ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਲਾਲ ਅਟੈਚੀ ਕੱਟਣੇ ਦੁੱਖ ਸਾਰੇ?




ਅਖ਼ਬਾਰ ਪੜ੍ਹਨ ਦਾ ਚਲਨ ਰਤਾ ਘੱਟ ਰਿਹਾ ਹੈ ਪਰ ਸੰਪਾਦਕੀ ਸਫ਼ੇ ਤਾਂ ਹੋਰ ਵੀ ਘੱਟ ਪਾਠਕ ਪੜ੍ਹਦੇ ਹਨ। ਬਲਕਿ ਇੰਝ ਹੀ ਸਮਝ ਲਵੋ ਕਿ ਬੜੀ ਜ਼ਹੀਨ ਬੁੱਧੀ ਦੇ ਮਾਲਕ, ਸੁਘੜ ਸਿਆਣੇ, ਰਾਜਸੀ, ਸਮਾਜਿਕ ਅਤੇ ਆਰਥਿਕ ਮਸਲਿਆਂ ਬਾਰੇ ਬਰੀਕ ਸਮਝ ਰੱਖਦੇ ਵਿਦਵਾਨ ਸੱਜਣ ਹੀ ਇਨ੍ਹਾਂ ਪੰਨਿਆਂ ਤਕ ਪਹੁੰਚਦੇ ਹਨ। ਇਸ ਲਈ ਦਿਲ ਦੀਆਂ ਗਹਿਰਾਈਆਂ ਤੋਂ ਤੁਹਾਡੇ ਵਰਗਿਆਂ ਦਾ ਲਿਖਤੁਮ ਬਾਦਲੀਲ ਤੱਕ ਪਹੁੰਚਣ ‘ਤੇ ਸਵਾਗਤ ਹੈ। ਹੁਣ ਬਿਨਾਂ ਗੂਗਲ ਖੋਲ੍ਹੇ, ਛੇਤੀ ਛੇਤੀ ਦੱਸੋ ਕਿ ਸ਼ਿਵਪ੍ਰਤਾਪ ਸ਼ੁਕਲਾ ਅਤੇ ਪੌਨ ਰਾਧਾਕ੍ਰਿਸ਼ਨਨ ਦੁਆਰਾ ਕੀਤੀ ਅਣਥੱਕ ਮਿਹਨਤ ਬਾਰੇ ਤੁਹਾਡਾ ਕੀ ਵਿਚਾਰ ਹੈ? ਇਸ ਲਈ ਪੁੱਛ ਰਿਹਾ ਹਾਂ ਕਿ ਸਾਰਾ ਦੇਸ਼ ਹੀ ਇਨ੍ਹਾਂ ਸੱਜਣਾਂ ਦੇ ਅਤੇ ਕੇਂਦਰੀ ਵਿੱਤ ਮੰਤਰੀ ਪਿਊਸ਼ ਗੋਇਲ ਦੇ ਸਾਡੀ ਦੇਸ਼ ਦੀ ਆਰਥਿਕਤਾ ਨੂੰ ਸੁਚਾਰੂ ਢੰਗ ਨਾਲ ਚਲਾਉਣ ਲਈ ਕੀਤੇ ਯਤਨਾਂ ਬਾਰੇ ਗੱਲ ਕਰ ਰਿਹਾ ਹੈ। ਸਾਰੇ ਹਿੰਦੁਸਤਾਨ, ਇਹਦੇ ਮੀਡੀਆ, ਸੈਂਕੜੇ ਟੀਵੀ ਚੈਨਲਾਂ, ਮੰਤਰੀਆਂ ਦੇ ਮੂੰਹ ਨੂੰ ਆਉਂਦੇ ਕੈਮਰਿਆਂ ਦਾ ਸਾਰਾ ਫੋਕਸ ਹੀ ਇਨ੍ਹਾਂ ਸੱਜਣਾਂ ਉੱਤੇ ਰਿਹਾ ਹੈ।

ਮੈਨੂੰ ਤਾਂ ਆਪਣਾ ਆਪ ਏਡਾ ਅਕ੍ਰਿਤਘਣ ਜਾਪ ਰਿਹਾ ਹੈ ਕਿਉਂ ਜੋ ਬਗੈਰ ਗੂਗਲ ਪਤਾ ਹੀ ਨਾ ਲੱਗਦਾ ਪਈ ਸ਼ਿਵਪ੍ਰਤਾਪ ਸ਼ੁਕਲਾ ਅਤੇ ਪੌਨ ਰਾਧਾਕ੍ਰਿਸ਼ਨਨ ਘਾਲਣਾ ਘਾਲਣ ਵਾਲਿਆਂ ਵਿੱਚ ਸਰਵੇ-ਸਰਵਾ ਸਨ। ਕੰਬਖ਼ਤ ਫੋਟੋ ਵਿੱਚ ਵੀ ਧਿਆਨ ਜਾਂ ਸੋਹਣੇ-ਸੁਨੱਖੇ ਅਤੇ ਰਾਹੁਲ ਗਾਂਧੀ ਨੂੰ ਟਾਂਚਾਂ ਮਾਰਦੇ ਪਿਊਸ਼ ਗੋਇਲ ਵੱਲ ਜਾਂਦਾ ਰਿਹਾ ਜਾਂ ਲਾਲ ਅਟੈਚੀ ਵੱਲ। ਦੂਜੇ ਦੋਵੇਂ ਤਾਂ ਗਵਾਚ ਹੀ ਗਏ। ਅਜੈ ਨਾਰਾਇਣ ਝਾਅ, ਅਜੈ ਭੂਸ਼ਣ ਪਾਂਡੇ ਜਾਂ ਸੁਭਾਸ਼ਚੰਦਰ ਗਰਗ ਵਰਗਿਆਂ ਦੀ ਤਾਂ ਬਾਤ ਹੀ ਕੀਹਨੇ ਪੁੱਛਣੀ ਹੈ। (ਕਰ ਲਵੋ ਗੂਗਲ ਹੁਣ ਤਾਂ।)

ਏਹੀ ਬਜਟ ਦੇ ਮੌਸਮ ਦੀ ਤ੍ਰਾਸਦੀ ਹੈ। ਸਵਾ ਸੌ ਕਰੋੜ ਲੋਕਾਂ ਦੇ ਦੇਸ਼ ਵਿੱਚ ਭਰ ਸਰਦੀ ਦੇ ਮਹੀਨੇ ਬੜੀ ਆਸ ਹੁੰਦੀ ਹੈ ਕਿ ਸਮਾਜ ਦੇ ਹਰ ਵਰਗ ਨਾਲ ਸਲਾਹ ਮਸ਼ਵਰਾ ਕਰਕੇ ਅਤੇ ਅੰਕੜਿਆਂ ਨੂੰ ਅਤਿ ਗੁਪਤ ਰੱਖ ਕੇ ਬਣਾਏ ਗਏ ਅਤੇ ਪਾਰਲੀਮੈਂਟ ਦੇ ਅਹਾਤੇ ਵਿੱਚ ਕਿਸੇ ਖ਼ਤਰਨਾਕ ਜਾਂ ਗ਼ਲਤ-ਮਲਤ ਪਦਾਰਥ ਨੂੰ ਸੁੰਘ ਕੇ ਆਗਾਹ ਕਰ ਦੇਣ ਵਾਲੇ ਕੁੱਤਿਆਂ ਦੀ ਨੱਕ ਥੱਲੋਂ ਲੰਘੇ ਬਜਟ ਵਿੱਚੋਂ ਕੁਝ ਐਸਾ ਜਾਦੂਈ ਨਿਕਲੇਗਾ ਕਿ ਦੁੱਖ ਦਲਿੱਦਰ ਦੂਰ ਹੋਣਗੇ, ਕਿਸਾਨ ਖ਼ੁਸ਼ੀ-ਖ਼ੁਸ਼ੀ ਖੇਤੀ ਕਰੇਗਾ, ਗ਼ਰੀਬ ਦਾ ਬੱਚਾ ਚਾਈਂ-ਚਾਈਂ ਸਕੂਲ ਜਾਵੇਗਾ, ਅਧਿਆਪਕ ਆਪਣੇ ਸ਼ੋਭੇ ‘ਤੇ ਮਾਣ ਕਰਦਾ ਬਲੈਕਬੋਰਡ ਵੱਲ ਮੂੰਹ ਕਰੇਗਾ।

ਢੇਰ ਸਿਆਣਪਾਂ ਵਾਲਿਆਂ ਦੇ ਪਿੱਛੇ ਲੱਗ ਵਰ੍ਹਿਆਂ ਤੋਂ ਮੈਂ ਵੀ ਉਧਰ ਹੀ ਵੇਖ ਰਿਹਾ ਹਾਂ ਜਿਧਰ ਸਾਰਾ ਦੇਸ਼ ਵੇਖਦਾ ਹੈ – ਉਸ ਲਾਲ ਅਟੈਚੀ ਵੱਲ। ਉਸੇ ਵਿੱਚੋਂ ਕਿਸੇ ਸਾਲ ਕੋਈ ਐਸਾ ਫਾਰਮੂਲਾ ਨਿਕਲਣਾ ਹੈ ਜਿਸ ਨੇ ਦੁੱਖ ਕੱਟ ਦੇਣੇ ਨੇ ਸਾਰੇ।

ਹਰ ਵਾਰੀ ਉਹਦੇ ਵਿੱਚੋਂ ਕੋਈ ਇੱਕ-ਦੋ ਐਸੇ ਵੱਡੇ-ਵੱਡੇ ਟਰਪੱਲ ਨਿਕਲਦੇ ਨੇ ਕਿ ਬਾਕੀ ਸਾਰੀ ਬਹਿਸ ਉੱਤੇ ਛਾ ਜਾਂਦੇ ਨੇ। ਇਸ ਸੁਫ਼ਨੇ-ਬਨਾਮ-ਜੁਮਲੇ ਜਾਂ ਜੁਮਲੇ-ਬਨਾਮ-ਸੁਫ਼ਨੇ (ਹੁਣ ਮੈਨੂੰ ਕੀ ਪਤਾ ਤੁਸੀਂ ਕਿਸ ਮੁਦਰਾ ਵਿੱਚ ਬੈਠ ਕੇ ਇਹ ਲਿਖਤ ਪੜ੍ਹ ਰਹੇ ਹੋ?) ਸੁਰਖ਼ੀਆਂ ਬਣਦੇ ਹਨ, ਟੀਵੀ ਉੱਤੇ ਭਖਵੀਆਂ ਬਹਿਸਾਂ ਦਾ ਮੌਜ਼ੂ ਹੋ ਜਾਂਦੇ ਹਨ।
----------
ਤੁਸੀਂ ਅਤਿ-ਗੰਭੀਰ ਬਿਮਾਰੀ ਦੇ ਬਾਵਜੂਦ ਮੌਤ ਦੇ ਮੂੰਹੋਂ ਕੱਢ ਲਏ ਜਾਵੋਗੇ ਜਾਂ ਕੁੱਤੇ ਦੇ ਵੱਢਣ ਬਾਅਦ ਟੀਕਾ ਨਾ ਮਿਲਣ ਜਾਂ ਖਰੀਦਣ ਦੀ ਸਮਰੱਥਾ ਨਾ ਹੋਣ ਕਾਰਨ ਮਰ ਜਾਓਗੇ, ਇਹ ਫਾਰਮੂਲੇ ਲਾਲ ਅਟੈਚੀ ਵਿੱਚੋਂ ਨਿਕਲਦੇ ਹਨ।
----------
ਕੋਈ ਦਹਾਕਾ ਪਹਿਲਾਂ ਪਿਛਲੇ ਕੇਂਦਰੀ ਵਿੱਤ ਮੰਤਰੀ ਪੀ. ਚਿਦੰਬਰਮ ਹੋਰਾਂ ਨੇ ਆਪਣੀ ਕਿਤਾਬ ‘ਬਾਹਰੋਂ ਡਿੱਠਾ ਨਜ਼ਾਰਾ’ (A View From the Outside: Why Good Economics Works For Everyone) ਦੀ ਭੂਮਿਕਾ ਵਿੱਚ ਹੀ ਲਿਖ ਦਿੱਤਾ ਸੀ ਕਿ ਪਹਿਲੋਂ ਭਾਵੇਂ ਕਦੀ ਬਜਟ ਕੋਈ ਕ੍ਰਿਸ਼ਮਈ ਮੁਜੱਸਮਾ ਰਹੇ ਹੋਣ, ਹੁਣ ਤਾਂ ਇਹ ਕੇਵਲ ਸਰਕਾਰੀ ਚੁਸਤੀਆਂ-ਚਲਾਕੀਆਂ ਦੀ ਪਟਾਰੀ ਤੁੱਲ ਹੋ ਚੁੱਕੇ ਹਨ। ਉਨ੍ਹਾਂ ਆਪ ਇਹ ਪਟਾਰੀ ਨੌਂ ਵਾਰੀ ਖੋਲ੍ਹੀ ਹੈ। ਉਹੀ ਲਾਲ ਅਟੈਚੀ, ਉਹੀ ਬਜਟ ਦੀਆਂ ਪੋਥੀਆਂ ਜਿਨ੍ਹਾਂ ਨੂੰ ਪਹਿਲੋਂ ਅਭਿਆਸੀ ਕੁੱਤੇ ਸੁਰੱਖਿਆ ਕਾਰਨਾਂ ਕਰਕੇ ਸੁੰਘਦੇ ਨੇ। 1997 ਵਾਲੇ ਆਪਣੇ ਬਜਟ ਦਾ ਤਾਂ ਉਨ੍ਹਾਂ ਨੇ ਨਾਮ ਹੀ ‘ਸੁਪਨਮਈ ਬਜਟ’ (ਡਰੀਮ ਬਜਟ) ਰੱਖਿਆ ਸੀ।

ਇਸ ਵਾਰੀ ਪਟਾਰੀ ਵਿੱਚੋਂ ਨਿਕਲੇ ਵੱਡੇ ਟਰਪੱਲਾਂ ਵਿੱਚੋਂ ਇੱਕ ਹੈ ਹਰ ਕਿਰਸਾਨੀ ਪਰਿਵਾਰ ਨੂੰ ਪੰਜ ਸੌ ਰੁਪਏ ਮਹੀਨਾ, ਬਸ਼ਰਤੇ ਕਿਸਾਨ ਕੋਲ ਜ਼ਮੀਨ ਪੰਜ ਏਕੜ ਤੋਂ ਘੱਟ ਹੋਵੇ। ਹਰ ਕੋਈ ਇਸ ਦੀ ਗੱਲ ਕਰ ਰਿਹਾ ਹੈ। ਸਾਲ ਵਿੱਚ ਪੂਰੇ 6,000 ਰੁਪਏ ਕਿਸਾਨ ਦੇ ਪਰਿਵਾਰ ਨੂੰ ਮਿਲਣੇ ਹਨ। ਸਰਕਾਰ ਨੇ ਦੋ-ਦੋ ਹਜ਼ਾਰ ਰੁਪਏ ਦੀਆਂ ਤਿੰਨ ਕਿਸ਼ਤਾਂ ਸਾਲ ਵਿੱਚ ਦੇਣੀਆਂ ਹਨ। ਪੈਸੇ ਸਿੱਧੇ ਕਿਸਾਨ ਦੇ ਖਾਤੇ ਵਿੱਚ ਡਿੱਗਣਗੇ।

ਐਸੀ ਖੁੱਲ੍ਹਦਿਲੀ, ਦਿਆਨਤਦਾਰੀ ਅਤੇ ਸੂਖ਼ਮ ਆਰਥਿਕ ਨੀਤੀ-ਵਿਸ਼ਲੇਸ਼ਣ ਦੇਸ਼ ਭਰ ਵਿੱਚ ਲੱਖਾਂ ਕਿਸਾਨਾਂ ਦੀਆਂ ਆਤਮ-ਹੱਤਿਆਵਾਂ ਅਤੇ ਕਰੋੜਾਂ ਦੇ ਦਿੱਲੀ, ਬੰਬਈ, ਕਲਕੱਤੇ ਵੱਲ ਨੂੰ ਵਾਰ-ਵਾਰ ਕੂਚ ਕਰਦੇ ਲਸ਼ਕਰਾਂ ਦਾ ਨਤੀਜਾ ਹੈ। ਜਿੰਨਾ ਵੱਡਾ ਸੰਕਟ, ਉਨ੍ਹਾਂ ਵੱਡਾ ਟਰਪੱਲ।

ਦੂਜਾ ਵੱਡਾ ਟਰਪੱਲ ਹਰ ਮਿਹਨਤਕਸ਼ ਮਜ਼ਦੂਰ ਲਈ 3,000 ਰੁਪਏ ਮਹੀਨਾ ਪੈਨਸ਼ਨ ਵਾਲਾ ਹੈ। ਫੈਕਟਰੀ ਵਿੱਚ ਕੰਮ ਕਰਦਾ ਤੀਹਾਂ ਵਰ੍ਹਿਆਂ ਦਾ ਮਜ਼ਦੂਰ ਜੇ ਹਰ ਮਹੀਨੇ 100 ਰੁਪਏ ਤਨਖ਼ਾਹ ਵਿੱਚੋਂ ਕਟਵਾਉਂਦਾ ਰਿਹਾ ਤਾਂ 2049 ਵਿਚ ਉਹਨੂੰ ਹਰ ਮਹੀਨੇ 3000 ਰੁਪਏ ਮਿਲਣਗੇ। ਤੀਹ ਸਾਲਾਂ ਬਾਅਦ 3000 ਰੁਪਏ ਦੀ ਕੀਮਤ ਕੀ ਹੋਵੇਗੀ, ਇਹ ਸਮਝਣ ਲਈ ਮੈਂ ਤੀਹ ਵਰ੍ਹੇ ਪਹਿਲੋਂ ਦੀ ਆਪਣੀ ਤਨਖ਼ਾਹ ਨੂੰ ਮੁੜ ਚੇਤੇ ਕੀਤਾ ਜਦੋਂ ਵੀ.ਪੀ. ਸਿੰਘ ਪ੍ਰਧਾਨ ਮੰਤਰੀ ਸਨ। ਜੇ ਯਾਦ ਕਰਕੇ ਕਲੇਜਾ ਮੂੰਹ ਨੂੰ ਨਾ ਆਉਂਦਾ ਤਾਂ ਮੂੰਹੋਂ ਬੜੇ ਭੈੜੇ ਸ਼ਬਦ ਨਿਕਲਣੇ ਸਨ ਜਿਹੜੇ ਸੰਪਾਦਕੀ ਸਫ਼ਿਆਂ ‘ਤੇ ਤਾਂ ਕਦੀ ਨਹੀਂ ਛਪਣੇ ਚਾਹੀਦੇ ਜਿੱਥੇ ਤੁਹਾਡੇ ਜਿਹੇ ਜ਼ਹੀਨਬੁੱਧੀ ਪਾਠਕ ਪਹੁੰਚਦੇ ਹਨ। ਪਰ ਜ਼ਰਾ ਸੋਚੋ ਕਿ ਅੱਜ ਤੋਂ ਤੀਹ ਸਾਲ ਬਾਅਦ ਹੱਥ ਵਿੱਚ 3000 ਰੁਪਏ ਫੜ ਸਾਡੀਆਂ ਫੈਕਟਰੀਆਂ ਦੇ ਮਜ਼ਦੂਰ, ਸਾਡੇ ਘਰਾਂ ਵਿੱਚ ਕੰਮ ਕਰਦੀਆਂ ਔਰਤਾਂ, ਰਿਕਸ਼ਾ ਚਲਾਉਂਦੇ ਮਿਹਨਤਕਸ਼, ਪਿੰਡਾਂ-ਸ਼ਹਿਰਾਂ ਵਿਚਲੇ ਦਿਹਾੜੀਦਾਰ ਤੁਹਾਡੇ, ਮੇਰੇ ਬਾਰੇ ਕੀ ਸੋਚਣਗੇ ਜਿਹੜੇ ਇਸ ਟਰਪੱਲ ਉੱਤੇ ਭਖਵੀਆਂ ਬਹਿਸਾਂ ਟੀਵੀ ‘ਤੇ ਦੇਖ ਰਹੇ ਸਾਂ, ਤਬਸਰੇ ਪੜ੍ਹ ਰਹੇ ਸਾਂ?
-----------
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on February 4, 2019, in sync with the presentation of budget. –Ed.     
------------

ਕਿਸਾਨ ਨੇ ਹੁਣ ਹਰ ਮਹੀਨੇ 500 ਰੁਪਏ ਨਾਲ ਜਾਂ ਮਜ਼ਦੂਰ ਨੇ ਕੁਝ ਸਾਲਾਂ ਬਾਅਦ 3000 ਰੁਪਏ ਨਾਲ ਕੀ ਖਰੀਦਣਾ ਹੈ? ਏਨੇ ਨਾਲ ਲਟਕਣ ਲਈ ਰੱਸਾ ਲੱਭਦੇ ਨੂੰ ਜਿਊਣ ਦਾ ਬਹਾਨਾ ਮਿਲਦਾ ਹੈ?

ਵਿੱਤ ਮੰਤਰੀ ਦੇ ਪੌਣੇ-ਦੋ ਘੰਟੇ ਲੰਬੇ ਭਾਸ਼ਣ ਵਿੱਚ ਮੈਂ ਆਪਣੇ ਚਹੇਤੇ ਸ਼ਬਦ ਸੁਣਨ ਨੂੰ ਤਰਸਦਾ ਰਿਹਾ ਪਰ ਉਨ੍ਹਾਂ ਇੱਕ ਵਾਰੀ ਵੀ ‘ਅੱਛੇ ਦਿਨ’ ਨਹੀਂ ਕਿਹਾ। ਕੁਝ ਦਿਨ ਪਹਿਲਾਂ ਹੀ ਪਿਊਸ਼ ਗੋਇਲ ਸਵਿੱਟਜ਼ਰਲੈਂਡ ਦੇ ਸ਼ਹਿਰ ਡਾਵੋਸ ਗਏ ਸਨ। ਓਥੇ ਔਕਸਫੈਮ ਵਾਲਿਆਂ ਨੇ ਦੱਸਿਆ ਸੀ ਕਿ ਭਾਰਤ ਵਿਚ ਚੋਖਾ ਪੈਸੇ ਕਿੱਥੇ ਪਿਆ ਹੈ। ਦੇਸ਼ ਦੇ ਨੌਂ ਅਮੀਰ ਲੋਕਾਂ ਕੋਲ ਦੇਸ਼ ਦੀ ਅੱਧੀ ਵੱਸੋਂ ਤੋਂ ਵਧੇਰੇ ਧਨ ਹੈ। ਦੇਸ਼ ਦੇ ਧਨ ਬਾਰੇ ਵਿਸਥਾਰਤ ਜਾਣਕਾਰੀ ਵਾਲੇ ਭਾਸ਼ਣ ਵਿਚ ਧਨ ਦਾ ਪਤਾ ਦੱਸ ਦੇਂਦੇ ਅਤੇ ਕਹਿ ਦੇਂਦੇ ਕਿ ਜਿਨ੍ਹਾਂ ਨੂੰ ਲੋੜ ਹੋਵੇ, ਉਹ ਆਪ ਲਿਆਉਣ ਦਾ ਕੋਈ ਤਰੱਦਦ ਕਰਨ। ਲੋਕਾਂ ਹੰਭਲਾ ਮਾਰ ਲੈਣਾ ਏ ਕਿਸੇ ਦਿਨ।

ਵੈਸੇ ਭਾਸ਼ਣ ਵਿਚ ਉਨ੍ਹਾਂ ਇਸ ਦੇਸ਼ ਦੇ ਹਾਸ਼ੀਏ ‘ਤੇ ਧੱਕੀਆਂ ਅਨੁਸੂਚਿਤ ਜਾਤੀਆਂ ਅਤੇ ਜਨਜਾਤੀਆਂ ਬਾਰੇ ਵਾਰ-ਵਾਰ ਗੱਲ ਕੀਤੀ। ਉਨ੍ਹਾਂ ਲਈ ਰੱਖੀ ਰਕਮ ਚੋਖੀ ਵਧਾਉਣ ਦੀ ਤਜਵੀਜ਼ ਰੱਖੀ। ਤੱਥ ਇਹ ਹੈ ਕਿ ਕਾਨੂੰਨ ਅਨੁਸਾਰ ਬਜਟ ਵਿਚਲੀਆਂ ਸਕੀਮਾਂ ਵਿੱਚ 16.6 ਫ਼ੀਸਦੀ ਅਨੁਸੂਚਿਤ ਜਾਤੀਆਂ ਦਾ ਹੋਣਾ ਚਾਹੀਦਾ ਹੈ ਅਤੇ 8.6% ਅਨੁਸੂਚਿਤ ਜਨਜਾਤੀਆਂ ਦਾ। ਹੁਣ ਤੱਕ ਤਾਂ ਇਹ ਕ੍ਰਮਵਾਰ 8% ਅਤੇ 5% ਫੀਸਦੀ ਹੈ। ਇਸ ਤਰ੍ਹਾਂ ਕੇਵਲ ਇਸੇ ਬਜਟ ਵਿੱਚ ਹੀ ਅਨੁਸੂਚਿਤ ਜਾਤੀਆਂ ਦੇ 62,000 ਕਰੋੜ ਰੁਪਏ ਅਤੇ ਅਨੁਸੂਚਿਤ ਜਨਜਾਤੀਆਂ ਦੇ 25,902 ਕਰੋੜ ਰੁਪਏ ਡਕਾਰ ਲਏ ਗਏ ਹਨ। 

ਵੇਖਣ ਨੂੰ ਇਹ ਸਭ ਅੰਕੜੇ ਜਾਪਦੇ ਹਨ। ਭਾਰਤ ਦਾ ਬਜਟ 27,84,200 ਕਰੋੜ ਰੁਪਏ ਦਾ ਹੋ ਗਿਆ ਹੈ। ਲਾਲ ਅਟੈਚੀ ਵਿੱਚੋਂ ਕਿਸ ਨੂੰ ਕੀ ਮਿਲੇਗਾ, ਕਿਹੜੀ ਸਕੀਮ ਵਿਚ ਕਿੰਨਾ ਪੈਸਾ ਲੱਗੇਗਾ, ਇਸ ਨਾਲ ਲੱਖਾਂ, ਕਰੋੜਾਂ ਜ਼ਿੰਦਗੀਆਂ ਅਤੇ ਮੌਤਾਂ ਦੀ ਤਹਿਰੀਰ ਲਿਖੀ ਜਾਂਦੀ ਹੈ। ਤੁਸੀਂ ਅਤਿ-ਗੰਭੀਰ ਬਿਮਾਰੀ ਦੇ ਬਾਵਜੂਦ ਮੌਤ ਦੇ ਮੂੰਹੋਂ ਕੱਢ ਲਏ ਜਾਵੋਗੇ ਜਾਂ ਕੁੱਤੇ ਦੇ ਵੱਢਣ ਬਾਅਦ ਟੀਕਾ ਨਾ ਮਿਲਣ ਜਾਂ ਖਰੀਦਣ ਦੀ ਸਮਰੱਥਾ ਨਾ ਹੋਣ ਕਾਰਨ ਮਰ ਜਾਓਗੇ, ਇਹ ਫਾਰਮੂਲੇ ਲਾਲ ਅਟੈਚੀ ਵਿੱਚੋਂ ਨਿਕਲਦੇ ਹਨ।

ਲੱਖਾਂ ਲੋਕਾਂ ਦੀ ਮੌਤ, ਕਰੋੜਾਂ ਜ਼ਿੰਦਗੀਆਂ ਦਾ ਫ਼ੈਸਲਾ ਬਜਟ ਦੀਆਂ ਪੋਥੀਆਂ ਕਰਦੀਆਂ ਹਨ। ਇਕੱਲੇ ਉੱਤਰ ਪ੍ਰਦੇਸ਼ ਵਿੱਚ ਰੂਸ ਤੋਂ ਜ਼ਿਆਦਾ ਲੋਕ ਰਹਿੰਦੇ ਹਨ, ਇਕੱਲੇ ਓੜੀਸਾ ਵਿੱਚ ਕੈਨੇਡਾ ਤੋਂ ਵਧੇਰੇ ਅਤੇ ਛੱਤੀਸਗੜ੍ਹ ਵਿੱਚ ਆਸਟਰੇਲੀਆ ਤੋਂ ਬਹੁਤੇ, ਪਰ ਜੇ ਫਿਰ ਵੀ ਸ਼ਿਵਪ੍ਰਤਾਪ ਸ਼ੁਕਲਾ ਤੇ ਪੌਨ ਰਾਧਾਕ੍ਰਿਸ਼ਨਨ ਦੇਸ਼ ਦੇ ਕੇਂਦਰੀ ਵਜ਼ੀਰ ਬਣ ਕੇ ਵੀ ਗੂਗਲ ਵਿੱਚੋਂ ਲੱਭਦੇ ਹਨ ਤਾਂ ਆਖ਼ਰੀ ਆਸ ਅਭਿਆਸੀ ਸੁੰਘਣਹਾਰਿਆਂ ਤੋਂ ਹੀ ਰੱਖ ਲਵਾਂ ਕਿ ਭਰਾਵੋ, ਤੁਸੀਂ ਹੀ ਭੌਂਕ ਦਿਆ ਕਰੋ ਤਾਂ ਜੋ ਦੇਸ਼ ਆਗਾਹ ਹੋ ਜਾਵੇ ਕਿ ਲਾਲ ਅਟੈਚੀ ਵਿੱਚ ਗ਼ਰੀਬ ਦੀ ਮੌਤ ਦਾ ਹੀ ਸਾਮਾਨ ਹੈ। ਬਾਕੀਆਂ ਤਾਂ ਹਲਵਾ ਖਾਧਾ ਹੀ ਹੋਇਆ ਹੈ।

 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਵਰ੍ਹਿਆਂ ਤੋਂ ਲਾਲ ਅਟੈਚੀ ਨੂੰ ਸੁੰਘ ਕੇ ਨਾ ਭੌਂਕਣ ਵਾਲਿਆਂ ਨਾਲ ਗੰਭੀਰ ਮੱਤਭੇਦ ਰੱਖਦਾ ਆਇਆ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER