ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਲਹਿੰਦਾ ਬਨਾਮ ਚੜ੍ਹਦਾ - ਕਾਮੇਡੀ ਸ਼ੋਅ — ਬਿਨ ਸਿਆਸਤ, ਗਵਾਰਾਂ ਦਾ ਹਾਸਾ




ਹਜ਼ਾਰਾਂ ਸਾਲਾਂ ਦੀ ਸੱਭਿਅਤਾ ਦੀ ਦੁਹਾਈ ਦੇਣ ਵਾਲਿਆਂ ਨੂੰ ਬਹੁਤ ਮਹੀਨਿਆਂ, ਹਫ਼ਤਿਆਂ ਤੋਂ ਤਲਬ ਉੱਠ ਰਹੀ ਏ ਇਹ ਪਤਾ ਕਰਨ ਦੀ ਕਿ ਰਾਤ ਨੂੰ ਟੀਵੀ ਤੇ ਹਾਸਿਆਂ ਦੇ ਗੱਫੇ ਵੰਡਣ ਵਾਲਾ ਨੌਜਵਾਨ ਹੁਣ ਆਪਣਾ ਕਾਮੇਡੀ ਸ਼ੋਅ ਕਦੋਂ ਦੁਬਾਰਾ ਸ਼ੁਰੂ ਕਰੇਗਾ? ਆਪਣੇ ਆਲੇ-ਦੁਆਲੇ ਦੀ ਅਰਥਹੀਣ ਸਿਆਸੀ ਬਿਆਨਬਾਜ਼ੀ ਤੋਂ ਅੱਕੇ ਬਹੁਤ ਸਾਰੇ ਲੋਕ ਖ਼ਬਰਾਂ ਦੀ ਦੁਨੀਆ ਤੋਂ ਪਰ੍ਹੇ ਜਾਕੇ, ਆਪਣਾ ਚਿੱਤ ਖੁੱਲ੍ਹ ਕੇ ਹੱਸਣ-ਹਸਾਉਣ ਵਾਲੇ ਕਿਸੇ ਕਾਮੇਡੀ ਪ੍ਰੋਗਰਾਮ ਨਾਲ ਜਾ ਲਾਉਂਦੇ ਨੇ।  

ਔਰਤਾਂ ਦੀ ਦਿੱਖ ਬਾਰੇ ਫੂਹੜ ਫ਼ਿਕਰਾਕਸ਼ੀ, ਆਪਣੀ ਘਰ ਵਾਲੀ ਦੇ ਪੇਕਿਆਂ ਦੀ ਗੁਰਬਤ ਅਤੇ ਮਰਦ-ਔਰਤ ਸਬੰਧਾਂ ਬਾਰੇ ਘਟੀਆ ਤਨਜ਼ ਨਾਲ ਲਬਰੇਜ਼ ਟੈਲੀਵਿਜ਼ਨ ਸ਼ੋਆਂ ਦੀ ਭਰਪੂਰ ਡਿਮਾਂਡ ਹੈ। ਸ਼ਰਮਾ ਜੀ ਦਾ ਸ਼ੋਅ ਕਦੋਂ ਦੁਬਾਰਾ ਸ਼ੁਰੂ ਹੋਵੇਗਾ, ਇਹ ਕਿਆਸ ਲਾਉਂਦਿਆਂ ਪੱਤਰਕਾਰਾਂ ਨੇ ਬੜੇ ਕਾਲਮ ਕਾਲੇ ਕੀਤੇ ਨੇ। 

ਇੱਕ ਅਜਿਹੇ ਸਮੇਂ ਜਦੋਂ ਅਸੀਂ "ਐਂਡ ਆਫ਼ ਹਿਸਟਰੀ" (End of History), "ਐਂਡ ਆਫ਼ ਪੌਲਿਟਿਕਸ" (End of Politics) ਅਤੇ "ਡੈੱਥ ਆਫ਼ ਆਈਡਿਓਲੋਜੀ" (Death of Ideology) ਵਾਲੇ ਮੁਕਾਮਾਂ ਵਿੱਚੋਂ ਲੰਘ ਰਹੇ ਹਾਂ ਤੇ ਵਿਸ਼ਵ ਭਰ ਵਿੱਚ ਸਿਆਸਤ ਤੋਂ ਵਿਰਵੀਆਂ ਲੋਕ-ਭੀੜਾਂ "ਮੈਂ-ਮੇਰਾ-ਸਾਡਾ" ਦਾ ਆਲਾਪ ਕਰਦੀਆਂ, ਕੱਟੜਵਾਦੀ ਮੋੜਾ ਕੱਟਦੀਆਂ, ਕੋਈ ਮਜ਼ਬੂਤ ਨੇਤਾ ਲੱਭ, ਚੁਣ ਜਾਂ ਉਭਾਰ ਰਹੀਆਂ ਨੇ ਤਾਂ ਅਜਿਹੇ ਬਿਆਨੀਏ ਦਾ ਠੋਕਵਾਂ ਜਵਾਬ ਰਵਾਇਤੀ ਮੀਡੀਆ ਦੇ ਨਾਲ-ਨਾਲ ਕਾਮੇਡੀ ਸ਼ੋਅ ਦੇ ਰਹੇ ਨੇ।   
-----------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the Fb link in the top visual. This piece was originally published on October 15, 2018. - Ed.
------------
ਖ਼ਬਰੀ ਸੁਰਖੀਆਂ ਤੋਂ ਅੱਕੀ ਭੀੜ ਰਾਤ ਨੂੰ ਆਪਣੇ ਮਨਪਸੰਦ ਕਾਮੇਡੀ ਸ਼ੋਅ ਦੇ ਐਂਕਰ ਸੰਗ ਹੱਸਦੀ ਸਿਰਫ਼ ਚੁਟਕਲੇ ਹੀ ਨਹੀਂ ਮਾਣਦੀ, ਬਲਕਿ ਉਨ੍ਹਾਂ ਖ਼ਬਰਾਂ ਦਾ ਮਖਾਣਿਆਂ ਵਾਂਗ ਸੇਵਨ ਕਰਦੀ ਏ ਜਿਹੜੀਆਂ ਉਹ ਖ਼ਬਰੀ ਸਫ਼ਿਆਂ ਤੇ ਨਹੀਂ ਪੜ੍ਹਦੀ। 
----------
ਇਹ ਡਰੂ ਕਾਮੇਡੀ ਏ ਜਿਹੜੀ ਤਕੜੇ ਨੂੰ ਹੱਥ ਨਹੀਂ ਪਾਉਂਦੀ, ਸਾਡੇ ’ਤੇ ਗਵਾਰਾਂ ਦਾ ਹਾਸਾ ਹੱਸ ਰਹੀ ਏ।
----------
ਪੱਛਮ ਵਿੱਚ ਤਾਂ ਰਾਤ ਦੇ ਟੈਲੀਵਿਜ਼ਨ ਕਾਮੇਡੀ ਸ਼ੋਅ ਪਿਛਲੇ ਕੁਝ ਦਹਾਕਿਆਂ ਵਿੱਚ ਬੜੇ ਮਕਬੂਲ ਵੀ ਹੋਏ ਨੇ ਤੇ ਉਨ੍ਹਾਂ ਨੇ ਆਪਣਾ ਰਾਜਨੀਤਕ ਅਸਰ ਵੀ ਛੱਡਿਆ ਏ, ਪਰ ਅਸੀਂ ਆਪਣੇ ਹਮਸਾਏ ਪੰਜਾਬ ਹੀ ਵੱਲ ਝਾਤ ਮਾਰੀਏ ਤਾਂ ਉਨ੍ਹਾਂ ਦੇ ਹਾਸਿਆਂ ਦਾ ਖ਼ਾਸਾ ਸਾਡੇ ਠਹਾਕਿਆਂ ਦਾ ਮੂੰਹ ਚਿੜ੍ਹਾਉਂਦਾ ਏ। ਹਰ ਸ਼ਬੋ-ਰੋਜ਼ ਪਾਣੀ ਪੀ-ਪੀ ਪਾਕਿਸਤਾਨ ਨੂੰ ਕੋਸਦਾ ਸਾਡਾ ਟੈਲੀਵਿਜ਼ਨ ਕਿਸੇ ਲਾਫ਼ਟਰ ਚੈਲੇਂਜ, ਕਾਮੇਡੀ ਸਰਕਸ ਜਾਂ ਹਾਸੇ ਦੀ ਬਾਦਸ਼ਾਹਤ ਦਾ ਸ਼ਾਹ ਅਸਵਾਰ ਤਾਂ ਹੋ ਸਕਿਐ, ਪਰ ਭੀੜ ਨੂੰ ਉਹਦੇ ਹੀ ਜੀਵਨ ਦੀਆਂ ਅੰਤਰੀਵੀ ਮੁਸ਼ਕਿਲਾਂ ਨੂੰ ਜਾਣ-ਸਮਝ, ਉਨ੍ਹਾਂ ਨਾਲ਼ ਮੱਥਾ ਲਾਉਣ ਲਈ ਤਿਆਰ ਕਰਨ ਦਾ ਉਹਦੇ ਕੋਲ ਕੋਈ ਮਨਸੂਬਾ ਨਹੀਂ। 

ਉਸ "ਦੂਜੇ ਮੁਲਕ" ਵਿੱਚ, ਜਿੱਥੇ ਹਕੂਮਤਾਂ ਦੀ ਪੱਤਰਕਾਰਾਂ, ਐਂਕਰਾਂ ਤੇ ਅਖਬਾਰਾਂ ਨੂੰ ਸੋਧਣ ਦੀ ਮਨਸ਼ਾ ਤੇ ਸ਼ਕਤੀ ਉਸ ਤੋਂ ਕਿਤੇ ਵਧੇਰੀ ਏ ਜਿਸ ਦਾ ਜ਼ਿਕਰ ਕੋਈ ਰਵੀਸ਼ ਕੁਮਾਰ ਆਪਣੀ ਜਾਨ ਨੂੰ ਖਤਰਿਆਂ ਦੇ ਹਵਾਲੇ ਨਾਲ ਗਾਹੇ-ਬਗਾਹੇ ਕਰਦਾ ਹੈ, ਪੰਜਾਬੀ ਵਿੱਚ ਨਸ਼ਰ ਹੁੰਦੇ ਕਾਮੇਡੀ ਸ਼ੋਆਂ ਨੇ ਸਿਆਸਤ ਭਰ-ਭਰ ਕੇ ਦੇਗਾਂ ਧਰੀਆਂ ਨੇ। ਸਿਆਸੀ ਲਤੀਫ਼ੇ ਤੇ ਦਲੇਰ ਠਹਾਕਿਆਂ ਦਾ ਅਮੁੱਕ ਲੰਗਰ ਹਰ ਰਾਤ ਵਰਤੀਂਦਾ ਏ।  

ਹਕੂਮਤਾਂ ਦੇ ਸੀਨਿਆਂ ਤੇ ਲੋਕ-ਠੱਠੇ ਦਾ ਸੱਪ ਮੌਲਦਾ ਏ ਤੇ ਹਰ ਹਜੂਮੀ, ਸਿਆਸੀ ਨਜੂਮੀ ਬਣ ਕੇ ਫਿਰ ਦਿਨ ਚੜ੍ਹਦੇ ਯਾਰਾਂ ਨਾਲ ਆਪਣੇ ਨੇਤਾਵਾਂ ਦੀ ਅਸਲੀਅਤ ਦੇ ਵਰਕੇ ਫੋਲਦਾ ਏ।  ਬੇਈਮਾਨ ਸਿਆਸਤਦਾਨ, ਰਿਸ਼ਵਤਖੋਰ ਪੁਲਸੀਆ, ਕੰਮਚੋਰ ਸਰਕਾਰੀ ਅਫਸਰ ਤੇ ਚਗ਼ਲ ਨੂੰ ਘੋਰ ਸਿਆਣਪ ਦੱਸਦਾ ਅਖ਼ਬਾਰ-ਨਵੀਸ —ਸਭਨਾਂ ਦਾ ਸੱਚ ਤੋਲਦਾ ਏ। ਏਹੀ ਕੰਮ ਗੰਭੀਰ ਸਿਆਸੀ ਟੀਵੀ ਡਿਬੇਟ ਨੇ ਕਰਨਾ ਸੀ ਪਰ ਜਿਹੜੀ ਸਾਰੇ ਪਿੰਡ ਵਿੱਚ ਨਾ ਕਹਿ ਸਕੇ ਕੋਈ ਸੱਚਾ, ਉਹ ਹਿੱਕ ਤੇ ਚਮੋਟਾ ਮਾਰ ਕੇ ਆਖੇ ਮਰਾਸੀ ਬੱਚਾ! 

ਸੋਹੇਲ ਅਹਿਮਦ ਛਿੱਲ ਕੇ ਰੱਖ ਦੇਂਦਾ ਏ "ਹਸਬੇ-ਹਾਲ" ਵਿੱਚ, ਸਿਤਾਰਿਆਂ ਤੇ ਡਾਢਿਆਂ ਦੀ ਆਕੜ ਭੰਨ ਦਿੰਦਾ ਏ ਅਮਾਨੁਲ੍ਹਾਹ ਖਾਨ "ਮਜ਼ਾਕਰਾਤ" ਵਿੱਚ, ਤੇ ਆਪਣੇ ਦਾਨਾ ਜਹੇ ਅੰਦਾਜ਼ ਵਿੱਚ ਗਲੇ ਵਿੱਚ ਨੈੱਕਟਾਈ ਟੁੰਗੀ ਜੁਨੈਦ ਸਲੀਮ ਜਦੋਂ ਵਿਸ਼ੇ ਤੇ ਸਿਆਸਤਦਾਨ ਦੋਵਾਂ ਨੂੰ ਹੱਥ ਪਾਉਂਦਾ ਹੈ ਤਾਂ ਤੁਹਾਡਾ ਹਾਸਾ ਨਿਕਲ ਜਾਂਦਾ ਹੈ ਤੇ ਲੀਡਰ ਦਾ ਰਹਿੰਦਾ ਕੁੱਝ ਨਹੀਂ। ਆਫ਼ਤਾਬ ਇਕਬਾਲ ਤਾਂ "ਖਬਰਦਾਰ" ਸ਼ੋਅ ਵਿੱਚ ਐਸਾ ਮੁਗ਼ਲੀਆ ਦਰਬਾਰ ਲਾਉਂਦਾ ਏ ਕਿ ਕੋਈ ਭਗਵੇ ਸਾਫ਼ੇ ਵਾਲਾ 'ਦੇਸ਼ਭਗਤ' ਬੁਲਾਰਾ ਵੀ ਭਿਓਂ-ਭਿਓਂ ਕੇ ਕਿਸੇ ਮੁਗਲ਼ ਬਾਦਸ਼ਾਹ ਨੂੰ ਇੰਝ ਨਹੀਂ ਕੁੱਟਦਾ। ਪਰ ਹੁਨਰ ਉਹਦਾ ਇਹਦੇ ਵਿੱਚ ਨਹੀਂ —ਹੁਨਰ ਉਹਦਾ ਹੈ ਹੱਸਦੇ-ਹਸਾਉਂਦੇ ਸਾਨੂੰ ਸੂਖ਼ਮ ਗਿਆਨ ਦੇਣ ਵਿੱਚ। ਆਫ਼ਤਾਬ ਇਕ਼ਬਾਲ ਨੇ ਇਹ ਚੋਜ ਪਹਿਲਾਂ "ਹਸਬੇ-ਹਾਲ" ਵਿੱਚ ਕੀਤਾ, ਫਿਰ "ਖ਼ਬਰਨਾਕ" ਵਿੱਚ, ਤੇ ਹੁਣ "ਖ਼ਬਰਦਾਰ" ਵਿੱਚ। 
-----------
ਸਮਾਜ ਦੀ ਟ੍ਰੈਜਡੀ ਬਿਆਨ ਕਰਦੀ ਕਾਮੇਡੀ ਨਾਲ ਨਿੱਤ ਲਹਿੰਦਾ ਪੰਜਾਬ ਜੁੜ ਬੈਠਦਾ ਏ, ਇੱਥੇ ਅਸੀਂ ਯੂ-ਟਿਊਬ ਤੇ ਉਨ੍ਹਾਂ ਦੇ ਪ੍ਰੋਗਰਾਮ ਭਾਲਦੇ ਹਾਂ ਤੇ ਸੋਚਦੇ ਹਾਂ ਕਿ ਸਾਡੀ ਕਾਮੇਡੀ ਕਦੋਂ ਉਨ੍ਹਾਂ ਦੇ ਹਾਣ ਦੀ ਹੋਵੇਗੀ?
-----------
ਇਹ ਕਾਲਮ ਲਿਖਣ ਲੱਗਿਆਂ ਮੈਂ ਸ਼ੁੱਕਰਵਾਰ, 12 ਅਕਤੂਬਰ ਵਾਲਾ ਉਹਦਾ "ਖ਼ਬਰਦਾਰ" ਵੇਖਿਆ ਯੂਟਿਊਬ ਤੇ। ਹਾਸਾ-ਠੱਠਾ ਕਰਦਿਆਂ ਢਿੱਡੀਂ ਪੀੜਾਂ ਪਾ ਰਿਹਾ ਸੀ, ਨਾਲੇ ਦੱਸੀ ਜਾ ਰਿਹਾ ਸੀ ਕਿ ਜਾਦੂਨਾਥ ਸਰਕਾਰ ਨੇ ਚਾਰ ਜਿਲਦਾਂ ਵਾਲੇ The Fall of Mogul Empire (ਦਾ ਫਾਲ ਆਫ਼ ਮੁਗ਼ਲ ਅੰਪਾਇਰ) ਵਿੱਚ ਕਿਵੇਂ intellectual dishonesty (ਬੌਧਿਕ ਬੇਈਮਾਨੀ) ਨੂੰ ਮੁੱਖ ਕਾਰਨ ਦੱਸਿਆ ਏ ਮੁਗ਼ਲੀਆ ਸਲਤਨਤ ਦੇ ਪਤਨ ਦਾ। ਹੁਣ ਫ਼ੈਸਲਾ ਕਰ ਲਵੋ ਕਿ ਉਹ ਕਾਮੇਡੀ ਸ਼ੋਅ ਕਰ ਰਿਹਾ ਸੀ ਕਿ ਐਮ.ਏ. ਹਿਸਟਰੀ ਦੇ ਚੌਥੇ ਸਮੈਸਟਰ ਵਾਲਿ਼ਆਂ ਦੀ ਸਪੈਸ਼ਲ ਕਲਾਸ ਲੈ ਰਿਹਾ ਸੀ? ਵਿੱਚ-ਵਿੱਚ ਅੰਗਰੇਜ਼ੀ ਵੀ ਪੜ੍ਹਾ ਰਿਹਾ ਸੀ —ficklemindedness ਦਾ ਮਤਲਬ ਸਮਝਾ ਰਿਹਾ ਸੀ। ਤੁਸੀਂ ਕਿਸੇ ਅੰਗਰੇਜ਼ੀ ਦੇ ਸ਼ਬਦ ਦਾ ਉਲਥਾ ਪੁੱਛ ਨਾ ਬੈਠਣਾ, "ਬਾਦਸ਼ਾਹ ਜਹਾਂਗੀਰ" ਨੇ ਉਹਦੇ ਪ੍ਰੋਗਰਾਮ ਵਿੱਚ ਸ਼ੁੱਕਰਵਾਰ ਨੂੰ ਪੁੱਛਿਆ ਸੀ, ਉਸਨੂੰ ਝੱਗ ਵਾਂਗ ਬਿਠਾ ਦਿੱਤਾ। 

ਸੋਹੇਲ ਅਹਿਮਦ "ਅਜ਼ੀਜ਼ੀ" ਦੇ ਕਿਰਦਾਰ ਵਿੱਚ ਮਸ਼ਕਰੀਆਂ ਵੀ ਕਰ ਲੈਂਦੈ ਪਰ ਦਾਨਿਸ਼ਵਰਾਂ ਵਾਲੀ ਅਕਲ ਵੀ ਵੰਡ ਜਾਂਦੈ। ਆਮ ਆਦਮੀ ਦਾ ਬੌਧਿਕ ਲਬਾਦਾ ਪਾ ਕੇ ਮੋਟੀ ਗੱਲ ਵੀ ਕਰ ਜਾਂਦੈ ਤੇ ਫਿਰ ਪਿੱਛੇ-ਪਿੱਛੇ ਐਂਕਰ ਜੁਨੈਦ ਸਲੀਮ ਉਹਦੇ ਸਰਲੀਕਰਨ ਨੂੰ ਵੀ ਰੇਖਾਂਕਿਤ ਕਰ ਦਿੰਦਾ ਏ। 

ਪਾਕਿਸਤਾਨ ਦੀ ਹੇਠਲੀ ਮੱਧਵਰਗੀ ਜਮਾਤ ਲਈ ਸੋਹੇਲ "ਫ਼ੀਕਾ" ਬਣ ਜਾਂਦਾ ਏ, "ਮਾਸਟਰ ਮਜੀਦ" ਹੋ ਕੇ ਅਧਿਆਪਕਾਂ ਦੀਆਂ ਮੁਸ਼ਕਿਲਾਂ ਤੇ ਕਮਜ਼ੋਰੀਆਂ ਦਾ ਖੁਲਾਸਾ ਕਰਦਾ ਏ ਤੇ "ਥਾਣੇਦਾਰ ਸਿਦੀਕ" ਬਣ ਕੇ ਪੁਲਿਸ ਅੰਦਰਲੀ ਰਿਸ਼ਵਤਖੋਰੀ ਦਾ ਪਰਦਾਫਾਸ਼ ਕਰਦਾ ਏ। ਜੁਨੈਦ ਤੇ ਸੋਹੇਲ ਦੀ ਜੋੜੀ ਨੇ ਸਿਆਸਤ ਅਤੇ ਸਮਾਜ ਨੂੰ ਦਰਪੇਸ਼ ਮਸਲਿਆਂ ਬਾਰੇ ਜਿੰਨੀ ਜਾਗਰੂਕਤਾ ਆਪਣੇ ਕਾਮੇਡੀ ਪ੍ਰੋਗਰਾਮ ਰਾਹੀਂ ਫੈਲਾਈ ਏ, ਉਹਦੇ ਮੁਕਾਬਲੇ ਰਵਾਇਤੀ ਟਿੱਪਣੀਕਾਰ ਊਣੇ ਰਹਿ ਜਾਂਦੇ ਨੇ। 

ਅਮਾਨੁਲ੍ਹਾਹ ਖ਼ਾਨ ਤਾਂ ਲਹਿੰਦੇ ਪੰਜਾਬ ਦਾ ਵੰਨ-ਮੈਨ ਇੰਸਟੀਚਿਊਸ਼ਨ ਏ — ਬੋਲੀ ਉਹਦੀ ਕਦੀ ਗਲੀ-ਮੁਹੱਲੇ ਦੀ ਜ਼ੁਬਾਨ ਤੋਂ ਉੱਤੇ ਨਹੀਂ ਉੱਠਦੀ ਤੇ ਫ਼ਲਸਫ਼ਾ ਉਹਦੀ ਗੱਲ ਦਾ ਸੁਕਰਾਤ ਦਾ ਮੋਢਾ ਜਾ ਫੜਦਾ ਏ। ਵੱਖੀਂ ਪੀੜ ਪੈ ਜਾਂਦੀ ਹੈ ਤੇ ਦਿਮਾਗ਼ ਵਿੱਚ ਰੌਸ਼ਨੀ ਫੈਲ ਜਾਂਦੀ ਹੈ। 

ਸਮਾਜ ਦੀ ਟ੍ਰੈਜਡੀ ਬਿਆਨ ਕਰਦੀ ਕਾਮੇਡੀ ਨਾਲ ਨਿੱਤ ਲਹਿੰਦਾ ਪੰਜਾਬ ਜੁੜ ਬੈਠਦਾ ਏ, ਇੱਥੇ ਅਸੀਂ ਯੂ-ਟਿਊਬ ਤੇ ਉਨ੍ਹਾਂ ਦੇ ਪ੍ਰੋਗਰਾਮ ਭਾਲਦੇ ਹਾਂ ਤੇ ਸੋਚਦੇ ਹਾਂ ਕਿ ਸਾਡੀ ਕਾਮੇਡੀ ਕਦੋਂ ਉਨ੍ਹਾਂ ਦੇ ਹਾਣ ਦੀ ਹੋਵੇਗੀ? ਸਾਰਾ ਮੁਕਾਬਲਾ ਪਾਕਿਸਤਾਨ ਨੂੰ ਗਾਲ੍ਹਾਂ ਕੱਢਣ ਨਾਲ ਨਹੀਂ ਹੋਣਾ। ਪੱਛਮ ਨੇ ਲੇਟਨਾਈਟ ਟੈਲੀਵੀਜ਼ਨ ਦਾ ਇੱਕ ਪੂਰ ਖੜ੍ਹਾ ਕਰ ਲਿਆ ਏ; ਲੈਰੀ ਕਿੰਗ, ਡੇਵਿਡ ਲੈਟਰਮੈਨ ਤੇ ਸਟੀਫ਼ਨ ਕੋਲਬਰਟ ਤੋਂ ਲੈ ਕੇ ਜਿੰਮੀ ਕਿੱਮਲ਼ ਤੇ ਜਿੰਮੀ ਫੈਲਨ ਤੱਕ ਸਰੋਤਿਆਂ ਦੀ ਇੱਕ ਵੱਡੀ ਜਮਾਤ ਨਿਰਮਿਤ ਹੋ ਚੁੱਕੀ ਹੈ।  

ਅਸੀਂ ਆਪਣੇ ਲਾਫ਼ਟਰ ਚੈਲੇਂਜ ਤੇ ਕਾਮੇਡੀ ਸਰਕਸ ਰਾਹੀਂ ਭੀੜ ਨੂੰ ਦੇਰ ਰਾਤ ਜੋੜ ਤਾਂ ਲਿਆ ਹੈ ਪਰ ਸਾਡੀ ਕਾਮੇਡੀ ਵਿੱਚੋਂ ਸਿਆਸਤ ਮਨਫ਼ੀ ਏ ਅਤੇ ਲੋਕ-ਸੂਝ ਦਾ ਨਿਰਮਾਣ ਗੈਰਹਾਜ਼ਰ ਏ। ਅਜੋਕੇ ਸਮਾਜ ਨੂੰ ਦਰਪੇਸ਼ ਮਸਲਿਆਂ ਉੱਤੇ ਤੰਜ਼-ਓ-ਮਜ਼ਾਹ ਤੋਂ ਅਸੀਂ ਕਿਉਂ ਕਤਰਾਅ ਰਹੇ ਹਾਂ? ਜੇ ਦੁਨੀਆ ਭਰ ਵਿੱਚ ਹਾਸੇ-ਠੱਠੇ ਤੇ ਪਾਪੁਲਰ ਮਾਸ ਐਜੂਕੇਸ਼ਨ popular mass education ਨੇ ਹੱਥ-ਮਿਲਾਈ ਕੀਤੀ ਹੋਈ ਏ, ਤਾਂ ਸਾਡੇ ਚੁਟਕਲੇ ਨੇ ਸਿਆਸਤ ਤੋਂ ਕਿਨਾਰਾਕਸ਼ੀ ਕਰਨ ਤੇ ਕਿਉਂ ਲੱਕ ਬੱਧਾ ਏ? ਪੱਛਮ ਤੋਂ ਨਾ ਸਿੱਖਦੇ ਅਸੀਂ ਉਪ-ਮਹਾਂਦੀਪ ਵਿੱਚਲੇ ਆਪਣੇ ਹਮਸਾਇਆਂ ਤੋਂ ਸਿੱਖੀਏ। ਅਜਿਹਾ ਨਹੀਂ ਕਿ ਸਾਨੂੰ ਵੱਲ ਨਹੀਂ ਆਉਂਦਾ —ਜਸਵਿੰਦਰ ਭੱਲੇ ਤੇ ਬਾਲ ਮੁਕੰਦ ਹੋਰਾਂ ਨੇ ਸੂਬੇ ਦੇ ਖੱਬੀਖਾਨ ਦੀ ਮੰਜੀ ਚੁਟਕਲੇ ਵਾਲੀ ਸੀਡੀ ਨਾਲ ਠੋਕ ਦਿੱਤੀ ਸੀ। ਭਗਵੰਤ ਮਾਨ ਨੂੰ ਸਿਆਸੀ ਘੁਲਾਟੀਆਂ ਦੀਆਂ ਨੀਂਦਾਂ ਹਰਾਮ ਕਰਨੀਆਂ ਆਉਂਦੀਆਂ ਨੇ। ਸੋਸ਼ਲ ਮੀਡਿਆ ਤੇ ਠੱਠਾ ਕਰ-ਕਰ ਵੱਡੇ-ਵੱਡੇ ਸਿਆਸਤੀਆਂ ਨੂੰ ਠਿੱਠ ਕੀਤਾ ਏ ਲੋਕਾਂ। ਫ਼ਿਰ ਟੈਲੀਵਿਜ਼ਨ ਦੇ ਕਾਮੇਡੀ ਸ਼ੋਅ ਕਿਓਂ ਹਿੰਮਤ ਨਹੀਂ ਕਰ ਰਹੇ? ਟਰੰਪ ਬਾਰੇ ਕਾਮੇਡੀ ਵੇਖੋ ਤੇ ਝਾਤ ਮਾਰੋ ਕਿ ਸਾਡੇ ਸਿਆਸਤਦਾਨਾਂ ਬਾਰੇ ਦੜ੍ਹ ਵੱਟ ਕੇ ਤੇ ਕਿਸੇ ਦੀ ਗੁਰਬਤ, ਕਿਸੇ ਦੀ ਚਾਲ ਜਾਂ ਔਰਤ ਦੇ ਰੰਗਰੂਪ ਬਾਰੇ ਕਾਮੇਡੀ ਕਰਦਾ ਸਾਡਾ ਟੈਲੀਵਿਜ਼ਨ ਕਿੰਨਾ ਛਿਛੋਰਾ ਹਾਸਾ ਹੱਸ ਰਿਹਾ ਏ। ਇਹ ਡਰੂ ਕਾਮੇਡੀ ਏ ਜਿਹੜੀ ਤਕੜੇ ਨੂੰ ਹੱਥ ਨਹੀਂ ਪਾਉਂਦੀ, ਸਾਡੇ ਜੀਵਨ ਤੋਂ ਟੁੱਟੀ ਹੋਈ ਸਾਡੇ ’ਤੇ ਗਵਾਰਾਂ ਦਾ ਹਾਸਾ ਹੱਸ ਰਹੀ ਏ। ਅੱਲ੍ਹਾ ਤੋਂ ਖ਼ੈਰ ਮੰਗੋ ਕਿਧਰੇ ਸੋਹੇਲ ਅਹਿਮਦ ਸਾਡੇ ਹਾਸੇ ਬਾਰੇ ਠੱਠਾ ਨਾ ਕਰੇ ਕਿਸੇ ਦਿਨ? ਮੈਥੋਂ ਇਹ ‘ਹਸਬੇਹਾਲ’ਜਰਿਆ ਨਹੀਂ ਜਾਣਾ, ਤੁਹਾਥੋਂ ਹੱਸਿਆ ਨਹੀਂ ਜਾਣਾ ਤੇ ਚਾਰ ਗਵਾਰਾਂ ਨੇ ਕਿਸੇ ਐਂਕਰ ਨੂੰ ਆ ਦੱਸਣਾ ਏ ਉਸ ਸ਼ਾਮ ਕਿ ਲਹਿੰਦਾ ਬੜਾ ਭੈੜਾ ਏ, ਇਹਨੂੰ ਚੜ੍ਹਦੇ ਦਾ  ਲਿਹਾਜ਼ ਨਹੀਂ।

 
 *ਲੇਖਕ ਸੀਨੀਅਰ ਪੱਤਰਕਾਰ ਹੈ, ਤੇ ਕਾਮੇਡੀ ਵਿੱਚ ਅਕਲ ਭਾਲਣ ਦੀ ਹਿਮਾਕਤ ਕਰਨ ਦਾ ਦੋਸ਼ੀ ਹੈ।
 
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

 






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER