ਪੰਜਾਬ

Monthly Archives: JUNE 2016


ਦਾਸਤਾਨ-ਏ-ਸਤਲੁਜ
19.06.16 - ਡਾ. ਚਰਨਜੀਤ ਸਿੰਘ ਨਾਭਾ
ਦਾਸਤਾਨ-ਏ-ਸਤਲੁਜਇਤਿਹਾਸਕ ਅਤੇ ਭੂਗੋਲਿਕ ਸਥਿਤੀ: ਤਿੱਬਤ ਸਥਿਤ ਲੇਆਂਗਾ ਝੀਲ ਤੋਂ ਪੈਦਾ ਹੋਇਆ ਸਤਲੁਜ ਵੈਦਿਕ ਸਮੇਂ ਵਿੱਚ ਸ਼ਤਾਦਰੂ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਅਲੋਪ ਹੋ ਚੁੱਕੀ ਨਦੀ ਸਰਸਵਤੀ ਦਾ ਸਹਾਇਕ ਦਰਿਆ ਸੀ ਜੋ ਘੱਗਰ ਦੇ ਰੂਪ ਵਿੱਚ ਪੰਜਾਬ, ਹਰਿਆਣਾ ਅਤੇ ਗੁਜਰਾਤ ਪਾਰ ਕਰਦਾ ਅਰਬ ਸਾਗਰ ਵਿੱਚ ਕੱਛ ਦੀ ਖਾੜੀ ਵਿਖੇ ਜਾ ਗਿਰਦਾ ਸੀ। ਕਰੀਬਨ 5,000 ਵਰ੍ਹੇ ਪਹਿਲਾਂ ਧਰਤੀ ਹੇਠਲੀਆਂ ਤਬਦੀਲੀਆਂ ਅਤੇ ਅੰਦਰੋਂ ਉੱਠੇ ਉਭਾਰ ਨੇ ਇਸ ਨੂੰ ਘੱਗਰ ਨਾਲੋਂ ਤੋੜ ਕੇ ਇਸ ਦਾ ਰੁੱਖ ਦੱਖਣ-ਪਛੱਮ ਵੱਲ ਕਰਦਿਆਂ ਇਸ ਨੂੰ ਸਿੰਧ ਦਰਿਆ ਦੀ ਸਭ ਤੋਂ ਲੰਬੀ ਸਹਾਇਕ ਨਦੀ ਬਣਾਇਆ। ਤਿੱਬਤ ਵਿੱਚ ਇਹ ਦਰਿਆ 260 ਕਿਲੋਮੀਟਰ ਦਾ ਪੈਂਡਾ ਤਹਿ ਕਰਦਾ, ਕੈਲਾਸ਼ ਪ੍ਰਬਤ ਦੀ ਮਾਨਸਰੋਵਰ ਝੀਲ ਤੋਂ ਪਾਣੀ ਲੈਂਦਾ ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਸ਼ਿਪਕੀ ਨੇੜੇ 6,608 ਮੀਟਰ ਦੀ ਉਚਾਈ ’ਤੇ ਦਾਖਲ ਹੋ ਕੇ ਦੱਖਣ ਪੂਰਬ ਵੱਲ ਮੋੜਾ ਕੱਟਦਾ ਕਿਨੌਰ, ਸ਼ਿਮਲਾ, ਕੁੱਲੂ, ਸੋਲਨ, ਮੰਡੀ ਅਤੇ ਬਿਲਾਸਪੁਰ ਜ਼ਿਲਿਆਂ ਵਿੱਚ ਦੀ ਹੁੰਦਾ ਭਾਖੜਾ ਪਹੁੰਚਦਾ ਹੈ। ਸੱਜੇ ਕੰਢੇ ਵਾਲੇ ਪਾਸੇ ਸਪਿਤੀ, ਰੋਪਾ, ਟਾਇਤੀ, ਰੂਪੀ, ਮੂਲਗਾਂਓ, ਯੁਲਾ, ਵਾਂਗਰ ਅਤੇ ਥਰੌਂਗ ਇਸ ਦੀਆਂ ਸਹਾਇਕ ਨਦੀਆਂ ਹਨ ਜਦਕਿ ਖੱਬੇ ਕੰਢੇ ਦੀਆਂ ਸਹਾਇਕ ਨਦੀਆਂ ਵਿੱਚ ਬਾਸਪਾ, ਗਯਾਥਿੰਗ, ਤਿਰੁੰਗ, ਸੋਲਡਾਂਗ ਅਤੇ ਡਿਊਲਿੰਗ ਪ੍ਰਮੁੱਖ ਹਨ। ਇਸ ਦਰਿਆ ਦੇ ਕੁੱਲ 56,847 ਕਿਲੋਮੀਟਰ ਦੇ Catchment Area ਵਿੱਚੋਂ 22,305 ਵਰਗ ਕਿਲੋਮੀਟਰ ਇਕੱਲੇ ਹਿਮਾਚਲ ਪ੍ਰਦੇਸ਼ ਵਿੱਚ ਹੈ। ਇਸ ਦੇ ਪਾਣੀ ਦੇ ਪ੍ਰਮੁੱਖ ਸ੍ਰੋਤਾਂ ਵਿੱਚ ਗਲੇਸ਼ੀਅਰਾਂ ਤੋਂ 61.07% ਅਤੇ ਵਰਖਾ ਤੋਂ 38.93% ਪਾਣੀ ਆ ਰਿਹਾ ਹੈ। ਸੰਨ 1960 ਤੱਕ ਇਹ ਦਰਿਆ ਭਾਰਤ-ਪਾਕਿ ਦਰਮਿਆਨ ਝਗੜੇ ਦਾ ਕਾਰਨ ਬਣਿਆ ਰਿਹਾ ਪਰ ਸਿੰਧ ਦਰਿਆ ਜਲ ਸਮਝੌਤੇ (Indus Water Treaty) ਅਧੀਨ ਇਸ ਦਰਿਆ ’ਤੇ ਭਾਰਤ ਦਾ ਕੰਟਰੋਲ ਸਥਾਪਿਤ ਹੋਇਆ। ਭਾਖੜਾ ਅਤੇ ਨੰਗਲ ਡੈਮਾਂ ਦੀ ਉਸਾਰੀ ਤੱਕ ਇਹ ਦਰਿਆ ਸਮੁੱਚੇ ਪੰਜਾਬ ਦੀ ਸਾਹ-ਰਗ ਸੀ ਪਰ ਬਰਸਾਤਾਂ ਦੌਰਾਨ ਹੜਾਂ ਦਾ ਕਾਰਨ ਬਣਕੇ ਤਬਾਹੀ ਵੀ ਬਹੁਤ ਮਚਾਉਂਦਾ ਸੀ। ਹੁਣ ਤੱਕ ਰਿਕਾਰਡ ਕੀਤਾ ਸਭ ਤੋਂ ਭਿਆਨਕ ਹੜ 1955 ਦਾ ਹੈ ਜਦੋਂ 6,00,000 ਕਿਊਬਿਕ ਫੁੱਟ ਪ੍ਰਤੀ ਸੈਕਿੰਡ ਦੀ ਰਫ਼ਤਾਰ ਨਾਲ ਪਾਣੀ ਇਸ ਦਰਿਆ ਵਿੱਚ ਵਹਿ ਰਿਹਾ ਸੀ। ਮਾਨਸਰੋਵਰ ਝੀਲ ਤੋਂ ਇਸ ਦੀ ਕੁੱਲ ਲੰਬਾਈ 1,448 ਕਿਲੋਮੀਟਰ ਹੈ ਜਿਸ ਵਿੱਚੋਂ ਭਾਰਤ ਪਾਕਿਸਤਾਨ ਸਰਹੱਦ ਤੱਕ ਇਹ ਦਰਿਆ 1078 ਕਿਲੋਮੀਟਰ ਤਹਿ ਕਰਨ ਦਰਮਿਆਨ ਹਰੀਕੇ ਪੱਤਣ ਨੇੜੇ ਬਿਆਸ ਦਰਿਆ ਦਾ ਪਾਣੀ ਲੈਂਦਾ ਪਾਕਿਤਸਾਨ ਦੇ ਕਸੂਰ ਜ਼ਿਲੇ ਵਿੱਚ ਪ੍ਰਵੇਸ਼ ਕਰਦਾ ਹੋਇਆ ਅਤੇ ਕਰੀਬਨ 370 ਕਿਲੋਮੀਟਰ ਦਾ ਪੈਂਡਾ ਘੱਤਦਾ ਚਨਾਬ ਦਰਿਆ, ਜੋ ਪਿੱਛੋਂ ਜਿਹਲਮ ਅਤੇ ਰਾਵੀ ਦਰਿਆ ਦਾ ਪਾਣੀ ਲੈ ਕੇ ਆ ਰਿਹਾ ਹੁੰਦਾ ਹੈ, ਵਿੱਚ ਵਿਲੀਨ ਹੋ ਕੇ ਪੰਜਨਾਦ ਬਣ ਜਾਂਦਾ ਹੈ। ਅੰਤ ਇਹ ਪੰਜਨਾਦ ਬਹਾਵਲਪੁਰ ਤੋਂ 100 ਕਿਲੋਮੀਟਰ ਦੂਰ ਪਾਕਿਤਸਾਨ ਦੀ ਸਭ ਤੋਂ ਜਲ ਭਰਪੂਰ ਅਤੇ ਪ੍ਰਭਾਵਸ਼ਾਲੀ ਨਦੀ ਸਿੰਧ ਵਿੱਚ ਜਾ ਗਿਰਦਾ ਹੈ।

ਸਤਲੁਜ ਦਾ ਨਹਿਰੀ ਸਿਸਟਮ: ਸਤਲੁਜ ਦਰਿਆ, ਜਿਵੇਂ ਕਿ ਪਹਿਲਾਂ ਲਿਖਿਆ ਗਿਆ ਹੈ, ਲੰਬੇ ਸਮੇਂ ਤੋਂ ਪੰਜਾਬ ਦੀ ਖੇਤੀ ਦੀ ਰੀੜ ਦੀ ਹੱਡੀ ਮੰਨਿਆ ਜਾਂਦਾ ਰਿਹਾ ਹੈ ਜਿਸ ਕਾਰਨ ਅੰਗ੍ਰੇਜਾਂ ਦੇ ਸਮੇਂ ਦੌਰਾਨ ਇਸ ਦੇ ਪਾਣੀਆਂ ਦੀ ਵਰਤੋਂ ਲਈ ਸਕੀਮਾਂ ਉਲੀਕੀਆਂ ਜਾਂਦੀਆਂ ਰਹੀਆਂ ਅਤੇ ਨਹਿਰਾਂ ਖੁਦਵਾ ਕੇ ਪਾਣੀ ਅਣਵੰਡੇ ਪੰਜਾਬ ਦੇ ਖੇਤਾਂ ਤੱਕ ਪਹੁੰਚਾਉਣ ਦੇ ਉਪਰਾਲੇ ਕੀਤੇ ਜਾਂਦੇ ਰਹੇ। ਬੇ-ਰੋਕ ਵਹਿੰਦੇ ਇਸ ਦਰਿਆ ’ਤੇ ਰੋਪੜ ਵਿਖੇ ਬੈਰਾਜ ਬਣਾ ਕੇ 1882 ਈ. ਵਿੱਚ ਇਸ ਦਾ ਪਾਣੀ ਸਰਹਿੰਦ ਨਹਿਰ ਵਿੱਚ ਛੱਡਿਆ ਗਿਆ। ਆਜਾਦੀ ਪਿੱਛੋਂ ਇਸੇ ਬੈਰਾਜ ਦੇ ਦੂਜੇ ਬੰਨੇ ਤੋਂ ਬਿਸਤ ਦੁਆਬ ਨਹਿਰ ਕੱਢੀ ਗਈ। ਇਸੇ ਸਮੇਂ ਦੌਰਾਨ ਹਰੀਕੇ ਪੱਤਣ ਵਿਖੇ ਬਿਆਸ ਦਰਿਆ ਦੇ ਸੰਗਮ ਤੋਂ ਥੋੜਾ ਥੱਲੇ ਇੱਕ ਬੈਰਾਜ ਉਸਾਰ ਕੇ ਦੋ ਨਹਿਰਾਂ ਰਾਜਸਥਾਨ ਫੀਡਰ (ਸਮਰੱਥਾ 18500 ਕਿਊਸਿਕ) ਅਤੇ ਫਿਰੋਜਪੁਰ ਫੀਡਰ (ਸਮੱਰਥਾ 11500 ਕਿਊਸਿਕ) ਕੱਢੀਆਂ ਗਈਆਂ। ਇਥੋਂ ਸਤਲੁਜ ਅੰਤਰ-ਰਾਸ਼ਟਰੀ ਸੀਮਾ ਕਈ ਵਾਰ ਆਰ ਪਾਰ ਕਰਕੇ ਫਿਰੋਜਪੁਰ ਜ਼ਿਲੇ ਦੇ ਹੁਸੈਨੀਵਾਲਾ ਬਾਰਡਰ ’ਤੇ ਪਹੁੰਚਦਾ ਹੈ ਜਿੱਥੇ ਗੁਲਾਮੀ ਦੇ ਦੌਰ ਦੌਰਾਨ ਇੱਕ ਬੈਰਾਜ ਬਣਾ ਕੇ ਇਸ ਦੇ ਖੱਬੇ ਪਾਸੇ ਤੋਂ ਦੋ ਨਹਿਰਾਂ ਗੰਗ ਨਹਿਰ (ਬੀਕਾਨੇਰ ਰਿਆਸਤ ਦੇ ਗੰਗਾਨਗਰ ਖੇਤਰ ਲਈ) ਅਤੇ ਈਸਟਰਨ ਨਹਿਰ (ਲਾਹੌਰ ਅਤੇ ਮਿੰਟਗੁਮਰੀ ਜ਼ਿਲਿਆਂ ਲਈ) ਕੱਢੀਆਂ ਗਈਆਂ। ਉਪਰ ਵਾਲੀਆਂ 3 ਨਹਿਰਾਂ ਸਮੇਤ ਕੁੱਲ 11 ਨਹਿਰਾਂ ਸਤਲੁਜ ਵੈਲੀ ਪ੍ਰਾਜੈਕਟ ਅਧੀਨ ਸੰਨ 1932 ਤੱਕ ਹੁਸੈਨੀਵਾਲਾ ਤੋਂ ਇਸ ਦੇ ਚਨਾਬ ਦਰਿਆ ਨਾਲ ਸੰਗਮ ਤੱਕ ਕੱਢੀਆਂ ਗਈਆਂ। ਪਾਕਿਤਸਾਨ ਵਿਚਲੀਆਂ ਇਸ ਦਰਿਆ ਵਿੱਚੋਂ ਨਿਕਲੀਆਂ ਨਹਿਰਾਂ ਵਿੱਚ ਈਸਟ ਸਦੀਕੀਆਂ, ਫੋਰਡਵਾਹ, ਪਾਕਪਟਨ, ਬਹਾਵਲਪੁਰ, ਕਾਇਮਪੁਰ, ਮੈਲਸੀ, ਆਬਾਸੀਆਂ ਅਤੇ ਪੰਚਨਾਦ ਨਹਿਰਾਂ ਪ੍ਰਮੁੱਖ ਹਨ। ਆਜਾਦੀ ਤੋਂ ਬਾਅਦ ਇਸ ਦਰਿਆ ’ਤੇ ਭਾਖੜਾ ਅਤੇ ਨੰਗਲ ਡੈਮਾਂ ਦੀ ਉਸਾਰੀ ਨੇ ਇਸ ਦਰਿਆ ਨੂੰ ਪਾਣੀਆਂ ਤੋਂ ਵਾਂਝੇ ਕੀਤਾ ਅਤੇ ਨੰਗਲ ਬੈਰਾਜ ਤੋਂ ਦੋ ਵੱਡੀਆਂ ਨਹਿਰਾਂ ਨੰਗਲ ਹਾਈਡਲ ਚੈਨਲ ਜੋ ਰੋਪੜ ਤੋਂ ਅੱਗੇ ਭਾਖੜਾ ਮੇਨ ਲਾਇਨ ਬਣ ਹਰਿਆਣਾ ਨੂੰ ਸਿੰਜਦੀ ਹੈ ਅਤੇ ਆਨੰਦਪੁਰ ਹਾਈਡਲ ਚੈਨਲ ਜੋ ਪਣ ਬਿਜਲੀ ਪ੍ਰਾਜੈਕਟਾਂ ਤੋਂ ਬਿਜਲੀ ਪੈਦਾ ਕਰਕੇ ਕੀਰਤਪੁਰ ਨੇੜੇ ਫਿਰ ਸਤਲੁਜ ਵਿੱਚ ਜਾ ਗਿਰਦੀ ਹੈ, ਕੱਢੀਆਂ ਗਈਆਂ।

ਪ੍ਰਮੁੱਖ ਪ੍ਰਦੂਸ਼ਣ ਸਰੋਤ: ਨੰਗਲ ਤੋਂ ਰੋਪੜ ਤੱਕ ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਨੀਮ ਪਹਾੜੀ ਇਲਾਕਿਆਂ ’ਚੋ ਨਿੱਕਲਦੀਆਂ 4 ਛੋਟੀਆਂ ਨਦੀਆਂ ਸੁਆਂ, ਸਰਸਾ ਸਿਸਵਾਂ ਅਤੇ ਬੁੱਧਕੀ ਨਦੀਆਂ ਹਿਮਾਚਲ ਪ੍ਰਦੇਸ਼ ਦੇ ਉਦਯੋਗਾਂ ਦੇ ਗੰਦੇ ਪਾਣੀ ਕਾਰਨ ਸਤਲੁਜ ਦਰਿਆ ਦੇ ਪ੍ਰਦੂਸ਼ਣ ਦਾ ਮੁੱਖ ਸਰੋਤ ਹਨ ਜਿਨਾਂ ਬਾਰੇ ਪੰਜਾਬ ਦੇ ਮੁੱਖ ਮੰਤਰੀ ਬਹੁਤ ਵਾਰ ਆਪਣੇ ਹਮਰੁਤਬਾ ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਨੂੰ ਇਸ ਸਮੱਸਿਆ ਦੀ ਗੰਭੀਰਤਾ ਬਾਰੇ ਲਿਖ ਚੁੱਕੇ ਹਨ। ਨੈਸ਼ਨਲ ਫਰਟੀਲਾਈਜਰ ਲਿਮਟਿਡ ਨੰਗਲ ਅਤੇ ਗੁਰੂ ਗੋਬਿੰਦ ਸਿੰਘ ਸੁਪਰ ਥਰਮਲ ਪਲਾਂਟ ਰੋਪੜ ਦਾ ਠੰਢੇ ਕਰਨ ਲਈ ਵਰਤਿਆ ਪਾਣੀ ਮੁੜ ਸਤਲੁਜ ਵਿੱਚ ਛੱਡਿਆ ਜਾ ਰਿਹਾ ਹੈ। ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਰਿਹਾਇਸ਼ੀ ਕਲੋਨੀ ਦਾ ਬਹੁਤਾ ਅਣਸੋਧਿਆ ਪਾਣੀ, ਆਨੰਦੁਪਰ ਸਾਹਿਬ ਦੇ ਕੁੱਲ 8 ਐਮ.ਐਲ.ਡੀ. ਪਾਣੀ ਦਾ ਅੱਧਾ 4 ਐਮ.ਐਲ.ਡੀ. ਅਣਸੋਧਿਆ ਨਿਕਾਸ, ਕੀਰਤਪੁਰ ਸਾਹਿਬ ਦਾ ਪੂਰਾ ਅਤੇ ਰੋਪੜ ਸ਼ਹਿਰ ਦਾ ਬਹੁਤਾ ਅਣਸੋਧਿਆ ਪਾਣੀ ਸਤਲੁਜ ਦਰਿਆ ਨੂੰ ਦੂਸ਼ਿਤ ਕਰ ਰਿਹਾ ਹੈ। ਰੋਪੜ ਬੈਰਾਜ ਤੋਂ ਥੱਲੇ ਵੱਲ ਦਰਿਆ ਵਿੱਚ ਪਾਣੀ ਨਾ ਛੱਡੇ ਜਾਣ ਕਾਰਨ ਇਹ ਦਰਿਆ ਇੱਕ ਸੀਵਰੇਜ ਦੇ ਨਾਲੇ ਦਾ ਰੂਪ ਅਖਤਿਆਰ ਕਰ ਲੈਂਦਾ ਹੈ।

ਬੁੱਢਾ ਨਾਲਾ: ਕੁੰਮ ਕਲਾਂ ਦੇ ਉਪਰਾਲੇ ਪਾਸਿਓਂ ਸਤਲੁਜ ਦਰਿਆ ਨਾਲੋਂ ਟੁੱਟ ਕੇ ਅਤੇ ਨੀਰ-ਰਹਿਤ ਹੋ ਕੇ ਇੱਕ ਗੰਦੇ ਨਾਲੇ ਦਾ ਰੂਪ ਅਖਤਿਆਰ ਕਰ ਲੈਂਦਾ ਹੈ ਜਿਸ ਵਿੱਚ ਸਭ ਤੋਂ ਪਹਿਲਾਂ ਕੁੰਮ ਡਰੇਨ ਰਾਂਹੀ ਮਾਛੀਵਾੜੇ ਦਾ ਅਣਸੋਧਿਆ ਪਾਣੀ ਗਿਰਦਾ ਹੈ। ਹੌਲੀ ਹੌਲੀ ਇਹ ਲੁਧਿਆਣੇ ਸ਼ਹਿਰ ਦੇ ਵਿਚਕਾਰੋਂ ਲੰਘਦਾ ਸ਼ਹਿਰ ਦਾ ਕੁੱਲ 750 ਐਮ.ਐਲ.ਡੀ. ਸੋਧਿਆ-ਅਣਸੋਧਿਆ ਪਾਣੀ ਲੈਂਦਾ 47.5 ਕਿਲੋਮੀਟਰ ਦਾ ਪੈਂਡਾ ਤਹਿ ਕਰਕੇ ਬਲੀਪੁਰ ਕਲਾਂ ਨੇੜੇ ਸਤਲੁਜ ਦਰਿਆ ਵਿੱਚ ਡਿੱਗ ਕੇ ਇਸ ਦਰਿਆ ਨੂੰ ਜ਼ਹਿਰ ਅਤੇ ਰੰਗ ਪੱਖੋਂ ਕਾਲੇ ਨਾਗ ਦਾ ਰੂਪ ਦਿੰਦਾ ਹੈ। ਬੇਸ਼ੱਕ ਲੁਧਿਆਣਾ ਸ਼ਹਿਰ ਦੇ 750 ਐਮ.ਐਲ.ਡੀ. ਪਾਣੀ ਵਿੱਚੋਂ 466 ਐਮ.ਐਲ.ਡੀ. ਪਾਣੀ ਸੋਧਣ ਲਈ 5 ਸੀਵੇਜ ਟਰੀਟਮੈਂਟ ਪਲਾਂਟ ਜਾਮਲਪੁਰ, ਭੱਟੀਆਂ ਅਤੇ ਬੱਲੋਕੇ ਵਿਖੇ ਲੱਗੇ ਹੋਏ ਹਨ ਪਰ ਅਜੇ ਵੀ ਇਹ ਸਮੱਸਿਆ ਇੱਕ ਵਿਕਰਾਲ ਸਮੱਸਿਆ ਬਣ ਕੇ ਸਮੁੱਚੇ ਪੰਜਾਬ ਨੂੰ ਭੈ-ਭੀਤ ਕਰ ਰਹੀ ਹੈ।

ਚਿੱਟੀ ਬੇਂਈ: ਨਵਾਂ ਸ਼ਹਿਰ ਦੇ ਲਾਗਿਉਂ ਸ਼ੁਰੂ ਹੁੰਦੀ ਚਿੱਟੀ ਬੇਂਈ ਸਭ ਤੋਂ ਪਹਿਲਾਂ ਨਵਾਂ ਸ਼ਹਿਰ (ਸ਼ਹੀਦ ਭਗਤ ਸਿੰਘ ਨਗਰ) ਦਾ ਅਣਸੋਧਿਆਂ ਪਾਣੀ ਲੰਗੜੋਆ ਡਰੇਨ ਰਾਂਹੀ, ਬੰਗਾ ਸ਼ਹਿਰ ਦਾ ਅਣਸੋਧਿਆ ਪਾਣੀ ਗੋਪਾਲਪੁਰ-ਬੰਗਾ ਨਾਲੇ ਰਾਂਹੀ, ਹੁਸ਼ਿਆਰਪੁਰ ਸ਼ਹਿਰ ਦਾ ਅਣਸੋਧਿਆ ਪਾਣੀ ਨਸਰਾਲਾ ਡਰੇਨ ਰਾਂਹੀ ਲੈਣ ਉਪਰੰਤ ਫਗਵਾੜੇ ਸ਼ਹਿਰ ਦੇ 36 ਐਮ.ਐਲ.ਡੀ. (ਜਿਸ ਵਿੱਚ ਲਾਗਲੇ 17 ਪਿਡਾਂ ਦਾ ਨਿਕਾਸ ਵੀ ਸ਼ਾਮਿਲ ਹੈ) ਅਤੇ ਜਿਸ ਵਿੱਚੋਂ 20 ਐਮ.ਐਲ.ਡੀ. ਪਾਣੀ ਸੋਧਿਆ ਜਾ ਰਿਹਾ ਹੈ, ਸਾਰਾ ਸੋਧਿਆ-ਅਣਸੋਧਿਆ ਪਾਣੀ ਫਗਵਾੜਾ ਡਰੇਨ ਰਾਂਹੀ ਪ੍ਰਾਪਤ ਕਰਦੀ ਹੈ। ਜਲੰਧਰ ਸ਼ਹਿਰ ਦੇ ਕੁੱਲ 235 ਐਮ.ਐਲ.ਡੀ. ਨਿਕਾਸ ਲਈ 6 ਸੀਵੇਜ ਟਰੀਟਮੈਂਟ ਪਲਾਂਟ ਲਗਾਏ ਜਾਣਾ ਵਿਉਂਤਿਆ ਗਿਆ ਸੀ ਜਿਹਨਾਂ ਵਿੱਚੋਂ 3 ਅਜਿਹੇ ਪਲਾਂਟ 175 ਐਮ.ਐਲ.ਡੀ. ਪਾਣੀ ਸੋਧ ਕੇ ਅਤੇ ਬਾਕੀ ਅਣਸੋਧਿਆ ਪਾਣੀ ਗੜਾ ਅਤੇ ਕਾਲਾ ਸੰਘਿਆ ਨਾਲਿਆਂ ਰਾਂਹੀ ਚਿੱਟੀ ਬੇਂਈ ਵਿੱਚ ਪਾ ਰਹੇ ਹਨ ਜੋ ਅੱਗੇ ਪਿੰਡ ਗਿੱਦੜਪਿੰਡੀ ਨੇੜੇ ਸਤਲੁਜ ਦਰਿਆ ਵਿੱਚ ਮਿਲ ਕੇ ਇਸ ਨੂੰ ਹੋਰ ਗੰਦਾ ਕਰਦੀ ਹੈ।

ਹੋਰ ਸਰੋਤ: ਮੋਟੇ ਤੌਰ ’ਤੇ ਉਕਤ ਜਲ-ਦੂਸ਼ਣ ਸਰੋਤਾਂ ਤੋਂ ਇਲਾਵਾ ਕੁੱਲ 101 ਪਿੰਡਾਂ ਜਿਨਾਂ ਵਿੱਚ ਰੋਪੜ ਜ਼ਿਲੇ ਦੇ 10, ਲੁਧਿਆਣਾ ਜ਼ਿਲੇ ਦੇ 17 ਅਤੇ ਜਲੰਧਰ ਜ਼ਿਲੇ ਦੇ 74 ਪਿੰਡਾਂ ਦਾ ਅਣਸੋਧਿਆ ਨਿਕਾਸ ਵੀ ਸਤਲੁਜ ਦਰਿਆ ਨੂੰ ਪਲੀਤ ਕਰ ਰਿਹਾ ਹੈ।
ਕੀ ਕਰਨਾ ਲੋੜੀਏ: ਉਪਰੋਕਤ ਚਰਚਾ ਤੋਂ ਇਹ ਤਾਂ ਜ਼ਾਹਿਰ ਹੈ ਕਿ ਸਤਲੁਜ ਦਰਿਆ ਦਾ ਪਾਣੀ ਜੋ ਸਮੁੱਚੇ ਮਾਲਵੇ ਦੀ ਆਬਪਾਸ਼ੀ ਲਈ ਵਰਤਿਆ ਜਾਂਦਾ ਸੀ ਅੱਜ ਸਭ ਤੋਂ ਦੂਸ਼ਿਤ ਪਾਣੀ ਦਾ ਦਰਿਆ ਹੈ। ਵੱਡੀ ਤਰਾਸਦੀ ਇਹ ਹੈ ਕਿ ਇਸ ਦਰਿਆ ’ਤੇ ਅੱਜ ਵੀ ਦੋ ਅੰਤਰ-ਰਾਸ਼ਟਰੀ ਜਲਗਾਹਾਂ ਰੋਪੜ ਅਤੇ ਹਰੀਕੇ ਵਿਖੇ ਮੌਜੂਦ ਹਨ ਜਿਥੇ ਜੀਵ-ਭਿੰਨਤਾਂ ਤੋਂ ਇਲਾਵਾ ਸੈਕੜੇ ਨਸਲਾਂ ਦੇ ਪ੍ਰਵਾਸੀ ਪੰਛੀ ਸਿਆਲਾਂ ਦੌਰਾਨ ਆਪਣਾ ਰੈਣ-ਬਸੇਰਾ ਬਣਾਉਂਦੇ ਅਤੇ ਨਵੀਂ-ਉਤਪਤੀ ਕਰਨ ਉਪਰੰਤ ਆਪਣੇ ਦੇਸ਼ ਵਾਪਸ ਪਰਤਦੇ ਹਨ। ਪਰ ਇਸ ਦਰਿਆ ਦੀ ਜਲ ਗੁਣਵੱਤਾ ਦੇ ਲਗਾਤਾਰ ਨਿਘਾਰ ਕਾਰਨ ਜੀਵ-ਭਿੰਨਤਾ ਖਤਰੇ ਵਿੱਚ ਹੈ ਅਤੇ ਪ੍ਰਵਾਸੀ ਪੰਛੀਆਂ ਨੇ ਵੀ ਹੋਰ ਰੈਣ-ਬਸੇਰੇ ਲੱਭ ਕੇ ਇੱਧਰੋਂ ਮੂੰਹ ਮੋੜਨਾ ਸ਼ੁਰੂ ਕਰ ਦਿੱਤਾ ਹੈ। ਕੁੱਲ 18 ਸ਼ਹਿਰਾਂ, ਨੰਗਲ, ਆਨੰਦਪੁਰ ਸਾਹਿਬ, ਰੋਪੜ, ਸ਼ਹੀਦ ਭਗਤ ਸਿੰਘ ਨਗਰ, ਕੁਰਾਲੀ, ਮਾਛੀਵਾੜਾ, ਫਿਲੌਰ, ਫਗਵਾੜਾ, ਬੰਗਾ, ਹੁਸ਼ਿਆਰਪੁਰ, ਜਲੰਧਰ, ਲੁਧਿਆਣਾ, ਮੋਗਾ, ਧਰਮਕੋਟ, ਫਿਰੋਜਪੁਰ, ਮੱਖੂ, ਤਲਵੰਡੀ ਭਾਈ ਅਤੇ ਜੀਰਾ, ਜਿਨਾ ਦਾ ਨਿਕਾਸ ਇਸ ਦਰਿਆ ਵਿੱਚ ਪੈ ਰਿਹਾ ਸੀ, ਦੇ ਪਾਣੀਆਂ ਨੂੰ ਸੋਧਣ ਲਈ 32 ਸੀਵੇਜ ਟਰੀਟਮੈਂਟ ਪਲਾਂਟ ਲਗਾਏ ਜਾਣਾ ਵਿਉਂਤਿਆ ਗਿਆ ਸੀ ਜਿਨਾ ਵਿੱਚੋਂ 16 ਅਜਿਹੇ ਪਲਾਂਟ ਚੱਲ ਚੁੱਕੇ ਹਨ ਅਤੇ ਜੂਨ 2015 ਤੱਕ ਸਾਰੇ ਸੀਵੇਜ ਟਰੀਟਮੇਂਟ ਪਲਾਂਟਾ ਦਾ ਚਲ ਜਾਣਾ ਨਿਸ਼ਚਤ ਕੀਤਾ ਗਿਆ ਹੈ। ਇਨ੍ਹਾਂ ਪਲਾਂਟਾਂ ਦਾ ਸੋਧਿਆ ਪਾਣੀ ਵੀ ਖਾਸ ਨਿਕਾਸੀ ਹੱਦਾਂ ਦੀ ਪ੍ਰਾਪਤੀ ਉਪਰੰਤ ਸਿੰਚਾਈ ਲਈ ਵਰਤੇ ਜਾਣ ਦੀ ਤਜਵੀਜ ਪ੍ਰਵਾਨ ਕਰਕੇ ਇਸ ਨੂੰ ਲਾਗੂ ਕਰਨ ਲਈ ਸਰਕਾਰ ਜੂਟ ਚੁੱਕੀ ਹੈ। ਪਰ ਯੂਰਪ ਅਤੇ ਅਮਰੀਕਾ ਦੇ ਪਿੱਛ-ਲੱਗ ਨਾ ਬਣਕੇ ਇਹ ਸਿੰਚਾਈ ਸਕੀਮ ਲਾਗੂ ਕਰਨ ਤੋਂ ਪਹਿਲਾਂ ਇਸ ਦੇ ਮਾੜੇ-ਚੰਗੇ ਸਿੱਟਿਆ ਬਾਰੇ ਖੇਤੀ ਬਾੜੀ ਯੂਨੀਵਰਸਿਟੀ ਤੋਂ ਖੋਜ ਜਰੂਰ ਕਰਵਾ ਲੈਣੀ ਚਾਹੀਦੀ ਹੈ।

ਸਤਲੁਜ ਦੀ ਅਣਕਿਸਆਸੀ ਮੌਤ ਦਾ ਵੱਡਾ ਕਾਰਨ ਭਾਖੜਾ ਅਤੇ ਨੰਗਲ ਡੈਮ ਉਸਾਰ ਕੇ ਇਸ ਨੂੰ ਨੀਰ-ਵਿਹੂਣਾ ਕਰਨਾ ਹੈ। ਸਾਡੇ ਇਜਨੀਅਰਾਂ ਦੀ ਕੁਦਰਤ ਵਿਰੋਧੀ ਇੱਕ ਧਾਰਨਾ ਜੋ ਉਨ੍ਹਾਂ ਦੀ ਟੇ੍ਰਨਿੰਗ ਦਾ ਹਿੱਸਾ ਹੈ ਕਿ ਧਰਤੀ ਦਾ ਸਾਰਾ ਹਾਰ-ਸਿੰਗਾਰ, ਕੁਦਰਤੀ ਸਰੋਤ ਖਾਸ ਕਰਕੇ ਨਦੀਆਂ ਦੇ ਪਾਣੀ ’ਤੇ ਸਿਰਫ਼ ਮਨੁੱਖ ਦਾ ਹੱਕ ਹੈ। ਨਦੀਆਂ ਦਾ ਪਾਣੀ ਵਿਅਰਥ ਸਮੁੰਦਰ ਨੂੰ ਜਾ ਰਿਹਾ ਹੈ, ਇਸ ਦੀ ਇੱਕ ਇੱਕ ਬੂੰਦ ਮਨੁੱਖੀ ਵਰਤੋਂ ਵਿੱਚ ਲਿਆਂਦੀ ਚਾਹੀਦੀ ਹੈ। ਇਸੇ ਧਾਰਨਾ ਤਹਿਤ ਗੁੰਮਰਾਹ ਹੋ ਕੇ ਪੰਡਤ ਨਹਿਰੂ ਨੇ ਭਾਖੜਾ ਉਤੇ ਸਤਲੁਜ ਨੂੰ ਬੰਨ ਕੇ ਅਤੇ ਨੰਗਲ ਡੈਮ ਤੋਂ ਪਾਣੀ ਵੱਡੀਆਂ ਨਹਿਰਾਂ ਵਿੱਚ ਪਾ ਕੇ ਪੰਜਾਬ ਦੀ ਸਾਹ-ਰਗ ਨੂੰ ਪਾਣੀਆਂ ਤੋਂ ਵਾਂਝਾ ਕੀਤਾ। ਨਦੀਆਂ ਦੀ ਮੌਤ ਦਾ ਵੱਡਾ ਕਾਰਨ ਇਨ੍ਹਾਂ ’ਤੇ ਬੰਨਾ ਦੀ ਉਸਾਰੀ ਹੈ। ਪਿਛਲੀ ਸਦੀ ਤੋਂ ਹੁਣ ਤੱਕ 15 ਮੀਟਰ ਜਾਂ ਇਸ ਤੋਂ ਵੱਧ ਉਚਾਈ ਦੇ 50,000 ਤੋਂ ਵੱਧ ਡੈਮ ਸਾਰੇ ਸੰਸਾਰ ਵਿੱਚ ਉਸਾਰੇ ਜਾ ਚੁੱਕੇ ਹਨ ਜਿਨਾ ਵਿੱਚੋਂ ਅੱਧੇ ਸਿਰਫ਼ ਸਿੰਚਾਈ ਲਈ ਉਸਾਰੇ ਗਏ। ਡੈਮਾਂ ਦੀ ਉਸਾਰੀ ਵਿੱਚ ਭਾਰਤ ਤੀਜੇ ਨੰਬਰ ’ਤੇ ਹੈ ਜਿੱਥੇ ਹੁਣ ਤੱਕ 5,000 ਤੋਂ ਵੱਧ ਡੈਮ ਉਸਾਰ ਕੇ ਨਦੀਆਂ ਦਾ ਗਲਾ ਘੋਟਿਆ ਗਿਆ ਹੈ। ਸੰਸਾਰ ਦੀਆਂ ਕੁੱਲ 292 ਵੱਡੀਆਂ ਨਦੀਆਂ ’ਚੋਂ ਅੱਧੀਆਂ ਇਨ੍ਹਾਂ ਡੈਮਾਂ ਕਾਰਨ ਸਹਿਕ ਰਹੀਆਂ ਹਨ।

ਇਸੇ ਸਾਰੇ ਆਧਾਰ ’ਤੇ ਕੁਦਰਤ ਅਤੇ ਕਾਇਨਾਤ ਦੇ ਰਖਵਾਲਿਆਂ ਵਿੱਚ ਇੱਕ ਵੱਡੀ ਬਹਿਸ ਪਿਛਲੇ ਲੰਬੇ ਸਮੇਂ ਤੋਂ ਚਲ ਰਹੀ ਸੀ ਕਿ ਨਦੀਆਂ ਨੂੰ ਜਿਉਂਦਾ ਰੱਖਣ ਅਤੇ ਜੀਵ-ਭਿੰਨਤਾ ਬਣਾਏ ਰੱਖਣ ਲਈ ਇਨ੍ਹਾਂ ਵਿੱਚ ਕਿੰਨਾ ਪਾਣੀ "ਹਰ ਰੋਜ-ਚੌਵੀ ਘੰਟੇ-ਪੂਰਾ ਸਾਲ ਛੱਡਿਆ ਜਾਵੇ?” ਪਾਣੀ ਦੀ ਮਹੱਤਤਾ ਖੇਤੀ ਲਈ, ਬਿਜਲੀ ਉਤਪਾਦਨ ਲਈ ਅਤੇ ਨਦੀਆਂ ਦੀ ਜੈਵਿਕ ਪਵਿੱਤਰਤਾ ਬਰਕਰਾਰ ਰੱਖਣ ਲਈ ਇੱਕੋ ਜਿੰਨੀ ਹੈ। ਸੋ ਇੱਕ ਸਰਬ-ਪ੍ਰਵਾਨਤ ਵਹਾਅ ਨਦੀਆਂ ਵਿੱਚ ਹਰ ਵਕਤ ਚੱਲਦਾ ਰੱਖਿਆ ਜਾਵੇ ਜਿਸ ਨੂੰ ਵਾਤਾਵਰਣੀ ਵਹਾਅ (Environmental Flow) ਕਿਹਾ ਗਿਆ। ਇਸ ਵਹਾਅ ਲਈ ਕਿਸੇ ਵੀ ਬੈਰਾਜ ਤੇ ਦਰਿਆ ਵਿੱਚ ਆ ਰਹੇ ਪਾਣੀ ਦੇ ਕੁੱਲ ਔਸਤਨ ਪਾਣੀ ਦਾ 25% ਪਾਣੀ ਬੈਰਾਜ ਤੋਂ ਹੇਠਾਂ ਨਦੀ ਵਿੱਚ ਬਤੌਰ ਵਾਤਾਵਰਣੀ ਵਹਾਅ ਛੱਡਣਾ ਲਾਜਮੀ ਹੈ। ਹਿਮਾਚਲ ਪ੍ਰਦੇਸ਼ ਦੇਸ਼ ਦਾ ਪਹਿਲਾ ਸੂਬਾ ਬਣਿਆ ਜਿੱਥੇ ਮਾਨਯੋਗ ਹਾਈਕੋਰਟ ਨੇ ਡਾਇਰੈਕਟਿਵ (ਨਿਰਦੇਸ਼) ਜਾਰੀ ਕਰਕੇ ਹਰੇਕ ਨਦੀ ਵਿੱਚ ਵਾਤਾਵਰਣ ਵਹਾਅ ਲਈ ਪਾਣੀ ਛੱਡੇ ਜਾਣਾ ਲਾਗੂ ਕਰਵਾਇਆ ਹੈ ਅਤੇ ਇਹ ਵਹਾਅ ਵੀ "ਹਰ ਰੋਜ-ਚੌਵੀ ਘੰਟੇ-ਪੂਰਾ ਸਾਲ” ਦੇ ਨਿਯਮ ’ਤੇ ਆਧਾਰਤ ਹੋਵੇ ਨਾ ਕਿ ਸਾਲ ਦੀ ਔਸਤ ਉੱਤੇ ਜਦੋਂ ਹੜ੍ਹਾਂ ਦਾ ਪਾਣੀ ਦਰਿਆ ਵਿੱਚ ਛੱਡ ਕੇ ਅੰਕੜਿਆ ਦੀ ਖਾਨਾ ਪੂਰਤੀ ਕਰ ਲਈ ਜਾਂਦੀ ਹੈ।

ਇਸ ਵਾਤਾਵਰਣੀ ਵਹਾਅ ਨੂੰ ਲਾਗੂ ਕਰਵਾਉਣ ਲਈ ਸਮੂਹ ਕਿਸਾਨ ਜੱਥੇਬੰਦੀਆਂ, ਵਾਤਾਵਰਣ ਪੱਖੀ ਸੰਸਥਾਵਾਂ, ਗੈਰ-ਸਰਕਾਰੀ ਸੰਸਥਾਵਾਂ ਨੂੰ ਅੱਗੇ ਆ ਕੇ ਦਲੀਲ ਦੇਣੀ ਚਾਹੀਦੀ ਹੈ ਕਿ ਜੇ ਪਵਿੱਤਰ ਬੇਂਈ, ਜੋ ਬਿਲਕੁਲ ਖਤਮ ਹੋ ਚੁੱਕੀ ਸੀ, ਦੀ ਵਾਤਾਵਰਣੀ ਅਤੇ ਇਤਿਹਾਸਕ-ਧਾਰਮਿਕ ਮਹੱਤਤਾ ਕਾਇਮ ਰੱਖਣ ਲਈ ਸੰਗਤ ਦੇ ਦਬਾਅ ਹੇਠ ਆ ਕੇ 200 ਕਿਊਸਕ ਪਾਣੀ ਮੁਕੇਰੀਆ ਹਾਈਡਲ ਚੈਨਲ ਤੋਂ ਛੱਡਿਆ ਜਾ ਸਕਦਾ ਹੈ ਤਾਂ ਸਤਲੁਜ ਦਰਿਆ ਨੂੰ ਮੁੜ ਸੁਰਜੀਤ ਕਰਨ ਲਈ ਇਸ ਦਰਿਆ ਨੂੰ ਵਹਾਅ ਪੱਖੋਂ ਇਸ ਦੇ ਹੱਕ ਤੋਂ ਵਾਂਝਾ ਕਿਉਂ ਰੱਖਿਆ ਜਾ ਰਿਹਾ ਹੈ?

ਵਾਤਾਵਰਣ ਵਹਾਅ ਦੇ ਫਾਇਦੇ: ਰੋਪੜ ਹੈੱਡ-ਵਰਕਸ ਤੋਂ ਸਤਲੁਜ ਵਿੱਚ ਆ ਰਹੇ ਪਾਣੀ ਦਾ 25% ਪਾਣੀ ਬਤੌਰ ਵਾਤਾਵਰਣ ਵਹਾਅ ਛੱਡੇ ਜਾਣਾ ਜੇ ਲਾਗੂ ਕਰਵਾ ਦਿੱਤਾ ਜਾਂਦਾ ਹੈ ਤਾਂ ਪਾਣੀ ਦੀ ਸਵੈ-ਸ਼ੁੱਧੀਕਰਣ ਦੀ ਖਾਸੀਅਤ ਕਾਰਨ ਬੁੱਢੇ ਨਾਲੇ ਅਤੇ ਚਿੱਟੀ ਬੇਂਈ ਦੇ ਕਾਲੇ ਪਾਣੀਆਂ ਤੋਂ ਇਲਾਵਾ ਹੋਰ ਵੀ ਗਿਰ-ਰਹੇ ਦੂਸ਼ਿਤ ਪਾਣੀ ਨੰ ਸਾਫ਼ ਕਰਨ ਦੀ ਪ੍ਰਕ੍ਰਿਆ ਦਰਿਆ ਅੰਦਰ ਨਿਰੰਤਰ ਚੱਲਣੀ ਸ਼ੁਰੂ ਹੋ ਜਾਵੇਗੀ ਅਤੇ ਹਰੀਕੇ ਤੱਕ ਪਹੁੰਚਣ ਤੋਂ ਪਹਿਲਾਂ ਸਤਲੁਜ ਦਾ ਪਾਣੀ ਸਾਫ਼ ਹੋ ਕੇ ਆਪਣੀ ਗੁਣਵੱਤਾ ਵਿੱਚ ਵੱਡਾ ਸੁਧਾਰ ਲਿਆਵੇਗਾ ਅਤੇ ਅੱਗੋਂ ਇਹ ਬਿਆਸ ਦੇ ਪਾਣੀਆਂ ਨਾਲ ਮਿਲ ਕੇ ਫਿਰੋਜਪੁਰ ਅਤੇ ਰਾਜਸਥਾਨ ਫੀਡਰ ਨਹਿਰਾਂ ਰਾਂਹੀ ਜਦੋਂ ਲੋਕਾਂ ਤੱਕ ਪਹੁੰਚੇਗਾ ਤਾਂ ਦੂਸ਼ਿਤ ਪਾਣੀ ਦੀ ਲੰਬੇ ਸਮੇਂ ਤੋਂ ਮਾਰ ਝੱਲ ਰਹੇ ਲੋਕ ਸੁੱਖ ਦਾ ਸਾਹ ਲੈਣਗੇ।

ਸਮੁੱਚੇ ਪੰਜਾਬ ਵਿੱਚ ਜਦੋਂ ਇਹ ਨਦੀ ਮੁੜ ਸੁਰਜੀਤ ਹੋ ਕੇ ਲੰਘੇਗੀ ਤਾਂ ਇਸ ਦੇ ਆਲੇ-ਦੁਆਲੇ ਕਈ-ਕਈ ਕਿਲੋਮੀਟਰ ਦੇ ਅਰਧ ਵਿਆਸ ਵਿੱਚ ਜ਼ਮੀਨਦੋਜ਼ ਪਾਣੀਆਂ ਦੀ ਕਈ ਦਹਾਕਿਆਂ ਤੋਂ ਗਿਰ ਰਹੀ ਸਤਹਿ ਵੀ ਉਪਰ ਆਉਣੀ ਸ਼਼ੁਰੂ ਹੋਵੇਗੀ ਅਤੇ ਇਨ੍ਹਾਂ ਪਾਣੀਆਂ ਦੀ ਗੁੱਣਵੱਤਾ ਵਿੱਚ ਵੀ ਗੁਣਾਂਤਮਕ ਸੁਧਾਰ ਆਵੇਗਾ, ਦਰਿਆ ਦੇ ਪਾਣੀਆਂ ਵਿੱਚ ਜੀਵ-ਭਿਨੰਤਾ ਮੌਲੇਗੀ, ਮੱਛੀਆਂ-ਘੋਗੇ ਅਤੇ ਹੋਰ ਜਲ-ਚਰ ਜੀਵ ਮੁੜ ਸੁਰਜੀਤ ਹੋਣਗੇ। ਰੰਗ ਬਿਰੰਗੇ ਪੰਛੀ ਦਰਿਆ ਦੁਆਲੇ ਦਰਖੱਤਾਂ ’ਤੇ ਮੁੜ ਪਰਤਣਗੇ। ਪੰਜਾਬ ਇੱਕ ਵਾਰ ਫਿਰ ਹਰਿਆ-ਭਰਿਆ ਅਤੇ ਨਿਰਮਲ ਜਲ ਨਾਲ ਲੈਸ ਹੋ ਕੇ ਪੰਜਾਬੀਆਂ ਅਤੇ ਸੈਲਾਨੀਆਂ ਦੀ ਖਿੱਚ ਦਾ ਕੇਂਦਰ ਬਣੇਗਾ। ਆਓ, ਕੁਦਰਤ ਦੀਆਂ ਇਨਾਂ ਰਗਾਂ ਵਿੱਚ ਜਲ ਰੂਪੀ ਵਾਤਾਵਰਣੀ ਵਹਾਅ ਲਾਗੂ ਕਰਵਾਉਣ ਲਈ ਇੱਕ ਵੱਡਾ ਜੱਥੇਬੰਦਕ ਅਤੇ ਨਿਰੋਲ ਗੈਰ-ਸਿਆਸੀ ਹੰਭਲਾ ਮਾਰੀਏ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਖ਼ੁਦਕੁਸ਼ੀਆਂ ਦਾ ਵਧ ਰਿਹਾ ਵਰਤਾਰਾ
17.06.16 - ਬੇਅੰਤ ਸਿੰਘ ਬਾਜਵਾ
ਖ਼ੁਦਕੁਸ਼ੀਆਂ ਦਾ ਵਧ ਰਿਹਾ ਵਰਤਾਰਾਹਰ ਰੋਜ਼ ਸਵੇਰੇ ਜਦੋਂ ਅਖ਼ਬਾਰ 'ਤੇ ਝਾਤੀ ਮਾਰੀਏ ਤਾਂ ਹਰ ਅਖ਼ਬਾਰ ਦੇ ਪਹਿਲੇ ਪੰਨੇ ਉੱਤੇ ਖ਼ੁਦਕੁਸ਼ੀ ਦੀ ਕੋਈ ਨਾ ਕੋਈ ਖ਼ਬਰ ਜ਼ਰੂਰ ਛਪੀ ਹੁੰਦੀ ਹੈ। ਭਾਵੇਂ ਪੂਰੇ ਭਾਰਤ ਵਿੱਚ ਖ਼ੁਦਕੁਸ਼ੀਆਂ ਦਾ ਵਰਤਾਰਾ ਚੱਲ ਰਿਹਾ ਹੈ ਪਰ ਇਨ੍ਹੀਂ ਦਿਨੀਂ ਪੰਜਾਬ ਵਿੱਚ ਖ਼ੁਦਕੁਸ਼ੀਆਂ ਦੀਆਂ ਖ਼ਬਰਾਂ ਵਧੇਰੇ ਸੁਣਨ-ਪੜ੍ਹਨ ਨੂੰ ਮਿਲ ਰਹੀਆਂ ਹਨ। ਪੰਜਾਬ ਵਿੱਚ ਖ਼ੁਦਕੁਸ਼ੀਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਕਰਜ਼ੇ ਹੇਠ ਦੱਬੇ ਕਿਸਾਨ, ਪੜ੍ਹਾਈ ਵਿੱਚੋਂ ਨਾਕਾਮ ਵਿਦਿਆਰਥੀ, ਬੇਰੁਜ਼ਗਾਰ ਪੀੜ੍ਹੀ ਅਤੇ ਆਰਥਿਕ ਤੰਗੀ ਦੇ ਚੱਲਦਿਆਂ ਪੂਰੇ ਦੇ ਪੂਰੇ ਪਰਿਵਾਰ ਖ਼ੁਦਕੁਸ਼ੀਆਂ ਦੀ ਭੇਟ ਚੜ੍ਹਦੇ ਜਾ ਰਹੇ ਹਨ। ਅੱਜ ਹਰ ਬੁੱਧੀਜੀਵੀ ਇਹ ਸੋਚਣ ਲਈ ਮਜਬੂਰ ਹੈ ਕਿ ਆਖ਼ਰ ਇਹ ਵਰਤਾਰਾ ਕਦੋਂ ਤਕ ਇਸੇ ਤਰ੍ਹਾਂ ਚੱਲਦਾ ਰਹੇਗਾ। ਅਜੋਕੇ ਸਮੇਂ ਵਿੱਚ ਪੰਜਾਬ ਦਾ ਕਿਸਾਨ ਮਾੜੇ ਆਰਥਿਕ ਢਾਂਚੇ ਅਤੇ ਮੰਦਹਾਲੀ ਦੇ ਚੱਲਦਿਆਂ ਖ਼ੁਦਕੁਸ਼ੀਆਂ ਦੇ ਰਾਹ ਪੈ ਗਿਆ ਹੈ। ਭਾਵੇਂ ਇਤਿਹਾਸ ਵਿੱਚ ਕਿਸਾਨ ਨੂੰ ਦੇਸ਼ ਦਾ ਅੰਨਦਾਤਾ ਆਖਿਆ ਜਾ ਰਿਹਾ ਹੈ ਪਰ ਅਸਲ ਵਿੱਚ ਉਹ ਮਾੜੀ ਆਰਥਿਕ ਤੰਗੀ ਦੀ ਸਥਿਤੀ ਵਿੱਚੋਂ ਗੁਜ਼ਰ ਰਿਹਾ ਹੈ।

ਬੁੱਧੀਜੀਵੀਆਂ ਅਨੁਸਾਰ ਖ਼ੁਦਕੁਸ਼ੀਆਂ ਦੇ ਕਈ ਕਾਰਨ ਹਨ। ਇਨ੍ਹਾਂ ਵਿੱਚੋਂ ਸਭ ਤੋਂ ਵੱਡਾ ਅਤੇ ਮੁੱਖ ਕਾਰਨ ਕਿਸਾਨਾਂ ਕੋਲੋਂ ਉਨ੍ਹਾਂ ਦੀਆਂ ਖੁਸ ਰਹੀਆਂ ਜ਼ਮੀਨਾਂ ਹਨ। ਪਿਛਲੇ ਸਾਲਾਂ ਵਿੱਚ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਧਨਾਢ ਲੋਕਾਂ ਅਤੇ ਬਾਹਰਲੀਆਂ ਕੰਪਨੀਆਂ ਨੇ ਆਪਣੇ ਕਬਜ਼ੇ ਕਰ ਲਏ ਹਨ। ਸੂਬੇ ਵਿੱਚ ਵੱਖ-ਵੱਖ ਥਾਵਾਂ 'ਤੇ ਸੈਂਕੜੇ ਏਕੜ ਜ਼ਮੀਨ ਐਕੁਆਇਰ ਕੀਤੀ ਗਈ ਅਤੇ ਕੀਤੀ ਜਾ ਰਹੀ ਹੈ, ਜਿਸ ਦਾ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਜਿਸ ਮਕਸਦ ਲਈ ਕਿਸਾਨਾਂ ਦੀ ਜ਼ਮੀਨ ਐਕੁਆਇਰ ਕੀਤੀ ਗਈ ਸੀ, ਉਸ ਨੂੰ ਉਸ ਮਕਸਦ ਲਈ ਨਹੀਂ ਵਰਤਿਆ ਗਿਆ ਅਤੇ ਨਾ ਹੀ ਕਿਸਾਨਾਂ ਨੂੰ ਜ਼ਮੀਨਾਂ ਦੀ ਵਾਜਬ ਕੀਮਤ ਮਿਲੀ। ਜ਼ਮੀਨ ਐਕੁਆਇਰ ਕਰਨ ਸਬੰਧੀ ਕੀਤੇ ਵਿਰੋਧ ਪ੍ਰਦਰਸ਼ਨ ਵਿੱਚ ਕਈ ਕਿਸਾਨਾਂ ਨੇ ਕੁਰਬਾਨੀਆਂ ਵੀ ਦਿੱਤੀਆਂ, ਪਰ ਉਨ੍ਹਾਂ ਦੇ ਸੰਘਰਸ਼ਾਂ ਨੂੰ ਬੂਰ ਨਹੀਂ ਪਿਆ ਅਤੇ ਜ਼ਮੀਨਾਂ ਐੈਕੁਆਇਰ ਹੋ ਗਈਆਂ। ਜਿਨ੍ਹਾਂ ਕਿਸਾਨਾਂ ਦੀਆਂ ਜ਼ਮੀਨਾਂ ਖੁਸ ਗਈਆਂ ਉਨ੍ਹਾਂ ਵਿੱਚੋਂ ਕਈਆਂ ਨੇ ਖ਼ੁਦਕੁਸ਼ੀਆਂ ਕਰ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ।

ਖ਼ੁਦਕੁਸ਼ੀਆਂ ਦਾ ਦੂਸਰਾ ਕਾਰਨ ਮਹਿੰਗਾਈ ਨੂੰ ਮੰਨਿਆ ਜਾ ਰਿਹਾ ਹੈ। ਇਸ ਕਾਰਨ ਖੇਤੀਬਾੜੀ ਸਿਸਟਮ ਦਾ ਤਾਣਾ-ਬਾਣਾ ਹੀ ਉਲਝ ਗਿਆ ਹੈ। ਅੱਜ ਫ਼ਸਲ ਪੈਦਾਵਾਰ ਲਈ ਹਰ ਵਸਤੂ ਦੀ ਕੀਮਤ ਚੌਗੁਣੀ ਵੱਧ ਚੁੱਕੀ ਹੈ। ਫ਼ਸਲਾਂ ਲਈ ਵਰਤੇ ਜਾਂਦੇ ਖਾਦ ਪਦਾਰਥਾਂ ਤੋਂ ਸਬਸਿਡੀ ਖ਼ਤਮ ਹੋ ਜਾਣ ਨਾਲ ਕਾਰਨ ਇਨ੍ਹਾਂ ਦੇ ਰੇਟ ਵਧ ਗਏ ਹਨ। ਨਕਲੀ ਬੀਜ ਤੇ ਕੀਟਨਾਸ਼ਕ ਦਵਾਈਆਂ ਨੇ ਖੇਤੀਬਾੜੀ ਦੇ ਧੰਦੇ ਨੂੰ ਢਾਹ ਲਗਾ ਕੇ ਰੱਖ ਦਿੱਤੀ ਹੈ। ਹੱਡ-ਭੰਨਵੀਂ ਮਿਹਨਤ ਕਰਨ ਦੇ ਬਾਵਜੂਦ ਕਿਸਾਨਾਂ ਦੇ ਪੱਲੇ ਕੁਝ ਨਹੀਂ ਪੈਂਦਾ। ਪਿਛਲੇ ਦਿਨੀਂ ਇੱਕੋ ਦਿਨ ਵਿੱਚ ਖ਼ੁਦਕੁਸ਼ੀਆਂ ਦੀਆਂ ਚਾਰ ਖ਼ਬਰਾਂ ਅਖ਼ਬਾਰ ਵਿੱਚ ਛਪੀਆਂ ਜਿਸ ਵਿੱਚ ਪਤੀ ਪਤਨੀ ਨੇ ਆਰਥਿਕ ਤੰਗੀ ਦੇ ਚਲਦਿਆਂ ਖ਼ੁਦਕੁਸ਼ੀ ਕਰ ਲਈ ਸੀ। ਇਸੇ ਤਰ੍ਹਾ ਬਠਿੰਡਾ ਜ਼ਿਲ੍ਹੇ ਵਿੱਚ ਪੈਂਦੇ ਇੱਕ ਪਿੰਡ ਦੇ ਕਿਸਾਨ ਨੇ ਖ਼ੁਦਕੁਸ਼ੀ ਕਰ ਲਈ ਸੀ ਕਿਉਂਕਿ ਉਸ ਨੇ ਜ਼ਮੀਨ ਵੇਚ ਕੇ ਜਿਸ ਆੜ੍ਹਤੀਏ ਕੋਲ ਪੈਸੇ ਰੱਖੇ ਸਨ, ਉਸ ਦੀ ਮੌਤ ਹੋ ਗਈ ਤੇ ਆੜ੍ਹਤੀਏ ਦਾ ਪਰਿਵਾਰ ਮੁਕਰ ਗਿਆ। ਇਸੇ ਤਰ੍ਹਾਂ ਖ਼ੁਦਕੁਸ਼ੀ ਦੀਆਂ ਦੋ ਹੋਰ ਖ਼ਬਰਾਂ ਅਨੁਸਾਰ ਬੀ.ਏ. ਦੀ ਇੱਕ ਵਿਦਿਆਰਥਣ ਅਤੇ ਇੱਕ ਸੱਤਵੀਂ ਜਮਾਤ ਦੇ ਵਿਦਿਆਰਥੀ ਨੇ ਪੜ੍ਹਾਈ ਵਿੱਚੋਂ ਫੇਲ੍ਹ ਹੋਣ ਕਰ ਕੇ ਖ਼ੁਦਕੁਸ਼ੀ ਕਰ ਲਈ ਸੀ।

ਸੂਬੇ ਵਿੱਚ ਪਿਛਲੇ ਕੁਝ ਸਮੇਂ ਤੋਂ ਖ਼ੁਦਕੁਸ਼ੀਆਂ ਦਾ ਵਰਤਾਰਾ ਕਾਫ਼ੀ ਵਧ ਚੁੱਕਾ ਹੈ ਜਿਸ ਵੱਲ ਸਰਕਾਰ ਨੂੰ ਉਚੇਚੇ ਤੌਰ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਦੇਸ਼ ਵਿੱਚ ਲਗਾਤਾਰ ਵਧ ਰਹੀ ਮਹਿੰਗਾਈ ਨੇ ਆਮ ਆਦਮੀ ਅਤੇ ਦਰਮਿਆਨੇ ਕਿਸਾਨ ਦਾ ਲੱਕ ਤੋੜ ਕੇ ਰੱਖ ਦਿੱਤਾ ਹੈ। ਰੋਜ਼ਾਨਾ ਵਰਤੋਂ ਦੀਆਂ ਵਸਤਾਂ ਦੇ ਵਧਦੇ ਰੇਟਾਂ ਨੇ ਹਰ ਆਦਮੀ ਦਾ ਜਿਊਣਾ ਮੁਸ਼ਕਿਲ ਕਰ ਦਿੱਤਾ ਹੈ। ਬੇਰੁਜ਼ਗਾਰੀ ਵੀ ਖ਼ੁਦਕੁਸ਼ੀਆਂ ਦਾ ਇੱਕ ਕਾਰਨ ਹੈ। ਦੇਸ਼ ਦੇ ਪੜ੍ਹੇ-ਲਿਖੇ ਨੌਜਵਾਨ ਬੇਰੁਜ਼ਗਾਰ ਘੁੰਮ ਰਹੇ ਹਨ, ਉਨ੍ਹਾਂ ਲਈ ਰੁਜ਼ਗਾਰ ਦਾ ਕੋਈ ਵਸੀਲਾ ਨਹੀਂ ਰਿਹਾ। ਨੌਜਵਾਨ ਪੀੜ੍ਹੀ ਰੁਜ਼ਗਾਰ ਨਾ ਮਿਲਣ ਕਾਰਨ ਨਸ਼ਿਆਂ ਦੀ ਦਲਦਲ ਵਿੱਚ ਫਸ ਕੇ ਮੌਤ ਨੂੰ ਗਲੇ ਲਗਾ ਰਹੀ ਹੈ। ਹਰ ਰੋਜ਼ ਨਿਊਜ਼ ਚੈਨਲਾਂ ਜਾਂ ਅਖ਼ਬਾਰਾਂ ਵਿੱਚ ਬੇਰੁਜ਼ਗਾਰ ਨੌਜਵਾਨਾਂ ਵੱਲੋਂ ਖ਼ੁਦਕੁਸ਼ੀਆਂ ਕਰਨ ਦੀਆਂ ਖ਼ਬਰਾਂ ਸੁਣਨ-ਪੜ੍ਹਨ ਨੂੰ ਮਿਲਦੀਆਂ ਹਨ।

ਖ਼ੁਦਕੁਸ਼ੀਆਂ ਦੇ ਵਧਦੇ ਵਰਤਾਰੇ ਲਈ ਕਿਤੇ ਨਾ ਕਿਤੇ ਅਸੀਂ ਖ਼ੁਦ ਵੀ ਜ਼ਿੰਮੇਵਾਰ ਹਾਂ। ਮਹਿੰਗਾਈ ਦੇ ਇਸ ਦੌਰ ਵਿੱਚ ਅਸੀਂ ਝੂਠੀ ਤੇ ਫੋਕੀ ਸ਼ੋਹਰਤ ਲਈ ਵਿਆਹਾਂ-ਸ਼ਾਦੀਆਂ ਵਿੱਚ ਆਪਣੀ ਪਹੁੰਚ ਤੋਂ ਜ਼ਿਆਦਾ ਖ਼ਰਚ ਕਰਦੇ ਹਾਂ ਤਾਂ ਜੋ ਦੁੂਜੇ ਨੂੰ ਆਪਣੇ ਤੋਂ ਨੀਵਾਂ ਦਿਖਾ ਸਕੀਏ। ਫੋਕੀ ਵਾਹ-ਵਾਹ ਖੱਟਣ ਲਈ ਹੱਦੋਂ ਵੱਧ ਕੀਤਾ ਖ਼ਰਚ ਸਾਡੇ ਆਰਥਿਕ ਢਾਂਚੇ ਨੂੰ ਵਿਗਾੜ ਦਿੰਦਾ ਹੈ। ਵਿਆਹ ਸਮਾਗਮਾਂ ਵਿੱਚ ਮਹਿੰਗੇ ਤੋਂ ਮਹਿੰਗੇ ਮੈਰਿਜ ਪੈਲੇਸ, ਮਹਿੰਗੀ ਸ਼ਰਾਬ, ਭਾਂਤ-ਭਾਂਤ ਦੇ ਮਹਿੰਗੇ ਖਾਣੇ, ਵੱਡੀ ਮਾਤਰਾ ਵਿੱਚ ਦਾਜ ਦੇ ਲੈਣ-ਦੇਣ ਨੂੰ ਆਮ ਲੋਕ ਰੀਤੀ ਰੀਵਾਜ਼ ਦਾ ਨਾਂ ਦਿੰਦੇ ਹਨ ਪਰ ਸਾਡੇ ਬੁੱਧੀਜੀਵੀਆਂ ਅਨੁਸਾਰ ਇਹ ਰੀਤੀ ਰੀਵਾਜ਼ ਨਹੀਂ ਸਗੋਂ ਸਮਾਜਿਕ ਕੁਰੀਤੀਆਂ ਹਨ ਜੋ ਕਿਤੇ ਨਾ ਕਿਤੇ ਖ਼ੁਦਕੁਸ਼ੀਆਂ ਦਾ ਕਾਰਨ ਬਣਦੇ ਹਨ। ਅਮੀਰ ਲੋਕਾਂ ਵੱਲੋਂ ਬਣਾਏ ਅਜਿਹੇ ਰੀਤੀ ਰੀਵਾਜ਼ ਹੀ ਗ਼ਰੀਬਾਂ ਦੀਆਂ ਧੀਆਂ ਦੀਆਂ ਖ਼ੁਦਕੁਸ਼ੀਆਂ ਦਾ ਕਾਰਨ ਬਣਦੇ ਹਨ ਕਿਉਂਕਿ ਦਾਜ ਵੀ ਅਕਸਰ ਨਵ-ਵਿਆਹੁਤਾ ਲੜਕੀਆਂ ਵੱਲੋਂ ਖ਼ੁਦਕੁਸ਼ੀਆਂ ਦਾ ਕਾਰਨ ਬਣਦਾ ਹੈ। ਅੱਜ ਸਰਕਾਰਾਂ ਅਤੇ ਲੋਕਾਂ ਨੂੰ ਖ਼ੁਦਕੁਸ਼ੀਆਂ ਦੇ ਇਸ ਵਰਤਾਰੇ ਨੂੰ ਠੱਲ੍ਹ ਪਾਉਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ। ਸਰਕਾਰਾਂ ਨੂੰ ਆਮ ਲੋਕਾਂ ਤੇ ਕਿਸਾਨਾਂ, ਵਿਦਿਆਰਥੀਆਂ ਲਈ ਯੋਗ ਨੀਤੀਆਂ ਬਣਾ ਕੇ ਨੌਜਵਾਨਾਂ ਨੂੰ ਰੁਜ਼ਗਾਰ ਦੇ ਕੇ ਖ਼ੁਦਕੁਸ਼ੀਆਂ ਨੂੰ ਰੋਕਣ ਦੇ ਯਤਨ ਕਰਨੇ ਚਾਹੀਦੇ ਹਨ। ਕੁਝ ਕਾਰਗਰ ਕਦਮ ਚੁੱਕ ਕੇ ਹੀ ਪੰਜਾਬ ਦੀ ਕਿਰਸਾਨੀ ਨੂੰ ਬਚਾਇਆ ਜਾ ਸਕਦਾ ਹੈ ਦੇ ਪੰਜਾਬ ਨੂੰ ਖ਼ੁਸ਼ਹਾਲ ਬਣਾਇਆ ਜਾ ਸਕਦਾ ਹੈ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਧਰਤੀ ਹੇਠਲੇ ਪਾਣੀ ਦਾ ਸੰਕਟ
17.06.16 - ਗੋਪੀ ਰਾਊਕੇ
ਧਰਤੀ ਹੇਠਲੇ ਪਾਣੀ ਦਾ ਸੰਕਟਪੰਜਾਬ ਵਿੱਚ ਧਰਤੀ ਹੇਠਲੇ ਪਾਣੀ ਦੇ ਹੱਦ ਦਰਜੇ ਦੀ ਨਿਵਾਣ 'ਤੇ ਪੁੱਜ ਜਾਣ ਕਾਰਨ ਪਾਣੀ ਦਾ ਸੰਕਟ ਦਿਨੋ-ਦਿਨ ਗੰਭੀਰ ਰੂਪ ਧਾਰਨ ਕਰਦਾ ਜਾ ਰਿਹਾ ਹੈ। ਸੂਬੇ ਵਿੱਚ ਪਾਣੀ ਦੇ ਡੂੰਘਾ ਹੋਣ ਦਾ ਮੁੱਖ ਕਾਰਨ 1966 ਵਿੱਚ ਆਈ ਹਰੀ ਕ੍ਰਾਂਤੀ ਨੂੰ ਮੰਨਿਆ ਜਾ ਰਿਹਾ ਹੈ। ਹਰੀ ਕ੍ਰਾਂਤੀ ਕਾਰਨ ਪੰਜਾਬ ਦੇ ਕਿਸਾਨਾਂ ਨੇ ਹੋਰ ਫ਼ਸਲਾਂ ਦੀ ਖੇਤੀ ਨੂੰ ਘਟਾ ਕੇ ਝੋਨੇ ਅਤੇ ਕਣਕ ਦੀ ਫ਼ਸਲ ਦੀ ਕਾਸ਼ਤ ਕਰਨੀ ਸ਼ੁਰੂ ਕਰ ਦਿੱਤੀ। ਭਾਵੇਂ ਕਣਕ ਦੀ ਫ਼ਸਲ 'ਤੇ ਪਾਣੀ ਦੀ ਜ਼ਿਆਦਾ ਖਪਤ ਨਹੀਂ ਹੁੰਦੀ ਪਰ ਝੋਨੇ ਵਿੱਚ ਲਗਾਤਾਰ ਪਾਣੀ ਖੜ੍ਹਾ ਰੱਖਣ ਕਰ ਕੇ ਪੰਜਾਬ ਰੇਗਿਸਤਾਨ ਦਾ ਰੂਪ ਧਾਰਨ ਕਰਦਾ ਜਾ ਰਿਹਾ ਹੈ। ਪਿਛਲੇ ਤਿੰਨ-ਚਾਰ ਦਹਾਕੇ ਤੋਂ ਸੂਬੇ ਦੇ ਕਿਸਾਨਾਂ ਨੇ ਕਣਕ ਅਤੇ ਝੋਨੇ ਦਾ ਰਵਾਇਤੀ ਫ਼ਸਲੀ ਚੱਕਰ ਪੂਰੀ ਤਰ੍ਹਾਂ ਅਪਣਾਉਂਦਿਆਂ ਹੋਰ ਫ਼ਸਲਾਂ ਦੀ ਬੀਜਾਈ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਲਿਆ ਹੈ। ਦਿਨ-ਰਾਤ ਮਿਹਨਤ ਕਰਨ ਵਾਲੇ ਪੰਜਾਬ ਦੇ ਕਿਸਾਨਾਂ ਨੇ ਇਨ੍ਹਾਂ ਫ਼ਸਲਾਂ (ਕਣਕ ਅਤੇ ਝੋਨੇ) ਦੀ ਅਜਿਹੀ ਖੇਤੀ ਕੀਤੀ ਕਿ ਸਿਰਫ਼ ਡੇਢ ਫ਼ੀਸਦੀ ਰਕਬੇ ਦਾ ਮਾਲਕ, ਅੱਜ ਦੇਸ਼ ਦੇ ਅੰਨ-ਭੰਡਾਰ ਵਿੱਚ ਆਪਣਾ ਯੋਗਦਾਨ ਪਾ ਰਿਹਾ ਹੈ।

ਹਰੀ ਕ੍ਰਾਂਤੀ ਨੇ ਬਿਨਾਂ ਸ਼ੱਕ ਪੰਜਾਬ ਦੇ ਕਿਸਾਨਾਂ ਦੀ ਆਰਥਿਕਤਾ ਨੂੰ ਤਾਂ ਮਜ਼ਬੂਤ ਕੀਤਾ ਹੈ ਪਰ ਇਸ ਦੇ ਨਾਲ ਹੀ ਪੰਜ ਪਾਣੀਆਂ ਦੀ ਧਰਤੀ ਵਜੋਂ ਜਾਣੇ ਜਾਂਦੇ ਪੰਜਾਬ ਦੇ ਲੋਕਾਂ ਨੂੰ ਪਾਣੀ ਦੇ ਗੰਭੀਰ ਸੰਕਟ ਪੈਦਾ ਹੋਣ ਦੇ ਮੋੜ 'ਤੇ ਵੀ ਲਿਆ ਕੇ ਖੜ੍ਹਾ ਕਰ ਦਿੱਤਾ ਹੈ। ਕੁਝ ਸਮਾਂ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਪੰਜਾਬ ਦੀ ਧਰਤੀ 'ਤੇ ਹਰ ਤਰ੍ਹਾਂ ਦੀ ਖੇਤੀ ਦੀ ਕਾਸ਼ਤ ਕੀਤੀ ਜਾ ਸਕਦੀ ਹੈ ਪਰ ਲਗਾਤਾਰ ਬੀਜਾਦ ਕੀਤੀਆਂ ਇੱਕੋ ਜਿਹੀਆਂ ਫ਼ਸਲਾਂ ਨੇ ਪੰਜਾਬ ਦੀ ਉਪਜਾਊ ਸ਼ਕਤੀ ਨੂੰ ਵੀ ਵੱਡੀ ਢਾਅ ਲਾਈ ਹੈ। ਹਰੀ ਕ੍ਰਾਂਤੀ ਦੇ ਸਮੇਂ ਪੰਜਾਬ ਵਿੱਚ ਖੇਤੀ ਮੋਟਰਾਂ ਦੀ ਗਿਣਤੀ ਸਿਰਫ਼ 1 ਲੱਖ ਦੇ ਕਰੀਬ ਸੀ ਜੋ ਹੁਣ 14 ਲੱਖ ਦੇ ਨੇੜੇ ਪੁੱਜ ਗਈ ਹੈ। ਹਰ ਵਰ੍ਹੇ ਝੋਨੇ ਦੇ ਸੀਜ਼ਨ ਦੌਰਾਨ ਪੰਜਾਬ ਵਿੱਚ ਕਿਸਾਨਾਂ ਵੱਲੋਂ ਧਰਤੀ ਹੇਠਲੇ ਪਾਣੀ ਨੂੰ ਇੰਨੀ ਤੇਜ਼ੀ ਨਾਲ ਧਰਤੀ ਦੇ ਹੇਠੋਂ ਕੱਢਿਆ ਜਾ ਰਿਹਾ ਹੈ ਕਿ ਹਰ ਵਰ੍ਹੇ ਧਰਤੀ ਹੇਠਲਾ ਪਾਣੀ ਡੂੰਘਾ ਹੁੰਦਾ ਜਾ ਰਿਹਾ ਹੈ। ਧਰਤੀ ਹੇਠਲੇ ਪਾਣੀ ਦੀ ਦਿਨੋ-ਦਿਨ ਹੋ ਰਹੀ ਦੁਰਵਰਤੋਂ ਕਰ ਕੇ ਪੰਜਾਬ ਦੇ 142 ਬਲਾਕਾਂ ਵਿੱਚੋਂ 110 ਨੂੰ ਪੰਜਾਬ ਸਰਕਾਰ ਅਤੇ ਖੇਤੀਬਾੜੀ ਯੂਨੀਵਰਸਿਟੀ ਦੇ ਅਧਿਕਾਰੀਆਂ ਵੱਲੋਂ ਡਾਰਕ ਜ਼ੋਨ ਐਲਾਨਿਆ ਜਾ ਚੁੱਕਾ ਹੈ। ਇਨ੍ਹਾਂ ਡਾਰਕ ਜ਼ੋਨ ਐਲਾਨੇ ਬਲਾਕਾਂ ਵਿੱਚ ਖੇਤੀ ਮੋਟਰਾਂ ਲਈ ਨਵੇਂ ਬੋਰ ਕਰਨ 'ਤੇ ਵੀ ਪਾਬੰਦੀ ਲਗਾਈ ਗਈ ਹੈ।

ਧਰਤੀ ਹੇਠਲਾ ਪਾਣੀ ਡੂੰਘਾ ਹੋਣ ਦੇ ਨਾਲ-ਨਾਲ ਪ੍ਰਦੂਸ਼ਿਤ ਵੀ ਹੋ ਗਿਆ ਹੈ। ਰਾਜ ਦੇ ਕਿਸਾਨਾਂ ਨੂੰ ਖੇਤੀ ਮਾਹਿਰਾਂ ਵੱਲੋਂ ਬਿਨਾਂ ਸਲਾਹ ਆਪਣੀਆਂ ਫ਼ਸਲਾਂ 'ਤੇ ਖਾਦਾਂ ਅਤੇ ਕੀਟਨਾਸ਼ਕ ਦਵਾਈਆਂ ਦਾ ਛਿੜਕਾਅ ਨਾ ਕਰਨ ਦੀਆਂ ਕੀਤੀਆਂ ਜਾਂਦੀਆਂ ਅਪੀਲਾਂ ਦੇ ਬਾਵਜੂੁਦ ਕਿਸਾਨਾਂ ਵੱਲੋਂ ਇਨ੍ਹਾਂ ਜ਼ਹਿਰਾਂ ਦੀ ਕੀਤੀ ਜਾ ਰਹੀ ਵਰਤੋਂ ਕਰ ਕੇ ਰਾਜ ਦੇ 12 ਹਜ਼ਾਰ ਦੇ ਲਗਪਗ ਪਿੰਡਾਂ ਦਾ ਪਾਣੀ ਪੀਣ ਯੋਗ ਨਹੀਂ ਰਿਹਾ ਹੈ। ਇਨ੍ਹਾਂ ਪਿੰਡਾਂ ਦੇ ਪਾਣੀ ਵਿੱਚ ਯੂਰੇਨੀਅਮ ਤੱਤਾਂ ਦੀ ਬਹੁਤਾਤ ਹੋਣ ਕਾਰਨ ਇਸ ਪਾਣੀ ਨੂੰ ਸਿਹਤ ਵਿਭਾਗ ਅਤੇ ਹੋਰ ਵਿਗਿਆਨੀਆਂ ਨੇ ਨਾ ਪੀਣ ਯੋਗ ਕਰਾਰ ਦਿੱਤਾ ਹੈ। ਇਸ ਦੂਸ਼ਿਤ ਪਾਣੀ ਕਾਰਨ ਹੀ ਸੂਬੇ ਦੇ ਲੋਕ ਕੈਂਸਰ, ਕਾਲਾ ਪੀਲੀਆ ਅਤੇ ਹੋਰ ਭਿਆਨਕ ਬੀਮਾਰੀਆਂ ਦੇ ਸ਼ਿਕਾਰ ਹੋ ਗਏ ਹਨ। ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਰਵਾਇਤੀ ਫ਼ਸਲੀ ਚੱਕਰ ਕਾਰਨ ਖ਼ੁਸ਼ਹਾਲ ਪੰਜਾਬ ਮਾਰੂਥਲ ਵਿੱਚ ਤਬਦੀਲ ਹੋ ਰਿਹਾ ਹੈ। ਜੇਕਰ ਅਸੀਂ ਹਾਲੇ ਵੀ ਨਾ ਸੰਭਲੇ ਤਾਂ ਉਹ ਦਿਨ ਦੂਰ ਨਹੀਂ ਜਦੋਂ ਪੰਜਾਬੀ ਬੂੰਦ-ਬੂੰਦ ਪਾਣੀ ਨੂੰ ਵੀ ਤਰਸਣ ਲੱਗ ਜਾਣਗੇ।

ਪੰਜਾਬ ਸਰਕਾਰ ਨੇ ਰਾਜ ਵਿੱਚ ਪਾਣੀ ਦੇ ਸੰਕਟ ਨੂੰ ਧਿਆਨ ਵਿੱਚ ਰੱਖਦਿਆਂ ਇੱਕ ਨੋਟੀਫਿਕੇਸ਼ਨ ਜਾਰੀ ਕਰ ਕੇ ਪਹਿਲਾਂ 10 ਅਤੇ ਇਸ ਵਰ੍ਹੇ 15 ਜੂਨ ਤੋਂ ਝੋਨੇ ਦੀ ਬੀਜਾਈ ਕਰਨ ਦੇ ਆਦੇਸ਼ ਜਾਰੀ ਕੀਤੇ ਸਨ। ਇਸ ਨੋਟੀਫਿਕੇਸ਼ਨ ਕਰ ਕੇ ਭਾਵੇਂ ਧਰਤੀ ਹੇਠਲੇ ਪਾਣੀ ਦੇ ਡੂੰਘੇ ਹੋਣ ਤੋਂ ਕੁਝ ਰਾਹਤ ਮਿਲੀ ਹੈ ਪਰ ਹਾਲੇ ਵੀ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਬਹੁਤ ਕੁਝ ਕਰਨ ਦੀ ਲੋੜ ਹੈ। ਪਿਛਲੇ ਇੱਕ ਦਹਾਕੇ ਤੋਂ ਪੰਜਾਬ ਦੇ ਕਿਸਾਨਾਂ ਨੂੰ ਫ਼ਸਲੀ ਚੱਕਰ ‘ਚੋਂ ਕੱਢ ਕੇ ਫ਼ਸਲੀ ਵਿਭਿੰਨਤਾ ਵਾਲੇ ਪਾਸੇ ਲਿਆਉਣ ਦੇ ਦਾਅਵੇ ਕਰ ਰਿਹਾ ਸੂਬੇ ਦਾ ਖੇਤੀਬਾੜੀ ਵਿਭਾਗ ਹਾਲੇ ਤਕ ਕਿਸਾਨਾਂ ਨੂੰ ਫ਼ਸਲੀ ਵਿਭਿੰਨਤਾ ਵਾਲੇ ਪਾਸੇ ਲਿਆਉਣ ਵਿੱਚ ਪੂਰੀ ਤਰ੍ਹਾਂ ਕਾਮਯਾਬ ਹੁੰਦਾ ਦਿਖਾਈ ਨਹੀਂ ਦੇ ਰਿਹਾ। ਇਸ ਦਾ ਕਾਰਨ ਸਰਕਾਰ ਵੱਲੋਂ ਕਣਕ ਅਤੇ ਝੋਨੇ ਤੋਂ ਬਿਨਾਂ ਸਬਜ਼ੀਆਂ, ਫ਼ਲਾਂ, ਫੁੱਲਾਂ, ਨਰਮਾ, ਕਪਾਹ, ਦਾਲਾਂ, ਸੂਰਜਮੁਖੀ ਸਮੇਤ ਬਾਕੀ ਫ਼ਸਲਾਂ ਦਾ ਪੱਕਾ ਭਾਅ ਤੈਅ ਨਾ ਕਰਨਾ ਹੈ। ਇਸੇ ਕਾਰਨ ਸੂਬੇ ਦੇ ਕਿਸਾਨ ਫ਼ਸਲੀ ਵਿਭਿੰਨਤਾ ਵਾਲੇ ਪਾਸੇ ਆਉਣ ਤੋਂ ਕੰਨੀ ਕਤਰਾ ਰਹੇ ਹਨ। ਜੇਕਰ ਅਸੀਂ ਧਰਤੀ ਹੇਠਲੇ ਪਾਣੀ ਨੂੰ ਬਚਾਉਣ ਲਈ ਯਤਨ ਨਾ ਕੀਤੇ ਤਾਂ ਆਉਣ ਵਾਲੀਆਂ ਨਸਲਾਂ ਸਾਨੂੰ ਕਦੇ ਮੁਆਫ਼ ਨਹੀਂ ਕਰਨਗੀਆਂ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 ਪੰਜਾਬ ਟੂਡੇ ਵੀਕਲੀ ਦਾ ਰਿਲੀਜ਼ ਸਮਾਗਮ
14.06.16 - ਪੀ ਟੀ ਟੀਮ
ਪੰਜਾਬ ਟੂਡੇ ਵੀਕਲੀ ਦਾ ਰਿਲੀਜ਼ ਸਮਾਗਮਦੋ ਵੈੱਬ ਨਿਊਜ਼ ਪੋਰਟਲ punjabtoday.in ਅਤੇ punjabtoday.net ਦੀ ਸਫ਼ਲਤਾ ਤੋਂ ਬਾਅਦ, ਪਾਠਕਾਂ ਦੀ ਨਿਰੰਤਰ ਫਰਮਾਇਸ਼ ’ਤੇ ਪੰਜਾਬ ਟੂਡੇ ਗਰੁੱਪ ਨੇ ਪੰਜਾਬ ਟੂਡੇ ਵੀਕਲੀ ਦੀ ਪ੍ਰਕਾਸ਼ਨਾ ਸ਼ੁਰੂ ਕੀਤੀ ਹੈ।
 ਪੰਜਾਬ ਟੂਡੇ ਵੀਕਲੀ ਦੇ ਉਦਘਾਟਨੀ ਸਮਾਗਮ ਵਿੱਚ ਕਈ ਮੰਤਰੀ, ਸਾਬਕਾ ਮੰਤਰੀ, ਐੱਮ.ਐੱਲ.ਏ., ਸਰਕਾਰੀ ਵਿਭਾਗਾਂ ਦੇ ਚੇਅਰਮੈਨ, ਉਦਯੋਗਪਤੀ, ਪੱਤਰਕਾਰ, ਕਾਰੋਬਾਰੀ, ਸਮਾਜਿਕ ਕਾਰਕੁੰਨ ਤੇ ਵੱਖ-ਵੱਖ ਪਾਰਟੀਆਂ ਦੇ ਰਾਜਨੀਤਿਕ ਲੀਡਰ ਹਾਜ਼ਰ ਸਨ। ਪੰਜਾਬ ਟੂਡੇ ਦੀ ਸਰਬ-ਸਾਂਝੀਵਾਲਤਾ ਦੀ ਸੋਚ ਅਤੇ ਪਰੰਪਰਾ ਅਨੁਸਾਰ ਵੀਕਲੀ ਦੀ ਪਹਿਲੀ ਕਾਪੀ ਇਸਨੂੰ ਛਾਪਣ ਵਾਲੇ ਮਸ਼ੀਨ ਆਪ੍ਰੇਟਰ ਅਰਵਿੰਦ ਕੁਮਾਰ ਵਲੋਂ ਰਿਲੀਜ਼ ਕੀਤੀ ਗਈ।

ਪੰਜਾਬ ਟੂਡੇ ਭਵਨ ਵਿਖੇ ਸਧਾਰਨ ਪਰ ਪ੍ਰਭਾਵਸ਼ਾਲੀ ਸਮਾਰੋਹ ਵਿਚ ਪੰਜਾਬ ਦੇ ਉਚ-ਸਿੱਖਿਆ ਤੇ ਭਾਸ਼ਾ ਮੰਤਰੀ ਸੁਰਜੀਤ ਸਿੰਘ ਰੱਖੜਾ ਨੇ ਪੰਜਾਬ ਟੂਡੇ ਵੀਕਲੀ ਨੂੰ ਇੱਕ ਵਧੀਆ ਪਹਿਲ ਕਿਹਾ ਅਤੇ ਖਾਸਕਰ ਪਹਿਲੇ ਅੰਕ ਨੂੰ ਵਾਤਾਵਰਣ ਵਿਸ਼ੇਸ਼ ਬਣਾਉਣ ਦੀ ਸ਼ਲਾਘਾ ਕਰਦਿਆਂ ਇਸਨੂੰ ਮਹੱਤਵਪੂਰਨ ਅਤੇ ਸਮੇਂ ਦੀ ਲੋੜ ਅਨੁਸਾਰ ਦਸਿਆ।

ਕਾਂਗਰਸ ਵਿਧਾਇਕ ਮਹਾਰਾਣੀ ਪ੍ਰਨੀਤ ਕੌਰ ਨੇ ਪੰਜਾਬ ਟੂਡੇ ਵੀਕਲੀ ਦੇ ਡੂੰਘੇ ਵਿਸ਼ਲੇਸ਼ਣੀ ਲੇਖਾਂ ਦੀ ਬਦੌਲਤ ਨੌਜਵਾਨ ਪੀੜੀ ਨਾਲ ਜੁੜਨ ਦੀ ਇਸ ਦੀ ਸਮਰੱਥਾ ਦੀ ਤਾਰੀਫ਼ ਕੀਤੀ।
ਪਟਿਆਲਾ ਦਿਹਾਤੀ ਤੋਂ ਵਿਧਾਇਕ ਬ੍ਰਹਮ ਮਹਿੰਦਰਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਵੈੱਬਸਾਈਟਸ ਦੀ ਸਫ਼ਲਤਾ ਤੋਂ ਬਾਅਦ ਉਨ੍ਹਾਂ ਨੂੰ ਉਮੀਦ ਹੈ ਕਿ ਪੰਜਾਬ ਟੂਡੇ ਵੀਕਲੀ ਵੀ ਲੋਕਾਂ ਨੂੰ ਸਰਬਪੱਖੀ ਜਾਣਕਾਰੀ ਪ੍ਰਦਾਨ ਕਰੇਗਾ।

ਪੰਜਾਬ ਵਿਧਾਨ ਸਭਾ ਦੇ ਸਾਬਕਾ ਡਿਪਟੀ ਸਪੀਕਰ ਬੀਰ ਦਵਿੰਦਰ ਸਿੰਘ ਨੇ ਪੰਜਾਬ ਟੂਡੇ ਵੀਕਲੀ ਦੀ ਇੱਕ ਉੱਤਮ ਪ੍ਰੋਜੈਕਟ ਵਜੋਂ ਪ੍ਰਸ਼ੰਸ਼ਾ ਕੀਤੀ। ਉਨ੍ਹਾਂ ਕਿਹਾ ਕਿ ਅਜਿਹੇ ਵਕਤ ’ਚ ਜਦ ਮੀਡੀਆ ਮਹੱਤਵਪੂਰਨ ਮੁੱਦਿਆਂ ਨੂੰ ਦਬਾ ਕੇ ਮਾਮੂਲੀ ਗੱਲਾਂ ਨੂੰ ਅਹਿਮੀਅਤ ਦੇ ਰਿਹਾ ਹੈ, ਪੰਜਾਬ ਟੂਡੇ ਨੂੰ ਨੈਤਿਕ ਪੱਤਰਕਾਰੀ ਦੇ ਖੇਤਰ ’ਚ ਇੱਕ ਖਾਸ ਭੂਮਿਕਾ ਅਦਾ ਕਰਨੀ ਹੋਵੇਗੀ।
ਸਮਾਗਮ ਦੀ ਸ਼ੁਰੂਆਤ ਵਿਚ ਸੀ.ਏ. ਰੰਜੀਤ ਭਾਂਬਰੀ ਨੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਅਤੇ ਅੰਤ ਵਿਚ ਸੀ.ਏ. ਅਨਿਲ ਅਰੋੜਾ ਨੇ ਸਭ ਦਾ ਧੰਨਵਾਦ ਕੀਤਾ।

ਇਸ ਮੌਕੇ ਇੰਦਰਮੋਹਨ ਸਿੰਘ ਬਜਾਜ, ਪ੍ਰਧਾਨ, ਸ਼੍ਰੋਮਣੀ ਅਕਾਲੀ ਦਲ, ਜ਼ਿਲਾ ਪਟਿਆਲਾ ਸ਼ਹਿਰੀ, ਸੁਰਜੀਤ ਸਿੰਘ ਅਬਲੋਵਾਲ, ਚੇਅਰਮੈਨ, ਪੰਜਾਬ ਟੂਰੀਜ਼ਮ ਡਿਵੈਲਪਮੈਂਟ ਕਾਰਪੋਰੇਸ਼ਨ, ਵਿਸ਼ਨੂ ਸ਼ਰਮਾ, ਚੇਅਰਮੈਨ, ਪਟਿਆਲਾ ਇੰਪਰੂਵਮੈਂਟ ਟ੍ਰੱਸਟ, ਮਨਜੀਤ ਸਿੰਘ ਨਾਰੰਗ, ਆਈ.ਏ.ਐੱਸ., ਹਰਵਿੰਦਰ ਸਿੰਘ ਖਾਲਸਾ, ਵਾਈਸ ਚੇਅਰਮੈਨ, ਸੰਜੀਵ ਬਿੱਟੂ, ਲੀਡਰ ਆਫ਼ ਆਪੋਜ਼ੀਸ਼ਨ, ਮਿਊਨੀਸਿਪਲ ਕਾਰਪੋਰੇਸ਼ਨ, ਪਟਿਆਲਾ, ਸੀ.ਏ. ਨਵਦੀਪ ਸਿੰਘ ਚੌਧਰੀ, ਸੀ.ਏ. ਹਰੀਸ਼ ਮਲਹੋਤਰਾ, ਜੇ.ਐੱਮ. ਸਿੰਘ, ਗੁਰਵਿੰਦਰ ਸਿੰਘ ਸ਼ਕਤੀਮਾਨ, ਨਰਿੰਦਰ ਸਿੰਘ ਖੁਰਾਨਾ ਤੇ ਕੁਲਵਿੰਦਰ ਸਿੰਘ ਲਵਲੀ ਸਮੇਤ ਹੋਰ ਕਈ ਪ੍ਰਮੁੱਖ ਸ਼ਖ਼ਸੀਅਤਾਂ ਮੌਜੂਦ ਸਨ।
[home] 1-4 of 4


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER