ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਆਦਰਸ਼ ਬਾਲਕ ਦੀ ਗਵਾਚੀ ਕਾਪੀ




‘‘ਇੱਕ ਆਦਰਸ਼ ਬਾਲਕ ਸੁਵਖਤੇ ਉਠਦਾ ਹੈ, ਮਾਂ-ਬਾਪ ਨੂੰ ਪ੍ਰਣਾਮ ਕਰਦਾ ਹੈ, ਸੈਰ ਕਰਨ ਜਾਂਦਾ ਹੈ, ਦੰਦ ਸਾਫ ਕਰਦਾ ਹੈ, ਹਰ ਰੋਜ਼ ਨਹਾਉਂਦਾ ਹੈ, ਪ੍ਰਾਰਥਨਾ ਕਰਦਾ ਹੈ, ਐੱਨਸੀਸੀ ਵਿੱਚ ਸ਼ਾਮਿਲ ਹੁੰਦਾ ਹੈ, ਮਨ ਲਗਾ ਕੇ ਪੜ੍ਹਾਈ ਕਰਦਾ ਹੈ, ਸਮੇਂ ਸਿਰ ਭੋਜਨ ਕਰਦਾ ਹੈ, ਦੂਸਰਿਆਂ ਦੀ ਮਦਦ ਕਰਦਾ ਹੈ।’’

ਸੱਤਰਵਿਆਂ ਵਿੱਚ ਅਠਿਆਨੀ ਦਾ ਇਹ ਪੋਸਟਰ ਆਉਂਦਾ ਸੀ। ਦੇਸ਼ ਦੇ ਨੇਤਾਵਾਂ ਦੀਆਂ ਫੋਟੋਆਂ ਵਾਲਾ ਚਾਰਟ, ਫ਼ਲ-ਸਬਜ਼ੀਆਂ ਅਤੇ ਫੁੱਲਾਂ ਵਾਲੇ ਪੋਸਟਰ, ਜਾਨਵਰਾਂ ਦੀ ਪਹਿਚਾਣ ਕਰਵਾਉਂਦੇ ਚਾਰਟ ਅਤੇ ਇਹ ‘ਆਦਰਸ਼ ਬਾਲਕ’ ਵਾਲਾ ਪੋਸਟਰ। ਫੋਟੋਆਂ ਕੱਟ-ਕੱਟ ਇੱਕ ਕਾਪੀ ਵਿੱਚ ਗੂੰਦ ਨਾਲ ਚਿਪਕਾਉਂਦੇ, ਉੱਤੇ ਸੋਹਣਾ ਜਿਹਾ ਕਵਰ ਚੜ੍ਹਾਉਂਦੇ, ਬਾਹਰ ਲਿਖਦੇ: ਆਮ ਗਿਆਨ। ਪਰ ‘ਆਦਰਸ਼ ਬਾਲਕ’ ਵਾਲੀਆਂ ਫੋਟੋਆਂ ਕੱਟ ਕੇ ਵੱਖਰੀ ਕਾਪੀ ਵਿੱਚ ਸਜਾਉਂਦੇ, ਬਾਹਰ ਲਿਖਦੇ: ਮੌਰਲ ਸਾਇੰਸ।

ਸੁਵਖ਼ਤੇ ਤਾਂ ਮੈਂ ਵੀ ਉੱਠਦਾ ਸੀ, ਬੁਰਸ਼ ਵੀ ਰੋਜ਼ ਕਰਦਾ ਸਾਂ, ਮਾਂ-ਬਾਪ ਦਾ ਕਹਿਣਾ ਬਹੁਤੀ ਵਾਰੀ ਤਾਂ ਮੰਨਦਾ ਹੀ ਸਾਂ, ਭਾਵੇਂ ਦੂਸਰਿਆਂ ਦੀ ਮਦਦ ਵਾਲੇ ਖਾਨੇ ਵਿੱਚ ਬਹੁਤਾ ਕੁਝ ਕਹਿਣ-ਪਾਉਣ ਨੂੰ ਨਹੀਂ ਸੀ, ਫਿਰ ਵੀ ਇਸ ਸਭ ਦੇ ‘ਸਾਇੰਸ’ ਹੋਣ ਵਾਲੀ ਕੋਈ ਗੱਲ ਜੱਚਦੀ ਨਹੀਂ ਸੀ।

ਸਾਲਾਂ ਤੱਕ ਹੋਰਨਾਂ ਬਚਪਨ ਦੀਆਂ ਵਸਤਾਂ, ਯਾਦਾਂ ਵਾਂਗ ਇਹ ਕਾਪੀ ਘਰ ਵਿੱਚ ਰੁਲਦੀ ਰਹੀ। ਯੂਨੀਵਰਸਿਟੀ ਦੇ ਦਿਨਾਂ ਦੌਰਾਨ ਵੀ ਕਦੀ-ਕਦੀ ਕਿਤਾਬਾਂ ਵਾਲੀ ਅਲਮਾਰੀ ਵਿੱਚ ਟੱਕਰ ਜਾਂਦੀ, ਪਰ ਫਿਰ ਕਿਧਰੇ ਵਿਸਰ ਗਈ। ਪਿਛਲੇ ਮਹੀਨੇ ਇੰਗਲੈਂਡ ਦੇ ਮੰਨੇ-ਪ੍ਰਮੰਨੇ ਲੇਖਕ, ਕਾਮੇਡੀਅਨ, ਐਕਟਰ ਅਤੇ ਸਮਾਜਿਕ ਕਾਰਕੁੰਨ ਸਟੀਫਨ ਫ੍ਰਾਈ ਨੇ ਆਪਣੇ ਡਾਕਟਰ ਦੇ ਕਲੀਨਿਕ ਵਿੱਚ ‘ਆਦਰਸ਼ ਬਾਲਕ’ ਵਾਲਾ ਪੋਸਟਰ ਵੇਖਿਆ ਤਾਂ ਫੋਟੋ ਖਿੱਚ ਟਵਿੱਟਰ ‘ਤੇ ਪਾ ਦਿੱਤੀ। ਨਾਲ ਹੀ ਲਿਖ ਦਿੱਤਾ ਕਿ ਰੱਬ ਨੂੰ ਪ੍ਰਾਰਥਨਾ ਕਰਨ ਅਤੇ ਐਨਸੀਸੀ ‘ਚ ਸ਼ਾਮਲ ਹੋਣ ਤੋਂ ਬਿਨਾਂ ਬਾਕੀ ਮੱਦਾਂ ਉੱਤੇ ਉਹ ਕੰਮ ਕਰ ਰਹੇ ਹਨ। 
----------
ਪੰਜਾਹ ਸਾਲ ਤੋਂ ‘ਆਦਰਸ਼ ਬਾਲਕ’ ਵਾਲੇ ਪੋਸਟਰ ਸਾਡੇ ਸਕੂਲਾਂ ਵਿੱਚ ਜੀਵਨ ਬਾਰੇ ਇੱਕ ਖ਼ਾਸ ਪਹੁੰਚ ਦੀ ਪੇਸ਼ਕਾਰੀ ਕਰਦੇ ਰਹੇ ਹਨ ਪਰ ਸਾਡੇ ਸਮਿਆਂ ਵਿੱਚ ਸਾਡੀ ਆਦਰਸ਼ਾਂ ਬਾਰੇ ਸਾਂਝੀ ਸਮਝ ਵਿੱਚ ਆਈ ਤਰੇੜ ਨੂੰ ਜੀ ਆਇਆਂ ਕਹਿਣਾ ਬਣਦਾ ਹੈ।
----------
ਸਟੀਫਨ ਫ੍ਰਾਈ ਉੱਚੀ ਆਵਾਜ਼ ਵਿੱਚ ਆਪਣੇ ਆਪ ਨੂੰ ਨਾਸਤਕ ਘੋਸ਼ਿਤ ਕਰਦੇ ਹਨ। ਐੱਨਸੀਸੀ ਦਾ ਤਾਂ ਗਾਣ ਹੀ ਸੁਦਰਸ਼ਨ ਫ਼ਾਕਿਰ ਦਾ ਲਿਖਿਆ "ਹਮ ਸਭ ਭਾਰਤੀਯ ਹੈਂ” ਹੈ, ਫਿਰ ਫ੍ਰਾਈ ਨੂੰ ਤਾਂ ਅਸਾਂ ਵੈਸੇ ਵੀ ਢੋਈ ਨਹੀਂ ਸੀ ਦੇਣੀ। ਡਾਕਟਰ ਕੋਈ ਭਾਰਤ ਤੋਂ ਗਿਆ ਪਰਵਾਸੀ ਹੋਵੇਗਾ। ਆਦਰਸ਼ ਨਾਲ ਲੈ ਗਿਆ ਹੋਣਾ ਏ, ਲਿਜਾਣ ਲੱਗਿਆਂ ਕਿਹੜਾ ਕਸਟਮ ਡਿਊਟੀ ਲੱਗਦੀ ਹੈ?

ਪਰ ਜਿੱਥੇ ਫ੍ਰਾਈ ਦੇ ਟਵਿੱਟਰ ‘ਤੇ ਪਾਏ ਇਸ ਪੋਸਟਰ ਨੇ ‘ਆਦਰਸ਼ ਬਾਲਕ’ ਬਾਰੇ ਬਹਿਸ ਛੇੜ ਦਿੱਤੀ, ਉੱਥੇ ਉਹ ‘ਮੌਰਲ ਸਾਇੰਸ’ ਵਾਲੀ ਕਾਪੀ ਵੀ ਅਤੀਤ ਦੀਆਂ ਤਹਿਆਂ ਵਿੱਚੋਂ ਉੱਠ ਮਨ ਵਿੱਚ ਵਾਰ-ਵਾਰ ਘੁੰਮੀ। ਅਜੇ ਵਿੱਦਿਅਕ ਅਦਾਰਿਆਂ ਵਿੱਚ ਪਲੇਸਮੈਂਟ ਕੈਂਪਾਂ ਵਾਲਾ ਯੁੱਗ ਨਹੀਂ ਸੀ ਆਇਆ। ਨਿਸ਼ਾਨਾ ਸਕੂਲਾਂ, ਕਾਲਜਾਂ ਵਿੱਚ ਚੰਗੇ ਸਿੱਖਿਅਤ ਨਾਗਰਿਕ ਬਣਾਉਣਾ ਹੀ ਸੀ। ਆਪਣੇ ਵਾਲਾ ਪੁਰਾਣਾ ਪੋਸਟਰ ਚਰਚਾ ਵਿੱਚ ਮੁੜ ਵੇਖ ਕਈ ਦਿਨਾਂ ਤੋਂ ਸੋਚ ਰਿਹਾ ਹਾਂ ਕਿ ਹਮਜਮਾਤੀਆਂ ਵਿੱਚੋਂ ਕਿੰਨੇ ਕੁ ‘ਆਦਰਸ਼ ਬਾਲਕ’ ਨਿਕਲੇ ਅਤੇ ਉਨ੍ਹਾਂ ਵਿੱਚੋਂ ਕਿੰਨਿਆਂ ਕੁ ਨੇ ਅੱਗੋਂ ਬੱਚਿਆਂ ਨੂੰ ‘ਆਦਰਸ਼ ਬਾਲਕ’ ਬਣਾਇਆ ਹੋਵੇਗਾ?

ਫ਼ਲਾਂ, ਸਬਜ਼ੀਆਂ, ਫੁੱਲਾਂ ਅਤੇ ਜਾਨਵਰਾਂ ਦੀਆਂ ਫੋਟੋਆਂ ਦੇ ਨਾਲ-ਨਾਲ ‘ਆਦਰਸ਼ ਬਾਲਕ’ ਦੀ ਰੂਪਕਾਰੀ ਕਰਦਾ ਇਹ ਪੋਸਟਰ ਪੁਰਾਣੀ ਦਿੱਲੀ ਦੇ ਸਦਰ ਬਾਜ਼ਾਰ ਵਿੱਚ ਇੰਡੀਅਨ ਬੁੱਕ ਡਿੱਪੂ ਵਿੱਚ ਜਨਮਿਆ, ਵਿਗਸਿਆ ਅਤੇ ਲੱਖਾਂ ਦੀ ਗਿਣਤੀ ਵਿੱਚ ਭਾਰਤ-ਭਰ ਦੇ ਸਕੂਲਾਂ ਵਿੱਚ ਪਹੁੰਚਿਆ। ਸਾਡੇ ਸਰਕਾਰੀ ਸਕੂਲ ਦੀਆਂ ਜਮਾਤਾਂ ਵਿੱਚ ਤਾਂ ਬਹੁਤ ਵਾਰੀ ਅਕਲ ਇਸੇ ਡਿੱਪੂ ਤੋਂ ਆਉਂਦੀ ਸੀ। ਕੰਧਾਂ ‘ਤੇ ਲਟਕੇ ਭਾਰਤ ਦੇ ਰਾਜਸੀ ਅਤੇ ਕੁਦਰਤੀ ਨਕਸ਼ੇ, ਏਸ਼ੀਆ ਦਾ ਮਾਨਚਿੱਤਰ ਅਤੇ ਪੋਸਟਰ ਵਿਚਲੀ ‘ਮੌਰਲ ਸਾਇੰਸ’ – ਸਭ ਉੱਤੇ ਇਸੇ ਡਿੱਪੂ ਦਾ ਨਾਂ ਲਿਖਿਆ ਹੁੰਦਾ।
 
ਸਾਡੇ ਮਾਪਿਆਂ ਅਤੇ ਅਧਿਆਪਕਾਂ ਦੇ ਸਾਨੂੰ ਆਦਰਸ਼ ਮਨੁੱਖ ਬਣਾਉਣ ਦੇ ਯਤਨ ਕਿੰਨੇ ਕੁ ਸਫ਼ਲ ਹੋਏ, ਇਹ ਤਾਂ ਉਦੋਂ ਪਤਾ ਲੱਗਦਾ ਹੈ ਜਦੋਂ ਯਾਰਾਂ ਦੀ ਢਾਣੀ ਵਿੱਚੋਂ ਉੱਠ ਕੇ ਜਾਈਦਾ ਹੈ ਅਤੇ ਉਹ ਖੁੱਲ੍ਹ ਕੇ ਸਾਡੇ ਕਿਰਦਾਰ ਉੱਤੇ ਤਬਸਰਾ ਕਰਦੇ ਹਨ, ਪਰ ਵਧੇਰੇ ਵਿਚਾਰਨ ਵਾਲੀ ਗੱਲ ਇਹ ਹੈ ਕਿ ਅੱਜ ਦੀ ਪੀੜ੍ਹੀ ਲਈ ‘ਆਦਰਸ਼ ਬਾਲਕ’ ਵਾਲੇ ਪੋਸਟਰ ਵਿੱਚ ਕੀ ਹੋਣਾ ਚਾਹੀਦਾ ਹੈ? ਨੌਜਵਾਨ ਬੇਟਾ ਕੀ ਕਰੇ ਕਿ ਮਾਂ-ਬਾਪ ਨੂੰ ਲੱਗੇ ਬੱਚਾ ਆਦਰਸ਼ ਨਾਗਰਿਕ ਹੋ ਨਿੱਬੜਿਆ ਹੈ? ਕੀ ਕਰ ਗੁਜ਼ਰੇ ਧੀ ਕਿ ਫਖ਼ਰ ਨਾਲ ਬਾਪ ਕਹੇ, ‘‘ਧੀ ਕਿਸ ਦੀ ਹੈ ਫਿਰ?’’

ਜੇ ਦੋਵੇਂ ਧੀ, ਪੁੱਤ ਸੁਵਖਤੇ ਨਾ ਉੱਠੇ ਕਿਉਂ ਜੋ ਦੇਰ ਰਾਤ ਤੱਕ ਸਾਥੀਆਂ ਨਾਲ ਬਹਿ ‘ਇਹ ਸਰਕਾਰ ਨਿਕੰਮੀ ਹੈ’ ਅਤੇ ‘ਪੁਲੀਸ-ਪ੍ਰਸ਼ਾਸਨ ਮੁਰਦਾਬਾਦ’ ਵਾਲੇ ਵੱਡੇ-ਵੱਡੇ ਪੋਸਟਰ ਬਣਾਉਂਦੇ ਰਹੇ ਕਿਉਂ ਜੋ ਉਨ੍ਹਾਂ ਯੋਜਨਾ ਘੜ ਕੇ ਸ਼ਾਹਰਾਹ ਉੱਤੇ ਅੱਧੇ ਘੰਟੇ ਲਈ ਆਵਾਜਾਈ ਰੋਕ ਕੇ ਉਸ ਕਿਸਾਨ ਦੇ ਪਰਿਵਾਰ ਨੂੰ ਇਨਸਾਫ਼ ਦਿਵਾਉਣ ਲਈ ਧਰਨਾ ਲਾਉਣਾ ਹੈ ਜਿਸ ਨੇ ਕੁਰਕੀ ਦੀਆਂ ਧਮਕੀਆਂ ਤੋਂ ਬਾਅਦ ਫਾਹਾ ਲੈ ਲਿਆ, ਤਾਂ ਕੀ ਉਹ ‘ਆਦਰਸ਼ ਬਾਲਕ’ ਵਾਲੇ ਪੋਸਟਰ ਵਿੱਚੋਂ ਨਿਕਲੇ ਧੀ-ਪੁੱਤ ਹੋਣਗੇ?
-----------
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on February 11, 2019, triggered by Stephen Fry’s comment on a poster about an Ideal Indian Boy that he saw at a clinic. –Ed.     
------------
ਆਦਰਸ਼ ਬਾਲਕ ਤਾਂ ਰੋਜ਼ ਸੁਵਖਤੇ ਉੱਠ ਮਾਂ-ਬਾਪ ਨੂੰ ਪ੍ਰਣਾਮ ਕਰਦਾ ਹੈ। ਉਹ ਨਿੱਤ ਪਿਓ ਨਾਲ ਬਹਿਸ ਨਹੀਂ ਕਰਦਾ ਕਿ ਭੈਣ ਦੇ ਵਿਆਹ ਲਈ ਦਿੱਤੇ ਇਸ਼ਤਿਹਾਰ ਵਿੱਚ ‘ਸਵਰਨ ਜਾਤੀ’ ਦਾ ਜ਼ਿਕਰ ਕਿਉਂ ਕੀਤਾ ਗਿਆ ਹੈ? ਸੱਤਰਵਿਆਂ ਤੋਂ ਹੀ ਪੋਸਟਰ ਵਿੱਚ ਆਦਰਸ਼ ਬਾਲਕ ਫੁਟਬਾਲ ਨੂੰ ਕਿੱਕ ਮਾਰ ਰਿਹਾ ਹੈ ਕਿਉਂ ਜੋ ਉਹ ਖੇਡਾਂ ਵਿੱਚ ਹਿੱਸਾ ਲੈਂਦਾ ਹੈ। ਅਜੇ ਪੋਸਟਰ ਵਾਲੇ ਬਾਲਕ ਨੂੰ ਇਸ ਬਹਿਸ ਵਿੱਚ ਪੈਣ ਦੀ ਵਿਹਲ ਹੀ ਨਹੀਂ ਮਿਲੀ ਕਿ ਇਸ ਆਦਰਸ਼ ਮੁਲਕ ਦੇ ਉਹਦੀ ਉਮਰ ਦੇ ਕਿੰਨੇ ਬੱਚੇ ਮਜ਼ਦੂਰੀ ਕਰਨ ਲਈ ਮਜਬੂਰ ਹਨ, ਇਸ ਲਈ ਪੋਸਟਰ ਵਿੱਚੋਂ ਬਾਹਰ ਹਨ।

ਪੋਸਟਰ ਵਾਲਾ ਬਾਲਕ ਮਨ ਲਗਾ ਕੇ ਪੜ੍ਹਾਈ ਕਰਦਾ ਹੈ। ਜਿਹੜਾ ਬਾਲਕ ਨਿੱਤ ਅਧਿਆਪਕ ਨਾਲ ਇਸ ਗੋਸ਼ਟੀ ਵਿੱਚ ਉਲਝ ਜਾਵੇ ਕਿ ਪਾਕਿਸਤਾਨ ਨੂੰ ਵਾਰ-ਵਾਰ ਦੁਸ਼ਮਣ ਮੁਲਕ ਕਿਉਂ ਕਿਹਾ ਜਾ ਰਿਹਾ ਹੈ ਤਾਂ ਕੀ ਉਹ ਕਿਸੇ ‘ਬੁਰਾ ਬਾਲਕ’ ਵਾਲੇ ਪੋਸਟਰ ਵਿੱਚ ਚਿਤਰਿਆ ਜਾਵੇਗਾ? ਜੇ ਪ੍ਰਾਰਥਨਾ ਕਰਨ ਤੋਂ ਇਨਕਾਰ ਕਰੇ, ਪੁੱਛੇ ਕਿ ਰੱਬ ਵਿੱਚ ਯਕੀਨ ਕਿਉਂ ਕਰਾਂ, ਸਵਾਲ ਕਰੇ ਕਿ ਮੇਰੇ ਜਨਮ ਤੋਂ ਪਹਿਲਾਂ ਹੀ ਮੇਰਾ ਧਰਮ ਨਿਰਧਾਰਿਤ ਕਰਨ ਵਾਲੇ ਮਾਂ-ਬਾਪ ਜਾਂ ਕਾਨੂੰਨ ਦੀ ਕੀ ਹੈਸੀਅਤ ਹੈ ਤਾਂ ਕੀ ਉਹਦੀ ਫੋਟੋ ‘ਖਤਰਨਾਕ ਬਾਲਕ’ ਵਾਲੇ ਕਿਸੇ ਚਾਰਟ ਵਿੱਚ ਛਪੇਗੀ?

