ਪੰਜਾਬ

Monthly Archives: AUGUST 2016


ਸ਼੍ਰੋਮਣੀ ਕਮੇਟੀ ਵਲੋਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 21ਵਾਂ ਸ਼ਹੀਦੀ ਦਿਹਾੜਾ ਸਮਾਗਮ ਸਾਬੋਤਾਜ ਕਰਨ ਦੀ ਕੋਸ਼ਿਸ਼ ਅਸਫ਼ਲ
31.08.16 - ਨਰਿੰਦਰ ਪਾਲ ਸਿੰਘ
ਸ਼੍ਰੋਮਣੀ ਕਮੇਟੀ ਵਲੋਂ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 21ਵਾਂ ਸ਼ਹੀਦੀ ਦਿਹਾੜਾ ਸਮਾਗਮ ਸਾਬੋਤਾਜ ਕਰਨ ਦੀ ਕੋਸ਼ਿਸ਼ ਅਸਫ਼ਲਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧਿਕਾਰੀਆਂ ਵਲੋਂ ਅੜਿੱਕੇ ਡਾਹੁਣ ਦੇ ਬਾਵਜੂਦ ਵੀ ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦਾ 21ਵਾਂ ਸ਼ਹੀਦੀ ਦਿਹਾੜਾ ਅੱਜ ਅੰਮ੍ਰਿਤਸਰ ਵਿਖੇ ਖਾਲਸਈ ਜਾਹੋ ਜਲਾਲ ਨਾਲ ਮਨਾਇਆ ਗਿਆ। ਵੀਹਵੀਂ ਸਦੀ ਦੇ ਆਖਰੀ ਦਹਾਕੇ ਦੇ ਪੰਜ ਸਾਲ ਪੰਜਾਬ ਵਿੱਚ ਝੂਠੇ ਪੁਲਿਸ ਮੁਕਾਬਲਿਆਂ ਤਹਿਤ ਸਿੱਖ ਨੌਜਵਾਨਾਂ ਦੀ ਨਸਲਕੁਸ਼ੀ ਦੇ ਦੋਸ਼ੀ ਮੰਨੇ ਜਾਂਦੇ ਤਤਕਾਲੀਨ ਮੁਖ ਮੰਤਰੀ ਬੇਅੰਤ ਸਿੰਘ ਨੂੰ ਮਨੁੱਖੀ ਬੰਬ ਬਣਕੇ ਉਡਾਉਣ ਵਾਲੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵਲੋਂ ਕੌਮੀ ਸ਼ਹੀਦ ਐਲਾਨੇ ਹੋਏ ਭਾਈ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾਂਜਲੀ ਭੇਟ ਕਰਨ ਲਈ ਅੱਜ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਭਾਈ ਅਮਰੀਕ ਸਿੰਘ ਅਜਨਾਲਾ, ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੇ ਮੁਖੀ ਗਿਆਨੀ ਬਲਦੇਵ ਸਿੰਘ, ਅਖੰਡ ਕੀਰਤਨੀ ਜਥਾ ਜਰਮਨੀ ਦੇ ਪ੍ਰਧਾਨ ਭਾਈ ਭੁੱਪਿੰਦਰ ਸਿੰਘ ਭਲਵਾਨ, ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ੍ਰ:ਸਿਮਰਨਜੀਤ ਸਿੰਘ ਮਾਨ, ਜਨਰਲ ਸਕੱਤਰ ਪ੍ਰੋ:ਮਹਿੰਦਰ ਪਾਲ ਸਿੰਘ, ਸਿਕੰਦਰ ਸਿੰਘ ਵਰਾਣਾ, ਜਰਨੈਲ ਸਿੰਘ ਸਖੀਰਾ, ਹਰਬੀਰ ਸਿੰਘ ਸੰਧੂ, ਅਮਰੀਕ ਸਿੰਘ ਨੰਗਲ, ਅਕਾਲੀ ਦਲ ਅੰਮ੍ਰਿਤਸਰ ਦੇ ਯੂਥ ਵਿੰਗ ਦੇ ਮੁੱਖ ਪ੍ਰਬੰਧਕੀ ਸਕੱਤਰ ਭਾਈ ਪਪਲਪ੍ਰੀਤ ਸਿੰਘ, ਭਾਈ ਨਵਦੀਪ ਸਿੰਘ, ਭਾਈ ਗੁਰਸ਼ਰਨ ਸਿੰਘ ਸੋਹਲ, ਅਕਾਲ ਖਾਲਸਾ ਦਲ ਦੇ ਪ੍ਰਧਾਨ ਭਾਈ ਗੁਰਪ੍ਰੀਤ ਸਿੰਘ ਖਾਲਸਾ, ਭਾਈ ਸੁਰਿੰਦਰ ਪਾਲ ਸਿੰਘ ਤਾਲਬਪੁਰ, ਦਮਦਮੀ ਟਕਸਾਲ ਅਜਨਾਲਾ ਦੇ ਬੁਲਾਰੇ ਭਾਈ ਸੁਖਦੇਵ ਸਿੰਘ ਨਾਗੋਕੇ, ਭਾਈ ਗੁਰਜੰਟ ਸਿੰਘ ਕੱਟੂ, ਵੱਡੀ ਗਿਣਤੀ ਵਿੱਚ ਸੰਗਤਾਂ ਸਹਿਤ ਇਥੇ ਪੁੱਜੇ ਸਨ।

ਸ੍ਰੀ ਅਕਾਲ ਤਖਤ ਸਾਹਿਬ ਵਿਖੇ ਭਾਈ ਦਿਲਾਵਰ ਸਿੰਘ ਬੱਬਰ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪੁਜੇ ਇਨ੍ਹਾਂ ਪੰਥਕ ਆਗੂਆਂ ਤੇ ਸੰਗਤਾਂ ਦੇ ਹਿਰਦੇ ਉਸ ਵੇਲੇ ਵਲੂੰਦਰੇ ਗਏ ਜਦੋਂ ਕਮੇਟੀ ਪ੍ਰਬੰਧਕਾਂ ਵਲੋਂ ਅਖੰਡ ਕੀਰਤਨੀ ਜਥਾ ਇੰਟਰਨੈਸ਼ਨਲ ਦੁਆਰਾ ਸ਼ਹੀਦ ਦੀ ਯਾਦ ਵਿੱਚ ਰਖਵਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਦਾ ਭੋਗ ਨਿਰਧਾਰਤ ਸਮੇਂ ਤੋਂ ਕੋਈ ਪੌਣਾ ਘੰਟਾ ਪਹਿਲਾਂ ਹੀ ਪਾ ਦਿੱਤਾ ਗਿਆ। ਜਿਸ ਵੇਲੇ ਇਹ ਪੰਥਕ ਆਗੂ ਤੇ ਸੰਗਤਾਂ ਸ੍ਰੀ ਅਕਾਲ ਤਖਤ ਸਾਹਿਬ ਪੁੱਜੀਆਂ ਤਾਂ ਸ਼੍ਰੋਮਣੀ ਕਮੇਟੀ ਦੀ ਟਾਸਕ ਫੋਰਸ ਵਲੋਂ ਹਰ ਬਹਾਨੇ ਰੋਕਣ ਦੀ ਕੋਸ਼ਿਸ਼ ਕੀਤੀ ਗਈ। ਉਧਰ ਅਖੰਡ ਪਾਠ ਸਾਹਿਬ ਵਾਲੇ ਅਸਥਾਨ 'ਤੇ ਸ੍ਰੀ ਦਰਬਾਰ ਸਾਹਿਬ ਦੇ ਕਿਸੇ ਵੀ ਸਿੰਘ ਸਾਹਿਬਾਨ(ਗ੍ਰੰਥੀ), ਕਮੇਟੀ ਮੈਂਬਰ ਜਾਂ ਸ਼੍ਰੋਮਣੀ ਕਮੇਟੀ ਅਧਿਕਾਰੀ ਨੇ ਇਸ ਸਮਾਗਮ ਵਿੱਚ ਸ਼ਾਮਿਲ ਹੋਣਾ ਜ਼ਰੂਰੀ ਨਹੀਂ ਸਮਝਿਆ। ਸ੍ਰੀ ਅਕਾਲ ਤਖਤ ਸਾਹਿਬ ਦੀ ਪਹਿਲੀ ਮੰਜਿਲ 'ਤੇ ਰੱਖੇ ਗਏ ਇਸ ਸ਼ਹੀਦੀ ਸਮਾਗਮ ਨੂੰ ਕਵਰ ਕਰਨ ਪੁੱਜੇ ਮੀਡੀਆ ਕਰਮੀਆਂ ਦੇ ਦਾਖਲੇ 'ਤੇ ਵੀ ਅਣਐਲਾਨੀ ਪਾਬੰਦੀ ਲਗਾ ਦਿੱਤੀ ਗਈ। ਅਖੰਡ ਪਾਠ ਸਾਹਿਬ ਵਾਲੇ ਅਸਥਾਨ ਦਾ ਪ੍ਰਬੰਧ ਵੇਖ ਰਹੇ ਲੋਕ ਸੰਪਰਕ ਮੰਤਰੀ ਬਿਕਰਮ ਸਿੰਘ ਮਜੀਠੀਆ ਦੇ ਚਹੇਤੇ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਸੁਲੱਖਣ ਸਿੰਘ ਭੰਗਾਲੀ ਨੇ ਜਦੋਂ ਇਹ ਵੇਖਿਆ ਕਿ ਵੱਖ-ਵੱਖ ਪੰਥਕ ਸ਼ਖਸੀਅਤਾਂ ਜੁੜਨ ਲੱਗ ਪਈਆਂ ਹਨ ਤਾਂ ਕਾਹਲੀ ਨਾਲ ਭਾਈ ਦਿਲਾਵਰ ਸਿੰਘ ਬੱਬਰ ਦੇ ਭਰਾਤਾ ਭਾਈ ਚਮਕੌਰ ਸਿੰਘ, ਭਰਜਾਈ ਅਤੇ ਚਾਚਾ ਅਮਰਜੀਤ ਸਿੰਘ ਦੇ ਗਲ ਸਿਰੋਪਾਉ ਪਾ ਦਿੱਤੇ ਤੇ ਜੈਕਾਰਾ ਬੁਲਾਉਣਾ ਵੀ ਯੋਗ ਨਾ ਸਮਝਿਆ।

ਦਲ ਖਾਲਸਾ ਦੇ ਪ੍ਰਧਾਨ ਭਾਈ ਹਰਪਾਲ ਸਿੰਘ ਚੀਮਾ ਅਤੇ ਬੁਲਾਰੇ ਭਾਈ ਕੰਵਰਪਾਲ ਸਿੰਘ ਨੇ ਦੱਸਿਆ ਜਿਸ ਅਸਥਾਨ 'ਤੇ ਇਹ ਸਮਾਗਮ ਹੋਣਾ ਸੀ ਉਸਨੂੰ ਐਨਾ ਕੁ ਛੋਟਾ ਚੁਣਿਆ ਗਿਆ ਕਿ ਭਾਈ ਦਿਲਾਵਰ ਸਿੰਘ ਦੇ ਪਰਿਵਾਰਕ ਜੀਆਂ ਨੂੰ ਵੀ ਬੈਠਣ ਲਈ ਥਾਂ ਨਹੀ ਦਿੱਤੀ ਗਈ। ਦਲ ਖਾਲਸਾ ਆਗੂਆਂ ਨੇ ਕਿਹਾ ਕਿ ਸਮਾਗਮ ਮੌਕੇ ਸਾਦਾ ਵਰਦੀ ਪੁਲਿਸ ਮੁਲਾਜਮਾਂ ਦੀ ਬੇਤਹਾਸ਼ਾ ਮੌਜੂਦਗੀ ਦਾ ਕੋਈ ਤੁਕ ਨਹੀਂ ਸੀ ਬਣਦੀ ਪਰ ਪੰਥਕ ਵਿਚਾਰਧਾਰਾ ਵਾਲੇ ਲੋਕਾਂ ਵਿੱਚ ਸਹਿਮ ਪਾਉਣ ਦੀ ਨੀਅਤ ਨਾਲ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਕਿਲ੍ਹਾ ਬੰਦੀ ਕੀਤੀ ਗਈ ਸੀ। ਉਨ੍ਹਾਂ ਕਿਹਾ ਕਿ ਇਹ ਅਸਲੀਅਤ ਹੈ ਕਿ ਜੇਕਰ 31 ਅਗਸਤ 1995 ਨੂੰ ਭਾਈ ਦਿਲਾਵਰ ਸਿੰਘ ਬੱਬਰ ਵਰਗੇ ਜਾਂਬਾਜ ਕੌਮੀ ਪਰਵਾਨੇ ਆਪਣੀ ਸ਼ਹਾਦਤ ਦੇ ਕੇ ਬੇਅੰਤ ਸਿੰਘ ਨੂੰ ਸਜਾ ਨਾ ਦਿੰਦੇ ਤਾਂ ਪ੍ਰਕਾਸ਼ ਸਿਘ ਬਾਦਲ ਅੱਜ ਮੁਖ ਮੰਤਰੀ ਨਾ ਹੁੰਦੇ ਲੇਕਿਨ ਅਜੇਹੇ ਸ਼ਹੀਦ ਨੂੰ ਸ਼ਰਧਾਂਜਲੀ ਦੇਣ ਤੋਂ ਗੁਰੇਜ ਕਰਨਾ ਅਤੇ ਬਾਕੀਆਂ ਨੂੰ ਰੋਕਣਾ ਅਕਾਲੀ ਦਲ ਦੀ ਅਕ੍ਰਿਤਘਣਤਾ ਹੈ।

ਪ੍ਰਬੰਧਕਾਂ ਦਾ ਵਤੀਰਾ ਭਾਂਪਦਿਆਂ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਸ਼ਹੀਦੀ ਸਮਾਗਮ ਦਾ ਸਮੁੱਚਾ ਪ੍ਰਬੰਧ ਕਰਨ ਲਈ ਜਰਮਨੀ ਤੋਂ ਪੁੱਜੇ ਭਾਈ ਭੁਪਿੰਦਰ ਸਿੰਘ ਭਲਵਾਨ ਨੇ ਸਰਬੱਤ ਖਾਲਸਾ ਦੁਆਰਾ ਥਾਪੇ ਗਏ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਅਤੇ ਬੱਬਰ ਖਾਲਸਾ ਦੇ ਮੁੱਖੀ ਭਾਈ ਵਧਾਵਾ ਸਿੰਘ ਬੱਬਰ ਦਾ ਸੰਦੇਸ਼ ਸੰਗਤਾਂ ਲਈ ਪੜ੍ਹਨਾ ਸ਼ੁਰੂ ਕਰ ਦਿੱਤਾ। ਇਥੇ ਵੀ ਸ਼੍ਰੋਮਣੀ ਕਮੇਟੀ ਮੁਲਾਜਮਾਂ ਨੇ ਪੜ੍ਹੇ ਜਾ ਰਹੇ ਸੰਦੇਸ਼ ਦੌਰਾਨ ਹੀ ਰੌਲਾ ਪਾਣਾ ਸ਼ੁਰੂ ਕਰ ਦਿੱਤਾ ਪਰ ਭਾਈ ਭਲਵਾਨ ਦੋਨੋਂ ਸੰਦੇਸ਼ ਪੜ੍ਹਕੇ ਹੀ ਹਟੇ।

ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਭਾਈ ਜਗਤਾਰ ਸਿੰਘ ਹਵਾਰਾ ਵਲੋਂ ਕੌਮ ਦੇ ਨਾਮ ਭੇਜੇ ਸੰਦੇਸ਼ ਵਿੱਚ ਦੱਸਿਆ ਗਿਆ ਹੈ ਕਿ ਉਸ ਜਰਵਾਣੇ ਮੁਖ ਮੰਤਰੀ ਨੂੰ ਖਤਮ ਕਰਕੇ ਭਾਈ ਦਿਲਾਵਰ ਸਿੰਘ ਨੇ ਉਸਦੇ ਦਿੱਲੀ ਬੈਠੇ ਮਾਲਕਾਂ ਨੂੰ ਖਾੜਕੂ ਸਿੰਘ ਖਤਮ ਕਰ ਦੇਣ ਦੇ ਦਿੱਤੇ ਦਾਅਵਿਆਂ ਦਾ ਮੂੰਹ ਤੋੜਵਾਂ ਜਵਾਬ ਦਿੱਤਾ ਸੀ। ਜਥੇਦਾਰ ਹਵਾਰਾ ਨੇ ਕਿਹਾ ਹੈ ਕਿ 'ਅਸੀਂ ਸਭ ਉਸ ਸ਼ਹੀਦ ਦੇ ਵਾਰਿਸ ਹਾਂ ਜਿਸਨੇ ਆਪਣੀ ਕੌਮ ਲਈ ਤੂੰਬਾ-ਤੂੰਬਾ ਹੋਕੇ ਉਡਣ ਲੱਗੇ ਸੀ ਨਹੀਂ ਸੀ ਕੀਤੀ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਅੰਦਰ ਝਾਤੀ ਮਾਰਨੀ ਚਾਹੀਦੀ ਹੈ ਕਿ ਅਸੀਂ ਆਪਣੀ ਕੌਮ ਲਈ ਕੀ ਉਦਮ ਕਰ ਰਹੇ ਹਾਂ'। ਉਨ੍ਹਾਂ ਸੰਦੇਸ਼ ਦਿੱਤਾ ਹੈ ਕਿ ਸਭ ਤੋਂ ਪਹਿਲਾਂ ਆਪਣੀ ਜਾਨ ਤੋਂ ਪਿਆਰੇ ਗੁਰਧਾਮ ਆਜ਼ਾਦ ਕਰਾਉਣੇ ਹਨ, ਸ਼੍ਰੋਮਣੀ ਕਮੇਟੀ ਚੋਣਾਂ ਸਮੂਹ ਪੰਥਕ ਧਿਰਾਂ ਨਾਲ ਮਿਲਕੇ ਲੜਨੀਆਂ ਹਨ ਅਤੇ ਗੁਰਦੁਆਰਾ ਪ੍ਰਬੰਧ ਪੰਥਕ ਹੱਥਾਂ ਵਿੱਚ ਲਿਆਉਣਾ ਹੈ। ਭਾਈ ਦਿਲਾਵਰ  ਸਿੰਘ ਬੱਬਰ ਦੀ ਸ਼ਹਾਦਤ ਨੂੰ ਕੋਟ-ਕੋਟ ਪ੍ਰਣਾਮ ਕਰਦਿਆਂ ਜਥੇਦਾਰ ਹਵਾਰਾ ਨੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹ ਗੁਰਮਤਿ ਵਿਚਾਰਧਾਰਾ ਤੋਂ  ਸੇਧ ਲੈ ਕੇ ਕੌਮੀ ਆਜ਼ਾਦੀ ਦੇ ਸੰਘਰਸ਼ ਵਿੱਚ ਆਪੋ ਆਪਣਾ ਬਣਦਾ ਯੋਗਦਾਨ ਜ਼ਰੂਰ ਪਾਵੇ।

ਕੌਮੀ ਸ਼ਹੀਦ ਭਾਈ ਦਿਲਾਵਰ ਸਿੰਘ ਬੱਬਰ ਦੇ ਭਰਾਤਾ ਭਾਈ ਚਮਕੌਰ ਸਿੰਘ ,ਭਰਜਾਈ ਅਤੇ ਚਾਚਾ ਅਮਰਜੀਤ ਸਿੰਘ ਨੇ ਭਾਈ ਬੱਬਰ ਦੇ ਪਿਤਾ ਹਰਨੇਕ ਸਿੰਘ ਅਤੇ ਮਾਤਾ ਜੀ ਵਲੋਂ ਸ਼ਹੀਦ ਦੇ ਸ਼ਰਧਾਜਲੀ ਸਮਾਗਮ ਵਿੱਚ ਸ਼ਮੂਲੀਅਤ ਕਰਨ ਪੁੱਜੀਆਂ ਸਮੂੰਹ ਪੰਥਕ ਜਥੇਬੰਦੀਆਂ, ਆਗੂਆਂ ਤੇ ਸੰਗਤਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਈ ਦਿਲਾਵਰ ਸਿੰਘ ਨੇ ਆਪਣੀ ਕੁਰਬਾਨੀ ਕੌਮ ਦੀ ਜੁਆਨੀ ਦਾ ਘਾਣ ਰੋਕਣ ਲਈ ਦਿੱਤੀ ਹੈ। ਉਹ ਕਿਸੇ ਇੱਕ ਜਥੇਬੰਦੀ ਦੇ ਨਹੀਂ ਬਲਕਿ ਸਮੁਚੇ ਪੰਥ ਦੇ ਸ਼ਹੀਦ ਹਨ ਤੇ ਉਨ੍ਹਾਂ ਦੇ ਸ਼ਹੀਦੀ ਸਮਾਗਮ ਵਿੱਚ ਸ਼ਮੁਲੀਅਤ ਦਾ ਹਰ ਪੰਥ ਦਰਦੀ ਨੂੰ ਪੂਰਾ ਹੱਕ ਹੈ।

ਪੱਤਰਕਾਰਾਂ ਨਾਲ ਗਲਬਾਤ ਕਰਦਿਆਂ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਕਿਹਾ ਕਿ ਅੱਜ ਸਮੁਚੀ ਕੌਮ ਲਈ ਫਖਰ ਵਾਲਾ ਦਿਨ ਹੈ ਕਿ ਅੱਜ ਦੇ ਦਿਨ ਕੌਮੀ ਪ੍ਰਵਾਨਿਆਂ ਨੇ ਕੌਮ ਦੀ ਅਣਖ ਤੇ ਗੈਰਤ ਵੰਗਾਰਨ ਵਾਲੇ ਬੇਅੰਤ ਸਿੰਘ ਮੁੱਖ ਮੰਤਰੀ ਨੂੰ ਖਾਲਸਈ ਰਹੁ ਰੀਤਾਂ ਅਨੁਸਾਰ ਸਜਾ ਦਿੱਤੀ। ਉਨ੍ਹਾਂ ਕਿਹਾ ਕਿ ਸ੍ਰੀ ਅਕਾਲ ਤਖਤ ਸਾਹਿਬ ਉਹ ਮਹਾਨ ਅਸਥਾਨ ਹੈ ਜਿਥੇ ਗੁਰੂ ਸਾਹਿਬ ਖੁਦ ਅਤੇ ਉਨ੍ਹਾਂ ਦੇ ਹੁਕਮਾਂ ਅਨੁਸਾਰ ਸਿੱਖ ਦੂਸਰੀਆਂ ਕੌਮਾਂ ਤੇ ਵਿਅਕਤੀਆਂ ਦੇ ਹੱਕਾਂ ਦੀ ਰਾਖੀ ਕਰਦੇ ਰਹੇ, ਜਾਨਾਂ ਨਿਛਾਵਰ ਕਰਦੇ ਰਹੇ ਹਨ ਤੇ ਅਜੇ ਵੀ ਕਰ ਰਹੇ ਹਨ ਲੇਕਿਨ ਅੱਜ ਹਾਲਾਤ ਐਨੇ ਬੱਦਤਰ ਹੋ ਚੁੱਕੇ ਹਨ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਬੰਧਕ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਹੀ ਸਿੱਖਾਂ ਨੂੰ ਗੁਲਾਮੀ ਦਾ ਅਹਿਸਾਸ ਕਰਾਉਣ ਤੋਂ ਘੱਟ ਨਹੀਂ ਕਰ ਰਹੇ ਹਨ। ਉਨ੍ਹਾਂ ਕਿਹਾ ਅੱਜ ਜਿਥੇ ਸੂਬੇ ਦੀ ਅਕਾਲੀ ਤੇ ਉਸਦੀ ਭਾਈਵਾਲੀ ਭਾਜਪਾ ਸਰਕਾਰ ਸਮੇਤ ਨਵੀਂ ਜੰਮੀ ਆਮ ਆਦਮੀ ਪਾਰਟੀ ਵੀ ਨਾਗਪੁਰ ਅਤੇ ਦਿੱਲੀ ਤੋਂ ਆਦੇਸ਼ ਲੈਕੇ ਘੱਟ ਗਿਣਤੀਆਂ ਵਿਰੁਧ ਫੈਸਲੇ ਲੈਣ ਦੇ ਮਨਸੂਬੇ ਬਣਾ ਰਹੀਆਂ ਹਨ ਉਥੇ  ਕੌਮੀ ਹੋਂਦ ਹਸਤੀ ਨੂੰ ਬਚਾਉਣ ਲਈ ਮਰਜੀਵੜੇ ਅੱਜ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਹ ਫੈਸਲਾ ਕਰਨ ਦਾ ਮੌਕਾ ਆ ਗਿਆ ਹੈ ਕਿ ਸਿੱਖਾਂ ਨੇ ਹੁਣ ਨਾਗਪੁਰ ਜਾਂ ਦਿੱਲੀ ਦੀ ਅਧੀਨਗੀ ਕਰਨੀ ਹੈ ਜਾਂ ਸ੍ਰੀ ਅਕਾਲ ਤਖਤ ਸਾਹਿਬ ਦੀ। ਮਾਨ ਨੇ ਕਿਹਾ ਕਿ ਸਿੱਖੀ ਦੇ ਇਸ ਮਹਾਨ ਤਖਤ ਤੇ ਸ਼੍ਰੋਮਣੀ ਕਮੇਟੀ ਨੂੰ ਵੀ ਆਜ਼ਾਦ ਕਰਨ ਲਈ ਚੰਗੇ ਗੁਰਸਿੱਖਾਂ  ਦੀ ਤਲਾਸ਼ ਕਰਨੀ ਜ਼ਰੂਰੀ ਹੈ। ਮਾਨ ਨੇ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰਨ ਆਉਣ ਵਾਲੇ ਹਰ ਸਿੱਖ ਨੂੰ ਅਪੀਲ ਕੀਤੀ ਹੈ ਕਿ ਉਹ ਸ਼ਹੀਦੀ ਯਾਦਗਾਰ ਵਿਖੇ ਮੱਥਾ ਜਰੂਰ ਟੇਕਿਆ ਕਰਨ। ਇਸ ਮੌਕੇ ਏਕ ਨੂਰ ਚੈਰੀਟੇਬਲ ਟਰਸਟ ਦੀ ਬੀਬੀ ਮਨਜੀਤ ਕੌਰ, ਭਾਈ ਦਵਿੰਦਰ ਸਿੰਘ ਚੋਹਲਾ ਸਾਹਿਬ, ਭਾਈ ਦਸੌਂਦਾ ਸਿੰਘ ਚੋਹਲਾ ਸਾਹਿਬ, ਬੀਬੀ ਗੁਰਦੀਪ ਕੌਰ ਚੱਠਾ ਹਾਜਰ ਸਨ।

ਅਖੰਡ ਕੀਰਤਨੀ ਜਥਾ ਜਰਮਨੀ ਦੇ ਪ੍ਰਧਾਨ ਭਾਈ ਭੁਪਿੰਦਰ ਸਿੰਘ ਭਲਵਾਨ, ਅਕਾਲ ਖਾਲਸਾ ਦਲ ਦੇ ਭਾਈ ਗੁਰਪ੍ਰੀਤ ਸਿੰਘ ਖਾਲਸਾ ਨੇ ਸਾਂਝੇ ਤੌਰ 'ਤੇ ਸਮੁਚੀਆਂ ਪੰਥਕ ਧਿਰਾਂ ਦਾ ਇਸ ਸ਼ਹੀਦੀ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਭਾਈ ਜੋਗਾ ਸਿੰਘ ਯੂ.ਕੇ.ਭਾਈ ਅਵਤਾਰ ਸਿੰਘ ਸੰਘੇੜਾ ਅਤੇ ਜਥੇਦਾਰ ਬਲਬੀਰ ਸਿੰਘ ਯੂ.ਕੇ. ਵਲੋਂ ਧੰਨਵਾਦ ਕੀਤਾ।
[home] [1] 2 3 4 5  [prev.]1-5 of 21


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸਰਦਾਨਾ ਨੇ ਸੰਭਾਲਿਆ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁਦਾ; ਭਾਜਪਾ ਦੀ ਧੜੇਬੰਦੀ ਇਕ ਵਾਰ ਫਿਰ ਉਭਰ ਕੇ ਆਈ ਸਾਹਮਣੇ
30.08.16 - ਕੁਲਵਿੰਦਰ ਜੀਤ ਸਿੰਘ
ਸਰਦਾਨਾ ਨੇ ਸੰਭਾਲਿਆ ਨਗਰ ਸੁਧਾਰ ਟਰੱਸਟ ਦੇ ਚੇਅਰਮੈਨ ਦਾ ਅਹੁਦਾ; ਭਾਜਪਾ ਦੀ ਧੜੇਬੰਦੀ ਇਕ ਵਾਰ ਫਿਰ ਉਭਰ ਕੇ ਆਈ ਸਾਹਮਣੇਨਗਰ ਸੁਧਾਰ ਟਰੱਸਟ ਨੰਗਲ ਦੇ ਨਵ ਨਿਯੁਕਤ ਚੇਅਰਮੈਨ ਡਾ. ਈਸ਼ਵਰ ਚੰਦਰ ਸਰਦਾਨਾ ਦੀ ਅਜ ਸਾਦੇ ਪਰ ਪ੍ਰਭਾਵਸ਼ਾਲੀ ਸਮਾਰੋਹ ਦੋਰਾਨ ਤਾਜ਼ਪੋਸ਼ੀ ਕੀਤੀ ਗਈ। ਇਸ ਮੋਕੇ 'ਤੇ ਪੰਜ਼ਾਬ ਦੇ ਉਦਯੋਗ ਤੇ ਵਣਜ਼ ਮੰਤਰੀ ਮਦਨ ਮੋਹਨ ਮਿੱਤਲ ਵਿਸੇਸ਼ ਤੌਰ 'ਤੇ ਹਾਜ਼ਰ ਹੋਏ।

ਇਸ ਮੋਕੇ 'ਤੇ ਬੋਲਦਿਆਂ ਮਿੱਤਲ ਨੇ ਕਿਹਾ ਕਿ ਭਾਰਤ ਸਰਕਾਰ ਦੀ ਉਦਯੋਗਿਕ ਇਕਾਈ ਐਨ.ਐਫ.ਐਲ. ਦਾ ਵਿਸਥਾਰ ਜਲਦ ਕਰਵਾਇਆ ਜਾਵੇਗਾ ਤਾਂ ਕਿ ਇਲਾਕੇ ਦੇ ਲੋਕਾਂ ਨੂੰ ਰੁਜ਼ਗਾਰ ਦੇ ਸਾਧਨ ਪੈਦਾ ਕਰਵਾਏ ਜਾ ਸਕਣ ਅਤੇ ਨੰਗਲ ਵਿਖੇ ਲੋਕਾਂ ਦੀ ਗੰਭੀਰ ਸਮੱਸਿਆ ਨੂੰ ਵੇਖਦੇ ਹੋਏ ਸਰਕਾਰ ਵੱਲੋਂ ਜਲਦ ਹੀ 250 ਕਰੋੜ ਦੀ ਲਾਗਤ ਨਾਲ ਇੱਕ 'ਫਲਾਈ ਓਵਰ' ਬਣਾਇਆ ਜਾਵੇਗਾ ਜਿਸ ਲਈ ਕਾਨੂੰਨੀ ਪ੍ਰਕਿਰਿਆ ਜੰਗੀ ਪੱਧਰ 'ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵਿਧਾਨ ਸਭਾ ਹਲਕਾ ਸ਼੍ਰੀ ਅਨੰਦਪੁਰ ਸਾਹਿਬ ਦੇ ਸਰਵਪੱਖੀ ਵਿਕਾਸ ਲਈ ਪੂਰੀ ਤਰਾਂ ਵਚਨਬਧ ਹੈ ਤਾਂ ਕਿ ਇਸਨੂੰ ਵਿਸ਼ਵ ਪੱਧਰ 'ਤੇ ਵਧੇਰੇ ਵਿਕਸਿਤ ਕੀਤਾ ਜਾ ਸਕੇ। ਉਨ੍ਹਾਂ ਦਾਅਵਾ ਕਰਦਿਆਂ ਕਿਹਾ ਕਿ ਅੱਜ ਹਲਕੇ ਦੇ ਹਰੇਕ ਸ਼ਹਿਰ ਅਤੇ ਪਿੰਡ ਵਿੱਚ ਨਿਰੰਤਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਜਿਸ ਤੋਂ ਜਨਤਾ ਪੂਰੀ ਤਰਾਂ ਸੰਤੁਸ਼ਟ ਹੈ ਪਰ ਵਿਰੋਧੀ ਘਬਰਾਹਟ 'ਚ ਹਨ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਜੇਕਰ ਸ਼ਹਿਰ ਦੇ ਕਿਸੇ ਵਾਰਡ ਵਿੱਚ ਵਿਕਾਸ ਕਾਰਜ ਨਹੀ ਚੱਲ ਰਿਹਾ ਤਾਂ ੳਹ ਮੈਨੂੰ ਜਾਂ ਮੇਰੇ ਸਪੁੱਤਰ ਐਡਵੋਕੇਟ ਅਰਵਿੰਦ ਮਿੱਤਲ ਨੂੰ ਦੱਸਣ।

ਉਪਰੰਤ ਉਨ੍ਹਾਂ ਨਵ ਨਿਯੁਕਤ ਚੇਅਰਮੈਨ ਡਾ. ਈਸ਼ਵਰ ਚੰਦਰ ਸਰਦਾਨਾ ਨੂੰ ਉਨ੍ਹਾਂ ਦੀ ਕੁਰਸੀ 'ਤੇ ਬਿਠਾਇਆ।

ਸਮਾਰੋਹ ਵਿੱਚ ਭਾਜਪਾ ਦੀ ਗੁੱਟਬੰਦੀ ਖੁੱਲ੍ਹ ਕੇ ਸਾਹਮਣੇ ਆਈ। ਸਮਾਗਮ ਵਿੱਚ ਜਦੋ ਪੰਜਾਬ ਦੇ ਉਦਯੋਗ ਮੰਤਰੀ ਆਏ ਤਾਂ ਉਹ ਇਹ ਵੇਖ ਕੇ ਅੱਗ ਬਬੂਲਾ ਹੋ ਗਏ ਕਿ ਉਨ੍ਹਾਂ ਦੇ ਨਾਲ ਆਏ ਸਾਥੀਆਂ ਨੂੰ ਕਿਸੇ ਨੇ ਵੀ ਬੈਠਣ ਨੂੰ ਨਾ ਕਿਹਾ ਅਤੇ ਨਾ ਹੀ ਉਨ੍ਹਾਂ ਦੇ ਲਈ ਕੋਈ ਕੁਰਸੀਆਂ ਦਾ ਪ੍ਰਬੰਧ ਹੀ ਸੀ ਜਦੋ ਕਿ ਖੰਨਾ ਧੜੇ ਨਾਲ ਸਬੰਧਤ ਭਾਜਪਾਈਆਂ ਦਾ ਸਟੇਜ 'ਤੇ ਕਬਜ਼ਾ ਸੀ। ਗੁੱਸੇ ਵਜੋਂ ਜਿਲ੍ਹਾ ਭਾਜਪਾ ਦੇ ਪ੍ਰਧਾਨ ਯੋਗੇਸ਼ ਸੂਦ, ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਡਾਂ.ਪਰਮਿੰਦਰ ਸ਼ਰਮਾ, ਜਿਲ੍ਹਾ ਭਾਜਪਾ ਦੇ ਸਾਬਕਾ ਪ੍ਰਧਾਨ ਪ੍ਰਵੇਸ਼ ਗੋਇਲ, ਪੰਜ਼ਾਬ ਦੇ ਸਾਬਕਾ ਐਡਵੋਕੇਟ ਜਰਨਲ ਅਰਵਿੰਦ ਮਿੱਤਲ, ਜਿਲ੍ਹਾ ਯੁਵਾ ਭਾਜਪਾ ਦੇ ਸਾਬਕਾ ਪ੍ਰਧਾਨ ਹਰਮਨਜੀਤ ਸਿੰੰਘ ਪ੍ਰਿੰਸ ਸਟੇਜ਼ ਤੋਂ ਥੱਲੇ ਹੀ ਖੜੇ ਰਹੇ, ਜਦੋਂ ਕਿ ਮੋਕੇ ਦੀ ਨਜਾਕਤ ਨੂੰ ਪਛਾਣਦਿਆਂ ਦੋ ਵੱਡੇ ਭਾਜਪਾ ਆਗੂਆਂ ਨੇ ਉਥੋਂ ਖਿਸਕਣਾ ਹੀ ਮੁਨਾਸਿਬ ਸਮਝਿਆ।

ਜਿਲ੍ਹਾ ਪਲਾਨਿੰਗ ਬੋਰਡ ਦੇ ਚੇਅਰਮੈਨ ਨਗਰ ਕੌਂਸਲ ਦੇ ਪ੍ਰਧਾਨ 'ਤੇ ਨਾਕਸ ਪ੍ਰਬੰਧਾਂ ਦਾ ਅਰੋਪ ਲਗਾਉਂਦਿਆਂ ਬਾਹਰ ਚਲੇ ਗਏ। ਇਥੇ ਹੀ ਬੱਸ ਨਹੀਂ ਦੂਸਰੇ ਪਾਸੇ ਭਾਜਪਾ ਦੇ ਸਕੱਤਰ ਵਿਨੀਤ ਜੋਸ਼ੀ ਦੇ ਕਹਿਣ 'ਤੇ ਇਕ ਨੌਜਵਾਨ ਆਗੂ ਨੇ ਅੱਗੇ ਬੈਠੇ ਦੋ ਆਗੂਆਂ ਨੂੰ ਪਿਛੇ ਬਿਠਾ ਦਿੱਤਾ ਅਤੇ ਉਹ ਸੀਟਾਂ ਮਿੱਤਲ ਲਈ ਖਾਲੀ ਕਰਵਾਈਆਂ।

ਮਿੱਤਲ ਨੇ ਵੀ ਆਪਣੇ ਭਾਸ਼ਣ ਵਿੱਚ ਕਿਹਾ ਕਿ ਲੋਕ ਭਲੀਂ ਭਾਂਤ ਜਾਣਦੇ ਹਨ ਕਿ ਪਾਰਟੀ ਵਿੱਚ ਟਿਕਟ ਕਿਸ ਨੂੰ ਮਿਲਣੀ ਹੈ ਅਤੇ ਲੋਕ ਕਿਸੇ ਦੇ ਬਹਿਕਾਵੇ ਵਿੱਚ ਨਾ ਆਉਣ। ਉਨ੍ਹਾਂ ਸਾਫ਼ ਕਿਹਾ ਕਿ ਜੇਕਰ ਇਲਾਕੇ ਦਾ ਕੋਈ ਕੰਮ ਹੈ ਤਾ ਸਿਧੇ ਮੇਰੇ ਕੋਲ, ਅਰਵਿੰਦ ਮਿੱਤਲ ਕੋਲ, ਸਾਡੇ ਨਗਰ ਕੌਂਸਲ ਦੇ ਪ੍ਰਧਾਨ ਕੋਲ ਜ਼ਾਂ ਫਿਰ ਸਾਡੇ ਮੰਡਲ ਪ੍ਰਧਾਨ ਕੋਲ ਆ ਕੇ ਕੰਮ ਦੱਸਣ ਤੁਰੰਤ ਹੋਵੇਗਾ।

ਕੁਲ ਮਿਲਾ ਕੇ ਸਾਰਾ ਸਮਾਗਮ ਧੜੇਬੰਦੀ ਦਾ ਸ਼ਿਕਾਰ ਹੋ ਕੇ ਰਹਿ ਗਿਆ।
[home] [1] 2 3 4 5  [prev.]1-5 of 21


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਵਧੀਆ ਪੜ੍ਹਾਈ, ਵਧੀਆ ਦਵਾਈ ਦੇ ਕੇ ਹੀ ਅਸੀਂ ਪਿੰਡਾਂ ਦਾ ਸਮੁਚਾ ਵਿਕਾਸ ਕਰ ਸਕਦੇ ਹਾਂ: ਜੀ ਕੇ ਸਿੰਘ
30.08.16 - ਪੀ ਟੀ ਟੀਮ
ਵਧੀਆ ਪੜ੍ਹਾਈ, ਵਧੀਆ ਦਵਾਈ ਦੇ ਕੇ ਹੀ ਅਸੀਂ ਪਿੰਡਾਂ ਦਾ ਸਮੁਚਾ ਵਿਕਾਸ ਕਰ ਸਕਦੇ ਹਾਂ: ਜੀ ਕੇ ਸਿੰਘਪੰਜਾਬ ਸਰਕਾਰ ਦੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜੀ ਕੇ ਸਿੰਘ ਨੇ ਅੱਜ ਜ਼ਿਲ੍ਹਾ ਪਰਿਸ਼ਦ ਦੇ ਹਾਲ ਵਿਚ ਪਟਿਆਲਾ ਡਵੀਜਨ ਦੇ ਸਾਰੇ ਜ਼ਿਲ੍ਹਿਆਂ ਪਟਿਆਲਾ, ਸੰਗਰੂਰ, ਬਰਨਾਲਾ, ਰੂਪਨਗਰ, ਲੁਧਿਆਣਾ, ਫ਼ਤਿਹਗੜ੍ਹ ਸਾਹਿਬ ਅਤੇ ਐਸ.ਏ.ਐਸ. ਨਗਰ ਦੇ ਸਮੂਹ ਜ਼ਿਲ੍ਹਾ ਵਿਕਾਸ ਅਤੇ ਪੰਚਾਇਤ ਅਫਸਰਾਂ ਅਤੇ ਬਲਾਕ ਵਿਕਾਸ ਅਤੇ ਪੰਚਾਇਤ ਅਫ਼ਸਰਾਂ ਨਾਲ ਮੀਟਿੰਗ ਕਰ ਕੇ ਉਨ੍ਹਾਂ ਵਿਚ ਚੱਲ ਰਹੇ ਪਿੰਡਾਂ ਦੇ ਵਿਕਾਸ ਕੰਮਾਂ ਦੀ ਸਮੀਖਿਆ ਕੀਤੀ। ਉਨ੍ਹਾਂ ਦੱਸਿਆ ਕਿ ਚਾਲੂ ਵਿੱਤੀ ਵਰ੍ਹੇ ਵਿਚ ਬਜਟ ਦੀ ਅਲਾਟ ਕੀਤੀ ਗਈ 55 ਫ਼ੀਸਦੀ ਰਾਸ਼ੀ ਦੇ ਕੰਮ ਨੇਪਰੇ ਚੜ੍ਹਾਏ ਜਾ ਰਹੇ ਹਨ ਬਾਕੀ ਬਚੇ ਫ਼ੰਡ ਦੀ ਵਰਤੋਂ ਬਰਸਾਤਾਂ ਖ਼ਤਮ ਹੋਣ ਦੇ ਨਾਲ ਹੀ ਕਰ ਲਈ ਜਾਵੇ।

ਇਨ੍ਹਾਂ ਅਧਿਕਾਰੀਆਂ ਨੂੰ ਪਿੰਡਾਂ ਅਤੇ ਇੱਥੇ ਦੀ ਵਸੋਂ ਦੇ ਲਈ ਸੰਵੇਦਨਸ਼ੀਲ ਬਣਾਉਣ ਦੇ ਉਦੇਸ਼ ਨਾਲ ਦਿੱਤੇ ਗਏ ਆਪਣੇ ਪ੍ਰੇਰਨਾ ਭਰਪੂਰ ਭਾਸ਼ਣ ਵਿਚ ਉਨ੍ਹਾਂ ਕਿਹਾ ਕਿ ਵਧੀਆ ਪੜਾਈ ਅਤੇ ਵਧੀਆ ਦਵਾਈ ਦੇ ਕੇ ਹੀ ਅਸੀਂ ਪਿੰਡਾਂ ਅਤੇ ਪੇਂਡੂ ਲੋਕਾਂ ਦਾ ਸਮੁਚਿਤ ਵਿਕਾਸ ਕਰ ਸਕਦੇ ਹਾਂ। ਜੀ ਕੇ ਸਿੰਘ ਨੇ ਕਿਹਾ ਕਿ ਕਿਸੇ ਪਿੰਡ ਦੇ ਵਿਕਾਸ ਦਾ ਮਤਲਬ ਸਿਰਫ਼ ਗਲੀਆਂ-ਨਾਲੀਆਂ ਬਣਾਉਣਾ ਨਹੀਂ ਹੈ। ਬੁਨਿਆਦੀ ਢਾਂਚਾ ਅਸੀਂ ਬਣਾ ਚੁੱਕੇ ਅਤੇ ਬਣਾਈ ਵੀ ਜਾ ਰਹੇ ਹਾਂ ਪਰ ਹੁਣ ਇੱਕ ਕਦਮ ਹੋਰ ਅੱਗੇ ਪੁੱਟਣ ਦੀ ਲੋੜ ਹੈ ਤਾਂ ਕਿ ਅਸੀਂ ਸ਼ਹਿਰਾਂ ਵਲ ਭੱਜ ਰਹੀ ਵਸੋਂ ਨੂੰ ਪਿੰਡ ਵਿਚ ਹੀ ਮਿਆਰੀ ਸਿੱਖਿਆ ਅਤੇ ਸਿਹਤ ਸੁਵਿਧਾਵਾਂ ਦੇ ਕੇ ਉਨ੍ਹਾਂ ਨੂੰ ਸ਼ਹਿਰਾਂ ਵਲ ਜਾਣ ਤੋਂ ਰੋਕੀਏ।

ਜੀ ਕੇ ਸਿੰਘ ਨੇ ਦੱਸਿਆ ਕਿ ਹਿੰਦੁਸਤਾਨ ਵਿਚ 30 ਫ਼ੀਸਦੀ ਆਬਾਦੀ ਸ਼ਹਿਰਾਂ ਵਿਚ ਰਹਿੰਦੀ ਹੈ ਜਦਕਿ ਪੰਜਾਬ ਵਿਚ ਇਹ ਅੰਕੜਾ 38 ਫ਼ੀਸਦੀ ਹੋ ਚੁੱਕਿਆ ਹੈ ਅਤੇ ਅਗਲੇ 15 ਸਾਲਾਂ ਵਿਚ ਇਹ ਅੰਕੜਾ 50 ਫ਼ੀਸਦੀ ਹੋਵੇਗਾ। ਉਨ੍ਹਾਂ ਕਿਹਾ ਕਿ ਲੋਕ ਮਜਬੂਰੀ ਵਿਚ ਸ਼ਹਿਰ ਜਾਂਦੇ ਹਨ ਨਾ ਕਿ ਸਿਰਫ਼ ਪੈਸੇ ਵਾਲੇ ਹੀ ਸ਼ਹਿਰ ਜਾ ਕੇ ਵੱਸਦੇ ਹਨ। ਜੀ ਕੇ ਸਿੰਘ ਨੇ ਕਿਹਾ ਕਿ ਕਾਫ਼ੀ ਕੋਸ਼ਿਸ਼ਾਂ ਦੇ ਬਾਅਦ ਅਸੀਂ ਸਿਰਫ਼ ਸੜਕ ਸੰਪਰਕ ਅਤੇ ਬਿਜਲੀ ਦੀ ਸੁਵਿਧਾ ਹੀ ਦੇ ਕੇ ਹਾਂ। 21 ਵੀ ਸਦੀ ਦੇ ਮਿਆਰੀ ਵਧੀਆ ਹਸਪਤਾਲ ਅਤੇ ਸਕੂਲ ਕਾਲਜਾਂ ਲਈ ਸਾਨੂੰ ਹੁਣ ਵੀ ਸ਼ਹਿਰਾਂ ਵਲ ਜਾਣਾ ਪੈਂਦਾ ਹੈ । ਉਨ੍ਹਾਂ ਕਿਹਾ ਕਿ ਪੇਂਡੂ ਵਿਕਾਸ ਦਾ ਮਤਲਬ ਕੇਵਲ ਭੌਤਿਕ ਵਿਕਾਸ ਨਹੀਂ ਹੈ ਇਹ ਸਮਾਜਿਕ ਬਦਲਾਅ ਹੋਣਾ ਚਾਹੀਦਾ ਹੈ। ਪਿੰਡਾਂ ਵਿਚ ਸਹੂਲਤਾਂ ਦੇ ਨਾਲ ਲੋਕ ਜਾਗਰੂਕ ਵੀ ਹੋਣ ਅਤੇ ਇੰਨਾ ਕੰਮਾਂ ਵਿਚ ਬੀਡੀਪੀਓ ਅਹਿਮ ਭੂਮਿਕਾ ਨਿਭਾ ਸਕਦੇ ਹਨ।

ਜੀ ਕੇ ਸਿੰਘ ਨੇ ਦੱਸਿਆ ਕਿ ਸਰਕਾਰ ਆਉਣ ਵਾਲੇ ਦਿਨਾਂ ਵਿਚ ਪੰਚਾਇਤ ਸਕੱਤਰਾਂ ਨੂੰ 40-40 ਦੇ ਗਰੁੱਪਾਂ ਵਿਚ 2-2 ਦਿਨ ਦੀ ਟ੍ਰੇਨਿੰਗ ਡਿਵੀਜ਼ਨ ਪੱਧਰ 'ਤੇ ਦੇਣ ਦੇ ਉਪਰਾਲੇ ਕਰਨ ਜਾ ਰਹੀ ਹੈ, ਜਿਸ ਵਿਚ ਅਕਾਊਂਟ ਅਤੇ ਆਡਿਟ ਦੇ ਨਾਲ ਪੰਚਾਇਤ ਅਤੇ ਪਿੰਡ ਦੇ ਮੁਹਤਬਰ ਬੰਦਿਆਂ ਨੂੰ ਨਾਲ ਲੈ ਕੇ ਕੀਤੇ ਜਾਣ ਵਾਲੇ ਸਮਾਜਿਕ ਕੰਮਾਂ ਬਾਰੇ ਦੱਸਿਆ ਜਾਵੇਗਾ। ਇੰਞੇ ਹੀ ਬੀਡੀਪੀਓ ਲਈ ਵੀ ਸੈਮੀਨਾਰ ਕਰਵਾਏ ਜਾਣਗੇ ਜਿਸ ਨਾਲ ਉਨ੍ਹਾਂ ਵਿਚ ਨਵਾਂ ਉਤਸ਼ਾਹ ਪੈਦਾ ਕੀਤਾ ਜਾ ਸਕੇ।

ਮੀਟਿੰਗ ਤੋਂ ਬਾਅਦ ਪਟਿਆਲਾ ਅਤੇ ਸਮਾਣਾ ਬਲਾਕ ਦੇ ਪਿੰਡਾਂ ਦੇ ਦੌਰੇ ਉੱਤੇ ਨਿਕਲੇ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਦੇ ਡਾਇਰੈਕਟਰ ਜੀ ਕੇ ਸਿੰਘ ਨੇ ਸਮਾਣਾ ਬਲਾਕ ਦੇ ਪਿੰਡ ਗਾਜੀਪੁਰ ਦੇ ਸਰਕਾਰੀ ਕੈਟਲ ਪੌਂਡ ਦਾ ਜਾਇਜ਼ਾ ਲਿਆ ਅਤੇ ਪਿੰਡ ਦੇ ਲੋਕਾਂ ਅਤੇ ਪੰਚਾਇਤ ਮੈਂਬਰਾਂ ਦੀ ਮੰਗ ਨੂੰ ਧਿਆਨ ਵਿਚ ਰੱਖਦੇ ਹੋਏ ਡੀਡੀਪੀਓ ਗਗਨਦੀਪ ਸਿੰਘ ਵਿਰਕ ਅਤੇ ਬੀਡੀਪੀਓ ਜਸਵਿੰਦਰ ਕੌਰ ਨੂੰ ਗਊਸ਼ਾਲਾ ਵਿਚ ਨੰਦੀਆਂ ਨੂੰ ਵੱਖਰੀ ਅਤੇ ਮਜ਼ਬੂਤ ਚਾਰਦੀਵਾਰੀ ਵਿਚ ਰੱਖਣ ਲਈ ਵੱਖਰਾ ਪ੍ਰੋਜੈਕਟ ਬਣਾਉਣ ਲਈ ਕਿਹਾ। ਨਾਲ ਹੀ ਉਨ੍ਹਾਂ ਕਿਹਾ ਕਿ ਜਦ ਤੱਕ ਇਹ ਚਾਰਦੀਵਾਰੀ ਤਿਆਰ ਨਹੀਂ ਹੋ ਜਾਂਦੀ ਤਦ ਤੱਕ ਕੇਵਲ ਗਾਵਾਂ ਨੂੰ ਹੀ ਗਊਸ਼ਾਲਾ ਵਿਚ ਲਿਆਉਣਾ ਸ਼ੁਰੂ ਕੀਤਾ ਜਾਵੇ ਤਾਂ ਕਿ 20 ਏਕੜ ਰਕਬੇ ਵਿਚ ਬਣੇ ਸਰਕਾਰੀ ਕੈਟਲ ਪੌਂਡ ਦਾ ਉਪਯੋਗ ਕੀਤਾ ਜਾ ਸਕੇ।

ਇਸ ਮੌਕੇ ਡਿਪਟੀ ਡਾਇਰੈਕਟਰ ਪੁਸ਼ਪਿੰਦਰ ਸਿੰਘ ਗਰੇਵਾਲ, ਡਿਪਟੀ ਡਾਇਰੈਕਟਰ ਹਰਦਿਆਲ ਸਿੰਘ ਚੱਠਾ, ਜ਼ਿਲ੍ਹਾ ਪਰਿਸ਼ਦ ਦੇ ਚੇਅਰਮੈਨ ਜਸਪਾਲ ਸਿੰਘ ਕਲਿਆਣ ਵੀ ਮੌਜੂਦ ਸਨ।
[home] [1] 2 3 4 5  [prev.]1-5 of 21


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਸੁੱਚੇ ਨੂੰ ਝੂਠਾ ਦੱਸ ਕੇ, ਛੋਟੇਪੁਰ ਨੂੰ ਛੋਟਾ ਕੀਤਾ ਆਪ ਨੇ
26.08.16 - ਹਰਲੀਨ ਕੌਰ
ਸੁੱਚੇ ਨੂੰ ਝੂਠਾ ਦੱਸ ਕੇ, ਛੋਟੇਪੁਰ ਨੂੰ ਛੋਟਾ ਕੀਤਾ ਆਪ ਨੇਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਉੱਤੇ ਆਖ਼ਿਰਕਾਰ ਆਮ ਆਦਮੀ ਪਾਰਟੀ ਨੇ ਐਕਸ਼ਨ ਲੈ ਹੀ ਲਿਆ। ਪਾਰਟੀ ਨੇ ਸੁੱਚਾ ਸਿੰਘ ਨੂੰ ਪੰਜਾਬ ਕਨਵੀਨਰ ਦੇ ਪਦ ਤੋਂ ਹਟਾ ਦਿੱਤਾ ਹੈ। ਇਸ ਤੋਂ ਪਹਿਲਾਂ ਸੁੱਚਾ ਸਿੰਘ ਨੇ ਅੱਜ ਪ੍ਰੈਸ ਕਾਨਫਰੰਸ ਕਰ ਕੇ ਆਪਣੇ ਦਿਲ ਦੀ ਗੱਲ ਕਹੀ ਸੀ।

ਉਨ੍ਹਾਂ ਨੇ ਕਿਹਾ ਕਿ ਮੈਂ ਪਾਰਟੀ ਲਈ ਖੂਨ ਪਸੀਨਾ ਵਹਾਇਆ ਹੈ, ਦਿੱਲੀ ਦੀਆਂ ਚੋਣਾਂ ਵਿੱਚ ਆਪਣਾ ਪੈਸਾ ਖਰਚ ਕੀਤਾ ਅਤੇ ਹੁਣ ਉਹੀ ਪਾਰਟੀ ਮੈਨੂੰ ਕੱਢ ਰਹੀ ਹੈ। ਸੁੱਚਾ ਸਿੰਘ ਛੋਟੇਪੁਰ ਨੇ ਪ੍ਰੈਸ ਕਾਨਫਰੰਸ ਕਰ ਕੇ ਆਪਣੇ ਉੱਤੇ ਲੱਗੇ ਦੋਸ਼ਾਂ ਤੋਂ ਇਨਕਾਰ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਸਾਜਿਸ਼ ਦੇ ਤਹਿਤ ਫਸਾਇਆ ਗਿਆ ਹੈ ਅਤੇ ਉਹ ਖੁਦ ਪਾਰਟੀ ਨਹੀਂ ਛੱਡਣਗੇ। ਛੋਟੇਪੁਰ ਨੇ ਦਿੱਲੀ ਦੇ ਡਿਪਟੀ ਸੀ ਐਮ ਮਨੀਸ਼ ਸਿਸੋਦੀਆ ਉੱਤੇ ਇਲਜ਼ਾਮ ਲਗਾਇਆ ਅਤੇ ਕਿਹਾ ਕਿ ਸਿਸੋਦੀਆ ਕੋਈ ਡਿਪਟੀ ਸੀ ਐਮ ਨਹੀਂ ਬਲਕਿ ਜਾਸੂਸ ਹੈ। ਪੰਜਾਬ ਦੇ ਲੋਕ ਅਤੇ ਵਲੰਟੀਅਰ ਇਹ ਤੈਅ ਕਰਨ ਕਿ ਮੈਂ ਚੋਰ ਹਾਂ ਜਾਂ ਨਹੀਂ।

ਛੋਟੇਪੁਰ ਨੇ ਕਿਹਾ ਕਿ ਕੇਜਰੀਵਾਲ ਮੈਨੂੰ ਮਿਲਣ ਨੂੰ ਤਿਆਰ ਨਹੀਂ ਹੈ। ਮਨੀਸ਼ ਸਿਸੋਦੀਆ ਕੋਈ ਡਿਪਟੀ ਸੀ ਐਮ ਨਹੀਂ ਸਗੋਂ ਜਾਸੂਸ ਹੈ। ਭਰਾ ਆਪਣੇ ਭਰਾ ਦਾ ਹੀ ਵੀਡੀਓ ਬਣਾਉਂਦਾ ਹੈ ਤਾਂ ਇਹ ਜਾਸੂਸੀ ਹੈ। ਉਨ੍ਹਾਂ ਨੇ ਕਿਹਾ ਕਿ ਪਾਰਟੀ ਵਿੱਚ ਟਿਕਟਾਂ 2-2 ਕਰੋੜ ਵਿੱਚ ਵਿਕੀਆਂ ਹਨ। 32 ਵਿੱਚੋਂ 25 ਉਮੀਦਵਾਰ ਭ੍ਰਿਸ਼ਟ ਹਨ ਅਤੇ ਉਨ੍ਹਾਂ ਨੇ ਸਰਕਾਰ ਨਾਲ ਹੱਥ ਮਿਲਾ ਲਿਆ।

ਉਨ੍ਹਾਂ ਨੇ ਕਿਹਾ, 'ਮੇਰੀ ਪਾਰਟੀ ਦੇ ਕੁੱਝ ਦੋਸਤਾਂ ਨੇ ਮੇਰੀ ਛਵੀ ਖ਼ਰਾਬ ਕਰਨ ਲਈ ਇਲਜ਼ਾਮ ਲਗਾਏ ਸਨ। ਢਾਈ ਸਾਲ ਤੋਂ 'ਆਪ' ਦੇ ਕਨਵੀਨਰ ਦੇ ਤੌਰ 'ਤੇ ਕੰਮ ਕਰ ਰਿਹਾ ਹਾਂ। ਦਿਨ-ਰਾਤ ਪਾਰਟੀ ਲਈ ਕੰਮ ਕੀਤਾ ਅਤੇ ਇੱਥੇ ਤੱਕ ਪਹੁੰਚਾਇਆ। ਜਿਸ ਪਾਰਟੀ ਨੂੰ ਸਭ ਹਲਕੇ ਵਿੱਚ ਲੈ ਰਹੇ ਸਨ, ਅੱਜ ਉਸਨੂੰ ਸਭ ਟੱਕਰ ਵਿੱਚ ਮੰਨਦੇ ਹਨ।' ਸੁੱਚਾ ਸਿੰਘ ਨੇ ਆਪਣੀ ਮਿਹਨਤ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਸ ਪਾਰਟੀ ਲਈ ਮੈਂ ਖੂਨ ਪਸੀਨਾ ਵਹਾਇਆ। ਵਲੰਟੀਅਰਜ਼ ਨੇ ਬਹੁਤ ਮਿਹਨਤ ਕੀਤੀ। 24 ਘੰਟਿਆਂ ਵਿੱਚ 18-19 ਘੰਟੇ ਪਾਰਟੀ ਲਈ ਦਿੱਤੇ। ਹੁਣ 1-2 ਲੱਖ ਦੇ ਸਟਿੰਗ ਲਈ ਇਹ ਸਭ ਹੋ ਰਿਹਾ ਹੈ। ਮੈਂ ਵਿਦੇਸ਼ਾਂ ਤੋਂ ਵੀ ਲੋਕਾਂ ਕੋਲੋਂ ਚੰਦਾ ਇਕੱਠਾ ਕੀਤਾ ਹੈ।

ਸੁੱਚਾ ਸਿੰਘ ਨੇ ਕਿਹਾ ਕਿ ਮੈਂ ਪਹਿਲਾਂ ਕਾਲਜ ਵਿੱਚ ਵੀ ਚੋਣ ਲੜੇ। ਪ੍ਰਧਾਨ ਦੇ ਚੋਣ ਲੜੇ। 1985 ਵਿੱਚ ਚੋਣ ਲੜਿਆ ਅਤੇ ਅਕਾਲੀ ਦਲ ਵਲੋਂ ਐਮਐਲਏ ਬਣਿਆ। 40 ਸਾਲ ਤੱਕ ਈਮਾਨਦਾਰੀ ਨਾਲ ਲੋਕਾਂ ਦੀ ਸੇਵਾ ਕੀਤੀ। ਮੈਂ ਜਨਤਾ ਦਾ ਆਦਮੀ ਹਾਂ। ਕੋਈ ਵੱਡਾ ਆਦਮੀ ਨਹੀਂ ਹਾਂ। ਉਨ੍ਹਾਂ ਨੇ ਕਿਹਾ, 'ਮੇਰੀ ਚੋਣ ਲੋਕ ਲੜਦੇ ਹਾਂ। ਕਿਸੇ ਚੋਣ ਵਿੱਚ ਅੱਜ ਤੱਕ ਇੱਕ ਵੀ ਰੁਪਿਆ ਖਰਚ ਨਹੀਂ ਕੀਤਾ। 40 ਸਾਲ ਵਿੱਚ ਮੈਂ ਐਮਐਲਏ, ਪਾਰਲੀਮੈਂਟ ਤੱਕ ਦੀਆਂ ਚੋਣਾਂ ਲੜੀਆਂ। ਕਿਤੇ ਵੀ ਪੈਸਾ ਖਰਚ ਨਹੀਂ ਕੀਤਾ, ਲੋਕਾਂ ਨੇ ਹੀ ਦਿੱਤਾ। ਜਿਸ ਪਾਰਟੀ ਲਈ ਕੰਮ ਕਰਦਾ ਰਿਹਾ, ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਇਨ੍ਹਾਂ ਨੇ ਕਦੇ ਫੰਡ ਨਹੀਂ ਦਿੱਤਾ।'

ਆਮ ਆਦਮੀ ਪਾਰਟੀ ਦੇ ਕਨਵੀਨਰ ਨੇ ਦਿੱਲੀ ਚੋਣ ਵਿੱਚ ਕੀਤੀ ਗਈ ਮਿਹਨਤ ਦੀ ਗੱਲ ਕਹੀ ਅਤੇ ਦੱਸਿਆ ਕਿ ਉਨ੍ਹਾਂ ਨੇ 20 ਲੱਖ ਤੋਂ ਜ਼ਿਆਦਾ ਦਿੱਲੀ ਦੀ ਚੋਣ ਵਿੱਚ ਲਗਾਏ। ਮੈਂ ਹਰ ਆਮ ਆਦਮੀ ਲਈ ਆਪਣੀ ਜੇਬ ਤੋਂ ਪੈਸੇ ਖਰਚ ਕੀਤੇ। ਕਰਮਚਾਰੀਆਂ ਲਈ ਆਪਣੀ ਜੇਬ ਤੋਂ ਖਰਚ ਕੀਤਾ। ਮੈਂ ਲੋਕਾਂ ਤੋਂ ਪੈਸਾ ਲੈ ਕੇ ਆਪਣੇ ਕਰਮਚਾਰੀਆਂ ਦਾ ਇਲਾਜ ਕਰਾਉਂਦਾ ਰਿਹਾ। ਲੋਕਾਂ ਦਾ ਪੈਸਾ ਲੋਕਾਂ ਲਈ ਇਸਤੇਮਾਲ ਕੀਤਾ। ਉਨ੍ਹਾਂ ਨੇ ਮੰਗ ਕੀਤੀ ਕਿ ਸਟਿੰਗ ਨੂੰ ਜਨਤਕ ਕੀਤਾ ਜਾਵੇ। ਸੀਬੀਆਈ ਜਾਂਚ ਕਰਾਈ ਜਾਵੇ। ਜੇਕਰ ਮੇਰਾ ਇੱਕ ਵੀ ਪੈਸਾ ਨਿਕਲਦਾ ਹੈ ਤਾਂ ਸੂਲੀ ਉੱਤੇ ਚੜ੍ਹਾ ਦੇਣਾ।

ਪਾਰਟੀ ਉੱਤੇ ਨਿਸ਼ਾਨਾ ਸਾਧਦੇ ਹੋਏ ਛੋਟੇਪੁਰ ਨੇ ਕਿਹਾ ਕਿ ਮੈਨੂੰ ਲਗਾ ਸੀ, ਪਾਰਟੀ ਮੈਨੂੰ ਅਵਾਰਡ ਦੇਵੇਗੀ। ਪਹਿਲਾਂ ਪਾਰਟੀ ਉੱਤੇ ਇਲਜ਼ਾਮ ਲੱਗਦਾ ਸੀ ਤਾਂ ਡਿਫੈਂਡ ਕਰਦੇ ਸਨ ਪਰ ਹੁਣ ਵਿਰੋਧੀ ਡਿਫੈਂਡ ਕਰਦੇ ਹਨ ਅਤੇ ਪਾਰਟੀ ਇਲਜ਼ਾਮ ਲਗਾਉਂਦੀ ਹੈ। ਉਨ੍ਹਾਂ ਨੇ ਕਿਹਾ, 'ਆਪ' ਨੇ ਕਿਹਾ ਸੀ ਕਿ ਅਸੀ ਰਾਜਨੀਤੀ ਬਦਲਣ ਆਏ ਹਨ। ਸਹੀ ਵਿੱਚ ਵਿੱਚ ਇਨ੍ਹਾਂ ਨੇ ਰਾਜਨੀਤੀ ਦੇ ਮਾਅਨੇ ਬਦਲ ਦਿੱਤੇ ਹਾਂ। ਮੇਰੇ ਆਪਣੇ ਦੋਸਤਾਂ ਨੇ ਮੇਰੇ ਖਿਲਾਫ ਬਹੁਤ ਸਾਜਿਸ਼ ਕੀਤੀ। ਮੈਨੂੰ ਇਹ ਪ੍ਰੈਸ ਕਾਨਫਰੰਸ ਕਰਨ ਲਈ ਮਜਬੂਰ ਕੀਤਾ। ਉਨ੍ਹਾਂ ਨੇ ਮੀਡਿਆ ਉੱਤੇ ਵੀ ਨਰਾਜ਼ਗੀ ਜਤਾਈ ਅਤੇ ਕਿਹਾ ਕਿ ਇਲੈਕਟ੍ਰਾਨਿਕ ਮੀਡੀਆ ਨਾਲ ਬਹੁਤ ਗਿਲਾ ਹੈ। ਮੇਰੀਆਂ ਖਬਰਾਂ ਨੂੰ ਗਲਤ ਤਰ੍ਹਾਂ ਨਾਲ ਪੇਸ਼ ਕੀਤਾ ਗਿਆ। ਸੁੱਚਾ ਸਿੰਘ ਨੇ ਕਿਹਾ ਕਿ ਰਾਜਨੀਤੀ ਮੇਰਾ ਪੇਸ਼ਾ ਨਹੀਂ, ਮੈਂ ਇੱਥੇ ਸਿਰਫ ਸੇਵਾ ਲਈ ਆਇਆ ਸੀ।

ਟਿਕਟ ਬਟਵਾਰੇ ਵਿੱਚ ਘਪਲੇਬਾਜੀ ਦੀ ਗੱਲ ਕਰਦੇ ਹੋਏ ਸੁੱਚਾ ਸਿੰਘ ਨੇ ਕਿਹਾ ਕਿ ਇਹ ਤੈਅ ਹੋਇਆ ਸੀ ਕਿ ਭ੍ਰਿਸ਼ਟ ਲੋਕਾਂ ਨੂੰ ਟਿਕਟ ਨਹੀਂ ਮਿਲੇਗਾ ਪਰ ਇਨ੍ਹਾਂ ਨੇ ਟਿਕਟ ਵੰਢਦੇ ਸਮਾਂ ਸਾਰੇ ਵਲੰਟੀਅਰਜ਼ ਨੂੰ ਅਣਦੇਖਿਆ ਕੀਤਾ। ਜਿਨ੍ਹਾਂ ਲੋਕਾਂ ਨੇ ਪਾਰਟੀ ਲਈ ਕੰਮ ਕੀਤਾ, ਉਨ੍ਹਾਂ ਨੂੰ ਖਾਰਿਜ ਕਰ ਦਿੱਤਾ। ਇਨ੍ਹਾਂ ਨੂੰ ਉਹ ਲੋਕ ਚਾਹੀਦੇ ਸਨ ਜੋ ਇਨ੍ਹਾਂ ਦੀ ਹਾਂ ਵਿੱਚ ਹਾਂ ਮਿਲਾਉਣ। ਬਹੁਤ ਲੋਕਾਂ ਨੇ ਪਾਰਟੀ ਵਿੱਚ ਆਪਣੇ ਆਪ ਨੂੰ ਮੁੱਖਮੰਤਰੀ ਦਾ ਦਾਵੇਦਾਰ ਦੱਸਿਆ ਪਰ ਮੈਂ ਕਦੇ ਆਪਣਾ ਨਾਮ ਨਹੀਂ ਲਿਆ। ਜਿਨ੍ਹਾਂ ਲੋਕਾਂ ਨੇ ਪਾਰਟੀ ਨੂੰ ਪੰਜਾਬ ਵਿੱਚ ਖੜਾ ਕੀਤਾ ਉਨ੍ਹਾਂ ਸਾਰਿਆਂ ਨੂੰ ਇਨ੍ਹਾਂ ਨੇ ਨਜ਼ਰਅੰਦਾਜ਼ ਕਰ ਦਿੱਤਾ। ਮੈਂ ਇਸ ਪਾਰਟੀ ਨੂੰ ਖ਼ਰਾਬ ਨਹੀਂ ਕਰਨਾ ਚਾਹ ਰਿਹਾ ਸੀ।

ਉਪਮੁੱਖਮੰਤਰੀ ਨੇ ਜੋ ਕਲਿੱਪ ਦੀ ਗੱਲ ਕੀਤੀ ਹੈ ਉਹ ਦੱਸੀ ਜਾਵੇ.  .  . ਜੇਕਰ ਇੱਕ ਪਾਰਟੀ ਦਾ ਵਲੰਟੀਅਰ ਡਿਪਟੀ ਸੀ ਐਮ ਨੂੰ ਮਿਲਣ ਜਾਂਦਾ ਹੈ ਅਤੇ ਉਸਦੀ ਰਿਕਾਰਡਿੰਗ ਕੀਤੀ ਜਾਂਦੀ ਹੈ ਤਾਂ ਇਹ ਬਦਕਿਸਮਤੀ ਭਰਿਆ ਹੈ। ਸਾਡੀ ਜਾਸੂਸੀ ਕੀਤੀ ਜਾਂਦੀ ਹੈ।

ਇਸ ਦੌਰਾਨ ਪਾਰਟੀ ਨੇਤਾ ਭਗਵੰਤ ਮਾਨ ਨੇ ਕਿਹਾ ਜਾਂਚ ਕਮੇਟੀ ਬਣਾਈ ਜਾ ਰਹੀ ਹੈ ਜਿਸ ਵਿੱਚ ਸੁੱਚਾ ਸਿੰਘ ਨੂੰ ਵੀ ਪੱਖ ਰੱਖਣ ਦਾ ਮੌਕਾ ਮਿਲੇਗਾ।

ਸਿਆਸੀ ਹਲਕਿਆਂ ਵਿਚ ਇਹ ਚਰਚਾ ਹੈ ਕਿ ਆਮ ਆਦਮੀ ਪਾਰਟੀ ਦੇ ਪੰਜਾਬ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੇ 50 ਸਾਲਾਂ ਵਿੱਚ ਰਾਜਨੀਤਕ ਸਫਰ ਬੇਦਾਗ ਰਿਹਾ ਹੈ। ਉਨ੍ਹਾਂ ਨੇ ਆਪਣੀ ਸ਼ੁਰੁਆਤ ਅਕਾਲੀ ਦਲ ਦੇ ਨਾਲ ਕੀਤੀ, ਕੁੱਝ ਵਕਤ ਲਈ ਕਾਂਗਰਸ ਵਿੱਚ ਵੀ ਰਹੇ ਅਤੇ ਅਖੀਰ ਵਿੱਚ ਆਮ ਆਦਮੀ ਪਾਰਟੀ ਨੂੰ ਚੁਣਿਆ।

ਛੋਟੇਪੁਰ ਨੂੰ ਆਜ਼ਾਦ ਖਿਆਲ ਦਾ ਨੇਤਾ ਮੰਨਿਆ ਜਾਂਦਾ ਹੈ। 'ਆਪਰੇਸ਼ਨ ਬਲੈਕ ਥੰਡਰ' ਦੇ ਵਿਰੋਧ ਵਿੱਚ ਉਨ੍ਹਾਂ ਨੇ ਬਰਨਾਲਾ ਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਸੀ। ਕਦੇ ਆਜ਼ਾਦ ਵਿਧਾਇਕਾਂ ਦੇ ਨੇਤਾ ਦੇ ਤੌਰ ਉੱਤੇ ਕੈਪਟਨ ਅਮਰਿੰਦਰ ਸਿੰਘ ਦਾ ਸਮਰਥਨ ਵੀ ਕਰ ਚੁੱਕੇ ਹਨ।
ਪੰਜਾਬ ਦੇ ਮਾਝੇ ਇਲਾਕੇ ਵਿੱਚ ਗੁਰੁਦਾਸਪੁਰ ਜਿਲ੍ਹੇ ਦੇ ਛੋਟੇਪੁਰ ਪਿੰਡ ਵਿੱਚ ਜੰਮੇ ਸੁੱਚਾ ਸਿੰਘ ਛੋਟੇਪੁਰ ਆਰਟਸ ਗਰੈਜੂਏਟ ਹਨ। 67 ਸਾਲ ਦੇ ਛੋਟੇਪੁਰ ਆਪਣੇ ਕਾਲਜ ਦੇ ਦਿਨਾਂ ਤੋਂ ਰਾਜਨੀਤੀ ਵਿੱਚ ਸਰਗਰਮ ਹਨ। ਇੱਕ ਧਰਮਿਕ ਸਿੱਖ ਪਰਵਾਰ ਵਿੱਚ ਜੰਮੇ ਛੋਟੇਪੁਰ ਸ਼ੁਰਆਤ ਤੋਂ ਹੀ ਅਕਾਲੀ ਦਲ ਦੇ ਨਾਲ ਜੁੜੇ ਰਹੇ। ਛੋਟੇਪੁਰ ਸੰਤ ਹਰਚਰਨ ਸਿੰਘ ਲੋਂਗੋਵਾਲ ਅਤੇ ਗੁਰਚਰਨ ਸਿੰਘ ਟੋਹੜਾ ਵਰਗੇ ਅਕਾਲੀ ਨੇਤਾਵਾਂ ਦੇ ਸਾਥੀ ਰਹੇ। ਉਨ੍ਹਾਂ ਦੇ ਸਹੁਰੇ ਮੋਹਨ ਸਿੰਘ ਤੁੜ ਅਕਾਲੀ ਦਲ ਦੇ ਪ੍ਰਧਾਨ ਰਹੇ ਹਨ।

ਛੋਟੇਪੁਰ ਨੇ ਆਪਣੀ ਸ਼ੁਰੂਆਤ ਵਿਦਿਆਰਥੀ ਰਾਜਨੀਤੀ ਨਾਲ ਕੀਤੀ। ਉਹ ਗੁਰਦਾਸਪੁਰ ਗਵਰਮੈਂਟ ਕਾਲਜ ਸਟੂਡੇਂਟ ਯੂਨੀਅਨ ਦੇ ਪ੍ਰਧਾਨ ਤੋਂ ਲੈ ਕੇ ਆਪਣੇ ਪਿੰਡ ਦੇ ਸਰਪੰਚ ਤੱਕ ਰਹੇ। ਜਾਣਕਾਰ ਦੱਸਦੇ ਹਨ ਕਿ 1974 ਦੀ ਪੰਚਾਇਤ ਚੋਣ ਵਿੱਚ ਉਹ ਅਕਾਲੀ ਦਲ ਵਲੋਂ ਇਕਲੌਤੇ ਬਲਾਕ ਕਮੇਟੀ ਦੇ ਚੇਅਰਮੈਨ ਚੁਣੇ ਗਏ, ਜਦੋਂ ਕਿ ਸਮੁੱਚੇ ਪੰਜਾਬ ਵਿੱਚ ਕਾਂਗਰਸ ਦਾ ਕਬਜਾ ਸੀ। ਇਸ ਤੋਂ ਬਾਅਦ ਪਹਿਲਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮਿਟੀ ਦੇ ਮੈਂਬਰ ਚੁਣੇ ਗਏ ਅਤੇ ਬਾਅਦ ਵਿੱਚ 1980 ਤੋਂ 1986 ਤੱਕ ਗੁਰਦਾਸਪੁਰ ਦੇ ਅਕਾਲੀ ਦਲ ਦੇ ਜਿਲ੍ਹਾ ਪ੍ਰਧਾਨ ਰਹੇ।

ਇਸ ਦੌਰਾਨ 1985 ਵਿੱਚ ਧਾਰੀਵਾਲ ਸੀਟ ਤੋਂ ਉਨ੍ਹਾਂ ਨੇ ਵਿਧਾਨਸਭਾ ਚੋਣ ਜਿੱਤੀ ਅਤੇ ਮਾਰਚ 1986 ਵਿੱਚ ਸੁਰਜੀਤ ਸਿੰਘ ਬਰਨਾਲਾ ਨੇ ਉਨ੍ਹਾਂ ਨੂੰ ਆਪਣੀ ਕੈਬੀਨਟ ਵਿੱਚ ਰਾਜਮੰਤਰੀ ਬਣਾਇਆ। ਛੋਟੇਪੁਰ ਨੂੰ ਸਿਹਤ, ਸੈਰ ਦੇ ਨਾਲ ਖੇਤੀਬਾੜੀ ਵਿਭਾਗ ਦਾ ਰਾਜਮੰਤਰੀ ਬਣਾਇਆ ਗਿਆ। ਉਸ ਵਕਤ ਕੈਪਟਨ ਅਮਰਿੰਦਰ ਸਿੰਘ ਬਰਨਾਲਾ ਸਰਕਾਰ ਵਿੱਚ ਖੇਤੀਬਾੜੀ ਮੰਤਰੀ ਸਨ। ਪਰ 2 ਮਹੀਨੇ ਦੇ ਅੰਦਰ ਹੀ ਛੋਟੇਪੁਰ ਨੇ ਮੰਤਰੀਮੰਡਲ ਤੋਂ ਅਸਤੀਫਾ ਦੇ ਦਿੱਤਾ ਜਦੋਂ 29-30 ਅਪ੍ਰੈਲ ਦੀ ਰਾਤ ਆਪਰੇਸ਼ਨ ਬਲੈਕ-ਥੰਡਰ ਚਲਾਇਆ ਗਿਆ ਸੀ। ਉਸ ਵਕਤ ਅਸਤੀਫਾ ਦੇਣ ਵਾਲੇ ਛੋਟੇਪੁਰ ਅਤੇ ਹੋਰ ਨੇਤਾਵਾਂ ਵਿੱਚ ਕੈਪਟਨ ਅਮਰਿੰਦਰ ਸਿੰਘ ਵੀ ਸ਼ਾਮਿਲ ਸਨ। ਬਾਅਦ ਵਿੱਚ ਛੋਟੇਪੁਰ ਨੂੰ ਜੇਲ੍ਹ ਵੀ ਜਾਣਾ ਪਿਆ।

ਛੋਟੇਪੁਰ ਨੇ ਅੱਗੇ ਦੀ ਰਾਜਨੀਤੀ ਅਕਾਲੀ ਦਲ (ਮਾਨ) ਦੇ ਨਾਲ ਸ਼ੁਰੂ ਕੀਤੀ। ਉਨ੍ਹਾਂ ਨੇ 1992 ਵਿੱਚ ਲੋਕਸਭਾ ਅਤੇ 1997 ਵਿੱਚ ਵਿਧਾਨਸਭਾ ਦੀ ਚੋਣ ਲੜੀ ਪਰ ਦੋਨਾਂ ਵਾਰ ਹਾਰ ਮਿਲੀ। ਪਰ 2002 ਵਿੱਚ ਛੋਟੇਪੁਰ ਨੇ ਧਾਰੀਵਾਲ ਸੀਟ ਤੋਂ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਜਿੱਤੀ। 2002 ਵਿੱਚ ਕਾਂਗਰਸ ਦੀ ਸਰਕਾਰ ਬਣੀ ਅਤੇ ਕੈਪਟਨ ਅਮਰਿੰਦਰ ਸਿੰਘ ਮੁੱਖਮੰਤਰੀ ਬਣੇ। ਕੁਲ ਦਸ ਆਜ਼ਾਦ ਵਿਧਾਇਕ ਵਿਧਾਨਸਭਾ ਪੁੱਜੇ ਸਨ। ਛੋਟੇਪੁਰ ਨਿਰਦਲੀਏ ਵਿਧਾਇਕਾਂ ਦੇ ਨੇਤਾ ਬਣੇ। ਜਦੋਂ ਕਾਂਗਰਸ ਦੇ ਅੰਦਰੋਂ ਕੈਪਟਨ ਦੇ ਖਿਲਾਫ ਬਗਾਵਤ ਹੋਈ ਤਾਂ ਛੋਟੇਪੁਰ ਨੇ ਆਜ਼ਾਦ ਵਿਧਾਇਕਾਂ ਦੇ ਨਾਲ ਕੈਪਟਨ ਦੇ ਸਹਿਯੋਗ ਵਿੱਚ ਖੜੇ ਹੋਏ।

2007 ਵਿੱਚ ਛੋਟੇਪੁਰ ਵਿਧਾਨਸਭਾ ਦਾ ਚੋਣ ਹਾਰ ਗਏ। 2009 ਲੋਕਸਭਾ ਚੋਣ ਦੇ ਵਕਤ ਗੁਰਦਾਸਪੁਰ ਸੀਟ ਉੱਤੇ ਕਾਂਗਰਸ ਉਮੀਦਵਾਰ ਪ੍ਰਤਾਪ ਸਿੰਘ ਬਾਜਵਾ ਦਾ ਸਮਰਥਨ ਕਰਦੇ ਹੋਏ ਕਾਂਗਰਸ ਵਿੱਚ ਸ਼ਾਮਿਲ ਹੋ ਗਏ। ਪਰ 2012 ਦੀ ਵਿਧਾਨਸਭਾ ਚੋਣ ਵਿੱਚ ਕਾਹਨੂੰਵਾਨ ਸੀਟ ਤੋਂ ਕਾਂਗਰਸ ਨੇ ਬਾਜਵਾ ਦੀ ਪਤਨੀ ਨੂੰ ਟਿਕਟ ਦੇ ਦਿੱਤੀ। ਛੋਟੇਪੁਰ ਨੇ ਇੱਕ ਵਾਰ ਫਿਰ ਆਜ਼ਾਦ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਕੇ ਕਿਸਮਤ ਅਜਮਾਈ ਪਰ ਹਾਰ ਗਏ।

2014 ਲੋਕਸਭਾ ਚੋਣ ਵਿੱਚ ਛੋਟੇਪੁਰ ਨੇ 'ਆਪ' ਵਲੋਂ ਗੁਰਦਾਸਪੁਰ ਤੋਂ ਚੋਣ ਲੜੀ ਪਰ ਫਿਰ ਹਾਰ ਗਏ। ਪਰ ਕੇਜਰੀਵਾਲ ਨੇ ਛੋਟੇਪੁਰ ਨੂੰ ਰਾਜ ਦਾ ਕਨਵੀਨਰ ਬਣਾ ਦਿੱਤਾ ਅਤੇ ਛੋਟੇਪੁਰ 2017 ਦੀ ਤਿਆਰੀ ਵਿੱਚ ਜੁੱਟ ਗਏ। ਪਰ ਫਿਰ ਰਾਜ ਦੀ ਕਮਾਨ ਕੇਜਰੀਵਾਲ ਨੇ ਸੰਜੈ ਸਿੰਘ ਅਤੇ ਦੁਰਗੇਸ਼ ਪਾਠਕ ਨੂੰ ਦੇ ਦਿੱਤੀ ਅਤੇ ਇਸ ਦੌਰਾਨ ਨੇਤਾ ਦੇ ਤੌਰ ਉੱਤੇ ਭਗਵੰਤ ਮਾਨ ਦਾ ਚਿਹਰਾ ਅੱਗੇ ਕੀਤਾ।

ਛੋਟੇਪੁਰ ਨੂੰ ਲਗਭਗ ਹਾਸ਼ੀਏ ਉੱਤੇ ਹੀ ਰੱਖਿਆ ਗਿਆ। ਇੱਥੇ ਤੱਕ ਕਿ ਟਿਕਟ ਵੰਡ ਵਿੱਚ ਵੀ ਛੋਟੇਪੁਰ ਦੀ ਨਹੀਂ ਸੁਣੀ ਗਈ। ਪਹਿਲੀਆਂ ਦੋ ਲਿਸਟਾਂ ਵਿੱਚ ਛੋਟੇਪੁਰ ਦਾ ਨਾਮ ਗਾਇਬ ਰਿਹਾ ਅਤੇ ਹੁਣ 'ਆਪ' ਦੇ ਹੀ ਨੇਤਾ ਉਨ੍ਹਾਂ ਉੱਤੇ ਇਲਜ਼ਾਮ ਲਗਾ ਰਹੇ ਹਨ। ਛੋਟੇਪੁਰ ਦੇ ਖਿਲਾਫ ਇੱਕ ਕਥਿਤ ਸਟਿੰਗ ਦਾ ਦਾਅਵਾ ਕੀਤਾ ਜਾ ਰਿਹਾ ਹੈ।

ਆਪਣੇ ਉਪਰ ਲੱਗੇ ਦੋਸ਼ਾਂ ਨੂੰ ਛੋਟੇਪੁਰ ਸਾਜਿਸ਼ ਕਰਾਰ ਦੇ ਰਹੇ ਹਨ। ਕਿਆਸ ਇਸ ਗੱਲ ਦੇ ਲੱਗ ਰਹੇ ਹਨ ਕਿ ਛੋਟੇਪੁਰ ਆਪਣੇ ਪੁਰਾਣੇ ਸਾਥੀ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਜਾਣਗੇ। ਕੈਪਟਨ ਨੇ ਹਮੇਸ਼ਾ ਛੋਟੇਪੁਰ ਨੂੰ ਆਪਣਾ ਦੋਸਤ ਦੱਸਿਆ ਹੈ।

ਛੋਟੇਪੁਰ ਦੇ ਮੁੱਦੇ ਉੱਤੇ ਆਮ ਆਦਮੀ ਪਾਰਟੀ ਇਮਾਨਦਾਰੀ ਕਾਰਡ ਖੇਡਣ ਦੀ ਕੋਸ਼ਿਸ਼ ਕਰੇਗੀ ਤਾਂ ਛੋਟੇਪੁਰ ਧੋਖਾ ਮਿਲਣ ਦੀ ਇਮੋਸ਼ਨਲ ਰਾਜਨੀਤੀ ਕਰਨਗੇ। ਫ਼ਿਲਹਾਲ ਇਸ ਘਟਨਾਕ੍ਰਮ ਤੋਂ ਆਮ ਆਦਮੀ ਪਾਰਟੀ ਦੀ ਚੋਣ ਮੁਹਿੰਮ ਨੂੰ ਵੱਡਾ ਝੱਟਕਾ ਲੱਗਿਆ ਹੈ।
[home] [1] 2 3 4 5  [prev.]1-5 of 21


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 'ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ'
20.08.16 - ਬੀਰ ਦਵਿੰਦਰ ਸਿੰਘ
'ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ'ਇਹ ਬੜੇ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਰਾਜ-ਭਾਗ 'ਤੇ ਪਿਛਲੇ ਦਸਾਂ ਸਾਲਾਂ ਤੋਂ ਕਾਬਜ਼ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਨਾਲ ਸਬੰਧਤ ਬੱਸਾਂ ਨੇ ਪੰਜਾਬ ਦੀਆਂ ਸੜਕਾਂ 'ਤੇ ਮੌਤ ਦੀ ਦਹਿਸ਼ਤ ਦਾ ਹੜਕੰਪ ਮਚਾਇਆ ਹੋਇਆ ਹੈ।ਬਾਦਲਾਂ ਦੀਆਂ ਬੱਸਾਂ ਹਰ ਰੋਜ਼ ਹੀ, ਕਿਸੇ ਨਾ ਕਿਸੇ ਥਾਂ, ਪੰਜਾਬ ਦੀਆਂ ਸੜਕਾਂ 'ਤੇ ਚੱਲ ਰਹੇ ਆਮ ਲੋਕਾਂ ਨੂੰ, ਹਾਦਸਿਆਂ ਦਾ ਸ਼ਿਕਾਰ ਬਣਾ ਲੈਂਦੀਆਂ ਹਨ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ। ਬਾਦਲਾਂ ਦੀਆਂ ਬੱਸਾਂ ਦੇ ਡਰਾਈਵਰ ਅਤੇ ਹੋਰ ਅਮਲਾ ਦੈਂਤਾਂ ਦੀ ਤਰ੍ਹਾਂ ਸੜਕਾਂ 'ਤੇ ਦਹਾੜਦੇ ਹਨ ਤੇ ਲੋਕਾਂ ਨੂੰ ਗੰਦੀਆਂ ਗਾਲ੍ਹਾਂ ਕੱਢਦੇ ਹਨ ਤੇ ਹਰ ਕਿਸਮ ਦੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਔਰਤਾਂ ਦੇ ਦੁਪੱਟੇ ਅਤੇ ਬਜ਼ੁਰਗਾਂ ਦੀਆਂ ਦਸਤਾਰਾਂ ਉਛਾਲਣਾ ਤਾਂ ਇਨ੍ਹਾਂ ਲਈ ਆਮ ਜਿਹੀ ਗੱਲ ਹੈ।

ਇਨ੍ਹਾਂ ਹਾਦਸਿਆਂ ਦਾ ਇੱਕ ਕਾਰਨ ਇਹ ਵੀ ਹੈ ਕਿ ਬਾਦਲਾਂ ਦੀਆ ਟ੍ਰਾਂਸਪੋਰਟ ਕੰਪਨੀਆਂ ਦੇ ਡਰਾਈਵਰਾਂ ਦੇ ਸਿਰ 'ਤੇ ਬਾਦਲਾਂ ਦੀ ਸਰਕਾਰ ਦਾ ਘੁਮੰਡ ਤੇ ਤਕੱਬਰ ਸਵਾਰ ਹੈ। ਇਹ ਬੇਪ੍ਰਵਾਹੀ ਨਾਲ, ਦੂਜੀਆਂ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਟ੍ਰਾਂਸਪੋਰਟ ਦੇ ਵਪਾਰ ਵਿੱਚ ਪਛਾੜਨ ਦੇ ਮਨਸ਼ੇ ਨਾਲ, ਬਾਦਲਾਂ ਦੀਆਂ ਬੱਸਾਂ ਨੂੰ ਹੱਦੋਂ ਵੱਧ ਤੇਜ਼ ਰਫ਼ਤਾਰ ਨਾਲ ਦੁੜਾਉਂਦੇ ਹਨ ਤੇ ਸੜਕਾਂ 'ਤੇ ਚੱਲ ਰਹੀ ਬਾਕੀ ਸਾਰੀ ਆਵਾਜਾਈ ਨੂੰ ਭੈ-ਭੀਤ ਕਰਦੇ ਹੋਏ, ਅੜੋ-ਅੜੀ ਸਵਾਰੀਆਂ ਚੁੱਕ ਲੈਂਦੇ ਹਨ। ਬਾਦਲਾਂ ਦੀਆ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ 'ਤੇ ਤਾਕਤ ਦੇ ਨਸ਼ੇ ਦੀ ਚਰਬੀ ਚੜ੍ਹੀ ਹੋਈ ਹੈ ਜਿਸ ਕਰਕੇ ਸੜਕਾਂ ਕਿਨਾਰੇ ਚੱਲ ਰਹੇ ਆਮ ਲੋਕ ਇਨ੍ਹਾਂ ਨੂੰ ਕੀੜੇ-ਮਕੌੜੇ ਹੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਉਹ ਬੇਰਹਿਮੀ ਨਾਲ ਕੁਚਲ ਦਿੰਦੇ ਹਨ। ਬਾਦਲਾਂ ਦੀਆਂ ਬੱਸਾਂ ਦੀ ਦਹਿਸ਼ਤ ਕਾਰਣ ਉਤਪੰਨ ਹੋਈ ਖ਼ੌਫ਼ਨਾਕ ਸਥਿੱਤੀ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹਰ ਕਿਸਮ ਦੀ ਕਾਨੂੰਨੀ ਉਲੰਘਣਾ 'ਤੇ ਸਰਕਾਰ ਦਾ ਟ੍ਰਾਂਸਪੋਰਟ ਵਿਭਾਗ, ਕਰ ਵਿਭਾਗ ਅਤੇ ਪੰਜਾਬ ਦੀ ਪੁਲਿਸ, ਇਹ ਤਿੰਨੇ ਵਿਭਾਗ ਅਪਾਹਜ ਹੋ ਜਾਣ ਦੀ ਸੂਰਤ ਕਾਰਣ ਮੂਕ ਦਰਸ਼ਕ ਬਣੇ ਬੈਠੇ ਹਨ।

ਕੀ ਇਹ ਤੁਅੱਜਬ ਦੀ ਗੱਲ ਨਹੀਂ ਕਿ ਟ੍ਰਾਂਸਪੋਰਟ ਦੀ ਅੰਨ੍ਹੀ ਕਮਾਈ ਦੇ ਪੈਸੇ ਤਾਂ ਬਾਦਲ ਪਰਿਵਾਰ ਆਪਣੀ ਜੇਬ੍ਹ ਵਿੱਚ ਪਾਵੇੇ ਤੇ ਜਦ ਕੋਈ ਇਨ੍ਹਾਂ ਦੀਆਂ ਬੱਸਾਂ ਤੋਂ ਹਾਦਸਾ ਹੋ ਜਾਂਦਾ ਹੈ ਤਾਂ ਪੀੜਤ ਪਰਿਵਾਰਾਂ ਦੇ ਮੂੰਹ ਬੰਦ ਕਰਨ ਲਈ ਸਾਰੀ ਚੱਟੀ ਦਾ ਬੋਝ ਸਰਕਾਰੀ ਖਜ਼ਾਨੇ 'ਤੇ ਪਾ ਦਿੰਦੇ ਹਨ, ਜੋ ਕਿ ਸਰਾਸਰ ਗ਼ਲਤ ਅਤੇ ਗ਼ੈਰ ਕਾਨੂੰਨੀ ਹੈ। ਪੀੜਤ ਪਰਿਵਾਰ ਨਾਲ ਸਮਝੌਤੇ ਅਧੀਨ ਤੈਅ ਹੋਏ ਕਿਸੇ ਵੀ ਮੁਆਵਜ਼ੇ ਦਾ ਹਰਜਾਨਾ ਟ੍ਰਾਂਸਪੋਰਟ ਕੰਪਨੀ ਦੇ ਸਿਰ ਹੀ ਪੈਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਹੀ ਆਪਣੇ ਵਪਾਰਕ ਅਦਾਰਿਆਂ ਵਿੱਚ ਮ੍ਰਿਤਕ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।

ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਪਸੀ ਸਹਿਮਤੀ ਨਾਲ ਸੜਕੀ ਆਵਾਜਾਈ ਅਤੇ ਸੜਕਾਂ 'ਤੇ ਚੱਲਣ ਵਾਲੇ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਅਮਲ ਵਿੱਚ ਲਿਆਉਣੇ ਚਾਹੀਦੇ ਹਨ। ਡਰਾਈਵਰ ਦੀ ਲਾਪ੍ਰਵਾਹੀ ਨਾਲ ਹੋਏ ਹਾਦਸਿਆਂ ਵਿੱਚ ਬੱਸਾਂ ਅਤੇ ਟਰੱਕ ਸਮੇਤ ਰੂਟ ਜ਼ਬਤ ਹੋਣੇ ਚਾਹੀਦੇ ਹਨ। ਸ਼ਰਾਬ ਪੀ ਕੇ ਜਾਂ ਕਿਸੇ ਵੀ ਹੋਰ ਨਸ਼ੇ ਦੇ ਪ੍ਰਭਾਵ ਅਧੀਨ ਵਾਹਨ ਚਲਾਉਣ ਵਾਲੇ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ ਹਮੇਸ਼ਾਂ ਵਾਸਤੇ ਰੱਦ ਹੋਣਾ ਚਾਹੀਦਾ ਹੈ। ਮੇਰਾ ਵਿਚਾਰ ਹੈ ਕਿ ਜਦੋਂ ਤੱਕ ਸੜਕੀ ਨਿਯਮ ਅਤੇ ਜ਼ਾਬਤਾ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ, ਤਦ ਤੱਕ ਸੜਕ ਹਾਦਸੇ ਇੰਝ ਹੀ ਵਾਪਰਦੇ ਰਹਿਣਗੇ ਤੇ ਬੇਗੁਨਾਹ ਅਤੇ ਮਾਸੂਮ ਲੋਕਾਂ ਦੇ ਘਰ ਉਜੜਦੇ ਰਹਿਣਗੇ।
[home] [1] 2 3 4 5  [prev.]1-5 of 21


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER