ਖੇਡਾਂ
101 ਸਾਲਾ ਬੇਬੇ ਨੇ ਗੋਲਡਨ ਉਮਰ 'ਚ ਗੋਲਡ ਤਮਗਾ ਜਿੱਤਿਆ
- ਹਰਜਿੰਦਰ ਸਿੰਘ ਬਸਿਆਲਾ
101 ਸਾਲਾ ਬੇਬੇ ਨੇ ਗੋਲਡਨ ਉਮਰ 'ਚ ਗੋਲਡ ਤਮਗਾ ਜਿੱਤਿਆਨਿਊਜ਼ੀਲੈਂਡ ਵਿਚ 9ਵੀਂਆਂ 'ਵਰਲਡ ਮਾਸਟਰਜ਼ ਗੇਮਜ਼' 21 ਅਪ੍ਰੈਲ ਤੋਂ ਜਾਰੀ ਹਨ। ਸੋਮਵਾਰ ਸਵੇਰੇ 100 ਮੀਟਰ ਦੌੜ ਦੇ ਹੋਏ ਮੁਕਾਬਲਿਆਂ ਵਿਚ 100 ਸਾਲ ਉਮਰ ਦੇ ਵਰਗ ਵਿਚ ਚੰਡੀਗੜ੍ਹ ਤੋਂ ਪੁੱਜੀ ਬੇਬੇ ਮਨ ਕੌਰ ਨੇ ਸੋਨ ਤਮਗਾ ਜਿੱਤ ਕੇ ਜਿੱਥੇ ਖੇਡ ਮੈਦਾਨ ਦੇ ਲਾਲ ਰੰਗ ਦੇ ਰੇਸਿੰਗ ਟਰੈਕ ਵਿਚ ਤਿੰਨ ਰੰਗਾ ਭਾਰਤੀ ਝੰਡਾ ਲਹਿਰਾ ਅਤੇ ਨੱਚ ਕੇ ਖੁਸ਼ੀ ਪ੍ਰਗਟ ਕੀਤੀ ਉਥੇ ਇਹ ਵੀ ਦਰਸਾ ਦਿੱਤਾ ਕਿ ਗੋਲਡਨ ਉਮਰ ਵਿਚ ਵੀ ਅੰਤਰਰਾਸ਼ਟਰੀ ਪੱਧਰ ਉਤੇ ਗੋਲਡ ਮੈਡਲ ਜਿੱਤਿਆ ਜਾ ਸਕਦਾ ਹੈ। ਬੇਬੇ ਇਨ੍ਹਾਂ ਵਰਲਡ ਮਾਸਟਰਜ਼ ਗੇਮਾਂ ਵਿਚ ਸਭ ਤੋਂ ਜ਼ਿਆਦਾ ਉਮਰ ਦੀ ਅਥਲੀਟ ਹੈ।

ਇਹ ਦੌੜ ਬੇਬੇ ਨੇ 1 ਮਿੰਟ 14.58 ਸੈਕਿੰਡ ਵਿਚ ਪੂਰੀ ਕੀਤੀ। ਮਨ ਕੌਰ ਨੂੰ ਜੋ ਖਿਡਾਰੀ ਨੰਬਰ ਦਿੱਤਾ ਗਿਆ ਸੀ, ਉਸ ਦਾ ਨੰਬਰ 10001 ਸੀ ਜਿਸ ਦਾ ਮਤਲਬ ਸੀ ਕਿ 100 ਸਾਲ ਦੀ ਉਮਰ ਵਰਗ ਵਿਚ ਪਹਿਲਾ ਅਥਲੀਟ। ਇਸ ਗੋਲਡ ਮੈਡਲ ਜਿੱਤਣ ਦੇ ਬਾਅਦ ਮਨ ਕੌਰ ਦੇ ਸੋਨ ਤਮਗਿਆਂ ਦੀ ਗਿਣਤੀ 26 ਦੇ ਲਗਪਗ ਹੋ ਗਈ ਹੈ। ਉਂਜ ਬੇਬੇ ਕੋਲ 70 ਦੇ ਕਰੀਬ ਮੈਡਲ ਹੋ ਗਏ ਹਨ। ਬੇਬੇ ਦਾ ਨਾਂਅ ਲਿਮਕਾ ਬੁੱਕ ਆਫ ਰਿਕਾਰਡਜ਼ ਵਿਚ ਵੀ ਸ਼ਾਮਿਲ ਹੈ। ਬੇਬੇ ਨੇ ਤਮਗਾ ਗਲ ਵਿਚ ਪਹਿਨ ਜਿੱਥੇ ਬੋਲੇ ਸੋ ਨਿਹਾਲ ਦੇ ਜੈਕਾਰੇ ਲਾਏ ਉਥੇ ਖੁਸ਼ੀ ਵਿਚ ਝੂਮਦਿਆਂ ਗੁਰਬਾਣੀ ਦਾ ਗੁਣਗਾਨ ਵੀ ਕੀਤਾ।

ਬੇਬੇ ਮਨ ਕੌਰ ਭਾਰਤ ਦੀ ਇਕੋ-ਇਕ ਗੋਲਡਨ ਗਰਲ ਹੈ ਜਿਸ ਕੋਲ 8 ਵਰਲਡ ਰਿਕਾਰਡ ਹਨ। ਵੈਨਕੂਵਰ ਵਿਖੇ ਬੇਬੇ ਨਾਲ ਪਿਛਲੇ ਸਾਲ 4 ਗੋਲਡ ਮੈਡਲ ਜਿੱਤੇ ਸਨ। ਇਸ ਵੇਲੇ ਤੱਕ ਮਾਤਾ ਨੇ 25 ਗੋਲਡ ਮੈਡਲਾਂ ਸਮੇਤ ਕੁੱਲ 70 ਮੈਡਲ ਜਿੱਤੇ ਹੋਏ ਹਨ।

ਇਨ੍ਹਾਂ ਖੇਡਾਂ ਦੇ ਵਿਚ ਜੱਜ ਦੀ ਭੂਮਿਕਾ ਨਿਭਾਅ ਰਹੇ ਇਕੋ-ਇਕ ਪੰਜਾਬੀ ਰਣਬੀਰ ਸਿੰਘ ਪਾਬਲਾ ਨੇ ਭਾਰਤੀ ਜੇਤੂਆਂ ਸਮੇਤ ਕਈ ਹੋਰ ਮੁਲਕਾਂ ਦੇ ਜੇਤੂਆਂ ਨੂੰ ਆਪਣੀ ਪਗੜੀ ਵਾਲੀ ਪਹਿਚਾਣ ਨਾਲ ਇਨਾਮ ਵੰਡੇ। ਪਾਬਲਾ ਦੀ ਚੋਣ ਵਿਸ਼ੇਸ਼ ਤੌਰ 'ਤੇ ਇਹ ਸੰਦੇਸ਼ ਦੇਣ ਲਈ ਕੀਤੀ ਗਈ ਕਿ ਨਿਊਜ਼ੀਲੈਂਡ ਮਲਟੀਕਲਚਰਲ ਕਦਰਾਂ-ਕੀਮਤਾਂ ਦੀ ਹਮਾਇਤ ਕਰਦਾ ਹੈ ਅਤੇ ਖੁਸ਼ੀ ਪ੍ਰਗਟ ਕਰਦਾ ਹੈ।

27 ਅਪ੍ਰੈਲ ਨੂੰ ਹੈਂਡਰਸਨ ਪੁਲਿਸ ਵੱਲੋਂ ਸਨਮਾਨ: ਲੇਡੀ ਪੁਲਿਸ ਅਫਸਰ ਮਨਦੀਪ ਕੌਰ ਅਨੁਸਾਰ ਬੇਬੇ ਮਨ ਕੌਰ ਦਾ ਹੈਂਡਰਸਨ ਪੁਲਿਸ ਵੱਲੋਂ 27 ਅਪਰੈਲ ਨੂੰ ਵਿਸ਼ੇਸ਼ ਸਨਮਾਨ ਕੀਤਾ ਜਾ ਰਿਹਾ ਹੈ। ਇਸ ਮੌਕੇ ਭਾਰਤੀ ਭਾਈਚਾਰੇ  ਤੋਂ ਵੀ ਸੱਦਾ ਪ੍ਰਾਪਤ ਸਖਸ਼ੀਅਤਾਂ ਸ਼ਾਮਲ ਰਹਿਣਗੀਆਂ।

ਹੋਰ ਭਾਰਤੀਆਂ ਨੇ ਵੀ ਜਿੱਤੇ ਮੈਡਲ: ਅੱਜ ਹੋਈਆਂ ਖੇਡਾਂ ਦੇ ਵਿਚ ਕੁਝ ਹੋਰ ਭਾਰਤੀ ਖਿਡਾਰੀਆਂ ਨੇ ਤਮਗੇ ਜਿੱਤ ਕੇ ਭਾਰਤ ਦਾ ਨਾਂਅ ਰੌਸ਼ਨ ਕੀਤਾ। ਗੁਰਦੇਵ ਸਿੰਘ ਸਪੁੱਤਰ ਬੇਬੇ ਮਨ ਕੌਰ ਨੇ ਅੱਜ 75 ਪਲੱਸ ਉਮਰ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਕਪੂਰਥਲਾ ਤੋਂ ਪਹੁੰਚੇ ਬਹਾਦਰ ਸਿੰਘ ਬੱਲ ਨੇ 100 ਮੀਟਰ ਦੌੜ 70 ਪਲੱਸ ਉਮਰ ਵਰਗ ਵਿਚ ਕਾਂਸੀ ਦਾ ਤਮਗਾ ਜਿੱਤਿਆ। ਮਹਾਂਰਾਸ਼ਟਰ ਤੋਂ ਆਈ ਸ਼ਰੇਆ ਯਾਦਵ ਨੇ 5000 ਮੀਟਰ ਦੌੜ 30 ਤੋਂ 35 ਉਮਰ ਵਰਗ ਵਿਚ ਸੋਨੇ ਦਾ ਤਮਗਾ ਜਿੱਤਿਆ।

ਮਾਤਾ ਮਨ ਕੌਰ ਨੂੰ ਭਾਵੇਂ ਰਾਸ਼ਟਰੀ ਮੀਡੀਆ ਅਤੇ ਸਥਾਨਕ ਲੋਕਾਂ ਨੇ ਸਟੇਡੀਅਮ ਅੰਦਰ ਬਹੁਤ ਪਿਆਰ ਤੇ ਸਤਿਕਾਰ ਦਿੱਤਾ ਪਰ ਇਸ ਮੌਕੇ ਪੰਜਾਬੀ ਦਰਸ਼ਕਾਂ ਦੀ ਗਿਣਤੀ ਨਾ ਮਾਤਰ ਹੀ ਰਹੀ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER