ਪੰਜਾਬ
ਗਿਆਨੀ ਗੁਰਬਚਨ ਸਿੰਘ ਦੇ ਨਾਂਅ ਖੁੱਲ੍ਹਾ ਖ਼ਤ
- ਕਰਨਜੋਤ ਸਿੰਘ ਵਿਰਕ
ਗਿਆਨੀ ਗੁਰਬਚਨ ਸਿੰਘ ਦੇ ਨਾਂਅ ਖੁੱਲ੍ਹਾ ਖ਼ਤ



ਵੱਲ
ਗਿਆਨੀ ਗੁਰਬਚਨ ਸਿੰਘ
(ਸਾਬਕਾ) ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ
ਸ੍ਰੀ ਅੰਮ੍ਰਿਤਸਰ ਸਾਹਿਬ।

ਵਿਸ਼ਾ: ਸਿੱਖ ਕੌਮ ਦੀ ਹੇਠੀ ਕਰਵਾਉਣ ਅਤੇ ਤਖ਼ਤਾਂ ਦੀ ਮਾਣ-ਮਰਿਆਦਾ ਨੂੰ ਸੱਟ ਮਾਰਨ ਦੇ ਬੱਜਰ ਗੁਨਾਹ ਬਦਲੇ ਆਪਣੇ ਅਹੁਦੇ ਤੋਂ ਲਾਂਭੇ ਹੋ ਜਾਣ ਦੀ ਅਪੀਲ ਰੂਪੀ ਬੇਨਤੀ।

ਸਤਿਕਾਰਯੋਗ ਗਿਆਨੀ ਗੁਰਬਚਨ ਸਿੰਘ ਜੀਓ

                 ਵਾਹਿਗੁਰੂ ਜੀ ਕਾ ਖਾਲਸਾ 
                 ਵਾਹਿਗੁਰੂ ਜੀ ਕਿ ਫ਼ਤਹਿ।।
 
ਜਿਵੇਂ ਕਿ ਸਰਬੱਤ ਸਾਧ-ਸੰਗਤ ਭਲੀ-ਭਾਂਤ ਜਾਣੂ ਹੈ ਕਿ ਆਪ ਜੀ ਨੂੰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਮਿਤੀ 6 ਅਗਸਤ ਸਾਲ 2008 ਨੂੰ ਸਿੱਖ ਕੌਮ ਦੇ ਸਰਵ-ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਦਾ ਜਥੇਦਾਰ ਨਿਯੁਕਤ ਗਿਆ ਸੀ।

ਪਰ ਬਹੁਤ ਹੀ ਅਫਸੋਸਨਾਕ ਗੱਲ ਇਹ ਰਹੀ ਕਿ ਆਪ ਜੀ ਨੇ ਆਪਣੇ ਇਸ ਅਹੁਦੇ ਨੂੰ ਪਹਿਲੀ ਸੰਨ੍ਹ ਉਦੋਂ ਹੀ ਲਾ ਦਿੱਤੀ ਜਦੋਂ ਅਗਲੇ ਹੀ ਸਾਲ ਭਾਵ 2009 'ਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਆਦੇਸ਼ ਦੀ ਪਾਲਣਾ ਕਰਦੇ ਹੋਏ ਸਿੱਖ, ਨੂਰਮਹਿਲੀਏ ਆਸ਼ੂਤੋਸ਼ (ਜਿਸ ਨੂੰ ਉਸ ਸਮੇਂ ਦੀ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਸਮਾਗਮ ਕਰਨ ਦੀ ਇਜਾਜ਼ਤ ਦਿੱਤੀ ਸੀ) ਦੇ ਖਿਲਾਫ ਪ੍ਰਦਰਸ਼ਨ ਕਰ ਰਹੇ ਸਨ ਤਾਂ ਭਾਈ ਦਰਸ਼ਨ ਸਿੰਘ ਲੁਹਾਰਾ ਸ਼ਹੀਦੀ ਪਾ ਗਏ ਤੇ ਦਰਜਨਾਂ ਸਿੱਖ ਜ਼ਖਮੀ ਹੋ ਗਏ। ਪਰ ਆਪ ਜੀ ਦੀ ਬੇਵਸੀ ਉਦੋਂ ਹੀ ਜੱਗ-ਜਾਹਰ ਹੋ ਗਈ ਸੀ ਜਦੋਂ ਆਪ ਜੀ ਨਾ ਤਾਂ ਕਦੇ ਘਟਨਾ ਵਾਲੀ ਜਗ੍ਹਾ ਦਾ ਦੌਰਾ ਕਰ ਸਕੇ ਤੇ ਨਾ ਹੀ ਕਦੇ ਆਸ਼ੂਤੋਸ਼ ਦੇ ਸਮਾਗਮਾਂ ਦੀ ਇਜਾਜ਼ਤ ਦੇਣ ਵਾਲੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਖਿਲਾਫ ਕੋਈ ਬਿਆਨ ਹੀ ਜਾਰੀ ਕਰ ਸਕੇ।

ਜਥੇਦਾਰ ਸਾਹਿਬ, ਅੱਗੇ ਚੱਲਦਿਆਂ ਮਿਤੀ 24 ਜੁਲਾਈ, ਸਾਲ 2011 ਨੂੰ ਆਪ ਜੀ ਨੇ ਜ਼ਿਲ੍ਹਾ ਜਲੰਧਰ ਦੇ ਪਿੰਡ ਢੇਸੀਆਂ ਕਾਹਨਾ ਦੇ ਅਖੌਤੀ ਡੇਰਾ ਮੁਖੀ ਸੁਰਿੰਦਰ ਸਿੰਘ, ਜੋ ਆਪਣੇ ਨਾਂ ਨਾਲ ਸਤਿਗੁਰੂ ਲਗਾਉਂਦਾ ਸੀ, ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਨਾ ਸਿਰਫ ਕਲੀਨ-ਚਿੱਟ ਹੀ ਦੇ ਦਿੱਤੀ ਬਲਕਿ ਨਾਲ ਇਹ ਵੀ ਕਹਿ ਦਿੱਤਾ ਕਿ ਹੁਣ ਇਸ ਅਖੌਤੀ ਡੇਰੇ ਤੋਂ ਗੁਰਮਤਿ ਦਾ ਪ੍ਰਚਾਰ ਹੋਇਆ ਕਰੇਗਾ।

ਸਿੰਘ ਸਾਹਿਬ ਜੀ, ਉਸ ਮਗਰੋਂ ਆਪ ਜੀ ਨੇ 26 ਨਵੰਬਰ 2011 ਦੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਵਿਰਾਸਤ-ਏ-ਖਾਲਸਾ ਦੇ ਉਦਘਾਟਨੀ ਸਮਾਰੋਹ ਮੌਕੇ ਉਸ ਸਮੇਂ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਖੁਸ਼ ਕਰਨ ਲਈ ਉਸ ਨੂੰ ਉਸ ਦੀਆਂ 'ਪੰਥ ਪ੍ਰਤੀ ਕੀਤੀਆਂ ਸੇਵਾਵਾਂ' ਬਦਲੇ 'ਪੰਥ ਰਤਨ ਫ਼ਖਰ-ਏ-ਕੌਮ' ਦਾ ਸਨਮਾਨ ਦੇਣ ਦਾ ਐਲਾਨ ਕਰ ਦਿੱਤਾ।
ਤੇ ਆਖਰ 5 ਦਸੰਬਰ 2011 ਨੂੰ ਸਿੱਖਾਂ ਤੇ ਸਿੱਖੀ ਦਾ ਘਾਣ ਕਰਨ ਵਾਲੇ, ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਲਈ ਸਹਿਮਤੀ ਦੇਣ ਵਾਲੇ, ਸਿੱਖ ਫੌਜੀਆਂ ਨੂੰ ਬੈਰਕਾਂ ਛੱਡ ਦੇਣ ਦੀ ਅਪੀਲ ਕਰਨ ਤੇ ਮੁੜ ਕੇ ਉਨ੍ਹਾਂ ਦੀ ਸਾਰ ਨਾ ਲੈਣ ਵਾਲੇ, ਭ੍ਰਿਸ਼ਟਾਚਾਰ, ਨਸ਼ੇ ਤੇ ਹੋਰ ਸਮਾਜਕ ਬੁਰਾਈਆਂ 'ਚ ਗੜੁੱਚ ਹੋ ਚੁੱਕੀ ਸਰਕਾਰ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਵੱਲੋਂ ਉਸਾਰੇ ਪਾਵਨ ਮੁਕੱਦਸ ਸਰਵ-ਉੱਚ ਅਸਥਾਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਆਪਣੇ ਸਾਥੀ ਜਥੇਦਾਰਾਂ ਨੂੰ ਨਾਲ ਲੈ ਕੇ 'ਪੰਥ ਰਤਨ ਫ਼ਖਰ-ਏ-ਕੌਮ' ਦੇ ਖਿਤਾਬ ਨਾਲ ਨਿਵਾਜ ਦਿੱਤਾ। ਬਿਨਾਂ ਸ਼ੱਕ ਉਦੋਂ ਹੀ ਇਸ ਘਟਨਾ ਨਾਲ ਆਪ ਜੀ ਦੇ ਕਿਰਦਾਰ 'ਤੇ ਵੱਡਾ ਪ੍ਰਸ਼ਨ-ਚਿੰਨ ਲੱਗ ਗਿਆ ਸੀ।

ਜਥੇਦਾਰ ਸਾਹਿਬ, ਸਾਲ 2012 'ਚ ਜਦੋਂ ਬਿਆਸ ਦੇ ਰਾਧਾ ਸੁਆਮੀ ਡੇਰੇ ਨੇ ਪਿੰਡ ਵੜੈਚ ਦੇ ਗੁਰੂ ਘਰ ਨੂੰ ਢਾਹ ਕੇ ਉਸ ਜਗ੍ਹਾ 'ਤੇ ਕਬਜ਼ਾ ਕਰ ਲਿਆ ਤਾਂ ਸਿੱਖ ਜਥੇਬੰਦੀਆਂ ਦੇ ਉੱਥੇ ਮੋਰਚਾ ਲਾਉਣ ਮਗਰੋਂ ਇਹ ਮਸਲਾ ਕਾਫੀ ਗਰਮਾ ਗਿਆ। ਪਰ ਆਪ ਜੀ ਨੇ 2 ਅਗਸਤ ਦੇ ਦਿਨ ਆਪਣੇ ਸਾਥੀ ਜਥੇਦਾਰ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ, ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ, ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਅਤੇ ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਹੁਰਾਂ ਨੂੰ ਨਾਲ ਲੈ ਕੇ ਡੇਰਾ ਰਾਧਾ ਸੁਆਮੀ ਬਿਆਸ ਨੂੰ ਕਲੀਨ-ਚਿੱਟ ਦੇ ਦਿੱਤੀ। ਜਦਕਿ ਇਹ ਮਸਲਾ ਹੱਲ ਨਹੀਂ ਸੀ ਹੋਇਆ ਤੇ ਸਿੱਖ ਜਥੇਬੰਦੀਆਂ ਨੇ ਉੱਥੇ ਮੋਰਚਾ ਲਾਇਆ ਹੋਇਆ ਸੀ। ਪਰ ਆਪ ਜੀ ਦਾ ਤਰਕ ਇਹ ਸੀ ਕਿ ਪਿੰਡ ਦਾ ਗੁਰੂ ਘਰ ਪੰਚਾਇਤ ਦੀ ਰਾਏ ਤੋਂ ਬਾਅਦ ਹੀ ਢਾਹਿਆ ਗਿਆ ਹੈ ਅਤੇ ਨਾਲ ਹੀ ਆਪ ਜੀ ਨੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨੂੰ ਸ਼ਰਾਰਤੀ ਅਨਸਰ ਵੀ ਦੱਸ ਦਿੱਤਾ।

ਇਸ ਮਗਰੋਂ 14 ਨਵੰਬਰ 2013 ਨੂੰ ਹਰਿਆਣਾ ਦੇ ਇੱਕ ਸਿੱਖ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਭਾਰਤ ਦੀਆਂ ਵੱਖ-ਵੱਖ ਜੇਲ੍ਹਾਂ 'ਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਸਿੱਖ ਕੈਦੀਆਂ ਦੀ ਰਿਹਾਈ ਲਈ ਗੁਰਦੁਆਰਾ ਸ੍ਰੀ ਅੰਬ ਸਾਹਿਬ ਮੋਰਚਾ ਲਾਇਆ ਤੇ ਉਸ ਨੂੰ ਇਸ ਸੰਘਰਸ਼ ਵਿੱਚ ਸਿੱਖ ਕੌਮ ਦੀ ਭਰਪੂਰ ਹਮਾਇਤ ਪ੍ਰਾਪਤ ਹੋਈ। ਪਰ ਦੁਰਭਾਗਵੱਸ ਇਸ ਮੋਰਚੇ ਦੀ ਬਿਨਾਂ ਕਿਸੇ ਵੱਡੀ ਪ੍ਰਾਪਤੀ ਦੇ ਆਪ ਜੀ ਨੇ 27 ਦਸੰਬਰ 2013 ਨੂੰ ਭਾਈ ਗੁਰਬਖਸ਼ ਸਿੰਘ ਖਾਲਸਾ ਦੀ ਭੁੱਖ ਹੜਤਾਲ ਇਹ ਵਾਅਦਾ ਕਰਕੇ ਖਤਮ ਕਰਵਾ ਦਿੱਤੀ ਕਿ ਤੁਸੀਂ ਖੁਦ ਇਸ ਮਸਲੇ 'ਚ ਦਖਲਅੰਦਾਜ਼ੀ ਕਰਕੇ ਬੰਦੀ ਸਿੰਘਾਂ ਨੂੰ ਫੌਰੀ ਤੌਰ 'ਤੇ ਰਿਹਾਅ ਕਰਵਾਉਗੇ।
ਪ੍ਰੰਤੂ ਭਾਈ ਗੁਰਬਖਸ਼ ਸਿੰਘ ਨੇ ਆਪ ਜੀ ਵੱਲੋਂ ਕੋਈ ਕਾਰਵਾਈ ਨਾ ਹੁੰਦੀ ਦੇਖ ਕੇ ਅਗਲੇ ਹੀ ਸਾਲ ਉਸੇ ਤਰੀਕ ਨੂੰ ਹਰਿਆਣਾ ਦੇ ਇਤਿਹਾਸਿਕ ਗੁਰਦੁਆਰਾ ਸ੍ਰੀ ਲਖਨੌਰ ਸਾਹਿਬ ਵਿਖੇ ਮੁੜ ਸੰਘਰਸ਼ ਸ਼ੁਰੂ ਕਰ ਦਿੱਤਾ। ਪਰ ਆਪ ਜੀ ਨੇ ਫਿਰ ਵੀ ਕਿਸੇ ਤਰ੍ਹਾਂ ਦੀ ਕੋਈ ਕਾਰਵਾਈ ਨਾ ਕੀਤੀ। ਜਿਸ ਮਗਰੋਂ ਭਾਈ ਗੁਰਬਖਸ਼ ਸਿੰਘ ਖਾਲਸਾ ਨੇ ਇਸੇ ਮੰਗ ਨੂੰ ਲੈ ਕੇ ਇਸੇ ਸਾਲ 20 ਮਾਰਚ ਨੂੰ ਆਪਣੇ ਪਿੰਡ ਦੀ ਪਾਣੀ ਵਾਲੀ ਟੈਂਕੀ ਤੋਂ ਛਾਲ ਮਾਰ ਕੇ ਜਾਨ ਨਿਛਾਵਰ ਕਰ ਦਿੱਤੀ। ਭਾਈ ਗੁਰਬਖਸ਼ ਸਿੰਘ ਆਪਣੀ ਹਰ ਗੱਲਬਾਤ ਦੌਰਾਨ ਆਪ ਜੀ ਵੱਲੋਂ ਵਾਅਦਾ ਖਿਲਾਫ਼ੀ ਕੀਤੇ ਜਾਣ ਦੀ ਗੱਲ ਕਰਦਾ ਰਿਹਾ। ਇੱਕ ਸੰਘਰਸ਼ਸ਼ੀਲ ਸਿੱਖ ਦੀ ਆਪਣੀ ਕੌਮ ਦੇ ਜੁਝਾਰੂ ਬੰਦੀ ਸਿੰਘਾਂ ਦੀ ਰਿਹਾਈ ਲਈ ਜਾਨ ਚਲੇ ਜਾਣ ਦਾ ਦਾਗ ਆਪ ਜੀ ਦੇ ਜੀਵਨ 'ਤੇ ਰਹਿੰਦੀ ਉਮਰ ਤਕ ਸਦਾ ਹੀ ਲੱਗਿਆ ਰਹੇਗਾ। ਹੈਰਾਨੀਜਨਕ ਗੱਲ ਤਾਂ ਇਹ ਰਹੀ ਕਿ ਆਪ ਜੀ ਨੇ ਨਾ ਤਾਂ ਭਾਈ ਗੁਰਬਖਸ਼ ਸਿੰਘ ਦੇ ਅੰਤਿਮ ਸਸਕਾਰ ਅਤੇ ਨਾ ਹੀ ਉਸ ਦੀ ਅੰਤਿਮ ਅਰਦਾਸ 'ਚ ਸ਼ਾਮਿਲ ਹੋਣਾ ਕੋਈ ਜ਼ਰੂਰੀ ਸਮਝਿਆ। ਜਾਹਰ ਹੈ ਕਿ ਆਪ ਜੀ ਦੀ ਆਤਮਾ 'ਤੇ ਇੱਕ ਨਿਰਦੋਸ਼ ਸਿੱਖ ਦੀ ਜਾਨ ਤੁਹਾਡੀ ਵਜ੍ਹਾ ਨਾਲ ਚਲੇ ਜਾਣ ਦਾ ਬੋਝ ਵੀ ਹੋਵੇਗਾ।

ਦੂਜੇ ਪਾਸੇ ਲੁਧਿਆਣਾ ਦੇ ਪਿੰਡ ਹਸਨਪੁਰ 'ਚ ਬੰਦੀ ਸਿੰਘਾਂ ਦੇ ਹੀ ਮਸਲੇ 'ਤੇ ਸੰਘਰਸ਼ ਕਰ ਰਹੇ ਇੱਕ ਹੋਰ ਬਜ਼ੁਰਗ ਸਿੱਖ ਬਾਪੂ ਸੂਰਤ ਸਿੰਘ ਦੀ ਵੀ ਆਪ ਜੀ ਨੇ ਕਦੇ ਬਾਤ ਨਹੀਂ ਪੁੱਛੀ।

ਇਸ ਮਗਰੋਂ ਜਦੋਂ ਦਸੰਬਰ 2014 'ਚ ਜ਼ਿਲ੍ਹਾ ਤਰਨਤਾਰਨ ਦੇ ਪਿੰਡ ਜੋਧਪੁਰ 'ਚ ਨੂਰਮਹਿਲੀਆਂ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਅਗਨ ਭੇਟ ਕਰ ਦਿੱਤੇ ਅਤੇ ਰੋਸ ਕਰਨ ਗਏ ਭਾਈ ਅਮਰੀਕ ਸਿੰਘ ਅਜਨਾਲਾ ਅਤੇ ਸਾਥੀ ਸਿੰਘਾਂ 'ਤੇ ਗੋਲੀਆਂ ਚਲਾਈਆਂ, ਉਸ ਵੇਲੇ ਹੀ ਆਪ ਜੀ ਦਾ ਖੁੱਲ੍ਹੇਆਮ ਵਿਰੋਧ ਸ਼ੁਰੂ ਹੋ ਗਿਆ ਸੀ।

ਆਪਣੇ ਨਾਲ ਜੁੜੇ ਵਿਵਾਦਾਂ ਦੀ ਕੜੀ ਨੂੰ ਅੱਗੇ ਤੋਰਦਿਆਂ ਆਪ ਜੀ ਨੇ 22 ਜਨਵਰੀ 2015 ਨੂੰ ਹਰਿੰਦਰ ਸਿੱਕਾ ਵੱਲੋਂ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਮਹਾਰਾਜ 'ਤੇ ਬਣਾਈ ਵਿਵਾਦਤ ਫ਼ਿਲਮ 'ਨਾਨਕ ਸ਼ਾਹ ਫ਼ਕੀਰ' ਦੀ ਵਡਿਆਈ ਕਰਦੇ ਹੋਏ ਇੱਕ ਪ੍ਰਸੰਸਾ-ਪੱਤਰ ਜਾਰੀ ਕਰ ਦਿੱਤਾ ਕਿ ਸਿੱਕੇ ਵੱਲੋਂ ਬਣਾਈ ਫ਼ਿਲਮ ਬਹੁਤ ਹੀ ਸ਼ਲਾਘਾਯੋਗ ਹੈ। ਹਾਲਾਂਕਿ ਸਾਲ 2018 'ਚ ਜਦੋਂ ਇਸ ਫ਼ਿਲਮ ਨੂੰ ਮੁੜ ਪੰਜਾਬ 'ਚ ਰਿਲੀਜ਼ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਆਪ ਜੀ ਨੇ ਸਿੱਕੇ ਨੂੰ ਪੰਥ 'ਚੋਂ ਹੀ ਛੇਕ ਦਿੱਤਾ।


ਹੱਦ ਤਾਂ ਉਦੋਂ ਹੋ ਗਈ ਜਦੋਂ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਹੀ ਜਾਰੀ ਹੋਏ ਹੁਕਮਨਾਮੇ ਦੀ ਉਲੰਘਣਾ ਕਰਦਿਆਂ ਆਪ ਜੀ ਨੇ ਗੁਰੂ ਦੋਖੀ ਧੀਰ ਮੱਲੀਆਂ ਦੇ ਵੰਸ਼ਜ ਵਡਭਾਗ ਸਿੰਘ ਦਾ ਜਨਮ ਦਿਨ ਮਨਾਉਣ ਨੂੰ ਸਹੀ ਠਹਿਰਾ ਦਿੱਤਾ। ਸ੍ਰੀ ਅਕਾਲ ਤਖ਼ਤ ਸਾਹਿਬ ਦੇ ਮੁੱਖ ਸੇਵਾਦਾਰ ਹੁੰਦੇ ਹੋਏ ਆਪ ਜੀ ਇਸ ਇਤਿਹਾਸ ਤੋਂ ਜਰੂਰ ਜਾਣੂ ਹੋਵੋਗੇ ਕਿ ਧੀਰ ਮੱਲ, ਜੋ ਗੁਰੂ ਹਰਿਰਾਏ ਸਾਹਿਬ ਦਾ ਵੱਡਾ ਭਰਾ ਸੀ, ਪਰ ਗੁਰੂ ਘਰ ਦਾ ਦੋਖੀ ਬਣਨ ਮਗਰੋਂ ਉਸ ਨੇ ਆਪਣੀ ਗੁਰਗੱਦੀ ਵੀ ਲਾਈ ਤੇ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ 'ਤੇ ਗੋਲੀ ਚਲਵਾ ਕੇ ਸ਼ਹੀਦ ਕਰਵਾਉਣ ਦੀ ਕੋਸ਼ਿਸ਼ ਵੀ ਕੀਤੀ। ਇਸ ਮਸਲੇ ਦੇ ਸੰਬੰਧ 'ਚ ਆਪ ਜੀ 'ਤੇ ਡੇਰਾ ਵਡਭਾਗ ਤੋਂ ਪੈਸੇ ਲੈਣ ਦੇ ਇਲਜ਼ਾਮ ਵੀ ਲੱਗਦੇ ਰਹੇ। ਉਸ ਗੁਰੂ ਦੋਖੀ ਧੀਰ ਮੱਲ ਦੇ ਪੰਜਵੇਂ ਵੰਸ਼ਜ ਅਖੌਤੀ ਡੇਰਾ ਵਡਭਾਗ ਦਾ ਜਨਮ ਦਿਨ ਪਤਾ ਨਹੀਂ ਆਪ ਜੀ ਕਿਉਂ ਮਨਾਉਣਾ ਜਾਇਜ ਸਮਝਦੇ ਹੋਵੋਗੇ।

ਜਥੇਦਾਰ ਸਾਹਿਬ ਜੀ, ਇਹ ਸਾਰੀਆਂ ਘਟਨਾਵਾਂ ਹੀ ਆਪਣੇ ਆਪ 'ਚ ਆਪ ਜੀ ਦੇ ਸੇਵਾਕਾਲ 'ਤੇ ਦਾਗ ਸਨ। ਪਰ ਸ਼ਾਇਦ ਇਹ ਸਭ ਵੀ ਆਪ ਜੀ ਲਈ ਮਾਮੂਲੀ ਘਟਨਾਵਾਂ ਹੀ ਸਨ। ਸੋ ਜੱਗੋਂ-ਤੇਰ੍ਹਵੀਂ ਤਾਂ ਉਦੋਂ ਹੋ ਗਈ ਜਦੋਂ ਅਚਾਨਕ ਹੀ ਆਪ ਜੀ ਨੇ ਆਪਣੇ ਸਾਥੀ ਜਥੇਦਾਰਾਂ ਗਿਆਨੀ ਮੱਲ ਸਿੰਘ, ਗਿਆਨੀ ਇਕਬਾਲ ਸਿੰਘ, ਗਿਆਨੀ ਗੁਰਮੁਖ ਸਿੰਘ ਤੇ ਗਿਆਨੀ ਰਾਮ ਸਿੰਘ ਨਾਲ ਮਿਲ ਕੇ ਬਾਦਲਾਂ ਨਾਲ ਗੁਪਤ ਮੀਟਿੰਗਾਂ ਕਰਨ ਮਗਰੋਂ 24 ਸਤੰਬਰ 2015 ਨੂੰ ਅਖੌਤੀ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਖਿਲਾਫ਼ ਪਹਿਲਾਂ ਤੋਂ ਜਾਰੀ ਹੋਇਆ ਸਮਾਜਕ ਬਾਈਕਾਟ ਦਾ ਹੁਕਮਨਾਮਾ ਵਾਪਿਸ ਲੈ ਲਿਆ। ਜਿਸ ਮਗਰੋਂ ਪੂਰੀ ਸਿੱਖ ਕੌਮ ਅੰਦਰ ਇਸ ਫੈਸਲੇ ਪ੍ਰਤੀ ਰੋਸ ਵੀ ਵੇਖਣ ਨੂੰ ਮਿਲਿਆ। ਬੇਸ਼ੱਕ ਆਪ ਜੀ ਨੇ ਇਸ ਤਾਣੀ ਨੂੰ ਸੁਲਝਾਉਣ ਲਈ ਇਹ ਹੁਕਮਨਾਮਾ ਵਾਪਿਸ ਵੀ ਲੈ ਲਿਆ।

ਪਰ ਇਸੇ ਦਾ ਨਤੀਜਾ ਸੀ ਕਿ 10 ਨਵੰਬਰ 2015 ਨੂੰ ਪਿੰਡ ਚੱਬਾ, ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਿੱਖ ਕੌਮ ਵੱਲੋਂ ਸੱਦੇ ਸਰਬੱਤ ਖਾਲਸਾ ਦੇ ਇਕੱਠ ਨੇ ਆਪ ਜੀ ਨੂੰ ਤੇ ਆਪ ਜੀ ਦੇ ਸਾਥੀ ਜਥੇਦਾਰਾਂ ਨੂੰ ਅਹੁਦਿਆਂ ਤੋਂ ਫਾਰਗ ਵੀ ਕਰ ਦਿੱਤਾ। ਇਸ ਤੋਂ ਅਗਲੇ ਹੀ ਦਿਨ ਆਪ ਜੀ ਨੇ ਜਦੋਂ ਬੰਦੀ ਛੋੜ ਦਿਵਸ 'ਤੇ ਆਪਣਾ ਸੰਦੇਸ਼ ਪੜ੍ਹਨ ਦੀ ਕੋਸ਼ਿਸ਼ ਕੀਤੀ ਤਾਂ ਆਪ ਜੀ ਨੂੰ ਭਾਰੀ ਵਿਰੋਧ ਦਾ ਸਾਹਮਣਾ ਕਰਨਾ ਪਿਆ। ਜੋ ਕਿ ਅੱਜ ਵੀ ਬਾਦਸਤੂਰ ਜਾਰੀ ਹੈ ਤੇ ਦੇਸ਼-ਵਿਦੇਸ਼ 'ਚ ਕਿਤੇ ਵੀ ਇਸ ਵਿਰੋਧ ਨੇ ਆਪ ਜੀ ਦਾ ਪਿੱਛਾ ਨਹੀਂ ਛੱਡਿਆ।

ਸਿੰਘ ਸਾਹਿਬ ਜੀ ਆਪ ਜੀ ਦੀਆਂ ਇਨ੍ਹਾਂ ਸਰਕਾਰ ਪੱਖੀ ਗਤੀਵਿਧੀਆਂ ਕਰਕੇ ਜਿੱਥੇ ਨਾ ਸਿਰਫ ਆਪ ਜੀ ਦੇ ਕਿਰਦਾਰ 'ਤੇ ਸਦਾ ਲਈ ਇੱਕ ਦਾਗ ਲੱਗ ਗਿਆ ਹੈ, ਉੱਥੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਪਵਿੱਤਰ ਅਹੁਦੇ ਦੀ ਮਰਿਆਦਾ ਨੂੰ ਵੀ ਭਾਰੀ ਸੱਟ ਵੱਜੀ ਹੈ। ਇਸੇ ਦਾ ਨਤੀਜਾ ਹੈ ਕਿ ਅੱਜ ਸੋਸ਼ਲ ਮੀਡੀਆ, ਫੇਸਬੁੱਕ ਅਤੇ ਵ੍ਹਾਟਸਐਪ ਆਦਿ 'ਤੇ ਆਪ ਜੀ ਖਿਲਾਫ਼ ਬੇਹੱਦ ਭੱਦੀ ਸ਼ਬਦਾਵਲੀ ਦੀ ਵਰਤੋਂ ਬਹੁਤ ਆਮ ਹੀ ਹੋ ਗਈ ਹੈ ਤੇ ਆਪ ਜੀ ਨੂੰ ਆਮ ਤੌਰ 'ਤੇ ਹੀ ਬਾਦਲਾਂ ਦਾ ਮੁਲਾਜ਼ਮ ਤਕ ਵੀ ਕਿਹਾ ਜਾਣ ਲੱਗਾ ਹੈ।
 
ਇਸ ਦਾ ਅਸਰ ਇੱਥੇ ਤਕ ਹੋ ਗਿਆ ਕਿ 28 ਅਗਸਤ 2018 ਨੂੰ ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਹਲਕਾ ਪੱਟੀ ਤੋਂ ਵਿਧਾਇਕ ਹਰਮਿੰਦਰ ਸਿੰਘ ਗਿੱਲ ਨੇ ਆਪ ਜੀ ਦੁਆਰਾ ਬਣਾਈਆਂ ਜਾਇਦਾਦਾਂ ਅਤੇ ਆਪਣੇ ਕਰੀਬੀ ਰਿਸ਼ਤੇਦਾਰਾਂ ਨੂੰ ਸ਼੍ਰੋਮਣੀ ਕਮੇਟੀ 'ਚ ਦਵਾਏ ਅਹੁਦਿਆਂ ਦੀ ਗੱਲ ਵੀ ਸਾਫ ਤੌਰ 'ਤੇ ਕੀਤੀ।

ਜਥੇਦਾਰ ਸਾਹਿਬ, ਇਹ ਉਹ ਅਹੁਦਾ ਹੈ ਜਿਸ 'ਤੇ ਕਿਸੇ ਸਮੇਂ ਅਕਾਲੀ ਫੂਲਾ ਸਿੰਘ ਵਰਗੇ ਜਥੇਦਾਰ ਵਿਰਾਜਮਾਨ ਰਹੇ ਹਨ, ਜਿਨ੍ਹਾਂ ਆਪਣੇ ਅਹੁਦੇ ਦੀ ਮਾਣ-ਮਰਿਆਦਾ ਪ੍ਰਤੀ ਰੱਤੀ ਭਰ ਵੀ ਅਣਗਹਿਲੀ ਨਹੀਂ ਵਰਤੀ ਤੇ ਇੱਥੋਂ ਤਕ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਵੀ ਕੋਰੜੇ ਮਾਰਨ ਦੀ ਸਜ਼ਾ ਦਿੱਤੀ ਤੇ ਦੂਜੇ ਪਾਸੇ ਆਪ ਜੀ ਦੇ ਸੇਵਾ ਕਾਲ ਦੌਰਾਨ ਇਸ ਅਹੁਦੇ ਦਾ ਹੱਦੋਂ-ਵੱਧ ਤ੍ਰਿਸਕਾਰ ਹੋਇਆ ਹੈ। ਜਥੇਦਾਰ ਸਾਹਿਬ ਇਹ ਅਹੁਦਾ ਪੂਰੀ ਸਿੱਖ ਕੌਮ ਨੂੰ ਇੱਕ ਝੰਡੇ ਥੱਲੇ ਇਕੱਠੇ ਕਰਨ ਲਈ ਤੇ ਕੌਮ ਨੂੰ ਹਰ ਇੱਕ ਮਸਲੇ 'ਤੇ ਸੰਦੇਸ਼ ਦੇਣ ਲਈ ਸਥਾਪਿਤ ਹੋਇਆ ਸੀ। ਪਰ ਜਿਸ ਵਿਅਕਤੀ ਦਾ ਆਪਣਾ ਕਿਰਦਾਰ ਹੀ ਸ਼ੱਕੀ ਬਣ ਗਿਆ ਹੋਵੇ ਉਸ ਦਾ ਇਸ ਅਹੁਦੇ 'ਤੇ ਬਣੇ ਰਹਿਣਾ ਇਸ ਅਹੁਦੇ ਦਾ ਅਪਮਾਨ ਹੈ। ਇਹੀ ਕਾਰਨ ਹੈ ਕਿ ਆਪ ਜੀ ਨੂੰ ਦੇਸ਼-ਵਿਦੇਸ਼ 'ਚ ਸਿੱਖਾਂ ਦੇ ਰੋਹ ਦਾ ਸਾਹਮਣਾ ਕਰਨਾ ਪੈਂਦਾ ਹੈ। ਕਿਉਂਕਿ ਆਪ ਜੀ ਨੇ ਪ੍ਰਕਾਸ਼ ਸਿੰਘ ਬਾਦਲ ਵਰਗੇ ਸਿੱਖੀ ਦੇ ਜੜੀਂ ਤੇਲ ਦੇਣ ਵਾਲੇ ਹੁਕਮਰਾਨਾਂ ਦੀ ਜੀ-ਹਜ਼ੂਰੀ ਕੀਤੀ ਹੈ। ਜਿਸ ਬਦਲੇ ਭਾਵੇਂ ਕਿ ਆਪ ਜੀ ਨੂੰ ਪੰਥ ਨੇ ਇਸ ਅਹੁਦੇ ਤੋਂ ਬਰਖਾਸਤ ਕਰ ਦਿੱਤਾ ਹੈ। ਪਰ ਫਿਰ ਵੀ ਆਪ ਜੀ ਹਾਲੇ ਵੀ ਆਪਣਾ ਇਖਲਾਕ ਫਰਜ ਪਛਾਣਦੇ ਹੋਏ ਇਸ ਅਹੁਦੇ ਤੋਂ ਅਸਤੀਫਾ ਦੇ ਦਿਉ।

ਬੇਸ਼ੱਕ ਆਪ ਜੀ ਦੁਆਰਾ ਕੀਤੇ ਅਪਰਾਧਾਂ ਲਈ ਇਤਿਹਾਸ ਤੁਹਾਨੂੰ ਮਾਫ ਤਾਂ ਨਹੀਂ ਕਰੇਗਾ। ਪਰ ਸ਼ਾਇਦ ਤੁਹਾਨੂੰ ਉਸ ਅਕਾਲ ਪੁਰਖ ਦੀ ਦਰਗਾਹ 'ਚ ਜਾ ਕੇ ਆਪਣੀ ਆਤਮਾ 'ਤੇ ਬੋਝ ਥੋੜ੍ਹਾ ਹੌਲਾ ਜਾਪੇਗਾ। ਨਾਲੇ ਜਦੋਂ ਆਪ ਜੀ ਇਸ ਗੱਲ ਤੋਂ ਭਲੀ-ਭਾਂਤ ਜਾਣੂ ਹੋ ਕਿ ਕੌਮ ਦਾ ਵੱਡਾ ਹਿੱਸਾ ਆਪ ਜੀ ਦੇ ਇਸ ਅਹੁਦੇ 'ਤੇ ਬਣੇ ਰਹਿਣ ਦੇ ਸਖਤ ਖਿਲਾਫ਼ ਹੈ ਤੇ ਆਪ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੇ ਤੌਰ 'ਤੇ ਵੇਖਣ-ਸੁਣਨ ਨੂੰ ਵੀ ਤਿਆਰ ਨਹੀਂ, ਫੇਰ ਅਜਿਹੇ 'ਚ ਆਪ ਜੀ ਵੱਲੋਂ ਇਸ ਅਹੁਦੇ ਨੂੰ ਜੱਫਾ ਮਾਰ ਕੇ ਬੈਠੇ ਰਹਿਣ ਦੀ ਕੀ ਮਜ਼ਬੂਰੀ ਹੋ ਸਕਦੀ ਹੈ?

ਨਾਲੇ ਹੁਣ ਤਾਂ ਖੁਦ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਅਤੇ ਮੌਜੂਦਾ ਅਹੁਦੇਦਾਰਾਂ ਨੇ ਆਪ ਜੀ ਨੂੰ ਬਰਖਾਸਤ ਕਰਨ ਦੀ ਗੱਲ ਕਰਨੀ ਸ਼ੁਰੂ ਕਰ ਦਿੱਤੀ ਹੈ। ਆਪ ਜੀ ਦਾ ਇਸ ਅਹੁਦੇ ਤੇ ਬਿਨਾਂ ਵਜ੍ਹਾ ਬਣੇ ਰਹਿਣਾ ਸਰਬੱਤ ਖਾਲਸਾ ਵੱਲੋਂ ਥਾਪੇ ਜੁਝਾਰੂ ਜਰਨੈਲ ਜਥੇਦਾਰ ਸਿੰਘ ਸਾਹਿਬ ਭਾਈ ਜਗਤਾਰ ਸਿੰਘ ਹਵਾਰਾ ਦਾ ਵੀ ਅਪਮਾਨ ਹੈ।

ਉਮੀਦ ਹੈ ਕਿ ਆਪ ਜੀ ਇਸ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਹਾਲੇ ਵੀ ਇਸ ਪਾਵਨ-ਪਵਿੱਤਰ ਅਹੁਦੇ ਦੀ ਮਾਣ-ਮਰਿਆਦਾ ਨੂੰ ਬਹਾਲ ਕਰਨ 'ਚ ਆਖਰੀ ਰੋਲ ਅਦਾ ਕਰੋਗੇ।

ਗੁਰੂ ਪੰਥ ਦਾ ਦਾਸ
ਕਰਨਜੋਤ ਸਿੰਘ ਵਿਰਕ
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________  






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE






Copyright © 2016-2017










NEWS LETTER