ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਚੋਣਾਂ ’ਚ ਬਚਿਆ ਸਵਾਲ - ਤੁਸੀਂ ਜਿਊਂਦੇ ਰਹੋਗੇ ਕਿ ਮਰ ਜਾਓਗੇ?
ਰਾਸ਼ਟਰ ਦੀ ਸੁਰੱਖਿਆ, ਕਿਸਾਨ ਦੀ ਤ੍ਰਾਸਦੀ, ਨੌਜਵਾਨ ਲਈ ਰੁਜ਼ਗਾਰ ਤੋਂ ਲੈ ਕੇ ਤੁਹਾਡੇ ਪਿੰਡ ਜਾਂ ਸ਼ਹਿਰ ਦੀ ਸੜਕ ਤੱਕ ਦੇ ਮੁੱਦਿਆਂ ਬਾਰੇ ਭਖੀ ਹੋਈ ਦੇਸ਼-ਵਿਆਪੀ ਬਹਿਸ ਵਿੱਚ ਇੱਕ ਰਤਾ ਜ਼ਰੂਰੀ ਮੁੱਦਾ ਜ਼ਿਕਰ ਤੋਂ ਬਾਹਰ ਹੀ ਰਹਿ ਗਿਆ ਹੈ – ਤੁਸੀਂ ਜਿਉਂਦੇ ਰਹੋਗੇ ਜਾਂ ਮਰ ਜਾਓਗੇ?

ਮੋਇਆਂ ਲਈ ਸੁਰੱਖਿਆ, ਫ਼ਸਲ ਦੇ ਚੰਗੇ ਭਾਅ, ਰੁਜ਼ਗਾਰ ਦੇ ਮੌਕੇ ਅਤੇ ਰਵਾਂ ਸੜਕਾਂ ਬਹੁਤੇ ਮਾਅਨੇ ਨਹੀਂ ਰੱਖਦੇ। ਪਰ ਸੱਤਾ ਲਈ ਹਰ ਹੀਲਾ ਵਰਤਦੀਆਂ ਰਾਜਨੀਤਕ ਪਾਰਟੀਆਂ ਅਤੇ ਲੋਕਾਈ ਲਈ ਲੜਦੇ ਜੁਝਾਰੂ ਕਾਰਕੁਨਾਂ ਦੇ ਏਜੰਡੇ ’ਚੋਂ ਇਹ ਮੁੱਦਾ ਕਿਉਂ ਪਿੱਛੇ ਛੁੱਟ ਗਿਆ ਕਿ ਤੁਸਾਂ ਸਾਹ ਲੈਂਦੇ ਰਹਿਣਾ ਹੈ ਕਿ…?

ਵੈਸੇ ਦੁਨੀਆਂ ਇਸ ਮੁੱਦੇ ਨਾਲ ਉਲਝ ਰਹੀ ਹੈ। ਠੀਕ ਉਸ ਵੇਲੇ ਜਦੋਂ ਅਸੀਂ ਵੋਟਾਂ ਲਈ ਘਮਸਾਨ ਵਿਚ ਦੀ ਲੰਘ ਰਹੇ ਹਾਂ, ਸਾਡੇ ਜਿਊਂਦੇ ਰਹਿਣ ਜਾਂ ਨਾ ਰਹਿਣ ਦੇ ਮੁੱਦੇ ਨੇ ਸਿਆਸਤਦਾਨਾਂ ਦੀ ਨੀਂਦ ਹਰਾਮ ਕੀਤੀ ਪਈ ਹੈ। ਪੰਜਾਬ ਨੇ 19 ਮਈ ਨੂੰ ਵੋਟਾਂ ਪਾਉਣ ਜਾਣਾ ਹੈ। ਇੱਕ ਦਿਨ ਪਹਿਲੋਂ, 18 ਮਈ ਨੂੰ ਆਸਟਰੇਲੀਆ ਵਿੱਚ ਪਾਰਲੀਮੈਂਟ ਦੀਆਂ ਚੋਣਾਂ ਨੇ। ਉੱਥੇ ਇਹ ਕੇਂਦਰੀ ਮੁੱਦੇ ਦੇ ਤੌਰ ’ਤੇ ਉੱਭਰਿਆ ਹੈ।
-----------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the Fb link in the top visual. This piece was originally published on May 6, 2019 when Punjab was in the throes of electioneering, and politics revolved around the issue of sacrilege of holy Sikh scriptures. - Ed.      
------------
ਅਪਰੈਲ ਦਾ ਸਾਰਾ ਮਹੀਨਾ ਹੀ ਹਿੰਦੁਸਤਾਨ ਦਾ ਗ਼ਰੀਬ ਅਮੀਰ, ਆਪਣੇ ਮੁੱਦੇ ਪਛਾਣ, ਭਾਸ਼ਣ ਸੁਣ, ਸੁਰਖ਼ੀਆਂ ਪੜ੍ਹ, ਵਾਅਦੇ ਤੋਲ, ਵਹੀਰਾਂ ਘੱਤ ਕੇ ਈਵੀਐਮ ਮਸ਼ੀਨਾਂ ਦੇ ਬਟਨ ਦਬਾਉਣ ਜਾਂਦਾ ਰਿਹਾ। ਆਪਣੇ ਭਵਿੱਖ ਦੀ ਚਿੰਤਾ ਜੁ ਸੀ ਉਹਨੂੰ। ਇਸੇ ਮਹੀਨੇ ਲੰਦਨ ਨੇ ਇੱਕ ਅਜਬ ਵਰਤਾਰਾ ਵੇਖਿਆ। ਨੌਜਵਾਨ ਮੁੰਡੇ ਕੁੜੀਆਂ ਦੀ ਇੱਕ ਵੱਡੀ ਭੀੜ, ਜਿਸ ਵਿੱਚ ਕਾਫ਼ੀ ਸਾਰੇ ਬੜੇ ਅਮੀਰ ਘਰਾਂ ਦੇ ਕਾਕੇ, ਕਾਕੀਆਂ ਸ਼ਾਮਲ ਸਨ, ਨੇ ਬਰਤਾਨੀਆ ਦੀ ਰਾਜਧਾਨੀ ਵਿੱਚ ਸ਼ਾਹਰਾਹ ਜਾਮ ਕਰ ਦਿੱਤੇ, ਚੌਕਾਂ ਵਿੱਚ ਧਰਨੇ ਲਾ ਦਿੱਤੇ। ਵਾਟਰਲੂ ਦੇ ਪੁਲ ’ਤੇ ਕਬਜ਼ਾ ਕਰਕੇ ਬੈਠ ਗਏ, ਔਕਸਫੋਰਡ ਸਟ੍ਰੀਟ ਮੱਲ ਲਈ, ਲੰਦਨ ਦੀ ਸਟਾਕ ਐਕਸਚੇਂਜ ਦੇ ਪ੍ਰਵੇਸ਼ ਦੁਆਰ ’ਤੇ ਕਬਜ਼ਾ ਕਰ ਲਿਆ। ਪੁਲੀਸ ਨੇ ਸੈਂਕੜੇ ਕਾਰਕੁਨ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤੇ। ਉਹ ਅਜੇ ਵੀ ਜੇਲ੍ਹ ਵਿੱਚ ਹੀ ਹਨ। ਉਨ੍ਹਾਂ ਦਾ ਚੁੱਕਿਆ ਮੁੱਦਾ ਸਿੱਧਾ ਸੀ – ਸੱਤਾ ਦੇ ਚਾਹਵਾਨ ਸਾਡੇ ਸਿਆਸਤਦਾਨੋਂ, ਅਸੀਂ ਜਿਉਂਦੇ ਰਹਾਂਗੇ ਕਿ ਮਰ ਜਾਵਾਂਗੇ? ਸੱਚ ਬੋਲੋ।
----------
ਪੰਜਾਬ ਦੇ ਸਿਆਸੀ ਕਾਰਕੁਨ ਅਜੇ ਧਰਤ ਸੁਹਾਵੀ ਉੱਤੇ ਆਏ ਖ਼ਤਰੇ ਤੋਂ ਅਣਜਾਣ, ਸਿਆਸਤ ਵਿੱਚ ਰੁੱਝੇ ਹਨ। 
----------
‘ਐਕਸਟਿੰਕਸ਼ਨ ਰਿਬੈਲੀਅਨ’ (Extinction Rebellion) ਨਾਮ ਦੇ ਇਸ ਜੁਝਾਰੂ ਸਮੂਹ ਨੇ ਬਰਤਾਨਵੀ ਸਿਆਸਤ ਨੂੰ ਉਸ ਵੇਲੇ ਹਿਲਾ ਕੇ ਰੱਖ ਦਿੱਤਾ ਹੈ ਜਦੋਂ ਉਹ ਬ੍ਰੈਗਜ਼ਿਟ ਦੇ ਮੁੱਦੇ ਵਿੱਚ ਉਲਝੀ ਪਈ ਸੀ। ਸਾਰੀ ਕਾਇਨਾਤ ਵਿੱਚ ਵਾਪਰ ਰਹੀ ਇਸ ਵਾਤਾਵਰਨ ਤਬਦੀਲੀ ਨੂੰ ਉਨ੍ਹਾਂ ਸਿਆਸਤ ਦੇ ਐਨ ਵਿਚਕਾਰ ਫ਼ੈਸਲਾਕੁਨ ਮੁੱਦੇ ਵਜੋਂ ਰੱਖ ਦਿੱਤਾ ਹੈ। ਉਨ੍ਹਾਂ ਦੀਆਂ ਮੰਗਾਂ ਸਪਸ਼ਟ ਹਨ – ਦੇਸ਼ ਭਰ ਵਿੱਚ ਵਾਤਾਵਰਨ ਐਮਰਜੈਂਸੀ ਐਲਾਨ ਦਿੱਤੀ ਜਾਵੇ, ਰਾਜਨੀਤਕ ਪਾਰਟੀਆਂ ਅਤੇ ਸਿਆਸਤਦਾਨ ਇਸ ਮੁੱਦੇ ’ਤੇ ਸੱਚ ਬੋਲਣਾ ਸ਼ੁਰੂ ਕਰਨ, ਵਿਗਿਆਨੀਆਂ ਦੁਆਰਾ ਦਿੱਤੇ ਠੋਸ ਸਬੂਤਾਂ ਤੋਂ ਮੂੰਹ ਮੋੜਨਾ ਬੰਦ ਕਰਨ, ਉਹ ਫੌਰੀ ਅਸਰਦਾਰ ਕਦਮ ਦੱਸਣ ਜਿਹੜੇ ਉਹ ਚੁੱਕਣ ਜਾ ਰਹੇ ਹਨ। ਪਾਰਲੀਮੈਂਟ ਹੁਣੇ ਕਾਨੂੰਨ ਬਣਾਵੇ ਕਿ 2025 ਤੱਕ ਬਰਤਾਨੀਆ ਆਪਣੀ ਨੈੱਟ ਕਾਰਬਨ ਨਿਕਾਸੀ (net carbon emission) ਵਿੱਚ 50 ਫ਼ੀਸਦੀ ਕਟੌਤੀ ਕਰ ਦੇਵੇਗਾ।

ਧਰਤੀ ਉੱਤੇ ਹਜ਼ਾਰਾਂ ਹੀ ਪ੍ਰਾਣੀਆਂ ਦੀਆਂ ਕਿਸਮਾਂ ਹੁਣ ਸਦਾ ਲਈ ਮਿਟ ਜਾਣ ਦੀ ਕਗਾਰ ’ਤੇ ਪਹੁੰਚ ਗਈਆਂ ਹਨ। ਇਹ ਸਪੱਸ਼ਟ ਦਿਖਾਈ ਦੇ ਰਿਹਾ ਹੈ ਕਿ ਇਸ ਗ੍ਰਹਿ ਉੱਤੇ ਮਨੁੱਖੀ ਜ਼ਿੰਦਗੀ ਦੇ ਖ਼ਤਮ ਹੋ ਜਾਣ ਦੀ ਸੰਭਾਵਨਾ ਅਤਿ ਨੇੜੇ ਆਉਂਦੀ ਜਾ ਰਹੀ ਹੈ।

ਵਾਤਾਵਰਨ ਲਈ ਲੜਨ ਵਾਲਿਆਂ ਦੇ ਸੰਘਰਸ਼, ਧਰਨੇ, ਮੁਜ਼ਾਹਰੇ ਕੋਈ ਨਵੇਂ ਨਹੀਂ, ਪਰ ਹਾਲ ਹੀ ਤੱਕ ਇਨ੍ਹਾਂ ਦਾ ਕੋਈ ਬਹੁਤਾ ਅਸਰ ਵੋਟਾਂ ਦੀ ਸਿਆਸਤ ’ਤੇ ਦਿਖਾਈ ਨਹੀਂ ਸੀ ਦਿੱਤਾ। ਹੁਣ ਅਚਾਨਕ ਲੋਕ ਹੁੰਗਾਰੇ ਵਿੱਚ ਅਤਿ ਦੀ ਊਰਜਾ ਆ ਗਈ ਹੈ। ਜਿਉਂਦੇ ਰਹਿਣ ਜਾਂ ਨਾ ਰਹਿਣ ਦਾ ਸਵਾਲ ਸਿਆਸੀ ਹੋ ਗਿਆ ਹੈ। ਨੇਤਾ ਨੂੰ ਜਵਾਬ ਦੇਣਾ ਪੈ ਰਿਹਾ ਹੈ। ਦੇਸ਼ ਦੇ ਵਾਤਾਵਰਨ ਮੰਤਰੀ ਮਾਈਕਲ ਗੋਵ ਨੂੰ ਇਸ ਮੁਹਿੰਮ ਦੇ ਕਾਰਕੁਨਾਂ ਨਾਲ ਮੁਲਾਕਾਤ ਕਰਨੀ ਪਈ। ਉਨ੍ਹਾਂ ਮੰਨਿਆ ਕਿ ਵਾਤਾਵਰਨ ਘੁਲਾਟੀਆਂ ਦੇ ਬਿਆਨੀਏ ਵਿੱਚ ਸੱਚਾਈ ਹੈ ਅਤੇ ਜਿਸ ਤਰ੍ਹਾਂ ਨਾਲ ਦੇਸ਼ ਦੀ ਆਰਥਿਕਤਾ ਤੇ ਤਰੱਕੀ ਦਾ ਮਾਡਲ ਚੱਲ ਰਿਹਾ ਹੈ, ਇਸ ਵਿੱਚ ਨਿਸ਼ਚਿਤ ਤਬਾਹੀ ਹੈ। ਵਿਰੋਧੀ ਲੇਬਰ ਪਾਰਟੀ ਦੇ ਨੇਤਾ ਜੈਰੇਮੀ ਕੌਰਬਿਨ ਨੇ ਤਾਂ ਕਾਰਕੁਨਾਂ ਦੇ ਦੇਸ਼ ਭਰ ਵਿੱਚ ਐਮਰਜੈਂਸੀ ਦੇ ਐਲਾਨ ਵਾਲੇ ਮਤੇ ਦਾ ਸਮਰਥਨ ਹੀ ਨਹੀਂ ਕੀਤਾ ਸਗੋਂ ਮਤਾ ਪਾਰਲੀਮੈਂਟ ਵਿੱਚ ਪੇਸ਼ ਕਰ ਦਿੱਤਾ। ਸਰਕਾਰ ਫਸ ਚੁੱਕੀ ਸੀ। ਇਹ ਹੰਗਾਮੀ ਸੂਰਤ ਦਾ ਐਲਾਨ ਕਰਦਾ ਮਤਾ ਇਸ ਹਫ਼ਤੇ ਸਰਬਸੰਮਤੀ ਨਾਲ ਪਾਸ ਹੋ ਗਿਆ। ਸਰਕਾਰ ਹੁਣ ਠੋਸ ਕਦਮ ਸੂਚੀਬੱਧ ਕਰਨ ਵਿੱਚ ਜੁਟੀ ਹੈ।

ਦੁਨੀਆਂ ਵਿੱਚ ਉਦਯੋਗਿਕ ਕ੍ਰਾਂਤੀ (Industrial Revolution) ਨੂੰ ਸਿਖਰਾਂ ਤੱਕ ਲੈ ਜਾਣ ਵਾਲਾ ਦੇਸ਼ ਇਸ ਵਿੱਚੋਂ ਉਤਪੰਨ ਹੋਏ ਕਾਰਬਨ ਨਿਕਾਸੀ (carbon emissions) ਦੇ ਭੂਤ ਨਾਲ ਜੂਝਣ ਦੀਆਂ ਵਿਉਂਤਬੰਦੀਆਂ ਕਰ ਰਿਹਾ ਹੈ। ਸਰਕਾਰਾਂ ਸੁੱਤੀਆਂ ਦਿੱਸੀਆਂ ਤਾਂ ਲੋਕਾਂ ਆਪ ਮੁੱਦਾ ਫੜ ਲਿਆ। ਕਾਰਨ ਸਪੱਸ਼ਟ ਸੀ – ਸਾਡੇ ਅਤੇ ਸਾਡੇ ਬੱਚਿਆਂ ਦੇ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੀਆਂ ਨੀਤੀਆਂ ਬਣਾਉਣ ਵਾਲੇ ਤਾਂ ਅਕਸਰ 50-60 ਸਾਲਾਂ ਦੀ ਉਮਰ ਵਾਲੇ ਜਾਂ ਇਸ ਤੋਂ ਵੀ ਵਧੇਰੇ ਬਜ਼ੁਰਗ ਸਿਆਸਤਦਾਨ ਹਨ ਜਿਹੜੇ ਕੁਝ ਹੀ ਹੋਰ ਸਾਲਾਂ ਵਿੱਚ ਮਰ ਜਾਣਗੇ। ਪਰ ਉਨ੍ਹਾਂ ਨੀਤੀਆਂ ਕਾਰਨ, ਸੱਚ ਤੋਂ ਇਨਕਾਰੀ ਜਾਂ ਮੁਨਕਰ ਰਹਿਣ ਕਾਰਨ ਅਤੇ ਜਿਉਂ-ਦੀ-ਤਿਉਂ ਵਿਵਸਥਾ ਵਾਲੀ ਪ੍ਰਣਾਲੀ ਬਣਾਈ ਰੱਖਣ ਕਾਰਨ ਸ਼ਾਇਦ ਅਸੀਂ ਅਤੇ ਨਿਸ਼ਚਿਤ ਹੀ ਸਾਡੇ ਬੱਚੇ ਤੇ ਉਨ੍ਹਾਂ ਦੇ ਬੱਚੇ ਸਹਿਕ-ਸਹਿਕ ਮਰਨਗੇ। ਮਨੁੱਖੀ ਸੱਭਿਅਤਾ ਦਾ ਅੰਤ ਸਾਹਵੇਂ ਹੈ ਅਤੇ ਨੇਤਾ ਸੱਚ ਨਹੀਂ ਬੋਲ ਰਿਹਾ। ਵਿਗਿਆਨੀ ਚੀਕਾਂ ਮਾਰ ਰਿਹਾ ਹੈ। ਕਾਰਕੁਨ ਕਦੀ ਲੰਦਨ ਟਾਵਰ ’ਤੇ ਚੜ੍ਹਦਾ ਹੈ, ਕਦੀ ਬਿੱਗ-ਬੈੱਨ ਵਾਲੀ ਘੰਟੀ ਤੋਂ ਲਟਕ ਜਾਂਦਾ ਹੈ, ਕਦੀ ਆਈਫਲ ਟਾਵਰ ’ਤੇ ਬੈਨਰ ਲਟਕਾ ਦਿੰਦਾ ਹੈ, ਕਦੀ ਯੂਰੋਪੀ ਕਮਿਸ਼ਨ ਦੇ ਵਿਹੜੇ ਲਾਸ਼ਾਂ ਵਾਂਗ ਲੰਮਿਆਂ ਪੈ ਰੋਸ ਮੁਜ਼ਾਹਰਾ ਕਰਦਾ ਹੈ ਤਾਂ ਜੋ ਅਸੀਂ ਲਾਸ਼ਾਂ ਹੀ ਨਾ ਬਣ ਜਾਈਏ। ਇੱਕ ਦਿਨ ਤਾਂ ਉਨ੍ਹਾਂ ਪ੍ਰਧਾਨ ਮੰਤਰੀ ਟੈਰੇਜ਼ਾ ਮੇਅ ਦੇ ਘਰ ਸਾਹਮਣੇ ਸੰਕੇਤਕ ਤੌਰ ਉੱਤੇ ਬਾਲਟੀਆਂ ਭਰ ਕੇ ‘ਲਾਲ ਖ਼ੂਨ’ ਡੋਲ੍ਹ ਦਿੱਤਾ।

ਬਰਤਾਨੀਆ ਦੇ ਇਹ ਵਾਤਾਵਰਨ ਘੁਲਾਟੀਏ ਹੁਣ ਅਮਰੀਕਾ ਨੂੰ ਹੋ ਤੁਰੇ ਹਨ ਜਿੱਥੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਪੈਰਿਸ ਵਾਤਾਵਰਨ ਸਮਝੌਤੇ ਨੂੰ ਪੈਰਾਂ ਥੱਲੇ ਰੌਂਦਣ ’ਤੇ ਲੱਕ ਬੱਧਾ ਹੈ। ਹੁਣ ਅਮਰੀਕਾ ਦੇ ਵੱਖ-ਵੱਖ ਸ਼ਹਿਰਾਂ ਵਿੱਚ ਉਦਯੋਗਾਂ ਅਤੇ ਸਰਕਾਰੀ ਅਦਾਰਿਆਂ ਨੂੰ ਜਬਰੀ ਠੱਪ ਕਰਵਾ ਕਰ ਦੇਣ ਦੀਆਂ ਯੋਜਨਾਵਾਂ ਘੜ ਲਈਆਂ ਹਨ। ਉਹ ਸਿਰਫ਼ ਜਿਊਂਦਿਆਂ ਲਈ ਨਹੀਂ, ਅਣਜਨਮਿਆਂ ਲਈ ਵੀ ਲੜ ਰਹੇ ਹਨ। ਖੌਰੂ ਪਾਉਣ ਵਾਲਿਆਂ ਨੂੰ ਆਪਣੇ ਕਾਰਿਆਂ ਦੀ ਸਾਰਥਕਤਾ ਵਿੱਚ ਵਿਸ਼ਵਾਸ ਹੈ। ਉਨ੍ਹਾਂ ਦਾ ਕਹਿਣਾ ਹੈ –"Troublemakers change the world."

-----------
ਵਾਤਾਵਰਨ ਤਬਦੀਲੀ ਬਾਰੇ ਕੌਮਾਂਤਰੀ ਪੈਨਲ ਦੀ ਰਿਪੋਰਟ ਅਨੁਸਾਰ ਸਾਡੇ ਕੋਲ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸਿਰਫ਼ 12 ਵਰ੍ਹੇ ਬਚੇ ਹਨ। ਇਹ ਰਿਪੋਰਟ ਹੁਣ ਸਾਲ ਪੁਰਾਣੀ ਹੋ ਚੁੱਕੀ ਹੈ।
-----------
ਉਹ ਅਮਰੀਕੀ ਨਾਗਰਿਕਾਂ ਨੂੰ ਕਹਿ ਰਹੇ ਹਨ ਕਿ ਤੁਹਾਨੂੰ 5-10 ਡਾਲਰ ਦੇ ਦਾਨ ਅਤੇ ਸਥਾਨਕ ਸੈਨੇਟਰ ਨੂੰ ਟੈਲੀਫੋਨ ਵਾਲੇ ਕਾਰਜਾਂ ਤੋਂ ਕਿਤੇ ਵੱਧ ਇਨਕਲਾਬੀ ਰਾਹ ਫੜਨਾ ਪਵੇਗਾ। 1960ਵਿਆਂ ਦੀ ਨਸਲੀ ਭਿੰਨ-ਭੇਦ ਵਿਰੁੱਧ ਲੜਾਈ ਵਿੱਚ ਜਾਗਰੂਕ ਕਾਰਕੁਨਾਂ ਨੇ ਰੋਹ-ਭਰੇ ਧਰਨਿਆਂ-ਮੁਜ਼ਾਹਰਿਆਂ-ਮਾਰਚਾਂ ਵਿੱਚ ਆਪਣੀ ਜਾਨ ਵੀ ਦਾਅ ’ਤੇ ਲਾ ਦਿੱਤੀ ਸੀ। ਕਈਆਂ ਇਹ ਕੀਮਤ ਤਾਰੀ ਵੀ। ਜੇ ਹੁਣ ਮਨੁੱਖ ਦੀ ਹੋਂਦ ਨੂੰ ਹੀ ਖ਼ਤਰਾ ਆ ਪਿਆ ਹੈ ਤਾਂ ਵਿਰੋਧ ਦੀ ਕੀਮਤ ਏਦੂੰ ਘੱਟ ਨਹੀਂ ਹੋ ਸਕਦੀ।

ਲੰਦਨ ਦੀ ਗਾਰਡੀਅਨ (The Guardian) ਅਖ਼ਬਾਰ ਨੇ ਵਾਤਾਵਰਨ ਤਬਦੀਲੀ ਨੂੰ ਥੰਮਣ ਦੀ ਮੰਗ ਕਰਦੇ ਇਨ੍ਹਾਂ ਘੁਲਾਟੀਆਂ ਦੀ ਅਪਰੈਲ ਮਹੀਨੇ ਵਿੱਢੀ ਜੰਗ ਨੂੰ ਹੁਣ ਤੱਕ ਦੀ ਸਭ ਤੋਂ ਵਧੇਰੇ ਅਸਰਦਾਰ ਅਤੇ ਅਭੂਤਪੂਰਵ ਕਿਹਾ ਹੈ। ਹੋਰ ਵੀ ਬਹੁਤ ਸਾਰੇ ਦੇਸ਼ਾਂ ਦੀ ਰਾਜਨੀਤੀ ਵਿੱਚ ਇਹ ਤੂਫ਼ਾਨ ਉੱਠ ਖੜ੍ਹਾ ਹੋਇਆ ਹੈ। ਆਈਸਲੈਂਡ ਨੇ ਵਾਤਾਵਰਨ ਘੁਲਾਟੀਆਂ ਅਤੇ ਲੈਫਟ-ਗ੍ਰੀਨ ਮੂਵਮੈਂਟ ਦੀ ਲੀਡਰ ਕੈਤਰੀਨ ਜੈਕਬਸਡੋਤੀਅਰ (Katrín Jakobsdóttir) ਨੂੰ ਆਪਣੀ ਪ੍ਰਧਾਨ ਮੰਤਰੀ ਚੁਣ ਲਿਆ ਹੈ। ਪੰਜ ਮਹੀਨੇ ਪਹਿਲਾਂ ਦਸੰਬਰ 2018 ਵਿੱਚ ਮੈਕਸਿਕੋ ਦੇ ਨਵੇਂ ਰਾਸ਼ਟਰਪਤੀ ਨੇ ਅਹੁਦਾ ਸੰਭਾਲਿਆ। ਉਹ ਪਿਛਲੇ 30 ਸਾਲਾਂ ਵਿੱਚ 50 ਫ਼ੀਸਦੀ ਤੋਂ ਵੀ ਵੱਧ ਵੋਟਾਂ ਹਾਸਲ ਕਰਨ ਵਾਲੇ ਦੇਸ਼ ਦੀ ਸਰਕਾਰ ਦੇ ਪਹਿਲੇ ਮੁਖੀ ਹਨ। ਜਿਸ ਵੇਲੇ ਟਰੰਪ ਨਿੱਤ ਮੈਕਸਿਕੋ ਦੀ ਸਰਹੱਦ ’ਤੇ ਬਾਬਾ ਆਦਮ ਜਿੱਡੀ ਕੰਧ ਖੜ੍ਹੀ ਕਰਨ ਦੀ ਧਮਕੀ ਦੇ ਰਿਹਾ ਸੀ, ਮੈਕਸਿਕੋ ਨੇ ਇਸ ਤੋਂ ਕਿਤੇ ਵਧੇਰੇ ਮਹੱਤਵਪੂਰਨ ‘ਵਾਤਾਵਰਨ-ਅਨੁਸਾਰ ਖੇਤੀਬਾੜੀ’ (Sustainable Eco-Agriculture) ਮੁੱਦੇ ਉੱਤੇ ਚੁਣਾਵੀ ਲੜਾਈ ਵੇਖੀ। ਕੰਧ ਵਾਲੇ ਬਿਆਨੀਏ ਦਾ ਜਵਾਬ ਲੋਕਾਂ ਕੁਦਰਤ ਦੇ ਹੱਕ ਵਿੱਚ ਵੋਟਾਂ ਪਾ ਕੇ ਦਿੱਤਾ।

ਆਸਟਰੇਲੀਆ ਵਿੱਚ 18 ਮਈ ਨੂੰ ਪੈਣ ਵਾਲੀਆਂ ਵੋਟਾਂ ਲਈ ਪ੍ਰਚਾਰ ਦੌਰਾਨ ਲੇਬਰ ਪਾਰਟੀ ਨੇ ਵਾਤਾਵਰਨ ਤਬਦੀਲੀ ਨੂੰ ਮੁੱਖ ਮੁੱਦਾ ਬਣਾ ਲਿਆ ਹੈ, ਪਰ ਅਡਾਨੀ ਰੋਕੋ ਕਾਫ਼ਲਾ (Stop Adani Convoy) ਦੀ ਮੁਹਿੰਮ ਨੇ ਸਿਆਸਤਦਾਨਾਂ ਦੀ ਨੀਂਦ ਹਰਾਮ ਕਰ ਰੱਖੀ ਹੈ। ਲੋਕਾਂ ਤੋਂ ਇਕੱਠੇ ਕੀਤੇ ਥੋੜ੍ਹੇ ਜਿਹੇ ਪੈਸਿਆਂ ਨਾਲ ਚਲਾਈ ਇਸ ਲਹਿਰ ਨੇ ਧਰਤੀ ਦੀ ਹਿੱਕ ਪਾੜ ਕੇ ਕੋਲਾ ਖਣਿਜ ਕੱਢਦੀ ਗੌਤਮ ਅਡਾਨੀ ਦੀ ਕੰਪਨੀ ਅਤੇ ਸਾਰੀ ਕੋਲਾ ਸਨਅਤ ਨਾਲ ਜਨਤਕ ਪਿੜ ਵਿੱਚ ਡਟ ਕੇ ਆਢਾ ਲਾ ਲਿਆ ਹੈ। ਜਿਸ ਵੇਲੇ 5 ਮਈ ਵਾਲੇ ਐਤਵਾਰ ਨੂੰ ਮੈਂ ਇਹ ਸਤਰਾਂ ਲਿਖ ਰਿਹਾ ਹਾਂ, ਕੈਨਬਰਾ ਵਿੱਚ ਆਸਟਰੇਲਿਆਈ ਪਾਰਲੀਮੈਂਟ ਦੇ ਸਾਹਮਣੇ ਭਰਵੀਂ ਰੈਲੀ ਵਿੱਚ ਦੇਸ਼ ਦਾ ਮਸ਼ਹੂਰ ਵਾਤਾਵਰਣ ਘੁਲਾਟੀਆ ਬੌਬ ਬ੍ਰਾਊਨ ਗੱਜ ਕੇ ਕਹਿ ਰਿਹਾ ਹੈ ਕਿ ਕਿਸੇ ਖੁਦਾਈ ਫਰਿਸ਼ਤੇ ਨੇ ਧਰਤੀ ਨੂੰ ਬਚਾਉਣ ਲਈ ਉਪਰੋਂ ਨਹੀਂ ਉਤਰਨਾ, ਹੁਣ ਬਾਕੀ ਅਸੀਂ ਤੁਸੀਂ ਹੀ ਬਚੇ ਹਾਂ। ਅੱਜ ਕੁਝ ਨਾ ਕੀਤਾ ਤਾਂ ਦੇਸ਼ ਖ਼ਤਮ ਸਮਝੋ। ਬੁੱਕਰ ਇਨਾਮ ਜੇਤੂ ਆਸਟਰੇਲਿਆਈ ਲੇਖਕ ਰਿਚਰਡ ਫਲਾਨਗਨ (Richard Flanagan) ਕਹਿ ਰਿਹਾ ਹੈ ਕਿ ਉਹ ਆਪ ਅਡਾਨੀ ਦੀ ਖਾਣ ਬੰਦ ਕਰਦੀ ਭੀੜ ਵਿੱਚ ਹੋਵੇਗਾ। ਜੇਲ੍ਹ ਚਲਾ ਜਾਵੇਗਾ, ਪਰ ਇਹ ਤਬਾਹੀ ਰੋਕੇਗਾ।

ਦੁਨੀਆਂ ਭਰ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਵਿਗਿਆਨੀ ਅਤੇ ਖੋਜਾਰਥੀ ਬਰਤਾਨੀਆ ਤੋਂ ਉੱਠੀ ਇਸ ਲਹਿਰ ਦੇ ਹੱਕ ਵਿੱਚ ਨਿੱਤਰ ਪਏ ਹਨ। ਬਰਤਾਨਵੀ ਪਾਰਲੀਮੈਂਟ ਦੇ ਬਾਹਰ ਸਿਵਲ ਨਾਫਰਮਾਨੀ ਦਾ ਐਲਾਨ ਹੋ ਗਿਆ ਹੈ। ਨਾਗਰਿਕਾਂ ਨੂੰ ਛੇਤੀ ਹੀ ਘਰਾਂ ਦੇ ਕਰਜ਼ਿਆਂ ਦੀਆਂ ਕਿਸ਼ਤਾਂ ਨਾ ਦੇਣ ਅਤੇ ਵਿਦਿਆਰਥੀਆਂ ਨੂੰ ਸਿੱਖਿਆ ਲਈ ਲਏ ਕਰਜ਼ੇ ਨਾ ਮੋੜਣ ਲਈ ਕਿਹਾ ਜਾਵੇਗਾ। ਰੋਹ-ਭਰੇ ਕਾਰਕੁਨਾਂ ਨੇ ਪਾਰਲੀਮੈਂਟ ਵਿੱਚ ਨਿਰਵਸਤਰ ਹੋ ਰੋਸ ਮੁਜ਼ਾਹਰਾ ਕੀਤਾ ਤਾਂ ਪੁਲੀਸ ਨੂੰ ਭਾਜੜਾਂ ਪੈ ਗਈਆਂ। ਲੰਦਨ ਪੁਲੀਸ ਦੀ ਮੁਖੀ Cressida Dick ਨੇ ਇਸ ਹਫ਼ਤੇ ਕਿਹਾ ਕਿ ਉਸ ਨੇ ਆਪਣੇ 36 ਸਾਲ ਦੇ ਕਾਰਜਕਾਲ ਵਿੱਚ ਇਨ੍ਹਾਂ ਰੋਹ ਭਰਿਆ ਰੋਸ-ਪ੍ਰਦਰਸ਼ਨ ਨਹੀਂ ਵੇਖਿਆ।
 
ਬ੍ਰਿਟਿਸ਼ ਪਾਰਲੀਮੈਂਟ ਤਾਂ ਮਹੀਨਿਆਂ ਤੋਂ ਬ੍ਰੈਗਜ਼ਿਟ ਵਿੱਚ ਫਸੀ ਪਈ ਹੈ। ਹੁਣ ਨੌਜਵਾਨਾਂ ਦੀ ਭੀੜ ਕਹਿ ਰਹੀ ਹੈ – ਨੋ ਬ੍ਰੈਗਜ਼ਿਟ ਔਨ ਡੈੱਡ ਪਲੈਨੈੱਟ। (No Brexit on Dead Planet.) ਭਾਵ ਮੋਏ ਗ੍ਰਹਿ ’ਤੇ ਬਰਤਾਨੀਆ ਯੂਰੋਪੀਅਨ ਸੰਘ ਦੇ ਅੰਦਰ ਰਹੇ ਜਾਂ ਬਾਹਰ ਮਰੇ, ਕੀ ਫ਼ਰਕ ਪਵੇਗਾ? ਦੁਨੀਆਂ ਭਰ ਵਿੱਚ ਸਰਕਾਰਾਂ 16 ਸਾਲਾਂ ਦੀ ਸਵੀਡਨ ਦੀ ਵਿਦਿਆਰਥਣ ਗਰੇਟਾ ਥਨਬਰਗ (Greta Thunberg) ਤੋਂ ਡਰੀਆਂ ਪਈਆਂ ਹਨ ਜਿਸ ਦੀ ਆਪਣੇ ਦੇਸ਼ ਦੀ ਪਾਰਲੀਮੈਂਟ ਸਾਹਮਣੇ ਰੱਖੀ ਵਾਤਾਵਰਣ ਹੜਤਾਲ ਤੋਂ ਚੁਆਤੀ ਲੈ ਕੇ ਇਹ ਮੁੱਦਾ ਕਈ ਦੇਸ਼ਾਂ ਵਿਚ ਭੜਕਿਆ ਪਿਆ ਹੈ। ਉਹ ਬਰਤਾਨੀਆ ਪੁੱਜੀ ਤਾਂ ਯੱਭ ਪੈ ਗਿਆ, ਹੁਣ ਤਾਂ ਉਸ ਵਰਗੇ ਕਈ ਹੋ ਗਏ। ਖੌਰੇ ਕਿੱਧਰ ਹੋ ਟੁਰਨ?

ਲੰਦਨ ਵਰਗੇ ਰੋਸ ਪ੍ਰਦਰਸ਼ਨ ਹੁਣ 33 ਮੁਲਕਾਂ ਵਿਚਲੇ 80 ਸ਼ਹਿਰਾਂ ਵਿੱਚ ਉਲੀਕੇ ਜਾ ਚੁੱਕੇ ਹਨ। ਇਸ ਰੋਹ-ਭਰੀ ਹਨੇਰੀ ਨੂੰ ਅੱਖੋਂ-ਪਰੋਖੇ ਕਰਨਾ ਸੰਭਵ ਨਹੀਂ ਰਹਿ ਗਿਆ। ਬੈਂਕ ਆਫ ਇੰਗਲੈਂਡ ਦੇ ਗਵਰਨਰ ਮਾਰਕ ਕਰਨੀ (Mark Carney) ਅਤੇ ਫਰਾਂਸ ਦੇ ਸਭ ਤੋਂ ਵੱਡੇ ਬੈਂਕ ਬੈਂਕ ਡੀ ਫਰਾਂਸ (Banque De France) ਦੇ ਗਵਰਨਰ ਫਰਾਂਸਿਸ ਵਿਲਰੌਇ (François Villeroy) ਨੇ ਰੋਸ ਪ੍ਰਦਰਸ਼ਨ ਤੋਂ ਬਾਅਦ ਗਾਰਡੀਅਨ ਅਖ਼ਬਾਰ ਵਿੱਚ ਸੰਯੁਕਤ ਤੌਰ ਉੱਤੇ ਇੱਕ ਲੇਖ ਲਿਖ ਚਿਤਾਵਨੀ ਦਿੱਤੀ ਹੈ ਕਿ ਵਾਤਾਵਰਣ ਤਬਦੀਲੀ ਤੋਂ ਹੁਣ ਸਾਰੇ ਵਿੱਤੀ ਖੇਤਰ ਨੂੰ ਹੀ ਹੋਂਦ ਦਾ ਖ਼ਤਰਾ ਹੈ ਅਤੇ ਇਸ ਸੱਚਾਈ ਤੋਂ ਅੱਖਾਂ ਨਹੀਂ ਮੀਟੀਆਂ ਜਾ ਸਕਦੀਆਂ। ਉਨ੍ਹਾਂ ਲਿਖਿਆ ਹੈ ਕਿ ਜੇ ਇਹ ਮਨੁੱਖ-ਮਾਰੂ ਤਬਦੀਲੀ ਨਾ ਥੰਮੀ ਗਈ ਤਾਂ ਹਨੇਰੀਆਂ, ਝੱਖੜਾਂ, ਚੱਕਰਵਾਤਾਂ, ਹੜ੍ਹਾਂ, ਜੰਗਲੀ ਅੱਗਾਂ ਅਤੇ ਹੋਰ ਕੁਦਰਤੀ ਕਰੋਪੀਆਂ ਸਾਹਵੇਂ ਵੱਡੀਆਂ-ਵੱਡੀਆਂ ਬੀਮਾ ਕੰਪਨੀਆਂ, ਬੈਂਕਾਂ ਦੀ ਅਰਥ ਵਿਵਸਥਾ ਅਤੇ ਆਰਥਿਕ ਵਿਉਂਤਬੰਦੀਆਂ ਰੁੜ੍ਹ ਜਾਣਗੀਆਂ।

ਵਿਗਿਆਨੀ ਕਹਿ ਰਹੇ ਹਨ ਕਿ 1970 ਤੋਂ ਹੁਣ ਤੱਕ ਇਨਸਾਨਾਂ ਨੇ 60 ਫ਼ੀਸਦੀ ਤੋਂ ਜ਼ਿਆਦਾ ਥਣਧਾਰੀ ਜੀਵ, ਪੰਛੀ, ਮੱਛੀਆਂ ਅਤੇ ਰੀਂਗਣ ਵਾਲੇ ਜੀਵ ਗਵਾ ਲਏ ਹਨ ਅਤੇ ਬਹੁਤ ਸਾਰੀਆਂ ਨਸਲਾਂ (species) ਕਿਤੇ ਵਧੇਰੇ ਤੇਜ਼ੀ ਨਾਲ ਸਦਾ ਲਈ ਲੋਪ ਹੋ ਰਹੀਆਂ ਹਨ।

ਵਾਤਾਵਰਨ ਤਬਦੀਲੀ ਬਾਰੇ ਕੌਮਾਂਤਰੀ ਪੈਨਲ (Intergovernmental Panel on Climate Change) ਦੀ ਰਿਪੋਰਟ ਅਨੁਸਾਰ ਸਾਡੇ ਕੋਲ ਵਾਤਾਵਰਨ ਪ੍ਰਦੂਸ਼ਣ ਨੂੰ ਰੋਕਣ ਲਈ ਸਿਰਫ਼ 12 ਵਰ੍ਹੇ ਬਚੇ ਹਨ। ਇਹ ਰਿਪੋਰਟ ਹੁਣ ਸਾਲ ਪੁਰਾਣੀ ਹੋ ਚੁੱਕੀ ਹੈ।

ਸੋਮਵਾਰ 6 ਮਈ ਨੂੰ ਜਿਸ ਵੇਲੇ ਤੁਸੀਂ ਇਹ ਸਤਰਾਂ ਪੜ੍ਹ ਰਹੇ ਹੋਵੋਗੇ ਤਾਂ ਦੁਨੀਆਂ ਦੇ ਚੋਟੀ ਦੇ ਵਿਗਿਆਨੀ ਪੈਰਿਸ ਵਿਚ 1,800 ਸਫ਼ਿਆਂ ਦੀ ਰਿਪੋਰਟ ਜਨਤਕ ਕਰਨਗੇ। ਇਸ ਰਿਪੋਰਟ ਵਿੱਚ ਲਿਖਿਆ ਹੈ ਕਿ ਭਵਿੱਖ ਦੀ ਹੀ ਨਹੀਂ, ਅੱਜ ਦੀ ਜਿਊਂਦੀ ਪੀੜ੍ਹੀ ਨੂੰ ਹੀ ਤਬਾਹੀ ਦਾ ਸਾਹਮਣਾ ਕਰਨਾ ਪਵੇਗਾ ਕਿਉਂ ਜੋ ਅਸੀਂ ਉਹ ਪੌਦੇ ਅਤੇ ਜੀਵ-ਜੰਤੂ ਗਵਾ ਰਹੇ ਹਾਂ ਜਿਨ੍ਹਾਂ ਉੱਤੇ ਇਨਸਾਨੀ ਸੱਭਿਅਤਾ ਭੋਜਨ, ਪਾਣੀ ਅਤੇ ਸਥਿਰ ਵਾਤਾਵਰਣ ਲਈ ਨਿਰਭਰ ਕਰਦੀ ਹੈ।

ਇੱਥੇ ਭਾਰਤ ਵਿੱਚ ਅਸੀਂ ਚੱਕਰਵਾਤੀ ਤੂਫ਼ਾਨ ਫ਼ਾਨੀ ਬਾਰੇ ਖ਼ਬਰਾਂ ਪੜ੍ਹ, ਵਾਤਾਵਰਣੀ ਤਬਦੀਲੀ ਨੂੰ ਸਿਆਸੀ ਬਿਆਨੀਏ ਨਾਲ ਨਹੀਂ ਜੋੜ ਸਕੇ। ਪੰਜਾਬ ਦੇ ਸਿਆਸੀ ਕਾਰਕੁਨਾਂ ਦਾ ਅਜੇ ਥਰਮਲ ਪਲਾਂਟ ਦੀਆਂ ਚਿਮਨੀਆਂ ਉੱਤੇ ਚੜ੍ਹਨ ਦਾ ਕੋਈ ਮਨਸੂਬਾ ਨਹੀਂ। ਗੁਰੂ ਦੇ ਅਦਬ ਲਈ ਲੜਦੇ, ਧਰਤ ਸੁਹਾਵੀ ਦੇ ਮਿਟ ਜਾਣ ਨੂੰ ਗੁਰ-ਸ਼ਬਦ ਦੀ ਬੇਅਦਬੀ ਨਾ ਜਾਣਦੇ, ਅਸੀਂ ਅੱਜ ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ ਉੱਤੇ ਆਏ ਖ਼ਤਰੇ ਤੋਂ ਅਣਜਾਣ, ਸਿਆਸਤ ਵਿੱਚ ਰੁੱਝੇ ਹਾਂ। ਕਿਹੜਾ ਵਿਧਾਇਕ ਟੱਪ ਕੇ ਕਿਹੜੀ ਪਾਰਟੀ ਵਿੱਚ ਗਿਆ, ਫ਼ਿਕਰਮੰਦ ਹਾਂ। ਇਹ ਸਵਾਲ ਪੁੱਛਣੋਂ ਉੱਕ ਰਹੇ ਹਾਂ – ਗੁਰੂ ਪਿਆਰਿਓ, ਜਿਊਂਦੇ ਰਹੋਗੇ ਕਿ ਮਰ ਜਾਓਗੇ?

 *ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਵਿਗਿਆਨੀਆਂ ਦੀਆਂ ਰਿਪੋਰਟਾਂ ਪੜ੍ਹ ਕੁਝ ਸਾਹ ਤਾਂ ਗਵਾ ਹੀ ਚੁੱਕਿਆ ਹੈ, ਬਾਕੀ ਨਾ ਛਪ ਰਹੀਆਂ ਖ਼ਬਰਾਂ ’ਚ ਗਵਾ ਰਿਹਾ ਹੈ।
 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


 
 
 
 
 


_______________________________________________________________

  


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017


NEWS LETTER