ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ




ਰਾਜਧਾਨੀ ਦਿੱਲੀ ਵਿੱਚ ਰਾਇਸੀਨਾ ਪਹਾੜੀ ਉੱਤੇ ਬਣੇ ਉੱਤਰੀ ਬਲਾਕ ਵਿੱਚ ਸਰਕਾਰ-ਏ-ਹਿੰਦ ਦਾ ਵਿੱਤ ਮੰਤਰਾਲਾ ਹੈ ਜਿਸ ਦੇ ਤਹਿਖਾਨੇ ਵਿੱਚ ਪਿਛਲੇ ਹਫ਼ਤੇ ਇੱਕ ਵੱਡੇ ਸਾਰੇ ਕੜਾਹੇ ਵਿੱਚ ਹਲਵਾ ਬਣਾ ਕੇ ਕੁਝ ਚੋਣਵੇਂ ਲੋਕਾਂ ਨੂੰ ਵੰਡਿਆ ਗਿਆ। ਵਿੱਤ ਮੰਤਰੀ ਅਰੁਣ ਜੇਤਲੀ ਹਲਵਾ ਚੱਖਣ ਨਹੀਂ ਪਹੁੰਚ ਸਕੇ ਕਿਉਂ ਜੋ ਉਹ ਅਮਰੀਕਾ ਵਿੱਚ ਜ਼ੇਰੇ ਇਲਾਜ ਹਨ ਅਤੇ ਤੁਸੀਂ ਉਹ ਹਲਵਾ ਚੱਖ ਨਹੀਂ ਸਕਦੇ ਕਿਉਂ ਜੋ ਉਸ ਤਹਿਖਾਨੇ ਵਿੱਚ ਤਾਂ ਪਰਿੰਦਾ ਵੀ ਪਰ ਨਹੀਂ ਮਾਰ ਸਕਦਾ। ਬੜੇ ਧਿਆਨ ਅਤੇ ਤਰੱਦਦ ਨਾਲ ਚੁਣੇ ਹੋਏ ਚੰਦ ਲੋਕ ਹੀ ਤਹਿਖਾਨੇ ਤੱਕ ਜਾ ਸਕਦੇ ਹਨ, ਹਲਵਾ ਖਾ ਸਕਦੇ ਹਨ।

ਤਹਿਖਾਨੇ ਵਿੱਚ ਬੜੇ ਰਾਜ਼ ਪਏ ਹਨ। ਜਿਨ੍ਹਾਂ-ਜਿਨ੍ਹਾਂ ਨੇ ਹਲਵਾ ਖਾਧਾ ਹੈ, ਉਹ ਹੁਣ ਕਈ ਦਿਨ ਤਕ ਆਪਣੇ ਸਕੇ-ਸਬੰਧੀਆਂ ਨਾਲ ਵੀ ਗੱਲ ਨਹੀਂ ਕਰ ਸਕਦੇ। ਉਨ੍ਹਾਂ ਦੇ ਮੂੰਹਾਂ ‘ਤੇ ਤਾਲੇ ਲੱਗ ਗਏ ਹਨ। ਉਸ ਤਹਿਖਾਨੇ ਵਿੱਚ ਭਾਰਤ ਸਰਕਾਰ ਦਾ ਬਜਟ ਛਪਦਾ ਹੈ। ਛਪਾਈ ਸ਼ੁਰੂ ਹੋਣ ਤੋਂ ਪਹਿਲਾਂ ਹਲਵੇ ਦੀ ਰਸਮ ਕੀਤੀ ਜਾਂਦੀ ਹੈ, ਫਿਰ ਅੰਕੜਿਆਂ ਦੇ ਰਾਖੇ ਸਮਝੋ ਗੁਪਤਵਾਸ ਵਿੱਚ ਹੀ ਰਹਿੰਦੇ ਹਨ ਤਾਂ ਜੋ ਗ਼ਲਤੀ ਨਾਲ ਵੀ ਕੋਈ ਅੰਕੜਾ ਕਿਸੇ ਚੋਰ-ਮੋਰੀ ਰਾਹੀਂ ਬਾਹਰ ਨਾ ਚਲਾ ਜਾਵੇ।

ਹਲਵੇ ਦੇ ਸੇਵਨ ਨਾਲ ਬੇਸ਼ਕੀਮਤੀ ਰਾਜ਼ ਦੀ ਰਾਖੀ ਵਾਲੀ ਗੱਲ ਮੇਰੀ ਸਮਝ ਵਿੱਚ ਬਹੁਤੀ ਨਹੀਂ ਸੀ ਆਈ। ਇੱਕ ਵਾਰੀ ਦਿੱਲੀ ਵਿੱਚ ਵਿੱਤ ਮੰਤਰਾਲੇ ਦੇ ਇੱਕ ਅਫ਼ਸਰ ਨੂੰ ਜਦੋਂ ਮੈਂ ਤਜਵੀਜ਼ ਕਰ ਬੈਠਾ ਕਿ ਜਨਤਾ ਪ੍ਰਤੀ ਨਮਕ-ਹਲਾਲੀ ਲਈ ਇਨ੍ਹਾਂ ਅਫ਼ਸਰਾਂ ਨੂੰ ਭੋਰਾ ਜਿਹਾ ਨਮਕ ਚਟਾ ਦਿਆ ਕਰੋ ਤਾਂ ਉਹ ਬਹੁਤਾ ਪ੍ਰਭਾਵਿਤ ਨਹੀਂ ਸੀ ਹੋਇਆ।

ਖ਼ੈਰ, ਨਮਕ ਹੋਵੇ ਜਾਂ ਹਲਵਾ, ਪੈਸੇ ਬਾਰੇ ਅੰਕੜਿਆਂ ਦੀ ਰਾਖੀ ਪ੍ਰਤੀ ਇਹ ਸੰਜੀਦਗੀ ਏਨਾ ਤਾਂ ਦਰਸਾਉਂਦੀ ਹੀ ਹੈ ਕਿ ਅੰਕੜੇ ਅਤੇ ਤੱਥ ਕਿੰਨੀ ਮਹੱਤਵਪੂਰਨ ਵਸਤੂ ਹਨ।

ਅਸੀਂ ਅੰਕੜਿਆਂ ਦੀ ਦੁਨੀਆਂ ਵਿੱਚ ਜਿਉਂਦੇ ਹਾਂ। ਚਾਰੋਂ ਪਾਸੇ ਅੰਕੜਿਆਂ ਦਾ ਸੰਸਾਰ ਫੈਲਿਆ ਹੋਇਆ ਹੈ। ਸਾਨੂੰ ਤੱਥਾਂ ਵਿੱਚ ਬੇਇੰਤਹਾ ਯਕੀਨ ਹੈ। ਘੱਟੋ-ਘੱਟ ਇਹੀ ਪ੍ਰਸਾਰਿਆ ਜਾ ਰਿਹਾ ਹੈ ਕਿ "ਤੱਥਾਂ ਉੱਤੇ ਗੌਰ ਕਰੋ, ਬਾਕੀ ਸਭ ਤਾਂ ਖਿਆਲਾਤ ਹਨ।” ਜਿਵੇਂ-ਜਿਵੇਂ ਅਨਪੜ੍ਹਤਾ ਦਾ ਹਨੇਰਾ ਛੱਟਦਾ ਗਿਆ, ਵਿੱਦਿਆ ਦਾ ਚਾਨਣ ਫੈਲਿਆ, ਅਸੀਂ ਵਿਗਿਆਨਕ ਦ੍ਰਿਸ਼ਟੀਕੋਣ ਨੂੰ ਪ੍ਰਚਾਰਿਆ, ਪ੍ਰਸਾਰਿਆ, ਸਾਡਾ ਅੰਕੜਿਆਂ ਅਤੇ ਤੱਥਾਂ ਪ੍ਰਤੀ ਅਕੀਦਾ ਵਧੇਰੇ ਨਮੂਦਾਰ ਹੁੰਦਾ ਗਿਆ। ਸਮਝ ਬਣੀ ਕਿ ਹੋਰਨਾਂ ਗੱਲਾਂ ਬਾਰੇ ਭਾਵੇਂ ਸਾਡੇ ਵਿੱਚ ਲੱਖ ਮਤਭੇਦ ਹੋਣ, ਅੰਕੜਿਆਂ ਅਤੇ ਤੱਥਾਂ ਨੂੰ ਰਜ਼ਾਮੰਦੀ ਨਾਲ ਤਸਲੀਮ ਕਰਨਾ ਚਾਹੀਦਾ ਹੈ। ਤਰਕ-ਵਿਤਰਕ ਵਿੱਚ ਅੰਕੜੇ ਅਤੇ ਤੱਥ ਪਵਿੱਤਰ ਹੁੰਦੇ ਹਨ, ਵਿਚਾਰਾਂ ਦਾ ਵੱਖਰੇਵਾਂ ਵੱਖਰੀ ਗੱਲ ਹੈ।

----------
ਅੰਕੜਿਆਂ ਦੇ ਇਸ ਮੀਂਹ ਵਿੱਚ ਅਸੀਂ ਫੇਰ ਇਸ਼ਨਾਨ ਕਰਨ ਜਾ ਰਹੇ ਹਾਂ। ਸੇਵਾਦਾਰਾਂ ਨੇ ਹਲਵਾ ਖਾ ਲਿਆ ਹੈ, ਅੰਕੜਿਆਂ ਭਰੇ ਬੱਦਲ ਘਿਰ ਆਏ ਹਨ। ਅੰਕੜਿਆਂ ਦੀ ਪਵਿੱਤਰਤਾ ਤੋਂ ਅਸੀਂ ਹੁਣ ਸੁਰਖ਼ੁਰੂ ਹੋ ਗਏ ਹਾਂ। 
----------
ਅੰਕੜਿਆਂ ਪ੍ਰਤੀ ਸਾਡੀ ਅਵਚੇਤਨ ਸਮਝ ਕਿੰਨਾ ਮਿੱਠਾ ਰਵੱਈਆ ਰੱਖਦੀ ਹੈ, ਇਸ ਨੂੰ ਇਸ਼ਤਿਹਾਰ ਨਿਰਮਾਤਾ ਛੇਤੀ ਹੀ ਸਮਝ ਗਏ ਸਨ। ਏਸੇ ਲਈ ਟੀਵੀ ‘ਤੇ ਲੰਬੇ, ਘੁੰਗਰਾਲੇ ਵਾਲਾਂ ਵਾਲੀ ਮੁਟਿਆਰ ਦੱਸਦੀ ਹੈ ਕਿ ਫਲਾਣੇ ਸ਼ੈਂਪੂ ਵਿੱਚ ਸੱਤ ਗੁਣ ਹਨ। ਉਹ ਜਾਣਦੀ ਹੈ ਕਿ ਪੰਜ ਨਾਲ ਸਾਡਾ ਗੁਜ਼ਾਰਾ ਨਹੀਂ। ਮੋਤੀਆਂ ਵਾਂਗ ਚਮਕਦੇ ਦੰਦਾਸੇ ਵਾਲਾ ਗੱਭਰੂ ਜਾਣਕਾਰੀ ਦਿੰਦਾ ਹੈ ਕਿ ਉਹਦੇ ਸੁਝਾਏ ਟੁੱਥਪੇਸਟ ਨਾਲ 99.99% ਜੀਵਾਣੂ ਮਰ ਜਾਣਗੇ। ਸਪੱਸ਼ਟ ਹੈ ਕਿ ਇਸ਼ਤਿਹਾਰ ਨਿਰਮਾਤਾ ਦੀ ਨਜ਼ਰ ਵਿੱਚ ਸਾਡੀ ਟੁੱਥਪੇਸਟ ਖਰੀਦਣ ਦੀ ਰੁਚੀ ਸਿਰਫ਼ 99% ਵਾਲੇ ਦਾਅਵੇ ਨਾਲ ਫਿੱਕੀ ਪੈ ਜਾਣੀ ਸੀ।

ਅੰਕੜੇ ਸਾਨੂੰ ਸਕੂਨ ਦਿੰਦੇ ਹਨ। ਚਾਰੋਂ ਸਿਮਤ ਬੇਵਿਸਾਹੀ ਵਾਲੇ ਇਸ ਸੰਸਾਰ ਵਿੱਚ ਅੰਕੜੇ ਕੋਈ ਠੋਸ ਸੱਚ ਜਾਪਦੇ ਹਨ। ਉਨ੍ਹਾਂ ਉੱਤੇ ਵਿਸ਼ਵਾਸ ਕਰਨ ਨਾਲ ਦੁਨੀਆਂ ਡੋਲਦੀ ਨਹੀਂ ਭਾਸਦੀ। ਦੋ ਅਤੇ ਦੋ ਚਾਰ ਵਾਲੇ ਸਾਰੇ ਮੁਹਾਵਰੇ ਕਦੀ ਨਾ ਡੋਲਣ ਵਾਲੀ ਸਚਾਈ ਦੇ ਪ੍ਰਮਾਣ ਵਜੋਂ ਵਰਤੇ ਜਾਂਦੇ ਹਨ। ਇਸ ਤਰ੍ਹਾਂ ਅਸੀਂ ਬਚਪਨ ਤੋਂ ਤੱਥਾਂ ਵਿੱਚ ਵਿਸ਼ਵਾਸ ਕਰਨਾ ਸਿੱਖਿਆ ਹੈ। ਸਾਨੂੰ ਇਹ ਅੰਕੜੇ ਅਤੇ ਤੱਥ ਸਿੱਖਣ ਹੀ ਤਾਂ ਸਕੂਲਾਂ ਵਿੱਚ ਭੇਜਿਆ ਜਾਂਦਾ ਹੈ।

ਹੁਣ ਤਾਂ ਪਿੱਠੂ-ਨੁਮਾ ਬੈਗ ਆ ਗਏ ਹਨ, ਮੈਂ ਸਿਰ ਉੱਤੇ ਤਣੀ ਵਾਲਾ ਬਸਤਾ ਪਿੱਠ ਪਿੱਛੇ ਲਟਕਾਈ ਪੰਜਵੀਂ ਜਮਾਤ ਵਿੱਚ ਖਾਸਾ ਪੈਂਡਾ ਪੈਦਲ ਤੈਅ ਕਰਕੇ ਸਕੂਲ ਜਾਂਦਾ ਸੀ। ਉਸ ਭਾਰੇ ਜਿਹੇ ਬਸਤੇ ਵਿੱਚ ਅਖ਼ਬਾਰ ਦੇ ਸਫ਼ੇ ਵਿੱਚ ਲਪੇਟੀਆਂ ਦੋ ਪਰੌਂਠੀਆਂ ਅਤੇ ਅੰਬ ਦੇ ਆਚਾਰ ਦੀ ਫਾੜੀ ਤੋਂ ਬਿਨਾਂ ਬਾਕੀ ਸਭ ਤਾਂ ਤੱਥ ਅਤੇ ਅੰਕੜੇ ਹੀ ਹੁੰਦੇ ਸਨ। ਕਦੀ-ਕਦੀ ਤਾਂ ਇਨ੍ਹਾਂ ਦੇ ਭਾਰ ਕਰਕੇ ਪਿੱਠ ਪਰਨੇ ਡਿੱਗਿਆ ਵੀ, ਪਰ ਅਧਿਆਪਕਾਂ ਨੇ ਇਨ੍ਹਾਂ ਦੇ ਅੰਤਿਮ ਸੱਚਾਈ ਹੋਣ ਵਿੱਚ ਵਿਸ਼ਵਾਸ ਪੱਕਾ ਕਰ ਦਿੱਤਾ ਸੀ। ਮੁਨਾਫ਼ੇ ਅਤੇ ਨੁਕਸਾਨ ਦੇ ਸਵਾਲ, ਭੂ-ਮੱਧ ਰੇਖਾ ਵਾਲੇ ਦੇਸ਼ਾਂ ਦੇ ਨਾਮ, ਕਾਲਿੰਗਾ ਦਾ ਯੁੱਧ ਕਦੋਂ ਹੋਇਆ ਅਤੇ ਮਹਾਂਸਾਗਰਾਂ ਵਿਚਲੀਆਂ ਗਰਮ ਅਤੇ ਠੰਢੇ ਪਾਣੀ ਦੀਆਂ ਧਾਰਾਵਾਂ – ਵਰ੍ਹਿਆਂ ਦੇ ਅਭਿਆਸ ਬਾਅਦ ਅੰਕੜਿਆਂ ਅਤੇ ਤੱਥਾਂ ਪ੍ਰਤੀ ਸਾਡੀ ਆਸਥਾ ਦਾ ਪ੍ਰਪੱਕ ਹੋਣਾ ਕੁਦਰਤੀ ਸੀ।
-----------
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on January 28, 2019 in the wake of India’s annual budgetary exercise. – Ed.     
------------

ਸਰਕਾਰਾਂ ਕੋਲ ਤਾਂ ਸਭ ਤੋਂ ਵੱਧ ਅੰਕੜੇ ਹੁੰਦੇ ਹਨ। ਉਹ ਇਹ ਅੰਕੜੇ ਇਕੱਠੇ ਕਰਦੀਆਂ ਹਨ, ਉਨ੍ਹਾਂ ਨੂੰ ਹੀ ਅੰਕੜਿਆਂ ਬਰਾਬਰ ਅੰਕੜੇ ਰੱਖਣੇ ਆਉਂਦੇ ਹਨ। ਸਿਆਸਤ ਵਿੱਚ ਧਿਰਾਂ ਆਪਣੇ ਬਿਆਨੀਏ ਨੂੰ ਕੋਈ ਠੋਸ ਆਧਾਰ ਦੇਣ ਲਈ ਅੰਕੜਿਆਂ ਦਾ ਸਹਾਰਾ ਲੈਂਦੀਆਂ ਹਨ। ਫਿਰ ਜਵਾਬੀ ਅੰਕੜੇ ਸਾਹਮਣੇ ਆਉਂਦੇ ਹਨ। ਤਲਵਾਰਬਾਜ਼ੀ ਜਾਂ ਤੀਰਅੰਦਾਜ਼ੀ ਵਾਂਗ ਅੰਕੜਾਬਾਜ਼ੀ ਹੁੰਦੀ ਹੈ। ਸਰਦ ਰੁੱਤੇ ਜਦੋਂ ਪਾਰਲੀਮੈਂਟ ਵਿੱਚ ਵਿੱਤ ਮੰਤਰੀ ਬਜਟ ਪੇਸ਼ ਕਰਦੇ ਹਨ ਤਾਂ ਇਹ ਅੰਕੜੇਬਾਜ਼ੀ ਗਰਮੀ ਲੈ ਆਉਂਦੀ ਹੈ। ਸਮਾਜ ਦੇ ਕਿਹੜੇ ਕਿਹੜੇ ਵਰਗ ਦਾ ਸਰਕਾਰ ਨੇ ਕਿੰਨਾ ਭਲਾ ਕਰ ਦਿੱਤਾ ਹੈ, ਇਸ ਬਾਰੇ ਛੇ-ਛੇ ਦਸ਼ਮਲਵ ਤੱਕ ਦੇ ਬਰੀਕ ਅੰਕੜੇ ਸਦਨ ਦੇ ਸਾਹਮਣੇ ਰੱਖੇ ਜਾਂਦੇ ਹਨ। ਕਿੰਨੇ ਲੋਕ ਹਰ ਘੰਟੇ ਗਰੀਬੀ ਤੋਂ ਬਾਹਰ ਆਏ, ਇਹ ਅੰਕੜੇ ਨਸ਼ਰ ਕੀਤੇ ਜਾਂਦੇ ਹਨ। ਕਿੰਨੇ ਭੁੱਖਮਰੀ ਤੋਂ ਬਚੇ, ਕਿੰਨੇ ਹੋਰਾਂ ਲਈ ਬਿਹਤਰ ਸਿਹਤ ਸਹੂਲਤਾਂ ਦਿੱਤੀਆਂ ਗਈਆਂ, ਕਿਸਾਨਾਂ ਲਈ ਸਰਕਾਰ ਨੇ ਹੋਰ ਕਿੰਨਾ ਹੀ ਕੁਝ ਕਰ ਦਿੱਤਾ, ਸਿਆਚਿਨ ‘ਤੇ ਖੜ੍ਹੇ ਫ਼ੌਜੀ ਲਈ, ਇਸ ਦੇਸ਼ ਦੇ ਦਲਿਤ ਲਈ, ਔਰਤਾਂ ਲਈ, ਆਦਿਵਾਸੀਆਂ ਲਈ, ਆਮ ਲੋਕਾਂ ਲਈ, ਮੇਰੇ ਲਈ, ਤੁਹਾਡੇ ਲਈ ਤੇ ਆਪਣੀ ਦੋਵਾਂ ਦੀ ਭੂਆ ਲਈ ਸਰਕਾਰ ਨੇ ਕਿਵੇਂ ਏਨੇ ਸਾਰੇ ਪੈਸੇ ਜੁਟਾ ਕੇ ਚੰਗੇ-ਚੰਗੇ ਕੰਮ ਕੀਤੇ ਹਨ, ਇਹ ਸਾਰੇ ਅੰਕੜੇ ਭੁਆ-ਭੁਆ ਕੇ ਚਾਰੋਂ ਪਾਸੇ ਸੁੱਟੇ ਜਾਂਦੇ ਹਨ।

ਲਾਲ ਰੰਗ ਦੀ ਟੁੱਥਪੇਸਟ ਨਾਲ 99.99% ਮਰਨ ਵਾਲੇ ਜੀਵਾਣੂ ਵੀ ਸੁਣਨ ਤਾਂ ਨਿਸ਼ਚਿਤ ਹੀ 100% ਹੀ ਮਰ ਜਾਣ। ਅੰਕੜਿਆਂ ਦੇ ਇਸ ਮੀਂਹ ਵਿੱਚ ਅਸੀਂ ਫੇਰ ਇਸ਼ਨਾਨ ਕਰਨ ਜਾ ਰਹੇ ਹਾਂ। ਸੇਵਾਦਾਰਾਂ ਨੇ ਹਲਵਾ ਖਾ ਲਿਆ ਹੈ, ਅੰਕੜਿਆਂ ਭਰੇ ਬੱਦਲ ਘਿਰ ਆਏ ਹਨ। ਇੱਕ ਮੰਤਰੀ ਬਿਮਾਰ ਹੈ ਤਾਂ ਦੂਜਾ ਸਹੀ। ਸਰਕਾਰ ਵਿਚ ਹਰ ਕੋਈ ਇੰਦਰ ਦੇਵਤਾ ਹੈ।

ਪਰ ਕਿਉਂ ਜੋ ਅਸੀਂ ਨਿੱਤ ਦਿਨ ਦੀ ਜ਼ਿੰਦਗੀ ਵਿੱਚ ਇੱਕ ਵੱਖਰੀ ਤਸਵੀਰ ਵੇਖਦੇ ਹਾਂ, ਦੇਸ਼ ਵਿੱਚ ਬਹੁਤ ਸਾਰੇ ਵਰਗਾਂ ਦੀ ਅਸਲ ਜ਼ਿੰਦਗੀ ਤੋਂ ਵਾਕਿਫ਼ ਹਾਂ ਜਿਹੜੇ ਆਪਣੇ ਦੁੱਖ-ਦਰਦ ਪ੍ਰਤੀ ਅਵੇਸਲੀਆਂ ਸਰਕਾਰਾਂ ਦੀ ਨਿਰਮੋਹੀ ਕਾਰਗੁਜ਼ਾਰੀ ਪਿੰਡੇ ‘ਤੇ ਹੰਢਾਉਂਦੇ ਹਨ, ਇਸ ਲਈ ਅਸੀਂ ਇਨ੍ਹਾਂ ਹਲਵਾ ਖਾ ਕੇ ਛਾਪੇ ਅਤੇ ਨਸ਼ਰ ਕੀਤੇ ਅੰਕੜਿਆਂ ਨੂੰ ਸ਼ੱਕ ਨਾਲ ਵੇਖਣਾ ਸਿੱਖ ਗਏ ਹਾਂ। ਜਾਣਦੇ ਹਾਂ ਕਿ ਅੰਕੜਿਆਂ ਬਨਾਮ ਹੋਰ ਅੰਕੜੇ ਹੁੰਦੇ ਹਨ। ਇਹ ਵੀ ਕਿ ਨਵੇਂ ਅਤੇ ਫਰਜ਼ੀ ਅੰਕੜੇ ਬਣਾਏ ਜਾ ਸਕਦੇ ਹਨ, ਅਸਲੀ ਅੰਕੜੇ ਲੁਕਾਏ ਜਾ ਸਕਦੇ ਹਨ। ਅੰਕੜਿਆਂ ਦੀ ਪਵਿੱਤਰਤਾ ਤੋਂ ਅਸੀਂ ਹੁਣ ਸੁਰਖ਼ੁਰੂ ਹੋ ਗਏ ਹਾਂ।

ਇਹਦੇ ਨਾਲ-ਨਾਲ ਤੱਥਾਂ ਦੀ ਵੀ ਵਾਰੀ ਆਉਣੀ ਸੀ। ਜਨਤਾ ਨੇ ਸੱਚਾਈ ਨੂੰ ਤੱਥਾਂ ਦੇ ਆਧਾਰ ਨਾਲ ਹੀ ਬਿਆਨ ਕਰਨਾ ਸੀ, ਬਚਾਉਣਾ ਸੀ। ਸਿਆਸਤੀਆਂ ਲਈ ਤੱਥ ਹੀ ਮੁਸ਼ਕਿਲ ਸਨ। ਇਸ ਲਈ ਉਨ੍ਹਾਂ ਨੇ ਇਹਦਾ ਵੀ ਹੱਲ ਕੱਢ ਲਿਆ ਹੈ। ਤੱਥਾਂ ਦਾ ਮੱਕੂ ਠੱਪ, ਬਦਲਵੇਂ ਤੱਥ (alternative facts) ਤਾਮੀਰ ਕਰਨੇ ਸ਼ੁਰੂ ਕਰ ਦਿੱਤੇ ਹਨ। ਜੇ ਦੋ ਅਤੇ ਦੋ ਚਾਰ ਵਾਲੇ ਸਬਕ ਸਿੱਖ ਕੇ ਵੀ ਤੁਸੀਂ ਅੰਕੜਿਆਂ ਉੱਤੇ ਸ਼ੱਕ ਕਰਦੇ ਹੋ ਤਾਂ ਫਿਰ ਧਰਤੀ ਤਾਂ ਤੁਸੀਂ ਇੰਚੀਟੇਪ ਲੈ ਕੇ ਮਾਪੀ ਹੀ ਨਹੀਂ, ਨਾ ਪੈਦਲ ਗਾਹੀ ਹੈ। ਫਿਰ ਕਿਵੇਂ ਪਤਾ ਕਿ ਗੋਲ ਹੈ? ਤੱਥ ਵੀ ਸ਼ੱਕ ਦੇ ਘੇਰੇ ਵਿੱਚ ਆ ਗਏ ਹਨ। ‘ਵੱਖਰੇ ਸੱਚ’ (alternative truths) ਹੋਂਦ ਵਿੱਚ ਆ ਗਏ ਹਨ।

ਤੜਕੇ-ਤੜਕੇ ਉੱਠ ਕੇ ਅਮਰੀਕਾ ਦਾ ਰਾਸ਼ਟਰਪਤੀ ਡੋਨਲਡ ਟਰੰਪ ਆਪਣਾ ਟਵਿੱਟਰ ਖਾਤਾ ਖੋਲ੍ਹ ਕੇ ਨਿੱਤ ਨਵੇਂ ਤੱਥ ਉਜਾਗਰ ਕਰਦਾ ਹੈ। ਸਾਡੇ ਇੱਥੇ ਇੱਕ ਖ਼ਾਸ ਘੱਟਗਿਣਤੀ ਨੂੰ ਇਸ ਦੇਸ਼ ਦੀ ਦੁਸ਼ਮਣ ਜਮਾਤ ਵਜੋਂ ਇਕ ਅਤਿ ਝੂਠਮ-ਝੂਠ ਬਿਆਨੀਆ ਘੜ ਕੇ ਅਤੇ ‘ਵੱਖਰਾ ਸੱਚ’ ਬਣਾ ਕੇ ਪੇਸ਼ ਕੀਤਾ ਜਾ ਰਿਹਾ ਹੈ। ਅਸੀਂ ਨਾਵਾਕਫ਼ੀਅਤ, ਜਾਹਿਲਪੁਣੇ ਅਤੇ ਬੇਇਲਮੀ ਦੇ ਸੁਨਹਿਰੀ ਦੌਰ ਵਿੱਚ ਜੀਅ ਰਹੇ ਹਾਂ ਜਿੱਥੇ ਅੰਕੜਿਆਂ ਤੇ ਤੱਥਾਂ ਨੂੰ ਤੋੜਨ ਮਰੋੜਨ ਦੀ ਲੋੜ ਨਹੀਂ; ਸਿਰਫ਼ ‘ਬਦਲਵੇਂ ਤੱਥ’ ਅਤੇ ‘ਵੱਖਰੇ ਸੱਚ’ ਬਿਆਨ ਕਰਨੇ ਹੁੰਦੇ ਹਨ। ਇੱਕ ‘ਬਦਲਵੀਂ ਸੱਚਾਈ’ ਦਾ ਨਿਰਮਾਣ ਕਰਨਾ ਹੁੰਦਾ ਹੈ।

ਇਸ ਵਰਤਾਰੇ ਨਾਲ ਸਿੱਝਣ ਦਾ ਇੱਕੋ ਇੱਕ ਹੱਲ ਹੈ ਕਿ ਸਹੀ ਤੱਥਾਂ, ਸਹੀ ਅੰਕੜਿਆਂ ਦੀ ਰਾਖੀ ਲਈ ਨਾਗਰਿਕਾਂ ਨੂੰ ਆਪ ਲੜਨਾ ਪਵੇਗਾ ਤਾਂ ਜੋ ‘ਬਦਲਵੇਂ ਤੱਥਾਂ’ ਦੀ ਗੜੇਮਾਰੀ ਦੀ ਚਾਦਰ ਥੱਲੇ ਅਸਲੀਅਤ ਲੁਕ ਨਾ ਸਕੇ, ਨਹੀਂ ਤਾਂ ਹੌਲੀ ਹੌਲੀ ਅਸੀਂ ਇਸ ‘ਬਦਲਵੀਂ ਸਚਾਈ’ ਦੇ ਵੀ ਅਭਿਆਸੀ ਹੋ ਜਾਵਾਂਗੇ। ਚੰਡੀਗੜ੍ਹ ਦੀ ਸੁਖਨਾ ਝੀਲ ਕਿਨਾਰੇ ਮੈਂ ਨੌਜਵਾਨ ਲੜਕੀ ਨੂੰ ਕਹਿੰਦਿਆਂ ਸੁਣਿਆ ਕਿ ਹੁਣ ਇੱਕ ‘ਕੈਂਡਿਡ ਸੈਲਫ਼ੀ’ ਵੀ ਲੈਣੀ ਹੈ। ਮੈਂ ਅਜੇ ਸੈਲਫ਼ੀ ਦੇ ਸ਼ਬਦਕੋਸ਼ ਤੋਂ ਅਣਜਾਣ ਸਾਂ, ਇਸ ਲਈ ਉਸ ਨੂੰ ਪੁੱਛ ਲਿਆ: ਇਹ ਕੀ ਹੁੰਦੀ ਹੈ? ਕਹਿਣ ਲੱਗੀ: ਇਹ ਨੈਚਰਲ ਵਾਲੀ ਸੈਲਫ਼ੀ ਨੂੰ ਕਹਿੰਦੇ ਨੇ। ਇਹਦੇ ਲਈ ਇੰਝ ਪੋਜ਼ ਬਣਾਉਣਾ ਪੈਂਦਾ ਹੈ ਕਿ ਲੱਗੇ ਫ਼ੋਟੋ ਕੁਦਰਤੀ ਹੈ, ਪੋਜ਼ ਨਹੀਂ ਬਣਾਇਆ। ਇਸੇ ਝੀਲ ਕਿਨਾਰੇ ਵਿਆਹ ਦੀ ਸੰਦਲੀ ਦਹਿਲੀਜ਼ ਟੱਪਣ ਜਾ ਰਹੇ ਜੋੜੇ ਰਿਸ਼ਤਾ ਤੈਅ ਹੋਣ ਤੋਂ ਬਾਅਦ ਪ੍ਰੀ-ਵੈਡਿੰਗ ਫੋਟੋਆਂ ਖਿਚਵਾਉਂਦੇ ਨੇ, ਇੱਕ ‘ਬਦਲਵੀਂ ਸਚਾਈ’ ਦੇ ਸਬੂਤ ਜੁਟਾਉਂਦੇ ਨੇ।

ਅਸੀਂ ਟਰੰਪ ਦੇ ਸਮਿਆਂ ਦੇ ਹਾਣ ਦੇ ਹੋ ਰਹੇ ਹਾਂ, ਲੱਭ ਰਹੇ ਹਾਂ ਕੌਣ ਦੇਸ਼ ਦਾ ਦੁਸ਼ਮਣ ਹੈ, ਕਿਹੜੀ ਸਿੱਖਾਂ ਦੀ ਦੁਸ਼ਮਣ ਜਮਾਤ ਹੈ ਅਤੇ ਕੌਣ ਹਿੰਦੂ ਵਿਰੋਧੀ ਤਾਕਤਾਂ ਨਾਲ ਲੜੇਗਾ। ਇਹਦੇ ਲਈ ਅੰਕੜੇ ਜੁਟਾ ਰਹੇ ਹਾਂ, ਹਲਵਾ ਖਾ ਕੇ ਇਨ੍ਹਾਂ ਦਾ ਮੀਂਹ ਵਰਸਾ ਰਹੇ ਹਾਂ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅੱਜਕੱਲ੍ਹ ਨੈਚਰਲ ਸੈਲਫ਼ੀ ਪੋਜ਼ ਦਾ ਅਭਿਆਸ ਕਰਨ ਬਾਰੇ ਚਿੰਤਨ ਮੰਥਨ ਕਰ ਰਿਹਾ  ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER