ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
|
ਰੇਡੀਓ ਲਾਓ, ਖਿੜਕੀ ਖੋਲ੍ਹੋ, ਦਿਹਾਤੀ ਪ੍ਰੋਗਰਾਮ ਸੁਣੋ
"…ਤੇ ਹੁਣ ਵਕਤ ਹੋ ਚੱਲਿਆ ਹੈ ਦਿਹਾਤੀ ਪ੍ਰੋਗਰਾਮ ਦਾ।”
ਆਪਣੇ ਸਰਕਾਰੀ ਜੂਨੀਅਰ ਮਾਡਲ ਸਕੂਲ ਤੋਂ ਅਸੀਂ ਸਿਰ ’ਤੇ ਬਸਤੇ ਦੀ ਤਣੀ ਲਟਕਾਈ ਘਰ ਅੱਪੜਦੇ। ਸਕੂਲੋਂ ਮਿਲਿਆ ਕੰਮ ਨਿਪਟਾ, ਆਲ ਇੰਡੀਆ ਰੇਡੀਓ ਦੇ ‘ਗੁਰਬਾਣੀ ਵਿਚਾਰ’ ਪ੍ਰੋਗਰਾਮ ਖ਼ਤਮ ਹੋਣ ਦਾ ਇੰਤਜ਼ਾਰ ਕਰਦੇ ਤਾਂ ਜੋ ਦਿਹਾਤੀ ਪ੍ਰੋਗਰਾਮ ਸੁਣ ਸਕੀਏ। ਜਦੋਂ ਛੇਵੀਂ ਜਮਾਤ ਵਿੱਚ ਏਬੀਸੀ ਆਣ ਜੁੜੀ ਤਾਂ ਆਪਣੇ ਅੰਗਰੇਜ਼ੀ ਸ਼ਬਦਕੋਸ਼ ਵਿੱਚ ਵਾਧਾ ਕਰਨ ਲਈ ਸਕੂਲ ਸਾਹਮਣੇ ਰੇਹੜੀ ’ਤੇ ਵਿਕਦੇ ਅੰਬ-ਪਾਪੜ ਦੀ ਅੰਗਰੇਜ਼ੀ ਵੱਡੇ ਭੈਣ ਜੀ ਜਸਵੰਤ ਕੌਰ ਹੋਰਾਂ ਨੂੰ ਪੁੱਛ-ਪੁੱਛ ਥਕਾ ਮਾਰਿਆ ਕਰਦੇ। ਫਿਰ ਕਾਪੀ ਵਿੱਚ ‘ਮੈਂਗੋ ਪੇਪਰ’ ਲਿਖ ਵਿਚਾਰੇ ਪਾਪੜ ਨੂੰ ਸ਼ਹਿਰੀ ਬਣਾਇਆ, ਆਪਣੀ ਜਾਚੇ ਉਹਦਾ ਰੁਤਬਾ ਵਧਾਇਆ। ਸਕੂਲ ਸਾਡਾ ‘ਮਾਡਲ’ ਸੀ, ਘਰ ‘ਮਾਡਲ ਟਾਊਨ’ ਵਿੱਚ, ਮਾਂ-ਬਾਪ ਨੂੰ ਮੰਮੀ, ਡੈਡੀ ਕਹਿੰਦੇ ਸਾਂ। ਮਾਸੀਆਂ, ਤਾਈਆਂ, ਦੋਵੇਂ ਭੂਆ ‘ਆਂਟੀ ਜੀ’ ਸਨ। ਪੱਕੇ ਮਾਡਰਨ ਸ਼ਹਿਰੀ ਸਾਂ।
 ਪਰ ਦਿਹਾਤੀ ਪ੍ਰੋਗਰਾਮ ਸੁਣਦੇ ਸਾਂ। ‘‘ਲੰਘ ਆਓ, ਲੰਘ ਆਓ, ਭਾਈਆ ਜੀ। ਕੀ ਗੱਲ, ਸਿੱਧੇ ਖੇਤਾਂ ਤੋਂ ਆ ਰਹੇ ਹੋ?’’ ਪ੍ਰੋਗਰਾਮ ਸ਼ੁਰੂ ਹੋ ਜਾਂਦਾ। ਭਾਈਆ ਜੀ, ਚੌਧਰੀ ਸਾਹਿਬ, ਠੰਡੂ ਰਾਮ ਪ੍ਰੋਗਰਾਮ ਦੇ ਸੂਤਰਧਾਰ ਸਨ। ਉਹ ਸਾਰੀ ਕਵਾਇਦ ਪਿੰਡ ਵਾਲਿਆਂ ਨੂੰ ਖੇਤੀਬਾੜੀ ਦੇ ਨੁਸਖੇ ਦੱਸਣ, ਖਾਦਾਂ ਦੀ ਸਹੀ ਮਿਕਦਾਰ ਤੇ ਮੰਡੀਆਂ ਦੇ ਭਾਅ ਸਾਂਝੇ ਕਰਨ ਬਾਰੇ ਕਰਦੇ, ਪਰ ਲੁਧਿਆਣੇ ਦੇ ਮਾਡਲ ਟਾਊਨ ਦੀ ਇੱਕ ਗੁੱਠ ਵਿੱਚ ਸੌ-ਫੀ-ਸਦ ਸ਼ਹਿਰੀ ਸਕੂਲੀ ਵਿਦਿਆਰਥੀ ਨੂੰ ਇੱਕ ਅਣਦੇਖੀ ਪੇਂਡੂ ਦੁਨੀਆ ਨਾਲ ਜੋੜਦੇ। ਵਰ੍ਹਿਆਂ ਬਾਅਦ ਜਦੋਂ ਵਿਨੋਦਕੁਮਾਰ ਸ਼ੁਕਲ ਦੇ ‘ਦੀਵਾਰ ਮੇਂ ਏਕ ਖਿੜਕੀ ਰਹਿਤੀ ਥੀ’ ਵਿੱਚ ਸੋਨਸੀ ਨੂੰ ਰਘੂਵਰ ਪ੍ਰਸਾਦ ਨੇ ਪੁੱਛਿਆ ਸੀ ਕਿ ਖਿੜਕੀ ਖੋਲ੍ਹਣ ਨਾਲ ਕਮਰੇ ਨੂੰ ਕੀ ਫ਼ਰਕ ਪਵੇਗਾ ਤਾਂ ਉਸ ਕਿਹਾ ਸੀ, ਇਹਦੇ ਨਾਲ ‘ਬਾਹਰ’ ਅੰਦਰ ਆ ਜਾਵੇਗਾ। ਪੜ੍ਹ ਕੇ ਸਮਝ ਆਇਆ ਕਿ ਉਸ ਸ਼ਹਿਰੀ ਪਰਿਵਾਰ ਦੇ ਸੌਣ-ਕਮਰੇ ਦੀ ਅੰਗੀਠੀ ’ਤੇ ਪਿਆ ਰੇਡੀਓ, ਸ਼ਾਮ ਨੂੰ ਉਹਦੇ ਸਪੀਕਰਾਂ ਵਿੱਚੋਂ ਨਿਕਲਦੀਆਂ ਦਿਹਾਤੀ ਪ੍ਰੋਗਰਾਮ ਦੀਆਂ ਤਰੰਗਾਂ ਮੇਰੇ ਜੀਵਨ ਦੀ ਉਹ ਖਿੜਕੀ ਸਨ ਜਿਨ੍ਹਾਂ ਵਿੱਚੋਂ ਪੇਂਡੂ ਜ਼ਿੰਦਗੀ ਦਿਖਾਈ ਦਿੰਦੀ ਸੀ। ਨਿਸ਼ਚਿਤ ਹੀ ਇਹ ਬਿੰਬ ਕੁਝ-ਕੁਝ ਸਰਕਾਰੀ ਸੀ, ਇਹਦੇ ਹੋਰਨਾਂ ਪੱਖਾਂ ਨੂੰ ਸਮਝਣ ਲਈ ਤਰੱਦਦ ਕਰਨਾ ਹੀ ਪੈਣਾ ਸੀ, ਪਰ ਖਿੜਕੀ ਨੇ ਆਪਣਾ ਰੋਲ ਨਿਭਾਇਆ ਸੀ।
ਅਜੋਕੀ ਸ਼ਹਿਰੀ ਜ਼ਿੰਦਗੀ ਵਿੱਚੋਂ ਹੁਣ ਇਹ ਖਿੜਕੀਆਂ ਮਨਫ਼ੀ ਹੋ ਚੁੱਕੀਆਂ ਨੇ। ਜਿਨ੍ਹਾਂ ਜ਼ਿੰਦਗੀਆਂ ਦੇ ਸਾਨੂੰ ਸ਼ਹਿਰ ਵਾਲਿਆਂ ਨੂੰ ਮਰਹੂਣ-ਏ-ਮਿੰਨਤ ਹੋਣਾ ਚਾਹੀਦਾ ਹੈ, ਉਨ੍ਹਾਂ ਤੋਂ ਸ਼ਹਿਰ ਮੁਨਕਰ ਹੁੰਦਾ ਜਾ ਰਿਹਾ ਹੈ। ਪੇਂਡੂ ਜੀਵਨ ਦੀਆਂ ਸਮੱਸਿਆਵਾਂ ਵਾਲਾ ਕੋਈ ਦਿਹਾਤੀ ਪ੍ਰੋਗਰਾਮ ਹੁਣ ਕਿਸੇ ਮਾਡਲ ਟਾਊਨ ਦੀ ਫ਼ਿਜ਼ਾ ਵਿੱਚ ਨਹੀਂ ਗੂੰਜਦਾ। ਸ਼ਹਿਰ ਨੇ ਭਾਈਆ ਜੀ, ਚੌਧਰੀ ਸਾਹਿਬ ਤੇ ਠੰਡੂ ਰਾਮ ਦੇ ‘‘ਅੰਦਰ ਲੰਘ ਆਓ ਤੇ ਸਾਡੀ ਤ੍ਰਾਸਦੀ ਵੇਖੋ” ਦੇ ਸੁਨੇਹੇ ਅਣਸੁਣੇ ਕਰਨ ’ਤੇ ਲੱਕ ਬੱਧਾ ਏ। ਏਸੇ ਲਈ ਪਿੰਡ ਹੁਣ ਖਿੜਕੀ ਵਿੱਚੋਂ ਛਾਲ ਮਾਰ, ਸ਼ਹਿਰਾਂ ਦੀਆਂ ਸੜਕਾਂ ’ਤੇ ਮੁੜ-ਮੁੜ ਡੁੱਲ੍ਹ ਰਿਹਾ ਹੈ। ----------- Likhtum BaDaleel Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the Fb link in the top visual. This piece, originally published on November 26, 2018, was written in the wake of farmers’ protests in Punjab and elsewhere in the country. - Ed. ------------ ਕੀ ਸ਼ਹਿਰ ਦੇ ਕੰਨੀਂ ਇਸ ਦਿਹਾਤੀ ਪ੍ਰੋਗਰਾਮ ਦੀ ਆਵਾਜ਼ ਪੈ ਰਹੀ ਹੈ? ਅੱਸੀਵਿਆਂ ਦੇ ਅਖ਼ੀਰ ਵਿੱਚ ਇੱਕ ਦਿਨ ਖਿੜਕੀ ਵਿੱਚੋਂ ਲੱਖਾਂ ਟੱਪ ਕੇ ਦਿੱਲੀ ਦੇ ਬੋਟ ਕਲੱਬ ’ਤੇ ਆ ਗਏ ਸਨ। ਮਾਡਲ ਟਾਊਨ ਦੇ ਪਾੜ੍ਹਿਆਂ ਦੇ ਸ਼ਬਦਕੋਸ਼ ਵਿੱਚ ਪਿੰਡ ਦੀ ਫਿਰਨੀ ਦਾ ਜ਼ਿਕਰ ਹੀ ਨਹੀਂ ਸੀ। ਉਨ੍ਹਾਂ ਫਿਰ ਕਦੋਂ ਇਹਨੂੰ ਟੱਪ, ਇਹਦੇ ਖੇਤਾਂ ਵਿਚਲੀ ਵਿਸਾਖੀ ਦੇ ਕੈਲੰਡਰ ਤੋਂ ਵੱਖਰੀ ਕੋਈ ਹਕੀਕੀ ਤਸਵੀਰ ਵੇਖਣੀ ਸੀ? ---------- ਸ਼ਹਿਰ ਸਿਰਫ਼ ਜੀਡੀਪੀ, ਖੋਖਲੇ ਵਾਅਦੇ ਅਤੇ ਪਲਾਸਟਿਕ ਪੈਦਾ ਕਰ ਰਿਹਾ ਹੈ। ਭੋਜਨ ਤਾਂ ਅਜੇ ਵੀ ਪਿੱਛੇ ਰਹਿ ਗਿਆ ਪਿੰਡ ਹੀ ਪੈਦਾ ਕਰ ਰਿਹਾ ਹੈ। ----------
ਚਾਰ ਕੜਿਆਂ ਵਾਲੀ ਕਾਰ ’ਚ ਜੱਟ ਦੀ ਕੰਬਾਈਨ ਚੱਲਦੀ ਰਹੀ, ਉਧਰ ‘ਜੈ ਕਿਸਾਨ’ ਕਰਜ਼ਾ-ਮੁਆਫ਼ੀ ਦੀ ਲਾਈਨ ਵਿੱਚ ਖੜ੍ਹਾ ਆਪਣੇ ਅੰਨਦਾਤਾ ਹੋਣ ਬਾਰੇ ਅਫ਼ਵਾਹਾਂ ਸੁਣਦਾ ਰਿਹਾ। ਖਿੜਕੀ ਨੂੰ ਬੰਦ ਕਰ, ਸ਼ਹਿਰ ਸਮਾਰਟ ਹੋਣ ਦੀਆਂ ਗੋਂਦਾਂ ਗੁੰਦਦਾ ਰਿਹਾ। ਇਸ ਸਮਾਰਟ ਸ਼ਹਿਰ ਦੀ ਕਿਸੇ ਖਿੜਕੀ ਵਿੱਚੋਂ ਹੁਣ ਦਿਹਾਤੀ ਪ੍ਰੋਗਰਾਮ ਦੀਆਂ ਤਰੰਗਾਂ ਨਹੀਂ ਸੁਣਦੀਆਂ। ‘ਬਾਹਰ’ ਅੰਦਰ ਨਹੀਂ ਆਉਂਦਾ। ਇਸ ਲਈ ਆਪਣੀ ਵਿਥਿਆ ਕਹਿਣ ਪਿੰਡ ਵਾਰ-ਵਾਰ ਖਿੜਕੀ ਟੱਪ ਸ਼ਹਿਰ ਨੂੰ ਆ ਰਿਹਾ ਹੈ।
ਪਿਛਲੇ ਸਾਲ ਤਾਮਿਲਨਾਡੂ ਵਾਲੇ ਉਨ੍ਹਾਂ ਦੀਆਂ ਖੋਪੜੀਆਂ ਵੀ ਨਾਲ ਲੈ ਆਏ ਸਨ ਜਿਹੜੇ ਬੰਦ ਖਿੜਕੀ ਦੀ ਸਿਤਮ-ਜ਼ਰੀਫ਼ੀ ਦੇ ਸ਼ਿਕਾਰ ਹੋ ਗਏ ਸਨ। ਖਿੜਕੀ ’ਚੋਂ ਟੱਪ ਸ਼ਹਿਰ ਦੀਆਂ ਸੜਕਾਂ ’ਤੇ ਖੌਰੂ ਪਾਉਣ ਵਾਲੇ ਪੰਜ, ਛੇ ਤਾਂ ਮੱਧਪ੍ਰਦੇਸ਼ ਦੇ ਮੰਦਸੌਰ ਵਿੱਚ ਢੇਰ ਕਰ ਦਿੱਤੇ ਗਏ। ਜ਼ਾਹਿਰ ਹੈ ਉਨ੍ਹਾਂ ਨੂੰ ਤਕਾਜ਼ਾ ਨਹੀਂ ਸੀ ਕਿ ਸ਼ਹਿਰ ਮੁਹੱਜ਼ਬ ਹੋ ਚੁੱਕੇ ਨੇ। ਹੁਣ ਉੱਥੇ ਕਿਸੇ ਦਿਹਾਤੀ ਪ੍ਰੋਗਰਾਮ ਦੀ ਕੋਈ ਜਗ੍ਹਾ ਨਹੀਂ।
ਮੌਤ ਦੀਆਂ ਖ਼ਬਰਾਂ ਨੇ ਸ਼ਹਿਰ ਦੀ ਨੀਂਦ ਨਹੀਂ ਉਡਾਈ। ਹਰ ਚੜ੍ਹੇ ਸੂਰਜ ਦੋ, ਤਿੰਨ ਘਰੀਂ ਸੱਥਰ ਵਿਛ ਰਹੇ ਨੇ, ਪਰ ਸ਼ਹਿਰ ਅਫ਼ਸੋਸ ਵਿੱਚ ਮੁਲੱਵਸ ਹੀ ਨਹੀਂ ਹੋ ਰਿਹਾ। ਖਿੜਕੀ ਹੀ ਨਹੀਂ ਖੋਲ੍ਹ ਰਿਹਾ। ‘ਬਾਹਰ’ ਇਹਦੇ ਅੰਦਰ ਹੀ ਨਹੀਂ ਆ ਰਿਹਾ। ਬਸ ਸਮਾਰਟ ਹੋਣ ਨੂੰ ਫਿਰਦਾ ਏ।
ਅੱਠ ਮਹੀਨੇ ਪਹਿਲੇ ਅਤਿ ਕਮਜ਼ੋਰ ਤੇ ਦੁਖਿਆਰੇ, ਨੰਗੇ ਪੈਰੀਂ ਖਿੜਕੀ ਟੱਪ, ਨਾਸਿਕ ਤੋਂ ਮੁੰਬਈ ਆ ਗਏ। ਸ਼ਹਿਰ ਵਾਲਿਆਂ ਦੇ ਬੱਚਿਆਂ ਦੇ ਇਮਤਿਹਾਨ ਸਨ, ਇਸ ਲਈ ਚੁੱਪਚਾਪ ਪੈਂਡਾ ਗਾਹੁੰਦਿਆਂ ਮਹਾਂਨਗਰ ਵਿਚ ਖਿੜਕੀ ਲਿਆ ਧਰੀ। ਜਾਦੂ ਨਗਰੀ ਵਾਲਿਆਂ ਨੇ ਆਪਣੇ ਅੱਖੀਂ ਅਸਲੀਅਤ ਵੇਖੀ ਤਾਂ ਹੋਸ਼ ਉੱਡ ਗਏ। ਨੰਗੇ ਪੈਰਾਂ ਲਈ ਚੱਪਲਾਂ ਲੱਭੀਆਂ ਜਾ ਰਹੀਆਂ ਸਨ। ਪਿੰਡ ਆਪਣੀ ਕਥਾ ਸੁਣਾ ਵਾਪਸ ਮੁੜ ਗਿਆ।
 ਇਸ ਸਾਲ ਪਿੰਡ ਨੇ ਮੁੜ-ਮੁੜ ਫਿਰਨੀ ਟੱਪੀ ਏ, ਸ਼ਹਿਰ ਦਾ ਚੱਕਰ ਲਾਇਆ ਏ। ਜੂਨ ਦੇ ਮਹੀਨੇ ਦਸ ਦਿਨਾਂ ਲਈ ਸ਼ਹਿਰਾਂ ਨੂੰ ਪਿੰਡ ਵਿੱਚ ਪੈਦਾ ਹੋਈ ਕੋਈ ਵੀ ਵਸਤ ਭੇਜਣ ਤੋਂ ਇਨਕਾਰ ਕੀਤਾ। ਜਿਨ੍ਹਾਂ ਨੇ ਵਰ੍ਹਿਆਂ ਪਹਿਲੇ ਦਿਹਾਤੀ ਪ੍ਰੋਗਰਾਮ ਸੁਣਨਾ ਬੰਦ ਕਰ ਦਿੱਤਾ ਸੀ, ਉਨ੍ਹਾਂ ਵੀ ਪੁੱਛਿਆ ਕਿ ਅੱਜ ਦੁੱਧ ਕਿਉਂ ਨਹੀਂ ਆਇਆ? ਜੁਲਾਈ ਨੇ ਦਿੱਲੀ ਵਿੱਚ ਪਿੰਡ ਤੋਂ ਲਸ਼ਕਰ ਆਉਂਦਾ ਤੱਕਿਆ। ਦੇਸ਼ ਦੇ 23 ਰਾਜਾਂ ਤੋਂ ਕਿਸਾਨ ਅਕਤੂਬਰ ਚੜ੍ਹੇ, ਦਿੱਲੀ ਦੀਆਂ ਬਰੂਹਾਂ ’ਤੇ ਫਿਰ ਪਹੁੰਚ ਗਏ। ਸਮਾਰਟ ਸ਼ਹਿਰ ਨੇ ਮੇਜ਼ਬਾਨੀ ਦੇ ਤੌਰ ’ਤੇ ਅੱਥਰੂ ਗੈਸ ਤੇ ਤੋਪਾਂ ਨਾਲ ਪਾਣੀ ਵਰਸਾਇਆ। ਫਿਰ ਉਸ ਬਜ਼ੁਰਗ ਦੀ ਸਮਾਧੀ ਤੱਕ ਅੱਧੀ ਰਾਤ ਨੂੰ ਜਾਣ ਦੀ ਇਜਾਜ਼ਤ ਦਿੱਤੀ ਜਿਹੜਾ, ਜੇ ਜਿਉਂਦਾ ਹੁੰਦਾ, ਤਾਂ ਹੱਥ ਵਿੱਚ ਸੋਟੀ ਫੜ, ਖਿੜਕੀਆਂ ਖੋਲ੍ਹਣ ਦੀ ਕਵਾਇਦ ਚਲਾਉਂਦਾ। ਨਾ ਖੁੱਲ੍ਹਣ ਤੱਕ ਸ਼ਾਇਦ ਕੋਈ ਮੌਨਵਰਤ ਹੀ ਧਰ ਛੱਡਦਾ।
ਹੁਣ ਫੇਰ ਤਿਆਰੀ ਹੈ। ਪਿੰਡ-ਪਿੰਡ ਚਰਚਾ ਜਾਰੀ ਹੈ। ਗੱਠੜੀਆਂ ਬੰਨ੍ਹੀਆਂ ਜਾ ਰਹੀਆਂ ਨੇ। ਸਾਈਆਂ ਪਤਾ ਕਰ ਲਿਆ ਏ ਕਿ ਮਨਸੂਬੇ ਰਾਇਸੀਨਾ ਦੇ ਪਹਾੜ ’ਤੇ ਇੱਕ ਗੋਲ ਇਮਾਰਤ ਵਿੱਚ ਘੜੇ ਜਾਂਦੇ ਨੇ। ਸਾਡੇ ਸਮਿਆਂ ਦੇ ਧੁਰ ਅੰਦਰਲੇ ਦੇ ਲੇਖਾਕਾਰ ਪੀ. ਸਾਈਨਾਥ ਨੇ ਦੁਹਾਈ ਦਿੱਤੀ ਹੈ ਕਿ ਇਸ ਗੋਲ ਇਮਾਰਤ ਦੇ ਬਾਸ਼ਿੰਦੇ 20 ਦਿਨ ਤੱਕ ਪਿੰਡ ਵੱਲ ਝਾਤੀ ਮਾਰਨ। ਇਹਦੇ ’ਤੇ ਗੱਲ ਕਰਨ। ਇਸ ਦਿਹਾਤੀ ਪ੍ਰੋਗਰਾਮ ਵਿੱਚ ਆ ਕੇ ਆਪਣੀਆਂ ਜ਼ਿੰਦਗੀਆਂ ਬਾਰੇ ਉਹ ਲੋਕ ਆਪ ਦੱਸਣ ਜਿਨ੍ਹਾਂ ਘਰ ਦੇ ਜੀਅ ਪੱਖਿਆਂ ਤੋਂ ਲਾਹੇ, ਸਲਫਾਸ ਹੱਥ ਗਵਾਏ, ਗੁਰਬੱਤ ਹੱਡ ਹੰਢਾਈ, ਅੰਨਦਾਤਾ ਅਖਵਾਏ, ਕਰਜ਼ਾ ਮੁਆਫ਼ੀ ਵਾਲੀਆਂ ਸਟੇਜਾਂ ’ਤੇ ਚੜ੍ਹਨ ਨੂੰ ਤਰਸੇ। ਲਾਲ ਨੀਲੇ ਪੀਲੇ ਕਾਰਡ ਬਣਵਾਏ, ਹਰੇ ਇਨਕਲਾਬ ਦੀ ਭੱਠੀ ਵਿੱਚ ਪੁੱਤ ਮਰਵਾਏ। ----------- ਜੇ ਸ਼ਹਿਰ ਸੱਚੀਂ ਸਮਾਰਟ ਹੈ ਤਾਂ ਖਿੜਕੀ ਖੋਲ੍ਹ ਲਵੇ, ਰੇਡੀਓ ਔਨ ਕਰੇ, ਏਸ ਦਿਹਾਤੀ ਪ੍ਰੋਗਰਾਮ ਵਿੱਚ ਪਿੰਡ ਦਾ ਜ਼ਾਹਰਾ ਹਾਲ ਧਿਆਨ ਨਾਲ ਸੁਣੇ। ਇਸ ਖਿੜਕੀ ਵਿੱਚੋਂ ਜੀਉਣ ਜੋਗਾ ਸਾਮਾਨ ਆਉਂਦਾ ਹੈ। ਜੋ ਵੀ ਤੁਸੀਂ ਖਾਂਦੇ ਹੋ, ਪਿੰਡ ਵਿੱਚੋਂ ਹੀ ਆਉਂਦਾ ਹੈ। ----------- ਬਹੁਤ ਸਾਰੀਆਂ ਜਥੇਬੰਦੀਆਂ 29, 30 ਨਵੰਬਰ ਨੂੰ ਦਿੱਲੀ ਨੂੰ ਕੂਚ ਕਰਨ ਦੀ ਇਸ ਮੁਹਿੰਮ ਵਿੱਚ ਸ਼ਰੀਕ ਨੇ। ਕੁਝ ਨਾਲ ਨਹੀਂ, ਪਰ ਉਹ ਵੀ ਸ਼ਰੀਕਾਂ ਵਾਂਗ ਨਹੀਂ। ਮੰਗ ਉਨ੍ਹਾਂ ਦੀ ਵੀ ਸਾਂਝੀ ਹੈ। ਸੁਰਖੀਆਂ ਵਿੱਚੋਂ ਇਹ ਕੇਵਲ ਕਰਜ਼ਾ ਮੁਆਫ਼ੀ ਤੇ ਫ਼ਸਲ ਦੇ ਵਾਜਬ ਮੁੱਲ ਦੀ ਮੰਗ ਦਿਸਦੀ ਹੋ ਸਕਦੀ ਹੈ, ਪਰ ਅਸਲ ਵਿੱਚ ਇਹ ਖਿੜਕੀ ਖੋਲ੍ਹਣ ਦੀ ਮੰਗ ਹੈ। ਜੇ ਸ਼ਹਿਰ ਸੱਚੀਂ ਸਮਾਰਟ ਹੈ ਤਾਂ ਖਿੜਕੀ ਖੋਲ੍ਹ ਲਵੇ, ਰੇਡੀਓ ਔਨ ਕਰੇ, ਏਸ ਦਿਹਾਤੀ ਪ੍ਰੋਗਰਾਮ ਵਿੱਚ ਪਿੰਡ ਦਾ ਜ਼ਾਹਰਾ ਹਾਲ ਧਿਆਨ ਨਾਲ ਸੁਣੇ। ਇਸ ਖਿੜਕੀ ਵਿੱਚੋਂ ਜੀਉਣ ਜੋਗਾ ਸਾਮਾਨ ਆਉਂਦਾ ਹੈ। ਜੋ ਵੀ ਤੁਸੀਂ ਖਾਂਦੇ ਹੋ, ਪਿੰਡ ਵਿੱਚੋਂ ਹੀ ਆਉਂਦਾ ਹੈ। ਸਿਰਫ਼ ਜੀਡੀਪੀ, ਖੋਖਲੇ ਸਰਕਾਰੀ ਵਾਅਦੇ ਤੇ ਪਲਾਸਟਿਕ ਸਮਾਰਟ ਸ਼ਹਿਰ ਦੀ ਪੈਦਾਵਾਰ ਹੈ। ਤੁਸੀਂ ਜੇ ਖਿੜਕੀ ਨਹੀਂ ਖੋਲ੍ਹਣੀ ਤਾਂ ਇਹ ਚਿੱਥ-ਚਿੱਥ ਕੇ ਖਾਣੇ ਸਿੱਖ ਲਵੋ। ਭੋਜਨ ਤਾਂ ਅਜੇ ਵੀ ਪਿੱਛੇ ਰਹਿ ਗਿਆ ਪਿੰਡ ਹੀ ਪੈਦਾ ਕਰ ਰਿਹਾ ਹੈ।
ਉਹ ਫਿਰਨੀ ਟੱਪ ਸ਼ਹਿਰ ਆ ਰਿਹਾ ਹੈ। ਮਾਡਲ ਟਾਊਨ ਦੇ ਬਾਸ਼ਿੰਦਿਆਂ ਕੋਲ ਦੋ ਹੀ ਰਸਤੇ ਨੇ – ਖਿੜਕੀਆਂ ਖੋਲ੍ਹ ਲਵੋ ਜਾਂ ਘਰਾਂ ਅੰਦਰ ਵੜ ਕੇ ਕਿਵਾੜ ਬੰਦ ਕਰ ਲਵੋ। ਗੋਲ ਇਮਾਰਤ ਵਾਲਿਆਂ ਦੇ ਮਨਸੂਬਿਆਂ ਤੋਂ ਲਸ਼ਕਰ ਵਾਕਿਫ਼ ਹੈ। ਸਲਫ਼ਾਸ ਤੇ ਰੱਸੀਆਂ ਤੋਂ ਅੱਕ ਉਹ ਐਲਾਨੇ-ਜੰਗ ਲਈ ਤਿਆਰ ਹੈ। ਤੁਸੀਂ ਰੇਡੀਓ ਲਾ ਵੇਖੋ, ਸ਼ਾਇਦ ਦਿਹਾਤੀ ਪ੍ਰੋਗਰਾਮ ਵਿਚ ਅੱਜ ਠੰਡੂ ਰਾਮ ਗਰਮ ਹੋਇਆ ਭਾਈਆ ਜੀ ਨੂੰ ਕਹਿ ਨਾ ਬੈਠੇ, "ਛੱਡੋ ਅੰਦਰ ਲੰਘ ਕੇ ਕੀ ਕਰੋਗੇ, ਚੁੱਕੋ ਖੂੰਡਾ ਮੈਂ ਵੀ ਬਾਹਰ ਹੀ ਆਉਣਾ।” ਜੂਨੀਅਰ ਮਾਡਲ ਸਕੂਲ ਦੇ ਪਾੜ੍ਹੇ ਵਿਦਿਆਰਥੀ ਦਾ ਤਾਂ ਤ੍ਰਾਹ ਹੀ ਨਿਕਲ ਜਾਸੀ।

*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਅਜੇ ਵੀ ਪੁਰਾਣੇ ਰੇਡੀਓ ਨੂੰ ਥੱਪ-ਥਪਾ ਉਹਦੇ ਵਿੱਚੋਂ ਦਿਹਾਤੀ ਪ੍ਰੋਗਰਾਮ ਸੁਣਨ ਦੀ ਤਮੰਨਾ ਪਾਲੀ ਫਿਰਦਾ ਹੈ।
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.
_______________________________________________________________
ਪੜ੍ਹੋ 'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ : 
_______________________________________________________________
|
Comment
|
.
|