ਪੰਜਾਬ

Monthly Archives: SEPTEMBER 2016


ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਕਾਂਗਰਸ ਤੇ 'ਆਪ' ਦੀ ਗੱਲ ਨਹੀਂ ਬਣਨੀ: ਸੁਖਬੀਰ ਸਿੰਘ ਬਾਦਲ
26.09.16 - ਸਮੀਰ ਅਰੋੜਾ
ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਕਾਂਗਰਸ ਤੇ 'ਆਪ' ਦੀ ਗੱਲ ਨਹੀਂ ਬਣਨੀ: ਸੁਖਬੀਰ ਸਿੰਘ ਬਾਦਲਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਕਾਂਗਰਸ ਅਤੇ 'ਆਪ' ਹੁਣ ਭਾਵੇਂ ਜਿੰਨਾ ਮਰਜ਼ੀ ਜ਼ੋਰ ਲਾ ਲੈਣ, ਉਨ੍ਹਾਂ ਦੀ ਕੋਈ ਗੱਲ ਨਹੀਂ ਬਣਨੀ ਕਿਉਂਕਿ ਪੰਜਾਬ ਦੇ ਲੋਕਾਂ ਨੂੰ ਇਨ੍ਹਾਂ ਦੀ ਅਸਲੀਅਤ ਦਾ ਪਤਾ ਲੱਗ ਗਿਆ ਹੈ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦਾ ਏਜੰਡਾ ਵਿਕਾਸ ਹੈ ਅਤੇ ਇਸ ਵਜੋਂ ਪਿਛਲੇ ਸਾਢੇ ਨੌ ਸਾਲਾਂ ਵਿਚ ਕੀਤੇ ਬੇਮਿਸਾਲ ਵਿਕਾਸ ਕਾਰਜਾਂ ਕਰਕੇ ਪੰਜਾਬ ਦੇ ਸੂਝਵਾਨ ਲੋਕ ਅਕਾਲੀ-ਭਾਜਪਾ ਸਰਕਾਰ ਨੂੰ ਲਗਾਤਾਰ ਤੀਸਰੀ ਵਾਰ ਫਤਵਾ ਦੇਣਗੇ। ਸੁਖਬੀਰ ਸਿੰਘ ਬਾਦਲ ਸੋਮਵਾਰ ਸਵੇਰੇ ਆਪਣੀ ਧਰਮ ਪਤਨੀ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਾਲ ਸ੍ਰੀ ਹਰਿਮੰਦਰ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ।

ਪੱਤਰਕਾਰਾਂ ਵੱਲੋਂ ਪੰਜਾਬ ਕਾਂਗਰਸ ਦੇ ਪ੍ਰਧਾਨ ਕੈਪਟਨ ਅਮਰਿੰਦਰ ਸਿੰਘ ਵੱਲੋਂ ਵੱਖ-ਵੱਖ ਹਲਕਿਆਂ ਵਿਚ ਭੇਜੀਆਂ ਜਾ ਰਹੀਆਂ ਬੱਸਾਂ ਸਬੰਧੀ ਪੁੱਛੇ ਜਾਣ 'ਤੇ ਸੁਖਬੀਰ ਨੇ ਕਿਹਾ ਕਿ ਕੈਪਟਨ ਹੁਣ ਭਾਵੇਂ ਬੱਸਾਂ ਦੀ ਜਗ੍ਹਾ ਟਰੱਕ ਯਾਤਰਾ ਕੱਢ ਲਏ, ਉਨ੍ਹਾਂ ਦੀ ਹੁਣ ਕੋਈ ਗੱਲ ਨਹੀਂ ਬਣਨੀ। ਉਨ੍ਹਾਂ ਕਿਹਾ ਕਿ ਪਹਿਲਾਂ 'ਹਲਕੇ ਵਿਚ ਕੈਪਟਨ' ਫਿਰ 'ਕੌਫੀ ਵਿਦ ਕੈਪਟਨ' ਅਤੇ ਹੁਣ ਬੱਸਾਂ ਆਦਿ ਨਾਲ ਪੰਜਾਬ ਦੇ ਲੋਕ ਕਾਂਗਰਸ ਦੇ ਝਾਂਸੇ ਵਿਚ ਨਹੀਂ ਆਉਣ ਵਾਲੇ। 'ਆਪ' ਦੇ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਡੇਰਾ ਬਿਆਸ ਜਾਣ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਉਹ ਹੁਣ ਜਿਥੇ ਮਰਜ਼ੀ ਚਲੇ ਜਾਣ, ਉਨ੍ਹਾਂ ਦੀ ਦਾਲ਼ ਨਹੀਂ ਗਲਣੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ 'ਆਪ' ਦੀ ਅਸਲੀਅਤ ਅਤੇ ਡਰਾਮਿਆਂ ਨੂੰ ਸਮਝ ਚੁੱਕੇ ਹਨ। ਚੌਥੇ ਫਰੰਟ ਸਬੰਧੀ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਜਿਉਂ-ਜਿਉਂ ਚੋਣਾਂ ਨਜ਼ਦੀਕ ਆਉਣਗੀਆਂ, ਹਾਲੇ ਬਹੁਤ ਸਾਰੇ ਫਰੰਟ ਬਣਨਗੇ, ਪਰੰਤੂ ਲੋਕਾਂ ਦਾ ਫਤਵਾ ਅਕਾਲੀ-ਭਾਜਪਾ ਸਰਕਾਰ ਨੂੰ ਹੀ ਮਿਲੇਗਾ।

ਇਸ ਤੋਂ ਬਾਅਦ ਉੱਪ ਮੁੱਖ ਮੰਤਰੀ ਨੇ ਸ਼ਹਿਰ ਵਿਚ ਚੱਲ ਰਹੇ ਵਿਕਾਸ ਪ੍ਰਾਜੈਕਟਾਂ ਦਾ ਜਾਇਜ਼ਾ ਵੀ ਲਿਆ ਅਤੇ ਅਧਿਕਾਰੀਆਂ ਨੂੰ ਜ਼ਰੂਰੀ ਦਿਸ਼ਾ-ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪਵਿੱਤਰ ਨਗਰੀ 'ਚ ਚੱਲ ਰਹੇ ਪ੍ਰਾਜੈਕਟ ਮੁਕੰਮਲ ਹੋਣ ਕੰਢੇ ਹਨ, ਜਿਸ ਨਾਲ ਇਸ ਦੀ ਦਿੱਖ ਬਦਲ ਜਾਵੇਗੀ। ਇਸ ਮੌਕੇ ਹੋਰਨਾਂ ਤੋਂ ਇਲਾਵਾ ਡਿਪਟੀ ਕਮਿਸ਼ਨਰ ਵਰੁਣ ਰੂਜਮ, ਕਮਿਸ਼ਨਰ ਪੁਲਿਸ ਅਮਰ ਸਿੰਘ ਚਾਹਲ, ਐਸ. ਡੀ. ਐਮ. ਰੋਹਿਤ ਗੁਪਤਾ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਸ਼੍ਰੋਮਣੀ ਕਮੇਟੀ ਦੇ ਅੰਤ੍ਰਿਗ ਮੈਂਬਰ ਰਜਿੰਦਰ ਸਿੰਘ ਮਹਿਤਾ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ।
[home] [1] 2 3 4  [prev.]1-5 of 16


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਤਿੰਨ ਮਹੀਨਿਆਂ ਬਾਅਦ ਸੜਕਾਂ 'ਤੇ ਨਹੀਂ ਦਿਸੇਗਾ ਗਊਧਨ: ਕੀਮਤੀ ਭਗਤ
26.09.16 - ਸਮੀਰ ਅਰੋੜਾ
ਤਿੰਨ ਮਹੀਨਿਆਂ ਬਾਅਦ ਸੜਕਾਂ 'ਤੇ ਨਹੀਂ ਦਿਸੇਗਾ ਗਊਧਨ: ਕੀਮਤੀ ਭਗਤਬੇਸਹਾਰਾ ਗਊਧਨ ਦੀ ਸਾਂਭ-ਸੰਭਾਲ ਅਤੇ ਸੁਰੱਖਿਆ ਲਈ ਸੂਬਾ ਸਰਕਾਰ ਦੇ ਅਹਿਮ ਉੱਦਮ ਸਦਕਾ ਹਰੇਕ ਜ਼ਿਲ੍ਹੇ ਵਿਚ ਕਰੀਬ 15 ਤੋਂ 25 ਏਕੜ ਜ਼ਮੀਨ 'ਤੇ ਗਊਸ਼ਾਲਾਵਾਂ ਦਾ ਨਿਰਮਾਣ ਕਰਵਾਇਆ ਜਾ ਰਿਹਾ ਹੈ ਜਿਨ੍ਹਾਂ ਨੂੰ ਆਉਂਦੇ ਤਿੰਨ ਮਹੀਨਿਆਂ 'ਚ ਮੁਕੰਮਲ ਕਰ ਲਿਆ ਜਾਵੇਗਾ, ਜਿਸ ਨਾਲ ਤਿੰਨ ਮਹੀਨਿਆਂ ਬਾਅਦ ਸੜਕਾਂ 'ਤੇ ਗਾਵਾਂ ਵਿਖਾਈ ਨਹੀਂ ਦੇਣਗੀਆਂ। ਇਸ ਤੋਂ ਇਲਾਵਾ ਪੰਜਾਬ ਸਰਕਾਰ ਵੱਲੋਂ ਸੂਬੇ ਦੀਆਂ ਗਊਸ਼ਾਲਾਵਾਂ ਨੂੰ ਮੁਫਤ ਬਿਜਲੀ, ਪਾਣੀ ਅਤੇ ਹੋਰ ਬਿਹਤਰ ਸਹੂਲਤਾਂ ਦੇਣ ਲਈ ਕਰੋੜਾਂ ਰੁਪਏ ਖਰਚ ਕੀਤੇ ਜਾ ਰਹੇ ਹਨ। ਇਹ ਪ੍ਰਗਟਾਵਾ ਗਊ ਸੇਵਾ ਕਮਿਸ਼ਨ ਪੰਜਾਬ ਦੇ ਚੇਅਰਮੈਨ ਕੀਮਤੀ ਭਗਤ ਨੇ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਕੰਪਲੈਕਸ ਦੇ ਮੀਟਿੰਗ ਹਾਲ ਵਿਖੇ ਜ਼ਿਲ੍ਹੇ ਦੀਆਂ ਸਮੂਹ ਗਊਸ਼ਾਲਾਵਾਂ ਤੇ ਸਵੈ-ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਅਤੇ ਅਧਿਕਾਰੀਆਂ ਨਾਲ ਮੀਟਿੰਗ ਦੌਰਾਨ ਕੀਤਾ।

ਕੀਮਤੀ ਭਗਤ ਨੇ ਦੱਸਿਆ ਕਿ ਸੂਬੇ ਅੰਦਰ ਬੇਸਹਾਰਾ ਗਊਧਨ ਦੇ ਚੱਲ ਰਹੇ ਕਾਰਜਾਂ ਨੂੰ ਹੋਰ ਬਿਹਤਰ ਬਣਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਰਾਜ ਦੇ ਸਾਰੇ ਜ਼ਿਲ੍ਹਿਆਂ ਲਈ ਦੂਜੀ ਕਿਸ਼ਤ ਵਜੋਂ 22 ਕਰੋੜ ਰੁਪਏ ਦੀ ਰਾਸ਼ੀ ਮੁਹੱਈਆ ਕਰਵਾਈ ਹੈ ਜਿਸਦੀ ਹਰੇਕ ਜ਼ਿਲ੍ਹਾ ਪੱਧਰ 'ਤੇ ਇਕ-ਇਕ ਕਰੋੜ ਰੁਪਏ ਨਾਲ ਵੰਡ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾਵਾਂ ਦੇ ਬਣਨ ਨਾਲ ਆਵਾਰਾ ਪਸ਼ੂਆਂ ਨਾਲ ਹੋਣ ਵਾਲੀਆਂ ਸੜਕੀ ਦੁਰਘਟਨਾਵਾਂ ਨੂੰ ਭਾਰੀ ਠੱਲ੍ਹ ਪਵੇਗੀ। ਉਨ੍ਹਾਂ ਦੱਸਿਆ ਕਿ ਇਸ ਵੇਲੇ ਇਕ ਲੱਖ ਤੋਂ ਵੱਧ ਗਊਆਂ ਸੜਕਾਂ 'ਤੇ ਹਨ, ਜਿਨ੍ਹਾਂ ਕਾਰਣ 285 ਕੀਮਤੀ ਜਾਨਾਂ ਗਈਆਂ ਹਨ ਅਤੇ ਫਸਲਾਂ ਦਾ ਵੀ ਭਾਰੀ ਨੁਕਸਾਨ ਹੋਇਆ ਹੈ।

ਭਗਤ ਨੇ ਅੱਗੇ ਦੱਸਿਆ ਕਿ ਇਸ ਸਮੇਂ ਪੰਜਾਬ ਵਿਚ ਕਰੀਬ 472 ਗਊਸ਼ਾਲਾਵਾਂ ਚੱਲ ਰਹੀਆਂ ਹਨ, ਜਿਨ੍ਹਾਂ ਵਿਚੋਂ 366 ਗਊਸ਼ਾਲਾਵਾਂ ਰਜਿਸਟਰਡ ਹੋ ਚੁੱਕੀਆਂ ਹਨ ਅਤੇ ਬਾਕੀਆਂ ਨੂੰ ਜਲਦ ਹੀ ਰਜਿਸਟਰਡ ਕੀਤਾ ਜਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਮੂਹ ਗਊਸ਼ਾਲਾਵਾਂ ਵਿਚ ਆਉਣ ਵਾਲਾ ਹਰ ਤਰ੍ਹਾਂ ਦਾ ਸਾਮਾਨ ਵੈਟ ਮੁਕਤ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾਵਾਂ ਨੂੰ ਪੰਜਾਬ ਸਰਕਾਰ ਵੱਲੋਂ ਡਾਕਟਰੀ ਸਹੂਲਤਾਂ ਦੇਣ ਦਾ ਫ਼ੈਸਲਾ ਕੀਤਾ ਗਿਆ ਹੈ ਅਤੇ ਸਰਕਾਰ ਵੱਲੋਂ 50 ਲੱਖ ਦੀ ਦਵਾਈ ਗਊਸ਼ਾਲਾਵਾਂ ਨੂੰ ਸਪਲਾਈ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਗਊਆਂ ਦੀ ਸੁਰੱਖਿਆ ਲਈ ਹਰੇਕ ਜ਼ਿਲ੍ਹਾ ਪੱਧਰ 'ਤੇ ਪੰਜਾਬ ਪੁਲਿਸ ਵੱਲੋਂ ਗਊ ਸੁਰੱਖਿਆ ਸੈੱਲ ਬਣਾਏ ਗਏ ਹਨ, ਜਿਨ੍ਹਾਂ ਦੇ ਇੰਚਾਰਜ ਐਸ.ਪੀ ਅਤੇ ਡੀ.ਐਸ.ਪੀ ਰੈਕ ਦੇ ਅਧਿਕਾਰੀ ਨੂੰ ਲਗਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਦੀਆਂ ਸਮੂਹ ਨਗਰ ਕੌਸਲਾਂ, ਨਗਰ ਕਮੇਟੀਆਂ ਅਤੇ ਨਗਰ ਨਿਗਮਾਂ ਨੂੰ ਕਾਓ ਸੈੱਸ ਲਗਾਉਣ ਲਈ ਰਾਜ ਸਰਕਾਰ ਵੱਲੋਂ ਹੁਕਮ ਜਾਰੀ ਕਰ ਦਿੱਤੇ ਗਏ ਹਨ। ਉਨ੍ਹਾਂ ਸਮੂਹ ਗਊਸ਼ਾਲਾਵਾਂ ਵਿਚ ਸੇਵਾ ਕਰਨ ਵਾਲੇ ਗਊ ਭਗਤਾਂ ਨੂੰ ਪੰਜਾਬ ਗਊ ਸੇਵਾ ਕਮਿਸ਼ਨ ਨਾਲ ਆਪਣੀ ਗਊਸ਼ਾਲਾ ਨੂੰ ਰਜਿਸਟਰਡ ਕਰਵਾਉਣ ਦੀ ਅਪੀਲ ਕੀਤੀ ਤਾਂ ਜੋ ਪੰਜਾਬ ਸਰਕਾਰ ਵੱਲੋਂ ਮਿਲਣ ਵਾਲੀਆਂ ਸਮੂਹ ਸਹੂਲਤਾਂ ਹਰੇਕ ਗਊਸ਼ਾਲਾ ਨੂੰ ਮਿਲ ਸਕਣ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਐਸ.ਪੀ ਆਂਗਰਾ, ਵਾਈਸ ਚੇਅਰਮੈਨ ਗਊ ਸੇਵਾ ਕਮਿਸ਼ਨ ਪੰਜਾਬ ਦੁਰਗੇਸ਼ ਸ਼ਰਮਾ, ਡਿਪਟੀ ਡਾਇਰੈਕਟਰ ਪਸ਼ੂ ਪਾਲਣ ਡਾ. ਪਵਨ ਮਲਹੋਤਰਾ, ਭਾਜਪਾ ਆਗੂ ਨਰੇਸ਼ ਸ਼ਰਮਾ, ਸੰਤੋਖ ਸਿੰਘ, ਰੀਨਾ ਜੇਤਲੀ, ਕੰਵਰ ਜਗਦੀਪ ਸਿੰਘ, ਅਰੁਣ ਖੰਨਾ ਸਮੇਤ ਹੋਰ ਅਧਿਕਾਰੀ ਅਤੇ ਗਊਸ਼ਾਲਾਵਾਂ ਦੇ ਪ੍ਰਬੰਧਕ ਅਤੇ ਸਮਾਜ ਸੇਵੀ ਜਥੇਬੰਦੀਆਂ ਦੇ ਨੁਮਾਇੰਦੇ ਹਾਜ਼ਰ ਸਨ।
[home] [1] 2 3 4  [prev.]1-5 of 16


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪੰਜਾਬ ਨੇ ਡਾ. ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ: ਸੁਖਬੀਰ ਸਿੰਘ ਬਾਦਲ
23.09.16 - ਸਮੀਰ ਅਰੋੜਾ
ਪੰਜਾਬ ਨੇ ਡਾ. ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ: ਸੁਖਬੀਰ ਸਿੰਘ ਬਾਦਲਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਕੇਵਲ ਪੰਜਾਬ ਹੀ ਅਜਿਹਾ ਸੂਬਾ ਹੈ ਜਿਸ ਨੇ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਦੀ ਵਿਚਾਰਧਾਰਾ ਨੂੰ ਸਹੀ ਅਰਥਾਂ ਵਿਚ ਲਾਗੂ ਕੀਤਾ ਹੈ। ਉਹ ਅੱਜ ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਭਾਰਤ ਰਤਨ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਦਕਰ ਜੀ ਦੀ 125ਵੀਂ ਵਰ੍ਹੇਗੰਢ ਦੇ ਸਬੰਧ ਵਿਚ ਪੰਜਾਬ ਸਰਕਾਰ ਵੱਲੋਂ ਕਰਵਾਏ ਜਾ ਰਹੇ ਛੇ ਰਾਸ਼ਟਰੀ ਸੈਮੀਨਾਰਾਂ ਦੀ ਲੜੀ ਦੇ ਚੌਥੇ ਰਾਸ਼ਟਰੀ ਸੈਮੀਨਾਰ ਨੂੰ ਸੰਬੋਧਨ ਕਰ ਰਹੇ ਸਨ। ਖਚਾਖੱਚ ਭਰੇ ਦਸਮੇਸ਼ ਆਡੀਟੋਰੀਅਮ ਵਿਚ 'ਭਾਰਤੀ ਸੰਵਿਧਾਨ ਦੇ ਪਿਤਾਮਾ-ਡਾ. ਬੀ. ਆਰ ਅੰਬੇਦਕਰ' ਵਿਸ਼ੇ 'ਤੇ ਕਰਵਾਏ ਗਏ ਇਸ ਰਾਸ਼ਟਰੀ ਸੈਮੀਨਾਰ ਮੌਕੇ ਡਾ. ਅੰਬੇਦਕਰ ਨੂੰ ਸ਼ਰਧਾਂਲਜੀ ਦਿੰਦਿਆਂ ਉਨ੍ਹਾਂ ਐਲਾਨ ਕੀਤਾ ਕਿ ਨਵੰਬਰ ਵਿਚ ਹੋ ਰਹੇ ਵਿਸ਼ਵ ਕਬੱਡੀ ਕੱਪ ਦਾ ਨਾਂਅ 'ਡਾ. ਅੰਬੇਦਕਰ ਵਿਸ਼ਵ ਕਬੱਡੀ ਕੱਪ' ਹੋਵੇਗਾ ਅਤੇ ਪੰਜਾਬ ਵਿਚ ਖੋਲ੍ਹੀਆਂ ਜਾ ਰਹੀਆਂ ਮੁਫ਼ਤ ਦਵਾਈਆਂ ਦੀਆਂ 2600 ਦੁਕਾਨਾਂ ਵੀ ਡਾ. ਅੰਬੇਦਕਰ ਦੇ ਨਾਂਅ 'ਤੇ ਹੋਣਗੀਆਂ। ਉਨ੍ਹਾਂ ਇਹ ਵੀ ਕਿਹਾ ਕਿ ਸਾਰੀਆਂ ਪੰਜਾਬ ਦੀਆਂ ਸਾਰੀਆਂ ਯੂਨੀਵਰਸਿਟੀਆਂ ਵਿਚ ਮਹਾਨ ਸ਼ਖਸੀਅਤਾਂ ਦੀਆਂ ਜੀਵਨੀਆਂ ਅਤੇ ਉਨ੍ਹਾਂ ਦੀ ਵਿਚਾਰਧਾਰਾ ਸਬੰਧੀ ਵਿਸ਼ਾ ਲਾਜ਼ਮੀ ਕੀਤਾ ਜਾਵੇਗਾ ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਉਨ੍ਹਾਂ ਦੀ ਸੋਚ ਨੂੰ ਅਪਣਾ ਕੇ ਆਪਣਾ ਚਰਿੱਤਰ ਨਿਰਮਾਣ ਕਰ ਸਕਣ। ਸ. ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਵੱਖ-ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਸ਼ਾਂਤੀ, ਪ੍ਰੇਮ ਅਤੇ ਭਾਈਚਾਰੇ ਨਾਲ ਰਹਿੰਦੇ ਹਨ ਅਤੇ ਇਥੇ ਸਾਰੇ ਧਰਮਾਂ ਦਾ ਬਰਾਬਰ ਸਤਿਕਾਰ ਕੀਤਾ ਜਾਂਦਾ ਹੈ, ਜਿਸ ਦਾ ਸਬੂਤ ਇਸ ਗੱਲ ਤੋਂ ਮਿਲਦਾ ਹੈ ਕਿ ਮਾਹੌਲ ਖ਼ਰਾਬ ਹੋਣ 'ਤੇ ਵੀ ਇਥੇ ਕਿਧਰੇ ਦੰਗੇ-ਫਸਾਦ ਨਹੀਂ ਹੋਏ। ਉਨ੍ਹਾਂ ਕਿਹਾ ਕਿ ਆਪਣਾ ਵਿਰਸੇ ਅਤੇ ਸੱਭਿਆਚਾਰ ਨੂੰ ਸੰਭਾਲਣ ਦੇ ਮਕਸਦ ਨਾਲ ਪੰਜਾਬ ਸਰਕਾਰ ਨੇ ਜਿਥੇ ਵਿਸ਼ਵ ਪੱਧਰੀ ਯਾਦਗਾਰਾਂ ਦੀ ਉਸਾਰੀ ਕਰਵਾਈ ਹੈ, ਉਥੇ ਧਾਰਮਿਕ ਸਥਾਨਾਂ ਨੂੰ ਖ਼ੂਬਸੂਰਤ ਬਣਾਉਣ ਲਈ ਵੱਡੇ ਉਪਰਾਲੇ ਕੀਤੇ ਹਨ, ਜਿਨ੍ਹਾਂ ਵਿਚ ਰਾਮਤੀਰਥ ਵਿਖੇ ਭਗਵਾਨ ਵਾਲਮੀਕਿ ਜੀ ਦੀ ਯਾਦਗਾਰ, ਖੁਰਾਲਗੜ੍ਹ ਵਿਖੇ ਗੁਰੂ ਰਵਿਦਾਸ ਯਾਦਗਾਰ ਅਤੇ ਦੁਰਗਿਆਣਾ ਮੰਦਿਰ ਦੇ ਸੁੰਦਰੀਕਰਨ ਆਦਿ ਦੇ ਕੰਮ ਸ਼ਾਮਿਲ ਹਨ।

ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਵਿਚ ਦਲਿਤਾਂ ਦੀ ਆਬਾਦੀ 31.6 ਫੀਸਦੀ ਹੈ ਜਦਕਿ ਸਮੁੱਚੇ ਭਾਰਤ ਵਿਚ ਕੇਵਲ 16 ਫੀਸਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਗ਼ਰੀਬ ਤੇ ਕਮਜ਼ੋਰ ਵਰਗ ਲਈ ਆਟਾ-ਦਾਲ ਸਕੀਮ, ਸ਼ਗਨ ਸਕੀਮ, ਮਕਾਨਾਂ ਅਤੇ ਫਲੱਸ਼ਾਂ ਦੀ ਉਸਾਰੀ, ਫਜ਼ੀਫਾ ਸਕੀਮਾਂ, ਮੁਫ਼ਤ ਕਿਤਾਬਾਂ, ਮੁਫ਼ਤ ਬਿਜਲੀ, ਹੁਨਰ ਵਿਕਾਸ ਲਈ ਮੁਫ਼ਤ ਤਕਨੀਕੀ ਸਿੱਖਿਆ ਅਤੇ ਟ੍ਰੇਨਿੰਗ, ਬੱਚੀਆਂ ਦੀ ਮੁਫ਼ਤ ਪੜ੍ਹਾਈ ਆਦਿ ਵਰਗੀਆਂ ਅਨੇਕਾਂ ਭਲਾਈ ਸਕੀਮਾਂ ਸ਼ੁਰੂ ਕੀਤੀਆਂ ਹਨ। ਇਸ ਤੋਂ ਇਲਾਵਾ ਪਿੰਡਾਂ ਵਿਚ ਧਰਮਸ਼ਾਲਾ ਅਤੇ ਸ਼ਹਿਰਾਂ ਵਿਚ ਡਾ. ਅੰਬੇਦਕਰ ਭਵਨਾਂ ਦੀ ਉਸਾਰੀ ਕਰਵਾਈ ਗਈ ਹੈ ਅਤੇ ਅਨੁਸੂਚਿਤ ਜਾਤੀਆਂ ਉੱਪਰ ਹੁੰਦੇ ਅੱਤਿਆਚਾਰਾਂ ਨੂੰ ਰੋਕਣ ਲਈ ਪ੍ਰੋਟੈਕਸ਼ਨ ਸੈੱਲਾਂ ਦੀ ਸਥਾਪਨਾ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ 2006-7 ਵਿਚ ਐਸ. ਸੀ. ਐਸ. ਟੀ ਸਕਾਲਰਸ਼ਿਪ ਦੀ ਜਿਹੜੀ ਰਾਸ਼ੀ ਕੇਵਲ 13 ਕਰੋੜ ਰੁਪਏ ਸੀ ਉਹ ਹੁਣ ਵੱਧ ਕੇ 600 ਕਰੋੜ ਰੁਪਏ ਤੱਕ ਪਹੁੰਚ ਗਈ ਹੈ। ਉਨ੍ਹਾਂ ਕਿਹਾ ਕਿ ਪੰਜਾਬ ਨੇ ਸਿੱਖਿਆ ਦੇ ਖੇਤਰ ਵਿਚ ਵੱਡੀਆਂ ਮੱਲ੍ਹਾਂ ਮਾਰੀਆਂ ਹਨ ਅਤੇ ਪਹਿਲਾਂ ਜਿਥੇ ਇਥੋਂ ਦੇ ਵਿਦਿਆਰਥੀ ਬਾਹਰਲੇ ਰਾਜਾਂ ਵਿਚ ਪੜ੍ਹਨ ਲਈ ਜਾਂਦੇ ਸਨ, ਹੁਣ ਬਾਹਰਲੇ ਸੂਬਿਆਂ ਦੇ ਵਿਦਿਆਰਥੀ ਇਥੇ ਪੜ੍ਹਨ ਲਈ ਆ ਰਹੇ ਹਨ। ਉਨ੍ਹਾਂ ਕਿਹਾ ਕਿ ਆਈ. ਆਈ. ਟੀ. ਰੋਪੜ, ਆਈ. ਆਈ. ਐਮ ਅੰਮ੍ਰਿਤਸਰ, ਏਮਜ਼ ਬਠਿੰਡਾ ਅਤੇ ਇੰਡੀਅਨ ਸਕੂਲ ਆਫ ਬਿਜ਼ਨੈਸ ਮੁਹਾਲੀ ਆਦਿ ਨਾਲ ਇਥੋਂ ਦੀ ਸਿੱਖਿਆ ਅੰਤਰਰਾਸ਼ਟਰੀ ਪੱਧਰ 'ਤੇ ਪਹੁੰਚ ਗਈ ਹੈ। ਗੁਰੂ ਨਗਰੀ ਅੰਮ੍ਰਿਤਸਰ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ ਕਿ ਅਕਤੂਬਰ ਦੇ ਅੰਤ ਤੱਕ ਇਥੇ ਸਾਰੇ ਵਿਕਾਸ ਪ੍ਰਾਜੈਕਟ ਮੁਕੰਮਲ ਹੋਣ ਨਾਲ ਇਹ ਬਹੁਤ ਹੀ ਖ਼ੂਬਸੂਰਤ ਸ਼ਹਿਰ ਬਣ ਕੇ ਅੰਤਰਰਾਸ਼ਟਰੀ ਟੂਰਿਜ਼ਮ ਹੱਬ ਵਜੋਂ ਜਾਣਿਆ ਜਾਵੇਗਾ। ਉਨ੍ਹਾਂ ਕਿਹਾ ਕਿ ਸਾਨੂੰ ਡਾ. ਅੰਬੇਦਕਰ ਜੀ ਦੀ ਸੋਚ 'ਤੇ ਪਹਿਰਾ ਦੇਣ ਦੀ ਲੋੜ ਹੈ ਅਤੇ ਪੰਜਾਬ ਇਸ ਸਬੰਧੀ ਇਕ ਰੋਲ ਮਾਡਲ ਬਣੇਗਾ।

ਸਮਾਗਮ ਵਿਚ ਮੁੱਖ ਮਹਿਮਾਨ ਵਜੋਂ ਹਾਜ਼ਰ ਹੋਏ ਪੁਡੂਚੇਰੀ ਦੇ ਲੈਫਟੀਨੈਂਟ ਗਵਰਨਰ ਡਾ. ਕਿਰਨ ਬੇਦੀ ਨੇ ਇਸ ਮੌਕੇ ਕਿਹਾ ਕਿ ਜੇਕਰ ਅਸੀਂ ਥੋੜ੍ਹੇ ਜਿਹੇ ਵੀ ਡਾ. ਅੰਬੇਦਕਰ ਵਰਗੇ ਬਣ ਜਾਈਏ ਤਾਂ ਦੇਸ਼ ਬਦਲ ਸਕਦਾ ਹੈ। ਉਨ੍ਹਾਂ ਸੱਦਾ ਦਿੱਤਾ ਕਿ ਸਾਨੂੰ ਆਪਣੇ ਗੁਰੂਆਂ, ਸੰਤਾਂ ਅਤੇ ਮਹਾਨ ਸ਼ਖਸੀਅਤਾਂ ਦੀ ਜ਼ਿੰਦਗੀ ਤੋਂ ਸੇਧ ਲੈ ਕੇ ਆਪਣਾ ਚਰਿੱਤਰ ਨਿਰਮਾਣ ਕਰਨਾ ਚਾਹੀਦਾ ਹੈ। ਉਨ੍ਹਾਂ ਨੌਜਵਾਨਾਂ ਨੂੰ ਕਿਹਾ ਕਿ ਦੇਸ਼ ਦੀ ਵਾਗਡੋਰ ਉਨ੍ਹਾਂ ਦੇ ਹੱਥ ਹੈ ਅਤੇ ਉਨ੍ਹਾਂ ਨੂੰ ਫੇਸ ਬੁੱਕ ਆਦਿ ਤਿਆਗ 'ਸੈਲਫ ਐਜੂਕੇਸ਼ਨ' ਲੈਣੀ ਚਾਹੀਦੀ ਹੈ ਅਤੇ ਵੱਧ ਤੋਂ ਵੱਧ ਸਮਾਂ ਗਿਆਨ ਹਾਸਲ ਕਰਨ ਅਤੇ ਖੇਡਾਂ ਵਿਚ ਲਾਉਣਾ ਚਾਹੀਦਾ ਹੈ। ਇਸੇ ਤਰ੍ਹਾਂ ਕਾਨੂੰਨ ਦੀ ਪਾਲਣਾ ਕਰਨੀ, ਵਾਅਦਾ ਨਿਭਾਉਣਾ ਅਤੇ ਸਵੈ-ਵਿਸ਼ਵਾਸ ਬਹੁਤ ਹੀ ਜ਼ਰੂਰੀ ਚੀਜ਼ਾਂ ਹਨ। ਉਨ੍ਹਾਂ ਕਿਹਾ ਕਿ ਸਾਨੂੰ 'ਸਵੱਛ ਭਾਰਤ' ਮੁਹਿੰਮ ਦਾ ਹਿੱਸਾ ਬਣ ਕੇ ਆਪਣੇ ਆਲੇ-ਦੁਆਲੇ ਦੀ ਸਫ਼ਾਈ ਯਕੀਨੀ ਬਣਾਉਣੀ ਚਾਹੀਦੀ ਹੈ। ਉਨ੍ਹਾਂ ਗਰੀਬਾਂ ਤੇ ਪੱਛੜੇ ਵਰਗ ਦੇ ਲੋਕਾਂ ਲਈ ਪੰਜਾਬ ਸਰਕਾਰ ਵੱਲੋਂ ਕੀਤੇ ਗਏ ਉਪਰਾਲਿਆਂ ਦੀ ਸ਼ਲਾਘਾ ਕੀਤੀ।

ਵਿਧਾਨ ਸਭਾ ਦੇ ਸਪੀਕਰ ਡਾ. ਚਰਨਜੀਤ ਸਿੰਘ ਅਟਵਾਲ ਨੇ ਇਸ ਮੌਕੇ ਆਪਣੇ ਸੰਬੋਧਨ ਵਿਚ ਡਾ. ਅੰਬੇਦਕਰ ਅਤੇ ਉਨ੍ਹਾਂ ਦੀ ਮਹਾਨ ਦੇਣ ਸਬੰਧੀ ਚਾਨਣਾ ਪਾਉਂਦਿਆਂ ਕਿਹਾ ਕਿ ਡਾ. ਅੰਬੇਦਕਰ ਦੀ ਵਿਚਾਰਧਾਰਾ 70 ਸਾਲ ਪਹਿਲਾਂ ਵੀ ਕਾਰਗਰ ਸੀ ਅਤੇ ਅੱਜ ਵੀ ਕਾਰਗਰ ਹੈ। ਉਨ੍ਹਾਂ ਕਿਹਾ ਕਿ ਭਾਰਤ ਵਰਗੇ ਵਿੰਭਿਨਤਾ ਨਾਲ ਭਰੇ ਮੁਲਕ ਦਾ ਸੰਵਿਧਾਨ ਤਿਆਰ ਕਰਨਾ ਬਹੁਤ ਵੱਡਾ ਕੰਮ ਸੀ, ਜੋ ਡਾ ਅੰਬੇਦਕਰ ਨੇ ਕਰ ਵਿਖਾਇਆ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਮਹਾਨ ਵਿਦਵਾਨ, ਸਮਾਜ ਸੁਧਾਰਕ, ਰਾਜਨੀਤੀਵਾਨ, ਕਾਨੂੰਨਦਾਨ, ਸੰਵਿਧਾਨ ਨਿਰਮਾਤਾ, ਦੂਰਅੰਦੇਸ਼ ਅਤੇ ਅਧਿਕਾਰਾਂ ਦੇ ਚੈਂਪੀਅਨ ਸਨ। ਉਨ੍ਹਾਂ ਕਿਹਾ ਕਿ ਡਾ. ਅੰਬੇਦਕਰ ਨੇ ਕੇਵਲ ਦਲਿਤਾਂ ਬਾਰੇ ਹੀ ਨਹੀਂ ਸੋਚਿਆ ਸਗੋਂ ਸਾਰੀ ਮਨੁੱਖਤਾ ਅਤੇ ਸਰਬ ਸਾਂਝੀਵਾਲਤਾ ਬਾਰੇ ਸੋਚਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦੀ ਦੂਰਅੰਦੇਸ਼ ਸੋਚ ਨੂੰ ਸਮਕਾਲੀ ਨਹੀਂ ਸਮਝ ਸਕੇ ਅਤੇ ਉਨ੍ਹਾਂ ਦੀ 1955 ਵਿਚ ਮੱਧ ਪ੍ਰਦੇਸ਼ ਅਤੇ ਬਿਹਾਰ ਨੂੰ ਦੋ ਭਾਗਾਂ ਵਿਚ ਵੰਡਣ ਦੀ ਗੱਲ ਨੂੰ 50 ਸਾਲ ਬਾਅਦ ਅਮਲੀ ਜਾਮਾ ਪਹਿਨਾਉਣਾ ਪਿਆ। ਭਾਰਤ ਦੇ ਸਾਬਕਾ ਚੀਫ ਜਸਟਿਸ ਕੇ. ਜੀ ਬਾਲਾਕ੍ਰਿਸ਼ਨਨ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਇਕ ਹਰਫਨਮੌਲਾ ਵਿਅਕਤੀ ਸਨ, ਜਿਨ੍ਹਾਂ ਨੇ ਲੋਕਤੰਤਰ ਅਤੇ ਸਮਾਨਤਾ ਵਾਲਾ ਸੰਵਿਧਾਨ ਰਚ ਕੇ ਇਕ ਮਹਾਨ ਕੰਮ ਕੀਤਾ। ਮੈਂਬਰ ਪਾਰਲੀਮੈਂਟ ਸ੍ਰੀ ਸ਼ਵੇਤ ਮਲਿਕ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਨੇ ਸਮਾਨਤਾ ਦਾ ਅਧਿਕਾਰ ਦਿਵਾ ਕੇ ਸਮਾਜ ਵਿਚੋਂ ਭੇਦਭਾਵ ਦਾ ਦਾਗ ਮਿਟਾ ਦਿੱਤਾ ਅਤੇ ਸਾਨੂੰ ਉਨ੍ਹਾਂ ਦੀ ਵਿਚਾਰਧਾਰਾ ਤੋਂ ਪ੍ਰੇਰਣਾ ਲੈਣੀ ਚਾਹੀਦੀ ਹੈ। ਕੈਬਨਿਟ ਮੰਤਰੀ ਗੁਲਜ਼ਾਰ ਸਿੰਘ ਰਣੀਕੇ ਨੇ ਇਸ ਮੌਕੇ ਕਿਹਾ ਕਿ ਡਾ. ਅੰਬੇਦਕਰ ਸਦਕਾ ਹੀ ਸਮਾਜ ਦੇ ਦੱਬੇ-ਕੁਚਲੇ ਲੋਕ ਅੱਜ ਸਨਮਾਨ ਦੀ ਜ਼ਿੰਦਗੀ ਬਸਰ ਕਰ ਰਹੇ ਹਨ। 

ਇਸ ਮੌਕੇ ਕੈਬਨਿਟ ਮੰਤਰੀ ਅਨਿਲ ਜੋਸ਼ੀ, ਵਿਧਾਇਕ ਬਲਜੀਤ ਸਿੰਘ ਜਲਾਲਉਸਮਾ, ਪੰਜਾਬ ਰਾਜ ਅਨੁਸੂਚਿਤ ਜਾਤੀਆਂ ਕਮਿਸ਼ਨ ਦੇ ਚੇਅਰਮੈਨ ਰਾਜੇਸ਼ ਬਾਘਾ, ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਵੀਰ ਸਿੰਘ ਲੋਪੋਕੇ, ਅਕਾਲੀ ਦਲ ਦੇ ਜ਼ਿਲ੍ਹਾ ਸ਼ਹਿਰੀ ਪ੍ਰਧਾਨ ਗੁਰਪ੍ਰਤਾਪ ਸਿੰਘ ਟਿੱਕਾ, ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉੱਪ ਕੁਲਪਤੀ ਡਾ. ਅਜੈਬ ਸਿੰਘ ਬਰਾੜ, ਮੇਅਰ ਬਖਸ਼ੀ ਰਾਮ ਅਰੋੜਾ, ਭਾਈ ਮਨਜੀਤ ਸਿੰਘ, ਭਾਈ ਰਾਮ ਸਿੰਘ, ਸੀਨੀਅਰ ਡਿਪਟੀ ਮੇਅਰ ਅਵਤਾਰ ਸਿੰਘ ਟਰੱਕਾਂਵਾਲਾ, ਡਿਪਟੀ ਮੇਅਰ ਅਵਿਨਾਸ਼ ਜੌਲੀ, ਡਿਪਟੀ ਕਮਸ਼ਿਨਰ ਵਰੁਣ ਰੂਜਮ, ਕਮਿਸ਼ਨਰ ਪੁਲਿਸ ਅਮਰ ਸਿੰਘ ਚਾਹਲ ਅਤੇ ਹੋਰ ਸ਼ਖਸੀਅਤਾਂ ਹਾਜ਼ਰ ਸਨ। ਇਨ੍ਹਾਂ ਰਾਸ਼ਟਰੀ ਸੈਮੀਨਾਰਾਂ ਸਬੰਧੀ ਪੰਜਾਬ ਸਰਕਾਰ ਵੱਲੋਂ ਗਠਿਤ ਕਮੇਟੀ ਦੇ ਕਨਵੀਨਰ ਇੰਦਰ ਇਕਬਾਲ ਸਿੰਘ ਅਟਵਾਲ ਨੇ ਮੰਚ ਦਾ ਸੰਚਾਲਨ ਬਾਖੂਬੀ ਕੀਤਾ। ਇਸ ਤੋਂ ਬਾਅਦ ਸੈਨੇਟ ਹਾਲ 'ਚ ਹੋਏ ਸੈਮੀਨਾਰ ਦੌਰਾਨ ਦੇਸ਼ ਦੇ ਕੋਨੇ-ਕੋਨੇ ਵਿਚੋਂ ਪਹੁੰਚੇ ਵਿਦਵਾਨਾਂ ਨੇ ਡਾ. ਅੰਬੇਦਕਰ 'ਤੇ ਆਪਣੇ ਪਰਚੇ ਪੜ੍ਹੇ।
[home] [1] 2 3 4  [prev.]1-5 of 16


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮੁਹਾਵਾ ਸੜਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਬਣੇਗਾ ਸਮਾਰਕ: ਸੁਖਬੀਰ ਸਿੰਘ ਬਾਦਲ
23.09.16 - ਸਮੀਰ ਅਰੋੜਾ
ਮੁਹਾਵਾ ਸੜਕ ਹਾਦਸੇ ਵਿੱਚ ਮਾਰੇ ਗਏ ਬੱਚਿਆਂ ਦੀ ਯਾਦ ਵਿੱਚ ਬਣੇਗਾ ਸਮਾਰਕ: ਸੁਖਬੀਰ ਸਿੰਘ ਬਾਦਲਬੀਤੇ ਦਿਨੀਂ ਅੰਮ੍ਰਿਤਸਰ ਦੇ ਪਿੰਡ ਮੁਹਾਵਾ ਵਿਖੇ ਸੜਕ ਹਾਦਸੇ ਵਿੱਚ ਮਾਰੇ ਗਏ 7 ਸਕੂਲੀ ਬੱਚਿਆਂ ਦੇ ਪਰਿਵਾਰਾਂ ਨਾਲ ਦੁੱਖ ਪ੍ਰਗਟ ਕਰਨ ਲਈ ਉਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਅੱਜ ਪਿੰਡ ਮੁਹਾਵਾ ਪਹੁੰਚੇ। ਉਹ ਪੀੜਤ ਪਰਿਵਰਾਂ ਨੂੰ ਮਿਲੇ ਅਤੇ ਉਨ੍ਹਾਂ ਨਾਲ ਦਿਲੀ ਹਮਦਰਦੀ ਪ੍ਰਗਟ ਕੀਤੀ। ਉਪ ਮੁੱਖ ਮੰਤਰੀ ਨੇ ਇਸ ਮੌਕੇ ਹਾਦਸੇ ਵਿੱਚ ਪੀੜਤ ਬੱਚਿਆਂ ਦੀ ਯਾਦ ਵਿੱਚ ਪਿੰਡ 'ਚ ਸਟੇਡੀਅਮ ਬਣਾਉਣ ਲਈ 20 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਅਤੇ ਕਿਹਾ ਕਿ ਇਥੇ ਬੱਚਿਆਂ ਦੀ ਯਾਦ ਵਿੱਚ ਇਕ ਸਮਾਰਕ ਵੀ ਕਾਇਮ ਕੀਤਾ ਜਾਵੇਗਾ। ਉਨ੍ਹਾਂ ਨੇ ਪਿੰਡ ਦੇ ਸਕੂਲ ਨੂੰ ਅਪਗਰੇਡ ਕਰਕੇ ਸੀਨੀਅਰ ਸਕੈਡਰੀ ਸਕੂਲ ਦਾ ਦਰਜਾ ਦੇਣ ਦਾ ਐਲਾਨ ਵੀ ਕੀਤਾ।

ਹਾਦਸੇ ਦਾ ਕਾਰਣ ਬਣੇ ਪੁਲ ਅਤੇ ਇਲਾਕੇ ਵਿੱਚ ਪੈਂਦੇ ਅਜਿਹੇ ਹੋਰ ਪੁਲਾਂ ਦੁਆਲੇ ਲੱਗੀ ਰੇਲਿੰਗ ਨੂੰ ਤੋੜ ਕੇ ਉਪ ਮੁੱਖ ਮੰਤਰੀ ਨੇ ਸੀਮੈਂਟ ਦੀ ਪੱਕੀ ਵਾੜ ਬਣਾਉਣ ਦੀ ਹਦਾਇਤ ਲੋਕ ਨਿਰਮਾਣ ਵਿਭਾਗ ਨੂੰ ਦਿੱਤੀ।। ਇਸ ਹਾਦਸੇ ਵਿੱਚ ਕਈ ਬੱਚਿਆਂ ਦੀਆਂ ਜਾਨਾਂ ਬਚਾਉਣ ਵਾਲੇ ਬੱਚੇ ਕਰਨਬੀਰ ਸਿੰਘ ਦਾ ਨਾਮ ਰਾਸ਼ਟਰੀ ਐਵਾਰਡ ਲਈ ਭੇਜਣ ਦੀਆਂ ਹਦਾਇਤਾਂ ਵੀ ਜ਼ਿਲ੍ਹਾ ਪ੍ਰਸਾਸ਼ਨ ਨੂੰ ਦਿੱਤੀਆਂ। ਇਸ ਮੌਕੇ ਉਨ੍ਹਾਂ ਨਾਲ ਹਲਕਾ ਵਿਧਾਇਕ ਕੈਬਨਿਟ ਮੰਤਰੀ ਸ੍ਰ ਗੁਲਜਾਰ ਸਿੰਘ ਰਣੀਕੇ, ਸ. ਗੁਰਿੰਦਰ ਪਾਲ ਸਿੰਘ ਲਾਲੀ ਰਣੀਕੇ ਅਤੇ ਹੋਰ ਹਾਜ਼ਰ ਸਨ।
[home] [1] 2 3 4  [prev.]1-5 of 16


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਅੰਮ੍ਰਿਤਸਰ ਵਿੱਚ ਸਕੂਲੀ ਬੱਸ ਨਹਿਰ ਵਿੱਚ ਡਿੱਗੀ, ਸੱਤ ਬੱਚਿਆਂ ਦੀ ਮੌਤ; ਕਈ ਜ਼ਖਮੀ
20.09.16 - ਸਮੀਰ ਅਰੋੜਾ
ਅੰਮ੍ਰਿਤਸਰ ਵਿੱਚ ਸਕੂਲੀ ਬੱਸ ਨਹਿਰ ਵਿੱਚ ਡਿੱਗੀ, ਸੱਤ ਬੱਚਿਆਂ ਦੀ ਮੌਤ; ਕਈ ਜ਼ਖਮੀਸਕੂਲੀ ਬੱਚਿਆਂ ਦੀ ਬੱਸ ਮਹਾਵਾ ਦੇ ਨਜ਼ਦੀਕ ਸਥਿਤ ਡਿਫੈਂਸ ਡਰੇਨ ਵਿੱਚ ਜਾ ਡਿੱਗੀ। ਹਾਦਸੇ ਵਿੱਚ ਸੱਤ ਬੱਚਿਆਂ ਦੀ ਮੌਤ ਹੋ ਗਈ, ਜਦੋਂ ਕਿ 17 ਜ਼ਖਮੀ ਹੋ ਗਏ। ਜ਼ਖਮੀਆਂ ਨੂੰ ਛੇਰਹਟਾ ਦੇ ਅਰੋੜਾ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਹੈ। ਘਟਨਾ ਮੰਗਲਵਾਰ ਦੁਪਹਿਰ ਦੀ ਹੈ। ਹਾਦਸਾ ਬੱਚਿਆਂ ਨੂੰ ਸਕੂਲ ਤੋਂ ਘਰ ਛੱਡਦੇ ਸਮਾਂ ਹੋਇਆ। ਬੱਸ ਕਮਜ਼ੋਰ ਪੁਲੀ ਤੋਂ ਨਹਿਰ ਵਿੱਚ ਜਾ ਡਿੱਗੀ।
ਅੰਮ੍ਰਿਤਸਰ ਦੇ ਐਸ.ਐਸ.ਪੀ. ਦੇਹਾਤੀ ਨੇ ਕਿਹਾ ਕਿ ਹਾਲੇ ਅੰਤਮ ਰੂਪ 'ਚ ਲਾਸ਼ਾਂ ਅਤੇ ਜ਼ਖਮੀਆਂ ਦੀ ਗਿਣਤੀ ਬਾਰੇ ਕੁੱਝ ਨਹੀਂ ਕਿਹਾ ਜਾ ਸਕਦਾ। ਫਿਲਹਾਲ ਸੱਤ ਬੱਚਿਆਂ ਦੇ ਮਾਰੇ ਜਾਣ ਦੀ ਸੂਚਨਾ ਹੈ। ਮ੍ਰਿਤਕਾਂ ਵਿੱਚ ਦੋ ਬੱਚੇ ਅਭਿਜੀਤ ਅਤੇ ਹਰਨੂਰ ਇੱਕ ਹੀ ਪਰਿਵਾਰ ਦੇ ਹਨ। ਮਾਰੇ ਗਏ ਸੱਤ ਬੱਚਿਆਂ ਵਿੱਚ ਤਿੰਨ ਕੁੜੀਆਂ ਹਨ।
ਹਾਦਸੇ ਦੇ ਸਮੇਂ ਬੱਸ ਵਿੱਚ 50 ਵਿਦਿਆਰਥੀ ਸਵਾਰ ਸਨ। ਇਹ ਬੱਸ ਡੀ.ਏ.ਵੀ. ਪਬਲਿਕ ਸਕੂਲ, ਅਟਾਰੀ, ਅੰਮ੍ਰਿਤਸਰ ਦੀ ਸੀ। ਹਾਦਸੇ ਦੀ ਸੂਚਨਾ ਮਿਲਦੇ ਹੀ ਬੱਚਿਆਂ ਦੇ ਪਰਿਵਾਰ ਵਾਲੇ ਮੌਕੇ ਉੱਤੇ ਪੁੱਜਣੇ ਸ਼ੁਰੂ ਹੋ ਗਏ। 
ਹਾਦਸੇ ਦੀ ਸੂਚਨਾ ਦੇ ਤੁਰੰਤ ਬਾਅਦ ਸੀਨੀਅਰ ਅਧਿਕਾਰੀ ਮੌਕੇ ਉੱਤੇ ਪਹੁੰਚ ਗਏ ਅਤੇ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਗਿਆ। ਪੁਲਿਸ ਦੁਆਰਾ ਰਾਹਤ ਅਤੇ ਬਚਾਅ ਕਾਰਜ ਕੀਤਾ ਜਾ ਰਿਹਾ ਹੈ। ਖਬਰ ਲਿਖੇ ਜਾਣ ਤੱਕ ਸੱਤ ਬੱਚਿਆਂ ਦੀਆਂ ਲਾਸ਼ਾਂ ਕੱਢੀਆਂ ਜਾ ਚੁੱਕੀਆਂ ਸਨ। ਬੱਸ ਵਿੱਚ ਫਸੇ ਹੋਰ ਬੱਚਿਆਂ ਅਤੇ ਲਾਪਤਾ ਬੱਚਿਆਂ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ।
[home] [1] 2 3 4  [prev.]1-5 of 16


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER