ਦਸਮੇਸ਼ ਪਿਤਾ ਦੇ ਛੋਟੇ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਦੇ ਸਮਾਗਮ ਵਿੱਚ ਸ਼ਮੂਲੀਅਤ ਕਰਨ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਖਿਲਾਫ ਅਵਾਜ਼ਾਂ ਉਠੀਆਂ ਤਾਂ ਕੁਝ ਸਿੱਖ ਹਲਕਿਆਂ ਤੇ ਵਿਸ਼ੇਸ਼ ਕਰਕੇ ਬਾਦਲ ਦਲ ਦੇ ਅੰਦਰੋਂ ਵੀ ਇਹ ਅਵਾਜ਼ਾਂ ਉਠੀਆਂ ਸਨ ਕਿ ਮੀਰੀ-ਪੀਰੀ ਦੇ ਮਹਾਨ ਅਸਥਾਨ ਦੀ ਸੇਵਾ ਵਿੱਚ ਤਾਇਨਾਤ ਗਿਆਨੀ ਜੀ ਦੀ ਵਿਰੋਧਤਾ ਕਿਉਂ? ਤਰਕ ਦਿੱਤਾ ਗਿਆ ਸੀ ਕਿ ਗਿਆਨੀ ਜੀ ਤਾਂ ਪੂਰੀ ਤਰ੍ਹਾਂ ਗੈਰ-ਵਿਵਾਦਤ ਹਨ ਤੇ ਉੁਨ੍ਹਾਂ ਉਪਰ ਕੋਈ ਵੀ ਐਸਾ ਇਲਜ਼ਾਮ ਨਹੀਂ ਜਿਸ ਲਈ ਉਨ੍ਹਾਂ ਉਪਰ ਉਂਗਲ ਉਠਾਈ ਜਾ ਸਕੇ।
ਲੇਕਿਨ ਸਿੱਖ ਕੌਮ ਦੇ ਤਖ਼ਤਾਂ ਦੇ ਜਥੇਦਾਰਾਂ ਦੀ ਨਿਯੁਕਤੀ ਤੇ ਸੇਵਾਮੁਕਤੀ ਲਈ ਸਿੱਧੇ ਤੌਰ 'ਤੇ ਜ਼ਿੰਮੇਵਾਰ ਸਮਝੀ ਜਾਂਦੀ ਸ਼੍ਰੋਮਣੀ ਕਮੇਟੀ ਅਤੇ ਇਸ ਉਪਰ ਕਾਬਜ ਸਿਆਸੀ ਧਿਰ ਦੇ ਪਿਛਲੇ ਦੋ ਦਹਾਕਿਆਂ ਦੌਰਾਨ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਰਵੱਈਏ ਦਾ ਲੇਖਾ-ਜੋਖਾ ਕੀਤਾ ਜਾਏ ਤਾਂ ਸਿੱਖ ਕੌਮ ਦੇ ਤਖ਼ਤਾਂ ਦੀ ਸੇਵਾ ਵਿੱਚ ਤਾਇਨਾਤ ਸਤਿਕਾਰਤ ਦੱਸੇ ਜਾਂਦੇ ਜਥੇਦਾਰਾਂ ਦੇ ਅਦਬ ਸਤਿਕਾਰ ਅਤੇ ਮਾਣ ਮਰਿਆਦਾ ਨੂੰ ਪਹਿਲੀ ਅਹਿਮ ਢਾਹ 31 ਦਸੰਬਰ 1998 ਨੂੰ ਲਗਾਈ ਗਈ ਸੀ ਜਦੋਂ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਭਾਈ ਰਣਜੀਤ ਸਿੰਘ ਨੂੰ ਸਿਰਫ ਇਸ ਕਰਕੇ ਘਰ ਤੋਰ ਦਿੱਤਾ ਗਿਆ ਕਿਉਂਕਿ ਉਨ੍ਹਾਂ ਕੌਮ ਦੇ ਅਹਿਮ ਮੰਨੇ ਜਾਂਦੇ ਸਿੱਖ ਆਗੂਆਂ ਨੂੰ ਸਾਢੇ ਤਿੰਨ ਮਹੀਨਿਆਂ ਲਈ ਆਪਸੀ ਮਤਭੇਦ ਭੁੱਲ ਜਾਣ ਦਾ ਸੁਝਾਅ ਦੇ ਦਿੱਤਾ ਸੀ।

ਅਕਾਲ ਤਖ਼ਤ ਸਾਹਿਬ ਦੇ ਤਤਕਾਲੀਨ ਜਥੇਦਾਰ ਨੂੰ ਘਰ ਤੋਰੇ ਜਾਣ ਪਿੱਛੇ ਕਾਰਣਾਂ ਦੀ ਗੱਲ ਕੀਤੀ ਜਾਏ ਤਾਂ ਤਤਕਾਲੀਨ ਸ਼੍ਰੋਮਣੀ ਕਮੇਟੀ ਪ੍ਰਧਾਨ ਜਥੇਦਾਰ ਗੁਰਚਰਨ ਸਿੰਘ ਟੋਹੜਾ ਨੇ ਤਤਕਾਲੀਨ ਸ਼੍ਰੋਮਣੀ ਅਕਾਲੀ ਦਲ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਨੂੰ ਸੁਝਾਅ ਦਿੱਤਾ ਸੀ ਕਿ ਉਹ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਦੇ ਦੋਹਰੇ ਭਾਰ ਥੱਲੇ ਹਨ ਇਸ ਲਈ ਬਾਦਲ, ਪਾਰਟੀ ਬੋਝ ਵੰਡਾਉਣ ਲਈ ਕਿਸੇ ਹੋਰ ਸਾਥੀ ਨੂੰ ਕੁਝ ਅਧਿਕਾਰ ਵਗੈਰਾ ਦੇ ਦੇਣ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਨੂੰ ਜਥੇਦਾਰ ਟੋਹੜਾ ਦਾ ਇਹ ਸੁਝਾਅ ਰਾਸ ਨਾ ਆਇਆ। ਕੁਝ ਹੀ ਦਿਨਾਂ ਵਿੱਚ ਪਾਰਟੀ ਦੀ ਸਮੁਚੀ ਲੀਡਰਸ਼ਿਪ ਅਤੇ ਵਰਕਰਾਂ ਨੇ ਜਥੇਦਾਰ ਟੋਹੜਾ ਖਿਲਾਫ ਮੁਹਾਜ਼ ਖੋਲ੍ਹ ਦਿੱਤਾ।
ਅਪ੍ਰੈਲ 1999 ਵਿੱਚ ਖਾਲਸਾ ਸਿਰਜਣਾ ਦੀ ਤੀਸਰੀ ਸ਼ਤਾਬਦੀ ਸਮਾਗਮਾਂ ਨੂੰ ਵੇਖਦਿਆਂ ਭਾਈ ਰਣਜੀਤ ਸਿੰਘ ਨੇ 31 ਦਸੰਬਰ 1998 ਨੂੰ ਆਦੇਸ਼ ਜਾਰੀ ਕਰਦਿਆਂ ਦੋਨਾਂ ਹੀ ਸਿੱਖ ਆਗੂਆਂ ਨੂੰ ਸੁਝਾਅ ਦਿੱਤਾ ਕਿ ਖਾਲਸਾ ਸਿਰਜਣਾ ਸ਼ਤਾਬਦੀ ਸਮਾਗਮਾਂ ਨੂੰ ਵੇਖਦਿਆਂ ਆਪਸੀ ਮਤਭੇਦ ਕੁਝ ਸਮੇਂ ਲਈ ਠੰਡੇ ਬਸਤੇ ਪਾ ਦਿੱਤੇ ਜਾਣ। ਲੇਕਿਨ ਪ੍ਰਕਾਸ਼ ਸਿੰਘ ਬਾਦਲ ਦੀ ਸ਼੍ਰੋਮਣੀ ਕਮੇਟੀ ਜਨਰਲ ਹਾਊਸ ਵਿੱਚ ਬਹੁਮਤ ਵਾਲੀ ਧਿਰ ਨੇ ਕਾਰਜਕਾਰਣੀ ਦੀ ਇਕੱਤਰਤਾ ਬੁਲਾ ਕੇ 10 ਫਰਵਰੀ 1999 ਨੂੰ ਜਥੇਦਾਰ ਗੁਰਚਰਨ ਸਿੰਘ ਟੋਹੜਾ ਤੇ ਭਾਈ ਰਣਜੀਤ ਸਿੰਘ ਦੋਹਾਂ ਨੂੰ ਘਰ ਤੋਰ ਦਿੱਤਾ।
ਜ਼ਿਕਰ ਕਰਨਾ ਜ਼ਰੂਰੀ ਹੈ ਕਿ ਜਥੇਦਾਰ ਟੋਹੜਾ ਨੇ ਬਕਾਇਦਾ ਬਾਦਲ ਦਲ ਦਾ ਸਿਆਸੀ ਖੇਤਰ ਵਿੱਚ ਮੁਕਾਬਲਾ ਕਰਨ ਦਾ ਮਨ ਬਣਾਇਆ। ਸਾਲ 2002 ਦੀ ਵਿਧਾਨ ਸਭਾ ਚੋਣ ਉਨ੍ਹਾਂ ਸਰਬ ਹਿੰਦ ਅਕਾਲੀ ਦਲ ਦੇ ਬੈਨਰ ਹੇਠ ਲੜੀ, ਭਾਵੇਂ ਉਨ੍ਹਾਂ ਦਾ ਦਲ ਜਿੱਤ ਨਾ ਸਕਿਆ ਲੇਕਿਨ ਉਹ ਪ੍ਰਕਾਸ਼ ਸਿੰਘ ਬਾਦਲ ਨੂੰ ਸੱਤਾ ਤੋਂ ਬਾਹਰ ਕਰਨ ਵਿੱਚ ਸਫਲ ਜ਼ਰੂਰ ਹੋ ਗਏ। ਸਾਲ 2004 ਦੀ ਸ਼੍ਰੋਮਣੀ ਕਮੇਟੀ ਆਮ ਚੋਣ ਵੇਖਦਿਆਂ ਪ੍ਰਕਾਸ਼ ਸਿੰਘ ਬਾਦਲ ਨੇ ਜਥੇਦਾਰ ਟੋਹੜਾ ਨਾਲ ਸਮਝੌਤਾ ਕੀਤਾ, ਵਾਪਸ ਕਮੇਟੀ ਦੀ ਪ੍ਰਧਾਨਗੀ ਸੌਂਪੀ ਲੇਕਿਨ ਭਾਈ ਰਣਜੀਤ ਸਿੰਘ ਮੁੜ ਅਕਾਲ ਤਖ਼ਤ ਸਾਹਿਬ ਦੀ ਸੇਵਾ ਵਿੱਚ ਨਾ ਆਏ।
----------
ਬਾਦਲਾਂ ਦੇ ਆਦੇਸ਼ਾਂ 'ਤੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਬਿਨਮੰਗੀ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਅਜੇ ਤੀਕ ਸਿੱਖ ਕੌਮ ਨੇ ਮੁਆਫ਼ ਨਹੀਂ ਕੀਤਾ।
----------
ਜਨਵਰੀ 2000 ਵਿੱਚ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਪੂਰਨ ਸਿੰਘ ਨੇ ਜਦੋਂ ਤਤਕਾਲੀਨ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਤੇ ਹੋਰ ਅਹੁਦੇਦਾਰਾਂ ਖਿਲਾਫ ਮੁਹਾਜ਼ ਖੋਲ੍ਹ ਦਿੱਤਾ ਤਾਂ ਉਸੇ ਗਿਆਨੀ ਪੂਰਨ ਸਿੰਘ ਨੂੰ ਨੰਗੇ ਪੈਰੀਂ ਘਰ ਜਾਣ ਲਈ ਮਜਬੂਰ ਕਰਨ ਦੇ ਹਾਲਾਤ ਬਣਾ ਦਿੱਤੇ ਗਏ ਜਿਸ ਗਿਆਨੀ ਪੂਰਨ ਸਿੰਘ ਨੂੰ ਭਾਈ ਰਣਜੀਤ ਸਿੰਘ ਦੀ ਜਗ੍ਹਾ ਅਕਾਲ ਤਖ਼ਤ ਸਾਹਿਬ ਦੀ ਜਥੇਦਾਰੀ ਸੌਂਪੀ ਗਈ ਸੀ। ਗਿਆਨੀ ਪੂਰਨ ਸਿੰਘ ਦੀ ਜਥੇਦਾਰੀ ਦਾ ਫੈਸਲਾ ਅੰਮ੍ਰਿਤਸਰ ਦੇ ਸਰਕਟ ਹਾਊਸ ਵਿੱਚ ਹੋਇਆ, ਇਹ ਹਕੀਕਤ ਵੀ ਲੁਕੀ-ਛਿਪੀ ਨਹੀਂ ਹੈ।

ਫਰਵਰੀ 2003 ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਪ੍ਰੋ:ਮਨਜੀਤ ਸਿੰਘ ਨੂੰ ਜਥੇਦਾਰੀ ਤੋਂ ਵੱਖ ਕੀਤਾ ਗਿਆ ਤਾਂ ਉਨ੍ਹਾਂ ਉਪਰ ਉਹ ਆਰਥਿਕ ਬੇਨਿਯਮੀਆਂ ਦੇ ਦੋਸ਼ ਲਾਏ, ਜਿਨ੍ਹਾਂ ਬਾਰੇ 1998 ਵਿੱਚ ਭਾਈ ਰਣਜੀਤ ਸਿੰਘ ਨੇ ਸਪਸ਼ਟੀਕਰਨ ਮੰਗਿਆ ਸੀ। ਹਾਲਾਂਕਿ ਪ੍ਰੋ:ਮਨਜੀਤ ਸਿੰਘ ਨੂੰ ਸੇਵਾ ਮੁਕਤ ਕਰਨ ਪਿੱਛੇ ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੇ ਨਿੱਜੀ ਹਿੱਤ ਸਨ ਕਿਉਂਕਿ ਸਾਲ 2003 ਵਿੱਚ ਬਾਦਲ-ਟੋਹੜਾ ਦਰਮਿਆਨ ਹੋਏ ਸਮਝੌਤੇ ਬਾਰੇ ਪ੍ਰੋ:ਮਨਜੀਤ ਸਿੰਘ ਨੇ ਕਮੇਟੀ ਪ੍ਰਧਾਨ ਬਡੂੰਗਰ ਨੂੰ ਭਿਣਕ ਨਹੀਂ ਸੀ ਪੈਣ ਦਿੱਤੀ।
ਸਾਲ 2008 ਵਿੱਚ ਗਿਆਨੀ ਜੋਗਿੰਦਰ ਸਿੰਘ ਵੇਦਾਂਤੀ ਨੂੰ ਇਸ ਕਰਕੇ ਜਥੇਦਾਰੀ ਤੋਂ ਫਾਰਗ ਕਰ ਦਿੱਤਾ ਗਿਆ ਕਿਉਂਕਿ ਇੱਕ ਵਿਦੇਸ਼ੀ ਦੌਰੇ ਸਮੇਂ ਉਨ੍ਹਾਂ ਬਾਦਲ ਨੂੰ ਸੁਝਾਅ ਦੇ ਦਿੱਤਾ ਸੀ ਕਿ ਦਲ ਦੇ ਨਾਮ ਨਾਲੋਂ ਅਕਾਲੀ ਸ਼ਬਦ ਲਾਹ ਦਿੱਤਾ ਜਾਵੇ।
ਜਨਵਰੀ 2015 ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੀ ਜਥੇਦਾਰੀ ਤੋਂ ਵੱਖ ਕਰ ਦਿੱਤੇ ਗਏ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਦਾ ਕਸੂਰ ਇਹੀ ਸੀ ਕਿ ਉਨ੍ਹਾਂ ਨੇ ਉਸ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਜਾਰੀ ਰੱਖਣ ਦੀ ਕੋਸ਼ਿਸ਼ ਕੀਤੀ ਜੋ ਸਾਲ 2003 ਵਿੱਚ ਤਖ਼ਤ ਸ੍ਰੀ ਦਮਦਮਾ ਸਾਹਿਬ ਤੋਂ ਲਾਗੂ ਕੀਤਾ ਗਿਆ ਤੇ ਸੱਤ ਸਾਲ ਲਾਗੂ ਰਿਹਾ।
----------
ਅਕਾਲ ਤਖ਼ਤ ਸਾਹਿਬ ਦੇ ਤਤਕਾਲੀਨ ਜਥੇਦਾਰ ਨੇ ਨੂੰ ਆਦੇਸ਼ ਜਾਰੀ ਕਰਦਿਆਂ ਬਾਦਲ ਅਤੇ ਟੋਹੜਾ ਸੁਝਾਅ ਦਿੱਤਾ ਕਿ ਖਾਲਸਾ ਸਿਰਜਣਾ ਸ਼ਤਾਬਦੀ ਸਮਾਗਮਾਂ ਨੂੰ ਵੇਖਦਿਆਂ ਆਪਸੀ ਮਤਭੇਦ ਕੁਝ ਸਮੇਂ ਲਈ ਠੰਡੇ ਬਸਤੇ ਪਾ ਦਿੱਤੇ ਜਾਣ। ਲੇਕਿਨ ਬਾਦਲ ਨੇ ਆਦੇਸ਼ ਦਾ ਸਤਿਕਾਰ ਨਾ ਕਰਦਿਆਂ ਟੋਹੜਾ ਤੇ ਭਾਈ ਰਣਜੀਤ ਸਿੰਘ ਦੋਹਾਂ ਨੂੰ ਘਰ ਤੋਰ ਦਿੱਤਾ।
----------
ਦੂਸਰੇ ਪਾਸੇ ਬਾਦਲਾਂ ਦੇ ਆਦੇਸ਼ਾਂ 'ਤੇ ਸਤੰਬਰ 2015 ਵਿੱਚ ਗੁਰੂ ਦੋਖੀ ਡੇਰਾ ਸਿਰਸਾ ਮੁਖੀ ਨੂੰ ਬਿਨਮੰਗੀ ਮੁਆਫ਼ੀ ਦੇਣ ਵਾਲੇ ਜਥੇਦਾਰਾਂ ਨੂੰ ਅਜੇ ਤੀਕ ਸਿੱਖ ਕੌਮ ਨੇ ਮੁਆਫ਼ ਨਹੀਂ ਕੀਤਾ। ਪ੍ਰੰਤੂ ਉਨ੍ਹਾਂ ਨੂੰ ਕੌਮੀ ਭਾਵਨਾਵਾਂ ਦੇ ਉਲਟ ਜਾ ਕੇ ਅਹੁਦਿਆਂ 'ਤੇ ਬਣਾਈ ਰੱਖਣ ਤੇ ਸਰਕਾਰੀ ਸੁਰੱਖਿਆ ਦੀ ਸ਼ੁਰੂਆਤ ਕਰਨ ਵਾਲੇ ਪ੍ਰਕਾਸ਼ ਸਿੰਘ ਬਾਦਲ ਅਤੇ ਉਨ੍ਹਾਂ ਦੇ ਕਬਜ਼ੇ ਹੇਠਲੀ ਸ਼੍ਰੋਮਣੀ ਕਮੇਟੀ ਹੈ।
ਜੇਕਰ ਫਰਵਰੀ 1999 ਤੋਂ ਜਨਵਰੀ 2015 ਦੌਰਾਨ ਤਖ਼ਤਾਂ ਦੀ ਜਥੇਦਾਰੀ ਤੋਂ ਵੱਖ ਕਰ ਦਿੱਤੇ ਜਥੇਦਾਰਾਂ ਦੀ ਗੱਲ ਕੀਤੀ ਜਾਏ ਤਾਂ ਉਨ੍ਹਾਂ ਖਿਲਾਫ ਲਏ ਫੈਸਲਿਆਂ ਪ੍ਰਤੀ ਕੋਈ ਵੱਡਾ ਕੌਮੀ ਪ੍ਰਤੀਕਰਮ ਸਾਹਮਣੇ ਨਹੀਂ ਆਇਆ। ਪ੍ਰੰਤੂ ਡੇਰਾ ਸਿਰਸਾ ਮੁਖੀ ਮੁਆਫ਼ੀ ਮਾਮਲੇ ਬਾਅਦ ਤਾਂ ਬਾਦਲਾਂ ਦੁਆਰਾ ਥਾਪੇ ਤਖ਼ਤਾਂ ਦੇ ਜਥੇਦਾਰਾਂ ਪ੍ਰਤੀ ਸਤਿਕਾਰ ਬਹਾਲ ਨਹੀਂ ਹੋ ਸਕਿਆ ਕਿਉਂਕਿ 31 ਦਸੰਬਰ 1998 ਨੂੰ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਵਲੋਂ ਜਾਰੀ ਆਦੇਸ਼ ਦਾ ਸਤਿਕਾਰ ਪ੍ਰਕਾਸ਼ ਸਿੰਘ ਬਾਦਲ ਤੇ ਉਸ ਦੀ ਪਾਰਟੀ ਨੇ ਨਹੀਂ ਕੀਤਾ ਜਿਸ ਦਾ ਖਮਿਆਜ਼ਾ ਬਾਦਲਾਂ ਵਲੋਂ ਥਾਪੇ ਜਥੇਦਾਰ ਤੇ ਬਾਦਲ ਅੱਜ ਵੀ ਭੁਗਤ ਰਹੇ ਹਨ।
ਬਾਦਲਾਂ ਬਾਰੇ ਲੇਖ ਸਹੀ ਤੱਥਾਂ ਦੀ ਤਰਜਮਾਨੀ ਕਰਦਾ ਹੈ