ਛੋਟਾ ਭਰਾ ਮੈਥੋਂ ਸੱਚੀਓਂ ਬੜਾ ਛੋਟਾ ਏ – 12 ਸਾਲ ਛੋਟਾ। ਜਦੋਂ ਉਹ ਸਾਡੇ ਘਰੀਂ ਢੁੱਕਿਆ ਤਾਂ ਮੈਨੂੰ ਸਾਰੇ ਕਹਿੰਦੇ, ‘‘ਕਾਕਾ, ਹੁਣ ਤੂੰ ਬੱਚਾ ਨਹੀਂ ਰਿਹਾ। ਵੱਡਾ ਸਾਰਾ ਏਂ।’’ ਬਸ ਮੈਂ ਵੱਡਾ ਹੋ ਗਿਆ। ਨਿਆਣਿਆਂ ਵਾਲੀਆਂ ਇੱਲਤਾਂ ਬੰਦ, ਨਿੱਕਰ ਪਾਉਣਾ ਬੰਦ। ਵੱਡਾ ਜੋ ਸਾਂ, ਫ਼ੈਸਲਾ ਕਰ ਲਿਆ ਆਪਾਂ ਹੁਣ ਪੈਂਟ ਹੀ ਪਾਉਣੀ ਏ।

ਅਗਲੇ ਤਿੰਨ ਚਾਰ ਸਾਲ ਛੋਟਾ ਭਰਾ ਵੱਡਾ ਹੁੰਦਾ ਗਿਆ, ਪਰ ਮੇਰਾ ਕੋਈ ਮੁਕਾਬਲਾ ਸੀ? ਮੈਂ ਹੋਰ ਵੱਡਾ ਹੋ ਗਿਆ ਸਾਂ। ਵਿਚਾਰੇ ਦਾ ਵੱਸ ਹੀ ਨਹੀਂ ਸੀ ਚੱਲਦਾ। ਘਰ ਰਿਸ਼ਤੇਦਾਰ ਆਉਂਦੇ, ਛੋਟੇ ਜਿਹੇ ਨਾਲ ਤੋਤਲੀ ਜ਼ੁਬਾਨ ਵਿੱਚ ਗੁਫ਼ਤਗੂ ਕਰਦੇ: ‘‘ਹੈਲੋ ਬੇਬੀ, ਹੁਣ ਤੂੰ ‘ਤਕੂਲ’ ਕਦੋਂ ਜਾਏਂਗਾ?’’
 
ਫਿਰ ਉਹ ਦਿਨ ਵੀ ਆ ਗਿਆ। ਸੋਹਣਾ ਜਿਹਾ ਲਾਲ ਬਸਤਾ ਗਲ ਵਿੱਚ ਲਟਕਾਈ, ਮਟਕ ਕੇ ਤੁਰਿਆ ਫਿਰੇ ਸਵੇਰੇ-ਸਵੇਰੇ। ਸ਼ਾਮੀਂ ਮੈਂ ਆਪਣੇ ਸਕੂਲੋਂ ਮੁੜਿਆ ਤਾਂ ਪੁੱਛਿਆ, ਪਈ ਅੱਜ ਤੇਰੇ ‘ਤਕੂਲ’ ਦਾ ਪਹਿਲਾ ਦਿਨ ਕਿਵੇਂ ਰਿਹਾ? ਕਹਿਣ ਲੱਗਾ, ‘‘ਉਹਨੂੰ ‘ਸਕੂਲ’ ਕਹਿੰਦੇ ਨੇ, ‘ਤਕੂਲ’ ਛੋਟੇ ਬੱਚੇ ਕਹਿੰਦੇ ਨੇ।’’ ਪਹਿਲੇ ਹੀ ਦਿਨ ਸਕੂਲੋਂ ਮੁੜੇ ਨੇ ਗਿਆਨ ਝਾੜ ਦਿੱਤਾ। ਮੁੜ ਕੇ ਅਸਾਂ ‘ਤਕੂਲ’ ਬਾਰੇ ਕਦੇ ਗੱਲ ਨਹੀਂ ਕੀਤੀ। ਹਾਂ, ਸਕੂਲ ਬਾਰੇ ਬੜੀ ਵਾਰੀ ਬਹਿਸ ਹੁੰਦੀ ਰਹੀ।

ਅਸੀਂ ਕਿਸੇ ਨਾਲ ਉਸੇ ਭਾਸ਼ਾ ਵਿੱਚ ਗੱਲ ਕਰਦੇ ਹਾਂ ਜਿਹੜੀ ਉਹਨੂੰ ਸਮਝ ਆਵੇ, ਜਾਂ ਸਾਨੂੰ ਜਾਪੇ ਕਿ ਉਹ ਇਹ ਜ਼ੁਬਾਨ, ਇਹ ਸ਼ਬਦਾਵਲੀ, ਇਹ ਦਲੀਲ, ਤੱਥਾਂ ਦਾ ਅਜਿਹਾ ਮੁਤਾਲਿਆ ਸਮਝ ਸਕਦਾ ਹੈ। ਸਕੂਲੀ ਕਿਤਾਬਾਂ ਵਿਦਿਆਰਥੀਆਂ ਦੀ ਉਮਰ ਅਨੁਸਾਰ ਜ਼ੁਬਾਨ ਅਤੇ ਤਰਕ ਦੀ ਗੁੰਝਲਤਾ ਦੇ ਪੱਧਰ ਨੂੰ ਧਿਆਨ ਵਿੱਚ ਰੱਖ ਕੇ ਲਿਖੀਆਂ ਜਾਂਦੀਆਂ ਹਨ। ਪਰ ਨੇਤਾ ਲਈ ਇਹ ਨਿਰਖ-ਪਰਖ ਕਰਨਾ ਬੜਾ ਕਠਿਨ ਕੰਮ ਹੁੰਦਾ ਹੈ। ਉਸ ਨੇ ਰੈਲੀ ਵਿੱਚ ਭਾਸ਼ਣ ਕਰਨਾ ਹੁੰਦਾ ਹੈ, ਤਬਸਰਾ ਉਸ ਉੱਤੇ ਰਾਜਨੀਤਕ ਵਿਗਿਆਨ ਦੇ ਮਾਹਿਰ ਕਰਦੇ ਹਨ। ਨੇਤਾ ਦਾ ਭਾਸ਼ਣ ਮਜ਼ਦੂਰ ਵੀ ਸੁਣਦਾ ਹੈ, ਕਿਸਾਨ ਦਾ ਕਾਲਜ ਜਾਂਦਾ ਮੁੰਡਾ ਵੀ, ਸੇਵਾਮੁਕਤ ਅਧਿਆਪਕ ਦੀ ਹੁਣ ਪ੍ਰਿੰਸੀਪਲ ਲੱਗੀ ਨੂੰਹ ਵੀ। ਨੇਤਾ ਸਾਦੀ ਭਾਸ਼ਾ ਬੋਲਦਾ ਹੈ ਤਾਂ ਜੋ ਮਜ਼ਦੂਰ ਨੂੰ ਗੱਲ ਜਚੇ, ਰੌਸ਼ਨ-ਖਿਆਲ ਗੱਲ ਕਰਦਾ ਹੈ ਤਾਂ ਜੋ ਸੇਵਾਮੁਕਤ ਅਧਿਆਪਕ ਦੀ ਪ੍ਰਿੰਸੀਪਲ ਨੂੰਹ ਗੱਲ ਵੱਲ ਕੰਨ ਧਰੇ। ਭਵਿੱਖ ਬਾਰੇ ਆਸ ਜਗਾਉਂਦਾ ਹੈ ਤਾਂ ਜੋ ਬਦਹਾਲ ਕਿਸਾਨ ਦਾ ਬੇਰੁਜ਼ਗਾਰੀ ਦੇ ਅੰਕੜੇ ਪੜ੍ਹ ਕੇ ਡਰਿਆ ਜੁਆਨ ਪੁੱਤਰ ਉਹਨੂੰ ਵੋਟ ਪਾਵੇ।

ਸਾਡੀ ਰਾਜਨੀਤੀ ਦੀ ਭਾਸ਼ਾ, ਨੇਤਾ ਦਾ ਭਾਸ਼ਣ, ਰਾਜਨੀਤਿਕ ਪਾਰਟੀਆਂ ਦੇ ਬਹਿਸ-ਮੁਬਹਿਸੇ ਅਤੇ ਹਜ਼ਾਰਾਂ ਨਾਲ ਖੁੱਲ੍ਹੇ ਵਿਚਾਰ-ਵਟਾਂਦਰੇ ਉਪਰੰਤ ਬੰਦ ਕਮਰਿਆਂ ਵਿੱਚ ਬੈਠ ਗਹੁ ਨਾਲ ਤਾਮੀਰ ਕੀਤੇ ਮੈਨੀਫੈਸਟੋ ਸਾਡੀ ਸਿਆਸਤ ਦੀ ਬੌਧਿਕ ਉਮਰ ਦਾ ਪ੍ਰਤੀਕ ਹੁੰਦੇ ਹਨ। ਦਲੀਲ, ਬਾਦਲੀਲ ਸੰਵਾਦ ਦਰਸਾਉਂਦਾ ਹੈ ਕਿ ਹਾਲੇ ਸਕੂਲ ਜਾਣ ਜੋਗੇ ਹੋਏ ਹਾਂ ਕਿ ‘ਤਕੂਲ’ ਵਿੱਚ ਹੀ ਧੱਕੇ ਖਾ ਰਹੇ ਹਾਂ?
-----------
 ਵੱਡੀਆਂ ਚੁਣੌਤੀਆਂ ਨੂੰ ਬੌਣੇ ਨੇਤਾ ਟੱਕਰੇ ਹੋਏ ਨੇ। ਅਸਾਂ ਇਸ ਮਸਨੂਈ ਸਿਆਸਤ ਨੂੰ ਟਾਈਮ-ਪਾਸ ਬਣਾ ਰੱਖਿਆ ਏ। ਹੁਣ ਦਾ ਨੇਤਾ ਸਭ ਨੂੰ ਪਾਕਿਸਤਾਨ ਵੇਚੀ ਜਾ ਰਿਹਾ ਹੈ। ਅਸਾਂ ਸ਼ਰੀਕਾਂ ਦੀ ਕੰਡ ਲਾਉਣ ’ਤੇ ਲੱਕ ਬੱਧਾ ਹੈ।
-----------
ਇੱਕ ਰਾਜਨੀਤਕ ਪਾਰਟੀ 130 ਕਰੋੜ ਲੋਕਾਂ ਦੀ ਨੁਮਾਇੰਦਗੀ ਲਈ ਲੜਾਈ ਵਿੱਚ ਆਪਣੇ ਮਿੱਥੇ ਮੰਤਵਾਂ ਅਤੇ ਪਹੁੰਚ ਬਾਰੇ ਮਨੋਰਥ-ਪੱਤਰ ਜਾਰੀ ਕਰੇ ਤਾਂ ਉਹਦੇ ’ਤੇ ਭਰਪੂਰ ਤਬਸਰਾ, ਤਨਕੀਦ ਹੋਣੀ ਚਾਹੀਦੀ ਹੈ। ਜੇ ਝੱਟ ਹੀ ਉਹਨੂੰ ਝੂਠ ਦਾ ਪੁਲੰਦਾ ਕਹਿ ਕੇ ਨਕਾਰ ਦਿੱਤਾ ਜਾਵੇ ਤਾਂ ਸਮਝੋ ਕੋਈ ਸਾਨੂੰ ਬਾਰੀਕ ਗੱਲ ਸਮਝਣ ਦੇ ਕਾਬਲ ਹੀ ਨਹੀਂ ਸਮਝਦਾ। ਜੇ ਕਾਂਗਰਸ ਦੇਸ਼ ਦੇ 20 ਫ਼ੀਸਦੀ ਅਤਿ-ਗ਼ਰੀਬ ਪਰਿਵਾਰਾਂ ਨੂੰ 6,000 ਰੁਪਏ ਮਹੀਨਾ ਨਕਦ ਅਦਾਇਗੀ ਬਾਰੇ ਯੋਜਨਾ ਦਾ ਐਲਾਨ ਕਰੇ ਤਾਂ ਉਹਨੂੰ ਇਹਦੇ ਪਿੱਛੇ ਦੀ ਸਾਰੀ ਵਿੱਤੀ ਕਵਾਇਦ ਵੀ ਦੱਸਣੀ ਚਾਹੀਦੀ ਹੈ। ਇਹ ਠੀਕ ਹੈ ਕਿ ਸਾਰੀਆਂ ਬਾਰੀਕੀਆਂ ਮਨੋਰਥ-ਪੱਤਰ ਵਿੱਚ ਨਹੀਂ ਦੱਸੀਆਂ ਜਾ ਸਕਦੀਆਂ, ਪਰ ਰਾਜਨੀਤਕ ਪਾਰਟੀਆਂ ਨੂੰ ਅਜਿਹੇ ਵੱਡੇ ਕਦਮਾਂ ਬਾਰੇ ਵਿਸਥਾਰਤ ਕਿਤਾਬਚੇ, ਲੇਖ ਸ਼ਾਇਆ ਕਰਨੇ ਚਾਹੀਦੇ ਹਨ। ਇਹ ਸਭ ਚੋਣਾਂ ਤੋਂ ਬਹੁਤ ਪਹਿਲਾਂ ਹੋਣਾ ਚਾਹੀਦਾ ਹੈ ਤਾਂ ਜੋ ਕੰਨਪਾੜਵੇਂ ਪ੍ਰਚਾਰ ਦੇ ਸ਼ੋਰ ਤੋਂ ਪਹਿਲਾਂ ਸਾਰੇ ਜਾਇਜ਼ ਸਵਾਲ ਠਰੰਮੇ ਨਾਲ ਪੁੱਛੇ ਜਾ ਸਕਣ।

ਇੰਝ ਹੀ ਜੇ ਭਾਜਪਾ ਨੂੰ ਦੇਸ਼ ਦੀ ਸੁਰੱਖਿਆ ਦਾ ਮਾਮਲਾ ਇੰਨਾ ਗੰਭੀਰ ਜਾਪਦਾ ਹੈ ਤਾਂ ਇਹਦੇ ਬਾਰੇ ਸੁਹਿਰਦ ਬਹਿਸ ਹੋ ਸਕਦੀ ਹੈ। ਜੇ ਬਿਆਨੀਆ ‘ਇਹ ਵੀ ਦੁਸ਼ਮਣ, ਤੂੰ ਵੀ ਦੁਸ਼ਮਣ, ਬੱਸ ਯਾਰ ਮੇਰੇ ਚਾਰ ਸੱਚੇ’ ਵਾਲਾ ਹੀ ਹੋਵੇ ਤਾਂ ਇਹ ਇਸ ਗੱਲ ਦਾ ਪ੍ਰਮਾਣ ਹੈ ਕਿ ਇਹ ਸਾਰੀ ਖ਼ਲਕਤ ਨੂੰ ‘ਤਕੂਲ’ ਜਾਣ ਵਾਲੀ ਹੀ ਸਮਝਦੇ ਹਨ, ਇਨ੍ਹਾਂ ਭਾਣੇ ਸਕੂਲ ਬਸ ਇਹੀ ਗਏ ਹਨ ਹੁਣ ਤੱਕ, ਬਾਕੀ ਸਭ ਮੂਰਖ ਹਨ। 

ਸੱਤਰ ਤੋਂ ਵਧੇਰੇ ਸਾਲਾਂ ਵਿੱਚ ਇਹ ਮੁਲਕ ਬਥੇਰਾ ਸਕੂਲ ਜਾ ਆਇਆ ਹੈ। ਬੱਸ ਇਹਦੇ ਨੇਤਾ ਹੀ ਅਜੇ ‘ਤਕੂਲ-ਤਕੂਲ’ ਖੇਡ ਰਹੇ ਹਨ। ਉਨ੍ਹਾਂ ਦੀ ‘ਤਕੂਲੀ’ ਵਿਦਿਆ ਇਹੀ ਹੈ ਕਿ ਤੁਹਾਡੇ ਸੱਜੇ-ਖੱਬੇ ਲੰਘਦਾ-ਟੱਪਦਾ ਕੋਈ ਵੀ ਦੁਸ਼ਮਣ ਦੇਸ਼ ਦਾ ਖ਼ਤਰਨਾਕ ਜਾਸੂਸ ਹੋ ਸਕਦਾ ਹੈ। ਇਹ ‘ਤਕੂਲੀ’ ਖੇਡਾਂ ਹਨ। 

ਰਾਜਨੀਤੀ ਕਿਤੇ ਬਿਹਤਰ ਸਕੂਲ ਹੈ ਜਿੱਥੇ ਹਰ ਗੱਲ ਸਿਰਫ਼ ਤਰਕ ਅਤੇ ਤੱਥਾਂ ਦੀ ਹੋਣੀ ਚਾਹੀਦੀ ਹੈ। ਕਿਸਾਨ ਦਾ ਹਾਲ ਕੀ ਹੈ? ਮਜ਼ਦੂਰ ਦੀ ਜੀਵਨ ਸ਼ੈਲੀ ਕੀ ਹੈ? ਨੌਜਵਾਨ ਦੇ ਤੌਖ਼ਲੇ ਕੀ ਹਨ? ਬਾਰਡਰ ‘ਤੇ ਖੜ੍ਹੇ ਜਵਾਨ ਦੇ ਪਿੰਡ ਦੀ ਹਾਲਤ ਕਿਹੋ ਜਿਹੀ ਹੈ? ਸਮਾਜ ਵਿੱਚ ਨੌਜਵਾਨ ਮੁੰਡੇ ਕੁੜੀਆਂ ਦੇ ਇਸ਼ਕ ਮੁਹੱਬਤ ਵਿੱਚ ਜਾਤ ਧਰਮ ਵੜਿਆ ਹੋਇਆ ਹੈ ਕਿ ਪਿਆਰ ਦਾ ਸਚਿਆਰਾ ਝੱਲ ਉਨ੍ਹਾਂ ਨੂੰ ਕਿਸੇ ਅਲਬੇਲੇ ਬੇਲੇ ਵਿੱਚ ਆਪਣੇ ਕਲਾਵੇ ਵਿੱਚ ਜਕੜੀ ਬੈਠਾ ਹੈ?

ਦੇਸ਼ ਗੁੱਸੇ ਵਿੱਚ ਹੈ ਕਿ ਦੁਸ਼ਮਣ ਜਾਪਦੇ ਉਸ ਦੂਜੇ ਮੁਲਕ ਨੂੰ ਨੇਸਤ-ਓ-ਨਾਬੂਦ ਕਰਨਾ ਹੈ ਜਾਂ ਜੋਸ਼ੋ-ਖਰੋਸ਼ ਵਿੱਚ ਹੈ ਕਿ ਆਪਾਂ ਤਾਂ ਚੰਨ ਤਾਰਿਆਂ ਤੋਂ ਅੱਗੇ ਦੇਸ਼ ਕੱਢ ਕੇ ਲੈ ਜਾਣਾ ਹੈ ਤੇ ਤਹੱਈਆ ਹੀ ਕਰ ਲੈਣਾ ਹੈ ਕਿ ਅੱਜ ਦੇ ਹਿੰਦੁਸਤਾਨ ਤੋਂ ਵੀ ਅੱਛਾ ਬਣਾ ਦਿਆਂਗੇ ਇਹ ਸਾਰਾ ਜਹਾਂ ਹਮਾਰਾ?

ਅਲਾਮਾ ਇਕਬਾਲ ਤੋਂ ਅੱਗੇ ਜਾਣਾ ਹੈ ਤਾਂ ਹਠਧਰਮੀ, ਪਰ ਆਪਾਂ ਵੀ ਤਾਂ ਸਕੂਲ ਗਏ ਸਾਂ, ਕੋਈ ‘ਤਕੂਲਾਂ’ ਵਿੱਚ ਤਾਂ ਚੱਪਲਾਂ ਘਸਾ ਕੇ ਨਹੀਂ ਵੱਡੇ ਹੋਏ? ਸੱਤਰਾਂ ਤੋਂ ਟੱਪੇ ਪਏ ਹਾਂ, ਅਸੀਂ ਕਿਹੜਾ ‘ਸ਼ੇਰ ਆਇਆ’, ‘ਭੂਤ ਆਇਆ’, ‘ਬਾਬਾ ਆਇਆ’, ‘ਪਾਕਿਸਤਾਨ ਆਇਆ’ ਨਾਲ ਸਹਿਮ ਜਾਵਾਂਗੇ?

ਪਰ ਰਤਾ ਸੋਚ ਕੇ ਵੇਖੋ, ਆਪਾਂ ਸੱਚੀਓਂ ਸਕੂਲੇ ਗਏ ਸੀ? ਕਿ ਕਿਸੇ ‘ਤਕੂਲ’ ਵਿੱਚ ਹੀ ਉਮਰ ਗਾਲ ਛੱਡੀ ਏ? ਜਲ੍ਹਿਆਂਵਾਲੇ ਬਾਗ਼ ਦੀ ਵਿਰਾਸਤ ਨਾਲ ਵਰੋਸਾਏ, ਆਜ਼ਾਦੀ ਭਾਲਦੇ ਹਿੰਦੁਸਤਾਨ ਵਿੱਚ ਤੀਜੀ ਧਿਰ ਸਨ।
 
ਪੰਜਾਬ ਦੇਸ਼ ਦੀ ਸਿਆਸਤ ਦਾ ਇੱਕ ਧੜਕਦਾ ਧੁਰਾ ਸੀ। ਅੱਜ ਇਹ ਕਿਸੇ ਡਰੌਪ ਆਊਟ ਵਾਂਗ ‘ਤਕੂਲੇ’ ਹੀ ਤੁਰਿਆ ਫਿਰਦੈ, ਦੇਸ਼ ਦੀ ਸਿਆਸਤ ਤੋਂ ਬੇਗਾਨੀਆਂ ਜਿਹੀਆਂ ‘ਤਕੂਲੀ’ ਖੇਡਾਂ ਖੇਡੀ ਜਾਂਦੈ। 2019 ਦੀ ਦੇਸ਼ ਦਾ ਭਵਿੱਖ ਤੈਅ ਕਰਨ ਵਾਲੀ ਚੋਣ ਲੜਨ ਦੀ ਥਾਂ ਇਹ 2022 ਵਿੱਚ ਪ੍ਰਦੇਸ਼ਕ ਕਬਜ਼ੇ ਦੀ ਖੇਡ ਦਾ ਸੈਮੀਫਾਈਨਲ ਖੇਡੀ ਜਾਂਦੈ।

------------
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on April 8, 2019, when Punjab was witnessing elections to Lok Sabha but fought on moffusil level issues, the country was going through divisive times and Indian citizens were desperately seeking out ‘Pakistan’ in their neighbourhood. – Ed.  
------------
ਦੇਸ਼ ਵਿੱਚ ਫੈਲੀ ਨਫ਼ਰਤੀ ਪਾਟੋਧਾੜ ਨਾਲ ਪੰਜਾਬੀਆਂ ਦਾ ਕੁਝ ਲੈਣਾ-ਦੇਣਾ ਹੈ ਕਿ ਨਹੀਂ? ਜੰਗ ਦੇ ਬੱਦਲ ਸਾਡੇ ਵਿਹੜੇ ਉਮੜ ਆਉਂਦੇ ਨੇ, ਪਰ ਕਸ਼ਮੀਰ ਸਮੱਸਿਆ ਨਾਲ ਸਾਡਾ ਕੋਈ ਸਰੋਕਾਰ ਹੈ ਜਾਂ ਨਹੀਂ? ਦੇਸ਼ ਦੇ ਵਡੇਰੇ ਆਰਥਿਕ ਢਾਂਚੇ ਬਾਰੇ ਪੰਜਾਬ ਦੇ ਕਿਸ ਨੇਤਾ ਦਾ ਭਾਸ਼ਣ ਸੁਣਿਐ ਤੁਸਾਂ? ਅਦਾਲਤਾਂ ਵਿੱਚ ਬੰਦੇ ਬਿਰਖ ਹੋ ਗਏ, ਪਰ ਸਾਨੂੰ ਇਨਸਾਫ਼ ਦੀ ਚੱਕੀ ਦੇ ਪੁੜ ਤੇਜ਼ ਘੁਮਾਉਣ ਬਾਰੇ ਬਹਿਸ ਲਈ ਵਕਤ ਹੀ ਨਹੀਂ ਮਿਲ ਰਿਹਾ ਕਿਉਂ ਜੋ ਅਸੀਂ ਰੱਬ ਦੀ ਬੇਅਦਬੀ ਖਿਲਾਫ਼ ਸੰਘਰਸ਼ ਵਿੱਢਿਆ ਹੈ। ਅਸਾਂ ਗ਼ਰੀਬ ਨੂੰ ਸਿਹਤ, ਸਿੱਖਿਆ ਲਈ ਲੜਾਈ ਨੂੰ ਅਖ਼ਬਾਰੀ ਕਾਲਮਾਂ ਦਾ ਸਾਮਾਨ ਸਮਝਿਆ ਹੈ। ਆਪ ਅਸੀਂ ਅਸਲੀ-ਨਕਲੀ-ਪੰਥਕ-ਸੇਵਕ-ਨਿੰਦਕ ਭਾਲਣ ਨਿਕਲੇ ਹੋਏ ਹਾਂ। ਲੁੱਟ ਜਾਵੇ ਮੁਲਕ ਅਸਾਡਾ, ਅਸਾਂ ਵਿਦੇਸ਼ ਵਪਾਰ ਨੀਤੀ ਤੋਂ ਕੀ ਲੈਣੈ? ਅਸੀਂ ਤਾਂ ਸਵੇਰੇ ਸ਼ਾਮ ਬੁਝਾਰਤਾਂ ਬੁੱਝਦੇ ਹਾਂ ਕਿ ਬੀਬਾ ਬਠਿੰਡਿਓਂ ਕਿ ਫਿਰੋਜ਼ਪੁਰੋਂ?

ਵੱਡੀਆਂ ਚੁਣੌਤੀਆਂ ਨੂੰ ਬੌਣੇ ਨੇਤਾ ਟੱਕਰੇ ਹੋਏ ਨੇ। ਅਸਾਂ ਇਸ ਮਸਨੂਈ ਸਿਆਸਤ ਨੂੰ ਟਾਈਮ-ਪਾਸ ਬਣਾ ਰੱਖਿਆ ਏ। ਨੇਤਾ ਬਥੇਰਾ ਸਿਆਣਾ ਏ, ‘ਤਕੂਲ’ ਵਾਲਿਆਂ ਨੂੰ ਦੂਰੋਂ ਪਛਾਣਦਾ ਏ। ਇੱਕ ਸਾਨੂੰ ਦੱਸਦਾ ਹੈ ਕਿ ਉਹਦੀ ਸੈਨਾ ਕਿਵੇਂ ਐੱਫ-16 ਦੇ ਨਿਸ਼ਾਨੇ ਫੁੰਡਦੀ ਹੈ, ਦੂਜਾ ਕਹਿੰਦੈ ਬਾਹਲਾ ਹਿਸਾਬ ਨਾ ਪੁੱਛੋ, ਬੱਸ 72,000 ਰੁਪਏ ਗਿਣਨ ਦੀ ਤਿਆਰੀ ਕਰੋ।

ਰਤਾ ਹਿੰਦੁਸਤਾਨ ਦੀ ਪਹਿਲੀ ਚੋਣ ਯਾਦ ਕਰੋ। ਪਹਿਲੀ ਵੋਟ ਪਾਉਣ ਵਿੱਚ ਨੌਂ ਦਿਨ ਰਹਿੰਦੇ ਸਨ ਕਿ ਇੱਕ ਲੱਖ ਦੀ ਭੀੜ ਸਾਹਮਣੇ ਤਕਰੀਰ ਕਰਦਾ ਪਾਕਿਸਤਾਨ ਦਾ ਪਹਿਲਾ ਪ੍ਰਧਾਨ ਮੰਤਰੀ ਲਿਆਕਤ ਅਲੀ ਖ਼ਾਨ ਕਿਸੇ ਨੇ ਗੋਲੀ ਨਾਲ ਉਡਾ ਦਿੱਤਾ। ਉਸ ਤੋਂ ਤਿੰਨ ਮਹੀਨੇ ਪਹਿਲਾਂ ਜੁਲਾਈ 1951 ਵਿੱਚ ਲਿਬਨਾਨ ਦੇ ਸਾਬਕਾ ਪ੍ਰਧਾਨ ਮੰਤਰੀ ਨੂੰ ਕਤਲ ਕੀਤਾ ਗਿਆ ਸੀ। ਹਵਾ ਵਿੱਚ ਚਰਚਾ ਸੀ ਕਿ ਇਸਲਾਮੀ ਦੇਸ਼ ਲਿਬਨਾਨ ਅਤੇ ਜੌਰਡਨ, ਇਸਰਾਈਲ ਨਾਲ ਸਿੱਧਾ ਸਮਝੌਤਾ ਕਰਨ ਲੱਗੇ ਹਨ। 96 ਘੰਟਿਆਂ ਬਾਅਦ ਕਿਸੇ ਨੇ ਜੌਰਡਨ ਦੇ ਰਾਜੇ ਨੂੰ ਇਸਰਾਈਲ ਦੇ ਯੇਰੂਸ਼ਲਮ ਵਿੱਚ ਨਮਾਜ਼ ਪੜ੍ਹਦੇ ਨੂੰ ਕਤਲ ਕਰ ਦਿੱਤਾ। ਚਾਰ ਮਹੀਨੇ ਪਹਿਲਾਂ ਮਾਰਚ 1951 ਵਿੱਚ ਇਸਲਾਮੀ ਮੁਲਕ ਇਰਾਨ ਦੇ ਪ੍ਰਧਾਨ ਮੰਤਰੀ ਨੂੰ ਕਤਲ ਕਰ ਦਿੱਤਾ ਗਿਆ ਸੀ। 

ਇਸਲਾਮੀ ਮੁਲਕਾਂ ਵਿੱਚ ਕਤਲਾਂ ਨਾਲ ਵਿਦੇਸ਼ ਨੀਤੀ ਅਤੇ ਮੁਲਕਾਂ ਦੇ ਰਿਸ਼ਤੇ ਤੈਅ ਹੋ ਰਹੇ ਸਨ। ਚਾਰ ਸਾਲ ਪਹਿਲਾਂ ਲੱਖਾਂ ਲਾਸ਼ਾਂ ਵਿਛੀਆਂ ਸਨ, ਪਰ ਸਾਡੀ ਸਿਆਸਤ ਵਿੱਚ ਫਿਰ ਵੀ ਅਸਾਂ ਪਾਕਿਸਤਾਨ ਨਹੀਂ ਵੜਨ ਦਿੱਤਾ। ਕਾਫ਼ੀ ਰਫਿਊਜੀ ਅਜੇ ਕੈਂਪਾਂ ਵਿੱਚ ਹੀ ਸਨ। ਹਿੰਦੂ-ਸਿੱਖ ਪੰਜਾਬੀ ਵਿੱਚ-ਵਿੱਚ ਪਾਕਿਸਤਾਨ ਗੇੜੇ ਮਾਰ ਰਹੇ ਸਨ ਤਾਂ ਜੋ ਪਿੱਛੇ ਰਹਿ ਗਿਆਂ ਨੂੰ ਸਿਆਣ ਕੇ ਵਾਪਸ ਮੁਲਕ ਲਿਆਂਦਾ ਜਾ ਸਕੇ, ਪਰ ਦੁਸ਼ਮਣੀ ਦੇ ਬਿਆਨੀਏ ਨੂੰ ਤਰਕ ਕਰ ਅਸਾਂ ਨਿਗਾਹ ਲੋਕਤੰਤਰ ‘ਤੇ ਟਿਕਾ ਕੇ ਰੱਖੀ।

ਸ਼ੰਕਰ ਸਾਡੇ ਦੇਸ਼ ਦੇ ਚੋਟੀ ਦੇ ਕਾਰਟੂਨਿਸਟ ਹੋਏ ਹਨ। ਵੋਟਾਂ ਪੈ ਰਹੀਆਂ ਸਨ ਜਦੋਂ 6 ਜਨਵਰੀ 1952 ਦੇ ‘ਸ਼ੰਕਰ ਵੀਕਲੀ’ ਵਿੱਚ ਉਨ੍ਹਾਂ ਦਾ ਕਾਰਟੂਨ ਛਪਿਆ – ‘‘ਲਾਲਾ ਜੀ।’’ ਕਾਲਾ ਕੋਟ ਪਾਈ ਮੋਟਾ ਜਿਹਾ ਇੱਕ ਆਦਮੀ ਵੋਟਰਾਂ ਦੇ ਵੱਖ-ਵੱਖ ਗਰੁੱਪਾਂ ਕੋਲ ਜਾ ਵਾਅਦੇ ਕਰਦਾ ਦਿਖਾਇਆ। ਹੱਡੀਆਂ-ਨਿਕਲੇ ਕਿਸਾਨ ਨੂੰ ਉਸ ਕਿਹਾ ਵਾਹੀਕਾਰ ਲਈ ਜ਼ਮੀਨ ਮੇਰਾ ਉਦੇਸ਼ ਹੈ, ਸਰਦੇ-ਪੁੱਜਦੇ ਨੂੰ ਕਿਹਾ ਭੌਂ-ਮਾਲਕਾਂ ਦੇ ਹੱਕਾਂ ਦੀ ਰੱਖਿਆ ਕੀਤੀ ਜਾਵੇਗੀ। ਕਿਤੇ ਕਹੇ ਕੌਮੀਕਰਨ ਹੀ ਠੀਕ ਨੀਤੀ ਹੈ, ਕਿਤੇ ਕਹੇ ਨਿੱਜੀ ਉਦਯੋਗ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਬਿੰਦੀ-ਸੁਰਖ਼ੀ ਲਾਈ, ਸਾੜੀ ਸਜਾਈ ਜਨਾਨੀ ਦੇ ਕੰਨ ਵਿੱਚ ਕਹੇ ਹਿੰਦੂ ਕੋਡ ਬਿੱਲ ਬੜਾ ਜ਼ਰੂਰੀ ਹੈ, ਪਰ ਬੋਦੀ ਵਾਲੇ ਤਿਲਕਧਾਰੀ ਬ੍ਰਾਹਮਣ ਨੂੰ ਕਹੇ ਕਿ ਪੁਰਾਤਨ ਭਾਰਤੀ ਸੰਸਕਾਰ ਹੀ ਜਿੰਦ-ਜਾਨ ਹਨ।

ਹੁਣ ਦਾ ਨੇਤਾ ਏਨਾ ਵੀ ਨਹੀਂ ਕਰ ਰਿਹਾ। ਸਭ ਨੂੰ ਪਾਕਿਸਤਾਨ ਵੇਚੀ ਜਾ ਰਿਹਾ ਹੈ। ਮੁਲਕ ਇਸ ਦੂਜੇ ਮੁਲਕ ਬਾਰੇ ਬਿਆਨੀਆ ਸੁਣ ਆਪਣੇ ਮੁਲਕ ਦੀ ਸਿਆਸਤ ਤੈਅ ਕਰ ਰਿਹਾ ਹੈ। ਅਸਾਂ ਪੰਜਾਬ ਵਿੱਚ ਇਹਨੂੰ ਕਿਸੇ ਪੰਚਾਇਤੀ ਚੋਣ ਵਾਂਗ ਲੜਨ ‘ਤੇ ਲੱਕ ਬੱਧਾ ਹੈ ਕਿ ਸ਼ਰੀਕਾਂ ਦੀ ਕੰਡ ਲਾਉਣੀ ਹੈ। ਉਹ 1952 ਸੀ, ਹੁਣ 2019 ਹੈ। ਮਜਾਲ ਹੈ ਅਸੀਂ ਵੱਡੇ ਹੋਈਏ, ‘ਤਕੂਲ’ ਵਿੱਚ ਹੀ ਘੁੰਮੀ ਜਾ ਰਹੇ ਹਾਂ, ਲਾਲਾ ਜੀ ਹੱਥੋਂ ਖ਼ਤਾ ਖਾ ਰਹੇ ਹਾਂ, ਗੱਲ ਵਿੱਚ ਪਾਕਿਸਤਾਨ ਲਟਕਾਈ ‘ਤਕੂਲ’ ਜਾ ਰਹੇ ਹਾਂ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਇੱਕ ਲੰਬੇ ਅਰਸੇ ਤੋਂ ਰਾਸ਼ਟਰੀ ਤਕੂਲੀ ਖੇਡਾਂ ਨੂੰ ਵਾਚਦਾ ਆਪਣੇ ਯਾਰ ਸਕੂਲਾਂ ਵਿੱਚੋਂ ਹੀ ਲੱਭਣ ’ਤੇ ਬਜ਼ਿੱਦ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

  
 
 
 
 _______________________________________________________________

  


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017


NEWS LETTER