ਪੰਜਾਹ ਸਾਲ ਤੋਂ ‘ਆਦਰਸ਼ ਬਾਲਕ’ ਵਾਲੇ ਪੋਸਟਰ ਸਾਡੇ ਸਕੂਲਾਂ ਵਿੱਚ ਜੀਵਨ ਬਾਰੇ ਇੱਕ ਖ਼ਾਸ ਪਹੁੰਚ ਦੀ ਪੇਸ਼ਕਾਰੀ ਕਰ ਰਹੇ ਹਨ। ਇਹ ਸਾਡੇ ਬੱਚਿਆਂ ਨੂੰ ਸਾਡੇ ਘੜੇ ਹੋਏ ਸਮਾਜ ਵਿੱਚ ‘ਫਿੱਟ’ ਹੋ ਜਾਣ ਲਈ ਤਿਆਰ ਕਰਦੇ ਹਨ। ਸਾਰੀਆਂ ਗੱਲਾਂ ਹੀ ਏਨੀਆਂ ਮਨਮੋਹਕ ਜਾਪਦੀਆਂ ਹਨ ਕਿ ਸਰਵਪ੍ਰਵਾਨਿਤ ਸੱਚਾਈਆਂ ਵਾਂਗ ਪ੍ਰਚਾਰੀਆਂ, ਪ੍ਰਸਾਰੀਆਂ ਜਾ ਰਹੀਆਂ ਹਨ। ‘ਆਦਰਸ਼ ਬਾਲਕ’ ਦੇ ਨਾਲ-ਨਾਲ ‘ਆਦਰਸ਼ ਲੜਕੀ’ ਵਾਲਾ ਪੋਸਟਰ ਵੀ ਸਕੂਲੀ ਕਮਰਿਆਂ ਦਾ ਸ਼ਿੰਗਾਰ ਬਣਿਆ। ਬੱਸ ਉਸ ਵਿੱਚੋਂ ਐਨਸੀਸੀ ਵਿੱਚ ਸ਼ਾਮਿਲ ਹੋਣ ਦੀ ਪ੍ਰੇਰਨਾ ਮਨਫ਼ੀ ਸੀ, ਪਰ ‘ਆਦਰਸ਼ ਕੁੜੀ’ ਘਰ ਦੀ ਸਜਾਵਟ ਵਿੱਚ ਦਿਲਚਸਪੀ ਲੈਂਦੀ ਸੀ ਅਤੇ ਮਾਂ ਨਾਲ ਰਸੋਈ ਵਿੱਚ ਹੱਥ ਵਟਾਉਂਦੀ ਸੀ। ਇਸ ਪੋਸਟਰ ਨੇ ਅਲਜੈਬਰੇ ਅਤੇ ਕੈਲਕੁਲਸ ਵਿੱਚ ਮੁੰਡਿਆਂ ਦੇ ਛੱਕੇ ਛੁਡਾ ਦੇਣ ਵਾਲੀਆਂ ਕਿੰਨੀਆਂ ਹੀ ‘ਆਦਰਸ਼ ਕੁੜੀਆਂ’ ਨੂੰ ਹੋਮ ਸਾਇੰਸ ਕਾਲਜਾਂ ਵਿੱਚ ਪੜ੍ਹਨੇ ਭੇਜਿਆ।

ਜਿਸ ਕੁੜੀ ਨੇ ਆਖਿਆ ਕਿ ਬਾਪੂ, ਇਹ ਕਾਲਜ ਵਿੱਚ ਮੇਰਾ ਜਮਾਤੀ ਏ, ਬੜੇ ਆਦਰਸ਼ਾਂ ਵਾਲਾ ਏ, ਮਜ਼ਦੂਰ ਦੀ ਲੁੱਟ ਖਿਲਾਫ਼ ਨਾਟਕ ਇਹਨੇ ਹੀ ਕੀਤਾ ਸੀ, ਕੰਮੀਆਂ ਦੇ ਵਿਹੜੇ ਸੂਰਜ ਚੜ੍ਹਾਉਣ ਨੂੰ ਫਿਰਦਾ ਏ, ਇਹਦੇ ਦੋਸਤ ਮੁੰਡੇ-ਕੁੜੀਆਂ ਵੀ ਇਹੋ ਜਿਹੇ ਨੇ, ਮੈਨੂੰ ਨਿੱਤ ਧਰਨਿਆਂ ‘ਚ ਮਿਲਦੇ ਨੇ, ਇਹਦੇ ਨਾਲ ਹੀ ਵਿਆਹ ਕਰਵਾਉਣਾ ਹੈ। ਤੂੰ ਜਾਤ ਨੂੰ ਛੱਡ ਤੇ ਇਹਦੇ ਆਦਰਸ਼ ਵੇਖ, ਉਸ ਕੁੜੀ ਨੂੰ ਕਿਸ ‘ਆਦਰਸ਼ ਕੁੜੀ’ ਵਾਲੇ ਪੋਸਟਰ ਵਿੱਚ ਜਗ੍ਹਾ ਨਸੀਬ ਹੋਸੀ?

ਤੰਗ ਆ ਜਿਸ ਦਿਨ ਉਸ ਕਿਹਾ: ‘‘ਬਾਪੂ, ਤੂੰ ਰੱਖ ਆਪਣੀ ਪੱਗ ਅਤੇ ਮਾਂ ਦਾ ਦਾਮਨ ਸੰਭਾਲ ਕੇ, ਮੈਂ ਚੱਲੀ ਹਾਂ ਇਸੇ ਨਾਲ ਬਲਵੰਤ ਗਾਰਗੀ ਦੀ ਚੰਦੀ ਦੇ ਰਾਹ ‘ਕੁਆਰੀ ਟੀਸੀ’ ਨੂੰ ਪਾਰ ਕਰ,’’ ਉਸ ਦਿਨ ਆਦਰਸ਼ਾਂ ਦਾ ਕੋਈ ਨਵਾਂ ਪੋਸਟਰ ਘੜਾਂਗੇ ਜਾਂ ਇੱਜ਼ਤ ਬਚਾਉਣ ਲਈ ਧੀਆਂ ਦੇ ਕਤਲ ਦੀ ਰੂਪਕਾਰੀ ਵਾਲਾ ਕੋਈ ‘ਆਦਰਸ਼ ਬਾਪ’ ਦਾ ਦ੍ਰਿਸ਼ ਖ਼ਬਰਾਂ ਦੀਆਂ ਸੁਰਖ਼ੀਆਂ ਵਿੱਚ ਜੜਾਂਗੇ?

ਸਾਡੇ ਸਮਿਆਂ ਵਿੱਚ ਸਾਡੀ ਆਦਰਸ਼ਾਂ ਬਾਰੇ ਸਾਂਝੀ ਸਮਝ ਵਿੱਚ ਆਈ ਤਰੇੜ ਨੂੰ ਜੀ ਆਇਆਂ ਕਹਿਣਾ ਬਣਦਾ ਹੈ। ਜੇ ਮਾਂ-ਬਾਪ ਦਾ ਸੁਫ਼ਨਾ ਹੈ ਕਿ ਬੱਚੇ ਦਿਲ ਲਗਾ ਕੇ ਪੜ੍ਹਾਈ ਕਰਨ, ਕੋਚਿੰਗ ਸੈਂਟਰ ਵਿੱਚ ਨਿੱਤ ‘ਮੌਕ ਟੈਸਟ’ ਦਾ ਅਭਿਆਸ ਕਰਨ, ਉਚੇਰੀ ਵਿੱਦਿਆ ਗ੍ਰਹਿਣ ਕਰ ਕਿਸੇ ਬਹੁਰਾਸ਼ਟਰੀ ਕੰਪਨੀ ਵਿੱਚ ਛੇ ਹਿੰਦਸਿਆਂ ਵਾਲੀ ਤਨਖਾਹ ਨਾਲ ਜੀਵਨ ਦੀ ਸ਼ੁਰੂਆਤ ਕਰਕੇ ਅਖ਼ਬਾਰ ਵਿੱਚ ਇਸ਼ਤਿਹਾਰ ਦੇਣ ਕਿ ‘‘ਲੋੜੀਂਦੀ ਹੈ ਇੱਕ ਸੋਹਣੀ-ਸੁਨੱਖੀ ਪਤਲੀ ਨਾਰ, ਕੱਦ ਪੰਜ ਫੁੱਟ ਛੇ ਇੰਚ, ਬਹਿਸ-ਮੁਬਹਿਸੇ ਤੋਂ ਤੌਬਾ ਕਰਨ ਵਾਲੀ ਆਗਿਆਕਾਰੀ, ਖਾਨਦਾਨੀ ਪਰਿਵਾਰ; ਕੇਵਲ ਫਲਾਂ-ਫਲਾਂ ਜਾਤ ਵਾਲੇ ਹੀ ਸੰਪਰਕ ਕਰਨ; ਗਰੀਨ ਕਾਰਡ ਅਤੇ ਕੈਨੇਡਾ-ਆਸਟਰੇਲੀਆ ਨਾਗਰਿਕ ਨੂੰ ਪਹਿਲ,’’ ਤਾਂ ਫਿਰ ਮਾਂ-ਬਾਪ ਦਾ ਕਹਿਣਾ ਨਾ ਮੰਨਣ ਵਾਲੇ, ਉਨ੍ਹਾਂ ਦੇ ਸੁਪਨਿਆਂ ਨੂੰ ਤੋੜ ਨਵੀਂ ਦੁਨੀਆ ਦੇ ਹਾਣ ਦੇ ਨਵੇਂ ਆਦਰਸ਼ਾਂ ਦੀ ਭਾਲ ਵਿੱਚ ਭਟਕਦੇ ਨੌਜਵਾਨ ਮੁੰਡੇ, ਕੁੜੀਆਂ ਲਈ ਸਾਨੂੰ ਨਵੇਂ ਪੋਸਟਰ ਚਾਹੀਦੇ ਹਨ। 

‘ਆਦਰਸ਼ ਬਾਲਕ’ ਵਾਲਾ ਤਜਰਬਾ ਨਵੀਆਂ ਪੀੜ੍ਹੀਆਂ ਨੂੰ ਕਾਬੂ ਵਿੱਚ ਰੱਖਣ ਦੀ ‘ਸਾਇੰਸ’ ਹੀ ਸੀ, ਇਹ ਕਲਾ ਅਸੀਂ ਹੁਣ ਜਾਣ ਲਈ ਹੈ।

ਪੁਰਾਣੇ ਦੀ ਯਾਦ ਤਾਜ਼ਾ ਕਰਵਾਉਣ ਲਈ ਸਟੀਫਨ ਫ੍ਰਾਈ ਦਾ ਧੰਨਵਾਦ। ਮੈਂ ਅਜੇ ਵੀ ਕਿਤਾਬਾਂ ਵਾਲੀ ਅਲਮਾਰੀ ਫਰੋਲ ਰਿਹਾ ਹਾਂ ਕਿ ਸ਼ਾਇਦ ਉਹ ‘ਮੌਰਲ ਸਾਇੰਸ’ ਵਾਲੀ ਕਾਪੀ ਲੱਭ ਜਾਵੇ ਪਰ ਵਿੱਚੋਂ-ਵਿੱਚੋਂ ਡਰ ਵੀ ਲੱਗਦਾ ਹੈ ਕਿ ਜੇ ਲੱਭ ਪਈ ਤਾਂ ਕਿਤੇ ‘ਆਦਰਸ਼ ਬਾਲਕ’ ਨਾਲ ਗੁੱਥਮ-ਗੁੱਥਾ ਨਾ ਹੋ ਜਾਵਾਂ, ਵਰ੍ਹਿਆਂ ਬਾਅਦ ਉਹ ਬੇਸ਼ਕੀਮਤੀ ਕਾਪੀ ਨਾ ਪਾੜ ਸੁੱਟਾਂ। ਗੁੱਸੇ ਵਿੱਚ ਅੱਜ ਸਵੇਰੇ ਬੁਰਸ਼ ਵੀ ਨਹੀਂ ਕੀਤਾ। ਮੂੰਹ ਵਿੱਚੋਂ ਸੜਦੇ ਆਦਰਸ਼ਾਂ ਵਰਗੀ ਬੋਅ ਆ ਰਹੀ ਹੈ।

 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਰੋਜ਼ ਨਹਾਉਣ ਅਤੇ ਬੁਰਸ਼ ਕਰਨ ਤੱਕ ‘ਆਦਰਸ਼ ਬਾਲਕ’ ਨਾਲ ਸੰਪੂਰਨ ਸਹਿਮਤੀ ਦੇ ਬਾਵਜੂਦ ਕਦੀ-ਕਦੀ ਘੁੱਤੀ ਮਾਰ ਲੈਂਦਾ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER