ਪੰਜਾਬ

Monthly Archives: JULY 2017


ਸ਼੍ਰੋਮਣੀ ਕਮੇਟੀ ਦੀ ਘੂਕ ਨੀਂਦਰ ਤੇ ਜੀ.ਐੱਸ.ਟੀ.
'ਦਿ ਟ੍ਰਿਬਿਊਨ' ਦੇ ਸੰਪਾਦਕ ਨੇ ਖਿਲਾਇਆ ਨਵਾਂ ਗੁੱਲ, ਅਖੇ ਗੁਰਦੁਆਰੇ ਵਿੱਚ ਵੱਖਰੀ ਜੀ.ਐੱਸ.ਟੀ. ਗੋਲਕ ਲਗਾ ਲਓ
28.07.17 - ਪੀ ਟੀ ਟੀਮ
'ਦਿ ਟ੍ਰਿਬਿਊਨ' ਦੇ ਸੰਪਾਦਕ ਨੇ ਖਿਲਾਇਆ ਨਵਾਂ ਗੁੱਲ, ਅਖੇ ਗੁਰਦੁਆਰੇ ਵਿੱਚ ਵੱਖਰੀ ਜੀ.ਐੱਸ.ਟੀ. ਗੋਲਕ ਲਗਾ ਲਓਲੰਗਰ ਨੂੰ ਜੀ.ਐੱਸ.ਟੀ. ਤੋਂ ਛੋਟ ਦਿਵਾਉਣ ਲਈ ਚਲ ਰਹੀ ਬਹਿਸ ਵਿੱਚ ਟ੍ਰਿਬਿਊਨ ਗਰੁੱਪ ਦੇ ਮੁੱਖ ਸੰਪਾਦਕ ਨੇ ਇਕ ਅਜੀਬੋ-ਗਰੀਬ ਸਲਾਹ ਦਿੱਤੀ ਹੈ। ਹਰੀਸ਼ ਖਰੇ ਨੇ ਲੰਘੇ ਐਤਵਾਰ ਆਪਣੇ ਹਫਤਾਵਾਰੀ ਕਾਲਮ ਵਿੱਚ ਸਿੱਖਾਂ ਨੂੰ ਕਿਹਾ ਹੈ ਕਿ ਸਰਕਾਰ ਤੋਂ ਜੀ.ਐੱਸ.ਟੀ. ਦੀ ਰਿਆਇਤ ਨਾ ਮੰਗਣ, ਸਗੋਂ ਗੁਰਦੁਆਰੇ ਵਿੱਚ ਰੱਖੀ ਗੋਲਕ ਦੇ ਨਾਲ ਇੱਕ ਵੱਖਰੀ ਜੀ.ਐੱਸ.ਟੀ. ਗੋਲਕ ਰੱਖ ਲੈਣ।

ਪਿਛਲੇ ਸੈਂਕੜੇ ਸਾਲਾਂ ਵਿੱਚ ਇਹ ਪਹਿਲੀ ਵਾਰ ਹੈ ਕਿ ਕਿਸੀ ਨੇ ਸਿੱਖਾਂ ਨੂੰ ਗੁਰਦਵਾਰਿਆਂ ਵਿੱਚ ਕਿਸੀ ਖਾਸ ਮਨੋਰਥ ਲਈ ਵੱਖਰੀ ਗੋਲਕ ਰੱਖਣ ਦਾ ਸੁਝਾਅ ਦਿੱਤਾ ਹੋਵੇ। ਕਾਫੀ ਦਿਨ ਬੀਤ ਜਾਣ ਤੋਂ ਬਾਅਦ ਅਤੇ ਪ੍ਰਮੁੱਖ ਸਿੱਖ ਵਿਦਵਾਨਾਂ ਦੇ ਜ਼ੋਰਦਾਰ ਰੋਸ ਦੇ ਬਾਵਜੂਦ ਨਾ ਤਾਂ ਟ੍ਰਿਬਿਊਨ ਅਖ਼ਬਾਰ ਅਤੇ ਨਾ ਹੀ ਇਸ ਦੇ ਮੁੱਖ ਸੰਪਾਦਕ ਨੇ ਹੁਣ ਤੱਕ ਅਜਿਹੀ ਨਾਵਾਜਬ ਸਲਾਹ ਲਈ ਮੁਆਫੀ ਮੰਗੀ ਹੈ।

ਅੰਗਰੇਜ਼ੀ ਭਾਸ਼ੀ 'ਦਿ ਟ੍ਰਿਬਿਊਨ' ਅਖ਼ਬਾਰ ਵਿੱਚ ਆਪਣੇ ਐਤਵਾਰੀ ਕਾਲਮ ਨੂੰ ਖਰੇ ਨੇ ਅਗਲੇ ਦਿਨ ਪੰਜਾਬੀ ਟ੍ਰਿਬਿਊਨ ਵਿੱਚ ਇੱਕ ਵਾਰ ਫਿਰ ਪ੍ਰਕਾਸ਼ਿਤ ਕੀਤਾ।

ਆਪਣੇ ਕਾਲਮ 'Kaffeeklatsch'  ਵਿਚ ਹਰੀਸ਼ ਖਰੇ ਨੇ ਪਹਿਲਾਂ ਤਾਂ ਸਰਕਾਰ ਦੇ ਸਟੈਂਡ ਦੀ ਹਾਮੀ ਭਰੀ ਕਿ ਕਿਸੇ ਇੱਕ ਧਾਰਮਿਕ ਸੰਸਥਾ ਨੂੰ ਸਰਕਾਰ ਜੀ.ਐੱਸ.ਟੀ. ਤੋਂ ਛੋਟ ਨਹੀਂ ਦੇ ਸਕਦੀ ਤੇ ਫਿਰ ਸਿੱਖਾਂ ਨੂੰ ਸਲਾਹ ਦਿੱਤੀ: "ਸ਼ਰਧਾਲੂਆਂ ਨੂੰ 17 ਫ਼ੀਸਦੀ ਵਧੇਰੇ ਦਾਨ ਕਰਨ ਲਈ ਕਿਉਂ ਨਾ ਕਿਹਾ ਜਾਵੇ? ਸ਼ਾਇਦ, ਜੀ.ਐੱਸ.ਟੀ. ਲਈ ਵੱਖਰੀ 'ਗੋਲਕ' ਵੀ ਲਾਈ ਜਾ ਸਕਦੀ ਹੈ!"

ਜਿਵੇਂ ਕਿ ਸਾਰੇ ਜਾਣਦੇ ਹਨ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਗੋਲਕ 'ਚ ਸ਼ਰਧਾਲੂਆਂ ਵੱਲੋਂ ਇਕ ਪੈਸੇ ਤੋਂ ਲੈ ਕੇ ਲੱਖਾਂ-ਕਰੋੜਾਂ ਰੁਪਏ ਤੱਕ ਕੋਈ ਵੀ ਰਕਮ ਭੇਟ ਕੀਤੀ ਜਾ ਸਕਦੀ ਹੈ। ਸਿੱਖ ਭਾਈਚਾਰਾ ਇਸ ਗੱਲ 'ਤੇ ਮਾਣ ਕਰਦਾ ਹੈ ਕਿ ਗੁਰਦੁਆਰੇ ਆਉਣ ਵਾਲੇ ਸ਼ਰਧਾਲੂਆਂ ਨੂੰ ਮੈਨੇਜਮੈਂਟ ਕਮੇਟੀਆਂ ਵੱਲੋਂ ਕੋਈ ਭੇਟਾ ਦੇਣ ਲਈ ਮਜਬੂਰ ਨਹੀਂ ਕੀਤਾ ਜਾਂਦਾ। ਇਸ ਤਰ੍ਹਾਂ ਇਕੱਠੇ ਕੀਤੇ ਗਏ ਧਨ ਨੂੰ ਸੰਗਤ ਦਾ ਯੋਗਦਾਨ ਮੰਨਦੇ ਹੋਏ ਧਰਮ ਦੇ ਸਿਧਾਂਤਾਂ ਅਨੁਸਾਰ ਵੱਖ-ਵੱਖ ਕੰਮਾਂ ਲਈ ਵਰਤਿਆ ਜਾਂਦਾ ਹੈ।

ਬਹੁਤ ਸਾਰੇ ਸਿੱਖ ਵਿਦਵਾਨਾਂ ਨੇ ਖਰੇ ਦੇ ਇਸ ਵਿਚਾਰ ਕਿ 'ਸ਼ਰਧਾਲੂਆਂ ਨੂੰ ਜੀ.ਐੱਸ.ਟੀ. ਦੇ ਬਰਾਬਰ ਰਾਸ਼ੀ ਦੇਣ ਲਈ ਕਿਹਾ ਜਾਵੇ' ਨੂੰ ਸਿੱਖ ਕੌਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਵਾਲਾ ਮੰਨਿਆ ਹੈ।

ਖਰੇ ਨੇ ਆਪਣੇ ਇਸ ਸੁਝਾਅ ਨੂੰ "ਇਕਦਮ ਵਿਲੱਖਣ" ਦੱਸਦੇ ਹੋਏ ਕਿਹਾ ਕਿ ਇੰਨੇ ਵਧੀਆ ਵਿਚਾਰ 'ਤੇ ਉਹ ਪਾਠਕਾਂ ਨੂੰ ਆਪਣੇ ਨਾਲ ਕੌਫ਼ੀ ਪੀਣ ਦਾ ਸੱਦਾ ਦਿੰਦੇ ਹਨ। ਹੁਣ ਇਹ ਦੇਖਣਾ ਦਿਲਚਸਪ ਹੋਵੇਗਾ ਕਿ ਸਿੱਖ ਸਮੁਦਾਏ ਦਾ ਕਿਹੜਾ ਹਿੱਸਾ ਜਾਂ ਆਗੂ ਖਰੇ ਦੇ ਨਾਲ ਕੌਫ਼ੀ ਦੀਆਂ ਚੁਸਕੀਆਂ ਭਰੇਗਾ।

ਪੰਜਾਬੀ ਟ੍ਰਿਬਿਊਨ ਦੇ ਸੋਮਵਾਰ ਐਡੀਸ਼ਨ ਵਿੱਚ ਖਰੇ ਨੇ ਆਪਣੇ ਕਾਲਮ 'ਕੌਫ਼ੀ ਤੇ ਗੱਪ-ਸ਼ੱਪ' ਵਿੱਚ ਲਿਖਿਆ: "ਹਰਿਮੰਦਰ ਸਾਹਿਬ ਦੇ ਮਾਮਲਿਆਂ ਦਾ ਪ੍ਰਬੰਧ ਕਰਨ ਵਾਲਿਆਂ ਨੇ ਉਨ੍ਹਾਂ (ਹਾਕਮਾਂ) ਤੋਂ ਜੀ.ਐੱਸ.ਟੀ. ਤੋਂ ਮੁਆਫ਼ੀ ਦੀ ਮੰਗ ਕਰਦਿਆਂ ਦਲੀਲ ਦਿੱਤੀ ਹੈ ਕਿ ਲੰਗਰ ਮੁਫ਼ਤ, ਪਰਉਪਕਾਰੀ ਧਰਮ ਕਰਮ ਹੈ। ਸਰਕਾਰ ਸ਼ਾਇਦ ਇੱਕ ਧਾਰਮਿਕ ਸੰਸਥਾ ਨੂੰ ਛੋਟ ਨਹੀਂ ਦੇ ਸਕਦੀ। ਇਸ ਦੀ ਬਜਾਇ ਇਹ ਸਲਾਹ ਦਿੱਤੀ ਗਈ ਹੈ: ਸ਼ਰਧਾਲੂਆਂ ਨੂੰ 17 ਫ਼ੀਸਦੀ ਵਧੇਰੇ ਦਾਨ ਕਰਨ ਲਈ ਕਿਉਂ ਨਾ ਕਿਹਾ ਜਾਵੇ? ਸ਼ਾਇਦ, ਜੀ.ਐੱਸ.ਟੀ. ਲਈ ਵੱਖਰੀ 'ਗੋਲਕ' ਵੀ ਲਾਈ ਜਾ ਸਕਦੀ ਹੈ!"

ਹਰੀਸ਼ ਖਰੇ, ਜਿਹੜੇ ਪਹਿਲਾਂ ਪੱਤਰਕਾਰੀ ਨੂੰ ਲੱਤ ਮਾਰ ਕੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦੇ ਮੀਡੀਆ ਸਲਾਹਕਾਰ ਬਣ ਗਏ ਸੀ ਤੇ ਫਿਰ ਇਕ ਅਸਫਲ ਪਾਰੀ ਤੋਂ ਬਾਅਦ ਵਾਪਸ ਪੱਤਰਕਾਰੀ ਦੇ ਪੇਸ਼ੇ ਵਿੱਚ ਆਏ ਹਨ, ਨੇ ਕੁਝ ਸਮੇਂ ਪਹਿਲਾਂ ਇਸੇ ਹੀ ਕਾਲਮ ਵਿਚ ਆਪਣੇ ਇੱਕ ਹੋਰ ਸੁਝਾਅ ਨਾਲ ਸਿੱਖ ਭਾਈਚਾਰੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਈ ਸੀ ਜਦੋਂ ਉਨ੍ਹਾਂ ਨੇ ਲਿਖਿਆ ਸੀ ਕਿ 1984 ਦੇ ਸਿੱਖ ਕਤਲੇਆਮ ਦੇ ਮੁੱਦੇ ਨੂੰ ਹੁਣ ਸਿੱਖਾਂ ਨੂੰ ਭੁਲਾ ਦੇਣਾ ਚਾਹੀਦਾ ਹੈ।

ਉਨ੍ਹਾਂ ਨੇ ਇਥੋਂ ਤੱਕ ਵੀ ਲਿੱਖ ਮਾਰਿਆ ਸੀ ਕਿ "ਹਰੇਕ ਲੋਕ ਸਭਾ ਚੋਣ ਦੇ ਮੌਕੇ 'ਤੇ ਕੁਝ ਖੋਜੀ 'ਪੱਤਰਕਾਰ' ਨਵੇਂ ਸਬੂਤ ਲੈ ਆਉਂਦੇ ਹਨ। ਫੂਲਕੇ ਵਰਗੇ ਕੁਝ ਵਕੀਲਾਂ ਲਈ ਤਾਂ ਇਹ ਕਿੱਤਾ ਅਤੇ ਸਿਆਸੀ ਮੁਫ਼ਾਦ ਹੋ ਨਿਬੜਿਆ ਹੈ।"

ਇੱਕ ਪਾਸੇ ਜਿਥੇ ਇਸ ਮੁੱਦੇ ਨੂੰ ਲੈ ਕੇ ਸਿੱਖਾਂ 'ਚ ਇੰਨਾ ਰੋਸ ਹੈ, ਉਥੇ ਹੀ ਦੂਜੇ ਪਾਸੇ ਆਪਣੇ ਆਪ ਨੂੰ ਦੁਨੀਆ ਭਰ ਦੇ ਸਿੱਖਾਂ ਦਾ ਨੁਮਾਇੰਦਾ ਦੱਸਣ ਵਾਲੀ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਇਸ ਗੱਲ ਤੋਂ ਬਿਲਕੁਲ ਅਣਜਾਣ ਹਨ। ਜਦੋਂ ਇਸ ਮੁੱਦੇ 'ਤੇ 'ਪੰਜਾਬ ਟੂਡੇ' ਵੱਲੋਂ ਉਨ੍ਹਾਂ ਨਾਲ ਗੱਲ ਕੀਤੀ ਗਈ ਤਾਂ ਪ੍ਰੋ. ਬਡੂੰਗਰ ਨੇ ਹੈਰਾਨ ਹੁੰਦਿਆਂ ਪੁੱਛਿਆ "ਕੌਣ ਹਰੀਸ਼ ਖਰੇ? ਟ੍ਰਿਬਿਊਨ ਦੀ ਕਿਹੜੀ ਖਬਰ? ਕਿਸ ਬਾਰੇ ਗੱਲ ਕਰ ਰਹੇ ਹੋ?" ਇਸ 'ਤੇ ਜਦੋਂ ਉਨ੍ਹਾਂ ਨੂੰ ਇਸ ਬਾਰੇ ਵਿਸਤਾਰ ਨਾਲ ਦੱਸਿਆ ਗਿਆ ਤਾਂ ਉਨ੍ਹਾਂ ਨੇ ਕੋਈ ਜਾਣਕਾਰੀ ਨਾ ਹੋਣ ਦੀ ਗੱਲ ਕਹੀ। ਉਸ ਸਮੇਂ ਉਨ੍ਹਾਂ ਨਾਲ ਸ਼੍ਰੋਮਣੀ ਕਮੇਟੀ ਨਾਲ ਸਬੰਧਤ ਅੱਧੇ ਦਰਜਨ ਤੋਂ ਜ਼ਿਆਦਾ ਕਾਲਜਾਂ ਦੇ ਪ੍ਰਿੰਸੀਪਲ ਤੇ ਡਾਇਰੈਕਟਰ ਵੀ ਹਾਜ਼ਰ ਸਨ ਅਤੇ ਉਨ੍ਹਾਂ 'ਚੋਂ ਵੀ ਕਿਸੀ ਨੂੰ ਵੀ ਇਸ ਬਾਰੇ ਕੋਈ ਜਾਣਕਾਰੀ ਨਹੀਂ ਸੀ।

('ਪੰਜਾਬ ਟੂਡੇ' ਵੱਲੋਂ 24 ਜੁਲਾਈ ਨੂੰ ਵੀ ਅੰਗਰੇਜ਼ੀ ਵੈੱਬਸਾਈਟ 'ਤੇ ਇਸ ਮੁੱਦੇ ਨੂੰ ਉਠਾਇਆ ਗਿਆ ਸੀ। ਇਥੇ ਪੜ੍ਹੋ: The Tribune editor suggests separate GST golak)

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਇੱਕ ਸੀਨੀਅਰ ਮੈਂਬਰ ਨੇ ਨਾਮ ਨਾ ਛਾਪਣ ਦੀ ਸ਼ਰਤ 'ਤੇ ਖੁਲਾਸਾ ਕੀਤਾ ਕਿ ਬਹੁਤ ਵੱਡੀ ਸਰਕੂਲੇਸ਼ਨ ਵਾਲੇ ਅਖ਼ਬਾਰਾਂ ਦੇ ਸੰਪਾਦਕਾਂ ਅੱਗੇ ਕਿਸੀ ਮੁੱਦੇ ਨੂੰ ਚੁੱਕਣ ਤੋਂ ਸਾਡੇ ਲੀਡਰ ਡਰਦੇ ਹਨ ਕਿ ਅਖ਼ਬਾਰ ਕਿਤੇ ਉਨ੍ਹਾਂ ਦੀ ਅਣਦੇਖੀ ਨਾ ਕਰਨ ਲੱਗ ਜਾਵੇ। ਉਨ੍ਹਾਂ ਨੇ ਹਿੰਦੁਸਤਾਨ ਟਾਈਮਸ ਦੇ ਹਾਲੀਆ ਕੇਸ ਦਾ ਹਵਾਲਾ ਦਿੱਤਾ ਜਿਸ ਵਿੱਚ ਇੱਕ ਸਿੱਖ ਨੂੰ ਸਿਗਾਰ ਜਲਾਉਂਦੇ ਹੋਏ ਦਿਖਾਇਆ ਗਿਆ ਹੈ। ਭਾਵੇਂ ਅਖ਼ਬਾਰ ਵੱਲੋਂ ਇਸ ਲਈ ਲਿਖਤੀ ਮੁਆਫੀ ਮੰਗੀ ਹੈ ਪਰ ਇਸ ਨੂੰ ਵੈੱਬਸਾਈਟ ਤੋਂ ਹਟਾਉਣ ਲਈ ਹੁਣ ਤੱਕ ਇਨਕਾਰੀ ਹੈ। ਉਨ੍ਹਾਂ ਨੇ ਕਿਹਾ ਕਿ ਹਿੰਦੁਸਤਾਨ ਟਾਈਮਸ ਇੱਕ ਵੱਡਾ ਅਖ਼ਬਾਰ ਹੈ। ਜੇ ਇਨ੍ਹਾਂ ਖਿਲਾਫ ਕੋਈ ਜ਼ਰਾ ਜਿੰਨੀ ਆਵਾਜ਼ ਵੀ ਚੁੱਕੇ ਤਾਂ ਇਹ ਸਾਡੀਆਂ ਖਬਰਾਂ ਨੂੰ ਦਬਾਉਣਾ ਅਤੇ ਭਾਵਨਾਵਾਂ ਨੂੰ ਠੇਸ ਪਹੁੰਚਾਉਣਾ ਸ਼ੁਰੂ ਕਰ ਦਿੰਦੇ ਹਨ।

ਪਰ ਸਵਾਲ ਇਹ ਉੱਠਦਾ ਹੈ ਕਿ ਸਿੱਖਾਂ ਦਾ ਨੁਮਾਇੰਦਾ ਹੋਣ ਦਾ ਦਾਅਵਾ ਕਰਨ ਵਾਲੀ ਸ਼੍ਰੋਮਣੀ ਕਮੇਟੀ ਵੀ ਜੇ ਅਣਦੇਖੀ ਹੋਣ ਦੇ ਡਰ ਤੋਂ ਸਿੱਖ ਮੁੱਦਿਆਂ 'ਤੇ ਆਵਾਜ਼ ਨਹੀਂ ਚੁੱਕੇਗੀ ਤਾਂ ਹੋਰ ਕੌਣ ਚੁੱਕੇਗਾ? ਤੇ ਜੇ ਸ਼੍ਰੋਮਣੀ ਕਮੇਟੀ ਸਿੱਖ ਮੁੱਦਿਆਂ 'ਤੇ ਆਵਾਜ਼ ਚੁੱਕ ਹੀ ਨਹੀਂ ਸਕਦੀ ਤਾਂ ਨੁਮਾਇੰਦਾ ਹੋਣ ਦਾ ਦਾਅਵਾ ਕਰਨਾ ਵੀ ਬੰਦ ਕਰ ਦੇਵੇ।

(ਹਿੰਦੁਸਤਾਨ ਟਾਈਮਸ ਵਿੱਚ ਪ੍ਰਕਾਸ਼ਿਤ ਇਤਰਾਜ਼ਯੋਗ ਹਿੱਸੇ ਬਾਰੇ ਪੂਰੀ ਰਿਪੋਰਟ ਪੜ੍ਹੋ: ਅਖ਼ਬਾਰ ਨੇ ਦਿਖਾਇਆ ਸਿੱਖ ਨੂੰ ਸਿਗਾਰ ਸੁਲਗਾਉਂਦੇ ਹੋਏ; ਸਿੱਖਾਂ 'ਚ ਗੁੱਸਾ, ਲੀਡਰ 'ਸ਼ਾਂਤ')

(ਅੰਗਰੇਜ਼ੀ ਵਿੱਚ ਹਿੰਦੁਸਤਾਨ ਟਾਈਮਸ ਵਿੱਚ ਪ੍ਰਕਾਸ਼ਿਤ ਇਤਰਾਜ਼ਯੋਗ ਹਿੱਸੇ ਬਾਰੇ ਪੂਰੀ ਰਿਪੋਰਟ ਪੜ੍ਹੋ: Newspaper depicts turbaned Sikh smoking cigar, angers community)
[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਤੀਸਰੀ ਲਿਖਤ ਵਾਲਾ ਸਰੂਪ ਪ੍ਰਕਾਸ਼ ਕਰਨ ਦੇ ਮਾਮਲੇ ਵਿੱਚ ਲੇਖਕ ਖੋਸੇ, ਹੈੱਡ ਗ੍ਰੰਥੀ, ਇੰਚਾਰਜ ਅਖੰਡ ਪਾਠਾਂ ਤੇ ਮੈਨੇਜਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ
ਇਟਲੀ ਸਰਕਾਰ ਦੁਆਰਾ ਸੁਝਾਈ ਗਈ ਨਵੀਂ ਕਿਸਮ ਦੀ ਕ੍ਰਿਪਾਨ ਜਥੇਦਾਰਾਂ ਵੱਲੋਂ ਰੱਦ
28.07.17 - ਨਰਿੰਦਰ ਪਾਲ ਸਿੰਘ
ਇਟਲੀ ਸਰਕਾਰ ਦੁਆਰਾ ਸੁਝਾਈ ਗਈ ਨਵੀਂ ਕਿਸਮ ਦੀ ਕ੍ਰਿਪਾਨ ਜਥੇਦਾਰਾਂ ਵੱਲੋਂ ਰੱਦਗਿਆਨੀ ਗੁਰਬਚਨ ਸਿੰਘ ਦੀ ਅਗਵਾਈ ਹੇਠ ਹੋਈ ਪੰਜ ਸਿੰਘ ਸਾਹਿਬਾਨ ਦੀ ਇੱਕਤਰਤਾ ਨੇ ਅਹਿਮ ਫੈਸਲਾ ਲੈਂਦਿਆਂ ਜਿਥੇ ਇਟਲੀ ਸਰਕਾਰ ਵਲੋਂ ਸੁਝਾਏ ਕ੍ਰਿਪਾਨ ਦੇ ਨਵੇਂ ਰੂਪ ਨੂੰ ਰੱਦ ਕਰ ਦਿੱਤਾ ਹੈ। 

ਇਸ ਦੇ ਨਾਲ ਹੀ ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਬੀਤੇ ਦਿਨੀਂ ਪ੍ਰਕਾਸ਼ ਕੀਤੇ ਗਏ ਤੀਸਰੀ ਲਿਖਤ ਵਾਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਦੇ ਮਾਮਲੇ ਵਿੱਚ ਤਖਤ ਸਾਹਿਬ ਦੇ ਹੈੱਡ ਗ੍ਰੰਥੀ, ਮੈਨੇਜਰ, ਇੰਚਾਰਜ ਅਖੰਡ ਪਾਠਾਂ ਤੇ ਸਰੂਪ ਲਿਖਣ ਵਾਲੇ ਮਲੇਸ਼ੀਆ ਵਾਸੀ ਜਸਵੰਤ ਸਿੰਘ ਖੋਸੇ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਹੈ। ਸਿੰਘ ਸਾਹਿਬਾਨ ਨੇ ਸ਼੍ਰੋਮਣੀ ਕਮੇਟੀ ਨੂੰ ਵੀ ਕਿਹਾ ਹੈ ਕਿ ਉਹ ਇਸ ਮਾਮਲੇ ਵਿੱਚ ਦੋਸ਼ੀ ਕਰਾਰ ਪਾਏ ਗਏ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਇੰਚਾਰਜ ਅਖੰਡ ਪਾਠਾਂ ਜਰਨੈਲ ਸਿੰਘ ਤੇ ਮੈਨੇਜਰ ਜਗਜੀਤ ਸਿੰਘ ਖਿਲਾਫ ਪ੍ਰਬੰਧਕੀ ਕਾਰਵਾਈ ਕਰਨ ਅਤੇ ਸਬੰਧਤ ਸਰੂਪ ਦੀ ਵੀਡੀਓਗ੍ਰਾਫੀ ਤੇ ਫੋਟੋਗ੍ਰਾਫੀ ਕਰਵਾ ਕੇ ਅਗਨ ਭੇਟ ਕਰਨ ਲਈ ਗੋਇੰਦਵਾਲ ਸਾਹਿਬ ਪਹੁੰਚਾਇਆ ਜਾਏ।

ਸ੍ਰੀ ਅਕਾਲ ਤਖਤ ਸਾਹਿਬ ਦੇ ਸਕਤਰੇਤ ਵਿਖੇ ਹੋਈ ਪੰਜ ਸਿੰਘ ਸਾਹਿਬਾਨ ਦੀ ਹੋਈ ਇੱਕਤਰਤਾ ਵਿੱਚ ਗਿਆਨੀ ਗੁਰਬਚਨ ਸਿੰਘ, ਤਖਤ ਸ੍ਰੀ ਪਟਨਾ ਸਾਹਿਬ ਦੇ ਗਿਆਨੀ ਇਕਬਾਲ ਸਿੰਘ, ਤਖਤ ਸ੍ਰੀ ਦਮਦਮਾ ਸਾਹਿਬ ਦੇ ਗਿਆਨੀ ਹਰਪ੍ਰੀਤ ਸਿੰਘ, ਗਿਆਨੀ ਜਗਤਾਰ ਸਿੰਘ ਲੁਧਿਆਣਾ ਐਡੀਸ਼ਨਲ ਹੈੱਡ ਗ੍ਰੰਥੀ ਸ੍ਰੀ ਦਰਬਾਰ ਸਾਹਿਬ ਅਤੇ ਗਿਆਨੀ ਮਲਕੀਅਤ ਸਿੰਘ ਹੈੱਡ ਗ੍ਰੰਥੀ ਸ੍ਰੀ ਅਕਾਲ ਤਖਤ ਸਾਹਿਬ ਸ਼ਾਮਿਲ ਹੋਏ। ਸ੍ਰੀ ਅਕਾਲ ਤਖਤ ਸਾਹਿਬ ਵਿਖੇ ਅਰਦਾਸ ਕਰਨ ਉਪਰੰਤ ਕਈ ਤਿੰਨ ਘੰਟੇ ਇੱਕਤਰਤਾ ਚੱਲੀ ਜਿਸ ਬਾਰੇ ਜਾਣਕਾਰੀ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਇਟਲੀ ਸਰਕਾਰ ਵਲੋਂ ਸਿੱਖੀ ਦੇ ਪੰਜ ਕਕਾਰਾਂ ਵਜੋਂ ਸੁਝਾਈ ਜਾ ਰਹੀ ਕ੍ਰਿਪਾਨ ਕਿਸੇ ਤਰ੍ਹਾਂ ਵੀ ਸਿੱਖ ਸਿਧਾਂਤਾਂ ਦੇ ਅਨੁਕੂਲ ਨਹੀਂ ਹੈ ਕਿਉਂਕਿ ਪੰਜ ਕਕਾਰਾਂ ਵਿੱਚ ਸ਼ਾਮਿਲ ਕ੍ਰਿਪਾਨ ਇੱਕ ਸ਼ਸ਼ਤਰ ਵੀ ਹੈ ਜਦੋਂ ਕਿ ਪ੍ਰਸਤਾਵਤ ਕ੍ਰਿਪਾਨ ਤਾਂ ਪਲਾਸਟਿਕ ਦਾ ਖਿਡੌਣਾ ਹੈ। ਉਨ੍ਹਾਂ ਦੱਸਿਆ ਕਿ ਦੇਸ਼-ਵਿਦੇਸ਼ ਤੋਂ ਸਿੱਖ ਸੰਗਤਾਂ ਵਲੋਂ ਪੁੱਜੇ ਸੁਝਾਵਾਂ ਦੀ ਰੋਸ਼ਨੀ ਵਿੱਚ ਪੰਜ ਸਿੰਘ ਸਾਹਿਬਾਨ ਵਲੋਂ ਇਹ ਕ੍ਰਿਪਾਨ ਰੱਦ ਕੀਤੀ ਗਈ ਹੈ।

ਤਖਤ ਸ੍ਰੀ ਦਮਦਮਾ ਸਾਹਿਬ ਵੱਲੋਂ ਬੀਤੇ ਦਿਨੀਂ ਪ੍ਰਕਾਸ਼ ਕੀਤੇ ਗਏ ਹੱਥ-ਲਿਖਤ ਸਰੂਪ ਦਾ ਜ਼ਿਕਰ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਦੱਸਿਆ ਕਿ ਉਪਰੋਕਤ ਸਰੂਪ ਤੋਂ ਪਾਠ ਕਰਦਿਆਂ ਪਾਠੀ ਸਿੰਘਾਂ ਵੱਲੋਂ ਬਹੁਤ ਵੱਡੀਆਂ ਉਕਾਈਆਂ ਪਾਈਆਂ ਗਈਆਂ ਹਨ। ਮਾਮਲੇ ਦੀ ਜਾਂਚ ਲਈ ਸ੍ਰੀ ਅਕਾਲ ਤਖਤ ਸਾਹਿਬ ਦੁਆਰਾ ਗਠਿਤ ਪੜਤਾਲੀਆ ਕਮੇਟੀ ਦੁਆਰਾ ਪੇਸ਼ ਕੀਤੀ ਰਿਪੋਰਟ ਵਿੱਚ ਤਖਤ ਸ੍ਰੀ ਦਮਦਮਾ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੈਨਜਰ ਜਗਜੀਤ ਸਿੰਘ, ਇੰਚਾਰਜ ਅਖੰਡ ਪਾਠਾਂ ਜਰਨੈਲ ਸਿੰਘ ਅਤੇ ਸਰੂਪ ਲਿਖਣ ਵਾਲੇ ਜਸਵੰਤ ਸਿੰਘ ਖੋਸੇ ਨੂੰ ਦੋਸ਼ੀ ਪਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਨ੍ਹਾਂ ਸਾਰਿਆਂ ਨੂੰ ਸ੍ਰੀ ਅਕਾਲ ਤਖਤ ਸਾਹਿਬ 'ਤੇ ਤਲਬ ਕੀਤਾ ਗਿਆ ਹੈ ਤੇ ਤਿੰਨ ਕਮੇਟੀ ਮੁਲਾਜਮਾਂ (ਹੈੱਡ ਗ੍ਰੰਥੀ ਗਿਆਨੀ ਜਗਤਾਰ ਸਿੰਘ, ਮੈਨੇਜਰ ਜਗਜੀਤ ਸਿੰਘ, ਇੰਚਾਰਜ ਅਖੰਡ ਪਾਠਾਂ ਜਰਨੈਲ ਸਿੰਘ) ਖਿਲਾਫ ਪ੍ਰਬੰਧਕੀ ਕਾਰਵਾਈ ਕਰਨ ਹਿੱਤ ਸ਼੍ਰੋਮਣੀ ਕਮੇਟੀ ਨੂੰ ਲਿਖਿਆ ਗਿਆ ਹੈ।

ਤਖਤ ਸ੍ਰੀ ਦਮਦਮਾ ਸਾਹਿਬ ਵਿਖੇ ਹੀ ਬੀਤੇ ਦਿਨੀਂ ਕੁਝ ਮੁਲਾਜਮਾਂ ਤੇ ਇਕ ਕਾਰਸੇਵਾ ਵਾਲੇ ਬਾਬੇ ਵੱਲੋਂ ਕੀਤੀ ਗਈ ਸ਼ਰਮਨਾਕ ਕਾਰਵਾਈ ਦਾ ਹਵਾਲਾ ਦਿੰਦਿਆਂ ਸਿੰਘ ਸਾਹਿਬਾਨ ਨੇ ਕਮੇਟੀ ਮੁਲਾਜਮਾਂ ਨੂੰ ਕਿਹਾ ਗਿਆ ਹੈ ਕਿ ਉਹ ਅਜਿਹੇ ਮੁਲਾਜਮਾਂ ਦੀ ਪੁਸ਼ਤ ਪਨਾਹੀ ਨਾ ਕਰਨ। ਇਕ ਲੰਬਾ ਸਮਾਂ ਸਿੱਖ ਰੈਫਰੈਂਸ ਲਾਇਬਰੇਰੀ ਦੇ ਮੁਖੀ ਰਹੇ ਹਰਜਿੰਦਰ ਸਿੰਘ ਦਿਲਗੀਰ ਦੀਆਂ ਲਿਖੀਆਂ ਪੁਸਤਕਾਂ ਵਿੱਚ ਅੰਮ੍ਰਿਤ, ਨਿਤਨੇਮ, ਅਰਦਾਸ, ਕਕਾਰ, ਦਸਮ ਬਾਣੀ ਤੇ ਦਮਦਮੀ ਟਕਸਾਲ ਪ੍ਰਤੀ ਭੱਦੀ ਤੇ ਇਤਰਾਜ਼ਯੋਗ ਸ਼ਬਦਾਵਲੀ ਵਰਤੇ ਜਾਣ ਦਾ ਹਵਾਲਾ ਦਿੰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਹੈ ਕਿ ਜਦੋਂ ਤੀਕ ਇਹ ਸਖਸ਼ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਸਪਸ਼ਟੀਕਰਨ ਨਹੀਂ ਦਿੰਦਾ ਉਦੋਂ ਤੱਕ ਇਸ ਨੂੰ ਕਿਸੇ ਵੀ ਧਾਰਮਿਕ, ਸਮਾਜਿਕ ਸਮਾਗਮ ਵਿੱਚ ਸ਼ਾਮਿਲ ਨਾ ਕੀਤਾ ਜਾਵੇ ਤੇ ਨਾ ਹੀ ਕਿਸੇ ਰਾਜਨੀਤਕ ਸਮਾਗਮ ਵਿੱਚ ਬੋਲਣ ਦਿੱਤਾ ਜਾਏ।

ਕੁਝ ਅਮਰੀਕੀ ਸਿੱਖਾਂ ਵਲੋਂ ਸ੍ਰੀ ਦਰਬਾਰ ਸਾਹਿਬ ਵਿੱਚ ਬੀਬੀਆਂ ਨੂੰ ਕੀਰਤਨ ਕਰਨ ਦੀ ਇਜਾਜ਼ਤ ਦੇਣ ਦਾ ਮੁੱਦਾ ਉਠਾਏ ਜਾਣ 'ਤੇ ਟਿਪਣੀ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਕਿਹਾ ਕਿ ਇਹ ਮਰਿਆਦਾ ਤੇ ਸ੍ਰੀ ਦਰਬਾਰ ਸਾਹਿਬ ਦੀ ਪ੍ਰੰਪਰਾ ਨਾਲ ਜੁੜਿਆ ਮੁੱਦਾ ਹੈ। ਇਸ ਬਾਰੇ ਪੰਜ ਸਿੰਘ ਸਾਹਿਬਾਨ ਦੀ ਅਗਲੇਰੀ ਇੱਕਤਰਤਾ ਵਿਚ ਵਿਚਾਰ ਕੀਤੀ ਜਾਵੇਗੀ।
[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮੰਗਲਵਾਰ ਦੁਪਹਿਰ 12:45 'ਤੇ ਸ਼ੁਰੂ ਹੇਵੋਗੀ 'ਰਾਜਮਾਤਾ' ਮਹਿੰਦਰ ਕੌਰ ਦੀ ਅੰਤਿਮ ਯਾਤਰਾ
ਮੁੱਖ ਮੰਤਰੀ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤ
24.07.17 - ਪੀ ਟੀ ਟੀਮ
ਮੁੱਖ ਮੰਤਰੀ ਦੀ ਮਾਤਾ ਮਹਿੰਦਰ ਕੌਰ ਦਾ ਦਿਹਾਂਤਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮਾਤਾ 'ਰਾਜਮਾਤਾ' ਮਹਿੰਦਰ ਕੌਰ ਦੀ ਸੋਮਵਾਰ ਸ਼ਾਮ 7.24 ਵਜੇ ਉਨ੍ਹਾਂ ਦੀ ਰਿਹਾਇਸ਼ 'ਨਿਊ ਮੋਤੀ ਬਾਗ ਪੈਲੇਸ' ਵਿਖੇ ਮੌਤ ਹੋ ਗਈ। ਉਹ 95 ਸਾਲਾਂ ਦੇ ਸਨ ਅਤੇ ਪਿਛਲੇ ਕਾਫੀ ਸਮੇਂ ਤੋਂ ਬਿਮਾਰ ਸਨ। ਬੁਢਾਪੇ ਦੇ ਕਾਰਨ ਸੁਭਾਵਿਕ ਤੌਰ 'ਤੇ ਸਰੀਰ ਵਿੱਚ ਕਮਜ਼ੋਰੀ ਆਉਣ ਕਾਰਨ ਉਨ੍ਹਾਂ ਦੇ ਸਰੀਰ ਦੇ ਕਈ ਅੰਗਾਂ ਨੇ ਕੰਮ ਕਰਨਾ ਬੰਦ ਕਰ ਦਿੱਤਾ ਜਿਸ ਦੇ ਨਾਲ ਉਨ੍ਹਾਂ ਦੀ ਮੌਤ ਹੋ ਗਈ। ਇਸ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਮਹਾਰਾਣੀ ਪ੍ਰਨੀਤ ਕੌਰ ਮਹਿਲ ਵਿਚ ਉਨ੍ਹਾਂ ਦੇ ਨਾਲ ਸਨ। ਚਲਾਣੇ ਦੀ ਖਬਰ ਮਿਲਣ ਦੇ ਤੁਰੰਤ ਬਾਅਦ ਉਨ੍ਹਾਂ ਦਾ ਦੂਜਾ ਪੁੱਤਰ ਰਾਜਾ ਮਾਲਵਿੰਦਰ ਸਿੰਘ, ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਅਤੇ ਫਿਰ ਹੋਰ ਪਰਿਵਾਰਕ ਮੈਂਬਰ ਵੀ ਪੁੱਜ ਗਏ। ਖਬਰ ਮਿਲਣ 'ਤੇ ਅਫ਼ਸਰਾਂ ਤੋਂ ਇਲਾਵਾ ਸਥਾਨਕ ਕਾਂਗਰਸੀਆਂ ਆਗੂਆਂ ਸਮੇਤ ਕਈ ਗੈਰ ਕਾਂਗਰਸੀ ਵੀ ਉਨ੍ਹਾਂ ਦੀ ਰਿਹਾਇਸ਼ 'ਤੇ ਪੁੱਜੇ।

'ਰਾਜਮਾਤਾ' ਦਾ ਜਨਮ 14 ਸਤੰਬਰ, 1922 ਨੂੰ ਲੁਧਿਆਣਾ ਵਿਖੇ ਪਿਤਾ ਹਰਚੰਦ ਸਿੰਘ ਜੇਜੀ ਦੇ ਘਰ ਹੋਇਆ। ਉਹ ਪਟਿਆਲਾ ਰਿਆਸਤ ਦੇ ਪਰਜਾ ਮੰਡਲ ਦੇ ਮੈਂਬਰ ਸਨ। ਅਗਸਤ 1938 ਵਿੱਚ 16 ਸਾਲ ਦੀ ਉਮਰ ਵਿੱਚ ਮਹਿੰਦਰ ਕੌਰ ਦਾ ਵਿਆਹ ਪਟਿਆਲਾ ਰਿਆਸਤ ਦੇ ਮਹਾਰਾਜੇ ਯਾਦਵਿੰਦਰ ਸਿੰਘ ਦੇ ਨਾਲ ਹੋਇਆ ਸੀ। ਵਿਆਹ ਦੇ ਬਾਅਦ ਉਨ੍ਹਾਂ ਨੂੰ ਨਵਾਂ ਨਾਮ ਮੇਹਤਾਬ ਕੌਰ ਦੇ ਦਿੱਤਾ ਗਿਆ ਸੀ। ਮਹਾਰਾਜਾ ਯਾਦਵਿੰਦਰ ਸਿੰਘ ਨੂੰ ਪਹਿਲੇ ਵਿਆਹ ਤੋਂ ਔਲਾਦ ਨਹੀਂ ਹੋਈ ਸੀ, ਇਸ ਕਾਰਨ ਉਨ੍ਹਾਂ ਨੇ ਦੂਜਾ ਵਿਆਹ 'ਰਾਜਮਾਤਾ' ਦੇ ਨਾਲ ਕੀਤਾ ਸੀ।

'ਰਾਜਮਾਤਾ' ਮਹਿੰਦਰ ਕੌਰ ਨੇ ਪਹਿਲਾਂ ਇੱਕ ਧੀ ਹੇਮਿੰਦਰ ਕੌਰ, ਫਿਰ ਦੋ ਬੇਟਿਆਂ ਅਮਰਿੰਦਰ ਸਿੰਘ ਅਤੇ ਮਾਲਵਿੰਦਰ ਸਿੰਘ ਅਤੇ ਉਸ ਦੇ ਬਾਅਦ ਉਨ੍ਹਾਂ ਨੇ ਇੱਕ ਹੋਰ ਧੀ ਰੂਪਿੰਦਰ ਕੌਰ ਨੂੰ ਜਨਮ ਦਿੱਤਾ।

'ਰਾਜਮਾਤਾ' ਨਾ ਕੇਵਲ ਪੈਪਸੂ ਸਟੇਟ ਦੀ ਮਹਾਰਾਣੀ ਬਣੀ ਸਗੋਂ ਉਨ੍ਹਾਂ ਨੇ ਆਜ਼ਾਦੀ ਦੇ ਬਾਅਦ ਸਰਗਰਮ ਰਾਜਨੀਤੀ ਵਿੱਚ ਹਿੱਸਾ ਵੀ ਲਿਆ। 1964 ਤੋਂ ਲੈ ਕੇ 1967 ਤੱਕ ਉਹ ਕਾਂਗਰਸ ਵਲੋਂ ਰਾਜ ਸਭਾ ਮੈਂਬਰ ਰਹੇ, ਜਦੋਂ ਕਿ 1967 ਵਿੱਚ ਉਨ੍ਹਾਂ ਨੇ ਪਟਿਆਲਾ ਲੋਕ ਸਭਾ ਖੇਤਰ ਤੋਂ ਕਾਂਗਰਸ ਦੀ ਟਿਕਟ ਉੱਤੇ ਚੋਣ ਜਿੱਤੀ। ਇਸ ਦੇ ਬਾਅਦ ਉਹ 1971 ਤੱਕ ਪਟਿਆਲਾ ਤੋਂ ਸੰਸਦ ਮੈਂਬਰ ਰਹੇ। ਇਸ ਦੇ ਬਾਅਦ 1977 ਵਿੱਚ ਉਨ੍ਹਾਂ ਨੇ ਜਨਤਾ ਪਾਰਟੀ ਜੁਆਇਨ ਕਰ ਲਈ ਅਤੇ ਪਾਰਟੀ ਦੀ ਮਹਾਸਚਿਵ ਬਣੀ। ਇਸ ਦੇ ਅਗਲੇ ਹੀ ਸਾਲ ਉਹ ਜਨਤਾ ਪਾਰਟੀ ਵਲੋਂ 1978 ਵਿੱਚ ਫਿਰ ਰਾਜ ਸਭਾ ਮੈਂਬਰ ਬਣੀ ਅਤੇ 1984 ਤੱਕ ਰਾਜ ਸਭਾ ਮੈਂਬਰ ਰਹੀ।

'ਰਾਜਮਾਤਾ' ਮਹਿੰਦਰ ਕੌਰ ਦੇ ਅੰਤਿਮ ਸੰਸਕਾਰ ਤੋਂ ਪਹਿਲਾਂ ਪਟਿਆਲਾ 'ਚ ਆਵਾਜਾਈ ਅਤੇ ਜਨਤਾ ਨੂੰ ਕੰਟਰੋਲ ਕਰਨ ਲਈ ਸ਼ਹਿਰ 'ਚ ਭਾਰੀ ਪੁਲਸ ਬਲ ਨੂੰ ਤਾਇਨਾਤ ਕੀਤਾ ਗਿਆ ਹੈ। ਅੰਤਿਮ ਯਾਤਰਾ ਲਈ ਉਨ੍ਹਾਂ ਦੀ ਦੇਹ ਨੂੰ ਵਿਸ਼ੇਸ਼ ਰੂਪ ਨਾਲ ਸਜਾਈ ਗਈ ਇਕ ਗੱਡੀ 'ਚ ਲਿਜਾਇਆ ਜਾਵੇਗਾ। ਇਹ ਯਾਤਰਾ ਦੁਪਹਿਰ 12:45 'ਤੇ ਮੋਤੀ ਬਾਗ ਪੈਲੇਸ ਤੋਂ ਸ਼ੁਰੂ ਹੋਵੇਗੀ ਅਤੇ ਲੋਕਾਂ ਦੇ ਦਰਸ਼ਨ ਕਰਨ ਲਈ ਫਵਾਰਾ ਚੌਂਕ, ਮਾਲ ਰੋਡ, ਸ਼ੇਰਾਂ ਵਾਲੇ ਗੇਟ, ਧਰਮਪੁਰਾ ਬਜ਼ਾਰ, ਕਿਲਾ ਚੌਂਕ ਅਤੇ ਹੋਰ ਥਾਵਾਂ ਤੋਂ ਹੁੰਦੇ ਹੋਏ ਯਾਤਰਾ ਸ਼ਾਹੀ ਸਮਾਧਾਂ ਪਹੁੰਚੇਗੀ। ਦੁਪਹਿਰ 2:15 'ਤੇ ਸ਼ਾਹੀ ਸਮਾਧਾਂ ਵਿਖੇ ਉਨ੍ਹਾਂ ਦਾ ਅੰਤਿਮ ਸਸਕਾਰ ਕੀਤਾ ਜਾਵੇਗਾ।
[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਮੁੜ ਵਿਕਾਸ ਦੀ ਲੀਹ 'ਤੇ ਪਵੇਗਾ ਪਟਿਆਲਾ
ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ 30 ਕਰੋੜ ਰੁਪਏ ਮਨਜ਼ੂਰ
18.07.17 - ਪੀ ਟੀ ਟੀਮ
ਮੁੱਖ ਮੰਤਰੀ ਵੱਲੋਂ ਪਟਿਆਲਾ ਸ਼ਹਿਰ ਦੀਆਂ ਸੜਕਾਂ ਦੇ ਵਿਕਾਸ ਲਈ 30 ਕਰੋੜ ਰੁਪਏ ਮਨਜ਼ੂਰਇਕ ਸਰਕਾਰੀ ਬੁਲਾਰੇ ਨੇ ਅੱਜ ਦੱਸਿਆ ਕਿ ਸਰਕਾਰ ਨੇ ਆਪਣੇ ਵਿਕਾਸ ਏਜੰਡੇ ਵਜੋਂ ਸ਼ਹਿਰ ਦੀਆਂ ਸੜਕਾਂ ਦੀ ਕਾਇਆ ਕਲਪ ਕਰਨ ਲਈ ਲਗਭਗ 30 ਕਰੋੜ ਰੁਪਏ ਦੀ ਵਿਵਸਥਾ ਕਰਨ ਦੀ ਪ੍ਰਵਾਨਗੀ ਦੇ ਦਿੱਤੀ ਹੈ।

ਇਕ ਹੋਰ ਫੈਸਲੇ ਵਿਚ ਮੁੱਖ ਮੰਤਰੀ ਨੇ ਅਦਾਲਤ ਬਜ਼ਾਰ ਤੋਂ ਇਤਿਹਾਸਕ ਕਿਲਾ ਮੁਬਾਰਕ ਤੱਕ ਚੌਂਕ ਨੂੰ ਵਿਰਾਸਤੀ ਲਾਂਘੇ ਵਜੋਂ ਵਿਕਸਤ ਕਰਨ ਲਈ ਵੀ ਹਰੀ ਝੰਡੀ ਦੇ ਦਿੱਤੀ ਹੈ।

ਸੂਬਾ ਸਰਕਾਰ ਨੇ ਮੋਦੀ ਪਲਾਜ਼ਾ ਵਿਖੇ ਅਤੇ ਮੰਦਰ ਸ਼੍ਰੀ ਕਾਲੀ ਮਾਤਾ ਦੇ ਪਿਛਲੇ ਪਾਸੇ ਜ਼ਮੀਨਦੋਜ਼ ਕੂੜਾਦਾਨ ਸਥਾਪਤ ਕਰਨ ਲਈ ਸ਼ਹਿਰ ਵਿੱਚ ਦੋ ਪਾਇਲਟ ਪ੍ਰੋਜੈਕਟ ਸ਼ੁਰੂ ਕੀਤੇ ਹਨ ਅਤੇ ਅਗਲੇ ਪੜਾਅ ਵਿੱਚ 20 ਹੋਰ ਥਾਵਾਂ ਦੀ ਸ਼ਨਾਖਤ ਕੀਤੀ ਜਾ ਰਹੀ ਹੈ ਜਿਸ 'ਤੇ 2.6 ਕਰੋੜ ਦੀ ਲਾਗਤ ਆਵੇਗੀ।

ਬੁਲਾਰੇ ਨੇ ਦੱਸਿਆ ਮੁੱਖ ਮੰਤਰੀ ਜੋ ਪਟਿਆਲਾ ਵਿਧਾਨ ਸਭਾ ਹਲਕੇ ਦੀ ਨੁਮਾਇੰਦਗੀ ਕਰਦੇ ਹਨ, ਨੇ ਸ਼ਹਿਰੀ ਇਲਾਕੇ ਦੇ ਡਰੇਨੇਜ ਸਿਸਟਮ ਨੂੰ ਸੁਚਾਰੂ ਬਣਾਉਣ ਅਤੇ ਸੁਧਾਰ ਲਿਆਉਣ ਲਈ ਤਿੰਨ ਪ੍ਰੋਜੈਕਟਾਂ ਨੂੰ ਮਨਜ਼ੂਰੀ ਦਿੱਤੀ ਜੋ ਪਟਿਆਲਾ ਛੋਟੀ ਨਦੀ, ਜੈਕੋਬਜ਼ ਡਰੇਨ ਅਤੇ ਮਾਡਲ ਟਾਊਨ ਡਰੇਨ ਵਿਖੇ ਸਥਿਤ ਹਨ।

ਬੁਲਾਰੇ ਨੇ ਦੱਸਿਆ ਕਿ ਸਰਕਾਰ ਵੱਲੋਂ ਅਵਾਰਾ ਪਸ਼ੂਆਂ ਦੀ ਸਮੱਸਿਆ ਦੀ ਰੋਕਥਾਮ ਲਈ ਰਾਸ਼ਟਰੀ ਕ੍ਰਿਸ਼ੀ ਵਿਗਿਆਨ ਯੋਜਨਾ ਅਤੇ ਕੈਂਪਾਂ ਅਧੀਨ ਬੀੜ ਖੁੱਲੇ ਮਾਜਰਾ ਅਤੇ ਬੀੜ ਮਜਾਲ ਵਿਖੇ ਤਾਰ ਲਾਉਣ ਦੀ ਯੋਜਨਾ ਬਣਾਈ ਗਈ ਹੈ। ਬੁਲਾਰੇ ਨੇ ਦੱਸਿਆ ਕਿ ਡੇਅਰੀਆਂ ਨੂੰ ਸ਼ਹਿਰ ਦੀ ਹੱਦ 'ਚੋਂ ਬਾਹਰ ਕੱਢਣ ਲਈ ਵੀ ਕਦਮ ਚੁੱਕੇ ਜਾ ਰਹੇ ਹਨ ਤਾਂ ਕਿ ਸੀਵਰੇਜ ਅਤੇ ਗੰਦੇ ਪਾਣੀ ਦੇ ਵਹਾਅ ਵਿੱਚ ਪੈਦਾ ਹੁੰਦੀ ਰੁਕਾਵਟ ਦੀ ਸਮੱਸਿਆ ਨਾਲ ਨਜਿੱਠਿਆ ਜਾ ਸਕੇ।

ਸਰਕਾਰ ਵੱਲੋਂ ਸ਼ਹਿਰ ਵਿੱਚ ਇਕ ਨਵੀਂ ਮੱਛੀ ਮੰਡੀ ਸਥਾਪਤ ਕਰਨ ਤੋਂ ਇਲਾਵਾ ਕੈਂਪਾਂ ਅਤੇ ਗਰੀਨ ਮਿਸ਼ਨ ਪੰਜਾਬ ਅਧੀਨ ਇਕ ਨੇਚਰ ਪਾਰਕ ਅਤੇ ਨਰਸਰੀ ਵਿਕਸਤ ਕਰਨ ਦੀ ਯੋਜਨਾ ਬਣਾਈ ਗਈ ਹੈ। ਸ਼ਹਿਰ ਦੇ ਪਾਰਕਾਂ ਦਾ ਵਿਕਾਸ ਕਰਨ ਲਈ ਵੱਖਰੇ ਤੌਰ 'ਤੇ ਇਕ ਕਰੋੜ ਰੁਪਏ ਰੱਖੇ ਗਏ ਹਨ।

ਬਹੁ-ਮੰਜ਼ਲੀ ਪਾਰਕਿੰਗ ਦੀ ਸਥਾਪਨਾ ਸ਼ੁਰੂ ਕੀਤੀ ਜਾ ਰਹੀ ਹੈ ਅਤੇ ਇਸ ਤੋਂ ਇਲਾਵਾ ਸ਼ਹਿਰ ਦੀਆਂ ਸਟਰੀਟ ਲਾਈਟਾਂ ਨੂੰ ਬਿਜਲੀ ਦੀ ਬੱਚਤ ਵਾਲੀਆਂ ਐਲ.ਈ.ਡੀ. ਲਾਈਟਾਂ ਵਿੱਚ ਬਦਲਿਆ ਜਾਵੇਗਾ। ਇਲਾਕੇ ਵਿਚ 52 ਮਾਡਲ ਆਂਗਣਵਾੜੀ ਕੇਂਦਰ ਵਿਕਸਤ ਕਰਨ ਦਾ ਵੀ ਪ੍ਰਸਤਾਵ ਹੈ ਅਤੇ ਇਸ ਤੋਂ ਇਲਾਵਾ ਝੁੱਗੀ-ਝੌਂਪੜੀ ਵਾਲੇ ਬੱਚਿਆਂ ਲਈ ਇਕ ਸਕੂਲ ਚਲਾਉਣ ਵਾਸਤੇ ਅਵਸਰ ਪ੍ਰੋਜੈਕਟ ਦਾ ਆਰੰਭ ਕੀਤਾ ਜਾਵੇਗਾ।

ਬੁਲਾਰੇ ਨੇ ਦੱਸਿਆ ਕਿ ਕੈਪਟਨ ਅਮਰਿੰਦਰ ਸਿੰਘ ਦਾ ਜੱਦੀ ਸ਼ਹਿਰ ਹੋਣ ਕਰਕੇ ਪਿਛਲੀ ਸਰਕਾਰ ਦੌਰਾਨ ਪਟਿਆਲਾ ਨੂੰ ਪੂਰੀ ਤਰ੍ਹਾਂ ਅੱਖੋਂ-ਪਰੋਖੇ ਕੀਤਾ ਗਿਆ ਜਿਸ ਕਰਕੇ ਪਿਛਲੇ ਕਈ ਸਾਲਾਂ ਤੋਂ ਸਾਰੇ ਵਿਕਾਸ ਕਾਰਜ ਰੁਕੇ ਹੋਏ ਹਨ। ਸੂਬਾ ਸਰਕਾਰ ਵੱਲੋਂ ਸ਼ਹਿਰ ਦੇ ਵਿਕਾਸ ਲਈ ਚੁੱਕੇ ਕਦਮਾਂ ਨਾਲ ਇਸ ਖਿੱਤੇ ਨੂੰ ਮੁੜ ਵਿਕਾਸ ਦੀ ਲੀਹ 'ਤੇ ਲਿਆਂਦਾ ਜਾ ਰਿਹਾ ਹੈ।
[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਵੈਟ ਦੇ ਭੁਗਤਾਨ ਤੋਂ ਦਿੱਤੀ ਗਈ ਸੀ ਛੋਟ
ਕੈਪਟਨ ਅਮਰਿੰਦਰ ਵੱਲੋਂ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ 'ਤੇ ਜੀ.ਐੱਸ.ਟੀ. ਤੋਂ ਛੋਟ ਦੀ ਜੇਤਲੀ ਤੋਂ ਮੰਗ
17.07.17 - ਪੀ ਟੀ ਟੀਮ
ਕੈਪਟਨ ਅਮਰਿੰਦਰ ਵੱਲੋਂ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ 'ਤੇ ਜੀ.ਐੱਸ.ਟੀ. ਤੋਂ ਛੋਟ ਦੀ ਜੇਤਲੀ ਤੋਂ ਮੰਗਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਖ-ਵੱਖ ਧਾਰਮਿਕ ਸੰਸਥਾਵਾਂ ਵਿਚ ਵਰਤਾਏ ਜਾਂਦੇ ਲੰਗਰ ਅਤੇ ਪ੍ਰਸ਼ਾਦ 'ਤੇ ਜੀ.ਐੱਸ.ਟੀ. ਤੋਂ ਛੋਟ ਦੇਣ ਦੀ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ ਤੋਂ ਮੰਗ ਕੀਤੀ ਹੈ। 

ਮੁੱਖ ਮੰਤਰੀ ਨੇ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਹੋਰਨਾਂ ਸ਼ਖਸੀਅਤਾਂ ਤੇ ਸੰਸਥਾਵਾਂ ਵੱਲੋਂ ਲੰਗਰ ਅਤੇ ਪ੍ਰਸ਼ਾਦ 'ਤੇ ਜੀ.ਐੱਸ .ਟੀ. ਖਤਮ ਕਰਨ ਦੀ ਕੀਤੀ ਗਈ ਅਪੀਲ ਤੋਂ ਬਾਅਦ ਜੇਤਲੀ ਨੂੰ ਪੱਤਰ ਲਿਖਿਆ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕੇਂਦਰੀ ਵਿੱਤ ਮੰਤਰੀ ਨੂੰ ਯਾਦ ਦਵਾਇਆ ਕਿ ਮੁਫਤ ਲੰਗਰ ਦੀ ਸੇਵਾ ਕਰਨ ਵਾਸਤੇ ਗੁਰਦਵਾਰਿਆਂ ਨੂੰ ਸਪਲਾਈ ਕੀਤੀਆਂ ਜਾਂਦੀਆਂ ਵਸਤਾਂ 'ਤੇ ਵੈਟ ਦੇ ਭੁਗਤਾਨ ਤੋਂ ਛੋਟ ਦਿੱਤੀ ਗਈ ਸੀ ਪਰ ਜੀ.ਐੱਸ.ਟੀ. ਦੇ ਹੇਠ ਇਨ੍ਹਾਂ ਵਸਤਾਂ ਦੀ ਖਰੀਦ 'ਤੇ ਟੈਕਸ ਲਾਇਆ ਗਿਆ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪ੍ਰਸ਼ਾਦ ਦੀ ਵਿਕਰੀ 'ਤੇ ਵੀ ਜੀ.ਐੱਸ.ਟੀ. ਭੁਗਤਾਨਯੋਗ ਹੈ ਜਿਸ ਕਰਕੇ ਇਹ ਮੰਦਰਾਂ, ਗੁਰਦੁਵਾਰਿਆਂ, ਮਸਜਿਦਾਂ ਅਤੇ ਚਰਚਾਂ ਸਣੇ ਸਾਰੀਆਂ ਧਾਰਮਕ ਸੰਸਥਾਵਾਂ ਵਿਚ ਲਾਗੂ ਹੁੰਦਾ ਹੈ। 

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਵੱਲੋਂ ਖਰੀਦੀਆਂ ਜਾਂਦੀਆਂ ਵਸਤਾਂ 'ਤੇ ਜੀ.ਐੱਸ.ਟੀ. ਜਾਇਜ਼ ਨਹੀਂ ਹੈ ਕਿਉਂਕਿ ਇਨ੍ਹਾਂ ਸੰਸਥਾਵਾਂ ਦਾ ਆਮਦਨ ਦਾ ਕੋਈ ਵੀ ਸ੍ਰੋਤ ਨਹੀਂ ਹੈ ਅਤੇ ਇਹ ਦਾਨ ਰਾਹੀਂ ਦਿੱਤੀ ਜਾਂਦੀ ਰਾਸ਼ੀ ਨਾਲ ਚਲਾਈਆਂ ਜਾਂਦੀਆਂ ਹਨ। 

ਉਨ੍ਹਾਂ ਨੇ ਇਸ ਮਾਮਲੇ ਨੂੰ ਮੁੜ ਵਿਚਾਰਨ ਅਤੇ ਸਾਰੀਆਂ ਧਾਰਮਿਕ ਸੰਸਥਾਵਾਂ ਨੂੰ ਜੀ.ਐੱਸ.ਟੀ. ਤੋਂ ਛੋਟ ਦੇਣ ਲਈ ਕੇਂਦਰੀ ਮੰਤਰੀ ਨੂੰ ਅਪੀਲ ਕੀਤੀ ਹੈ। ਉਨ੍ਹਾਂ ਨੇ ਨਾ ਕੇਵਲ ਪ੍ਰਸ਼ਾਦ ਦੀ ਖਰੀਦ ਅਤੇ ਵਿਕਰੀ 'ਤੇ ਸਗੋਂ ਉਨ੍ਹਾਂ ਵੱਲੋਂ ਲਾਏ ਜਾਂਦੇ ਮੁਫਤ ਲੰਗਰ ਦੀ ਸੇਵਾ ਲਈ ਖਰੀਦਿਆਂ ਜਾਂਦੀਆਂ ਸਾਰੀਆਂ ਵਸਤਾਂ 'ਤੇ ਜੀ.ਐੱਸ.ਟੀ. ਤੋਂ ਛੋਟ ਦੇਣ ਲਈ ਆਖਿਆ। 

ਮੁੱਖ ਮੰਤਰੀ ਨੇ ਕਿਹਾ ਕਿ ਧਾਰਮਿਕ ਸੰਸਥਾਵਾਂ ਦੇ ਪ੍ਰਬੰਧਕਾਂ ਵੱਲੋਂ ਜੀ.ਐੱਸ.ਟੀ. ਤੋਂ ਛੋਟ ਦੇਣ ਦੀ ਕੀਤੀ ਜਾ ਰਹੀ ਮੰਗ ਬਿਲਕੁਲ ਜਾਇਜ਼ ਹੈ ਅਤੇ ਇਹ ਭਾਰਤ ਸਰਕਾਰ ਦੁਆਰਾ ਪ੍ਰਵਾਨ ਕੀਤੀ ਜਾਣੀ ਚਾਹੀਦੀ ਹੈ।
[home] [1] 2  [prev.]1-5 of 9


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER