ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਠੰਡ ਵਿਚ “ਆਮ ਆਦਮੀ” ਪਾਰਟੀ ਦਾ ਇਹ ਕੀ ਬਣ ਗਿਆ?




ਅਖ਼ਬਾਰਾਂ ਵਿੱਚ ਕੜਾਕੇ ਦੀ ਠੰਢ ਕਾਰਨ ਮਰਨ ਵਾਲਿਆਂ ਬਾਰੇ ਖ਼ਬਰਾਂ ਦਾ ਮੌਸਮ ਹੈ। ਕੁਝ ਛਪ ਚੁੱਕੀਆਂ ਹਨ, ਕੁਝ ਹੋਰ ਆਉਣ ਵਾਲੇ ਦਿਨਾਂ ਵਿੱਚ ਛਪਣਗੀਆਂ। ਫਿਰ ਭਲੇ ਦਿਨ ਆਉਣਗੇ। ਮੌਸਮ ਬਦਲੇਗਾ, ਆਪਾਂ ਇਨ੍ਹਾਂ ਹੀ ਸਫ਼ਿਆਂ ‘ਤੇ ਗਰਮੀਆਂ ਵਿੱਚ ਲੂ ਲੱਗਣ ਨਾਲ ਮਰਨ ਵਾਲਿਆਂ ਬਾਰੇ ਇੱਕ-ਕਾਲਮੀ ਅਖ਼ਬਾਰੀ ਸੁਰਖੀਆ ਪੜ੍ਹਾਂਗੇ। ਇਹ ਹੁਣ ਲਗਭਗ ਨਿਯਮ ਬਣ ਚੁੱਕਾ ਹੈ।

ਜੇ ਨਿੱਜੀ ਤੌਰ ਉੱਤੇ ਤੁਹਾਨੂੰ ਸਰਦ ਰੁੱਤ ਪਸੰਦ ਵੀ ਹੋਵੇ ਤਾਂ ਵੀ ਮੈਂ ਤੁਹਾਨੂੰ ਰੂਸ ਦੇ ਓਇਮਯਾਕੋਨ (Oymyakon) ਸ਼ਹਿਰ ਵਿੱਚ ਆਪਣੀਆਂ ਛੁੱਟੀਆਂ ਬਿਤਾਉਣ ਲਈ ਨਹੀਂ ਕਹਾਂਗਾ ਜਿੱਥੇ ਮਨਫ਼ੀ 60 ਡਿਗਰੀ ਤਾਪਮਾਨ ਆਮ ਗੱਲ ਹੈ। ਅਜੇ ਜਦੋਂ ਮੈਂ ਇਹ ਸਤਰਾਂ ਲਿਖ ਰਿਹਾ ਹਾਂ ਤਾਂ ਉੱਥੇ ਮੌਸਮ ਬਹੁਤ ਸੁਹਾਵਣਾ ਹੈ, ਤਾਪਮਾਨ ਮਨਫ਼ੀ 43 ਡਿਗਰੀ ਸੈਂਟੀਗ੍ਰੇਡ ਹੈ। ਉਂਜ, ਇਨਸਾਨਾਂ ਨੇ ਐਂਟਾਰਕਟਿਕਾ ਦੇ ਦੱਖਣੀ ਧਰੁਵੀ ਸਟੇਸ਼ਨ ‘ਤੇ ਰਹਿ ਕੇ ਵੀ ਵੇਖ ਲਿਆ ਹੈ ਜਿੱਥੇ ਤਾਪਮਾਨ ਮਨਫ਼ੀ 128 ਡਿਗਰੀ ਵੀ ਹੋ ਸਕਦਾ ਹੈ। ਲੋਕ ਸਾਇਬੇਰੀਆ ਵਿੱਚ ਵੀ ਰਹਿੰਦੇ ਹਨ। ਉਹ ਭੂ-ਮੱਧ ਰੇਖਾ ਦੇ ਨੇੜਲੇ ਖੇਤਰਾਂ ਵਿੱਚ ਵੀ ਰਹਿੰਦੇ ਹਨ। ਭਾਰਤੀ ਕਾਮੇ ਸੁਡਾਨ, ਓਮਾਨ, ਇਰਾਕ ਵਿੱਚ ਵੀ ਕੰਮ ਕਰਦੇ ਹਨ ਜਿੱਥੇ ਗਰਮੀਆਂ ਦਾ ਤਾਪਮਾਨ ਅਕਸਰ ਹੀ 50 ਡਿਗਰੀ ਵੀ ਛੂਹ ਜਾਂਦਾ ਹੈ।

ਜਿਨ੍ਹਾਂ ਨੇ ਵਰਨਰ ਹਰਜ਼ੋਗ (Werner Herzog) ਦੀ ਤਾਇਗਾ ਦੇ ਖ਼ੁਸ਼ ਲੋਕਾਂ ਬਾਰੇ ਦਸਤਾਵੇਜ਼ੀ ਫ਼ਿਲਮ (Happy People: A Year in the Taiga) ਵੇਖੀ ਹੈ, ਉਹ ਭਲੀਭਾਂਤ ਮਨੁੱਖਾਂ ਦੀ ਬਦਲਦੇ ਮੌਸਮਾਂ ਨਾਲ ਸਿੱਝਣ ਦੀ ਸ਼ਕਤੀ ਬਾਰੇ ਜਾਣਦੇ ਹਨ। ਉਂਜ, ਸਾਡੇ ਦੇਸ਼ ਨੇ ਸਿਆਚਿਨ ‘ਤੇ ਖੜ੍ਹੇ ਜਵਾਨ ਬਾਰੇ ਬਹੁਤ ਵਾਰੀ ਸੁਣਿਆ ਹੈ।

ਲੋਕ ਠੰਢ ਜਾਂ ਗਰਮੀ ਕਾਰਨ ਨਹੀਂ ਮਰਦੇ। ਯਖ ਸਰਦੀਆਂ ਅਤੇ ਭਖਦੀਆਂ ਗਰਮੀਆਂ ਵਿੱਚ ਛਪਦੀਆਂ ਇਨ੍ਹਾਂ ਅਖ਼ਬਾਰੀ ਸੁਰਖੀਆਂ ਦਾ ਸਿੱਧਾ ਸਬੰਧ ਸਾਡੀ ਰਾਜਨੀਤੀ ਨਾਲ ਹੈ। ਪਿਛਲੇ ਕੁਝ ਦਹਾਕਿਆਂ ਵਿੱਚ ਸਾਡੀ ਰਾਜਨੀਤੀ ਅਤੇ ਪੱਤਰਕਾਰੀ ਵਿੱੱਚੋਂ ਗੁਰਬਤ ਦਾ ਵਿਸ਼ਾ ਗਾਇਬ ਹੋ ਗਿਆ ਹੈ। ਟੈਲੀਵਿਜ਼ਨ ਬਹਿਸ ਹੁਣ ‘ਆਮ ਆਦਮੀ’ ਦੀਆਂ ਮੁਸ਼ਕਿਲਾਂ ਬਾਰੇ ਹੁੰਦੀ ਹੈ। ਕਿਸੇ ਨੇ ਆਮ ਆਦਮੀ ਦੀ ਪਛਾਣ ਗ਼ਰੀਬ ਤੋਂ ਖੋਹ ਕੇ ਨਿਮਨ ਮੱਧਵਰਗੀ ਤੋਂ ਮੱਧਵਰਗੀ ਹੁੰਦੀ ਇੱਕ ਵੱਡੀ ਭੀੜ ਦੇ ਬਾਸ਼ਿੰਦਿਆਂ ਨੂੰ ਦੇ ਦਿੱਤੀ ਹੈ ਜਿਹੜੇ ਉੱਚ ਮੱਧਵਰਗੀ ਹੋ ਜਾਣ ਦੀ ਲਾਲਸਾ ਵਿੱਚ ਇਸ ਪਛਾਣ ਨੂੰ ਹੁਣ ਹੱਥੋਂ ਨਹੀਂ ਜਾਣ ਦੇ ਰਹੇ।
-----------
 ਗ਼ਰੀਬ ਦੇ ਘਰ ਹੋਈ ਇਸ ਚੋਰੀ ‘ਤੇ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ…ਲੋਕ ਠੰਢ ਜਾਂ ਗਰਮੀ ਨਾਲ ਨਹੀਂ ਮਰਦੇ…ਅਸੀਂ ਲਾਈਫ ਸਟਾਈਲ ਵਰਕੇ ਪੜ੍ਹਦੇ-ਪੜ੍ਹਦੇ ਆਤਮ-ਗਿਲਾਨੀ ਤੋਂ ਰਹਿਤ ਹੋ ਗਏ ਹਾਂ।
-----------
ਸਾਰੇ ਪਾਸੇ ‘ਆਮ ਆਦਮੀ’ ਫੈਲੇ ਹੋਏ ਹਨ। ਨਿਕੰਮੇ ਹੋ ਚੁੱਕੇ ਨਿਜ਼ਾਮ ਦੇ ਵਿਰੁੱਧ ਰਾਮਲੀਲਾ ਮੈਦਾਨ ਅਤੇ ਜੰਤਰਮੰਤਰ ਤੋਂ ਉੱਠੀਆਂ ਬਗ਼ਾਵਤੀ ਸੁਰਾਂ ਨੇ ‘ਆਮ ਆਦਮੀ’ ਦਾ ਤਾਜ ਇੱਕ ਐਸੀ ਸ਼੍ਰੇਣੀ ਦੇ ਸਿਰ ਸਜਾ ਦਿੱਤਾ ਜਿਸ ਦੇ ਸਿਰ ਉੱਤੇ ਮੰਡੀ ਨੇ ਵੀ ਟੇਕ ਰੱਖੀ ਹੋਈ ਸੀ। ਇੱਕ ਹਵਾਈ ਜਹਾਜ਼ ਚਲਾਉਣ ਵਾਲੀ ਕੰਪਨੀ ਦੇ ਮਾਲਕ ਤੋਂ ਲੈ ਕੇ ਅੰਤਰਰਾਸ਼ਟਰੀ ਬੈਂਕ ਦੀ ਮੁਖੀ ਤੱਕ ਬਹੁਤ ਲੋਕ ਆਮ ਆਦਮੀ, ਆਮ ਔਰਤ ਹੋ ਗਏ। ਸੇਵਾਮੁਕਤ ਪ੍ਰਸ਼ਾਸਨਿਕ ਅਤੇ ਪੁਲੀਸ ਅਧਿਕਾਰੀ, ਫ਼ੌਜ ਦੇ ਜਰਨੈਲ, ਫ਼ਿਲਮੀ ਅਭਿਨੇਤਰੀਆਂ ਆਮ ਵਿਅਕਤੀ ਹੋ ਗਏ। ਜਿਹੜੇ ਦਹਾਕਿਆਂ ਤੱਕ ਆਮ ਸਨ, ਬੀਤੇ ਦੀਆਂ ਸੈਂਕੜੇ ਹਿੰਦੀ ਫ਼ਿਲਮਾਂ ਵਿੱਚ ਆਮ ਆਦਮੀ ਦੇ ਤੌਰ ‘ਤੇ ਪੇਸ਼ ਕੀਤੇ ਗਏ, ਉਹ ਹੁਣ ਇੰਨੇ ਗ਼ਰੀਬ ਹੋ ਗਏ ਕਿ ਇਸ ਪਛਾਣ ਤੋਂ ਵੀ ਮਹਿਰੂਮ ਕਰ ਦਿੱਤੇ ਗਏ।

ਗ਼ਰੀਬ ਦੇ ਘਰ ਹੋਈ ਇਸ ਚੋਰੀ ‘ਤੇ ਕਿਸੇ ਨੇ ਹਾਅ ਦਾ ਨਾਅਰਾ ਨਹੀਂ ਮਾਰਿਆ। ਫ਼ਿਲਮ ਦਾ ਗ਼ਰੀਬ ਕਿਰਦਾਰ ਵੀ ਹੁਣ ਮੱਧਵਰਗੀ ਪਰਿਵਾਰ ਵਿੱਚੋਂ ਹੁੰਦਾ ਹੈ, ਕੋਈ ਮੋਚੀ ਜਾਂ ਘੁਮਿਆਰ ਨਹੀਂ। ਗਾਣਿਆਂ ਵਿੱਚ ਆਰਥਿਕ ਮੰਦਹਾਲੀ ਦਾ ਜ਼ਿਕਰ ਤਾਂ ਹੈ, ਗ਼ਰੀਬੀ ਦਾ ਨਹੀਂ। ਦੋਵਾਂ ਵਿੱਚ ਫਾਸਲਾ ਸਮਝਣ ਲਈ ਉਹ ਸਾਰੇ ਮਸ਼ਹੂਰ ਫ਼ਿਲਮੀ ਗਾਣੇ ਯਾਦ ਕਰੋ ਜਿਨ੍ਹਾਂ ਵਿੱਚ ਰੋਟੀ ਦਾ ਜ਼ਿਕਰ ਹੋਵੇ। ਪਿਯੂਸ਼ ਮਿਸ਼ਰਾ ਦੇ ‘ਏਕ ਬਗਲ ਮੇਂ ਚਾਂਦ ਹੋਗਾ, ਏਕ ਬਗਲ ਮੇਂ ਰੋਟੀਆਂ’ ਤੋਂ ਬਿਨਾਂ ਘੱਟ ਹੀ ਪਾਠਕਾਂ ਨੂੰ ਕੋਈ ਨਵਾਂ ਗਾਣਾ ਯਾਦ ਹੋਵੇਗਾ। ਰਤਾ ਵਡੇਰੀ ਉਮਰ ਦੇ ਪਾਠਕਾਂ ਨੂੰ ਝੱਟ ‘ਕਾਲੀ ਟੋਪੀ ਲਾਲ ਰੁਮਾਲ’ ਵਿਚਲੇ ਮਜਰੂਹ ਸੁਲਤਾਨਪੁਰੀ ਦੇ ਸ਼ਬਦ ਯਾਦ ਆ ਜਾਣਗੇ: ‘ਦੀਵਾਨਾ ਆਦਮੀ ਕੋ ਬਨਾਤੀ ਹੈਂ ਰੋਟੀਆਂ, ਖ਼ੁਦ ਨਾਚਤੀ ਹੈਂ, ਸਭ ਕੋ ਨਚਾਤੀ ਹੈਂ ਰੋਟੀਆਂ।’

ਜਦੋਂ ਸਮਾਜ ਦੇ ਇੱਕ ਵੱਡੇ ਵਰਗ ਦਾ ਚਿੰਤਾ ਸੰਸਾਰ ਰੋਟੀ ਤੋਂ ਅੱਗੇ ਲੰਘ ਜਾਵੇ ਤਾਂ ਉਹਦੇ ਚਿੰਤਨੀ ਸੰਸਾਰ ਵਿੱਚ ‘ਇਨਸਾਨ ਕੋ ਚਾਂਦ ਮੇਂ ਨਜ਼ਰ ਆਤੀ ਹੈਂ ਰੋਟੀਆਂ’ ਲਈ ਕੋਈ ਜਗ੍ਹਾ ਨਹੀਂ ਬਚਦੀ। ਹੁਣ ਉਹਨੂੰ ਚੰਦਰਮਾ ਵਿੱਚ ਪਲਾਟ ਦਿਸਦੇ ਹਨ।

ਅਖ਼ਬਾਰਾਂ ਵਿੱਚ ਬਹੁਤ ਸਾਰੀ ਜਗ੍ਹਾ ਲਾਈਫ ਸਟਾਈਲ ਬਾਰੇ ਪੱਤਰਕਾਰੀ ਲੈ ਜਾਂਦੀ ਹੈ ਕਿਉਂ ਜੋ ‘ਆਮ ਆਦਮੀ’ ਵਿੱਚ ਇਹ ਜਾਣਨ ਦੀ ਪ੍ਰਬਲ ਇੱਛਾ ਹੈ ਕਿ ਕਿਸ ਫ਼ਿਲਮੀ ਐਕਟਰ ਨੇ ਆਪਣੀ ਸ਼ਾਦੀ ‘ਤੇ ਕੀ ਪਹਿਨਿਆ। ਨਿੱਤ ਮੁੱਖ ਅਖ਼ਬਾਰ ਦੇ ਕੰਧਾੜੀਂ ਚੜ੍ਹ ਆਉਂਦੇ ਲਾਈਫ ਸਟਾਈਲ (ਜੀਵਨ ਸ਼ੈਲੀ) ਬਾਰੇ ਇਹ ਦੋਵਰਕੇ, ਚੌਂਹਵਰਕੇ ਅਮੀਰਾਂ ਦੇ ਲਾਈਫ ਸਟਾਈਲ ਬਾਰੇ ਹੁੰਦੇ ਹਨ। ਕਿਉਂ ਜੋ ਹੁਣ ਆਮ ਆਦਮੀ ਵੀ ਵਡੇਰੀਆਂ ਇੱਛਾਵਾਂ ਦਾ ਪਾਲਣਹਾਰ ਹੋ ਗਿਆ ਹੈ, ਇਸ ਲਈ ਇਸ ਲਾਈਫ ਸਟਾਈਲ ਪੱਤਰਕਾਰੀ ਕੋਲ ਉਸ ਜੀਵਨ ਸ਼ੈਲੀ ਬਾਰੇ ਤਬਸਰਾ ਕਰਨ ਦੀ ਵਿਹਲ ਜਾਂ ਰੁਚੀ ਹੀ ਨਹੀਂ ਕਿ ਭੁੱਖ ਅਤੇ ਤੰਗੀ ਦਾ ਟਾਕਰਾ ਕਰਦਾ ਪਰਿਵਾਰ ਬੱਚਿਆਂ ਨੂੰ ਕੀ ਖਵਾ ਰਿਹਾ ਹੈ, ਫਟੇ ਕੰਬਲ ਅਤੇ ਗੱਤੇ ਦੇ ਮਿਲਾਪ ਕਰਵਾ ਕਿਵੇਂ ਓਹੜ-ਪੋਹੜ ਕਰ ਰਿਹਾ ਹੈ ਕਿ ‘ਠੰਢ ਨਾਲ ਮਰੀ ਜਵਾਨ ਕੁੜੀ’ ਵਾਲੀ ਸੁਰਖੀ ਹੋਣੋਂ ਬਚ ਰਹੇ।

ਨਹੀਂ ਤਾਂ ਮੰਨਾ ਡੇਅ ਦੇ ਸ਼ੰਕਰ-ਜੈਕਿਸ਼ਨ ਦੀ ਧੁਨ ‘ਤੇ ਗਾਏ ‘ਆਲੂ ਟਮਾਟਰ ਕਾ ਸਾਗ, ਇਮਲੀ ਕੀ ਚਟਨੀ ਬਣੇ/ ਰੋਟੀ ਕਰਾਰੀ ਸਿਕੇ, ਉਸ ਪੇ ਘੀ ਅਸਲੀ ਲਗੇ’ ਕਿਸੇ ਲਾਈਫ ਸਟਾਲ ਵਾਲੇ ਪੱਤਰਕਾਰ ਦੀ ਕਲਮ ਨੂੰ ਕਿਉਂ ਨਹੀਂ ਅਹੁੜਦਾ? ਜੇ ਜੀਵਨ ਸ਼ੈਲੀ ਕਿਸੇ ਖ਼ਾਸ ਜਮਾਤ ਦੀ ਹੀ ਹੁੰਦੀ ਹੈ ਤਾਂ ਬਾਕੀਆਂ ਨੂੰ ਕਿਸ ਪਸ਼ੂ ਸ਼੍ਰੇਣੀ ਵਿੱਚ ਰੱਖਿਆ ਜਾ ਰਿਹਾ ਹੈ?
------------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author's own voice, by clicking the Fb link in the top visual. This piece was originally published on January 7, 2019, just when ubiquitous headlines about citizens dying due to extreme cold in India’s metros and small towns appear in the media.  – Ed.  
------------
ਮੇਰੇ ਇੱਕ ਬਜ਼ੁਰਗ ਦੋਸਤ ਦੱਸਦੇ ਨੇ ਕਿ ਉਨ੍ਹਾਂ ਦੀ ਜਵਾਨੀ ਸਮੇਂ ਹਰ ਮਹੀਨੇ ਦੀ ਪਹਿਲੀ ਤਰੀਕ ਨੂੰ ਰੇਡੀਓ ਸਿਲੋਨ (Radio Ceylon) ‘ਤੇ ਬਿਨਾਕਾ ਗੀਤਮਾਲਾ ਵਿੱਚ ਕਿਸ਼ੋਰ ਕੁਮਾਰ ਦਾ ‘ਆਜ ਖ਼ੁਸ਼ ਹੈ ਜ਼ਮਾਨਾ, ਆਜ ਪਹਿਲੀ ਤਰੀਕ ਹੈ’ ਵੱਜਦਾ ਹੁੰਦਾ ਸੀ। ਮਹੀਨੇ ਦੇ ਪਹਿਲੇ ਦਿਨ ਮਿਲੀ ਤਨਖ਼ਾਹ ਨੂੰ ਜੇਬਕਤਰੇ ਤੋਂ ਬਚਾਅ, ਸਮੇਂ ਸਿਰ ਘਰ ਪਹੁੰਚਣ ਦੀ ਤਾਕੀਦ ਕਰਦਾ ਇਹ ਗਾਣਾ ਉਸ ਸੇਠ ਦਾ ਵੀ ਜ਼ਿਕਰ ਕਰਦਾ ਸੀ ਜਿਹੜਾ ਮੁਲਾਜ਼ਮ ਨੂੰ ਦਿੱਤੀ ਛੋਟੀ ਜਿਹੀ ਰਕਮ ਸੂਦ ਸਮੇਤ ਵਸੂਲ ਕਰਨ ਲਈ ਪਹਿਲੀ ਤਰੀਕ ਨੂੰ ਘਾਤ ਲਾ ਕੇ ਦਰਵਾਜ਼ੇ ਕੋਲ ਖੜ੍ਹਾ ਮਿਲਦਾ ਸੀ।

ਹੁਣ ਮੁਲਾਜ਼ਮਾਂ ਦੇ ਸੁਪਨੇ ਵੱਡੇ ਨੇ, ਉਨ੍ਹਾਂ ਦੀ ਅੱਕਾਸੀ ਵੀ ਅੱਡਰੀ ਹੋ ਗਈ ਹੈ। ਬਾਕੀ ਦੀ ‘ਘਰ ਘਰ ਨੌਕਰੀ’ ਦੇ ਸੁਪਨੇ ਦੀ ਤਲਾਸ਼ ਵਿੱਚ ਭਟਕਦੀ ਖ਼ਲਕਤ ਦੇ ਹਿੱਸੇ 1970ਵਿਆਂ ਦੇ ਗੁਲਜ਼ਾਰ ਸਾਹਿਬ ਦੇ ‘ਬੀਏ ਕੀਆ, ਐਮਏ ਕੀਆ, ਐਵੇਂ ਕੀਆ’ ਵਰਗੀ ਕੋਈ ਰੂਪਕਾਰੀ ਘੱਟ ਹੀ ਆਉਂਦੀ ਹੈ। ਸਲਿਲ ਚੌਧਰੀ ਦੀ ਧੁਨ ਵਿੱਚ ‘ਹਾਲ ਚਾਲ ਠੀਕ ਠਾਕ ਹੈ’ ਰਤਾ ਚੁੱਭਦਾ ਹੈ।

ਹਾਲ ਚਾਲ ਠੀਕ ਠਾਕ ਨਹੀਂ ਹੈ। ਠੰਢ ਨਾਲ ਹੁੰਦੀਆਂ ਮੌਤਾਂ ਵਾਲੀਆਂ ਸ਼ਰਮਸਾਰ ਕਰਦੀਆਂ ਸੁਰਖੀਆਂ ਤੋਂ ਬਚਣ ਹਿੱਤ ਕੁਝ ਸ਼ਹਿਰਾਂ ਵਿੱਚ ਪ੍ਰਸ਼ਾਸਨ ਨੇ ਸੜਕਾਂ ਕਿਨਾਰੇ ਤੰਬੂ ਲਗਵਾ ਦਿੱਤੇ ਹਨ। ਦਿੱਲੀ ਵਿੱਚ ਕੰਡਮ ਬੱਸਾਂ ਹਸਪਤਾਲਾਂ ਨੇੜੇ ਖੜ੍ਹੀਆਂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਜੋ ਗ਼ਰੀਬ ਮਰੀਜ਼ਾਂ ਦੇ ਠੰਢ ਵਿਚ ਕੰਬਦੇ ਰਿਸ਼ਤੇਦਾਰ ਉਨ੍ਹਾਂ ਵਿੱਚ ਚੰਦ ਘੰਟੇ ਗੁਜ਼ਾਰ ਸਕਣ। ਜੇ ਏਨੇ ਨਾਲ ਮੁਹੱਜ਼ਬ ਸਮਾਜ ਦੀ ਆਤਮ-ਗਿਲਾਨੀ ਦੂਰ ਨਾ ਹੋਵੇ ਤਾਂ ਸੜਕ ਕੰਢੇ ਚਾਹ-ਬਿਸਕੁਟ ਵੀ ਵਰਤਾਏ ਜਾਂਦੇ ਹਨ। ਘਰ ਦੇ ਨੇੜੇ ਗ਼ਰੀਬ ਰਹੇ ਤਾਂ ਸਵਾਬ ਕਮਾਉਣਾ ਜ਼ਰਾ ਸੁਖਾਲਾ ਹੋ ਜਾਂਦਾ ਹੈ। ਫੁੱਟਪਾਥਾਂ ਉੱਤੇ ਪਿਆਂ ‘ਤੇ ਕੰਬਲ ਸੁੱਟ ਤਾਂ ਆਤਮ-ਗਿਲਾਨੀ ਤੋਂ ਅੱਗੇ ਅਖ਼ਬਾਰੀ ਫੋਟੋ ਦਾ ਵੀ ਸਾਮਾਨ ਹੋ ਜਾਂਦਾ ਹੈ।

ਅਮਰੀਕਾ ਦੇ ਲਾਸ ਏਂਜਲਸ ਨਾਲ ਆਪਣੀ ਤੁਲਨਾ ਕਰਦੇ, ਪੁਰਾਣੇ ਨਾਮ ਨੂੰ ਛੱਡ ਗੁਰੂ ਵਾਲੇ ਬਣੇ ਗੁਰੂਗ੍ਰਾਮ ਵਿੱਚ ਬੀਤੇ ਵੀਰਵਾਰ ਅਤੇ ਸ਼ੁੱਕਰਵਾਰ ਦੀ ਰਾਤ ਨੂੰ ਤਿੰਨ ਲੋਕ ਠੰਢ ਨਾਲ ਮਰ ਗਏ। ਖ਼ਬਰ ਰਤਾ ਬਾਰੀਕੀ ਨਾਲ ਪੜ੍ਹੀ ਤਾਂ ਅੱਗੇ ਇਹ ਵੀ ਲਿਖਿਆ ਸੀ ਕਿ ਇਹ ਵਿਅਕਤੀ ਬੇਘਰੇ ਸਨ। ਗੁਰੂਗ੍ਰਾਮ ਦੇ ਮਾਣਯੋਗ ਮਿਉਂਸਿਪਲ ਕਮਿਸ਼ਨਰ ਸ੍ਰੀ ਯਸ਼ਪਾਲ ਯਾਦਵ ਜੀ ਨੇ ਕਿਹਾ ਹੈ ਕਿ ਬੇਘਰੇ ਲੋਕਾਂ ਨੂੰ ਕੜਾਕੇ ਦੀ ਠੰਢ ਤੋਂ ਬਚਣਾ ਚਾਹੀਦਾ ਹੈ ਅਤੇ ਉਹ ਇਸ ਕਾਰਜ ਲਈ ਇੱਕ ਜਾਗਰੂਕਤਾ ਪ੍ਰੋਗਰਾਮ ਚਲਾਉਣਗੇ ਤਾਂ ਜੋ ਇਹ ਜੀਵਨ-ਬਚਾਊ ਜਾਣਕਾਰੀ ਸਭਨਾਂ ਵਿੱਚ ਫੈਲੇ।

ਚੰਗਾ ਹੋਵੇ ਜੇ ਸਰਕਾਰੀ ਤੌਰ ‘ਤੇ ਇਹ ਤਾਕੀਦ ਵੀ ਕੀਤੀ ਜਾਵੇ ਕਿ ਲਾਈਫ ਸਟਾਈਲ ਸਫ਼ਿਆਂ ਅਤੇ ਟੀਵੀ ਪ੍ਰੋਗਰਾਮਾਂ ਵਿੱਚ ਇਹ ਨਸ਼ਰ ਕੀਤਾ ਜਾਵੇ ਕਿ ਫੁੱਟਪਾਥ ‘ਤੇ ਸੌਣ ਨਾਲੋਂ ਰੈਣਬਸੇਰੇ ਵਿੱਚ ਰਾਤ ਗੁਜ਼ਾਰਨ ਨਾਲ ਜਾਨ ਬਚ ਸਕਦੀ ਹੈ। ਸ਼ਾਇਦ ਗ਼ਰੀਬ ਨੂੰ ਪਤਾ ਹੀ ਨਾ ਹੋਵੇ।

ਲੋਕ ਠੰਢ ਜਾਂ ਗਰਮੀ ਨਾਲ ਨਹੀਂ ਮਰਦੇ। ਉਹ ਇਸ ਲਈ ਮਰਦੇ ਨੇ ਕਿਉਂਕਿ ਉਨ੍ਹਾਂ ਦੇ ਸਿਰ ‘ਤੇ ਛੱਤ ਨਹੀਂ, ਪੇਟ ਵਿੱਚ ਪੌਸ਼ਟਿਕ ਆਹਾਰ ਨਹੀਂ, ਉਪਰ ਲੈਣ ਲਈ ਰਜਾਈ ਨਹੀਂ। ਕਮਰਾ ਗਰਮ ਜਾਂ ਠੰਢਾ ਕਰਨ ਲਈ ਹੀਟਰ ਜਾਂ ਪੱਖਾ ਨਹੀਂ। ਇਹ ਸਭ ਪੁੱਛਣ ਵਾਲੀ ਸਰਕਾਰ ਨਹੀਂ, ਪੱਤਰਕਾਰ ਨਹੀਂ। ਲੋਕ ਇਸ ਲਈ ਮਰਦੇ ਨੇ ਕਿਉਂਕਿ ਅਸੀਂ ਲਾਈਫ ਸਟਾਈਲ ਵਰਕੇ ਪੜ੍ਹਦੇ-ਪੜ੍ਹਦੇ ਆਤਮ-ਗਿਲਾਨੀ ਤੋਂ ਰਹਿਤ ਹੋ ਗਏ ਹਾਂ।

ਇਸ ਕਾਰਜ ਵਿੱਚ ਅੰਕੜੇ ਵੀ ਸਹਾਈ ਹੋ ਰਹੇ ਹਨ। 8 ਮਾਰਚ 2016 ਨੂੰ ਲੋਕ ਸਭਾ ਵਿੱਚ ਪੁੱਛੇ ਸਵਾਲ ਨੰਬਰ 1831 ਦੇ ਜਵਾਬ ਵਿੱਚ ਦੇਸ਼ ਦੇ ਸਮਾਜਿਕ ਨਿਆਂ ਮਹਿਕਮੇ ਦੇ ਕੇਂਦਰੀ ਰਾਜ ਮੰਤਰੀ ਨੇ ਜਵਾਬ ਦਿੱਤਾ ਕਿ ਚੰਡੀਗੜ੍ਹ ਵਿੱਚ ਕੁੱਲ ਮਿਲਾ ਕੇ ਸਿਰਫ਼ 121 ਮੰਗਤੇ ਹਨ।

ਮੰਤਰੀ ਸਾਹਿਬ ਪੰਜਾਬ ਤੋਂ ਹਨ, ਅਕਸਰ ਚੰਡੀਗੜ੍ਹ ਆਉਂਦੇ ਹਨ। ਅੱਗੇ ਲੱਗੀ ਲਾਲ ਬੱਤੀ ਵਾਲੀ ਜਿਪਸੀ ਦੇ ਬਾਵਜੂਦ ਇਹ ਸੱਚਾਈ ਹਰ ਚੌਕ ਵਿੱਚ ਦਿਖਾਈ ਦਿੰਦੀ ਹੈ। ਪਰ ਜੇ ਨਾ ਵੀ ਦਿੱਸੀ ਹੋਵੇ ਤਾਂ ਸਰਕਾਰ-ਏ-ਹਿੰਦ ਲਕਸ਼ਦੀਪ ਦੇ ਮੰਗਤਿਆਂ ਬਾਰੇ ਤਾਂ ਕੁਝ ਕਰ ਹੀ ਸਕਦੀ ਸੀ। ਲੋਕ ਸਭਾ ਨੂੰ ਮੰਤਰੀ ਜੀ ਨੇ ਦੱਸਿਆ ਕਿ ਇਸ ਕੇਂਦਰ ਸ਼ਾਸਤ ਪ੍ਰਦੇਸ਼ ਵਿੱਚ ਕੁੱਲ ਦੋ ਮੰਗਤੇ ਹਨ ਅਤੇ ਦੋਵੇਂ ਔਰਤਾਂ ਹਨ। ਕੋਈ ਲਾਈਫ ਸਟਾਈਲ ਪੱਤਰਕਾਰ, ਟੀਵੀ ਚੈਨਲ ਉਨ੍ਹਾਂ ਦੀ ਇੰਟਰਵਿਊ ਲੈਣ ਨਹੀਂ ਗਿਆ। ਲਾਈਫ ਸਟਾਈਲ ਪੱਤਰਕਾਰੀ ਨੂੰ ਉਨ੍ਹਾਂ ਦੀ ਜੀਵਨ ਸ਼ੈਲੀ ‘ਤੇ ਝਾਤ ਮਾਰਨੀ ਚਾਹੀਦੀ ਹੈ।

ਕਿਉਂ ਜੋ ਅਖ਼ਬਾਰਾਂ ਅਤੇ ਟੈਲੀਵਿਜ਼ਨ ਨਵੇਂ ‘ਆਮ ਆਦਮੀ’ ਬਾਰੇ ਚਿੰਤਾਗ੍ਰਸਤ ਹਨ, ਤੁਸੀਂ ਪਿਛਲੇ ਯੁੱਗ ਦੇ ਆਮ ਆਦਮੀ ਨੂੰ ਮਿਲਣ ਅਤੇ ਜਾਣਕਾਰੀ ਵਧਾਊ ਮੁਹਿੰਮ ਦੇ ਤੌਰ ਉੱਤੇ ਰੈਣਬਸੇਰੇ ਦਾ ਇੱਕ ਚੱਕਰ ਲਾ ਆਵੋ, ਸ਼ਾਇਦ ਕੜਾਕੇ ਦੀ ਠੰਢ ਨਾਲ ਮਰਨ ਵਾਲਿਆਂ ਬਾਰੇ ਇੱਕ ਸੁਰਖ਼ੀ ਘਟਾ ਆਵੋ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਇਹ ਲੇਖ ਹੀਟਰ ਦੀ ਸੁਰਖ਼ ਰੌਸ਼ਨੀ ਅਤੇ ਸੇਕ ਦੇ ਕਿਨਾਰੇ ਲਿਖ ਰਿਹਾ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER