ਸਾਹਿਤ
ਹੱਡਬੀਤੀ
ਸਿਫ਼ਾਰਸ਼
- ਬਲਰਾਜ ਸਿੰਘ ਸਿੱਧੂ*
ਸਿਫ਼ਾਰਸ਼



ਭਾਰਤ ਵਿੱਚ ਸਰਕਾਰੇ ਦਰਬਾਰੇ ਕੰਮ ਕਢਵਾਉਣ ਲਈ ਸਿਫ਼ਾਰਸ਼ ਦੀ ਬਹੁਤ ਜ਼ਰੂੁਰਤ ਪੈਂਦੀ ਹੈ। ਬੇਆਸਰੇ ਬੰਦੇ ਦੀ ਤਾਂ ਪਿੰਡ ਦਾ ਪੰਚ ਵੀ ਗੱਲ ਨਹੀਂ ਸੁਣਦਾ। ਥਾਣੇ ਕਚਹਿਰੀ ਚਲੇ ਜਾਉ, ਲਾਵਾਰਿਸ ਬੰਦੇ ਵਿਚਾਰੇ ਸਾਰਾ-ਸਾਰਾ ਦਿਨ ਧੱਕੇ ਖਾਂਦੇ ਫਿਰਦੇ ਹਨ। ਅਫਸਰਾਂ-ਲੀਡਰਾਂ ਦੇ ਰੀਡਰ-ਗੰਨਮੈਨ ਹੀ ਨਜ਼ਦੀਕ ਨਹੀਂ ਆਉਣ ਦਿੰਦੇ। ਸਾਰਾ ਦਿਨ ਖੱਜਲ ਖਰਾਬ ਕਰ ਕੇ ਅਗਲੇ ਦਿਨ ਦੁਬਾਰਾ ਆਉਣ ਲਈ ਕਹਿ ਦਿੱਤਾ ਜਾਂਦਾ ਹੈ। ਜਦ ਕਿ ਸਿਫ਼ਾਰਸ਼ੀ ਵਿਅਕਤੀ ਦਾ ਕੰੰਮ ਅਫਸਰ-ਲੀਡਰ ਘਰ ਬੁਲਾ ਕੇ ਕਰਦੇ ਹਨ ਤੇ ਨਾਲੇ ਚਾਹ ਪਿਆਉਂਦੇ ਹਨ।

ਜਿਹੜੇ ਵਿਅਕਤੀ ਹਥਿਆਰਾਂ ਦੇ ਸ਼ੌਕੀਨ ਹਨ, ਉਹ ਇਹ ਗੱਲ ਭਲੀ ਭਾਂਤ ਜਾਣਦੇ ਹਨ ਕਿ ਬਿਨਾਂ ਸਿਫਾਰਸ਼ ਅਸਲਾ ਲਾਇਸੰਸ ਬਣਾਉਣ ਤੇ ਰੀਨੀਊ ਕਰਾਉਣ ਵਿੱਚ ਕਿੰਨੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ? ਥਾਣਿਆਂ ਅਤੇ ਡੀ.ਸੀ. ਦਫਤਰਾਂ ਵਿੱਚ ਫਾਈਲਾਂ ਹੀ ਗੁੰਮ ਕਰ ਦਿੱਤੀਆਂ ਜਾਂਦੀਆਂ ਹਨ।

ਕਚਹਿਰੀ ਵਿੱਚ ਜ਼ਮੀਨਾਂ ਦੀਆਂ ਰਜਿਸਟਰੀਆਂ ਕਰਾਉਣ ਵਾਲੇ ਲਾਈਨਾਂ ਵਿੱਚ ਲੱਗੇ ਰਹਿੰਦੇ ਹਨ ਤੇ ਸਿਫ਼ਾਰਸ਼ੀ ਦੀ ਰਜਿਸਟਰੀ ਅਫਸਰ ਘਰ ਜਾ ਕੇ ਕਰ ਦਿੰਦੇ ਹਨ। ਜਨਮ-ਮੌਤ ਦੇ ਸਰਟੀਫਿਕੇਟ ਜਾਂ ਫਰਦ ਜਮਾਂਬੰਦੀ ਵਿੱਚ ਕਲਰਕ ਵੱਲੋਂ ਜਾਣ ਬੁੱਝ ਕੇ ਕੀਤੀ ਗਲਤੀ ਦਰੁੱਸਤ ਕਰਾਉਣ ਲਈ ਜਾਂ ਸਵਰਗਵਾਸੀ ਪਿਉ ਦੀ ਜਾਇਦਾਦ ਆਪਣੇ ਨਾਮ ਚੜ੍ਹਵਾਉਣ ਲਈ ਕਈ ਜੋੜੇ ਜੁੱਤੀਆਂ ਦੇ ਘਸ ਜਾਂਦੇ ਹਨ। ਮਤਲਬ ਕਿ ਕੋਈ ਵੀ ਕੰਮ ਬਿਨਾਂ ਸਿਫ਼ਾਰਸ਼ ਤੋਂ ਕਰਾਉਣਾ ਔਖਾ ਹੀ ਹੈ।

 
ਮੈਂ ਕਿਸੇ ਜ਼ਿਲ੍ਹੇ ਵਿੱਚ ਐੱਸ.ਪੀ. ਲੱਗਾ ਹੋਇਆ ਸੀ ਤਾਂ ਮੈਨੂੰ ਥਾਣੇਦਾਰ ਰਾਮ ਸਿੰਘ (ਨਾਮ ਬਦਲਿਆ ਹੋਇਆ) ਨੇ ਸਿਫ਼ਾਰਸ਼ ਸਬੰਧੀ ਇੱਕ ਦਿਲਚਸਪ ਕਹਾਣੀ ਸੁਣਾਈ। ਰਾਮ ਸਿੰਘ ਬਹੁਤ ਹੀ ਸ਼ਰੀਫ ਅਤੇ ਸਿੱਧਾ ਸਾਦਾ ਕਿਸਮ ਦਾ ਇਨਸਾਨ ਸੀ। ਪੁਲਿਸ ਦਾ ਕੰਮ-ਕਾਰ ਚੰਗੀ ਤਰ੍ਹਾਂ ਨਾ ਆਉਂਦਾ ਹੋਣ ਕਾਰਨ ਉਸ ਨੂੰ ਕਦੇ ਵੀ ਕਿਸੇ ਥਾਣੇ ਦਾ ਐੱਸ.ਐੱਚ.ਉ. ਨਹੀਂ ਸੀ ਲਗਾਇਆ ਗਿਆ। ਸਾਰੀ ਉਮਰ ਪੁਲਿਸ ਲਾਈਨ ਜਾਂ ਸੱਜੇ ਖੱਬੇ ਦੀਆਂ ਪੋਸਟਿੰਗਾਂ ਵਿੱਚ ਹੀ ਰਿਹਾ ਸੀ।

ਇੱਕ ਵਾਰ ਉਹ ਕਿਸੇ ਕੰਮ ਆਪਣੇ ਪਿੰਡ ਦੇ ਸਰਪੰਚ ਕੋਲ ਬੈਠਾ ਸੀ ਜੋ ਬਹੁਤ ਹੀ ਚੱਲਦਾ ਪੁਰਜ਼ਾ ਆਦਮੀ ਤੇ ਉਸ ਦਾ ਸਰਕਾਰੇ ਦਰਬਾਰੇ ਪੂਰਾ ਹੱਥ ਪੈਂਦਾ ਸੀ। ਰਾਮ ਸਿੰਘ ਦਾ ਪਰਿਵਾਰ ਸਰਪੰਚ ਦਾ ਪੂਰਾ ਸਮਰਥਕ ਸੀ ਤੇ ਹਮੇਸ਼ਾਂ ਉਸ ਨੂੰ ਹੀ ਵੋਟਾਂ ਪਾਉਂਦਾ ਸੀ। ਉਸ ਸਮੇਂ ਨਵੀਂ-ਨਵੀਂ ਸਰਕਾਰ ਬਦਲੀ ਸੀ ਤੇ ਸਰਪੰਚ ਨੇ ਐੱਮ.ਐੱਲ.ਏ. ਦੀ ਵੋਟਾਂ ਵਿੱਚ ਪੂਰੀ ਠੋਕ ਕੇ ਹਰ ਤਰ੍ਹਾਂ ਨਾਲ ਮਦਦ ਕੀਤੀ ਸੀ।

ਸਰਪੰਚ ਨੇ ਰਾਮ ਸਿੰਘ ਨੂੰ ਕਿਹਾ ਕਿ ਐਵੇਂ ਕਿਉਂ ਪੁਲਿਸ ਲਾਈਨ ਵਿੱਚ ਧੱਕੇ ਖਾਂਦਾ ਫਿਰਦਾ ਹੈਂ, ਚੱਲ ਤੈਨੂੰ ਕਿਸੇ ਚੰਗੇ ਥਾਣੇ ਦਾ ਐੱਸ.ਐੱਚ.ਉ. ਲਗਵਾਉਂਦੇ ਹਾਂ। ਮੇਰੀ ਐੱਮ.ਐੱਲ.ਏ. ਨਾਲ ਪੂਰੀ ਫਿੱਟ ਹੈ, ਤੈਨੂੰ ਆਪਣੇ ਥਾਣੇ ਰਾਮਗੜ੍ਹ (ਕਾਲਪਨਿਕ) ਦਾ ਹੀ ਇੰਚਾਰਜ ਲਗਵਾ ਦਿੰਦੇ ਹਾਂ। ਸਰਪੰਚ ਨੇ ਸੋਚਿਆ ਕਿ ਚੱਲ ਐੱਸ.ਐੱਚ.ਉ. ਲੱਗ ਜਾਵੇਗਾ ਤਾਂ ਆਪਣੇ ਹੀ ਕੰਮ ਆਵੇਗਾ। ਨਾਲ ਸਿੱਧੇ-ਪੁੱਠੇ ਕੰਮ ਕਰਾਵਾਂਗੇ ਤੇ ਨਾਲੇ ਆਉਂਦੇ-ਜਾਂਦੇ ਮੁਫਤ ਦੀ ਵਿਸਕੀ ਮੁਰਗਾ ਛਕਿਆ ਕਰਾਂਗੇ।
----------
ਭਾਰਤ ਵਿੱਚ ਸਰਕਾਰੇ ਦਰਬਾਰੇ ਕੰਮ ਕਢਵਾਉਣ ਲਈ ਸਿਫ਼ਾਰਸ਼ ਦੀ ਬਹੁਤ ਜ਼ਰੂੁਰਤ ਪੈਂਦੀ ਹੈ। ਕੋਈ ਵੀ ਕੰਮ ਬਿਨਾਂ ਸਿਫ਼ਾਰਸ਼ ਤੋਂ ਕਰਾਉਣਾ ਔਖਾ ਹੀ ਹੈ।
----------
ਅਗਲੇ ਦਿਨ ਤਿਆਰ ਬਰ ਤਿਆਰ ਹੋ ਕੇ ਦੋਵੇਂ ਤੜਕੇ ਹੀ ਐੱਮ.ਐੱਲ.ਏ. ਦੇ ਘਰ ਜਾ ਪਹੁੰਚੇ। ਖਾਸ ਬੰਦਾ ਹੋਣ ਕਾਰਨ ਸਰਪੰਚ ਦੀ ਜਲਦੀ ਹੀ ਵਾਰੀ ਆ ਗਈ। ਉਹ ਤੇ ਰਾਮ ਸਿੰਘ ਐੱਮ.ਐੱਲ.ਏ. ਦੇ ਗੋਡੇ ਦੀ ਚੱਪਣੀ ਨੂੰ ਹੱਥ ਲਾ ਕੇ ਸੋਫੇ 'ਤੇ ਸੱਜ ਗਏ। ਐੱਮ.ਐੱਲ.ਏ. ਨੇ ਆਉਣ ਦਾ ਕਾਰਨ ਪੁੱਛਿਆ ਤਾਂ ਸਰਪੰਚ ਨੇ ਰਾਮ ਸਿੰਘ ਦੀਆਂ ਖੂਬੀਆਂ ਗਿਣਾਉਣੀਆਂ ਸ਼ੁਰੂ ਕਰ ਦਿੱਤੀਆਂ। ਉਸ ਨੇ ਦੱਸਿਆ ਕਿ ਰਾਮ ਸਿੰਘ ਬਹੁਤ ਹੀ ਸ਼ਰੀਫ ਅਤੇ ਇਮਾਨਦਾਰ ਪੁਲਿਸ ਅਫਸਰ ਹੈ। ਇਸ ਨੇ ਨਾ ਤਾਂ ਕਦੇ ਕੋਈ ਗਲਤ ਕੰਮ ਕੀਤਾ ਹੈ ਤੇ ਨਹੀਂ ਹੀ ਕਦੇ ਰਿਸ਼ਵਤਖੋਰੀ ਕੀਤੀ ਹੈ। ਆਪਾਂ ਇਸ ਨੂੰ ਰਾਮਗੜ੍ਹ ਥਾਣੇ ਦਾ ਐੱਸ.ਐੱਚ.ਉ. ਲਗਾਉਣਾ ਹੈ। ਉਸ ਨੇ ਰਾਮ ਸਿੰਘ ਦੀਆਂ ਤਾਰੀਫਾਂ ਦੇ ਪੁੱਲ ਬੰਨ੍ਹ ਦਿੱਤੇ।

ਸਰਪੰਚ ਦੀਆਂ ਗੱਲਾਂ ਦਾ ਐੱਮ.ਐੱਲ.ਏ. 'ਤੇ ਕੋਈ ਬਹੁਤਾ ਅਸਰ ਨਾ ਹੋਇਆ। ਉਹ ਐਵੇਂ ਹੂੰ ਹਾਂ ਜਿਹੀ ਕਰਦਾ ਰਿਹਾ। ਉਸ ਨੇ ਖੁਸ਼ਕੀ ਜਿਹੀ ਨਾਲ ਰਾਮ ਸਿੰਘ ਨੂੰ ਕਿਹਾ ਕਿ ਉਹ ਜਾ ਕੇ ਬਾਹਰ ਬੈਠੇ, ਉਸ ਨੇ ਸਰਪੰਚ ਨਾਲ ਕੋਈ ਖਾਸ ਗੱਲ ਕਰਨੀ ਹੈ। ਐੱਸ.ਐੱਚ.ਉ. ਲੱਗਣ ਦੀ ਆਸ ਲੈ ਕੇ ਗਿਆ ਰਾਮ ਸਿੰਘ ਢਿੱਲਾ ਜਿਹਾ ਹੋ ਕੇ ਬਾਹਰ ਨੂੰ ਤੁਰ ਪਿਆ। ਉਹ ਚੁੱਪ ਕਰ ਕੇ ਦਰਵਾਜ਼ੇ ਦੇ ਨਾਲ ਲਗਵੀਂ ਕੁਰਸੀ 'ਤੇ ਬੈਠ ਗਿਆ ਤੇ ਅੰਦਰ ਦੀਆਂ ਗੱਲਾਂ ਸੁਣਨ ਲੱਗਾ। ਦਰਵਾਜ਼ਾ ਥੋੜਾ ਜਿਹਾ ਖੁੱਲ੍ਹਾ ਹੋਣ ਕਾਰਨ ਅੰਦਰ ਦੀ ਸਾਰੀ ਗੱਲ ਬਾਤ ਬਾਹਰ ਸੁਣ ਰਹੀ ਸੀ।

ਵਿਧਾਇਕ ਨੇ ਸਰਪੰਚ ਨੂੰ ਕਿਹਾ ਕਿ ਗਿਆਨ ਸਿੰਹਾਂ ਤੈਨੂੰ ਪਤਾ ਈ ਆ ਪਿਛਲੀ ਸਰਕਾਰ ਵੇਲੇ ਆਪਣੀ ਪਾਰਟੀ 'ਤੇ ਕਿੰਨੇ ਜ਼ੁਲਮ ਹੋਏ ਨੇ। ਆਪਣੇ ਕਿੰਨੇ ਬੰਦਿਆਂ 'ਤੇ ਗਲਤ ਪਰਚੇ ਦਰਜ਼ ਹੋਏ ਤੇ ਕਿੰਨਿਆਂ ਦੀ ਥਾਣੇ ਵਿੱਚ ਛਿੱਤਰ ਪਰੇਡ ਹੋਈ। ਤੂੰ ਤਾਂ ਖੁਦ ਚਾਰ ਮਹੀਨੇ ਅੰਦਰ ਕੱਟੇ ਨੇ। ਆਪਾਂ ਤਾਂ ਰਾਮਗੜ੍ਹ ਥਾਣੇ ਵਿੱਚ ਕੋਈ ਕੁਰੱਖਤ ਜਿਹਾ ਐੱਸ.ਐੱਚ.ਉ. ਲਗਾਉਣਾ ਆਂ ਜਿਹੜਾ ਵਿਰੋਧੀ ਪਾਰਟੀ ਨਾਲ ਹਿਸਾਬ-ਕਿਤਾਬ ਬਰਾਬਰ ਕਰੇ। ਇਹੋ ਜਿਹਾ ਭਲਾਮਾਣਸ ਬੰਦਾ ਨਹੀਂ ਉਥੇ ਕਾਮਯਾਬ ਹੋਣਾ।


ਸਰਪੰਚ ਨੇ ਵਿੱਚੋਂ ਈ ਗੱਲ ਬੋਚ ਲਈ ਕਿ ਐੱਮ.ਐੱਲ.ਏ. ਸਾਹਬ ਤੁਸਾਂ ਤਾਂ ਮੇਰੇ ਦਿਲ ਦੀ ਗੱਲ ਕੀਤੀ ਆ। ਉਹ ਹੁਣ ਬੰਦੇ ਦੇ ਸਾਹਮਣੇ ਤਾਂ ਉਸ ਦੀ ਤਾਰੀਫ ਕਰਨੀ ਪੈਂਦੀ ਆ। ਰਾਮ ਸਿੰਘ ਹੁਣੀ ਤਾਂ ਸਾਰਾ ਟੱਬਰ ਈ ਬਹੁਤ ਚੰਦਰਾ ਆ। ਇਨ੍ਹਾਂ ਨੂੰ ਪਿੰਡ ਵਿੱਚ ਵੱਢ ਖਾਣਿਆਂ ਦਾ ਟੱਬਰ ਕਹਿੰਦੇ ਆ। ਇਹ ਤਾਂ ਕਿਸੇ ਚੰਗੇ ਭਲੇ ਬੰਦੇ ਦੀ ਪੱਗ ਲਾਹੁਣ ਲੱਗਿਆਂ ਮਿੰਟ ਲਾਉਂਦੇ ਆ। ਆਪਣੀਆਂ ਇਨ੍ਹਾਂ ਭੈੜੀਆਂ ਕਰਤੂਤਾਂ ਕਰ ਕੇ ਈ ਤਾਂ ਇਹ ਹੁਣ ਤਕ ਕਦੇ ਐੱਸ.ਐੱਚ.ਉ. ਨਹੀਂ ਲੱਗਾ। ਅਜੇ ਦੋ ਮਹੀਨੇ ਪਹਿਲਾਂ ਈ ਇਹਦਾ ਭਤੀਜਾ ਤੇ ਭਰਾ 326 ਦੇ ਕੇਸ ਵਿੱਚੋਂ ਜ਼ਮਾਨਤ 'ਤੇ ਆਏ ਆ। ਤੁਸੀਂ ਜਿਹੋ ਜਿਹਾ ਕੁਰੱਖਤ ਬੰਦਾ ਭਾਲਦੇ ਉ, ਇਹ ਬਿਲਕੁਲ ਉਹੋ ਜਿਹਾ ਈ ਆ।

ਰਾਮ ਸਿੰਘ ਦੀਆਂ ਤਾਰੀਫਾਂ ਸੁਣ ਕੇ ਐੱਮ.ਐੱਲ.ਏ. ਖੁਸ਼ ਹੋ ਗਿਆ। ਉਸ ਨੇ ਉਸ ਨੂੰ ਐੱਸ.ਐੱਚ.ਉ ਲਗਵਾਉਣ ਦੀ ਪੂਰੀ ਠੋਕ ਕੇ ਹਾਮੀ ਭਰ ਦਿੱਤੀ।

ਵਿਚਾਰਾ ਰਾਮ ਸਿੰਘ ਆਪਣੇ ਖਾਨਦਾਨ ਦੀ ਹੁੰਦੀ ਬਦਖੋਈ ਸੁਣ ਕੇ ਸੜ ਬਲ ਗਿਆ। ਉਸ ਦਾ ਦਿਲ ਕਰੇ ਹੁਣੇ ਸਰਪੰਚ ਨੂੰ ਸਰਕਾਰੀ ਰਿਵਾਲਵਰ ਦੀਆਂ ਜੰਗਾਲ ਖਾਧੀਆਂ ਗੋਲੀਆਂ ਮਾਰ ਕੇ ਖਤਮ ਕਰ ਦਵੇ।
 
(*ਲੇਖਕ ਪੰਜਾਬ ਪੁਲਿਸ ਵਿੱਚ ਐੱਸ.ਪੀ. ਅਹੁਦੇ 'ਤੇ ਤਾਇਨਾਤ ਹਨ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment by: ਡਾਕਟਰ ਪਿਆਰਾ ਲਾਲ ਗਰਗ

ਬਲਰਾਜ ਸਿੰਘ ਸਿੱਧੂ ਐਸ ਪੀ ਜਿੰਨਾ ਕਲਮ ਦਾ ਧਨੀ ਹੈ ਉਨਾਂ ਹੀ ਕਿਰਦਾਰ ਦਾ ਵੀ ਜੇ ਹੁੰਦਾ ਤਾਂ ਸ਼ਾਇਦ ਕੁਝ ਚੰਗਾ ਕਰ ਸਕਦਾ ਸੀ, ਇਹ ਖੁਦ ਵੀ ਸਰਕਾਰਏ ਦਰਬਾਰੇ ਪਹੁੰਚ ਵਾਲਿਆਂ ਦੇ ਜਾਂ ਸ਼ਾਇਦ ਫਿਰ ਗਾਂਧੀ ਜੀ ਦੀ ਫੋਟੋ ਵਾਲੇ ਦੀ ਕਿਰਪਾ ਨਾਲ ਹੀ ਕੰਮ ਕਰਦਾ ਹੈ, ਇਨ੍ਹਾਂ ਨੇ ਤਾਂ ਰਾਮ ਸਿੰਘ ਨਾਲ ਬੀਤੀ ਨੂੰ ਹੱਡ ਬੀਤੀ ਕਿਹਾ ਹੈ ਪਰ ਮੈਂ ਆਪਣੇ ਨਾਲ ਸਿੱਧੀ ਹੱਡ ਬੀਤੀ ਲਿਖ ਰਿਹਾ ਹਾਂ! ਇਸੇ ਐਸ ਪੀ ਵਲੋਂ, ਇੱਕ ਗੈਰ ਕੁਦਰਤੀ ਮੌਤ ਜੋ ਕਤਲ ਸੀ ਵਿਚ ਇਹ ਸਿਟ ਦਾ ਮੁਖੀ ਸੀ, ਇਸ ਨੇ ਦੋਸ਼ੀਆਂ ਨਾਲ ਮਿਲ ਕੇ ਸਾਰੇ ਸਬੂਤ ਮਿਟਾਉਣ ਦੀ ਹਰ ਕੋਸ਼ਿਸ਼ ਕੀਤੀ, ਝੂਠੇ ਸਬੂਤ ਘੜੇ, ਇੱਕਲੇ ਨੇ ਦੋਸ਼ੀਆਂ, ਪੁਲਸੀਆਂ ਤੇ ਮੌਕੇ ਦੇ ਗਵਾਹਾਂ ਨੂੰ ਇੱਕਠੇ ਬੁਲਾ ਕੇ ਆਪਣੇ ਦਫਤਰ ਬਰਨਾਲੇ ਬਿਠਾ ਕੇ ਮੈਨੂੰ ਸ਼ਿਕਾਇਤ ਕਰਤਾ ਨੂੰ ਬਿਨਾਂ ਕੋਈ ਇਤਲਾਹ ਦਿੱਤੇ ਪਿਛਲੇ ਬਿਆਨ ਮੁਕਰਾਅ ਕੇ, ਜ਼ਿਮਣੀਆਂ ਵਿਚ ਦਰਜ ਬਿਆਨਾਂ ਤੱਥਾਂ 'ਤੇ ਉਪਲਬਧ ਸਬੂਤਾਂ ਦੇ ਉਲਟ ਜਾ ਕੇ, ਕੇਸ ਪ੍ਰਾਪਰਟੀ ਖੁਰਦ ਬੁਰਦ ਕਰਕੇ, ਇਸ ਕੋਲ ਮੌਜੂਦ ਮੌਕੇ ਦੀ ਸੀ.ਡੀ. ਦੇ ਵੀ ਉਲਟ ਜਾ ਕੇ ਦੋਸ਼ੀਆਂ ਦੇ ਦੋਸਤਾਂ ਤੇ ਰਿਸ਼ਤੇਦਾਰਾਂ ਤੇ ਪੁਲਸ ਵੱਲੋਂ ਜੋ ਕਿਹਾ ਗਿਆ ਉਸੇ ਨੂੰ ਬਿਨਾਂ ਕਿਸੇ ਜਰਾ ਜਿੰਨੀ ਵੀ ਤਫਤੀਸ ਦੇ, ਸਾਰਾ ਸ੍ਰ ਝੂਠ ਲਿਖ ਕੇ ਦੋਸ਼ੀਆਂ ਨੂੰ ਆਪਣੇ ਪੱਧਰ 'ਤੇ ਕਲੀਨ ਚਿੱਟ ਦੇ ਕੇ ਲਿਖ ਦਿੱਤਾ ਕੇ ਦੋ ਦੋਸ਼ੀਆਂ ਦਾ ਚਲਾਣ ਵਿਚੋਂ ਨਾਮ ਕੱਢ ਦਿੱਤਾ ਜਾਵੇ ਤੇ ਕਤਲ ਨੂੰ ਧੱਕੇ ਨਾਲ ਮਨ ਮਰਜੀ ਨਾਲ ਕੀਤੀ ਖ਼ੁਦਕੁਸ਼ੀ ਗਰਦਾਨ ਕੇ ਉਸੇ ਦਿਨ ਰਿਪੋਰਟ ਵੀ ਭੇਜ ਦਿੱਤੀ! ਜੇ ਇਸ ਵਿਚ ਕੋਈ ਝੂਠ ਹੋਵੇ ਤਾਂ ਇਹ ਦੱਸੇ!

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD
.

ARCHIVE




Copyright © 2016-2017










NEWS LETTER