ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਭੈਣ ਗ਼ਰੀਬੀ, ਬੰਨ੍ਹ ਰੱਖੜੀ ਮੇਰੇ, ਵੋਟਾਂ ਆਈਆਂ ਈ




ਉਹ ਸੱਚੀਓਂ ਸੋਹਣੀ ਨਹੀਂ ਸੀ, ਭੋਰਾ ਵੀ ਨਹੀਂ। ਪਹਿਲੋਂ ਵੀ ਮਿਲਦੀ ਸੀ, ਸਾਡੇ ਘਰੀਂ ਵੀ ਰਹਿੰਦੀ ਰਹੀ। ਹੁਣ ਵੀ ਟੱਕਰਦੀ ਰਹਿੰਦੀ ਹੈ, ਪਰ ਮੈਨੂੰ ਕਦੇ ਵੀ ਸੋਹਣੀ ਨਹੀਂ ਜਾਪੀ। ਮੈਨੂੰ ਪਤੈ ਕਈਆਂ ਉਹਦੀ ਤਾਰੀਫ਼ ਦੇ ਪੁਲ ਬੰਨ੍ਹੇ ਨੇ, ਕਈਆਂ ਆਖਿਐ ਗੁਣ ਵੇਖੋ, ਇਮਾਨਦਾਰ ਬੜੀ ਏ ਪਰ ਇਹ ਵੀ ਕੋਈ ਗੱਲ ਹੋਈ ਭਲਾ?

ਭਖਵੀਆਂ ਸਿਆਸੀ ਬਹਿਸਾਂ ਵਿੱਚ, ਹਰ ਮੁੱਦੇ ਨੂੰ ਮੁਖਾਤਬ ਸਿਆਸਤਦਾਨਾਂ ਦੇ ਬਿਆਨਾਂ ਵਿੱਚ ਅਤੇ ਟੀਵੀ ‘ਤੇ ਰਾਤ ਨੂੰ ਕੁਰਸੀ ਤੋਂ ਉੱਛਲ-ਉੱਛਲ ਸਵਾਲ ਦਾਗ਼ਦੇ ਐਂਕਰਾਂ ਦੇ ਸੀਧੀ ਬਾਤ, ਟੇਢੀ ਬਾਤ, ਦੇਸ਼ ਕਾ ਮੁੱਦਾ, ਸਿਆਸਤ ਕਾ ਮਹਾਂਭਾਰਤ ਵਾਲੇ ਮੰਚਾਂ ‘ਤੇ ਉਹਨੂੰ ਵੇਖਿਆਂ ਚਿਰ ਹੋ ਗਿਆ ਹੈ। ਝੁਰੜੀਆਂ ਭਰਿਆ ਚਿਹਰਾ ਹੁੰਦਾ ਸੀ ਉਹਦਾ ਅਕਸਰ, ਅਤੇ ਮਾਸ ਪਾੜ ਕੇ ਬਾਹਰ ਆਉਣ ਦੀ ਧਮਕੀ ਦੇਂਦੀਆਂ ਪਸਲੀਆਂ। ਚਾਰੋਂ ਪਾਸੇ ਵਿਆਪਕ ਫੈਲੀ ਹੋਣ ਦੇ ਬਾਵਜੂਦ ਇਨ੍ਹਾਂ ਬਹਿਸਾਂ ਵਿੱਚ ਉਹ ਨਾ ਆਉਂਦੀ।

70ਵਿਆਂ ਤਕ ਇਹਦੀ ਗੱਲ ਘਰ-ਘਰ ਹੁੰਦੀ ਸੀ। 80ਵਿਆਂ ਵਿੱਚ ਅਸੀਂ ਇਹਦੇ ਨਾਲ ਰਹਿਣਾ ਸਿੱਖ ਲਿਆ। 90ਵਿਆਂ ਵਿੱਚ ਫੈਸ਼ਨ ਉੱਕਾ ਹੀ ਬਦਲ ਗਿਆ। ਇਹ ਸਾਡੇ ਨਾਲ ਰਹਿੰਦੀ ਵੀ ਰਹੀ, ਪਰ ਏਡੀ ਘਰ ਦੀ ਜੀਅ ਹੋ ਗਈ ਸੀ ਕਿ ਯਾਦ ਹੀ ਨਾ ਰਿਹਾ ਇਹਨੂੰ ਵੀ ਬਹਿਸ ਵਿੱਚ ਬੁਲਾਉਣਾ ਹੁੰਦਾ ਹੈ।

ਸਦੀ ਬਦਲੀ ਤਾਂ ਅਸੀਂ ਜਿਊਣ-ਜਾਣਨ ਦੀ ਗਤੀ ਬਦਲੀ। ਇੰਟਰਨੈੱਟ, ਮੋਬਾਈਲ ਫੋਨ, ਗੂਗਲ ਅਤੇ ਫਿਰ ਸੋਸ਼ਲ ਮੀਡੀਆ। ਹਰ ਕੋਈ ਦੂਜੇ ਨਾਲ ਗੱਲ ਕਰ ਰਿਹਾ ਸੀ, ਤੀਜੇ ਨਾਲ ਲੜ ਰਿਹਾ ਸੀ, ਚੌਥੇ ਨਾਲ ਬਹਿਸ ਰਿਹਾ ਸੀ। ਮੁੱਢ ਕਦੀਮ ਤੋਂ ਧਰਤੀ ਸੂਰਜ ਦੁਆਲੇ ਹਜ਼ਾਰ ਮੀਲ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਘੁੰਮ ਰਹੀ ਹੈ, ਪਰ ਨਵੀਂ ਜੀਵਨ-ਸ਼ੈਲੀ ‘ਚ ਇਹ ਸਫ਼ਰ ਕੁਝ ਵਧੇਰੇ ਤੇਜ਼ ਜਾਪ ਰਿਹਾ ਸੀ। ਜਿਸ ਦਾ ਚਿਹਰਾ ਝੁਰੜੀਆਂ ਭਰਿਆ ਹੁੰਦਾ ਸੀ ਤੇ ਜਿਸ ਦੀਆਂ ਪਸਲੀਆਂ ਮਾਸ ਪਾੜ ਕੇ ਬਾਹਰ ਆਉਣ ਦੀ ਧਮਕੀ ਦਿੰਦੀਆਂ ਸਨ, ਉਹ ਹੁਣ ਬਹੁਤ ਪਿੱਛੇ ਰਹਿ ਗਈ ਸੀ। ਉਹਦੀ ਗੱਲ ਕਰਨ ਦਾ ਬਹੁਤਾ ਫੈਸ਼ਨ ਹੀ ਨਹੀਂ ਰਹਿ ਗਿਆ ਸੀ।
----------
ਇਹ ਸਾਡੇ ਨਾਲ ਰਹਿੰਦੀ ਵੀ ਰਹੀ, ਪਰ ਏਡੀ ਘਰ ਦੀ ਜੀਅ ਹੋ ਗਈ ਕਿ ਇਹਨੂੰ ਬਹਿਸ ਵਿੱਚ ਬੁਲਾਉਣਾ ਯਾਦ ਹੀ ਨਾ ਰਿਹਾ। ਗ਼ਰੀਬੀ ਆਪਣਾ ਝੁਰੜੀਆਂ ਵਾਲਾ ਚਿਹਰਾ ਲਈ, ਆਪਣੀਆਂ ਪਸਲੀਆਂ ਨੂੰ ਸੰਭਾਲ ਟੀਵੀ ਸਟੂਡੀਓ ਦਾ ਦਰਵਾਜ਼ਾ ਭੰਨ੍ਹ ਬਹਿਸ ਦੇ ਪਿੜ ਵਿੱਚ ਫਿਰ ਵੜ ਗਈ ਹੈ।
----------
ਮੇਰੀ ਉਹਦੀ ਪਹਿਲੀ ਮੁਲਾਕਾਤ ਦੀ ਯਾਦ ਵੀ ਕੁਝ ਅਜੀਬ ਹੈ। ਸੱਠਵਿਆਂ ਦੇ ਮੱਧ ਵਿੱਚ ਆਪਣੇ ਭਰ-ਜੁਆਨ ਮਾਂ-ਬਾਪ ਦੇ ਘਰੀਂ ਮੈਂ ਢੁੱਕਿਆ ਸਾਂ। ਪੰਜਾਂ ਦਾ ਸਾਂ ਜਦੋਂ ਮਕਾਨ ਮਾਲਕਾਂ ਦੇ ਘਰ ਟੀਵੀ ਆ ਗਿਆ ਸੀ। ਉਹਦੇ ‘ਤੇ ਗ਼ਰੀਬੀ ਹਟਾਓ ਵਾਲੀ ਨੂੰ ਹਰ ਸ਼ਾਮ ਨਿੱਤ ਵੇਖਦੇ। ਮੈਨੂੰ ਅੱਖਰ ਜੋੜ-ਜੋੜ ਸ਼ਬਦ ਪੜ੍ਹਨਾ ਆ ਗਿਆ ਸੀ। ਘਰ ਮੇਰੀ ਇੱਕ ਭੈਣ ਵੀ ਆ ਗਈ ਸੀ, ਮੈਥੋਂ ਚਾਰ ਸਾਲ ਛੋਟੀ। ਗ਼ਰੀਬੀ ਹਟਾਓ ਵਾਲੀ ਦੀ ਸਰਕਾਰ ਆ ਗਈ ਸੀ। ਫਿਰ ਰੱਖੜੀ ਦਾ ਤਿਉਹਾਰ ਆਇਆ। ਸਿਆਸਤ ਕਿਸ ਕਦਰ ਸਾਡੇ ਨਿੱਜੀ ਜੀਵਨ ਵਿੱਚ ਆ ਵੜਦੀ ਏ, ਇਹਦੀ ਸੂਝ ਤਾਂ ਅਜੇ ਕੱਖ ਨਾ ਸੀ ਪਰ ਏਨਾ ਯਾਦ ਹੈ ਪਈ ਰੱਖੜੀ ਮੈਂ ਉਹ ਚੁਣੀ ਜਿਹਦੇ ’ਤੇ ਪਲਾਸਟਿਕ ਦੇ ‘ਗ਼ਰੀਬੀ ਹਟਾਓ’ ਸ਼ਬਦ ਚਿਣੇ ਹੋਏ ਸਨ।

ਮਾਂ ਨੇ ਕੁਝ ਕੁ ਮਹੀਨਿਆਂ ਦੀ ਭੈਣ ਹੱਥੀਂ ਰੱਖੜੀ ਮੇਰੀ ਕਲਾਈ ‘ਤੇ ਬੰਨ੍ਹਵਾ ਦਿੱਤੀ। ਬਾਪੂ ਗ਼ਰੀਬੀ ਹਟਾਉਣ ਦੇ ਹੱਕ ਵਿੱਚ ਸੀ, ਮੇਰਾ ਕੋਈ ਵਿਰੋਧ ਨਹੀਂ ਸੀ, ਮਾਂ ਨੂੰ ਬਹੁਤਾ ਮਤਲਬ ਨਹੀਂ ਸੀ, ਭੈਣ ਨੂੰ ਅਜੇ ਅੱਖਰ ਬੋਧ ਹੀ ਨਹੀਂ ਸੀ। ਸੋ ਸਾਡੀ ਸਹਿਮਤੀ ਹੀ ਸਮਝੋ। ਨਾਲੇ ਮੇਰੇ ਤਾਂ ਹੁਣ ਸਿਆਸਤ ਕਲਾਈ ‘ਤੇ ਬੱਧੀ ਸੀ।

ਕੁਝ ਵਰ੍ਹੇ ਗ਼ਰੀਬੀ ਬਾਰੇ ਗੱਲਬਾਤ ਸਿਆਸਤ ਦੀ ਕੇਂਦਰੀ ਸੁਰ ਬਣੀ ਰਹੀ। 80ਵਿਆਂ ਵਿੱਚ ਪੰਜਾਬ ਹੋਰ ਮਸਲਿਆਂ ਨਾਲ ਨਜਿੱਠਣ ਹੋ ਟੁਰਿਆ। 90ਵਿਆਂ ਦੇ ਸ਼ੁਰੂ ਵਿੱਚ ਹੀ ਮੰਡਲ, ਕਮੰਡਲ ਦੋਵੇਂ ਦਰਿਆ ਰਾਜਨੀਤੀ ਵਿੱਚ ਛੱਲਾਂ ਮਾਰਦੇ ਵਗ ਤੁਰੇ। ਫਿਰ ਜਦੋਂ ਅਸੀਂ ਇੰਟਰਨੈੱਟੀ ਹੋਏ ਤਾਂ ਬ੍ਰਾਡਬੈਂਡ ਅਤੇ ਸਮਾਰਟ ਫੋਨ ਮੁੱਢਲੀਆਂ ਮਨੁੱਖੀ ਲੋੜਾਂ ਵਜੋਂ ਰਾਜਨੀਤਕ ਪਿੜ ਵਿੱਚ ਉੱਭਰੇ। ਨੇਤਾ ਨੇ ਸੁਰ ਸਮਝੀ ਅਤੇ ਉੱਚੀ ਤਾਨ ਵਿੱਚ ਡੀਪੂ ਤੋਂ ਮਿਲਦੇ ਰਾਸ਼ਨ ਵਿੱਚ ਵਾਧੇ ਦੀ ਬਜਾਏ ਜੁਆਨ ਵੋਟਰਾਂ ਨੂੰ ਮੁਫ਼ਤ ਸਮਾਰਟ ਫੋਨ ਦਾ ਵਾਅਦਾ ਕੀਤਾ। ਕਿੱਥੇ ਗਏ ਤੁਹਾਡੇ ਲੈਪਟਾਪ? ਕਿਉਂ ਨਹੀਂ ਦਿੱਤੇ ਤੁਸਾਂ ਸਮਾਰਟ ਫੋਨ? ਵਿਰੋਧੀਆਂ ਸੁਰ ਅਲਾਪਿਆ।

ਗ਼ਰੀਬੀ ਨੂੰ ਫੈਸ਼ਨ ਹੀ ਨਹੀਂ ਕਰਨਾ ਆਇਆ। ਉਸ ਨੂੰ ਕਿਸੇ ਨੇ ਟੀਵੀ ਸਟੂਡੀਓ ਹੀ ਨਾ ਸੱਦਿਆ। ਉਹ ਹਾਲੇ ਵੀ ਝੁਰੜੀਆਂ ਵਾਲਾ ਚਿਹਰਾ ਲਈ ਤੁਰਦੀ ਰਹੀ, ਪਸਲੀਆਂ ਉਹਦੀਆਂ ਕੋਲ ਹਾਲੇ ਵੀ ਉਹ ਪੁਰਾਣੀ ਧਮਕੀ – ਅਸੀਂ ਮਾਸ ਪਾੜ ਕੇ ਬਾਹਰ ਆਈਆਂ ਕਿ ਆਈਆਂ! ਹੁਣ ਕਿਸੇ ਨੂੰ ਇਹ ਧਮਕੀ ਰੜਕਦੀ ਨਾ ਸੀ।

ਗ਼ਰੀਬ ਨਾਲ ਹਮਦਰਦੀ ਨੂੰ ਸਮਾਜਿਕ ਪ੍ਰਵਾਨਗੀ ਸੀ। ਇਸ ਲਈ ਹਮਦਰਦੀ ਭਾਲਦਾ ਹਰ ਕੋਈ ਗ਼ਰੀਬ ਹੋਣ ਤੁਰ ਪਿਆ। ਧਨਾਢਾਂ ਨੇ ਆਪਣੇ ਮਹਿਲਾਂ ਨੂੰ ਗ਼ਰੀਬਖ਼ਾਨਾ ਕਹਿਣਾ ਸ਼ੁਰੂ ਕੀਤਾ। ਕਿਸੇ ਢਊਂ-ਢਊਂ ਕਰਦੇ ਦੋ ਖਣਾਂ ਦੇ ਘਰ ਦੇ ਬਾਹਰ ਮੈਂ ਕਦੇ ‘ਗ਼ਰੀਬ ਦਾ ਆਲ੍ਹਣਾ’ ਵਾਲੀ ਤਖ਼ਤੀ ਲੱਗੀ ਨਹੀਂ ਦੇਖੀ। ਇਹ ਸੁਭਾਗ ਮੇਰੇ ਸ਼ਹਿਰ ਵਿੱਚ ਮਾਡਲ ਟਾਊਨ ‘ਚ ਨਵੀਂ ਬਣੀ ਇੱਕ ਆਲੀਸ਼ਾਨ ਕੋਠੀ ਨੂੰ ਮਿਲਿਆ ਸੀ। ਹੁਣ ਤਾਂ ਕੁਝ ਗ਼ਰੀਬਾਂ ਨੇ ਹਾਲੀਵੁੱਡ ਹੋਮਜ਼, ਵਿਕਟੋਰੀਆ ਟਾਵਰਜ਼ ਜਾਂ ਐਲਪਾਈਨ ਰੈਜ਼ੀਡੈਂਸੀ ਵਰਗੇ ਨਾਵਾਂ ਵਾਲੀਆਂ ਕਲੋਨੀਆਂ ਵਿੱਚ ਰਹਿਣਾ ਸ਼ੁਰੂ ਕਰ ਦਿੱਤਾ ਹੈ।

ਮੁਲਕ ਦੇ ਕਿੰਨੇ ਕੁ ਬਸ਼ਿੰਦੇ ਕਾਲਜਾਂ, ਯੂਨੀਵਰਸਿਟੀਆਂ ਵਿੱਚ ਪੜ੍ਹਨ ਜਾਂਦੇ ਨੇ? ਬਹੁਤਿਆਂ ਦਾ ਅਧਿਆਪਕ ਸਾਡਾ ਵਿਸ਼ਾਲ ਹਿੰਦੀ ਸਿਨੇਮਾ ਰਿਹਾ ਹੈ। ਵਾਲ ਕਿਵੇਂ ਵਾਹੁਣੇ ਹਨ, ਫੈਸ਼ਨ ਕਿਵੇਂ ਕਰਨਾ ਹੈ, ਮੁਹੱਬਤ ਦਾ ਇਜ਼ਹਾਰ ਕਿਨ੍ਹਾਂ ਸ਼ਬਦਾਂ ਵਿੱਚ ਕੀਤਾ ਜਾਂਦਾ ਹੈ, ਇਹ ਸਭ ਤਾਂ ਇੱਕ ਵੱਡਾ ਜਨ-ਸਮੂਹ ਫ਼ਿਲਮਾਂ ਤੋਂ ਹੀ ਸਿੱਖ ਰਿਹਾ ਸੀ। ਜਦੋਂ ਦੇਸ਼ ਦਾ ਜਨਤਕ ਪਿੜ ਬਦਲਿਆ ਤਾਂ ਫ਼ਿਲਮਾਂ ਵਿੱਚ ਵੀ ਗ਼ਰੀਬ ਦੀ ਰੂਪਕਾਰੀ ਬਦਲੀ। ਹੁਣ ਉਹ ਦੋ-ਚਾਰ ਸੌ ਗਜ਼ ਦੇ ਮਕਾਨ ਵਿੱਚ ਰਹਿਣ ਵਾਲਾ ਮੋਟਰ-ਮਕੈਨਿਕ ਸੀ, ਜਾਂ ਛੱਤੀ ਵਾਰੀ ਕਿੱਕ ਮਾਰ ਕੇ ਸਕੂਟਰ ਸਟਾਰਟ ਕਰਦਾ ਅਤੇ ਕਾਰ ਖਰੀਦਣ ਦੀ ਫਿਰਾਕ ਵਿੱਚ ਚਿੰਤਾ ‘ਚ ਡੁੱਬਿਆ ਅਧਿਆਪਕ।
-----------
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on April 1, 2019, as electioneering was on a high pitch in India. – Ed.     
------------

ਇਨ੍ਹਾਂ ਸਭਨਾਂ ਨੇ ਰਾਜਨੀਤੀ ਵਿੱਚ ਇੰਨੀ ਜਗ੍ਹਾ ਮਲੱਕ ਲਈ ਕਿ ਗ਼ਰੀਬ ਲਈ ਕਿਸੇ ਨੇ ਕਿਸੇ ਸੀਧੀ ਬਾਤ, ਟੇਢੀ ਬਾਤ, ਦੇਸ਼ ਕਾ ਮੁੱਦਾ, ਸਿਆਸਤ ਕਾ ਮਹਾਂਭਾਰਤ ਵਾਲੇ ਮੰਚ ‘ਤੇ ਕੁਰਸੀ ਨਾ ਲਾਈ। ਗਰੀਬੜਾ ਜਿਹਾ ਉਹ ਹੱਥ ਵਿੱਚ ਵੋਟ ਫੜੀ, ਕਦੇ ਇਮਾਨਦਾਰੀ ਅਤੇ ਕਦੇ ਵਿਕਾਸ ਨੂੰ ਭੁਗਤਦਾ ਰਿਹਾ। ਸਮਾਜਿਕ ਨਿਆਂ ਦਾ ਨਾਅਰਾ ਮਾਰਨ ਵਾਲਿਆਂ ਉਹਦੇ ਨਾਲ ਛੱਡ ਬਾਕੀ ਸਭ ਨਾਲ ਸਮਝੌਤੇ ਕਰ ਲਏ।

ਜ਼ੁਲਫਿਕਾਰ ਅਲੀ ਭੁੱਟੋ 
 
ਗੁਆਂਢ ਵੀ ਹਾਲ ਇਹੋ ਸੀ। ਰੋਟੀ-ਕੱਪੜਾ-ਮਕਾਨ ਸਾਨੂੰ ਬੜਾ ਆਪਣਾ ਨਾਅਰਾ ਜਾਪਦਾ ਹੈ, ਪਰ ਸੱਚ ਇਹ ਹੈ ਕਿ ਇਹ ਗ਼ਰੀਬੀ ਹਟਾਓ ਤੋਂ ਕੁਝ ਮਹੀਨੇ ਪਹਿਲਾਂ ਉਸ ਦੂਜੇ ਦੇਸ਼ ਦੀ ਸਿਆਸਤ ‘ਚ ਜਨਮਿਆ ਸੀ ਜਿੱਥੇ ਅੱਜਕੱਲ੍ਹ ਤੁਹਾਨੂੰ ਜਾਣ ਲਈ ਕਿਹਾ ਜਾ ਸਕਦਾ ਹੈ। ਜਨਰਲ ਯਾਹੀਆ ਖ਼ਾਨ ਨੇ ਜਾਂਦੇ 1970 ਵਿੱਚ ਚੋਣਾਂ ਦਾ ਐਲਾਨ ਕੀਤਾ ਤਾਂ ਔਕਸਫੋਰਡ ਅਤੇ ਕੈਲੀਫੋਰਨੀਆ ਯੂਨੀਵਰਸਿਟੀ ਬਰਕਲੇ ਤੋਂ ਪੜ੍ਹੇ, ਜਗੀਰਦਾਰ ਪਰਿਵਾਰ ‘ਚੋਂ ਆਏ ਜ਼ੁਲਫਿਕਾਰ ਅਲੀ ਭੁੱਟੋ ਨੇ ਹਰ ਪਾਕਿਸਤਾਨੀ ਨੂੰ ਰੋਟੀ, ਕੱਪੜਾ, ਮਕਾਨ ਦਾ ਨਾਅਰਾ ਦਿੱਤਾ।

ਸਿਆਸਤ ਨੇ ਜੰਗੀ ਮੋੜਾ ਕੱਟਿਆ, ਗ਼ਰੀਬੀ ਦੇ ਨਾਅਰੇ ਪਿੱਛੇ ਰਹਿ ਗਏ। ਉਨ੍ਹਾਂ ਦੇ ਮੁਲਕ ਦੇ ਦੋ ਟੋਟੇ ਹੋ ਗਏ। ਅਸੀਂ ਗ਼ਰੀਬੀ ਹਟਾਓ ਵਾਲੀ ਤੋਂ ਲੋਕਤੰਤਰ ਬਚਾਉਣ ਵਿੱਚ ਮਸਰੂਫ਼ ਹੋ ਗਏ। ਤਬੀਲ ਵਕਤ ਗੁਜ਼ਰਦਾ ਗਿਆ। ਗ਼ਰੀਬ ਕਿਸਮ-ਕਿਸਮ ਦੇ ਰਾਸ਼ਨ ਕਾਰਡਾਂ, ਨੀਲੇ-ਪੀਲੇ ਗ਼ਰੀਬੀ ਦੇ ਨਾਵਾਂ ਨਾਲ ਪਰਚਦਾ ਰਿਹਾ। ਤਰੱਕੀਯਾਫ਼ਤਾ ਮੁਲਕ ਵਿੱਚ ਸਿਆਸਤ ਨੇ ਉਹਦਾ ਧਿਆਨ ਸਸਤੇ ਆਟਾ-ਦਾਲ, ਦੋ ਰੁਪਏ ਕਿੱਲੋ ਚੌਲ, ਘਟੀਆ ਪਰ ਮੁਫ਼ਤ ਸਾੜ੍ਹੀਆਂ-ਧੋਤੀਆਂ ਵੱਲ ਲਾਈ ਰੱਖਿਆ। ਉਹਦੇ ਸੁਫ਼ਨੇ ਖੋਹ ਉਹਨੂੰ ਜਨਤਕ ਪਿੜ ਵਿੱਚੋਂ ਬਾਹਰ ਧੱਕੀ ਰੱਖਿਆ। ਜੇ ਕਦੇ ਸੁਫ਼ਨਾ ਦਿੱਤਾ ਤਾਂ ਇਹ 15 ਲੱਖ ਸਿੱਧਾ ਖਾਤੇ ਪਾਉਣ ਵਾਲਾ ਭਿਆਨਕ ਜੁਮਲਾ ਨਿਕਲਿਆ। ਗ਼ਰੀਬੀ ਨੇ ਨਵੇਂ ਯੁਗ ਦੇ ਹਾਣ ਦਾ ਫੈਸ਼ਨ ਨਾ ਕੀਤਾ। ਕੰਬਖਤ ਇਹ ਚੀਜ਼ ਹੀ ਪੁਰਾਣੇ ਵਕਤਾਂ ਦੀ ਹੈ।

ਨਾ ਮਾਸ ਪਾੜ ਕੇ ਬਾਹਰ ਆਉਣ ਦੀ ਧਮਕੀ ਦੇਂਦੀਆਂ ਪਸਲੀਆਂ ਦਿੱਸਣ, ਨਾ ਉਹਨੂੰ ਟੀਵੀ ਸਟੂਡੀਓ ਦਾ ਰਾਹ ਮਿਲੇ। ਪਰ ਕਿਉਂ ਜੋ ਧੱਕਾ ਕਾਲੋਨੀ ਅਤੇ ਹੌਲੀਵੁੱਡ ਟਾਵਰ ਵਾਲਿਆਂ ਦੀ ਵੋਟ ਵਿੱਚ ਦਮ ਬਰਾਬਰ ਦਾ ਹੈ, ਇਸ ਲਈ ਵਿਰਲੀ-ਟਾਵੀਂ ਕੋਈ ਕਵਾਇਦ ਗੱਲ ਨੂੰ ਬਹਾਨਾ ਦੇਂਦੀ ਰਹੀ। ਹੁਣ ਦੇਸ਼ ਨੂੰ ਮਹਾਨ ਬਣਾਉਣ, ਦੁਸ਼ਮਣ ਨੂੰ ਸਬਕ ਸਿਖਾਉਣ ਅਤੇ ਦੇਸ਼-ਦੁਸ਼ਮਣਾਂ ਨੂੰ ਪਾਕਿਸਤਾਨ ਭੇਜਣ ਬਾਰੇ ਕੰਨਪਾੜਵੇਂ ਸ਼ੋਰ ਵਿੱਚ ਫਿਰ ਗੱਲ ਉੱਠੀ ਹੈ।

ਇੱਕ ਧਿਰ ਕਿਸਾਨ ਨੂੰ ਸਿੱਧਾ ਪੈਸਾ ਭੇਜਣ ਦਾ ਬੰਦੋਬਸਤ ਕਰ ਚੁੱਕੀ ਹੈ, ਦੂਜੀ ਧਿਰ ਨੇ ਗ਼ਰੀਬ ਨੂੰ ਹਰ ਮਹੀਨੇ ਸਿੱਧਾ ਪੈਸਾ ਭੇਜਣ ਦਾ ਮਨਸੂਬਾ ਘੜ ਲਿਆ ਹੈ। ਵਰ੍ਹਿਆਂ ਬਾਅਦ ਗ਼ਰੀਬੀ ਨੂੰ ਏਨਾ ਫੈਸ਼ਨ ਕਰਨਾ ਆ ਗਿਆ ਹੈ ਕਿ ਉਹ ਟੀਵੀ ਸਟੂਡੀਓ ਵਿੱਚ ਹੁੰਦੀ ਬਹਿਸ ਵਿੱਚ ਬਾਕੀ ਮੁੱਦਿਆਂ ਨਾਲ ਬੈਠੇ, ਰਾਫੇਲ ਦੇ ਬਰਾਬਰ ਹਿੱਸਾ ਲਵੇ।

ਦੁਨੀਆਂ ਪੈਸੇ ਨਾਲ ਚੱਲਦੀ ਹੈ। ਸਾਰੀ ਦੁਨੀਆਂ ਵਿੱਚ ਹੁਣ ਮਾਮਲਾ ਨੋਟਾਂ ਨਾਲ ਤੈਅ ਕੀਤਾ ਜਾ ਰਿਹਾ ਹੈ। ਕੈਨੇਡਾ ਦੇ ਓਂਟਾਰੀਓ ਵਿੱਚ ਤਜਰਬੇ ਦੇ ਤੌਰ ‘ਤੇ 4,000 ਲੋਕਾਂ ਨੂੰ ਤਿੰਨ ਸਾਲ ਤਕ ਸਿੱਧਾ ਪੈਸਾ ਦਿੱਤਾ ਗਿਆ। ਪ੍ਰਤੀ ਵਿਅਕਤੀ 16,989 ਕੈਨੇਡੀਅਨ ਡਾਲਰ ਅਤੇ ਪ੍ਰਤੀ ਵਿਆਹੁਤਾ ਜੋੜੀ 24,027 ਡਾਲਰ। ਇਹ ਸਕੀਮ 31 ਮਾਰਚ 2019 ਨੂੰ ਖ਼ਤਮ ਹੋਈ ਹੈ ਅਤੇ ਹੁਣ ਰਿਪੋਰਟ ਦਾ ਇੰਤਜ਼ਾਰ ਹੈ ਕਿ ਗ਼ਰੀਬੀ ਕਿੰਨੀ ਕੁ ਖ਼ਤਮ ਹੋਈ ਹੈ। ਫਿਨਲੈਂਡ ਵਿੱਚ ਅਜਿਹੇ ਹੀ ਤਜਰਬੇ ਤਹਿਤ 2,000 ਲੋਕਾਂ ਨੂੰ ਜਨਵਰੀ 2017 ਤੋਂ ਦਸੰਬਰ 2018 ਤੱਕ 560 ਯੂਰੋ ਪ੍ਰਤੀ ਮਹੀਨਾ ਦਿੱਤੇ ਗਏ। ਕੀਨੀਆ ਵਿੱਚ 14,474 ਪਰਿਵਾਰਾਂ ਨੂੰ ਇੰਜ ਹੀ ਸਿੱਧਾ ਪੈਸਾ ਦਿੱਤਾ ਜਾ ਰਿਹਾ ਹੈ। ਨੀਦਰਲੈਂਡ ਨੇ ਸਥਾਨਕ ਮਿਊਂਸੀਪਲ ਪੱਧਰ ‘ਤੇ ਅਤੇ ਸਪੇਨ ਨੇ ਬਾਰਸੀਲੋਨਾ ਵਿੱਚ ਸਿੱਧਾ ਨਕਦ ਪੈਸਾ ਦੇਣ ਦਾ ਤਜਰਬਾ ਸ਼ੁਰੂ ਕੀਤਾ ਹੈ।

ਸਰਕਾਰ-ਏ-ਹਿੰਦ ਦੇ ਆਰਥਿਕ ਸਰਵੇਖਣ 2016-17 ਵਿੱਚ 40 ਸਫ਼ੇ ਲੋਕਾਂ ਨੂੰ ਹਰ ਮਹੀਨੇ ਸਿੱਧਾ ਨਕਦ ਪੈਸਾ ਦੇਣ ਦੀ ਸਿਫ਼ਾਰਿਸ਼ ਕਰਨ ‘ਤੇ ਕਾਲੇ ਕੀਤੇ ਗਏ ਸਨ। ਸਿੱਕਿਮ ਸਰਕਾਰ ਨੇ ਐਲਾਨ ਕਰ ਦਿੱਤਾ ਹੈ ਕਿ ਉਹ ਛੇਤੀ ਹੀ ਸਭਨਾਂ ਨੂੰ ਹਰ ਮਹੀਨੇ ਕੜਕਦੇ ਨੋਟ ਭੇਜੇਗੀ।

ਹਮਸਾਏ ਪਾਕਿਸਤਾਨ ਵਿੱਚ ਇਸ ਹਫ਼ਤੇ ਸਰਕਾਰ ਨੇ ਐਲਾਨ ਕੀਤਾ ਹੈ ਕਿ ਉਸ ਗ਼ਰੀਬੀ ਉੱਤੇ ਵੱਡਾ ਧਾਵਾ ਬੋਲਣ ਦਾ ਫ਼ੈਸਲਾ ਕਰ ਲਿਆ ਹੈ। ਇਹਦੇ ਲਈ ਸੰਵਿਧਾਨ ਬਦਲਿਆ ਜਾਵੇਗਾ, 80 ਅਰਬ ਰੁਪਏ ਰਾਖਵੇਂ ਰੱਖੇ ਜਾ ਰਹੇ ਹਨ, ਅਗਲੇ ਸਾਲ 120 ਅਰਬ ਖਰਚੇ ਜਾਣਗੇ।

ਮੁੱਦਾ ਭੜਕ ਗਿਆ ਹੈ, ਰੌਲਾ ਪੈ ਗਿਆ ਹੈ। ਰਾਜਸੀ ਪਾਰਟੀਆਂ ਹੁਣ ਕੁਝ ਵੀ ਕਹਿਣ, ਇੱਕ ਦੂਜੇ ਦੀਆਂ ਯੋਜਨਾਵਾਂ-ਵਾਅਦਿਆਂ ਨੂੰ ਕਿੰਨਾ ਵੀ ਭੰਡਣ, ਇੱਕ ਗੱਲ ਸਾਫ਼ ਹੈ ਕਿ ਗ਼ਰੀਬੀ ਆਪਣਾ ਝੁਰੜੀਆਂ ਵਾਲਾ ਚਿਹਰਾ ਲਈ, ਆਪਣੀਆਂ ਪਸਲੀਆਂ ਨੂੰ ਸੰਭਾਲ ਟੀਵੀ ਸਟੂਡੀਓ ਦਾ ਦਰਵਾਜ਼ਾ ਭੰਨ੍ਹ ਬਹਿਸ ਦੇ ਪਿੜ ਵਿੱਚ ਫਿਰ ਵੜ ਗਈ ਹੈ। ਹੁਣ ਇਹ ਬਰਾਬਰ ਦਾ ਮੁੱਦਾ ਹੈ।

ਰਿਸ਼ਤਿਆਂ ਦੇ ਗੁੰਝਲਦਾਰ ਸੰਸਾਰ ਵਿੱਚ ਰੱਖੜੀ ਵਾਲੀ ਪਿਰਤ ਤੋਂ ਮੈਂ ਬੜੀ ਦੂਰ ਨਿਕਲ ਆਇਆ ਹਾਂ, ਪਰ ਅੱਜ ਸੜਕ ਕੰਢੇ ਕਿਸੇ ਦੀਆਂ ਪਸਲੀਆਂ ਨੂੰ ਮਾਸ ਪਾੜ ਬਾਹਰ ਆਉਣ ਦੀ ਧਮਕੀ ਦੇਂਦਿਆਂ ਵੇਖਿਆ ਤਾਂ ਸੋਚ ਰਿਹਾ ਹਾਂ ਕਿ ਇਸ ਵਾਰੀ ਜੇ ਪਲਾਸਟਿਕ ਦੇ ਸ਼ਬਦਾਂ-ਜੜੀ ਕੋਈ ਉਹੋ ਜਿਹੀ ਰੱਖੜੀ ਬਾਜ਼ਾਰ ‘ਚੋਂ ਲੱਭੀ ਤਾਂ ਆਪੇ ਹੀ ਆਪਣੀ ਕਲਾਈ ‘ਤੇ ਬੰਨ੍ਹ ਦਿਨ-ਭਰ ਘੁੰਮਾਂਗਾ। ਸਾਡੇ ਘਰੀਂ ਤਾਂ ਰਹਿ ਕੇ ਗਈ ਏ, ਝੁਰੜੀਆਂ ਵਾਲੀ ਹੀ ਸਹੀ, ਭੈਣ ਤਾਂ ਫਿਰ ਭੈਣ ਹੁੰਦੀ ਹੈ।

 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਉਮਰ ਭਰ ਇਸ ਭੈਣ ਗ਼ਰੀਬੀ ਨਾਲ ਪੁਰਾਣੀ ਰਿਸ਼ਤੇਦਾਰੀ ਨੂੰ ਭੁਲਾਉਣ ਦੀ ਕਵਾਇਦ ਕਰਦਾ ਰਿਹਾ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER