ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਢਾਈ ਟੋਟਰੂਆਂ ਦੀ ਫ਼ੌਜ ਵਿੱਚ ਭਰਤੀ ਲਈ ਧਰਨਾ ਮਾਰੋ




ਹੁਣ ਤਾਂ ਵਾਲਾਂ ਵਿਚ ਕੋਈ ਧੌਲ਼ੇ ਹਨ ਪਰ ਜਦੋਂ ਮੁੱਛ ਵੀ ਨਹੀਂ ਸੀ ਫੁੱਟੀ ਤਾਂ ਲੁਧਿਆਣੇ ਦੇ ਸਰਕਾਰੀ ਜੂਨੀਅਰ ਮਾਡਲ ਸਕੂਲ ਵਿੱਚ ਸਮਾਜਿਕ ਸਿੱਖਿਆ ਪੜ੍ਹਾਉਂਦੇ ਸੱਤਿਆ ਭੈਣਜੀ ਨੇ ਦੱਸਿਆ ਸੀ ਕਿ ਸੰਵਿਧਾਨ ਲੋਕਤੰਤਰ ਦੀ ਨੀਂਹ ਹੈ। 

ਸੱਤਿਆ ਭੈਣਜੀ ਕਈ ਵਾਰੀ ਐਮਰਜੈਂਸੀ ਦੀ ਗੱਲ ਕਰਦੇ, ਗੁੱਸੇ ਵਿੱਚ ਆ ਜਾਂਦੇ, ਕਹਿੰਦੇ ਲੋਕਤੰਤਰ ਦਾ ਬੇੜਾ ਗਰਕ ਕਰ ਦਿੱਤਾ ਏ ਇਸ ਜਨਾਨੀ ਨੇ। ਫਿਰ ਗੁੱਸੇ ‘ਤੇ ਕਾਬੂ ਪਾਉਂਦੇ ਤੇ ਸਾਨੂੰ ਸਮਝਾਉਂਦੇ, ‘‘ਸੰਵਿਧਾਨ ਨਾਗਰਿਕਾਂ ਦਾ ਪਵਿੱਤਰ ਗ੍ਰੰਥ ਹੈ। ਇਹ ਲੋਕਤੰਤਰ ਦੀ ਨੀਂਹ ਹੈ।’’ ਅਸੀਂ ਵੀ ਰੱਟ ਲਿਆ ਸੀ। ਨਾ ਕਦੀ ਸੰਵਿਧਾਨ ਵੇਖਿਆ ਸੀ, ਨਾ ਇਹ ਪਤਾ ਸੀ ਲੋਕਤੰਤਰ ਕਿਸ ਚਿੜੀ ਦਾ ਨਾਮ ਹੈ। ਪਰ ਏਨੀ ਗੱਲ ਪੱਕੀ ਪਤਾ ਸੀ ਕਿ ਸੰਵਿਧਾਨ ਲੋਕਤੰਤਰ ਦੀ ਨੀਂਹ ਹੈ।

ਸਕੂਲ ਅੱਠਵੀਂ ਤੱਕ ਹੀ ਸੀ। ਨੌਵੀਂ ਜਮਾਤ ਵਿੱਚ ਨਵੇਂ ਸਕੂਲ ਵਿੱਚ ਨਵੇਂ ਅਧਿਆਪਕ ਦਾ ਨਵਾਂ ਪੈਂਤੜਾ ਦੇਖਿਆ। ਅਖੇ, ਪਾਰਲੀਮੈਂਟ ਅਤੇ ਸੁਪਰੀਮ ਕੋਰਟ ਲੋਕਤੰਤਰ ਦੀ ਨੀਂਹ ਹਨ। ਮੈਂ ਭਰੀ ਜਮਾਤ ਵਿੱਚ ਦਰੁਸਤ ਕੀਤਾ ਕਿ ਸੰਵਿਧਾਨ ਲੋਕਤੰਤਰ ਦੀ ਨੀਂਹ ਹੈ। ਮੈਂ ਕਹਿਣ ਹੀ ਲੱਗਾ ਸੀ ਕਿ ਜੇ ਚਾਹੋ ਤਾਂ ਮੈਂ ਸੱਤਿਆ ਭੈਣਜੀ ਨੂੰ ਬੁਲਾ ਲਿਆਉਂਦਾ ਹਾਂ ਪਰ ਅਧਿਆਪਕ ਜੀ ਝੱਟ ਮੰਨ ਗਏ। ਕਹਿਣ ਲੱਗੇ, ਸੰਵਿਧਾਨ ਵੀ ਲੋਕਤੰਤਰ ਦੀ ਨੀਂਹ ਹੈ। 

ਉਨ੍ਹਾਂ ਵਿਸਥਾਰ ਨਾਲ ਸਮਝਾਉਣਾ ਸ਼ੁਰੂ ਕੀਤਾ। "ਇੱਕ ਸਿੱਖਿਅਤ ਸਮਾਜ ਹੀ ਮਜ਼ਬੂਤ ਲੋਕਤੰਤਰ ਦੀ ਨੀਂਹ ਹੈ। ਇੱਕ ਜਾਗਦਾ ਨਾਗਰਿਕ ਹੀ ਲੋਕਤੰਤਰ ਦੀ ਨੀਂਹ ਹੈ।" ਮਾਮਲਾ ਗੁੰਝਲਦਾਰ ਹੋ ਗਿਆ ਸੀ ਪਰ ਇੱਕ ਗੱਲ ਸਾਫ਼ ਸੀ – ਨਵਾਂ ਅਧਿਆਪਕ ਸੱਤਿਆ ਭੈਣਜੀ ਦੇ ਖਿਲਾਫ਼ ਨਹੀਂ ਬੋਲ ਰਿਹਾ ਸੀ। ਪੀਰੀਅਡ ਖ਼ਤਮ ਹੋਣ ਤੋਂ ਬਾਅਦ ਮੈਂ ਅਧਿਆਪਕ ਨੂੰ ਮਿਲ ਕੇ ਕਿਹਾ, ‘‘ਜੀ, ਮੈਂ ਕਨਫਿਊਜ਼ ਹੋ ਗਿਆ ਹਾਂ।’’ ਉਸ ਕਿਹਾ, ‘‘ਬਸ ਬਣ ਗਈ ਗੱਲ, ਫਿਰ ਹੁਣ ਆਪੇ ਅਕਲ ਆ ਜਾਏਗੀ।’’ ਕੰਬਖ਼ਤ ਕੈਸੀ ਇਮਾਰਤ ਸੀ ਜਿਸ ਦੀ ਨੀਂਹ ਬਾਰੇ ਹੀ ਏਨਾ ਵਾਵੇਲਾ ਸੀ।
----------
ਬਦਕਿਸਮਤ ਹਨ ਉਹ ਕਸਬੇ, ਪਿੰਡ, ਸ਼ਹਿਰ ਜਿੱਥੇ ਇਹ ਢਾਈ ਟੋਟਰੂ ਨਹੀਂ। ਲੋਕਾਂ ਦੇ ਕਿਸੇ ਮੁੱਦੇ ਲਈ ਘਰੋਂ ਨਿਕਲਣਾ, ਧਰਨੇ ਵਿੱਚ ਸ਼ਾਮਿਲ ਹੋਣਾ, ਮੁੱਠੀ ਵੱਟਣੀ, ਨਾਅਰਾ ਲਾਉਣਾ, ਪੁਲੀਸ ਦੀ ਡਾਂਗ ਅੱਗੇ ਖੜ੍ਹਨਾ – ਜਿਹੜੇ ਲੋਕ ਇਹ ਕੰਮ ਕਰਦੇ ਹਨ, ਉਹੀ ਲੋਕਤੰਤਰ ਦੀ ਨੀਂਹ ਹਨ। 
----------
ਵਕਤ ਲੰਘਿਆ, ਮੁੱਛ ਫੁੱਟੀ, ਪੱਤਰਕਾਰੀ ਦੇ ਸੰਸਾਰ ਵਿੱਚ ਜ਼ਿੰਦਗੀ ਬੀਤੀ। ਦਿੱਲੀ ਵਿੱਚ ਨੀਂਹਾਂ ਤੱਕ ਗੇੜੇ ਵੱਜਦੇ ਰਹੇ। ਪਾਰਲੀਮੈਂਟ ਦੀ ਕੰਟੀਨ ਵਿੱਚ ਸਸਤੀ ਰੋਟੀ ਖਾਂਦਿਆਂ, ਸੁਪਰੀਮ ਕੋਰਟ ਦੇ ਅਹਾਤੇ ਨਿਮਾਣਿਆਂ ਨੂੰ ਇਨਸਾਫ਼ ਦੇ ਇੰਤਜ਼ਾਰ ਵਿੱਚ ਬੁੱਢੇ ਹੁੰਦੇ ਵੇਖਦਿਆਂ, ਇੱਕ ਤੋਂ ਬਾਅਦ ਇੱਕ ਚੋਣ ਦੰਗਲ ਬਾਰੇ ਰਿਪੋਰਟਿੰਗ ਕਰਦਿਆਂ ਅਕਸਰ ਇਨ੍ਹਾਂ ਲੋਕਤੰਤਰ ਦੀਆਂ ਨੀਹਾਂ ਨੂੰ ਨੇੜਿਓਂ ਵੇਖਦਾ।

ਕਈ ਨਿਜ਼ਾਮ ਆਏ, ਗਏ। ਧੁੱਪ ਜਾਂ ਅਕਲ ਨੇ ਮੇਰੇ ਵਾਲੀਂ ਧੌਲ਼ੇ ਪਾਏ। ਚੰਗੇ ਭਾਗੀਂ ਬੜੀ ਵਾਰੀ ਨੀਹਾਂ ਦੇ ਦਰਸ਼ਨ ਹੋਏ। ਕਈ ਨੀਹਾਂ ਨਾਲ ਤਾਂ ਮੈਂ ਆਪ ਹੱਥ ਮਿਲਾਏ।

ਬਲਵੰਤ ਸਿੰਘ
 
ਜੇ ਤੰਤਰ ਲੋਕਾਂ ਲਈ ਹੈ ਤਾਂ ਨੀਂਹ ਵੀ ਤਾਂ ਲੋਕ ਹੀ ਹੋਣੇ ਸਨ, ਪਰ ਕਿਹੜੇ ਲੋਕ? ਵੀਹ ਸਾਲ ਪਹਿਲਾਂ ਜਦੋਂ ਪਹਿਲੀ ਵਾਰੀ ਮਿਲੇ ਸਨ ਤਾਂ ਮੈਨੂੰ 80 ਦੇ ਜਾਪਦੇ ਸਨ। ਹੁਣ ਵੀ ਜਦੋਂ ਮਿਲਦੇ ਹਨ ਤਾਂ 80 ਦੇ ਹੀ ਲੱਗਦੇ ਹਨ। ਉਦੋਂ ਪੰਜਾਬ ਤੋਂ 6,000 ਕਿਲੋਮੀਟਰ ਦੂਰ ਮਾਲਟਾ ਵਿੱਚ 300 ਨੌਜਵਾਨ ਡੁੱਬ ਗਏ ਸਨ ਜਿਨ੍ਹਾਂ ਵਿੱਚੋਂ ਕੋਈ ਵੀ ਬਲਵੰਤ ਸਿੰਘ ਹੋਰਾਂ ਦਾ ਕੁਝ ਨਹੀਂ ਸੀ ਲੱਗਦਾ। ਦਹਾਕਿਆਂ ਤੱਕ ਬਲਵੰਤ ਸਿੰਘ ਜੀ ਮਾਲਟਾ ਕਿਸ਼ਤੀ ਕਾਂਡ ਜਾਂਚ ਮਿਸ਼ਨ ਬਣਾ ਕੇ ਇਨਸਾਫ਼ ਲਈ ਲੜਦੇ ਰਹੇ। ਇਸ ਦੌਰਾਨ ਰੱਬ ਜਾਣੇ ਹੋਰ ਕਿੰਨੇ ਮੁੱਦਿਆਂ ਤੇ ਧਰਨਿਆਂ ਵਿੱਚ ਬੈਠੇ, ਕਿੰਨੀ ਵਾਰੀ ਅਦਾਲਤਾਂ ਦੇ ਕੁੰਡੇ ਖੜਕਾਏ। ਹਰ ਵਾਰੀ ਮੁੱਦਾ ਨਿਮਾਣੇ ਲੋਕ ਹੀ ਹੁੰਦੇ।
 
ਜਦੋਂ ਬਰਨਾਲਾ ਦੇ ਮਹਿਲਕਲਾਂ ਵਿੱਚ ਨੌਜਵਾਨ ਵਿਦਿਆਰਥਣ ਕਿਰਨਜੀਤ ਨੂੰ ਜਬਰ-ਜਨਾਹ ਦਾ ਨਿਸ਼ਾਨਾ ਬਣਾ ਕੇ ਕਤਲ ਕੀਤਾ ਗਿਆ ਤਾਂ ਜਿਹੜੇ ਲੋਕ ਮਹੀਨਿਆਂ, ਫਿਰ ਸਾਲਾਂ ਅਤੇ ਹੁਣ ਦਹਾਕਿਆਂ ਤੱਕ ਲੜ ਰਹੇ ਹਨ, ਉਹ ਲੋਕਤੰਤਰ ਦੀ ਨੀਂਹ ਹਨ।

ਕਿਸੇ ਨਾਲ ਵੀ ਜਦੋਂ ਬੇਇਨਸਾਫ਼ੀ ਹੁੰਦੀ ਹੈ ਤਾਂ ਉਹ ਆਵਾਜ਼ ਉਠਾਉਂਦਾ ਹੈ, ਇਹ ਉਸ ਦਾ ਜਮਹੂਰੀ ਹੱਕ ਹੈ। ਇਕ ਅਰਸੇ ਤੋਂ ਆਪਣੀਆਂ ਤਨਖਾਹਾਂ ਘਟਾਉਣ ਦੇ ਵਿਰੁੱਧ ਅਧਿਆਪਕ ਧਰਨੇ ਮਾਰ ਰਹੇ ਹਨ। ਫ਼ਸਲਾਂ ਦੇ ਵਾਜਬ ਭਾਅ ਮੰਗਦੇ ਕਿਸਾਨ ਵੱਖ-ਵੱਖ ਜਥੇਬੰਦੀਆਂ ਦੇ ਝੰਡੇ ਥੱਲੇ ਵਿਰੋਧ-ਪ੍ਰਦਰਸ਼ਨ ਕਰ ਰਹੇ ਹਨ, ਧਰਨੇ ਮਾਰ ਰਹੇ ਹਨ। ਇਹ ਲੋਕਤੰਤਰ ਦੇ ਜਿਉਂਦੇ ਹੋਣ ਦਾ ਸਬੂਤ ਵੀ ਹੈ ਤੇ ਸੱਤਾ ਦੇ ਅੰਨ੍ਹੇ-ਬੋਲ਼ੇ ਹੋਣ ਦਾ ਵੀ ਜੋ ਨਾਗਰਿਕਾਂ ਦੀ ਪੁਕਾਰ ਨਹੀਂ ਸੁਣ ਰਹੀ।
-----------
Likhtum BaDaleel
Punjab Todayis proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on January 21, 2019, and celebrates those that the State considers a sore thumb. . – Ed.       
------------

ਪਰ ਲੋਕਤੰਤਰ ਦੀ ਨੀਂਹ ਉਹ ਵਿਅਕਤੀ ਹੈ ਜਿਹੜਾ ਇਨ੍ਹਾਂ ਕਿਸਾਨਾਂ ਦਾ ਕੁਝ ਨਹੀਂ ਲੱਗਦਾ ਪਰ ਧਰਨੇ ਵਿੱਚ ਜਾਂਦਾ ਹੈ, ਆਪਣੀ ਆਵਾਜ਼ ਹੱਕ ਮੰਗਦਿਆਂ ਦੇ ਨਾਅਰਿਆਂ ਵਿੱਚ ਸ਼ਾਮਿਲ ਕਰਦਾ ਹੈ। ਜਿਹੜੇ ਲੋਕ ਤੁਹਾਡੇ ਸ਼ਹਿਰ ਵਿੱਚ ਸੜਕ ਰੋਕ ਕੇ ਆਵਾਜਾਈ ਵਿੱਚ ਵਿਘਨ ਪਾਉਂਦੇ ਹਨ ਕਿਉਂ ਜੋ ਪੁਲੀਸ ਵਿਚਲੇ ਕਿਸੇ ਘਟੀਆ ਅਨਸਰ ਨੇ ਗੁਆਂਢੀ ਦੇ ਪੁੱਤ ਨੂੰ ਦਿਨ-ਦਿਹਾੜੇ ਗੋਲੀ ਮਾਰ ਦਿੱਤੀ, ਉਹ ਧਰਮੀ ਲੋਕ ਹੀ ਲੋਕਤੰਤਰ ਦੀ ਨੀਂਹ ਹਨ।
 
ਹਰ ਸ਼ਹਿਰ ਵਿੱਚ ਚੰਦ ਕੁ ਐਸੇ ਲੋਕ ਹੁੰਦੇ ਹਨ ਜਿਹੜੇ ਕਿਸੇ ਵੀ ਲੋਕ-ਸਰੋਕਾਰਾਂ ਵਾਲੇ ਮੁੱਦੇ ਉੱਤੇ ਚੌਂਕ ਵਿੱਚ ਪਹੁੰਚ ਜਾਂਦੇ ਹਨ। ਹੱਥ ਵਿੱਚ ਛੋਟੇ ਜਿਹੇ ਚਿੱਟੇ ਕਾਗ਼ਜ਼ ਉੱਤੇ ਮੋਟੀ ਕਲਮ ਨਾਲ ਲਿਖੇ ਕੁਝ ਨਾਅਰੇ, ਦਿਲ ਵਿੱਚ ਰੋਹ, ਵੱਟੀ ਹੋਈ ਮੁੱਕੀ ਅਤੇ ਫਟਿਆ ਹੋਇਆ ਗਲਾ। ‘‘ਹਮ ਕਿਆ ਚਾਹਤੇ ਹੈਂ – ਇਨਸਾਫ਼।’’ ਇਹ ਕਦੇ ਵੱਡੀ ਭੀੜ ਨਹੀਂ ਬਣਦੇ। 2012 ਵਿੱਚ ਦਿੱਲੀ ਵਿੱਚ ਉਸ ਨੌਜਵਾਨ ਕੁੜੀ ਨਾਲ ਵਾਪਰੇ ਹਾਦਸੇ ਸਮੇਂ ਇਹ ਭੀੜ ਵੱਡੀ ਹੋਈ ਸੀ। ਮਹਿਲਕਲਾਂ ਦੀ ਕਿਰਨਜੀਤ ਲਈ ਵੀ ਭੀੜ ਛੋਟੀ ਨਹੀਂ ਸੀ, ਪਰ ਅਕਸਰ ਇਹ ਢਾਈ ਟੋਟਰੂਆਂ ਦਾ ਹੰਗਾਮਾ ਹੁੰਦਾ ਹੈ। ‘‘ਜੋ ਹਮ ਸੇ ਟਕਰਾਏਗਾ, ਚੂਰ ਚੂਰ ਹੋ ਜਾਏਗਾ’’ ਨਾਅਰਾ ਖ਼ਤਰਨਾਕ ਜਾਪਦਾ ਹੈ, ਡਰਦਾ ਇਨ੍ਹਾਂ ਤੋਂ ਕੋਈ ਨਹੀਂ ਦਿਸਦਾ।

ਚੰਡੀਗੜ੍ਹ ਦੇ ਸਤਾਰਾਂ ਸੈਕਟਰ ਵਿੱਚ ਇਨ੍ਹਾਂ ਢਾਈ ਟੋਟਰੂਆਂ ਨੂੰ ਮੈਂ ਕਈ ਵਾਰੀ ਵੇਖਿਆ ਹੈ। ਆਲੇ-ਦੁਆਲੇ 50% ਸੇਲ ਵਾਲੇ ਬੈਨਰ ਲੱਗੇ ਸ਼ੋਅਰੂਮਾਂ ਦੇ ਸਾਹਮਣੇ ਇਹ ਕਦੀ ਕਿਸੇ ਬਿਨਾਇਕ ਸੇਨ ਦੀ ਰਿਹਾਈ ਲਈ ਇਕੱਠੇ ਹੁੰਦੇ ਹਨ, ਕਦੀ ਗ਼ਰੀਬ ਮਜ਼ਦੂਰਾਂ ਦੀਆਂ ਝੌਂਪੜੀਆਂ ਢਾਹੁਣ ਵਿਰੁੱਧ, ਕਦੀ ਤਰਕਸ਼ੀਲਾਂ ਦੇ ਕਤਲਾਂ ਵਿਰੁੱਧ। ਕਦੀ ਪੁਲੀਸ ਦੀ ਕਿਸੇ ਵਧੀਕੀ ਵਿਰੁੱਧ, ਕਦੀ ਗੌਰੀ ਲੰਕੇਸ਼ ਦੇ ਕਤਲ ਵਿਰੁੱਧ। ਮੁੱਠੀ ਭਰ ਹੁੰਦੇ ਨੇ, ਪੋਸਟਰ ਬਣਾ ਕੇ ਲੈ ਆਉਂਦੇ ਨੇ, ਚੌਂਕ ਵਿੱਚ ਭਾਸ਼ਣ ਕਰਦੇ ਨੇ। ਸੈਂਕੜੇ ਲੋਕ ਇਨ੍ਹਾਂ ਦੇ ਕੋਲੋਂ ਲੰਘ ਖਰੀਦਦਾਰੀ ਕਰਦੇ, ‘‘ਇਨ੍ਹਾਂ ਨੂੰ ਕੀ ਹੋ ਗਿਆ’’ ਵਾਲੀ ਨਜ਼ਰ ਨਾਲ ਵਿੰਹਦੇ ਟੁਰ ਜਾਂਦੇ ਹਨ। ਸਾਲਾਂ ਤੋਂ ਮੈਂ ਇਨ੍ਹਾਂ ਨੂੰ ਦੇਖ ਰਿਹਾ ਹਾਂ। ਕੋਈ ਪ੍ਰੋਫ਼ੈਸਰ ਹੈ, ਕੋਈ ਵਕੀਲ, ਕੋਈ ਵਿਦਿਆਰਥੀ। ਧਰਨੇ ਤੋਂ ਬਾਅਦ ਖਿੰਡ-ਪੁੰਡ ਜਾਂਦੇ ਹਨ।

ਜਿਨ੍ਹਾਂ ਲਈ ਲੜਦੇ ਹਨ ਉਹ ਇਨ੍ਹਾਂ ਦੇ ਕੁਝ ਨਹੀਂ ਲੱਗਦੇ। ਸੀਰੀਆ ਵਿੱਚ ਇਨ੍ਹਾਂ ਦੇ ਕਿਹੜੇ ਰਿਸ਼ਤੇਦਾਰ ਰਹਿੰਦੇ ਹੋਣੇ ਨੇ? ਰੋਹਿੰਗੀਆਂ ਨਾਲ ਇਨ੍ਹਾਂ ਦੀਆਂ ਕੋਈ ਰਿਸ਼ਤੇਦਾਰੀਆਂ ਨਹੀਂ। ਬਹੁਤੇ ਗੌਰੀ ਲੰਕੇਸ਼ ਜਾਂ ਨਰਿੰਦਰ ਡਬੋਲਕਰ ਨੂੰ ਕਦੇ ਮਿਲੇ ਹੀ ਨਹੀਂ ਸੀ। ਪਰ ਇਹ ਢਾਈ ਟੋਟਰੂ ਚੌਂਕ ਵਿੱਚ ਕੋਈ ਨਾ ਕੋਈ ਯੱਭ ਪਾਈ ਰੱਖਦੇ ਹਨ।

ਬਦਕਿਸਮਤ ਹਨ ਉਹ ਕਸਬੇ, ਪਿੰਡ, ਸ਼ਹਿਰ ਜਿੱਥੇ ਇਹ ਢਾਈ ਟੋਟਰੂ ਨਹੀਂ। ਕਿਸੇ ਦੂਜੇ ਲਈ, ਲੋਕਾਂ ਦੇ ਕਿਸੇ ਮੁੱਦੇ ਲਈ ਘਰੋਂ ਨਿਕਲਣਾ, ਧਰਨੇ ਵਿੱਚ ਸ਼ਾਮਿਲ ਹੋਣਾ, ਮੁੱਠੀ ਵੱਟਣੀ, ਨਾਅਰਾ ਲਾਉਣਾ, ਪੁਲੀਸ ਦੀ ਡਾਂਗ ਅੱਗੇ ਖੜ੍ਹਨਾ, ਇਸ ਕਾਰਜ ਲਈ ਸੋਚਣ ਲਾਉਣਾ, ਇਸ ਨੂੰ ਧਰਮ ਦਾ ਕੰਮ ਸਮਝਣਾ, ਸਮਝਾਉਣਾ। ਜਿਹੜੇ ਲੋਕ ਇਹ ਕੰਮ ਕਰਦੇ ਹਨ, ਉਹੀ ਲੋਕਤੰਤਰ ਦੀ ਨੀਂਹ ਹਨ।

ਦਿੱਲੀ ਦੇ ਪਵਿੱਤਰ ਧਰਨਾ ਅਸਥਾਨ ਜੰਤਰ-ਮੰਤਰ ‘ਤੇ ਇੱਕ ਦੋਸਤ ਨੇ ਆਪਣੇ ਨਾਲ ਵਾਲੀ ਕੁੜੀ ਨਾਲ ਇੱਕ ਵਾਰ ਇਹ ਕਹਿ ਕੇ ਮਿਲਾਇਆ ਕਿ ਇਹ ਮੇਰੀ ਧਰਨਾ-ਭੈਣ ਹੈ। ਉਸ ਦੱਸਿਆ, ‘‘ਅਸੀਂ ਪਹਿਲੀ ਵਾਰੀ ਇੱਕ ਧਰਨੇ ਵਿੱਚ ਮਿਲੇ ਸਾਂ, ਬਸ ਉਦੋਂ ਤੋਂ ਧਰਨਿਆਂ ਵਿਚ ਹੀ ਮਿਲਦੇ ਹਾਂ।’’ ਨਰਮਦਾ ਬਚਾਓ ਅੰਦੋਲਨ ਦੇ ਸਾਲਾਂ ਵਿਚ ਕੁਝ ਦਿਨ ਮੈਂ ਉਨ੍ਹਾਂ ਦਾ ਧਰਨਾ-ਭਰਾ ਬਣ ਕੇ ਮਿਲਦਾ ਰਿਹਾ। ਇਕ ਦਿਨ ਅਸੀਂ ਸਲਾਹ ਬਣਾ ਕੇ ਇਕੱਠੇ ਮੇਧਾ ਪਟਕਰ ਨੂੰ ਛੂਹ ਕੇ ਆਏ। ਉਹ ਸਾਡੀ ਸੈਲਿਬ੍ਰਿਟੀ ਸੀ।

ਸਰਕਾਰਾਂ ਨੂੰ ਚੁਭਦੇ ਇਹ ਲੋਕ ਧਰਮ ਨਿਭਾਉਂਦੇ ਹਨ। ਜਦੋਂ ਸਾਡੇ ਪਵਿੱਤਰ ਗ੍ਰੰਥ ਦੀ ਕੋਈ ਬੇਅਦਬੀ ਕਰੇ ਤਾਂ ਅਸੀਂ ਚੌਂਕ ਵਿੱਚ ਆਉਂਦੇ ਹਾਂ ਕਿਉਂ ਜੋ ਸਾਡਾ ਅਕੀਦਾ ਹੈ ਕਿ ਅਸੀਂ ਮਹਾਨ ਗੁਰੂਆਂ ਦੇ ਸ਼ਬਦ ਨੂੰ ਪ੍ਰਣਾਏ ਹਾਂ। ਉਮਰ ਭਰ ਉਦਾਸੀਆਂ ਕਰਨ ਵਾਲੇ ਤੋਂ ਸਰਬੰਸ ਵਾਰਨ ਵਾਲੇ ਤੱਕ ਜਿਹੜੀ ਸੋਚ-ਉਸਾਰੀ ਅਤੇ ਸੰਕਲਪ-ਸਾਜ਼ੀ ਹੋਈ ਹੈ, ਉਹ ਕਦੀ ਵੀ ਇਹ ਇਜਾਜ਼ਤ ਨਹੀਂ ਦਿੰਦੀ ਕਿ ਗ਼ਰੀਬ ਨਾਲ ਧੱਕਾ ਹੋ ਰਿਹਾ ਹੋਵੇ ਤੇ ਅਸੀਂ ਘਰ ਬੈਠੇ ਰਹੀਏ।

ਇਸ ਲਈ ਜਦੋਂ ਵੀ ਇਹ ਪਵਿੱਤਰ ਮੌਕਾ ਮਿਲੇ, ਹੱਥ ਵਟਾਓ। ਘਰੋਂ ਨਿਕਲੋ, ਧਰਨੇ ਵਿੱਚ ਜਾਓ। ਸ਼ਹਿਰੀ ਹੋ ਤਾਂ ਕਿਸਾਨ ਨਾਲ ਦਰੀ ‘ਤੇ ਬੈਠੋ, ਅਧਿਆਪਕ ਹੋ ਤਾਂ ਆਪਣੀ ਤਨਖਾਹ ਤੋਂ ਬਿਨਾਂ ਹੋਰ ਲੋਕ-ਸਰੋਕਾਰਾਂ ਲਈ ਵੀ ਦਰੀਆਂ ਵਿਛਾਓ।

ਲੋਕਤੰਤਰ ਦੀ ਨੀਂਹ ਤੁਸੀਂ ਹੀ ਹੋ, ਬੱਸ ਬਾਹਰ ਆਓ। ਸੱਤਿਆ ਭੈਣ ਜੀ ਨੂੰ ਮੈਂ ਸਮਝਾ ਲਵਾਂਗਾ, ਤੁਸੀਂ ਢਾਈ ਟੋਟਰੂਆਂ ਨਾਲ ਸੈਲਫੀ ਖਿਚਾਓ। ਬੱਚਿਆਂ ਨੂੰ ਦੱਸੋ ਕਿ ਇਹ ਹੀ ਸੈਲੀਬ੍ਰਿਟੀ ਹਨ, ਪੂਜਣ ਦੇ ਯੋਗ ਹਨ, ਉਨ੍ਹਾਂ ਨੂੰ ਨਵੇਂ ਢਾਈ ਟੋਟਰੂ ਬਣਾਓ।
 
*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਕਈ ਵਾਰੀ ਪੁਲੀਸ ਦੀ ਗੈਰ-ਮਾਮੂਲ ਮੌਜੂਦਗੀ ਦਾ ਧਿਆਨ ਧਰ ਧਰਨਿਆਂ ਵਿੱਚ ਜਾਣ ਤੋਂ ਗੁਰੇਜ਼ ਕਰਦਾ ਰਿਹਾ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER