ਵੀਡੀਓ
ਲਿਖਤੁਮ ਬਾਦਲੀਲ – ਐੱਸ.ਪੀ. ਸਿੰਘ
ਚੋਣਾਂ 2019: 550ਵੀਂ ਵਰ੍ਹੇਗੰਢ ਵਾਲਾ ਸਟਾਰ ਪ੍ਰਚਾਰਕ
ਦੂਰਅੰਦੇਸ਼ੀ ਦੀ ਸਖ਼ਤ ਘਾਟ ਕਾਰਨ ਹੀ ਇਹ ਸੰਭਵ ਹੋਇਆ ਕਿ ਮੁਲਕ ਵਿੱਚ ਨਵੀਂ ਸਰਕਾਰ ਚੁਣਨ ਲਈ ਚੋਣਾਂ 2019 ਵਿੱਚ ਆ ਡਿੱਗੀਆਂ, ਨਹੀਂ ਤਾਂ ਕਿਸੇ ਵੀ ਕੀਮਤ ’ਤੇ ਇਹ ਸਾਲ ਇਸ ਕੰਮ ਲਈ ਢੁੱਕਵਾਂ ਨਹੀਂ ਸੀ। ਸਿਆਸਤਦਾਨ ਨੇ ਸੌ ਦਾਅ-ਪੇਚ ਚੱਲਣੇ ਹੁੰਦੇ ਹਨ, ਮਾੜੇ ਚੰਗੇ ਬੰਦੇ ਇਸ ਸ਼ਤਰੰਜ ਵਿੱਚ ਭਿੜਾਉਣੇ ਹੁੰਦੇ ਹਨ, ਕਿਸੇ ਕਾਤਲ ਨੂੰ ਲੋਕ-ਹਿਤੈਸ਼ੀ ਮਨੁੱਖ ਦੱਸ ਛਲ ਦੀ ਬਿਸਾਤ ਵਿਛਾਉਣੀ ਹੁੰਦੀ ਹੈ, ਗ਼ਰੀਬ ਦੀ ਝੋਲੀ ਸੁੱਟੀ ਕੋਈ ਖੈਰਾਤੀ ਰਕਮ ਉਹਦੇ ਕੁੱਲ ਦੁੱਖਾਂ ਦਾ ਨਾਸ ਕਰਨ ਵਾਲੀ ਕੋਈ ਸੰਜੀਵਨੀ ਦਰਸਾਉਣੀ ਹੁੰਦੀ ਹੈ। ਇਹ ਸਭ ਚੋਣਾਂ ਦੇ ਮੌਸਮ ਵਿੱਚ ਪ੍ਰਵਾਨਿਤ ਕਾਰਜ ਹਨ। ਹਸਬੇ-ਮਮੂਲ ਸਭਨਾਂ ਨੇ ਇੱਕ ਦੂਜੇ ਤੋਂ ਵੱਧ ਕਰਨੇ ਹੁੰਦੇ ਹਨ। ਲੋਕ ਸੇਵਾ ਦੇ ਪਿੜ ਦਾ ਇਹ ਢਾਂਚਾ ਹੁਣ ਪ੍ਰਵਾਨਿਤ ਮਿਆਰ ਹੈ।

ਅਜਿਹੇ ਵਿੱਚ ਬਹੁਤ ਸਾਲ ਪਹਿਲਾਂ ਇਹ ਸੋਚ ਲੈਣਾ ਚਾਹੀਦਾ ਸੀ ਕਿ ਜੇ ਕੁੱਲ ਜਹਾਨ 2019 ਵਿੱਚ ਕਿਸੇ ਐਸੇ ਪੁਰਸ਼ ਬਾਰੇ ਸਵੇਰ ਸ਼ਾਮ ਗੱਲ ਕਰਨੀ ਸ਼ੁਰੂ ਕਰ ਦੇਵੇ ਜਿਸ ਦਾ ਜੀਵਨ, ਵਿਚਾਰ, ਆਚਾਰ, ਕਹਿਣੀ, ਕਥਨੀ, ਰਹਿਣੀ, ਸਹਿਣੀ, ਸ਼ਬਦ ਅਤੇ ਬਾਬਾਣੀਆਂ ਕਹਾਣੀਆਂ ਪੈਰ-ਪੈਰ ’ਤੇ ਅਜੋਕੀ ਸਿਆਸਤ ਅਤੇ ਇਹਦੇ ਪਿਆਦਿਆਂ ਦੇ ਗਿੱਠਮੁੱਠੇ ਕੱਦ ਦਾ ਜਲੂਸ ਕੱਢ ਕੇ ਰੱਖ ਦੇਣ ਤਾਂ ਲੋਕਤੰਤਰ ਦੇ ਨਾਮ ’ਤੇ ਹੋ ਰਹੇ ਇਸ ਘੋਲ ਦੇ ਪੱਲੇ ਕੀ ਰਹਿ ਜਾਵੇਗਾ?
-----------
Likhtum BaDaleel
Punjab Today is proud to showcase senior journalist SP Singh's weekly column, Likhtum BaDaleel, that appears every Monday in the Punjabi Tribune. You can savour a whole lot of them archived here. Besides, you can also listen to this stylistic piece of writing, narrated in the author's own voice. Just click the Fb link in the top visual. This piece was originally published on April 22, 2019. - Ed.
------------
ਚਾਰ ਵਿੱਚ ਪੰਜ ਪਾਏ ਨੌਂ, ਨੌਂ ਵਿੱਚ ਪੰਜ ਪਾਏ ਚੌਦਾਂ, ਚੌਦਾਂ ਵਿੱਚ ਪੰਜ ਪਾਏ ਉੱਨੀ। ਕਿਸੇ ਤਾਂ ਆਖਿਆ ਹੋਵੇਗਾ, ‘‘ਹਾਏ, ਉੱਨੀ? ਕਰੋ ਵੇ ਕੁਝ, ਨਹੀਂ ਤਾਂ ਆਪਾਂ ਗੱਲ ਕਿਵੇਂ ਕਰਾਂਗੇ ਕੋਈ, ਜਦੋਂ ਹਰ ਕੋਈ ਉਸ ਦੀ ਸੁਣ ਰਿਹਾ ਹੋਵੇਗਾ, ਉਹਦੀ ਹੀ ਗੱਲ ਕਰ ਰਿਹਾ ਹੋਵੇਗਾ?’’
----------
ਅਸੀਂ ਗੁਰੂ ਦੇ ਕੈਸੇ ਲਾਲ ਹਾਂ ਕਿ ਉਹਦੀ 550ਵੀਂ ਵਰ੍ਹੇਗੰਢ ’ਤੇ ਵੀ ਉਨ੍ਹਾਂ ਦਾ ਸੰਦੇਸ਼ ਨਹੀਂ ਸੁਣ ਰਹੇ ਸਗੋਂ ਗਿੱਠਮੁਠੀਏ ਲੀਡਰਾਂ ਦੇ ਬੇਥਵ੍ਹੇ ਬਿਆਨਾਂ ਬਾਰੇ ਭਖਵੀਆਂ ਬਹਿਸਾਂ ਨੂੰ ਟੀਵੀ ’ਤੇ ਵੇਖ-ਸੁਣ, ਦੇਸ਼ਭਗਤੀ ਨੂੰ ਧਾਰਮਿਕ ਨਫ਼ਰਤ ਅਤੇ ਨਿਆਂ ਨੂੰ ਖੈਰਾਤ ਤੱਕ ਮਹਿਦੂਦ ਕਰਨ ਵਾਲੀਆਂ ਧਿਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਆਤੁਰ ਹਾਂ।
----------
ਸਬੂਤ ਤਾਂ ਮੇਰੇ ਕੋਲ ਕੋਈ ਨਹੀਂ, ਪਰ ਕਿਆਸ ਹੈ ਕਿ ਸਿਆਸਤਦਾਨ ਦਾ ਤ੍ਰਾਹ ਨਿਕਲ ਗਿਆ ਹੋਵੇਗਾ। ਕੋਈ ਦਿਓਕੱਦ ਸਟਾਰ ਪ੍ਰਚਾਰਕ ਪਿੜ ਵਿਚ ਆ ਜਾਵੇ ਅਤੇ ਲੋਕ ਆਪਣੇ ਆਪ ਨੂੰ ਉਹਦੇ ਪੈਰੋਕਾਰ ਦੱਸਣ ਵਿੱਚ ਮਾਣ ਮਹਿਸੂਸ ਕਰਨ, ਫਿਰ ਗੱਲ ਹੋਵੇ ਉਹਦੀ ਵੱਡੀ, ਤੁਹਾਡੇ ਪਾਜ ਉਘਾੜੇ ਤੇ ਤੁਹਾਡੀ ਥੋੜ੍ਹ-ਚਿਰੀ ਮੰਤਵਾਂ ਵਾਲੀ ਸਿਆਸਤ ਦੇ ਲਾਹ ਦੇਵੇ ਪੜ੍ਹਛੇ, ਤਾਂ ਤ੍ਰਾਹ ਨਿਕਲੇਗਾ ਕਿ ਨਹੀਂ? ਉਹਦੇ ਕੱਦ ਦਾ ਕੋਈ ਦੂਜਾ ਸਟਾਰ ਪ੍ਰਚਾਰਕ ਵੀ ਤਾਂ ਨਹੀਂ ਜਿਹੜਾ ਤੁਹਾਡੀ ਇਸ ਵਕਤੀ, ਮਸਨੂਈ ਸਿਆਸਤ ਨੂੰ ਠੁੰਮਣਾ ਦੇਵੇ।

ਉਹਦੀ ਸਿਆਸਤ ਸਰਬੱਤ ਦੀ ਆਜ਼ਾਦੀ, ਸਭਨਾਂ ਦੇ ਭਲੇ, ਵੰਡੀਆਂ ਮਿਟਾਉਣ, ਕੁੱਲ ਜੱਗ ਰੁਸ਼ਨਾਉਣ ਦੀ ਗੱਲ ਕਰੇ ਤਾਂ ਤੁਹਾਡੀ ਸਿਆਸਤ ਕਿਸ ਮੇਚ ਦੀ? ਪਰ ਸਾਡੇ ਸਿਆਸਤਦਾਨ ਦੀ ਕਦਰ ਕਰੋ ਜਿਸ ਸਿਆਸਤ ਇੰਝ ਚਲਾਈ ਏ ਕਿ ਜੱਗ ਦੇ ਸਭ ਤੋਂ ਵੱਡੇ ਸਟਾਰ ਪ੍ਰਚਾਰਕ ਦੀ 550ਵੀਂ ਵਰ੍ਹੇਗੰਢ ’ਤੇ ਵੀ ਉਹਦੇ ਨਾਲ ਵਾਬਸਤਾ ਸਮਾਗਮਾਂ ’ਚ ਹਾਜ਼ਰੀ ਲੁਆ, ਖ਼ਲਕਤ ਪ੍ਰਤੀ ਉਹਦੀ ਪਹੁੰਚ ਨੂੰ ਆਪਣੀ ਸਮੱਸਿਆ ਨਹੀਂ ਬਣਨ ਦਿੱਤਾ।

ਗੁਰੂ ਸੱਚੇ ਦੀ ਇਸ ਇਤਿਹਾਸਕ ਮੀਲਪੱਥਰ ਸ਼ਤਾਬਦੀ ਵਰ੍ਹੇ ਵਿੱਚ ਵੀ ਉਹਦਾ ਲੋਕਪੱਖੀ ਬਿਆਨੀਆ ਭਖੇ ਹੋਏ ਚੋਣ ਪ੍ਰਚਾਰ ਵਿੱਚੋਂ ਵੱਢਵੇਂ ਤਰੀਕੇ ਨਾਲ ਮਨਫ਼ੀ ਕਰ ਦਿੱਤਾ ਗਿਆ ਹੈ, ਕਿਉਂ ਜੋ ਉਹਦਾ ਸਟੀਕ ਵਾਰ ਸਾਡੇ ਸਿਆਸਤਦਾਨਾਂ ਦੇ ਅੰਦਰਲੇ ਖੋਖਲੇਪਣ ਨੂੰ ਉਜਾਗਰ ਕਰਦਾ।

ਪਰ ਸਵਾਲ ਸੰਗਤ ਦਾ ਹੈ। ਗੁਰੂ ਤਾਂ ਇਕੱਲੇ ਇੱਕ ਭਾਈਚਾਰੇ ਦਾ ਨਹੀਂ ਭਾਵੇਂ ਭਾਈਚਾਰੇ ਨੇ ਇੱਕ ਆਵਾਜ਼ੇ ਐਲਾਨੀਆ ਅਜਾਰੇਦਾਰੀ ਵਾਲੀ ਪਹੁੰਚ ਅਪਣਾਈ ਹੋਈ ਹੈ। ਇਹਦੇ ਯੋਧਿਆਂ ਨੇ ਪੈਗ਼ੰਬਰੀ ਅਜ਼ਮਤ ਦੇ ਅਦਬ ਦੀ ਰਾਖੀ ਦਾ ਭਾਰ ਆਪਣੇ ਮੋਢਿਆਂ ’ਤੇ ਚੁੱਕਿਆ ਹੋਇਆ ਹੈ। ਇਸ ਯੁੱਧ ਵਿੱਚੋਂ ਜੁਗੋ ਜੁੱਗ ਅਟੱਲ ਦੀ ਅਜ਼ਮਤ ਤੇ ਪਾਰਲੀਮੈਂਟ ਦੀਆਂ ਕੁਝ ਸੀਟਾਂ ਕੱਢ ਲੈਣ ਦੇ ਬਹੁਪੱਖੀ ਫਾਇਦੇ ਵਿਉਂਤੇ ਹੋਏ ਨੇ।

ਗੁਰੂ ਦੇ ਵਿਉਂਤੇ ਕਾਰਜ ਰਤਾ ਵਡੇਰੇ ਨੇ। ਬੇਕਸਾਂ-ਰਾ-ਯਾਰ ਹੈ ਉਹ, ਨਿਆਸਰਿਆਂ ਦਾ ਆਸਰਾ। ਸਿਆਸਤ ਉਹਦੀ ਸਮਰਪਣ ਮੰਗਦੀ ਹੈ, ਧਿਰ ਚੁਣਨ ਲਈ ਕਹਿੰਦੀ ਹੈ, ਹੀਲ-ਹੁੱਜਤ ਦੀ ਜਗ੍ਹਾ ਨਹੀਂ ਛੱਡਦੀ। ਚੰਗੇ ਜਾਂ ਮਾੜੇ ਭਾਗੀਂ ਮੌਕਾ ਐਸਾ ਬਣ ਗਿਆ ਹੈ ਕਿ ਗੁਰੂ ਦਾ 550ਵਾਂ ਜਨਮ ਦਿਹਾੜਾ ਵੀ ਉਸੇ ਵਰ੍ਹੇ ਆ ਢੁੱਕਿਆ ਹੈ ਜਿਸ ਵਰ੍ਹੇ ਸਾਡਾ ਸਿਆਸਤਦਾਨ ਲੋਕਾਂ ਘਰੇ ਜਾ ਕੇ ਆਪਣਾ ਬਿਆਨੀਆ ਰੱਖ ਰਿਹਾ ਹੈ ਕਿ ਉਸ ਕਿਵੇਂ ਖ਼ਲਕਤ ਲਈ ਕੰਮ ਕੀਤਾ ਹੈ, ਸਭਨਾਂ ਦੀ ਤਰੱਕੀ ਲਈ ਕੋਸ਼ਿਸ਼ ਕੀਤੀ ਹੈ, ਭੁੱਖੇ ਨੂੰ ਅੰਨ, ਕਮਜ਼ੋਰ ਨੂੰ ਸੁਰੱਖਿਆ, ਨਿਆਸਰੇ ਨੂੰ ਆਸਰਾ ਦਿੱਤਾ ਹੈ।

ਸਵਾਲ, ਗੁਰੂ ਪਿਆਰੀ ਸੰਗਤ ਜੀ, ਤੁਹਾਡਾ ਹੈ। ਤੁਸੀਂ ਜਿਹੜੇ ਗੁਰੂ ਦੇ ਮੈਨੀਫੈਸਟੋ ਨੂੰ ਪ੍ਰਣਾਏ ਹੋਏ ਨਿੱਤ ਨਿਆਸਰਿਆਂ ਦੇ ਆਸਰੇ ਨਾਲ ਲਿਵ ਲਾ, ਆਪਣੀ ਕਹਿਣੀ ਤੇ ਕਥਨੀ ਵਿਚਲੇ ਫ਼ਰਕ ਨੂੰ ਮਿਟਾਉਣ ਲਈ ਅਰਦਾਸ ਕਰਦੇ ਹੋ। ਗੁਰੂ ਦੇ ਸ਼ਬਦ ਨਾਲ, ਵਿਚਾਰ ਨਾਲ ‘ਲਗਾ ਮਾਤਰਾ ਅੱਖਰ ਵਾਧਾ ਘਾਟਾ’ ਤੱਕ ਦੀ ਭੁੱਲ ਬਖਸ਼ਾਈ ਲਈ ਜ਼ਮੀਨ ’ਤੇ ਨੱਕ ਰਗੜਦੇ ਹੋ। ਤੁਹਾਡੇ ਇਸ 550ਵੀਂ ਵਰ੍ਹੇਗੰਢ ’ਤੇ ਗੁਰੂ ਦਰਸਾਏ ਬਿਆਨੀਏ ਨਾਲ ਪ੍ਰਚੰਡ ਰੂਪ ਵਿੱਚ ਵਾਬਸਤਾ ਹੋ ਜਾਣ ਤੋਂ ਵੀ ਇਹ 2019 ਦੀ ਚੋਣ ਲੜਦਾ ਸਿਆਸਤਦਾਨ ਧੁਰ ਅੰਦਰ ਤੱਕ ਕੰਬਿਆ ਕਿਉਂ ਨਹੀਂ ਦਿਸਦਾ?

ਜੇ ਸੱਚਮੁੱਚ ਹੀ ਚਮਕੌਰ ਦੀ ਗੜ੍ਹੀ ਤੇ ਖਿਦਰਾਣੇ ਦੀ ਢਾਬ ਵਾਲੀ ਸਿਆਸਤ ਦੀ ਜੁੰਬਿਸ਼ ਸਾਡੇ ਅੰਦਰ ਹੁੰਦੀ ਤਾਂ 2019 ਵਿੱਚ ਜਿਸ ਦੀ 550ਵੀਂ ਵਰ੍ਹੇਗੰਢ ਮਨਾ ਰਹੇ ਹਾਂ, ਉਹਦੇ ਫ਼ਲਸਫ਼ੇ ਦਾ ਜ਼ਿਕਰ ਹੀ ਲੋਕ ਵਿਰੋਧੀ ਸਿਆਸਤ ਦੇ ਬਿਆਨੀਏ ਨੂੰ ਉਖਾੜ ਦਿੰਦਾ। ਅਸੀਂ ਗੱਲ ਕਰ ਰਹੇ ਹੋਈਏ ਦਰਜਾ-ਬਦਰਜਾ ਵੰਡੀ ਹੋਈ ਸਮਾਜਿਕ ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਗੁਰੂ ਨਾਨਕ ਦੀ, ਜ਼ਾਤ-ਪਾਤੀ ਜ਼ਹਿਨੀਅਤ ਨੂੰ ਰੱਦ ਕਰਕੇ ਸਰਬੱਤ ਦੀ ਆਜ਼ਾਦੀ ਦੇ ਉਹਦੇ ਪੈਂਤੜੇ ਦੀ, ਸਾਡੀ ਰੂਹ ਤੱਕ ਨੂੰ ਪਾਕ ਕਰ ਦੇਣ ਵਾਲੇ ਉਹਦੇ ਵਿਚਾਰ ਦੀ, ਅਤੇ ਨੇਤਾ ਦੀ ਜੁਰੱਅਤ ਹੋ ਜਾਵੇ ਕਿ ਉਹ ਸਮਾਜ ਵਿੱਚ ਵੰਡੀਆਂ ਪਾ, ਇੱਕ ਨੂੰ ਦੂਜੇ ਨਾਲ ਲੜਾ, ਸਾਥੋਂ ਵੋਟ ਮੰਗੇ?
-----------
ਅਸੀਂ ਨਿੱਤ ਗੁਰੂ ਅੱਗੇ ਵਿਸਾਹ ਦਾਨ, ਭਰੋਸਾ ਦਾਨ, ਬਿਬੇਕ ਦਾਨ ਬਖ਼ਸ਼ਣ ਦੀ ਬੇਨਤੀ ਕਰਦੇ ਹਾਂ, ਪਰ ਇਸ ਦਾਤ ਨੂੰ ਅਣਗੌਲਿਆਂ ਕਰ ਸੌੜੇ ਹਿੱਤਾਂ ਵਾਲੀਆਂ ਧਿਰਾਂ ਨੂੰ ਵੋਟ ਪਾਉਣ ਲਈ ਤਿਆਰ ਬਰ ਤਿਆਰ ਹਾਂ। ਅਸੀਂ ਮੱਥਾ-ਟੇਕ ਗੱਦਾਰ ਹਾਂ।
-----------
ਗੱਲ ਸਾਫ਼ ਹੈ। ਸਾਡਾ ਜੀਵਨ ਡੱਬਿਆਂ ਵਿੱਚ ਬੰਦ ਹੈ। ਗੁਰੂ ਨਾਲ ਆਪਣਾ ਰਿਸ਼ਤਾ ਅਸੀਂ ਕੇਵਲ ਚਿੰਨ੍ਹਾਂ ਰਾਹੀਂ ਨਿਭਾਉਂਦੇ ਹਾਂ। ਨੇਤਾ ਨਾਲ ਵੋਟ ਦਾ ਰਿਸ਼ਤਾ ਦੂਜੇ ਡੱਬੇ ਵਿੱਚ ਭੁਗਤਾਉਂਦੇ ਹਾਂ। ਮੁੰਡੇ ਕੁੜੀ ਦਾ ਸਾਕ ਅਖ਼ਬਾਰੀ ਪੰਨਿਆਂ ਵਿੱਚ ਜਾਤ-ਬਰ-ਜਾਤ ਛਾਇਆ ਕੀਤੇ ਇਸ਼ਤਿਹਾਰਾਂ ਨੂੰ ਪੜ੍ਹ, ਕਰਦੇ ਹਾਂ। ਕਹਿਣ ਨੂੰ ਗੁਰੂ ਨਾਨਕ ’ਤੇ ਮਰਦੇ ਹਾਂ।

ਜੇ ਸਿਧਾਂਤ ਸੋਚ ਦਾ ਅੰਗ ਹੁੰਦਾ ਤਾਂ 550ਵੀਂ ਵਰ੍ਹੇਗੰਢ ਮੌਕੇ ਖੇਤ ਕਾਮੇ ਤੇ ਮਿੱਲ ਮਜ਼ਦੂਰ ਗੁਰੂ ਦਾ ਪਰਚਮ ਚੁੱਕੀ ਫਿਰਦੇ, ਪਰ ਗੁਰਬਾਣੀ ਨੂੰ ਸਿੱਖ ਬੁਰਜੂਆਜ਼ੀ ਨੇ ਆਪਣੇ ਸੌੜੇ ਰਾਜਨੀਤਕ ਕਿੱਲੇ ਨਾਲ ਜੋਤ ਲਿਆ ਹੈ। ਜਿਸ ਰਾਜਨੀਤਕ ਪਾਰਟੀ ਦਾ ਆਧਾਰ ਸਿੱਖੀ ਦਾ ਜਜ਼ਬਾ ਸੀ, ਉਸ ਗੁਰੂ ਨਾਨਕ ਦੀ 500ਵੀਂ ਵਰ੍ਹੇਗੰਢ ਮੌਕੇ 1969 ਵਿੱਚ ਭਿਆਲੀ ਜਨਸੰਘ ਨਾਲ ਪਾਈ, ਅੱਜ 550ਵੀਂ ਮੌਕੇ ਸਾਂਝ ਉਹੋ ਭੁਗਤਾਈ ਫਿਰਦੀ ਹੈ। ਜਦੋਂ ਲੀਡਰ ਅਤੇ ਸੰਸਥਾਵਾਂ ਕਾਬਜ਼ ਨਿਜ਼ਾਮ ਨੂੰ ਰਾਸ ਆਉਣ ਤਾਂ ਸਮਝ ਲਵੋ ਕਿ ਉਨ੍ਹਾਂ ਦਾ ਖ਼ਾਸਾ ਗੁਰੂ ਦੇ ਗਾਡੀ ਰਾਹ ਨਾਲ ਮੇਲ ਨਹੀਂ ਖਾਂਦਾ।

550ਵੀਂ ਦਾ ਖ਼ਾਸਾ ਅਤੇ 2019 ਦਾ ਵੋਟਾਂ ਦਾ ਭੇੜ ਤਾਂ ਹੀ ਲੋਕ ਸਮਝ ਵਿੱਚ ਨਿੱਤਰ ਕੇ ਆਉਂਦੇ ਜੇ ਸਾਡੀ ਸਿਆਸਤ ਦੀ ਭਾਸ਼ਾ ਦੇਸ਼ ਦੀ ਮਿੱਟੀ ਨਾਲ ਜੁੜੀ ਹੁੰਦੀ, ਇਹਦੇ ਭੌਤਿਕ ਮਾਹੌਲ ਨਾਲ ਸਾਂਝ ਰੱਖਦੀ, ਇਹਦੀ ਲੋਕ ਬੋਲੀ ਵਿੱਚ ਸਰਲਤਾ ਨਾਲ ਮੌਲਦੀ, ਲੋਕ ਸੁਭਾਅ ਵਿੱਚ ਉਤਰਦੀ। ਇਸ ਸਭ ਕਾਸੇ ਤੋਂ ਹੀ ਤਾਂ ਕਿਨਾਰਾ ਕਰੀ ਬੈਠੇ ਹਾਂ। ਕੋਈ ਮਿਹਨਤਕਸ਼ਾਂ, ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਨੂੰ ਧਾਰਮਿਕ ਵਖਰੇਵਿਆਂ ਦੇ ਆਧਾਰ ’ਤੇ ਆਪੋ ਵਿੱਚ ਲੜਾਵੇ ਤੇ ਸਾਨੂੰ ਧਿਆਨ ਹੀ ਨਾ ਆਵੇ ਕਿ ਇਹ ਇੱਕ ਭੀੜ ਨੂੰ ਭਾਈ ਮਰਦਾਨੇ ਵਿਰੁੱਧ ਉਕਸਾਅ ਰਿਹਾ ਹੈ।

ਅਸੀਂ ਗੁਰੂ ਦੇ ਕੈਸੇ ਲਾਲ ਹਾਂ ਕਿ ਉਹਦੀ 550ਵੀਂ ਵਰ੍ਹੇਗੰਢ ’ਤੇ ਵੀ ਉਨ੍ਹਾਂ ਦਾ ਸੰਦੇਸ਼ ਨਹੀਂ ਸੁਣ ਰਹੇ ਸਗੋਂ ਗਿੱਠਮੁਠੀਏ ਲੀਡਰਾਂ ਦੇ ਬੇਥਵ੍ਹੇ ਬਿਆਨਾਂ ਬਾਰੇ ਭਖਵੀਆਂ ਬਹਿਸਾਂ ਨੂੰ ਟੀਵੀ ’ਤੇ ਵੇਖ-ਸੁਣ, ਦੇਸ਼ਭਗਤੀ ਨੂੰ ਧਾਰਮਿਕ ਨਫ਼ਰਤ ਅਤੇ ਨਿਆਂ ਨੂੰ ਖੈਰਾਤ ਤੱਕ ਮਹਿਦੂਦ ਕਰਨ ਵਾਲੀਆਂ ਧਿਰਾਂ ਵਿੱਚੋਂ ਕਿਸੇ ਇੱਕ ਨੂੰ ਚੁਣਨ ਲਈ ਆਤੁਰ ਹਾਂ। ਜਦੋਂ ਚਾਰੋਂ ਪਾਸੇ ਗੱਲ ਸਮਾਜ ਨਿਰਮਾਣ ਦੀ ਹੋ ਰਹੀ ਹੋਵੇ, ਫ਼ੌਜਾਂ ਭਿੜ ਰਹੀਆਂ ਹੋਣ ਕਿ ਦੇਸ਼ ਲਈ ਕੌਣ ਲੜ ਰਿਹਾ ਹੈ, ਕਿਸਾਨ-ਮਜ਼ਦੂਰ ਦੇ ਹਿਤੈਸ਼ੀ ਹੋਣ ਦੀਆਂ ਦਾਅਵੇਦਾਰੀਆਂ ਜਨਤਕ ਪਿੜ ਵਿੱਚ ਠੋਕੀਆਂ ਜਾ ਰਹੀਆਂ ਹੋਣ ਤੇ ਫਿਰ ਵੀ ਸਟਾਰ ਪ੍ਰਚਾਰਕ ਦਾ ਵਿਚਾਰ ਸਾਡੇ ਬਿਆਨੀਏ ਵਿੱਚੋਂ ਮਨਫ਼ੀ ਹੋਵੇ ਤਾਂ 550ਵੀਂ ਵਰ੍ਹੇਗੰਢ ਵਾਲੇ ਉੱਤੇ ਐਲਾਨੀਆ ਅਜਾਰੇਦਾਰੀ ਵਾਲਿਆਂ ਬਾਰੇ ਕੀ ਕਹੀਏ? ਅਸੀਂ ਨਿੱਤ ਗੁਰੂ ਅੱਗੇ ਵਿਸਾਹ ਦਾਨ, ਭਰੋਸਾ ਦਾਨ, ਬਿਬੇਕ ਦਾਨ ਬਖ਼ਸ਼ਣ ਦੀ ਬੇਨਤੀ ਕਰਦੇ ਹਾਂ, ਪਰ ਇਸ ਦਾਤ ਨੂੰ ਅਣਗੌਲਿਆਂ ਕਰ ਸੌੜੇ ਹਿੱਤਾਂ ਵਾਲੀਆਂ ਧਿਰਾਂ ਨੂੰ ਵੋਟ ਪਾਉਣ ਲਈ ਤਿਆਰ ਬਰ ਤਿਆਰ ਹਾਂ। ਅਸੀਂ ਮੱਥਾ-ਟੇਕ ਗੱਦਾਰ ਹਾਂ।

 
 *ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਜਿੱਥੋਂ ਤੱਕ ਗਿਆਤ ਹੈ, ਕਦੀ ਕਦੀ ਰਾਜੇ ਸੀਹ ਮੁਕਦਮ ਕੁਤੇ ਕਹਿਣ ਤੋਂ ਝਿਜਕਦਾ ਰਿਹਾ ਹੈ।
 
ਇਹ ਲੇਖ  ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 


 
 
 
 
 _______________________________________________________________

  


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD
.

ARCHIVE

Copyright © 2016-2017


NEWS LETTER