ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਸੁਰਖੀਆਂ, ਤੇ ਟਿਮਟਿਮਾਉਂਦੀਆਂ ਬਿਜਲਈ ਲੜੀਆਂ




ਬਾਹਰ ਬਾਜ਼ਾਰ ਵਿੱਚ ਰੌਣਕਾਂ ਨੇ। ਅੰਦਰ ਦਾ ਖਲਾਅ ਭਰਨ ਲਈ ਲੋਕਾਈ ਸੜਕਾਂ ਤੇ ਡੁੱਲ੍ਹ ਪਈ ਏ। ਪਿੰਡ ਦੇ ਧੂੜ-ਭਰੇ ਗਿਣਤੀ ਦੀਆਂ ਚੰਦ ਦੁਕਾਨਾਂ ਵਾਲੇ ਬਾਜ਼ਾਰ ਤੋਂ ਲੈ ਕੇ ਸ਼ਹਿਰਾਂ ਵਿੱਚ ਉਚੇਚ ਨਾਲ ਸਜਾਈਆਂ ਵੱਡੀਆਂ ਮਾਲ-ਹੱਟੀਆਂ ਤੱਕ ਕੁਰਬਲ-ਕੁਰਬਲ ਖ਼ਲਕਤ ਦਾ ਦਰਿਆ ਵਹਿ ਰਿਹਾ ਹੈ। ਤਿਓਹਾਰੀ ਦਿਨਾਂ ਦੀ ਸੂਚਨਾ ਅਤੇ ਤੁਹਾਨੂੰ ਇੰਨ੍ਹੀ ਦਿਨੀਂ ਖੁਸ਼ ਹੋ ਜਾਣ ਅਤੇ ਆਪਣੀ ਖੁਸ਼ੀ ਦੇ ਇਜ਼ਹਾਰ ਕਰਨ ਦੀ ਸਮਾਜਿਕ ਜ਼ਿੰਮੇਵਾਰੀ ਬਾਰੇ ਸੁਚੇਤ ਕਰਨ ਲਈ ਅਖ਼ਬਾਰਾਂ, ਇਸ਼ਤਿਹਾਰਾਂ ਦੀ ਬਹੁ-ਪੰਨੀ ਬੁੱਕਲ ਮਾਰ, ਤੁਹਾਡੀ ਡਿਓਢੀ ਅਪੜ  ਰਹੀਆਂ ਨੇ। 

ਜੀਵਨ ਦੇ ਨਿਰੰਤਰ ਚਲੰਤ ਹੋਣ ਦੇ ਸਬੂਤ ਵਜੋਂ ਸਾਡੇ ਗੋਲੇ ਨੇ ਮੱਘਦੇ ਗੋਲੇ ਦੇ ਕੁਝ ਚੱਕਰ ਲਾਏ ਨੇ, ਇਸ ਲਈ ਦਿਨ ਇਹ ਸੁਭਾਗਾ ਆਇਆ ਏ। ਬਿਖੜੇ ਪੈਂਡਿਆਂ ਦਾ ਰਾਹੀ, ਚੌਦਾਂ ਸਾਲ ਬੀਆਬਾਨਾਂ ਵਿੱਚ ਕੱਟ, ਦੁੱਖ ਭੋਗ, ਬਦੀ ਦਾ ਨਾਸ ਕਰ, ਪ੍ਰਵਾਸ ਮੁਕਾ ਘਰ ਆਇਆ ਏ। ਟਿਮਟਿਮਾਉਂਦੀਆਂ ਬਿਜਲਈ ਲੜੀਆਂ ਨਾਲ ਸਾਰਾ ਆਲਮ ਰੁਸ਼ਨਾਇਆ ਏ। ਦਿਲ-ਤੋੜ ਖਬਰੀ ਸੁਰਖੀਆਂ ਪਾਸੇ ਸੁੱਟ, ਸਾਨੂੰ ਕਾਰਜ ਸੌਖੇ ਲਾਇਆ ਏ। ਅੰਦਰਲੇ ਅੰਨ੍ਹੇ ਖੂਹ ਦੀ ਚਿੰਤਨੀ ਚੁੱਪ ਦਰ-ਕਿਨਾਰ ਕਰ, ਬਿਨਾਂ ਆਤਮ ਗਿਲਾਨੀ ਇਹ ਜੀਵਨ ਜੀਣ ਯੋਗ ਮੁੜ ਬਣਾਇਆ ਏ। ਤਿਉਹਾਰ ਆਇਆ ਏ। 

ਯੂਨਾਨੀ ਮਿਥਿਹਾਸ ਤੋਂ ਲੈ ਕੇ ਅਜੋਕੇ "ਮੋਟੀਵੇਸ਼ਨਲ ਸਪੀਕਰਾਂ" ਵਾਲੀ ਕਿਸੇ ਵੀ ਪਰੰਪਰਾ ਵਿੱਚ ਅਨੰਤ ਟੂਕਾਂ ਜੀਵਨ ਦੀ ਇਸ ਦੁੱਖ-ਸੁੱਖ ਵਾਲੀ ਰਵਾਨਗੀ ਬਾਰੇ ਮਿਲ ਜਾਣਗੀਆਂ। ਇਹ ਢੁਕਵੀਆਂ ਵੀ ਜਾਪਣਗੀਆਂ ਕਿਉਂ ਜੋ ਕੁਝ ਹੀ ਦਿਨ ਪਹਿਲਾਂ ਵਾਪਰੇ ਕਿਸੇ ਹਾਦਸੇ, ਤੇ ਫਿਰ ਦਿਨਾਂ ਤੱਕ ਛਪਦੀਆਂ ਰਹੀਆਂ ਵਿਰਲਾਪੀ ਸੁਰਖੀਆਂ ਦੇ ਭਾਰ ਤੋਂ ਸਾਨੂੰ ਸੁਰਖਰੂ ਕਰਵਾਉਣ ਲਈ ਇਨ੍ਹਾਂ ਮਹਾਨ ਫਿਲਾਸਫ਼ਰਾਂ ਤੇ ਸ਼ਬਦ ਘਾੜਿਆਂ ਤੋਂ ਬਿਨਾਂ ਢੋਈ ਵੀ ਤਾਂ ਸਾਡਾ ਆਪਣਾ ਅੰਦਰਲਾ ਆਪਾ ਕਿੱਥੇ ਦਿੰਦਾ ਏ? ਨਾਲੇ ਹਰ ਹਫ਼ਤੇ ਕੁਝ ਹਾਦਸੇ ਵਾਪਰਨੇ ਹੁੰਦੇ ਨੇ, ਹਰ ਆਏ ਦਿਨ ਤਿਉਹਾਰ ਵੀ ਦਸਤਕ ਦਿੰਦੇ ਨੇ। ਫਿਰ ਕੀ ਵਿਰਲਾਪੇ ਰਹੀਏ? ਟਿਮਟਿਮਾਉਂਦੀਆਂ ਲੜੀਆਂ ਨਾ ਟੰਗੀਏ ਦਰਵਾਜ਼ਿਆਂ ਨਾਲ?

-----------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the YouTube link in the top visual. This piece was originally published on November 5, 2018 as we celebrated Diwali in the wake of the terrible tragedy in Amritsar where a train had mowed down 60 plus people on Dushehra day. - Ed. 
------------
ਹੁਣ ਅਸੀਂ ਵਿਰਲਾਪ-ਖੇੜੇ-ਵਿਰਲਾਪ-ਖੇੜੇ ਦੀਆਂ ਹਫਤਾਵਰੀ ਸੁਰਖੀਆਂ ਦੇ ਤਾਮੀਰ ਕੀਤੇ ਸੰਸਾਰ ਵਿੱਚ ਵਿਚਰਨ-ਵਿਗਸਣ ਦੇ ਅਭਿਆਸੀ ਹੋ ਗਏ ਹਾਂ। ਮਨੁੱਖੀ ਸੱਭਿਅਤਾ ਵਿੱਚ ਦੁੱਖ-ਸੁੱਖ ਦੇ ਇਸ ਚੱਕਰ ਦੀ ਪ੍ਰੰਪਰਾ ਮੁੱਢ-ਕਦੀਮ ਤੋਂ ਰਹੀ ਹੈ। ਇਹਨੇ ਸਾਨੂੰ ਵਾਰ-ਵਾਰ ਸਵੈ-ਪੜਚੋਲ ਵੱਲ ਧੱਕਿਆ ਹੈ, ਪਰ ਹੁਣ ਹਰ ਬਦਲਦੀ ਸੁਰਖ਼ੀ ਨਾਲ ਵਿਰਲਾਪ-ਖੇੜੇ ਦਾ ਚੱਕਰ ਏਨੀ ਤੇਜ਼ ਗਤੀ ਨਾਲ ਚੱਲਦਾ ਹੈ ਕਿ ਪੜਚੋਲ ਦੇ ਅਡੰਬਰ ਤਕ ਦੀ ਵੀ ਜ਼ਰੂਰਤ ਨਹੀਂ ਰਹੀ। 
----------
ਵਿਰਲਾਪ-ਖੇੜੇ ਦੇ ਤੇਜ਼ ਚੱਕਰ ਵਿੱਚ ਦੁੱਖ-ਸੁੱਖ ਖ਼ਬਰੀ ਸੁਰਖ਼ੀ ਹਨ, ਪਰ ਤੁਸੀਂ ਅਖ਼ਬਾਰ ਕਿਵੇਂ ਪੜ੍ਹਦੇ ਹੋ?
----------
ਅਤਿ ਅਫ਼ਸੋਸ ਭਰੇ ਕਿਸੇ ਸੰਦੇਸ਼ ਨੂੰ ਵਟਸਐੱਪ ’ਤੇ ਦਾਗਣ ਤੋਂ ਬਾਅਦ, ਪਿੱਛੇ-ਪਿੱਛੇ "ਹੈਪੀ ਦੀਵਾਲੀ" ਵਾਲਾ ਮੈਸੇਜ, ਸਦੀਆਂ ਦੇ ਸੁੱਖ-ਦੁੱਖ ਵਾਲੇ ਬ੍ਰਹਿਮੰਡੀ ਵਰਤਾਰੇ ਬਾਰੇ ਕਿਸੇ ਟੂਕ ਨਾਲ ਬਾਦਲੀਲ ਤਰਕਸੰਗਤ ਠਹਿਰਾਇਆ ਜਾ ਸਕਦਾ ਹੈ। ਇਸੇ ਘੁਣਤਰ ਵਿੱਚੋਂ ਇੱਕ ਸਵਾਲ ਸਾਂਝਾ ਕਰ ਰਿਹਾ ਹਾਂ – ਤੁਸੀਂ ਅਖ਼ਬਾਰ ਕਿਵੇਂ ਪੜ੍ਹਦੇ ਹੋ? ਟੀਵੀ ਕਿਵੇਂ ਵੇਖਦੇ ਹੋ? 

ਸਾਡੀਆਂ ਲੋੜਾਂ, ਜੀਵਨ ਸ਼ੈਲੀ ਤੇ ਸੱਧਰਾਂ ਨੇ ਜ਼ਿੰਦਗੀ ਨੂੰ ਇਨ੍ਹਾਂ ਤੇਜ਼ ਰਫਤਾਰ ਬਣਾ ਦਿੱਤਾ ਹੈ ਕਿ ਦਿਨ ਭਰ ਦੇ ਥਕੇਵੇਂ ਤੋਂ ਬਾਅਦ ਪਰਿਵਾਰ ਨਾਲ ਬੈਠ, ਸ਼ਾਮ ਨੂੰ ਖਬਰਾਂ ਤੇ ਭੋਜਨ ਦੇ ਸਾਂਝੇ ਸੇਵਨ ਦੇ ਸਮੇਂ ਇਸ ਸੁਰਖ਼ੀ ਨਾਲ ਕਿਵੇਂ ਨਜਿੱਠਿਆ ਜਾਵੇ ਕਿ ਇਕ ਆਦਮੀ ਆਪਣੀ ਪਤਨੀ ਦੀ ਲਾਸ਼ ਮੋਢੇ ਤੇ ਚੁੱਕੀ, ਕਈ ਕਿਲੋਮੀਟਰ ਪੈਦਲ ਤੁਰੀ ਜਾ ਰਿਹਾ ਹੈ ਕਿਉਂ ਜੋ ਦਹਾਕਿਆਂ ਦੇ ਵਿਕਾਸ ਨਾਲ ਤਾਮੀਰ ਕੀਤੇ ਸੰਸਾਰ ਨੇ ਉਹਦੇ ਤੋਂ ਮੂੰਹ ਮੋੜ ਲਿਆ ਹੈ? 

ਇਸ ਖਬਰ ਤੋਂ ਬਾਅਦ ਤੁਸੀਂ ਕੀ ਕਰਦੇ ਹੋ? ਅਗਲੀ ਬੁਰਕੀ ਲੰਘਾਉਣੀ ਔਖੀ ਜਾਪਦੀ ਏ, ਥਾਲੀ ਰਤਾ ਪਾਸੇ ਕਰ ਦਿੰਦੇ ਹੋ, ਮਸੋਸੇ ਮਨ ਨਾਲ ਕੁਝ ਪਲ ਚੁੱਪ ਰਹਿੰਦੇ ਹੋ। ਉਦਾਸੀ ਤੁਹਾਡੇ ਸਚਿਆਰੇ ਮਨੁੱਖ ਹੋਣ ਦਾ ਸਬੂਤ ਹੈ ਪਰ ਇਸ ਤੋਂ ਅੱਗੇ ਕੀ? ਕਿਸਾਨ, ਮਜ਼ਦੂਰ ਦੀ ਖੁਦਕੁਸ਼ੀ ਬਾਰੇ ਸੁਰਖ਼ੀ ਪੜ੍ਹਨ ਤੋਂ ਬਾਅਦ ਅਗਲੇਰਾ ਕਦਮ ਕੀ ਹੋਵੇ? 

ਅੰਮ੍ਰਿਤਸਰ ਵਿੱਚ ਦੁਸਹਿਰੇ ਮੌਕੇ ਖੁਸ਼ੀਆਂ ਦੇ ਆਲਮ ਵਿੱਚ ਟਿਮਟਿਮਾਉਂਦੀਆਂ ਲੜੀਆਂ ਦੀ ਰੌਸ਼ਨੀ ਵਿਚ, ਪਟਾਕਿਆਂ ਦੀ ਆਵਾਜ਼ ਵਿੱਚ ਕੋਈ ਰੇਲਗੱਡੀ ਸੱਠ ਜ਼ਿੰਦਗੀਆਂ ਦੇ ਵਿਚਾਲਿਓਂ ਦੀ ਨਿਕਲ ਜਾਵੇ ਤੇ ਉਹਦੀ ਫ਼ਿਲਮ ਬਾਰ-ਬਾਰ ਸਾਡੇ ਘਰਾਂ ਦੀ ਚਾਰ-ਦੀਵਾਰੀ ਅੰਦਰ ਚੱਲੇ ਤਾਂ ਇਸ ਤੋਂ ਬਾਅਦ ਅਗਲੇਰਾ ਕਦਮ ਕੀ ਹੋਵੇ? ਕਿਉਂ ਜੋ ਧਰਤੀ ਵਾਲੇ ਗੋਲੇ ਨੇ ਤਾਂ ਬਿੰਦ ਕੁ ਉਦਾਸੀ ਧਾਰ, ਖਲੋ ਨਹੀਂ ਜਾਣਾ? ਉਹਨੇ ਤਾਂ ਮਘਦੇ ਗੋਲੇ ਦੁਆਲੇ ਗੇੜੀ ਮਾਰੀ ਜਾਣੀ ਏ। ਵੀਹ ਗੇੜੀਆਂ ਬਾਅਦ ਦੀਵਾਲੀ ਆਉਣੀ ਏ। ਲਿਸ਼ਕਾਂ ਮਾਰਦੀ ਮਾਲ ਨੇ ਸੈਨਤਾਂ ਕਰਨੀਆਂ ਨੇ, ਅਖ਼ਬਾਰਾਂ ਨੇ ਸੁਰਖ਼ੀਆਂ ਦੇ ਸਿਰ ਉੱਤੇ ਇਸ਼ਤਿਹਾਰਾਂ ਦੀ ਦੇਗ ਰੱਖ, ਖੁਸ਼ੀਆਂ ਦੀ ਹੋਮ ਡਿਲਿਵਰੀ ਦੀ ਜ਼ਿੰਮੇਵਾਰੀ ਨਿਭਾਉਣੀ ਏ। ਇਸ ਸਭ ਵਿੱਚ ਗੁਰੂ ਨਾਨਕ ਦੀ ਫੋਟੋ ਵਾਲੇ ਕੈਲੰਡਰ ਵਿੱਚ ਅੰਕਿਤ ਤਰੀਕ ਵੇਖ, ਨੇਤਾ ਨੇ ਵੀ ਹੱਥ ਵਿੱਚ ਕਾਲੀ ਝੰਡੀ ਫੜ ਕਿਸੇ ਨਰਸੰਹਾਰ ਦੀ ਬਰਸੀ ਮਨਾਉਣੀ ਏ। ਜਿਹੜਾ ਤੜਫਦੀ ਲੋਕਾਈ ਵੇਖ ਘਰ ਨਾ ਬੈਠ ਸਕਿਆ, ਵਾਰ ਵਾਰ ਉਦਾਸੀ ਤੇ ਟੁਰ ਜਾਂਦਾ ਰਿਹਾ, ਧੁੰਦ ਮਿਟਾ, ਜੱਗ ਚਾਨਣ ਕਰਦਾ ਰਿਹਾ, ਉਹਦੀ ਵੀ ਤਾਂ 550ਵੀਂ ਮਨਾਉਣੀ ਏ। ਕੈਲੰਡਰ ਵਿਚਲੀ ਹਰ ਆਈਟਮ ਭੁਗਤਾਉਣੀ ਏ। 'ਇਹੀ ਵਿਧਾਨ ਹੈ' ਕਹਿ ਕੇ ਆਪਣੀ ਦੁਬਿਧਾ ਹਰਾਉਣੀ ਏ। ਕੱਲ੍ਹ ਫਿਰ ਭਾਵੇਂ ਜਿਹੜੀ ਮਰਜ਼ੀ ਸੁਰਖੀ ਆ ਜਾਵੇ, ਅਸਾਂ ਚਾਲ ਓਹੀ ਅਪਣਾਉਣੀ ਏ। ਨਾ ਇਹਦੇ ਵਿੱਚ ਕੋਈ ਮੁਸ਼ਕਲ ਬਹੁਤੀ, ਨਾ ਪੈਣੀ ਕੋਈ ਅੜਾਉਣੀ ਏ।  ਰਾਵਣੀ ਰੇਲ ਨੂੰ ਠੇਲ੍ਹ, ਕਿਸੇ ਚੁਰਾਸੀ ਵਾਲੇ ਵਿਰਲਾਪ ਨਾਲ ਖਹਿ, ਦੀਵਾਲੀ ਸੇਲ ਵੀ ਆਉਣੀ ਏ। ਅਸਾਂ ਉਦਾਸ ਵੀ ਹੋ ਲੈਣਾ ਏ, ਮਾੜੇ ਵਰਤਾਰੇ ਤੇ ਗੁਸੈਲ ਵੀ, ਤੇ ਫਿਰ ਚੱਕਰ ਵੀ ਇੱਕ ਬਾਜ਼ਾਰ ਦਾ ਲਾਉਣਾ ਏ। ਅਯੁੱਧਿਆ ਵਿੱਚ ਮਰਿਆਦਾ ਪੁਰਸ਼ੋਤਮ ਨੇ ਜੋ ਆਉਣਾ ਏ। 
-----------
ਅੰਮ੍ਰਿਤਸਰ ਵਿੱਚ ਦੁਸਹਿਰੇ ਮੌਕੇ ਖੁਸ਼ੀਆਂ ਦੇ ਆਲਮ ਵਿੱਚ ਟਿਮਟਿਮਾਉਂਦੀਆਂ ਲੜੀਆਂ ਦੀ ਰੌਸ਼ਨੀ ਵਿਚ, ਪਟਾਕਿਆਂ ਦੀ ਆਵਾਜ਼ ਵਿੱਚ ਕੋਈ ਰੇਲਗੱਡੀ ਸੱਠ ਜ਼ਿੰਦਗੀਆਂ ਦੇ ਵਿਚਾਲਿਓਂ ਦੀ ਨਿਕਲ ਜਾਵੇ ਤੇ ਉਹਦੀ ਫ਼ਿਲਮ ਬਾਰ-ਬਾਰ ਸਾਡੇ ਘਰਾਂ ਦੀ ਚਾਰ-ਦੀਵਾਰੀ ਅੰਦਰ ਚੱਲੇ ਤਾਂ ਇਸ ਤੋਂ ਬਾਅਦ ਅਗਲੇਰਾ ਕਦਮ ਕੀ ਹੋਵੇ?
-----------
ਕਦੀ ਬੱਚਿਆਂ ਭਰੀ ਕੋਈ ਬਸ ਕਿਸੇ ਨਹਿਰ ਵਿਚ ਡਿੱਗੀ ਸੀ ਤਾਂ ਕਿੰਨੇ ਸਾਰੇ ਉਹਨਾਂ ਘਰਾਂ ਵਿਚ ਰੋਟੀ ਨਹੀਂ ਸੀ ਪੱਕੀ ਜਿਹੜੇ ਮੀਲਾਂ ਦੂਰ ਸਨ, ਸਿਰਫ ਸੁਰਖੀ ਰਾਹੀਂ ਘਟਨਾ ਨਾਲ ਜੁੜੇ ਸਨ। ਕਿਸਾਨ ਕਰੇ ਖ਼ੁਦਕੁਸ਼ੀ ਤਾਂ ਅੰਦਰਲਾ ਬਾਹਰ ਨੂੰ ਆਉਂਦਾ ਸੀ। ਹੁਣ ਖ਼ਬਰ ਨਿਰੰਤਰ ਛਪਦੀ ਏ। ਮੇਰੇ ਗਿਆਰਾਂ-ਗਿਆਰਾਂ ਸਾਲ ਦੇ ਭਤੀਜਾ, ਭਤੀਜੀ ਸਕੂਲ ਦੀ ਅਧਿਆਪਕਾ ਦੇ ਹੁਕਮ ਅਨੁਸਾਰ, ਸ਼ਬਦ-ਜੋੜ ਕਰ-ਕਰ ਸੁਰਖੀਆਂ ਪੜ੍ਹਦੇ ਨੇ। "ਅੱਜ ਦੀ ਖ਼ਬਰ" ਦੇ ਸਿਰਨਾਵੇਂ ਵਾਲੇ ਬਲੈਕਬੋਰਡ ਤੇ ਚਾਕ ਨਾਲ ਲਿਖਦੇ ਨੇ। ਬਹੁਤ ਸਾਰੀਆਂ ਸੁਰਖੀਆਂ ਵਿੱਚੋਂ ਇਹ ਵੀ ਇੱਕ ਸੁਰਖੀ ਹੁੰਦੀ ਏ, ਇਹ ਸਮਝਦੇ ਨੇ। ਹਰ ਕੋਈ ਮਸੋਸਿਆ ਫਿਰਦਾ, ਗਲੀ-ਗਵਾਂਢ ਗੱਲ ਹੁੰਦੀ, ਤਾਂ ਜਾਣਦੇ ਕਿ ਅਣਹੋਣੀ ਹੈ। ਨਿਆਣੇ ਨਿੱਕੇ ਨੇ, ਉਸ ਦੁਨੀਆ ਵਿਚ ਵੱਡੇ ਹੋ ਰਹੇ ਨੇ ਜਿੱਥੇ ਇਹ ਸੁਰਖੀ ਰੋਜ਼ ਛਪਦੀ ਹੈ। ਰੇਲਗੱਡੀ ਰਾਜਨੀਤੀ ਵਿੱਚ ਨਿੱਕਾ ਜਿਹਾ ਤਮਾਸ਼ਾ ਕਰ ਸੀਟੀ ਵਜਾਉਂਦੀ ਲੰਘ ਗਈ, ਹੁਣ ਅਗਲੀ ਕੋਈ ਅਣਹੋਣੀ ਹੋਵੇ ਤਾਂ ਰਤਾ ਸਾਹ ਲੈ ਗੱਲ ਕਰੀਏ। 

ਇਸ ਵਿਰਲਾਪ-ਖੇੜੇ ਵਾਲੇ ਚੱਕਰਵਿਹੂ ਵਿਚ ਫਸਿਆਂ ਲਈ ਇੱਕੋ ਹੀ ਰਸਤਾ ਏ। ਆਪਣੇ ਅੰਦਰਲੇ ਨਾਲ ਜੁੜਨ, ਗਵਾਂਢੀ ਨੂੰ ਜੋੜਨ, ਸਮਝ ਨੂੰ ਵਿਕਸਤ ਕਰਨ, ਸੰਗਠਿਤ ਹੋਣ, ਜਿੱਥੇ ਅੱਗੇ ਵੱਧ ਕੋਈ ਲੜ ਰਿਹਾ, ਉਹਦੇ ਨਾਲ ਖੜ੍ਹਨ, "ਮੈਂ ਨਾ ਲੜਿਆ ਤਾਂ ਮਾਰਿਆ ਜਾਵਾਂਗਾ" ਵਾਲੇ ਜਨੂੰਨ ਨਾਲ ਘੋਲ ਵਿੱਚ ਕੁੱਦਣ ਵਾਲਾ ਰਸਤਾ ਫੜਨ। ਕਦੀ ਚੁੱਪ ਰਹਿ, ਕਾਵਾਂਰੌਲੀ ਤੋਂ ਬੱਚ, 'ਮੈਂ ਕੀ ਕਰਾਂ' ਨਾਲ ਗੁਥੱਮ-ਗੁੱਥਾ ਹੋ ਜਾਣ ਵਾਲਾ ਮੋੜ ਮੁੜਨ। ਦੂਜਾ ਰਸਤਾ ਰਾਵਣ ਵਾਲੀ ਰੇਲ ਤੋਂ ਮਾਲ ਨੂੰ ਜਾਂਦਾ ਏ। ਓਥੇ ਸੈਲਫੀ ਖਿੱਚ, ਉਸ ਵਿਚੋਂ ਸਵੈ ਨੂੰ ਮਨਫ਼ੀ ਕਰਨ ਦਾ ਜਾਦੂ ਹੋ ਰਿਹਾ ਹੈ। 

ਖ਼ਬਰਾਂ, ਟੀਵੀ ਦੇ ਬਿਨ-ਨਾਗਾ ਸੇਵਨ ਵਾਲੇ ਅਭਿਆਸ ਨੇ ਸਾਨੂੰ ਪਕੇਰਿਆਂ ਕਰ ਦਿੱਤਾ ਏ। ਨਿੱਤ ਦਿਨ ਦੀ ਸੁਰਖੀ ਕਿਸੇ ਦੁਬਿਧਾ ਤੋਂ ਸੁਰਖਰੂ ਹੋਣ ਵਿੱਚ ਸਹਾਈ ਹੋਈ ਏ। ਪਹਿਲਾਂ ਮਸੋਸੇ ਮਨ ਨੂੰ ਕੋਈ ਸੱਜਣ ਪਿਆਰਾ ਪਲੋਸਦਾ ਸੀ ਕੁਝ ਦਿਨ, ਹੌਲੀ-ਹੌਲੀ ਰੋਜ਼ਨੁਮਾ ਦੀ ਜ਼ਿੰਦਗੀ ਵਿੱਚ ਚਿੱਤ ਫਿਰ ਲੱਗਦਾ ਸੀ। ਹੁਣ ਤਾਂ ਸਭ ਸਵਿੱਚ ਦੇ ਦੱਬੇ ਵਾਂਗ ਹੁੰਦਾ ਏ। ਦੁਸਹਿਰਾ, ਹਾਸ਼ਿਮਪੁਰਾ, 1984, ਦੀਵਾਲੀ — ਵਿਰਲਾਪ-ਖੇੜਾ-ਵਿਰਲਾਪ-ਖੇੜਾ। ਤਿਉਹਾਰੀ ਸੇਲ ਹੈ, ਹਰ ਸ਼ੈਅ ਆਈਟਮ ਹੈ। ਭਾਵਨਾਵਾਂ ਦਾ ਡਿਸਕਾਊਂਟ ਹੈ। ਕੋਈ ਆਪਣੀ ਪਤਨੀ ਦੀ ਲਾਸ਼ ਮੋਢੇ ਤੇ ਲਈ ਟੁਰੀ ਜਾ ਰਿਹਾ ਹੈ, ਅਸੀਂ ਅਫਸੋਸ ਵੀ ਕਰ ਰਹੇ ਹਾਂ, ਟਿਮਟਿਮਾਉਂਦੀਆਂ ਲੜੀਆਂ ਵੀ ਬਨੇਰੇ ਤੇ ਟੰਗ ਰਹੇ ਹਾਂ। 

 
 *ਲੇਖਕ ਸੀਨੀਅਰ ਪੱਤਰਕਾਰ ਹੈ, ਜਿਹੜਾ ਅੰਤਲੀ ਸਤਰ ਤੱਕ ਤੁਹਾਨੂੰ ਦੀਵਾਲੀ ਮੁਬਾਰਕ ਕਹਿਣ ਜਾਂ ਨਾ ਕਹਿਣ ਬਾਰੇ ਫੈਸਲਾ ਨਹੀਂ ਕਰ ਸਕਿਆ।
 
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

 






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER