ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਗ਼ਦਰੀ ਮੇਲਾ ਤੇ ਦੰਗਾ ਪੀੜਤ — ਹਿੰਦਸਾ-ਨੁਮਾ ਵਰ੍ਹੇਗੰਢਾਂ




ਮਨੁੱਖੀ ਸੱਭਿਅਤਾ ਦੇ ਵਿਕਾਸ ਵਿੱਚ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸਿਆਂ ਨੇ ਕੁਝ ਅਜਿਹੀ ਮੌਲਿਕ ਜਗ੍ਹਾਂ ਅਖਤਿਆਰ ਕਰ ਲਈ ਏ ਕਿ ਜਿਹੜਾ ਜਨੂੰਨੀ ਜੋਸ਼ ਕਿਸੇ 10ਵੀਂ, 20ਵੀਂ, 25ਵੀਂ ਜਾਂ 35ਵੀਂ ਵਰ੍ਹੇਗੰਢ ਮਨਾਉਣ ਵਿੱਚ ਹੁੰਦਾ ਹੈ, ਉਹ 19ਵੀਂ, 23ਵੀਂ ਜਾਂ 34ਵੀਂ 'ਚ ਨਹੀਂ ਦਿੱਸਦਾ।  

ਇਸ ਲਈ ਦਿੱਲੀ ਦੀਆਂ ਸੜਕਾਂ ਤੇ ਖੁੱਲ੍ਹਮ-ਖੁੱਲ੍ਹਾ ਹੋਈ ਕਤਲੋਗਾਰਤ ਦੀ 34ਵੀਂ ਵਰ੍ਹੇਗੰਢ ਦੇ ਮੱਦੇਨਜ਼ਰ ਕੋਈ ਬਹੁਤੇ ਵੈਣ-ਪਾਉਣੇ ਲੇਖ-ਤਬਸਰੇ-ਖਬਰਾਂ ਪੜ੍ਹਨ-ਸੁਣਨ ਨੂੰ ਅਜੇ ਨਹੀਂ ਮਿਲੀਆਂ। ਹਾਂ, 31 ਅਕਤੂਬਰ/ਪਹਿਲੀ ਨਵੰਬਰ ਨੂੰ ਅਜਿਹੇ ਵਿਰਲਾਪ ਲਈ ਅਖਬਾਰੀ/ਟੈਲੀਵਿਜ਼ਨ ਦੇ ਪਿੜ ਵਿੱਚ ਜਗ੍ਹਾ ਮੁਹੱਈਆ ਕਰਵਾ ਦਿੱਤੀ ਜਾਵੇਗੀ। 35ਵੀਂ ਵਰ੍ਹੇਗੰਢ ਦੀ ਗੱਲ ਹੋਰ ਹੈ, 40ਵੀਂ ਤੇ ਤਾਂ ਤਬਸਰਾ ਭਰਪੂਰ ਹੋਵੇਗਾ ਤੇ 50ਵੀਂ ਬੜੇ ਜ਼ੋਰ-ਸ਼ੋਰ ਨਾਲ ਮਨਾਈ ਜਾਵੇਗੀ — ਸ਼ਾਇਦ ਸੰਯੁਕਤ ਰਾਸ਼ਟਰ ਨੂੰ '‘ਫ਼ਿਰਕੂ ਦੰਗੇ ਵਿਰੋਧੀ ਦਿਵਸ' ਮਨਾਉਣ ਲਈ ਕੋਈ ਅਕਾਲ ਤਖ਼ਤ/ਤਖਤੇ-ਦਿੱਲੀ ਦੀ ਸਾਂਝੀ ਪੁਕਾਰ ਵੀ ਉੱਠੇ। 
-----------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the Fb link in the top visual. This piece was originally published on October 29, 2018 coinciding with Mela Gadri Babiyan Da & the 34th anniversary of the Sikh massacres in Delhi and elsewhere. - Ed.
------------
ਹਜ਼ਾਰਾਂ ਲੋਥਾਂ ਲਈ ਸਾਡੇ ਧੁਰ ਅੰਦਰੋਂ ਉੱਠਦੀ ਹੂਕ ਕਿਵੇਂ ਪੰਜ ਜਾਂ ਦਸ ਨਾਲ ਤਕਸੀਮ ਹੁੰਦੇ ਹਿੰਦਸੇ ਵੇਖ ਵੇਦਨਾ ਦੇ ਸ੍ਵਰ ਨੂੰ ਅਡਜਸਟ ਕਰਦੀ ਏ, ਬੱਸ ਇਸੇ ਹਿੰਦਸਾ-ਪ੍ਰਮੁੱਖੀ ਵਿਰਲਾਪ ਦੇ ਵਰਤਾਰੇ ਵਿੱਚ ਸਾਡੇ ਖ਼ਾਸੇ ਦੀ ਤਹਿਰੀਰ ਪੜ੍ਹੀ ਜਾ ਸਕਦੀ ਹੈ। ਅਦਾਲਤ 'ਚ ਚੌਰਾਸੀ ਦਾ ਕੋਈ ਮੁਕੱਦਮਾ ਗੰਭੀਰ ਮੋੜ ਲਵੇ, ਜਾਂ ਫਿਰ ਐਸੇ ਮੁਕੱਦਮੇ ਲੜਦਾ ਕੋਈ ਸਿਰਕੱਢ ਵਕੀਲ-ਸਿਆਸਤਦਾਨ ਬਿਆਨ ਕੋਈ ਦਾਗੇ ਨਵਾਂ, ਵਰਨਾ ਪੰਜ ਜਾਂ ਦਸ  ਨਾਲ ਤਕਸੀਮ ਹੁੰਦਾ ਕੋਈ ਹਿੰਦਸਾ ਆਪਣੇ ਨਾਲ ਲਟਕਾਈ, ਇੱਕ ਵਰ੍ਹੇਗੰਢ ਆਣ ਵੱਜੇ ਸਾਡੇ ਸਹਾਫ਼ਤੀ ਆਲਮ ਵਿੱਚ, ਤਾਂ ਹਿਲਦੀ ਏ ਕੋਈ ਚੂਲ ਸਾਡੇ ਸਬਰ ਦੀ। 
----------
ਇਨਕਲਾਬ ਦੀ ਸੂਹ ਪਾਉਂਦਾ ਗਦਰੀ ਬਾਬਿਆਂ ਦਾ ਮੇਲਾ ਆਸ-ਵਿਹਾਏ ਪੰਜਾਬੀ ਨੂੰ ਬੁਲਾਉਂਦਾ ਹੈ ਪਰ ਚੌਰਾਸੀ ਦਾ ਮਾਰਿਆ ਏਥੋਂ ਵੀ ਉਦਾਸ ਮੁੜਦਾ ਹੈ।
----------
ਜਦੋਂ ਦੁੱਖ ਤੇ ਨਿਆਂ ਦੀਆਂ ਲੜਾਈਆਂ ਕੈਲੰਡਰੀ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਧੁਰ-ਅੰਦਰ ਵੀ ਮਸਨੂਈ ਜਿਹਾ ਹੋ ਗਿਐ। ਪਰ ਫਿਰ ਇਹੀ ਤਾਂ ਦਿਨ ਹੁੰਦੇ ਨੇ ਜਦੋਂ ਜਲੰਧਰ ਦੀ ਜੀਟੀ ਰੋਡ ਤੇ ਬਾਬਿਆਂ ਦੇ ਵਰੋਸਾਏ ਦੇਸ਼ ਭਗਤ ਯਾਦਗਾਰ ਹਾਲ 'ਚ ਮੇਲਾ ਲੱਗਦਾ ਏ ਨਿਆਂ ਦੀ ਹੇਕ ਲਾਉਂਦੀਆਂ ਸੁਰਾਂ ਦਾ। 

ਲੰਘਦੇ ਅਕਤੂਬਰ ਤੇ ਚੜ੍ਹਦੇ ਨਵੰਬਰ ਦੇ ਇਨ੍ਹਾਂ ਦਿਨਾਂ ਵਿੱਚ ਮਨੁੱਖੀ ਅਧਿਕਾਰਾਂ, ਨਾਗਰਿਕਾਂ ਦੀ ਆਜ਼ਾਦੀ ਅਤੇ ਅਦਾਰਿਆਂ ਦੀ ਖੁਦਮੁਖਤਿਆਰੀ ਵਾਲੇ ਲੋਕਮੰਚ ਤੇ ਖੜ੍ਹੇ ਦੂਰ ਦਿਸਹੱਦੇ ਤੇ ਆਉਂਦੇ ਕਿਸੇ ਇਨਕਲਾਬ ਦੀ ਸੂਹ ਪਾਉਂਦਾ ‘ਮੇਲਾ ਗਦਰੀ ਬਾਬਿਆਂ ਦਾ’ ਲੱਗਦਾ ਏ। ਨਾਟਕਾਂ ਭਰੀ ਉਹਦੀ ਆਖ਼ਰੀ ਰਾਤ ਵਿੱਚ ਕਿਸੇ ਆਸ-ਵਿਹਾਏ ਪੰਜਾਬੀ ਨੂੰ ਆਪਣੇ ਸੁਪਨਿਆਂ ਦਾ ਸਿਰਨਾਵਾਂ ਮੁੜ ਲੱਭਦਾ ਏ, ਪਰ ਚੌਰਾਸੀ ਦਾ ਮਾਰਿਆ, ਆਸ ਦੀ ਪੰਡ ਸਿਰ ਤੇ ਚੁੱਕੀ, ਇਸ ਮੇਲੇ ਵਿੱਚੋਂ ਵੀ ਆਪਣੇ ਦੁੱਖ ਦੀ ਵਰ੍ਹੇਗੰਢ ਮਨਫ਼ੀ ਵੇਖ 'ਆਸ ਨਿਰਾਸ ਭਈ'   ਬੁੜਬੁੜ੍ਹਾਉਂਦਾ ਥੱਕੇ-ਪੈਰੀਂ ਬਾਹਰ ਨਿਕਲ ਆਉਂਦਾ ਏ। ਗ਼ਦਰ ਕਿੱਤ ਵੱਲ ਟੁਰਿਆ, ਉਹਦੀ ਪੈੜ ਪਿਆ ਲੱਭਦਾ ਏ। 

ਸਾਡੇ ਸਮਾਜਿਕ ਕਾਰਕੁੰਨ ਨੇ ਅਜੇ ਉਹ ਜੌੜ-ਸੜਕਾਂ ਤੇ ਕੈਂਚੀਆਂ ਵਾਲੇ ਮੋੜ ਉਸਾਰਨੇ ਨੇ ਜਿੱਥੇ ਹੱਕ-ਸੱਚ-ਨਿਆਂ ਲਈ ਲੜੀਆਂ ਜਾ ਰਹੀਆਂ ਲੜਾਈਆਂ ਵਾਲੇ ਇੱਕ-ਦੂਜੇ ਨੂੰ ਕੁਮਕ ਭੇਜ ਸਕਣ। ਇਨ੍ਹਾਂ ਮਿਲਣੀਆਂ ਦੀ ਅਣਹੋਂਦ ਵਿੱਚ ਨਵੰਬਰ ਦੰਗਿਆਂ ਦੀਆਂ ਦੁਖਿਆਰੀਆਂ ਵਿਧਵਾਵਾਂ ਨੂੰ ਕੋਈ ਜਲੰਧਰ ਦੀ ਜੀਟੀ ਰੋਡ ਦੇ ਰਸਤੇ ਨਹੀਂ ਪਾਉਂਦਾ ਤੇ ਦਿੱਲੀ ਦੀ ਤ੍ਰਿਲੋਕਪੁਰੀ ਦੇ ਬਲਾਕ ਨੰਬਰ 32 ਵਿੱਚ ਕੋਈ ਗ਼ਦਰੀ ਝੰਡਾ ਝੁਲਾਉਣ ਨਹੀਂ ਜਾਂਦਾ। ਧਿਰਾਂ ਨੇ ਕੁਮਕਾਂ ਬਚਾ ਕੇ ਰੱਖੀਆਂ ਨੇ — ਫੂਲਕਾ ਤੁਹਾਡੇ ਲਈ, ਕਨ੍ਹੱਈਆ ਸਾਡੇ ਲਈ। ਸਾਡਾ-ਤੁਹਾਡਾ ਵਾਲੀ ਲਕੀਰ ਰੈੱਡਕਲਿੱਫ ਦੀ ਨਕਸ਼ੇ ਤੇ ਵਾਹੀ ਰੇਖਾ ਤੋਂ ਵੀ ਪਕੇਰੀ ਜਾਪਦੀ ਹੈ। 1984 ਦਾ ਮੁੱਦਾ ਤੁਹਾਡਾ, 2002 ਦਾ ਸਾਡਾ। ਜੋਧਪੁਰ ਵਾਲੇ ਤੁਹਾਡੇ, ਸੁਧਾ ਭਾਰਦਵਾਜ ਤੇ ਵਰਵਰਾ ਰਾਓ ਅਸਾਡੇ। ਬਰਗਾੜੀ ਤੋਂ ਸਿੱਧੀ ਜਲੰਧਰ ਨਾ ਔਰਬਿਟ ਚੱਲੇ ਨਾ ਹੈਨਰੀ ਟਰਾਂਸਪੋਰਟ। ਫਿਰ ਤ੍ਰਿਲੋਕਪੁਰੀ ਵਾਲੀ ਦਰਸ਼ਨ ਕੌਰ ਨੂੰ ਕੌਣ ਮਿਲਾਵੇ ਜ਼ਕੀਆ ਨਸੀਮ ਅਹਿਸਾਨ ਨਾਲ? ਗੁਜਰਾਤ ਤੋਂ ਦਿੱਲੀ ਬੜੀ ਦੂਰ ਏ, ਤੁਸੀਂ ਕਿਸੇ ਮੋਦੀ-ਸ਼ਾਹ ਨੂੰ ਨਾ ਪੁੱਛੀਓ, ਪਰ ਭਾਵੇਂ ਰੱਬ ਵਾਲੇ ਫੀਤੇ ਨਾਲ ਮਾਪ ਲਵੋ।   

"ਅੱਲ੍ਹਾਹ ਕੇ ਹਾਥ ਲੰਬੇ ਹੈਂ," ਜ਼ਕੀਆ ਅਸਮਾਨ ਵੱਲ ਵੇਖਕੇ ਕਹਿੰਦੀ ਏ। ਉਹਦਾ ਘਰ ਵਾਲਾ ਐਮਐਲਏ ਸੀ, 2002 'ਚ ਦੰਗਾਈਆਂ ਨੇ ਕੋਹ-ਕੋਹ ਮਾਰਿਆ ਸੀ। 

"ਰੱਬ ਇਨਸਾਫ਼ ਕਰੇਗਾ," ਦਰਸ਼ਨ ਕੌਰ ਵੇਖਦੀ ਅਸਮਾਨ ਵਾਲੀ ਈ ਏ ਕਹਿਣ ਵੇਲੇ। 1984 'ਚ ਉਸ ਘਰ ਦੇ 11 ਜੀਅ ਗਵਾਏ ਸੀ। 

ਅਸਮਾਨ ਵਾਲੇ ਦਾ ਮੇਰੇ ਕੋਲ ਟੈਲੀਫੋਨ ਨੰਬਰ ਨਹੀਂ ਹੈਗਾ ਪਰ ਮੈਂ ਅੰਦਾਜ਼ਾ ਜਿਹਾ ਲਾਇਐ ਕਿ ਵੋਟਾਂ ਵੇਲੇ ਬੂਥ ਦੇ ਅੰਦਰ ਜਾ, ਰੱਬ ਨੂੰ ਅਰਦਾਸ ਕਰ ਜ਼ਕੀਆ ਅਤੇ ਦਰਸ਼ਨ ਕੌਰ ਕਿਹੜਾ ਬਟਨ ਦਬਾਉਂਦੀਆਂ ਹੋਣਗੀਆਂ? ਜ਼ਕੀਆ ਟੁਰ ਜਾਏਗੀ ਨਰਕ ਨੂੰ ਨੰਗੇ-ਪੈਰੀਂ ਕੰਡਿਆਂ ਦੀ ਡਗਰ ਤੇ, ਪਰ ਕਮਲ ਨਾ ਦਬਾਸੀ। ਤੇ ਦਰਸ਼ਨ ਕੌਰ ਪੰਜੇ ਨੂੰ ਹੱਥ ਨਾ ਲਾਸੀ। ਉਹਦੀ ਕੰਧ ਤੇ ਗਿਆਰਾਂ ਫੋਟੋਆਂ ਟੰਗੀਆਂ ਨੇ ਉਹਨੂੰ ਵਰਜਦੀਆਂ। 

ਅਸਾਂ ਵਿਧਵਾਵਾਂ ਵੰਡੀਆਂ ਨੇ। ਵਿਧਵਾ ਬਰਾਬਰ ਵਿਧਵਾ ਖੜੀ ਕੀਤੀ ਹੈ। ਜੇ ਮਿਲਸਣ ਤਾਂ ਦੁੱਖ ਵੰਡਾਸਣ। ਨਾ ਮਿਲੀਆਂ ਤਾਂ ਇੱਕ-ਦੂਜੇ ਵਿਰੁੱਧ ਭੁਗਤਣਗੀਆਂ। ਦੰਗਿਆਂ ਵਿੱਚ ਵਿੱਛੜੀਆਂ ਜੇ ਕਿਸੇ ਮੇਲੇ ਵਿੱਚ ਮਿਲ ਸਕਦੀਆਂ ਤਾਂ ਗ਼ਦਰ ਹੋ ਜਾਂਦਾ — ਦੁੱਖ ਸਾਂਝਾ ਹੁੰਦਾ, ਦੈਂਤ ਦਾ ਖ਼ਾਸਾ ਨੰਗਾ ਹੁੰਦਾ, ਸੱਤਾ ਦੀਆਂ ਭਾਈਵਾਲੀਆਂ ਉਜਾਗਰ ਹੁੰਦੀਆਂ। ਅਦਾਲਤਾਂ ਵਿੱਚ ਬਿਰਖ ਹੁੰਦਾ ਚੌਰਾਸੀ ਬਖਸ਼ੀਖਾਨੇ ਵਿੱਚ ਗੁਜਰਾਤ ਦੇ ਨੇੜੇ ਢੁੱਕ ਬਹਿੰਦਾ। 
-----------
ਜਦੋਂ ਦੁੱਖ ਤੇ ਨਿਆਂ ਦੀਆਂ ਲੜਾਈਆਂ ਕੈਲੰਡਰੀ ਹੋ ਜਾਣ ਤਾਂ ਸਮਝ ਲੈਣਾ ਚਾਹੀਦਾ ਹੈ ਕਿ ਸਾਡਾ ਧੁਰ-ਅੰਦਰ ਵੀ ਮਸਨੂਈ ਜਿਹਾ ਹੋ ਗਿਐ।
-----------
ਵੱਖ-ਵੱਖ ਬਟਨ ਨਾ ਦਬਾਉਣੇ ਪੈਂਦੇ, ਅਸਮਾਨੋਂ ਸਾਰਾ ਸੱਚ ਯੱਕਮੁਸ਼ਤ ਬਾਹਰ ਆਉਂਦਾ। ਸੱਚ ਕੀ ਬੇਲਾ ਸੁਣਾਉਂਦਾ। ਏਡੀ ਉੱਚੀ ਲੋਰ ਵਿੱਚ ਸੁਣਾਉਂਦਾ ਕਿ ਤ੍ਰਿਲੋਕਪੁਰੀ ਦੇ ਛੱਤੀਵੇਂ ਬਲਾਕ ਵਿੱਚ ਨਾਜ਼ਰ ਸਿੰਘ ਫੌਜੀ ਦੇ ਘਰ ਸਾਹਮਣੇ ਲੱਗੇ ਖੰਭੇ ਦੀ ਭੁੱਬ ਨਿਕਲ ਜਾਂਦੀ। 

34 ਸਾਲ ਤੋਂ ਖੰਭਾ ਕਲੇਜਾ ਫੜ ਕੇ ਖੜ੍ਹਾ ਏ। ਜਦੋਂ ਚੌਰਾਸੀ ਦਾ ਦੁੱਖ 25 ਸਾਲ ਦਾ ਹੋਇਆ ਸੀ ਤਾਂ ਹਿੰਦਸਾ ਢੁਕਵਾਂ ਸਮਝ ਮੈਂ ਤ੍ਰਿਲੋਕਪੁਰੀ ਦੀਆਂ ਗਲੀਆਂ ਆਪਣੇ ਪੈਰੀਂ ਮਾਪੀਆਂ ਸਨ। ਨਾਜ਼ਰ ਸਿੰਘ ਤੇ ਉਹਦੀ ਧੀ ਨੇ ਦੱਸਿਆ ਸੀ ਉਹ ਕਿਓਂ ਇੱਥੋਂ ਹਿਜਰਤ ਕਰਕੇ ਤਿਲਕ ਵਿਹਾਰ ਵਾਲੀ ਮੁੜ-ਵਸੇਬਾ ਕਲੋਨੀ ਵਿੱਚ ਨਹੀਂ ਗਏ ਜਿੱਥੇ ਮਕਾਨ ਮਿਲਦੇ ਸੀ। "ਖੰਭੇ ਨੂੰ ਵੇਖ-ਵੇਖ ਮੈਂ ਵੱਡਾ ਹੋਇਆ ਸੀ, ਧੀ ਜੁਆਨ ਹੋਈ ਸੀ। ਖੰਭਾ ਛੱਡਿਆ ਨਹੀਂ ਜਾਂਦਾ, ਪੁੱਟ ਕੇ ਲਿਜਾ ਨਹੀਂ ਸਕਦੇ।"

ਖੰਭੇ ਨੇ ਸਭ ਵੇਖਿਆ ਸੀ। ਉਨ੍ਹਾਂ ਨੇ ਏਸੇ ਖੰਭੇ ਨਾਲ ਨਾਜ਼ਰ ਸਿੰਘ ਦੇ ਪਿਓ ਨੂੰ ਬੰਨ੍ਹਿਆ ਸੀ, ਫਿਰ ਅੱਗ ਲਾ ਉਹਨੂੰ…। ਵਰ੍ਹਿਆਂ ਤੱਕ ਆਉਂਦੇ-ਜਾਂਦੇ, ਖੰਭੇ ਨੂੰ ਹੱਥ ਨਾਲ ਪਲੋਸਦੇ, ਸਾਹਵਾਂ ਦੇ ਨਰਦ ਹਾਰਦੇ ਹਾਰਦੇ, ਹੁਣ ਤਾਂ ਖੰਭਾ ਘਰ ਦਾ ਜੀਅ ਹੋ ਗਿਆ ਸੀ। ਮੈਂ ਗੁਜਰਾਤ ਦੀਆਂ ਗਲੀਆਂ ਨਹੀਂ ਗਾਹੀਆਂ ਪਰ ਬਥੇਰੇ ਥੰਮਲੇ, ਖੰਭੇ ਕਲੇਜਾ ਫੜ ਕੇ ਖੜ੍ਹੇ ਹੋਣੇ ਨੇ। ਹਰਿਆਣਾ ਦੇ ਮਿਰਚਪੁਰ ਤੋਂ ਯੂਪੀ ਦੇ ਮੁਜ਼ੱਫਰਨਗਰ ਤੱਕ ਅਜੇ ਬੜਾ ਦਰਦ ਬਾਕੀ ਏ। 

ਕਿਸੇ ਗ਼ਦਰੀ ਘੋਲ ਲਈ, ਕਿਸੇ ਬੇਗਮਪੁਰਾ ਉਸਾਰਨ ਦੀ ਲੜਾਈ ਲਈ, ਕਿਸੇ ਹੀਰ-ਵੰਨ੍ਹੇ, ਗੁਰਾਂ ਦੇ ਨਾਂ ਵੱਸਦੇ ਪੰਜਾਬ ਲਈ ਇਹ ਜ਼ਰੂਰੀ ਹੈ ਕਿ ਇਹਦੇ ਯੋਧੇ ਗਵਾਂਢ ਵਿੱਚ ਲੜੀਆਂ ਜਾ ਰਹੀਆਂ ਲੜਾਈਆਂ ਨਾਲ ਰਾਬਤਾ ਰੱਖਣ, ਕੁਮਕ ਭੇਜਣ-ਮੰਗਣ ਤੇ ਚੜ੍ਹਦੇ ਨਵੰਬਰੀ ਦਿਨ ਇਨਕਲਾਬ ਦੇ ਰੌਲੇ ਵਿੱਚ ਕਿਸੇ ਦੰਗਾ-ਪੀੜਤ ਵਿਧਵਾ ਦੀ ਆਵਾਜ਼ ਵੱਲ ਕੰਨ ਧਰਨ। ਜ਼ਕੀਆ ਤੇ ਦਰਸ਼ਨ ਇੱਕੇ ਜਿਹੀਆਂ ਰੋਂਦੀਆਂ ਨੇ। ਤੁਸੀਂ ਠੁੰਮਣਾ ਦਿਓ, ਗਰਜਨ ਦੀ ਕੁੱਵਤ ਰੱਖਦੀਆਂ ਨੇ। 

ਹਰ ਵਾਰੀ ਜਾਂਦੇ ਅਕਤੂਬਰ ਤੇ ਆਉਂਦੇ ਨਵੰਬਰ ਦੇ ਮਿੱਠੀ ਧੁੱਪ ਵਾਲੇ ਦਿਨਾਂ ਵਿੱਚ ਬੜਾ ਚਿੱਤ ਕਰਦਾ ਏ ਕਿ ਤ੍ਰਿਲੋਕਪੁਰੀ ਵਾਲਾ ਉਹ ਖੰਭਾ ਲਿਆ ਕੇ ਗੱਡ ਦਿਆਂ ਦੇਸ਼ ਭਗਤ ਯਾਦਗਾਰ ਹਾਲ ਦੇ ਲਾਅਨ ਵਿੱਚ ਜਿੱਥੇ ਝੰਡੇ ਦੀ ਰਸਮ ਕਰਦੇ ਨੇ ਗ਼ਦਰ ਦੇ ਤਲਬਗਾਰ, ਜਾਂ ਫਿਰ ਉਨ੍ਹਾਂ ਦਾ ਝੰਡਾ ਖੋਹ ਕੇ ਝੁਲਾ ਦੇਵਾਂ ਤ੍ਰਿਲੋਕਪੁਰੀ ਦੇ ਉਸ ਖੰਭੇ ਉੱਪਰ, ਪਰ ਅਜੇ ਨਹੀਂ। ਅਜੇ ਤਾਂ 34ਵੀਂ ਏ, 50ਵੀਂ ਵਰ੍ਹੇਗੰਢ ਤੇ ਸੋਚਾਂਗਾ। 50 ਨਾਲ ਤਕਸੀਮ ਹੁੰਦੇ ਹਿੰਦਸੇ ਦੀ ਗੱਲ ਹੀ ਵੱਖਰੀ ਹੁੰਦੀ ਏ। 550ਵੀਂ ਲਈ ਵੇਖੋ ਕਿੰਨੇ ਤਰਲੋਮੱਛੀ ਨੇ ਸਾਰੇ। 549ਵੀਂ ਤੇ ਕਿਹੜਾ ਬਾਬਾ ਨਾਨਕ ਦੇ ਸੁਨੇਹੇ ਵਿੱਚ ਘੱਟ ਜੁੰਬਿਸ਼ ਏ? ਗ਼ਦਰੀ ਮੇਲੇ ਵਾਲੇ ਕਾਰਲ ਮਾਰਕਸ ਦੀ 200ਵੀਂ ਤੇ ਸ਼ਾਇਦ ਮੁੜ ਸੋਚਣ। ਪਰ ਅਸੀਂ ਲੋਹੜੇ ਦੇ ਮੁਹੰਦਸ ਹਾਂ, 34ਵੀਂ ਐਵੇਂ ਹੀ ਲੰਘਾ ਦੇਈਏ ਬਸ ਕਾਲਮ ਲਿਖ, ਲਿਖਤੁਮ ਬਾਦਲੀਲ।

 
 *ਲੇਖਕ ਸੀਨੀਅਰ ਪੱਤਰਕਾਰ ਹੈ ਤੇ ਸਾਲਾਂ ਤਕ ਇਹਨੀਂ ਦਿਨੀਂ ਤ੍ਰਿਲੋਕਪੁਰੀ ਦੇ ਖੰਭਿਆਂ ਨਾਲ ਗੱਲਾਂ ਕਰਦਾ ਰਿਹਾ ਹੈ।
 
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

 






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER