ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਕੀ ਅਗਲੀ ਵਾਰੀ ਸਰਕਸ ਫਿਰ ਲਗਸੀ ?




ਜੀਵਨ ਦਾ ਪਹੀਆ ਹੁਣ ਏਨੀ ਤੇਜ਼ੀ ਨਾਲ ਘੁੰਮਦਾ ਹੈ ਕਿ ਕੱਲ੍ਹ ਦੀਆਂ ਨਵੀਆਂ ਤਕਨੀਕਾਂ ਅੱਜ ਪੁਰਾਣੀਆਂ ਹੋ ਜਾਂਦੀਆਂ ਹਨ। ਕੁਝ ਹੀ ਸਮਾਂ ਪਹਿਲਾਂ ਬਾਜ਼ਾਰੋਂ ਲਿਆ ਕੇ ਦੂਜੇ ਕਮਰੇ ਦੀ ਕੰਧ ‘ਤੇ ਟੰਗਿਆ ਟੀਵੀ, ਜਿਸ ਦਾ ਘਰ ਦਾ ਨਾਮ ਅਜੇ ਵੀ ‘ਨਵਾਂ ਟੀਵੀ’ ਹੈ, ਮਹੀਨਿਆਂ ਵਿੱਚ ਹੀ ਬੁੱਢਾ-ਠੇਰਾ ਜਾਪਣ ਲੱਗ ਪਿਆ ਹੈ ਕਿਉਂ ਜੋ ਗੁਆਂਢੀਆਂ ਦੇ ਘਰ ਕੰਧ ‘ਤੇ ਸਮਾਰਟ ਟੀਵੀ ਲਟਕ ਗਿਆ ਹੈ। ਕੋਈ ਦੱਸ ਰਿਹਾ ਸੀ ਕਮਰੇ ਦੀ ਗੁੱਠ ‘ਚੋਂ ਉੱਠ ਕੰਧ ‘ਤੇ ਲਟਕਣ ਵਾਲਿਆਂ ਦਾ ਜ਼ਮਾਨਾ ਗਿਆ, ਇਹ ਕਾਹਦੇ ਸਮਾਰਟ ਹੋਏ? ਹੁਣ ਤਾਂ ਕਾਗਜ਼ ਵਰਗੇ ਪਤਲੇ ਪਰਦੇ ਵਾਲਾ ਟੀਵੀ ਆ ਰਿਹਾ ਹੈ ਮਾਰਕਿਟ ਵਿੱਚ। ਜਦੋਂ ਚਾਹੋ, ਕੰਧ ਤੋਂ ਕੈਲੰਡਰ ਵਾਂਗ ਉਤਾਰ ਕੇ ਲਪੇਟ ਲੈਣਾ ਤੇ ਰਬੜ ਚੜ੍ਹਾ ਕੇ ਕੱਛ ਵਿੱਚ ਮਾਰ ਲੈਣਾ।
 
ਵਿਗਿਆਨ ਤਰੱਕੀ ਕਰ ਰਿਹਾ ਹੈ, ਇਹਦੇ ਸਬੂਤ ਤਾਂ ਕੰਧ ਉੱਤੇ ਟੰਗੇ ਹੋਏ ਹਨ। ਮਨੁੱਖ ਨਾਲ ਇਹਦੇ ਰਿਸ਼ਤੇ ਕਿੰਨੀ ਤਰੱਕੀ ਕਰ ਰਹੇ ਹਨ? ਸਾਡੇ ਸਮਿਆਂ ਵਿੱਚ ਵਾਪਰਦੇ ਅਜਬ-ਗਜ਼ਬ ਕੌਤਕਾਂ ਦੇ ਨਤੀਜੇ ਵਜੋਂ ਹੁਣੇ-ਹੁਣੇ ਦੁਆਬੇ ਦੀ ਇੱਕ ਨਿੱਜੀ ਯੂਨੀਵਰਸਿਟੀ ਦੇ ਵਿਹੜੇ ਆ ਡਿੱਗੀ ਇੰਡੀਅਨ ਸਾਇੰਸ ਕਾਂਗਰਸ ਵਿੱਚ ਜਿਸ ਵਿਗਿਆਨਕ ਰੌਸ਼ਨ-ਖ਼ਿਆਲੀ ਦਾ ਮੁਜ਼ਾਹਰਾ ਹੋਇਆ ਹੈ, ਜੇ ਅਗਾਊਂ ਸੂਚਨਾ ਤਹਿਤ ਇਹਦਾ ਪ੍ਰਚਾਰ-ਪਸਾਰ ਕਰ ਦਿੰਦੇ ਤਾਂ ਟਿਕਟ ਲਾ ਕੇ ਚੋਖਾ ਮੁਨਾਫ਼ਾ ਕਮਾਇਆ ਜਾ ਸਕਦਾ ਸੀ।

ਅਰਸ਼ਨੂਰ ਤੇ ਅਗਮਨੂਰ ਮੇਰੇ ਗਿਆਰਾਂ-ਗਿਆਰਾਂ ਸਾਲ ਦੇ ਜੌੜੇ ਭਤੀਜਾ-ਭਤੀਜੀ ਹਨ। ਇੱਕ ਲੰਬੇ ਸਮੇਂ ਤੋਂ ਮੈਂ ਉਨ੍ਹਾਂ ਨੂੰ ਸਰਕਸ ਵਿਖਾਉਣਾ ਚਾਹ ਰਿਹਾ ਹਾਂ, ਪਰ ਸ਼ਹਿਰ ਵਿੱਚ ਹੁਣ ਸਰਕਸ ਘੱਟ-ਵੱਧ ਹੀ ਆਉਂਦੀ ਹੈ। ਪਹਿਲੋਂ ਪਤਾ ਲੱਗ ਜਾਂਦਾ ਤਾਂ ਉਨ੍ਹਾਂ ਨੂੰ ਉਹ ਕਰਤਬ ਹੁੰਦਾ ਦਿਖਾ ਲਿਆਉਂਦਾ ਜਿੱਥੇ ਵਿਗਿਆਨੀਆਂ ਦੇ ਸਾਲਾਨਾ ਉਰਸ ਵਿੱਚ ਸੌ ਕੌਰਵ ਟੈਸਟ-ਟਿਊਬ ਵਿੱਚੋਂ ਛਾਲਾਂ ਮਾਰ, ਭੁੜਕ-ਭੁੜਕ ਬਾਹਰ ਆ ਰਹੇ ਸਨ। ਰਾਵਣ ਦੇ 24 ਹਵਾਈ ਜਹਾਜ਼ ਉੱਡਣ ਲਈ ਤਿਆਰ ਸਨ, ਬਸ਼ਰਤੇ ਧਾਰਮਿਕ ਗ੍ਰੰਥ ਵਿੱਚੋਂ ਨਵੇਂ ਲੱਭੇ ਡਾਇਨਾਸੋਰ ਥੋੜ੍ਹਾ ਜਿਹਾ ਰਾਹ ਛੱਡਣ। ਨਿਊਟਨ ਤੇ ਆਇੰਸਟਾਈਨ ਸਕੂਲ ਵਿੱਚ ਮੈਨੂੰ ਔਖੇ ਜਾਪਦੇ ਸਨ। ਅਰਸ਼ਨੂਰ ਤੇ ਅਗਮਨੂਰ ਨੂੰ ਛੱਡੋ, ਮੈਂ ਤਾਂ ਆਪ ਟਿਕਟ ਲੈ ਇਹ ਤਮਾਸ਼ਾ ਵੇਖਣ ਚਲਾ ਜਾਂਦਾ; ਮੈਨੂੰ ਤਮਾਸ਼ੇ ਦਾ ਪਤਾ ਹੀ ਬਾਅਦ ਵਿੱਚ ਲੱਗਾ।

ਲਾਲਾ ਰੁਚੀ ਰਾਮ ਸਾਹਨੀ 
 
ਲਾਲਾ ਰੁਚੀ ਰਾਮ ਸਾਹਨੀ ਹੋਰੀਂ ਪਹਿਲੋਂ ਦੱਸ ਦਿੰਦੇ ਸਨ। ਮੇਜ਼ ਰੱਖ ਉਹਦੇ ਉੱਤੇ ਲਾਟੂ ਘੁਮਾਉਂਦੇ, ਫਿਰ ਸਮਝਾਉਂਦੇ ਕਿ ਕਿਹੜੀਆਂ-ਕਿਹੜੀਆਂ ਸ਼ਕਤੀਆਂ ਕਾਰਨ ਲਾਟੂ ਘੁੰਮ ਰਿਹਾ ਹੈ। ਲੋਹੇ ਦਾ ਕੜਾ ਚੁੰਬਕ ਨਾਲ ਕਿਉਂ ਚਿੰਬੜ ਜਾਂਦਾ ਹੈ? ਸਾਬਣ ਵਾਲੇ ਪਾਣੀ ਦੇ ਬੁਲਬੁਲੇ ਕਿਵੇਂ ਬਣਦੇ ਨੇ? ਦੋ-ਦੋ ਆਨੇ ਦੀ ਟਿਕਟ ਲੈ ਲੋਕ ਉਨ੍ਹਾਂ ਦੇ ਵਿਗਿਆਨ ਬਾਰੇ ਲੈਕਚਰ ਸੁਣਨ ਜਾਂਦੇ। 1884 ਵਿੱਚ ਲਾਹੌਰ ਦੇ ਸਰਕਾਰੀ ਕਾਲਜ ‘ਚੋਂ ਪੜ੍ਹ, ਸ਼ਿਮਲੇ ਮੌਸਮ ਵਿਭਾਗ ਵਿੱਚ ਨੌਕਰੀ ਕਰ ਲਈ। ਸਰਕਾਰੀ ਕੰਮ ਨਿਪਟਾ, ਆਮ ਲੋਕਾਂ ਨੂੰ ਮੌਸਮ ਵਿਗਿਆਨ ਸਮਝਾਉਣ ਲਈ ਜਨਤਕ ਲੈਕਚਰ ਦਿੰਦੇ। ਲਾਹੌਰ ਦੀ ਸੁਨਹਿਰੀ ਮਸਜਿਦ ਦੇ ਨੇੜੇ ਬਾਉਲੀ ਸਾਹਿਬ ਦੇ ਅਹਾਤੇ ਵਿੱਚ ਵਾਇਰਲੈੱਸ, ਐਕਸਰੇ ਅਤੇ ਬਿਜਲੀ ਤਾਰਾਂ ਵਿੱਚ ਕਿਵੇਂ ਦੌੜਦੀ ਹੈ, ਇਹਦੇ ਬਾਰੇ ਸਮਝਾਉਂਦੇ। ਨੇੜੇ-ਤੇੜੇ ਵਾਲੀਆਂ ਨਿੱਕ-ਸੁੱਕ ਵੇਚਦੀਆਂ ਹੱਟੀਆਂ ਵਾਲੇ ਸੌਦਾ-ਪੱਤਾ ਵੇਚ ਆਥਣ ਵੇਲੇ ਸੁਣਨ-ਸਮਝਣ ਆਉਂਦੇ ਕਿ ਲਾਟੂ ਕਿਉਂ ਘੁੰਮਦਾ ਹੈ? ਰੁਚੀ ਰਾਮ ਸਾਹਨੀ ਪੰਜਾਬੀ ਵਿੱਚ ਲੈਕਚਰ ਦਿੰਦੇ। ਬਿਜਲਈ ਪਲੇਟ ਮਸ਼ੀਨ ਨੂੰ ਕਿਸੇ ਅਨਪੜ੍ਹ ਨੇ ਇੱਕ ਦਿਨ ‘ਬਿਜਲੀ ਦਾ ਚਰਖਾ’ ਕਹਿ ਦਿੱਤਾ। ਸਾਹਨੀ ਹੋਰੀਂ ਕਹਿਣ ਲੱਗੇ ਕਿ ਉਨ੍ਹਾਂ ਉਸ ਦਿਨ ਇਹ ਖ਼ੂਬਸੂਰਤ ਨਵਾਂ ਨਾਮ ਸਿੱਖਿਆ, ਅੱਗੇ ਤੋਂ ਸਦਾ ਮਸ਼ੀਨ ਨੂੰ ‘ਬਿਜਲੀ ਦਾ ਚਰਖਾ’ ਹੀ ਕਿਹਾ। ਵਿਗਿਆਨੀ ਤੇ ਖਲਕਤ ਦਾ ਸਮਝ-ਨਿਰਮਾਣ ਦਾ ਰਿਸ਼ਤਾ ਪੀਢਾ ਹੋਇਆ।
-----------
Likhtum BaDaleel
Punjab Today is proud to showcase senior journalist SP Singh’s weekly column, Likhtum BaDaleel, that appears every Monday in the Punjabi Tribune. You can also listen to this stylistic piece of writing, narrated in the author’s own voice, by clicking the YouTube link in the top visual. This piece was originally published on January 14, 2019, in the wake of Indian Science Congress at a private university in Jalandhar that turned out to be a tamasha where incredible statements were made by responsible people. –  - Ed.       
------------
ਕਿਸੇ ਦਿਨ ਸਮਾਂ ਕੱਢ ਕੇ ਲਾਲਾ ਰੁਚੀ ਰਾਮ ਸਾਹਨੀ ਬਾਰੇ ਪੜ੍ਹੋਗੇ ਤਾਂ ਇਸ ਦਿਓਕੱਦ ਆਦਮੀ ਬਾਰੇ ਜਾਣ ਅੰਦਰ ਕੁਝ ਚੰਗਾ-ਚੰਗਾ ਲੱਗੇਗਾ। ਜੇ ਪਹਿਲੇ ਹੀ ਜਾਣਦੇ ਹੋ ਤਾਂ ਸਮਾਂ ਕੱਢ ਗੁਆਂਢੀ ਨੂੰ ਦੱਸਣਾ, ਹੱਟੀ ਵਾਲਿਆਂ ਨਾਲ ਸਾਂਝਾ ਕਰਨਾ। ਅੰਦਰ ਹੋਰ ਵੀ ਚੰਗਾ-ਚੰਗਾ ਜਾਪੇਗਾ। ਉਹ 1948 ਵਿਚ ਟੁਰ ਗਏ ਸਨ। ਤੁਸੀਂ ਲਾਹੌਰ ਦੇ ਬਾਉਲੀ ਸਾਹਿਬ ਵਿੱਚ ਵਿਗਿਆਨ ਅਤੇ ਮਨੁੱਖ ਦੇ ਰਿਸ਼ਤੇ ਨੂੰ ਮਜ਼ਬੂਤ ਕਰਨ ਦੇ ਕਾਰਜ ਨੂੰ ਅੱਗੇ ਵਧਾਓਗੇ।

ਵਿਗਿਆਨ ਅਤੇ ਤਕਨੀਕ ਹੁਣ ਦੁਨੀਆ ਵਿੱਚ ਚੌਂਹ-ਸਿਮਤ ਫੈਲੇ ਨੇ, ਪਰ ਮਨੁੱਖ ਨਾਲ ਇਨ੍ਹਾਂ ਦਾ ਰਿਸ਼ਤਾ ਤਿੜਕ ਰਿਹਾ ਹੈ। ਟਰੰਪ ਮੁਤਾਬਿਕ ਵਧਦੀ ਆਲਮੀ ਤਪਸ਼ ਬਾਰੇ ਸਭ ਵਿਗਿਆਨ ਕੂੜ ਹੈ। ਸਾਡੇ ਵਿਗਿਆਨ ਦੇ ਕੁੰਭ ਮੇਲੇ ‘ਤੇ ਅਸੀਂ ਆਪਣੇ ਹਜ਼ਾਰਾਂ ਸਾਲ ਪਹਿਲਾਂ ਦੇ ਅਤੀਤ ਵਿੱਚੋਂ ਦਾਰਸ਼ਨਿਕ ਤਰਕ ਨਹੀਂ, ਆਧੁਨਿਕ ਤਕਨੀਕ ਲੱਭ ਰਹੇ ਹਾਂ। ਰਾਫੇਲ ਫਰਾਂਸ ਤੋਂ ਲੈ ਰਹੇ ਹਾਂ, ਗਾਈਡਿਡ ਮਿਜ਼ਾਈਲ ਤਕਨੀਕ ਗ੍ਰੰਥਾਂ ਵਿੱਚੋਂ ਲੱਭੀ ਬੈਠੇ ਹਾਂ।

ਇਹ ਸਰਕਸ ਯੂਨੀਵਰਸਿਟੀਆਂ ਦੇ ਵਿਹੜਿਆਂ ਵਿੱਚ ਹੋ ਰਹੀ ਹੈ। ਮੇਰੇ ਭਤੀਜੇ-ਭਤੀਜੀ ਨੂੰ ਸਕੂਲ ਵਿੱਚ ਲੱਗੀ ਆਮ ਗਿਆਨ ਵਧਾਊ ਪੁਸਤਕ ਵਿੱਚ ਭਾਰਤੀ ਨੋਬੇਲ ਜੇਤੂ ਵੈਂਕੀ ਰਾਮਾਕ੍ਰਿਸ਼ਨਨ ਦਾ ਜ਼ਿਕਰ ਹੈ। ਅਖ਼ਬਾਰਾਂ ਵਿੱਚ ਬੱਚਿਆਂ ਨੇ ਪੜ੍ਹ ਲਿਆ ਹੈ ਕਿ ਵੈਂਕੀ ਨੇ ਇੰਡੀਅਨ ਸਾਇੰਸ ਕਾਂਗਰਸ ਨੂੰ ਸਰਕਸ ਕਿਹਾ ਹੈ। ਹੁਣ ਉਹ ਮੈਥੋਂ ਵਾਅਦਾ ਮੰਗ ਰਹੇ ਹਨ ਕਿ ਅਗਲੇ ਸਾਲ ਉਨ੍ਹਾਂ ਨੂੰ ਸਰਕਸ ਵਿਖਾਉਣ ਲਿਜਾਵਾਂਗਾ। ਮੈਂ ਡਰਿਆ ਬੈਠਾ ਹਾਂ ਕਿਤੇ ਸ਼ੋਅ ਦੁਬਾਰਾ ਨਾ ਸ਼ੁਰੂ ਹੋ ਜਾਵੇ। 
----------
ਸ਼ਕਤੀਸ਼ਾਲੀ ਬੰਬ ਬਣਾਉਣ ਲਈ ਵਿਗਿਆਨ ਚਾਹੀਦਾ ਹੈ, ਉਹਨੂੰ ਬਿਨਾਂ ਸਵਾਲ ਪੁੱਛੇ ਗੁਆਂਢੀ ਮੁਲਕ ਉੱਤੇ ਸੁੱਟਣ ਲਈ ਤਤਪਰ ਮਨੁੱਖ ਬਣਾਉਣ ਵਾਸਤੇ ਇੱਕ ਵੱਖਰਾ ਪ੍ਰਾਜੈਕਟ ਚਾਹੀਦਾ ਹੈ। 
----------
ਗ਼ੈਰ-ਵਿਗਿਆਨਕ ਦ੍ਰਿਸ਼ਟੀਕੋਣ ਅਤੇ ਅਨਪੜ੍ਹਤਾ ਵਿਚਲੇ ਸਾਕ ਵਾਲੀਆਂ ਸੱਭੇ ਗੱਲਾਂ ਹੁਣ ਝੂਠ ਜਾਪਦੀਆਂ ਹਨ। ਦੋ-ਤਿਹਾਈ ਅਮਰੀਕੀ ਲੋਕ ਭੂਤਾਂ ਨੂੰ ਵਾਸਤਵਿਕ ਮੰਨਦੇ ਹਨ, ਅੱਧਿਆਂ ਨੂੰ ਵਿਸ਼ਵਾਸ ਹੈ ਕਿ ਸਵਰਗ ਸੱਚਮੁੱਚ ਹੈ। ਇੱਕ ਵੱਡਾ ਹਿੱਸਾ ਸਮਝਦਾ ਹੈ ਕਿ ਮਨੁੱਖ ਕਦੇ ਚੰਦ ‘ਤੇ ਗਿਆ ਹੀ ਨਹੀਂ। ਜਿਹੜੇ ਰੱਬ ਨੂੰ ਮੰਨਦੇ ਹਨ, ਉਨ੍ਹਾਂ ਦਾ ਇਹ ਕਿੰਨੀ ਮਾਸੂਮੀਅਤ ਵਾਲਾ ਵਿਸ਼ਵਾਸ ਹੈ ਕਿ ਰੱਬ ਪੁਲਿੰਗ ਹੈ। ਜੇ ਮੈਂ ਚਿੰਤਾ ਕਰਾਂ ਕਿ ਵਾਹਿਗੁਰੂ ਕੀ ਸੋਚਦੀ ਹੋਵੇਗੀ ਤਾਂ ਉਨ੍ਹਾਂ ਨੂੰ ਸਮਝ ਨਹੀਂ ਆਉਂਦੀ ਕਿ ਪਹਿਲੋਂ ਮੇਰੀ ਚਿੰਤਾ ਕਰਨ ਕਿ ਵਾਹਿਗੁਰੂ ਦੀ?  
 
ਇਹ ਪੁੱਛਣ ਦਾ ਸਮਾਂ ਆ ਗਿਆ ਹੈ ਕਿ ਕੀ ਵਿਗਿਆਨ ਅਤੇ ਤਕਨੀਕ ਉੱਤੇ ਦਿੱਤੇ ਜਾ ਰਹੇ ਜ਼ੋਰ ਕਾਰਨ ਹੀ ਅਸੀਂ ਵਿਗਿਆਨਕ ਦ੍ਰਿਸ਼ਟੀਕੋਣ ਤੋਂ ਥਿੜਕ ਰਹੇ ਹਾਂ? ਜਾਂ ਕੀ ਵਿਗਿਆਨਕ ਤਰੱਕੀ ਦੇ ਨਾਲ ਨਾਲ ਮਨੁੱਖਾਂ ਨੂੰ ਗ਼ੈਰ-ਵਿਗਿਆਨਕ ਰੱਖਣ ਦਾ ਇੱਕ ਵੱਖਰਾ ਆਜ਼ਾਦ ਪ੍ਰਾਜੈਕਟ ਚੱਲਦਾ ਹੈ? ਸਮਾਜਿਕ ਵਿਗਿਆਨਾਂ (social sciences) ਦੀ ਸੁੰਗੜਦੀ ਜ਼ਮੀਨ ਅਤੇ ਅਲੋਪ ਹੁੰਦੀਆਂ ਸੁਤੰਤਰ ਕਲਾਵਾਂ ਦੀਆਂ ਵਿੱਦਿਅਕ ਸੰਸਥਾਵਾਂ ਵਾਲੇ ਵਰਤਾਰੇ ਵਜੋਂ ਅਜਿਹੇ ਗ਼ੈਰ-ਵਿਗਿਆਨਕ ਦ੍ਰਿਸ਼ਟੀਕੋਣ ਵਾਲਾ ਹੀ ਕੋਈ ਵਿਗਿਆਨ ਮੇਲਾ ਲੱਗਣਾ ਸੀ। ਇਹ ਨਾ ਸੋਚ ਬੈਠਣਾ ਕਿ ਇਸ ਵਿੱਚ ਵਿਗਿਆਨ ਨਹੀਂ ਸੀ। ਹੋਰ ਵੀ ਸ਼ਕਤੀਸ਼ਾਲੀ ਬੰਬ ਬਣਾਉਣ ਲਈ ਵਿਗਿਆਨ ਚਾਹੀਦਾ ਹੈ, ਉਹਨੂੰ ਬਿਨਾਂ ਸਵਾਲ ਪੁੱਛੇ ਗੁਆਂਢੀ ਮੁਲਕ ਉੱਤੇ ਸੁੱਟਣ ਲਈ ਤਤਪਰ ਮਨੁੱਖ ਬਣਾਉਣ ਵਾਸਤੇ ਗ਼ੈਰ-ਵਿਗਿਆਨਕ ਦ੍ਰਿਸ਼ਟੀਕੋਣ ਨਿਰਮਾਣ ਕਰਨ ਦਾ ਇੱਕ ਵੱਖਰਾ ਪ੍ਰਾਜੈਕਟ ਚਾਹੀਦਾ ਹੈ। 
 
ਸਵਾਲ ਪੁੱਛਣ ਵਾਲਿਆਂ ਨੇ ਫਲਸਫ਼ੇ ਦੇ ਵਿਗਿਆਨ ਵਿੱਚੋਂ ਸਵਾਲ ਪੁੱਛਣੇ ਸਨ, ਉਹ ਵਿਭਾਗ ਬੰਦ ਕੀਤੇ ਜਾ ਰਹੇ ਹਨ। ਫਿਲਾਸਫ਼ਰ ਨੂੰ ਕੋਈ ਪੁੱਛਦਾ ਨਹੀਂ। ਬੰਦਾ ਅਸੀਂ ਮੰਗਲ ‘ਤੇ ਭੇਜਣਾ ਹੈ, ਸਾਇੰਸ ਦੇ ਕੁੰਭ ਵਿੱਚ ਚੰਨ ਚਾੜ੍ਹ ਰਹੇ ਹਾਂ, ਕਿਸ ਕੜਾਹੇ ਵਿੱਚ ਅਕਲ ਕਾੜ੍ਹ ਰਹੇ ਹਾਂ?
 
*ਲੇਖਕ ਸੀਨੀਅਰ ਪੱਤਰਕਾਰ ਹੈ ਵਿਗਿਆਨ ਦਾ ਤਾ-ਉਮਰ ਵਿਦਿਆਰਥੀ ਰਿਹਾ ਹੈ ਅਤੇ ਸਭ ਦਲੀਲਾਂ ਰੱਬ ਨੂੰ ਹਾਜ਼ਰ-ਨਾਜ਼ਰ ਜਾਣ ਸੱਚੇ ਦਿਲੋਂ ਲਿਖਣ ਦਾ ਦਾਅਵਾ ਕਰਦਾ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

 



 
 
 
 
 



_______________________________________________________________

  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER