ਪੰਜਾਬ
ਸ਼ਹੀਦੀ ਦਿਵਸ ਸਮਾਗਮ
ਬੀਬਾ ਨੀਰੂ ਬਾਜਵਾ ਜੀ ਨੱਚ-ਟੱਪ ਕੇ ਸ਼ਰਧਾਂਜਲੀ ਦੇਣਗੇ ਸ਼ਹੀਦਾਂ ਨੂੰ
- ਪੀ ਟੀ ਟੀਮ
ਬੀਬਾ ਨੀਰੂ ਬਾਜਵਾ ਜੀ ਨੱਚ-ਟੱਪ ਕੇ ਸ਼ਰਧਾਂਜਲੀ ਦੇਣਗੇ ਸ਼ਹੀਦਾਂ ਨੂੰ23 ਮਾਰਚ, 1931 ਨੂੰ ਸ਼ਾਮ 7.30 ਵਜੇ ਭਗਤ ਸਿੰਘ, ਰਾਜਗੁਰੂ ਅਤੇ ਸੁਖਦੇਵ ਨੇ ਲਾਹੌਰ ਦੀ ਜੇਲ੍ਹ ਵਿਚ ਫਾਂਸੀ ਦੇ ਰੱਸੇ ਨੂੰ ਚੁੰਮਿਆਂ ਅਤੇ ਦੇਸ਼ ਤੇ ਕੌਮ ਦੀ ਖਾਤਰ ਆਪਣੀਆਂ ਜਾਨਾਂ ਦੀ ਕੁਰਬਾਨੀ ਦੇ ਗਏ। ਦੇਸ਼ਵਾਸੀ ਅਤੇ ਖਾਸ ਕਰ ਕੇ ਪੰਜਾਬ ਵਾਸੀ ਇਸ ਦਿਨ ਇਨ੍ਹਾਂ ਅਜ਼ੀਮ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਅਰਪਣ ਕਰਨ ਲਈ ਕਈ ਸਮਾਗਮ ਉਲੀਕਦੇ ਹਨ।

ਇਸ ਸਾਲ 23 ਮਾਰਚ ਨੂੰ ਇਨ੍ਹਾਂ ਜਾਂਬਾਜ਼ ਵੀਰਾਂ ਦੀ ਸ਼ਹਾਦਤ ਨੂੰ ਅਕੀਦਤ ਪੇਸ਼ ਕਰਨ ਲਈ ਜਿਥੇ ਸਰਕਾਰੀ ਅਤੇ ਨਿੱਜੀ ਪੱਧਰ 'ਤੇ ਸਮਾਗਮ ਕੀਤੇ ਜਾਣੇ ਹਨ, ਉਥੇ ਇਸ ਇਤਿਹਾਸਿਕ ਕੁਰਬਾਨੀ ਵਾਲੇ ਦਿਨ ਮੋਹਾਲੀ ਦੇ ਖੇਡ ਸਟੇਡੀਅਮ ਵਿਚ ਜੀਓ ਫਿਲਮਫੇਅਰ ਪੰਜਾਬੀ ਐਵਾਰਡਜ਼ ਸਮਾਰੋਹ ਦਾ ਆਯੋਜਨ ਕੀਤਾ ਜਾ ਰਿਹਾ ਹੈ ਜਿਸ ਵਿਚ ਗਿੱਧੇ, ਭੰਗੜੇ ਤੇ ਹੋਰ ਫੂਹੜ ਨਾਚ ਨੱਚ ਕੇ ਖੁਸ਼ੀਆਂ ਦਾ ਪ੍ਰਗਟਾਵਾ ਕੀਤਾ ਜਾਵੇਗਾ। 

ਇਸ ਸਬੰਧੀ ਬੀਤੇ ਦਿਨੀਂ ਫਿਲਮਫੇਅਰ ਦੇ ਸੰਪਾਦਕ ਸ਼੍ਰੀ ਜਿਤੇਸ਼ ਪਿਲੱਈ ਨੇ ਚੰਡੀਗੜ੍ਹ ਵਿਚ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਜੀਓ ਫਿਲਮਫੇਅਰ ਪੰਜਾਬੀ ਐਵਾਰਡਜ਼ ਜੋ ਪਿਛਲੇ ਸਾਲ ਸ਼ੁਰੂ ਕੀਤੇ ਗਏ ਹਨ, ਇਸ ਸਾਲ 23 ਮਾਰਚ 2018 ਨੂੰ ਮੋਹਾਲੀ ਵਿਚ ਆਯੋਜਿਤ ਕੀਤੇ ਜਾ ਰਹੇ ਹਨ। ਇਸ ਪੱਤਰਕਾਰ ਵਾਰਤਾ ਸਮੇਂ ਉਨ੍ਹਾਂ ਨਾਲ ਪੰਜਾਬੀ ਅਦਾਕਾਰਾ ਨੀਰੂ ਬਾਜਵਾ ਵੀ ਸੀ ਜਿਸ ਨੇ ਦੱਸਿਆ ਕਿ ਮੈਂ ਪਿਛਲੇ ਸਾਲ ਇਸ ਸਮਾਗਮ ਵਿਚ ਸ਼ਮੂਲੀਅਤ ਨਾ ਕਰ ਸਕੀ ਪਰ ਇਸ ਸਾਲ ਜ਼ਰੂਰ ਸ਼ਾਮਿਲ ਹੋਵਾਂਗੀ। ਸ਼੍ਰੀ ਪਿਲੱਈ ਨੇ ਇਹ ਵੀ ਦੱਸਿਆ ਕਿ ਨੀਰੂ ਬਾਜਵਾ ਇਸ ਸਮਾਰੋਹ ਵਿਚ ਆਪਣੀ ਕਲਾ ਦਾ ਪ੍ਰਦਰਸ਼ਨ ਵੀ ਕਰਨਗੇ।

ਹੁਣ ਸੁਆਲ ਇਹ ਹੈ ਕਿ ਕੀ ਇਸ ਪਵਿੱਤਰ ਦਿਹਾੜੇ ਦੀ ਅਹਿਮੀਅਤ ਦਾ ਫਿਲਮਫੇਅਰ ਵਾਲਿਆਂ ਜਾਂ ਉਨ੍ਹਾਂ ਅਦਾਕਾਰਾਂ ਨੂੰ ਨਹੀਂ ਪਤਾ ਜੋ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਦੀ ਸੇਵਾ ਕਰਨ ਦਾ ਦਮ ਭਰਦੇ ਨੇ, ਪਰ ਇਸ ਇਤਿਹਾਸਿਕ ਦਿਨ 'ਤੇ ਨੱਚ-ਗਾ-ਟੱਪ ਕੇ ਆਪਣੀਆਂ ਖੁਸ਼ੀਆਂ ਦਾ ਇਜ਼ਹਾਰ ਕਰਨਗੇ?

ਇਸ ਸਮਾਰੋਹ ਵਿਚ ਨੀਰੂ ਬਾਜਵਾ ਦੇ ਨਾਲ ਹੋਰ ਜੋ ਪੰਜਾਬੀ ਪਿਆਰੇ ਅਦਾਕਾਰ ਸ਼ਾਮਿਲ ਹੋ ਕੇ ਸਮਾਗਮ ਦੀ ਸ਼ਾਨ ਵਧਾਉਣਗੇ ਉਨ੍ਹਾਂ ਵਿਚ ਦਿਲਜੀਤ ਦੋਸਾਂਝ, ਐਮੀ ਵਿਰਕ, ਅਮਰਿੰਦਰ ਗਿੱਲ, ਗਿੱਪੀ ਗਰੇਵਾਲ, ਜਿੰਮੀ ਸ਼ੇਰਗਿੱਲ ਅਤੇ ਤਰਸੇਮ ਜੱਸੜ ਦੇ ਨਾਲ ਮੈਂਡੀ ਤੱਖਰ, ਸਰਗੁਣ ਮਹਿਤਾ, ਸਿਮੀ ਚਾਹਲ ਅਤੇ ਸੋਨਮ ਬਾਜਵਾ ਦੇ ਨਾਮ ਸ਼ਾਮਿਲ ਹਨ।

ਇਸ ਸੰਬੰਧੀ ਫਿਲਮਫੇਅਰ ਦੇ ਸੰਪਾਦਕ ਜਿਤੇਸ਼ ਪਿਲੱਈ ਨੂੰ ਈ-ਮੇਲ ਰਾਹੀਂ ਉਨ੍ਹਾਂ ਦੇ ਵਿਚਾਰ ਜਾਣਨ ਦੀ ਕੋਸ਼ਿਸ਼ ਕੀਤੀ ਗਈ ਪਰ ਕੋਈ ਜਵਾਬ ਨਹੀਂ ਆਇਆ।

ਪੰਜਾਬ ਦੇ ਇਕ ਨਾਮੀ ਲੋਕ ਗਾਇਕ ਦਾ ਇਸ ਬਾਰੇ ਕਹਿਣਾ ਸੀ ਕਿ ਫਿਲਮਫੇਅਰ ਵਾਲੇ ਤਾਂ ਫੇਰ ਪੰਜਾਬੀ ਨਹੀਂ ਪਰ ਇਹ ਸਾਰੇ ਅਦਾਕਾਰ ਤਾਂ ਪੰਜਾਬੀ ਦੀ ਸੇਵਾ ਕਰਨ ਦੇ ਦਾਅਵੇ ਕਰਦੇ ਹਨ। ਕੀ ਉਨ੍ਹਾਂ ਦੇ ਦਿਲ ਵਿਚ ਸੱਚਮਮੁੱਚ ਪੰਜਾਬ, ਪੰਜਾਬੀ ਅਤੇ ਪੰਜਾਬੀਅਤ ਪ੍ਰਤੀ ਕੋਈ ਪਿਆਰ-ਸਤਿਕਾਰ ਦੀ ਭਾਵਨਾ ਹੈ ਵੀ ਜਾਂ ਕੇਵਲ ਝੂਠੀਆਂ ਗੱਲਾਂ ਕਰਨਾ ਹੀ ਜਾਣਦੇ ਨੇ? ਅਸਲ ਵਿਚ ਤਾਂ ਇਹ ਪੈਸੇ ਦੇ ਪੀਰ ਤੇ ਵਪਾਰੀ ਬਿਰਤੀ ਦੇ ਮਾਲਕ ਨੇ ਜਿਨ੍ਹਾਂ ਨੂੰ ਆਮ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਕੋਈ ਲੈਣਾ ਦੇਣਾ ਨਹੀਂ।
 
ਇਸ ਖਬਰ ਦੇ ਪ੍ਰਤੀਕਰਮ ਵਜੋਂ ਸਾਨੂੰ ਵਿਦਵਾਨ ਸੱਜਣ, ਰਾਜਾ ਗੁਰਮਿੰਦਰ ਸਿੰਘ ਸਮਦ, ਜੀ ਦੇ ਹੇਠ ਲਿਖੇ ਵਿਚਾਰ ਪ੍ਰਾਪਤ ਹੋਏ ਹਨ ਜਿਨ੍ਹਾਂ ਨੂੰ ਪਾਠਕਾਂ ਦੀ ਜਾਣਕਾਰੀ ਲਈ ਇੰਨ-ਬਿੰਨ ਇਥੇ ਦਰਜ ਕਰ ਰਹੇ ਹਾਂ : 
 
ਰਾਜਾ ਗੁਰਮਿੰਦਰ ਸਿੰਘ ਸਮਦ:
ਤੁਹਾਡਾ ਮਤਲਬ ਹੈ ਕਿ ਕੋੲੀ ਵਿਅਾਹ ਸ਼ਾਦੀ ਦੀ ਰਸਮ ਵੀ ਨਾ ਕਰੇ ੲਿਸ ਦਿਨ। ਭਰਾਵੋ ਭਗਤ ਸਿੰਘ ਦੇ ਨਾਮ 'ਤੇ ਸੌੜੀ ਕੱਟੜਤਾ ਨਾ ਬਣਾੳੁ। ਸ਼ਹੀਦਾਂ ਦੇ ਦਿਨ ੳੁਹ ਸਿਰਫ ਅਾਪਣੇ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਨ, ਚੈਨਲ 'ਤੇ ਬਹੁਤ ਬਾਅਦ ਵਿਚ ਚੱਲਣਾ ਹੈ। ਪੀਟੀਸੀ ਵਾਂਗ ੳੁਹ ਸਿੱਧਾ ਪ੍ਰਸਾਰਣ ਨਹੀਂ ਕਰ ਰਹੇ। ਖਬਰ ਦੀ ਤਹਿ ਤੱਕ ਜਾੲਿਅਾ ਕਰੋ ਤੁਹਾਡਾ ਬਹੁਤ ਤਜ਼ੁਰਬਾ ਹੈ। ਚੰਗਾ ਕੰਮ ਕਰੋ।
 
ਪੰਜਾਬ ਟੂਡੇ ਵਲੋਂ ਜਵਾਬ:
ਰਾਜਾ ਗੁਰਮਿੰਦਰ ਸਿੰਘ ਸਮਦ ਜੀ, ਸ਼ੁਕਰੀਆ ਜੀ ਮਸ਼ਵਰੇ ਦਾ। ਆਪਣੀ ਜਾਣੋਂ ਤਾਂ ਚੰਗਾ ਕੰਮ ਹੀ ਕਰਨਾ ਲੋਚਦੇ ਹਾਂ ਪਰ ਸ਼ਾਇਦ ਤੁਹਾਡੀ ਪਰਖ ਦੀ ਕਸੌਟੀ 'ਤੇ ਅਜੇ ਪੂਰੇ ਉਤਰਨ ਵਿਚ ਕਾਮਯਾਬ ਨਹੀਂ ਹੋਏ। ਕੋਸ਼ਿਸ਼ ਜਾਰੀ ਰਹੇਗੀ ਕਿ ਆਪਣੀ ਸੋਚ ਅਨੁਸਾਰ ਸਹੀ ਰਾਹ 'ਤੇ ਹੀ ਤੁਰੀਏ।

ਜਿਥੋਂ ਤਕ ਤੁਹਾਡਾ ਸੁਆਲ ਹੈ ਕਿ 'ਕੋੲੀ ਵਿਅਾਹ ਸ਼ਾਦੀ ਦੀ ਰਸਮ ਵੀ ਨਾ ਕਰੇ ੲਿਸ ਦਿਨ?' ਉਸ ਬਾਰੇ ਇੰਨਾ ਹੀ ਕਹਿ ਸਕਦੇ ਹਾਂ ਕਿ ਕਿਸੇ ਦੇ ਘਰ, ਨਿੱਜੀ ਸਮਾਗਮ ਦੀ ਗੱਲ ਨਹੀਂ ਹੋ ਰਹੀ। ਇਹ ਇਕ ਜਨਤਕ ਸਮਾਰੋਹ ਦਾ ਆਯੋਜਨ ਹੋ ਰਿਹਾ ਹੈ, ਜਿਸ ਵਿਚ 'ਪੰਜਾਬੀ ਦੀ ਸੇਵਾ' ਕਰਨ ਵਾਲੇ ਅਦਾਕਾਰਾਂ ਨੇ ਨੱਚਣਾ, ਗਾਣਾ-ਟੱਪਣਾ ਹੈ ਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾਣਾ ਹੈ।

ਤੁਹਾਡੇ ਇਸ ਮੱਤ ਬਾਰੇ ਕਿ 'ਸ਼ਹੀਦਾਂ ਦੇ ਦਿਨ ੳੁਹ ਸਿਰਫ ਅਾਪਣੇ ਪ੍ਰੋਗਰਾਮ ਨੂੰ ਰਿਕਾਰਡ ਕਰ ਰਹੇ ਹਨ, ਚੈਨਲ 'ਤੇ ਬਹੁਤ ਬਾਅਦ ਵਿਚ ਚੱਲਣਾ ਹੈ' ਬਾਰੇ ਸਪਸ਼ਟ ਹੋਣਾ ਚਾਹੀਦਾ ਹੈ ਕਿ ਇਹ ਰਿਕਾਰਡਿੰਗ ਕਿਸੇ ਬੰਦ ਸਟੂਡੀਓ ਵਿਚ ਕੁਝ ਕਲਾਕਾਰਾਂ ਦੀ ਸ਼ਮੂਲੀਅਤ ਨਾਲ ਨਹੀਂ ਹੋਣੀ, ਮੋਹਾਲੀ ਦੇ ਖੇਡ ਸਟੇਡੀਅਮ ਵਿਚ ਹੋਣੀ ਹੈ, ਜਿਥੇ ਹਜ਼ਾਰਾਂ ਲੋਕਾਂ ਨੇ ਹਾਜ਼ਰ ਹੋ ਕਿ 'ਪੰਜਾਬ ਦੇ ਵਿਰਸੇ' ਨਾਲ ਸਰਾਬੋਰ ਹੋਣਾ ਹੈ। ਚੈਨਲ 'ਤੇ ਕਦੋਂ ਚਲਣਾ ਹੈ ਕਥਨ ਨਾਲ ਮੂਲ ਇਤਰਾਜ਼ ਨੂੰ ਕਿਵੇਂ ਖਾਰਿਜ ਕਰ ਸਕਦੇ ਹੋ ਜੀ।

"ਭਰਾਵੋ ਭਗਤ ਸਿੰਘ ਦੇ ਨਾਮ 'ਤੇ ਸੌੜੀ ਕੱਟੜਤਾ ਨਾ ਬਣਾੳੁ" ਬਾਰੇ ਏਹੀ ਅਰਜ਼ ਕਰ ਸਕਦੇ ਹਾਂ ਜੀ ਕਿ ਸਮਾਜ ਦੇ ਆਮ ਨਾਗਰਿਕ ਦੀਆਂ ਭਾਵਨਾਵਾਂ ਦੀ ਤਰਜਮਾਨੀ ਕਰਨੀ ਜੇ 'ਸੌੜੀ ਕੱਟੜਤਾ' ਦਾ ਇਲਜ਼ਾਮ ਹੈ ਤਾਂ ਸਾਡੇ ਸਿਰ ਮੱਥੇ।

"ਖਬਰ ਦੀ ਤਹਿ ਤੱਕ ਜਾੲਿਅਾ ਕਰੋ ਤੁਹਾਡਾ ਬਹੁਤ ਤਜ਼ੁਰਬਾ ਹੈ" ਆਖਣ ਲਈ ਸ਼ੁਕਰੀਆ ਪਰ ਇਸ ਤਜ਼ੁਰਬੇ ਨੇ ਇਹ ਹੀ ਸਿਖਾਇਆ ਹੈ ਕਿ ਅਜੋਕਾ ਮੀਡੀਆ ਜੋ ਸਾਨੂੰ ਵਰਤਾ ਰਿਹਾ ਹੈ ਅਸਲ ਵਿਚ ਉਹ ਹੀ ਕੇਵਲ ਖਬਰ ਦੀ ਤਹਿ ਨਹੀਂ ਹੁੰਦੀ, ਹਰ ਖਬਰ ਦੀਆਂ ਕੁਝ ਅਜਿਹੀਆਂ 'ਤਹਿਆਂ' ਹੁੰਦੀਆਂ ਹਨ ਜਿਸ ਨੂੰ ਮੀਡੀਆ ਵਪਾਰਕ ਹਿੱਤਾਂ ਨੂੰ ਮੁੱਖ ਰੱਖ ਕੇ ਫਰੋਲਣ ਤੋਂ ਗੁਰੇਜ਼ ਹੀ ਕਰਦਾ ਹੈ। ਸਾਡੀ ਕੋਸ਼ਿਸ਼ ਜਾਰੀ ਰਹੇਗੀ ਕਿ ਖਬਰ ਦੀਆਂ ਅਜਿਹੀਆਂ 'ਡੂੰਘੀਆਂ 'ਤਹਿਆਂ' ਤੱਕ ਪਹੁੰਚ ਸਕੀਏ।

ਆਪ ਜੀ ਦੇ ਵਿਚਾਰਾਂ ਲਈ ਸ਼ੁਕਰੀਆ। ਖਬਰ ਦੀ ਸਾਰਥਿਕਤਾ ਬਣਾਈ ਰੱਖਣ ਲਈ ਆਪ ਜੇ ਦੇ ਵਿਚਾਰਾਂ ਨੂੰ ਮੂਲ ਖਬਰ ਵਿਚ ਥਾਂ ਦੇਣ ਦੀ ਖੁਸ਼ੀ ਪ੍ਰਾਪਤ ਕਰ ਰਹੇ ਹਾਂ।
ਧੰਨਵਾਦ!
ਪੰਜਾਬ ਟੂਡੇ - ਕੁਛ ਸੁਣੀਏ ਕੁਛ ਕਹੀਏ
 


Comment by: ਦਰਸ਼ਨ ਸਿੰਘ

23 ਮਾਰਚ ਨੂੰ ਹੀ 'ਜੀਓ ਫਿਲਮ ਫੇਅਰ ਅਵਾਰਡ' ਰੱਖਣਾ ਟੇਢੇ ਢੰਗ ਨਾਲ਼ ਸ਼ਹੀਦਾਂ ਦੀ ਕੁਰਬਾਨੀ ਦਾ ਅਪਮਾਨ ਹੋਵੇਗਾ ! ਇਹ ਕਿਸੇ ਹੋਰ ਦਿਨ ਵੀ ਹੋ ਸਕਦਾ ਹੈ !

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER