ਸਾਹਿਤ

Monthly Archives: JUNE 2017


ਕਿੱਥੇ
ਕਵਿਤਾ
25.06.17 - ਅਮਿਤਾ ਸਰਜੀਤ ਸਿੰਘ

ਹੁਣ ਟਿੱਬਿਆਂ ਲਈ ਥਾਂ ਕਿੱਥੇ?
ਹੁਣ ਕਿੱਕਰਾਂ ਦੀ ਛਾਂ ਕਿੱਥੇ?

ਜਿੱਥੇ ਰਿਸ਼ਤੇ ਪਲਦੇ ਸੀ
ਹੁਣ ਉਹ ਪਿੰਡ-ਗਰਾਂ ਕਿੱਥੇ?

ਦੋ ਦਾਣੇ ਖਿਚੜੀ ਦੇ ਬੇਲੀ
ਚਿੜੀਆਂ ਕਿੱਥੇ? ਕਾਂ ਕਿੱਥੇ?

ਝੱਟ ਮੁਸਾਫ਼ਿਰ ਦਮ ਲੈਂਦਾ ਸੀ ਜਿੱਥੇ
ਗਈ ਸਰਾਂ ਕਿੱਥੇ?

ਪਾਣੀ ਦੁੱਧ ਨਿਖੇੜਨ ਵਾਲੇ
ਕਿਥੇ ਪੰਚ? ਨਿਆਂ ਕਿੱਥੇ?

ਕਿਥੇ ਰੁੱਗ ਪੂਣੀਆਂ ਵਾਲੇ?
ਚਰਖੇ ਦੀ ਘੂੰ-ਘਾਂ ਕਿੱਥੇ?

ਸੱਗੀ ਫੁੱਲ ਫੁਲਕਾਰੀਆਂ ਘੱਗਰੇ
ਕੈਂਠੇ ਦੀ ਫੂੰ-ਫਾਂ ਕਿੱਥੇ?

ਪਾਸ਼ੋ ਸਿੰਦੋ ਰੁਲੀਏ ਲਹੀਲੇ
ਬਾਗ਼ੇ ਵਰਗੇ ਨਾਂ ਕਿੱਥੇ?

ਮਾਂ ਦੀਆਂ ਪੱਕੀਆਂ ਭੁੱਲ ਗਈਆਂ ਹੁਣ
ਕਿੱਥੇ ਚੂਰੀਆਂ? ਮਾਂ ਕਿੱਥੇ?

ਜਦੋਂ ਮੇਰਾ ਘਰ ਖਿੰਡਰ ਰਿਹਾ ਸੀ
ਪਤਾ ਨਹੀਂ ਮੈਂ ਸਾਂ ਕਿੱਥੇ?

ਕੋਈ ਆ ਕੇ ਹਾਕ ਤਾਂ ਦੇਵੋ
ਖ਼ਬਰ ਨਹੀਂ ਮੈਂ ਹਾਂ ਕਿੱਥੇ?

ਸੁਰਤ 'ਚ ਆ ਕੇ ਯਾਦ ਪੁਰਾਣੀ
ਪੁੱਛਦੀ ਹੈ, ਹੁਣ ਜਾਂ ਕਿੱਥੇ?

Disclaimer : PunjabToday.net and other platforms of the Punjab Today group strive to include views and opinions ...

  TOPIC

TAGS CLOUD
.

ARCHIVE


Copyright © 2016-2017


NEWS LETTER