ਵੀਡੀਓ
ਐੱਸ ਪੀ ਸਿੰਘ
ਕੈਲੰਡਰ ਬਦਲੋ, ਧੁੰਦ ਤੋਂ ਬਚੋ, ਚੌਂਕ ਤਕ ਗੇੜੀ ਮਾਰੋ




ਜਾਂਦੇ ਨੂੰ ਵਿਦਾ, ਨਵੇਂ ਦਾ ਖ਼ੈਰ ਮਕਦਮ। ਪੱਤ ਝੜੇ ਪੁਰਾਣੇ ਵੇ, ਰੁੱਤ ਨਵਿਆਂ ਦੀ ਆਈ ਆ ਦੀ ਤਰਜ਼ ਤੇ ਸੁਨੇਹੇ ਭੇਜਣੇ, ਤਸਲੀਮ ਕਰਨੇ। ਕੰਧ ਤੇ ਨਵਾਂ ਕੈਲੰਡਰ ਟੰਗਣਾ। ਇਸ ਸਭ ਦਾ ਮੈਨੂੰ ਕਾਫੀ ਅਭਿਆਸ ਹੋ ਚੁੱਕਾ ਹੈ। ਤਰੱਦਦ ਤੁਸੀਂ ਵੀ ਕਈ ਵਾਰੀ ਕਰ ਚੁੱਕੇ ਹੋ ਇਹੋ। ਹਰ ਵਾਰੀ ਜਾਪਦੈ ਇਹ ਨਵਾਂ ਸਾਲ ਬੜਾ ਫੈਸਲਾਕੁੰਨ ਹੋ ਨਿਬੜੇਗਾ। 

ਸੋ, ਹਸਬੇ-ਮਾਮੂਲ ਇਸ ਵਾਰੀ ਵੀ ਅਜਿਹਾ ਦਾਅਵਾ ਕਰਨਾ ਬਣਦਾ ਹੈ। ਫਿਰ ਕਿਉਂ ਲੱਗਦਾ ਹੈ ਕਿ ਇਸ ਵਾਰੀ ਇਸ ਦਾਅਵੇ ਵਿੱਚ ਸੱਚਮੁੱਚ ਜੁੰਬਿਸ਼ ਹੈ? ਪੰਜਾਬ ਨੇ ਲੋਕਤੰਤਰ ਦੀ ਸਭ ਤੋਂ ਹੇਠਲੀ ਤਹਿ 'ਤੇ ਵੋਟਾਂ ਦੀ ਲੜਾਈ ਦੇਖਦਿਆਂ ਹੋਇਆਂ 2018 ਨੂੰ ਵਿਦਾ ਕੀਤਾ ਹੈ। ਵੱਡੀ ਗਿਣਤੀ ਵਿੱਚ ਪੇਂਡੂ ਭਾਈਚਾਰਾ, ਜਿਸ ਨੇ ਆਪਣੇ ਆਪ ਉੱਤੇ ਅਸਲੀ ਪੰਜਾਬ ਹੋਣ, ਅਖਵਾਉਣ ਅਤੇ ਸਮਝੇ ਜਾਣ ਦਾ ਭਾਰ ਪਾਇਆ ਹੋਇਆ ਹੈ, ਇਨ੍ਹਾਂ ਪੰਚਾਇਤੀ ਚੋਣਾਂ ਵਿੱਚ ਜ਼ੋਰ-ਸ਼ੋਰ ਨਾਲ ਵਿਚਰਿਆ। 'ਜ਼ੋਰ ਨਾਲ' ਇਸ ਲਈ ਕਿਉਂਕਿ ਸਾਰੇ ਘਟਨਾਕ੍ਰਮ ਵਿੱਚ ਪਾਟੋਧਾੜ ਪਿੰਡ, ਡਾਂਗਾਂ-ਸੋਟੇ-ਕਿਰਪਾਨਾਂ, ਗਹਿਗੱਚ ਭੇੜਾਂ ਅਤੇ ਲੱਥੀਆਂ ਪੱਗਾਂ ਦਾ ਜ਼ਿਕਰ ਲਗਾਤਾਰ ਜਾਰੀ ਰਿਹਾ। 'ਸ਼ੋਰ ਨਾਲ' ਇਸ ਲਈ ਕਿ ਹੁਣ ਲੋਕਤੰਤਰ ਪਿੰਡ ਦੀਆਂ ਵੀਹੀਆਂ, ਗਲੀਆਂ, ਵਿਹੜਿਆਂ ਤੱਕ ਪਹੁੰਚ ਗਿਆ ਹੈ ਅਤੇ ਟੀਵੀ ਸਟੂਡੀਓ ਤੇ ਹੁੰਦੀ ਬਹਿਸ ਤੋਂ ਲੈ ਕੇ ਪਿੰਡ-ਪਿੰਡ ਸ਼ੂਕਦੀਆਂ ਕਾਕਿਆਂ ਦੀਆਂ ਵੱਡੀਆਂ ਗੱਡੀਆਂ, ਉਨ੍ਹਾਂ ਵਿੱਚ ਰੱਖੀਆਂ ਸਰੀਰ ਅਤੇ ਦਿਮਾਗ ਲਈ ਲਾਹੇਵੰਦ ਸ਼ਹਿਦ ਦੀਆਂ ਬੋਤਲਾਂ ਵਾਲੀਆਂ ਪੇਟੀਆਂ ਤੇ ਨੋਟਾਂ ਦੀਆਂ ਦੱਥੀਆਂ ਤੋਂ ਇਹ ਹੁਣ ਜੱਗ ਜ਼ਾਹਿਰ ਹੈ ਕਿ ਸਭਨਾਂ ਨੂੰ ਲੋਕਤੰਤਰ ਦੀ ਮਹੱਤਤਾ ਬਾਰੇ ਨਿਹਾਇਤ ਅਸਰਅੰਦਾਜ਼ ਢੰਗਾਂ ਨਾਲ ਜਾਣਕਾਰੀ ਪਹੁੰਚਾਈ ਜਾ ਰਹੀ ਹੈ।  
----------
ਇਸ ਲਈ ਲੋਕਤੰਤਰ ਦੀ ਸਿਹਤ ਦਾ ਸਹੀ ਹਾਲ ਜਾਨਣ ਲਈ ਹਮੇਸ਼ਾ ਚੌਕ ਤੱਕ ਇੱਕ ਗੇੜੀ ਮਾਰ ਲੈਣੀ ਚਾਹੀਦੀ ਹੈ। ਕਿਸੇ ਵੀ ਦੇਸ਼ ਵਿੱਚ ਲੋਕਤੰਤਰ ਉਨ੍ਹਾਂ ਕੁ ਮਜ਼ਬੂਤ ਹੁੰਦਾ ਹੈ ਜਿੰਨਾ ਉਹ ਚੌਕ ਵਿੱਚ ਵਿਖਾਈ ਦਿੰਦਾ ਹੈ।
----------

ਹੋਰ 100 ਦਿਨਾਂ ਬਾਅਦ ਪੂਰੇ ਦੇਸ਼ ਵਿੱਚ ਲੋਕਤੰਤਰ ਦਾ ਗੁਣਗਾਨ ਚਰਮਸੀਮਾ ਤੇ ਹੋਵੇਗਾ। ਤੁਸੀਂ ਇਸ ਕਾਲਮ ਦੇ ਕੁਝ ਹੀ ਘੰਟਿਆਂ ਬਾਅਦ ਜਿਸ 2019 ਵਿੱਚ ਕਦਮ ਰੱਖਿਆ ਹੈ, ਉਸ ਨੇ ਭਾਰਤੀ ਲੋਕਤੰਤਰ ਬਾਰੇ ਭਰ ਗਰਮੀਆਂ ਤੋਂ ਪਹਿਲਾਂ-ਪਹਿਲਾਂ ਮਹੱਤਵਪੂਰਨ ਫ਼ੈਸਲਾ ਕਰਨਾ ਹੈ। 

ਹਵਾ ਵਿੱਚ ਉੱਡਦੇ ਹਰਫ਼ਾਂ ਵਿੱਚ ਲੋਕਤੰਤਰ ਦੀ ਸਿਹਤ ਬਾਰੇ ਕਿਆਸ-ਅਰਾਈਆਂ ਹੋ ਰਹੀਆਂ ਹਨ। ਕੁਝ ਕਹਿ ਰਹੇ ਨੇ ਕਿ ਪਿਛਲੇ ਚਾਰ, ਸਾਢੇ ਚਾਰ ਸਾਲਾਂ ਵਿੱਚ ਲੋਕਤੰਤਰ ਬੜਾ ਬਿਮਾਰ ਰਿਹਾ ਹੈ। ਕੁਝ ਦਾ ਕਹਿਣਾ ਹੈ ਮਸਾਂ 70 ਸਾਲਾਂ ਬਾਅਦ ਕੁਝ ਸਿਹਤਯਾਬ ਹੋਇਆ ਹੈ, ਪਹਿਲੇ ਤਾਂ ਝੂਠ-ਮੂਠ ਦਾ ਹੀ ਸੀ। ਮੇਰੇ ਡੈਡੀ ਜੀ ਨੇ ਕਦੀ ਕਿਸੇ ਤੇ ਇਹ ਜਾਨਣ ਲਈ ਵਿਸ਼ਵਾਸ ਨਹੀਂ ਕੀਤਾ ਕਿ ਬਾਹਰ ਮੌਸਮ ਕਿਹੋ ਜਿਹਾ ਹੈ। ਉਹ ਪੈਰੀਂ ਚੱਪਲ ਅੜਾਉਂਦੇ, ਗੇਟ ਖੋਲ੍ਹ ਬਾਹਰ ਗਲੀ ਦਾ ਚੱਕਰ ਲਾਉਂਦੇ, ਅਸਮਾਨ ਵੱਲ ਗਹੁ ਨਾਲ ਤੱਕਦੇ ਤੇ ਫਿਰ ਐਲਾਨ ਕਰਦੇ, "ਹੋਰ ਡੇਢ-ਕੁ ਘੰਟੇ ਨੂੰ ਬੂੰਦਾਬਾਂਦੀ ਹੋਵੇਗੀ ਪਰ ਐਡੀ ਗੱਲ ਕੋਈ ਨਹੀਂ। ਤਿਆਰ ਹੋ ਤੇ ਸਕੂਲ ਜਾ।" ਖੌਰੇ ਕਿਹੜੇ ਤਾਰ ਜੁੜੇ ਨੇ ਸਾਈਂ ਨਾਲ ਉਹਨਾਂ ਦੇ ਕਿ ਇੰਦਰ ਦੇਵਤਾ ਨੱਬੇ ਮਿੰਟਾਂ ਬਾਅਦ ਛਿੱਟਾ ਜਿਹਾ ਮਾਰ ਦੇਂਦਾ। ਮੈਂ ਪੁੱਛਦਾ ਤਾਂ ਕਹਿੰਦੇ, "ਬਾਹਰ ਜਾ ਕੇ ਪਤਾ ਲੱਗਦਾ ਏ।" ਇਹੋ ਗੱਲ ਮੇਰੀ ਮਾਂ ਕਹਿੰਦੀ ਜਦੋਂ ਸੂਟ ਦੇ ਨਾਲ ਦਾ ਦੁਪੱਟਾ ਖਰੀਦਣ ਜਾਂਦੀ। ਪੂਰਾ ਥਾਨ ਚੁੱਕ ਦੁਕਾਨ ਵਿੱਚੋਂ ਬਾਹਰ ਤੁਰ ਪੈਂਦੀ ਤੇ ਕਮੀਜ਼ ਨਾਲ ਲਾ ਕੇ ਕਹਿੰਦੀ, "ਹੈ ਤਾਂ ਘੀਆ-ਕਪੂਰੀ ਪਰ ਜ਼ਰਾ ਹੋਰ ਤਰ੍ਹਾਂ ਦੀ ਭਾਅ ਮਾਰਦਾ ਏ।" ਮੈਂ ਗੱਲ ਪੱਲੇ ਬੰਨ੍ਹ ਲਈ ਕਿ ਜਦੋਂ ਬਿਆਨੀਏ ਆਪਾ-ਵਿਰੋਧੀ ਹੋਣ ਤਾਂ ਬਾਹਰ ਜਾ ਕੇ ਸੱਚ ਪਤਾ ਲੱਗਦਾ ਹੈ। 
----------
ਜਾਂਦੇ 2018 ਨੇ ਪੰਜਾਬ ਦੇ ਹਰ ਪਿੰਡ ਵਿੱਚ ਲੋਕਤੰਤਰ ਦੀ ਸਿਹਤ ਬਾਰੇ ਕੱਚਾ ਚਿੱਠਾ ਸ਼ਰੇਆਮ ਸ਼ਾਇਆ ਕਰ ਦਿੱਤਾ ਹੈ। ਦੇਸ਼ ਵਿਚਲੀਆਂ ਜਮਹੂਰੀ ਪਰੰਪਰਾਵਾਂ ਦੀ ਬੁਨਿਆਦ ਜੇ ਪੰਚਾਇਤੀ ਰਾਜ ਉੱਤੇ ਟਿਕੀ ਹੋਈ ਹੈ ਤਾਂ ਫਿਰ ਤੁਸੀਂ "ਇਹ ਇਮਾਰਤ ਰਹਿਣ ਯੋਗ ਨਹੀਂ ਹੈ" ਵਾਲਾ ਬੋਰਡ ਚੌਕ ਵਿੱਚ ਲਾ ਦਿਓ।
----------
ਇਸ ਲਈ ਲੋਕਤੰਤਰ ਦੀ ਸਿਹਤ ਦਾ ਸਹੀ ਹਾਲ ਜਾਨਣ ਲਈ ਹਮੇਸ਼ਾ ਚੌਕ ਤੱਕ ਇੱਕ ਗੇੜੀ ਮਾਰ ਲੈਣੀ ਚਾਹੀਦੀ ਹੈ। ਕਿਸੇ ਵੀ ਦੇਸ਼ ਵਿੱਚ ਲੋਕਤੰਤਰ ਉਨ੍ਹਾਂ ਕੁ ਮਜ਼ਬੂਤ ਹੁੰਦਾ ਹੈ ਜਿੰਨਾ ਉਹ ਚੌਕ ਵਿੱਚ ਵਿਖਾਈ ਦਿੰਦਾ ਹੈ। ਮਿਸਰ ਦੇ ਤਹਿਰੀਰ ਚੌਕ ਵਿੱਚ ਕੁਝ ਸਾਲ ਪਹਿਲਾਂ ਭੀੜ ਇਹੋ ਵੇਖਣ ਆਈ ਸੀ। ਚੀਨ ਦੇ Tiananmen ਚੌਕ ਵਿੱਚ ਲੋਕਤੰਤਰ ਦੀ ਜਿਹੜੀ ਹਾਲਤ ਦਿੱਸੀ, ਉਸ ਤੋਂ ਦੁਨੀਆਂ ਭਲੀਭਾਂਤ ਵਾਕਿਫ਼ ਹੈ। ਦਿੱਲੀ ਦੇ ਜੰਤਰਮੰਤਰ ਚੌਕ ਵਿੱਚ ਦਹਾਕਿਆਂ ਤੱਕ ਲੱਗਦੇ ਰਹੇ ਧਰਨੇ, ਮਰਨਵਰਤ, ਭੁੱਖ ਹੜਤਾਲਾਂ ਲੋਕਤੰਤਰ ਦੀ ਸਿਹਤ ਦੇ ਬੁਲਿਟਨ ਸਨ। ਚੰਡੀਗੜ੍ਹ ਦੇ ਮਟਕਾ ਚੌਕ ਵਿੱਚ ਇਹ ਲੋਕਤੰਤਰ ਦੀ ਨੁਮਾਇਸ਼ ਹੁਣ ਕਾਨੂੰਨੀ ਤੌਰ ਤੇ ਬੰਦ ਕਰ ਦਿੱਤੀ ਗਈ ਹੈ ਅਤੇ ਸਾਡੀਆਂ ਜਮਹੂਰੀ ਜਥੇਬੰਦੀਆਂ ਵੀ ਜ਼ਾਬਤੇ ਦਾ ਭਰਪੂਰ ਮੁਜ਼ਾਹਰਾ ਕਰਦਿਆਂ ਆਪਣੀ ਧਰਨੇ ਵਾਲੀ ਦਰੀ ਹੁਣ ਸਿਵਿਆਂ ਦੇ ਗਵਾਂਢ, ਨਗਰ ਨਿਵਾਸੀਆਂ ਦੀਆਂ ਅੱਖੀਆਂ ਤੋਂ ਓਹਲੇ, ਸੈਕਟਰ 25 ਵਿੱਚ ਜਾ ਵਿਛਾਉਂਦੀਆਂ ਹਨ ਜਿੱਥੇ ਬੁਨਿਆਦੀ ਸਹੂਲਤਾਂ ਦੇ ਨਾਮ ਤੇ ਪਾਣੀ ਦੀ ਇਕ ਟੂਟੀ ਵੀ ਲੱਗੀ ਹੋਈ ਹੈ ਤਾਂ ਜੋ ਪਿਆਸਾ ਲੋਕਤੰਤਰ ਪਾਣੀ ਖੁਣੋਂ ਨਾ ਮਰ ਜਾਵੇ। 

ਆਪ-ਮੁਹਾਰਾ ਹੋਇਆ ਲੋਕਤੰਤਰ ਕਿਤੇ ਸੜਕ ਪਾਰ ਕਰ "ਸ਼ਹਿਰ ਖੂਬਸੂਰਤ" ਵਿੱਚ ਨਾ ਵੜ੍ਹ ਜਾਵੇ, ਇਸ ਲਈ ਕਿਸੇ ਵੀ ਲੋਕਤੰਤਰੀ ਨੁਮਾਇਸ਼ ਵਾਲੇ ਦਿਨ ਸਵੇਰੇ-ਸਵੇਰੇ ਹੀ ਬਹੁਤ ਸਾਰੇ ਪੁਲਿਸ ਵਾਲੇ ਡੰਡਿਆਂ ਅਤੇ ਢਾਲ-ਨੁਮਾ ਛਾਬਿਆਂ ਨਾਲ ਲੈਸ ਉੱਥੇ ਪਹੁੰਚ ਜਾਂਦੇ ਨੇ। ਲੋਕਤੰਤਰ ਦੀ ਰੱਖਿਆ ਲਈ "ਕਵਚ" ਨਾਮ ਦੀ ਇੱਕ ਟੈਂਕ-ਨੁਮਾ ਬਖਤਰਬੰਦ ਗੱਡੀ ਵੀ ਲੋਕਤੰਤਰ ਭਾਲਦੇ ਤਲਬਗਾਰਾਂ ਦੀ ਸੇਵਾ-ਹਿੱਤ ਹਾਜ਼ਰ ਹੁੰਦੀ ਹੈ। 

ਜਾਂਦੇ 2018 ਨੇ ਪੰਜਾਬ ਦੇ ਹਰ ਪਿੰਡ ਵਿੱਚ ਲੋਕਤੰਤਰ ਦੀ ਸਿਹਤ ਬਾਰੇ ਕੱਚਾ ਚਿੱਠਾ ਸ਼ਰੇਆਮ ਸ਼ਾਇਆ ਕਰ ਦਿੱਤਾ ਹੈ। ਦੇਸ਼ ਵਿਚਲੀਆਂ ਜਮਹੂਰੀ ਪਰੰਪਰਾਵਾਂ ਦੀ ਬੁਨਿਆਦ ਜੇ ਪੰਚਾਇਤੀ ਰਾਜ ਉੱਤੇ ਟਿਕੀ ਹੋਈ ਹੈ ਤਾਂ ਫਿਰ ਤੁਸੀਂ "ਇਹ ਇਮਾਰਤ ਰਹਿਣ ਯੋਗ ਨਹੀਂ ਹੈ" ਵਾਲਾ ਬੋਰਡ ਚੌਕ ਵਿੱਚ ਲਾ ਦਿਓ। ਵੈਸੇ ਵੀ ਬਹੁਤ ਸਾਰਿਆਂ ਸਲਫ਼ਾਸ ਖਾ, ਰੱਸੇ ਗੱਲ ਵਿਚ ਪਾ ਇਹ ਕਹਿ ਹੀ ਦਿੱਤਾ ਹੈ। ਗ੍ਰਾਮ ਸਭਾ ਉਹ ਚੌਂਕ ਸੀ ਜਿੱਥੇ ਕਿਸੇ ਦਿਲ ਹਾਰੇ ਨੂੰ ਸਾਰੇ ਪਿੰਡ ਨੇ ਛਾਤੀ ਨਾਲ ਲਾ ਲੈਣਾ ਸੀ, ਪਰ ਕੋਈ ਵਿਰਲਾ ਛੱਡ ਸਾਰੇ ਪਿੰਡਾਂ ਵਿਚ ਇਹਦੀ ਲਾਸ਼ ਪਈ ਹੈ। 

ਸਾਰਾ ਵਰ੍ਹਾ ਹੀ 2018 ਵੇਖਦਾ ਰਿਹਾ ਕਿ ਕਿਵੇਂ ਹੱਕਾਂ ਦੇ ਤਲਬਗਾਰ ਮੁੜ-ਮੁੜ ਚੌਕਾਂ ਵਿੱਚ ਆ ਇਕੱਠੇ ਹੋਏ। ਜਿਵੇਂ ਕਦੀ ਮਟਕਾ ਚੌਕ ਵਿੱਚੋਂ ਭਜਾਏ ਮੁਕਤਸਰ ਦੇ ਲੰਬੀ ਪਿੰਡ ਵੱਲ ਚਾਲੇ ਪਾਉਂਦੇ ਸੀ, ਹੁਣ ਸ਼ਹਿਰ ਪਟਿਆਲੇ ਦੇ ਇੱਕ ਮਹਿਲ ਦਾ ਨਿਸ਼ਾਨਾ ਮਿੱਥ ਦਿਨਾਂ ਤੱਕ ਦਰੀਆਂ ਤੇ ਸੁੱਤੇ। ਅੰਤ ਲੋਕਤੰਤਰ ਬਚਾਉਣ ਦੀ ਸਹੁੰ ਖਾ ਕੇ ਵਰਦੀਆਂ ਪਾਉਣ ਵਾਲਿਆਂ ਨੇ ਉਨ੍ਹਾਂ ਤੇ ਕਦੇ ਡਾਂਗਾਂ ਵਰ੍ਹਾਈਆਂ, ਕਦੀ ਸ਼ਾਮਿਆਨੇ ਉਖਾੜੇ, ਜੂੰਡੇ ਪੁੱਟੇ, ਉੱਥੋਂ ਬਾਹਰ ਸੁੱਟੇ।  
-------------
 
------------- 
ਜਿਨ੍ਹਾਂ ਨੇ ਸਕੂਲਾਂ ਵਿਚ ਦੋ-ਦੂਨੀ-ਚਾਰ ਪੜ੍ਹਾਉਣਾ ਸੀ, ਉਹ ਸਰਕਾਰ ਨੂੰ ਇਹ ਨਹੀਂ ਸਮਝਾ ਸਕੇ ਕਿ 42,500 ਅਤੇ 15,000 ਬਰਾਬਰ ਨਹੀਂ ਹੁੰਦੇ। 2018 ਦੇ ਹਰੇਕ ਦਿਨ ਨੇ ਹਜ਼ਾਰਾਂ ਆਦਮੀਆਂ, ਔਰਤਾਂ, ਮਜ਼ਦੂਰਾਂ, ਦਿਹਾੜੀਦਾਰ ਕਾਮਿਆਂ, ਮੁਲਾਜ਼ਮਾਂ, ਆਂਗਣਵਾੜੀ ਵਰਕਰਾਂ, ਮਿਡ ਡੇਅ ਮੀਲ ਪਕਾਉਣ ਵਾਲਿਆਂ, ਮਨਰੇਗਾ ਵਰਕਰਾਂ, ਅਧਿਆਪਕਾਂ, ਨਰਸਾਂ, ਆਸ਼ਾ ਵਰਕਰਾਂ ਨੂੰ ਚੌਕ ਵਿੱਚ ਵੇਖਿਆ। ਜਿਵੇਂ ਇਨ੍ਹਾਂ ਲੋਕਤੰਤਰ ਦੇ ਤਲਬਗਾਰਾਂ ਨਾਲ ਚੌਕਾਂ ਵਿੱਚ ਸਿੱਝਿਆ ਜਾ ਰਿਹਾ ਹੈ, ਉਹ ਦੇਸ਼ ਵਿਚਲੇ ਲੋਕਤੰਤਰ ਦੀ ਸਿਹਤ ਦਾ ਸੂਚਕ ਹੈ। ਚੌਂਕਾਂ ਵਿੱਚ ਜਾਣਾ ਹੁਣ ਖਤਰੇ ਤੋਂ ਖਾਲੀ ਨਹੀਂ ਰਿਹਾ। ਦੇਸ਼ ਭਰ ਵਿੱਚ ਘੱਟ-ਗਿਣਤੀ ਭਾਈਚਾਰੇ ਨਾਲ ਜੋ ਵਿਵਹਾਰ ਰਾਜਸੀ ਸੱਤਾ ਦੇ ਪਿੱਠ-ਥਾਪੜਾ ਪ੍ਰਾਪਤ ਲੋਕਤੰਤਰ ਦੇ ਆਪੂੰ-ਬਣੇ ਰੱਖਿਅਕ ਕਰ ਰਹੇ ਹਨ, ਉਸਦੇ ਵਿਰੋਧ ਵਿੱਚ ਪੀੜਤ ਭਾਈਚਾਰਾ ਚੌਕਾਂ ਵਿੱਚ ਇਕੱਠਾ ਨਹੀਂ ਹੋ ਰਿਹਾ। ਚੌਕ ਹੁਣ ਸਾਰਿਆਂ ਲਈ ਸੁਰੱਖਿਅਤ ਨਹੀਂ ਰਿਹਾ। 
----------
ਸੁਰਖੀਆਂ ਛਪੀਆਂ ਹਨ ਕਿ 2019 ਵਿੱਚ ਟਵਿੱਟਰ-ਫੇਸਬੁੱਕ ਵਾਲੇ ਔਨਲਾਈਨ ਚੌਕ ਵਿੱਚ ਵੀ ਪੁਲਿਸ ਅਤੇ ਫ਼ੌਜ ਦੀ ਗਸ਼ਤ ਦਾ ਪੁਖਤਾ ਇੰਤਜ਼ਾਮ ਕਰ ਦਿੱਤਾ ਜਾਵੇਗਾ। ਤੁਹਾਡੇ ਨਿੱਤ ਦੇ ਡੇਢ ਜੀਬੀ ਦੇ ਡੇਟਾ-ਪੈਕ ਨਾਲ ਇੱਕ ਸਰਕਾਰੀ "ਕਵਚ" ਗੱਡੀ ਵੀ ਲੋਕਤੰਤਰੀ ਨਿਆਣਿਆਂ ਦੀ ਨਜ਼ਰਸਾਨੀ ਲਈ ਨਾਲ ਰਹੇਗੀ।
----------
ਕਿਉਂਜੋ ਡਰੇ, ਡਰਾਏ, ਧਮਕਾਏ ਲੋਕ ਚੌਕ ਤੱਕ ਨਹੀਂ ਆ ਸਕਦੇ, ਇਸ ਲਈ ਮੁੱਠੀ-ਭਰ ਲੋਕਾਂ 2018 ਵਿੱਚ ਕੋਸ਼ਿਸ਼ ਕੀਤੀ ਕਿ ਚੌਕ ਨੂੰ ਇੱਕ ਬੱਸ ਵਿੱਚ ਰੱਖ ਕੇ ਉਹ ਉਨ੍ਹਾਂ ਗਲੀਆਂ ਤੱਕ ਲੈ ਜਾਣ ਪਰ ਕਾਰਵਾਂ-ਏ-ਮੁਹੱਬਤ ਵਾਲੀ ਇਸ ਬੱਸ ਵਿੱਚ ਤਾਂ ਬਸ ਢਾਈ ਟੋਟਰੂਆਂ ਜੋਗੀ ਹੀ ਜਗ੍ਹਾ ਸੀ। ਉਨ੍ਹਾਂ ਦੇਸ਼ ਵਿੱਚ ਚੌਕ ਘੁਮਾ ਛੱਡਿਆ, ਬਾਕੀ ਜ਼ਿੰਮਾ 2019 ਵਿੱਚ ਤੁਹਾਡੇ ਤੇ ਪਾ ਛੱਡਿਆ। 

ਮੁਲਕ-ਸੂਬੇ-ਪਿੰਡ-ਸ਼ਹਿਰ-ਸੜਕਾਂ-ਪਗਡੰਡੀਆਂ-ਸਿਆਸਤਦਾਨਾਂ-ਅਫਸਰਾਂ-ਪੁਲਿਸ-ਫੌਜ ਵਾਲੀ ਇਸ ਦੁਨੀਆਂ ਵਿੱਚ ਲੋਕਤੰਤਰ ਦੀਆਂ ਚੌਕਾਂ ਵਿੱਚ ਟੁੱਟੀਆਂ ਲੱਤਾਂ ਬਾਹਵਾਂ ਤੋਂ ਉਕਤਾਏ ਲੋਕਾਂ ਇੱਕ ਵੱਖਰਾ ਚੌਕ ਤਾਮੀਰ ਕੀਤਾ ਜਿਸ ਦਾ ਨਾਮ ਇੰਟਰਨੈੱਟ ਹੈ। ਉੱਥੇ ਵਿਚਾਰਾਂ ਦਾ ਖੁੱਲ੍ਹਾ ਪ੍ਰਗਟਾਅ ਹੋ ਰਿਹਾ ਸੀ। ਛੱਤੀ ਟੈਂਕਾਂ ਦੇ ਸਾਹਮਣੇ ਫੇਸਬੁੱਕ ਤੇ ਖਾਤਾ ਖੋਲ੍ਹ ਕੋਈ 'ਕੱਲਾ ਹੀ ਛਾਤੀ ਤਾਣ ਖਲ੍ਹੋ ਜਾਂਦਾ ਸੀ। ਇੱਕ ਵੱਡਾ ਸਾਰਾ ਚੌਕ ਖੁੱਲ੍ਹ ਗਿਆ ਸੀ ਅਤੇ ਲੱਗਦਾ ਸੀ ਇੱਥੋਂ ਚੰਗੀ ਕੁਆਲਿਟੀ ਵਾਲੀ ਜਮਹੂਰੀਅਤ ਅਸਲੀ ਦੁਨੀਆ ਨੂੰ ਸਪਲਾਈ ਕੀਤੀ ਜਾਵੇਗੀ ਤਾਂ ਜੋ ਤੁਸੀਂ ਲੋੜ ਮੁਤਾਬਕ ਬੋਟ ਕਲੱਬ ਤੋਂ ਲੈ ਕੇ ਮਟਕਾ ਚੌਕ ਤੱਕ ਲੋਕਤੰਤਰ ਦਾ ਛਿੱਟਾ ਮਾਰ ਸਕੋ। 2018 ਨੂੰ ਵਿਦਾ ਕਰਨ ਤੋਂ ਪਹਿਲੇ-ਪਹਿਲੇ ਸਰਕਾਰ ਨੇ ਇਸ ਖਲਾਈ ਮਖ਼ਲੂਕ ਵਰਤਾਰੇ ਦਾ ਵੀ ਹੱਲ ਕੱਢ ਲਿਆ ਹੈ। ਸੁਰਖੀਆਂ ਛਪੀਆਂ ਹਨ ਕਿ 2019 ਵਿੱਚ ਟਵਿੱਟਰ-ਫੇਸਬੁੱਕ ਵਾਲੇ ਔਨਲਾਈਨ ਚੌਕ ਵਿੱਚ ਵੀ ਪੁਲਿਸ ਅਤੇ ਫ਼ੌਜ ਦੀ ਗਸ਼ਤ ਦਾ ਪੁਖਤਾ ਇੰਤਜ਼ਾਮ ਕਰ ਦਿੱਤਾ ਜਾਵੇਗਾ। ਤੁਹਾਡੇ ਨਿੱਤ ਦੇ ਡੇਢ ਜੀਬੀ ਦੇ ਡੇਟਾ-ਪੈਕ ਨਾਲ ਇੱਕ ਸਰਕਾਰੀ "ਕਵਚ" ਗੱਡੀ ਵੀ ਲੋਕਤੰਤਰੀ ਨਿਆਣਿਆਂ ਦੀ ਨਜ਼ਰਸਾਨੀ ਲਈ ਨਾਲ ਰਹੇਗੀ। 


ਜਮਹੂਰੀਅਤ ਦਾ ਵਿਸ਼ਵ ਪੱਧਰ ਦਾ ਐਕਸਪੋਰਟਰ ਅਮਰੀਕਾ ਤਾਂ 2019 ਵਿੱਚ ਕਦਮ ਹੀ ਸਰਕਾਰ ਦਾ ਸ਼ਟਰ ਬੰਦ ਕਰਕੇ ਰੱਖ ਰਿਹਾ ਹੈ। ਤੁਹਾਨੂੰ ਤਾਂ ਇੱਥੇ ਜਾਪਦੈ ਕਿ ਪਰਲੋ ਆਈ ਪਈ ਏ, ਉਨ੍ਹਾਂ ਨੂੰ ਪੁੱਛ ਵੇਖੋ ਜਿੱਥੇ ਟਰੰਪ ਵਰ੍ਹ ਰਿਹਾ ਹੈ। 2018 ਦੀ ਇਸ ਆਖਰੀ ਰਾਤ ਅਮਰੀਕੀ ਤਾਂ ਇਹ ਸੁਪਨਾ ਲੈ ਕੇ ਵੀ ਨਹੀਂ ਸੌਂ ਰਹੇ ਕਿ ਸਵੇਰ ਹੋਵੇਗੀ ਅਤੇ 2019 ਵਿੱਚ ਟਰੰਪ ਰਾਸ਼ਟਰਪਤੀ ਨਹੀਂ ਹੋਵੇਗਾ। 

ਸਾਡੇ ਇੱਥੇ ਵੀ ਇਸ ਕੈਲੰਡਰ ਬਦਲਣ ਵਾਲੀ ਯੱਖ ਰਾਤ ਨੂੰ ਧੁੰਦ ਬੜੀ ਹੈ। ਪਤਾ ਨਹੀਂ 2019 ਵਿੱਚ ਕੌਣ ਹੋਵੇਗਾ? ਇਹ ਵਿਸ਼ਵਾਸ ਵੀ ਨਹੀਂ ਕਿ ਚੌਕ ਵਿੱਚ ਲੋਕਤੰਤਰ ਨੂੰ ਕਿੰਨਾ ਫਰਕ ਪਵੇਗਾ? ਇਹ ਵੀ ਨਹੀਂ ਪਤਾ ਕਿ ਧਰਨਿਆਂ ਲਈ ਲੰਬੀ ਅਤੇ ਪਟਿਆਲੇ ਤੋਂ ਬਾਅਦ ਕੋਈ ਨਵਾਂ ਚੌਕ ਤਾਂ ਨਹੀਂ ਤਲਾਸ਼ਨਾ ਪਵੇਗਾ? ਰਾਸ਼ਟਰਵਿਆਪੀ ਇਸ ਧੁੰਦ ਵਿੱਚ ਤੁਸੀਂ ਸਹਿਜ ਨਾਲ ਚੱਲਣਾ, ਕਿਸੇ ਚੌਕ ਵਿੱਚ ਬੈਠੀ ਸ਼ਰੀਫ ਗਾਂ ਨਾਲ ਟੱਕਰ ਤੋਂ ਬਚਣਾ। ਲੋਕਤੰਤਰ ਦੀ ਟੀਂ-ਟੀਂ ਵਾਲੀ ਆਵਾਜ਼ ਕੱਢਦੀ ਉਸ ਈਵੀਐਮ ਮਸ਼ੀਨ ਤੇ ਅੰਗੂਠਾ ਦਬਾਉਣ ਤੋਂ ਪਹਿਲਾਂ ਸਭਨਾਂ ਦੇ ਲੋਕਤੰਤਰ ਦੀ ਸਿਹਤ ਬਾਰੇ ਜਾਰੀ ਕੀਤੇ ਤਰਜੀਹੇ ਪੜ੍ਹ ਕੇ ਉਹਦੇ ਬਣਾਏ ਖਾਕੇ ਦਾ ਧਿਆਨ ਧਰਨਾ ਜਿਸ ਦੀ 550ਵੀਂ ਵਰ੍ਹੇਗੰਢ ਇਸ ਲਈ ਮਨਾ ਰਹੇ ਹਾਂ ਕਿ ਧੁੰਦ ਮਿਟੇ, ਜਗ ਵਿੱਚ ਚਾਨਣ ਹੋਵੇ। 2018 ਨਾਲੋਂ 2019 ਜ਼ਿਆਦਾ ਖੁਸ਼ਨਸੀਬ ਹੋਵੇ, ਇਸ ਦੁਆ ਨਾਲ, ਲਿਖਤੁਮ ਬਾਦਲੀਲ਼। 

ਸੁਣੋ ਆਡੀਓ:
 

 ----------
 
ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਪੰਜਾਹ ਤੋਂ ਵਧੇਰੇ ਕੈਲੰਡਰ ਬਦਲਣ ਦਾ ਤਜਰਬਾ ਰੱਖਦਾ ਹੈ।
ਇਹ ਲੇਖ  ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________



...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE





Copyright © 2016-2017










NEWS LETTER