ਪੰਜਾਬ
ਬਡੂੰਗਰ ਤੇ ਉਸ ਦੀ ਅਗਵਾਈ ਵਾਲੀ ਕਾਰਜਕਾਰਣੀ ਹੋਈ ਰੁਖ਼ਸਤ
ਸ਼੍ਰੋਮਣੀ ਕਮੇਟੀ 'ਤੇ ਬਾਦਲਾਂ ਅਤੇ ਮਾਲਵੇ ਦੀ ਸਰਦਾਰੀ ਕਾਇਮ
- ਨਰਿੰਦਰ ਪਾਲ ਸਿੰਘ
ਸ਼੍ਰੋਮਣੀ ਕਮੇਟੀ 'ਤੇ ਬਾਦਲਾਂ ਅਤੇ ਮਾਲਵੇ ਦੀ ਸਰਦਾਰੀ ਕਾਇਮਸ਼੍ਰੋਮਣੀ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਸਲਾਨਾ ਚੋਣ ਲਈ ਹੋਏ ਜਨਰਲ ਅਜਲਾਸ ਮੌਕੇ ਗੋਬਿੰਦ ਸਿੰਘ ਲੋਂਗੋਵਾਲ, ਆਪਣੇ ਵਿਰੋਧੀ ਤੇ ਪੰਥਕ ਫਰੰਟ ਦੇ ਉਮੀਦਵਾਰ ਅਮਰੀਕ ਸਿੰਘ ਸ਼ਾਹਪੁਰ ਨੂੰ 139 ਵੋਟਾਂ ਨਾਲ ਹਰਾ ਕੇ ਪ੍ਰਧਾਨ ਬਣ ਗਏ ਹਨ। ਕਰਨਾਲ ਤੋਂ ਕਮੇਟੀ ਮੈਂਬਰ ਰਘੁਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪਰਧਾਨ ਤੇ ਹਰਪਾਲ ਸਿੰਘ ਜੱਲ੍ਹਾ ਨੂੰ ਜੂਨੀਅਰ ਮੀਤ ਪ੍ਰਧਾਨ ਚੁਣਿਆ ਗਿਆ ਹੈ। ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਚੁੱਣਿਆ ਗਿਆ ਹੈ। ਪ੍ਰੋ:ਕਿਰਪਾਲ ਸਿੰਘ ਬਡੂੰਗਰ ਦੀ ਅਗਵਾਈ ਵਾਲੀ ਕਾਰਜਕਾਰਣੀ ਵਲੋਂ ਦਸਮੇਸ਼ ਪਿਤਾ ਦੇ ਪ੍ਰਕਾਸ਼ ਦਿਹਾੜੇ ਸਬੰਧੀ ਦੁਵਿਧਾ ਪਾਉਣ ਅਤੇ ਤਖਤਾਂ ਦੇ ਜਥੇਦਾਰਾਂ ਦੇ ਏਕਾ ਅਧਿਕਾਰ ਖਿਲਾਫ ਲਿਖਤੀ ਰੋਸ ਦਰਜ ਕਰਾਉਂਦਿਆਂ ਕਮੇਟੀ ਮੈਂਬਰ ਹਰਦੀਪ ਸਿੰਘ ਮੁਹਾਲੀ ਨੇ ਆਪਣੀ ਵੋਟ ਨਹੀਂ ਪਾਈ। ਕਮੇਟੀ ਦੀ 11 ਮੈਂਬਰੀ ਕਾਰਜਕਾਰਣੀ ਵਿੱਚ ਨਵਤੇਜ ਸਿੰਘ ਕਾਉਂਣੀ ਦੀ ਸ਼ਮੂਲੀਅਤ ਚਰਚਾ ਦਾ ਵਿਸ਼ਾ ਜ਼ਰੂਰ ਬਣੀ ਹੈ ਕਿਉਂਕਿ ਡੇਰਾ ਸਿਰਸਾ ਦੇ ਸਮਾਗਮਾਂ ਵਿੱਚ ਸ਼ਮੂਲੀਅਤ ਕਾਰਨ ਉਹ ਦੋ ਵਾਰ ਸ੍ਰੀ ਅਕਾਲ ਤਖਤ ਸਾਹਿਬ 'ਤੇ ਪੇਸ਼ ਹੋ ਕੇ ਤਨਖਾਹ ਵੀ ਲਵਾ ਚੁੱਕੇ ਹਨ।

ਸ਼੍ਰੋਮਣੀ ਕਮੇਟੀ ਦੇ ਰਜਿਸਟਰਡ ਦਫਤਰ ਤੇਜਾ ਸਿੰਘ ਸਮੁੰਦਰੀ ਹਾਲ ਵਿਖੇ ਕਮੇਟੀ ਪ੍ਰਧਾਨ ਤੇ ਅਹੁਦੇਦਾਰਾਂ ਦੀ ਚੋਣ ਲਈ ਬਾਅਦ ਦੁਪਿਹਰ ਸ਼ੁਰੂ ਹੋਏ ਜਨਰਲ ਅਜਲਾਸ ਮੌਕੇ ਆਰੰਭਤਾ ਦੀ ਅਰਦਾਸ ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਕੀਤੀ। ਉਪਰੰਤ ਚੋਣ ਸਬੰਧੀ ਕਾਰਵਾਈ ਸ਼ੁਰੂ ਹੋਣ 'ਤੇ ਸ਼੍ਰੋਮਣੀ ਕਮੇਟੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਗੋਬਿੰਦ ਸਿੰਘ ਲੋਂਗੋਵਾਲ ਦਾ ਨਾਮ ਪੇਸ਼ ਕੀਤਾ। ਇਸ ਨਾਮ ਦੀ ਤਾਈਦ ਤੇ ਤਾਈਦ ਮਜ਼ੀਦ ਹੋ ਜਾਣ 'ਤੇ ਜਿਉਂ ਹੀ ਹਾਊਸ ਦੇ ਚੇਅਰਮੈਨ ਦੀ ਹੈਸੀਅਤ ਵਿੱਚ ਪ੍ਰੋ:ਕਿਰਪਾਲ ਸਿੰਘ ਬਡੂੰਗਰ ਨੇ ਕਿਸੇ ਹੋਰ ਨਾਮ ਪੇਸ਼ ਕਰਨ ਦੀ ਗੱਲ ਕਹੀ ਤਾਂ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਤੇ ਸਾਬਕਾ ਕਾਰਜਕਾਰੀ ਪ੍ਰਧਾਨ ਜਥੇਦਾਰ ਸੁਖਦੇਵ ਸਿੰਘ ਭੌਰ ਦੀ ਅਗਵਾਈ ਹੇਠ ਕੁਝ ਸਮਾਂ ਪਹਿਲਾਂ ਹੀ ਗਠਿਤ ਹੋਏ ਪੰਥਕ ਫਰੰਟ ਨੇ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਦਾ ਨਾਮ ਪੇਸ਼ ਕੀਤਾ, ਤਾਈਦ ਤੇ ਤਾਈਦ ਮਜੀਦ ਹੋਣ ਉਪ੍ਰੰਤ ਕਮੇਟੀ ਅੰਦਰਲੇ ਬਾਦਲ ਪੱਖੀ ਧੜੇ ਨੇ ਭੌਰ ਧੜੇ ਨਾਲ ਕਾਰਜਕਾਰਣੀ ਕਮੇਟੀ ਵਿੱਚ ਮੈਂਬਰ ਲਏ ਜਾਣ ਬਾਰੇ ਸੌਦੇਬਾਜੀ ਸ਼ੁਰੂ ਕੀਤੀ ਜੋ ਨੇਪਰੇ ਨਾ ਚੜ੍ਹ ਸਕੀ। ਆਖਿਰ ਨਿਯਮਾਂ ਅਨੁਸਾਰ ਪ੍ਰਧਾਨ ਦੀ ਚੋਣ ਲਈ ਬੈਲਟ ਪੇਪਰ ਦਾ ਸਹਾਰਾ ਲਿਆ। ਕੋਈ ਡੇਢ ਘੰਟਾ ਚੱਲੀ ਇਸ ਚੋਣ ਪ੍ਰਣਾਲੀ ਵਿੱਚ 169 ਕਮੇਟੀ ਮੈਂਬਰਾਨ ਵਲੋਂ ਪਾਈਆਂ ਵੋਟਾਂ 'ਚੋਂ 154 ਗੋਬਿੰਦ ਸਿੰਘ ਲੋਂਗੋਵਾਲ ਅਤੇ 15 ਵੋਟਾਂ ਵਿਰੋਧੀ ਧਿਰ ਦੇ ਅਮਰੀਕ ਸਿੰਘ ਸ਼ਾਹਪੁਰ ਨੂੰ ਪੋਲ ਹੋਈਆਂ। ਇਸ ਉਪਰੰਤ ਵਿਰੋਧੀ ਧਿਰ ਨੇ ਬਾਕੀ ਅਹੁਦੇਦਾਰੀਆਂ ਲਈ ਕੋਈ ਨਾਮ ਪੇਸ਼ ਨਹੀਂ ਕੀਤਾ। ਚੋਣ ਕਾਰਵਾਈ ਨੂੰ ਜਾਰੀ ਰੱਖਦਿਆਂ ਹਰਿਆਣਾ ਤੋਂ ਨਾਮਜ਼ਦ ਮੈਂਬਰ ਤੇ ਬਾਦਲ ਪਰਿਵਾਰ ਦੇ ਕਰੀਬੀ ਜਾਣੇ ਜਾਂਦੇ ਰਘੂਜੀਤ ਸਿੰਘ ਵਿਰਕ ਨੂੰ ਸੀਨੀਅਰ ਮੀਤ ਪ੍ਰਧਾਨ, ਹਰਪਾਲ ਸਿੰਘ ਜੱਲ੍ਹਾ ਨੂੰ ਜੂਨੀਅਰ ਮੀਤ ਪ੍ਰਧਾਨ ਅਤੇ ਗੁਰਬਚਨ ਸਿੰਘ ਕਰਮੂੰਵਾਲ ਨੂੰ ਜਨਰਲ ਸਕੱਤਰ ਚੁਣ ਲਿਆ ਗਿਆ।

ਉਧਰ ਕਮੇਟੀ ਪਰਧਾਨ ਚੁਣੇ ਜਾਣ ਬਾਅਦ ਲੋਂਗੋਵਾਲ ਨੇ 11 ਮੈਂਬਰੀ ਕਾਰਜਕਾਰਣੀ ਦੇ ਨਾਮ ਐਲਾਨ ਦਿੱਤੇ। ਵਿਰੋਧੀ ਧਿਰ ਨੇ ਇਕ ਵਾਰ ਫਿਰ ਦਸਤਕ ਦਿੱਤੀ ਕਿ ਨਿਯਮਾਂ ਅਨੁਸਾਰ ਉਨ੍ਹਾਂ ਦਾ ਇਕ ਮੈਂਬਰ ਕਾਰਜਕਾਰਣੀ 'ਚ ਲਿਆ ਜਾਏ। ਕੁਝ ਸਮੇਂ ਦੀ ਨੋਕ ਝੋਕ ਉਪਰੰਤ ਜਥੇਦਾਰ ਅਮਰੀਕ ਸਿੰਘ ਸ਼ਾਹਪੁਰ ਨੂੰ ਵਿਰੋਧੀ ਧਿਰ ਦੇ ਨੁਮਾਇੰਦੇ ਵਜੋਂ ਕਾਰਜਕਾਰਣੀ ਵਿੱਚ ਸ਼ਾਮਿਲ ਕਰ ਲਿਆ ਗਿਆ। ਬਾਕੀ 10 ਕਾਰਜਕਾਰਣੀ ਮੈਂਬਰਾਂ ਵਿੱਚ ਸੱਜਣ ਸਿੰਘ ਬੱਜੂਮਾਨ, ਭਗਵੰਤ ਸਿੰਘ ਸਿਆਲਕਾ, ਲਖਬੀਰ ਸਿੰਘ ਅਰਾਈਆਂ, ਗੁਰਪ੍ਰੀਤ ਕੌਰ ਰੂਹੀ, ਗੁਰਤੇਜ ਸਿੰਘ ਢੱਡੇ, ਹਰਦੇਵ ਸਿੰਘ ਰਾਂਗਲਾ, ਰਵਿੰਦਰ ਸਿੰਘ ਚੱਕ ਮੁਕੇਰੀਆਂ, ਗੁਰਮੀਤ ਸਿੰਘ ਬੂਹ, ਬਾਬਾ ਗੁਰਮੀਤ ਸਿੰਘ ਤਿਲੋਕੇ ਵਾਲਾ ਤੇ ਨਵਤੇਜ ਸਿੰਘ ਕਾਉਂਣੀ ਸ਼ਾਮਿਲ ਹਨ।

ਕਮੇਟੀ ਦੇ ਅੱਜ ਦੇ ਸਲਾਨਾ ਅਜਲਾਸ ਵਿੱਚ ਮਨਿਸਟਰ ਵਜੋਂ ਸ਼ਾਮਿਲ ਹੋਣ ਵਾਲੇ ਪੰਜ ਤਖਤਾਂ ਦੇ ਜਥੇਦਾਰਾਂ 'ਚੋਂ ਸਿਰਫ ਗਿਆਨੀ ਗੁਰਬਚਨ ਸਿੰਘ, ਗਿਆਨੀ ਰਘਬੀਰ ਸਿੰਘ ਤੇ ਗਿਆਨੀ ਹਰਪ੍ਰੀਤ ਸਿੰਘ ਸ਼ਾਮਿਲ ਹੋਏ। ਕਮੇਟੀ ਦੇ ਗੁਰਦਾਸਪੁਰ ਤੋਂ ਮੈਂਬਰ ਸੇਵਾ ਸਿੰਘ ਸੇਖਵਾਂ ਨਾ ਤਾਂ ਕੱਲ੍ਹ ਪਾਰਟੀ ਪਰਧਾਨ ਨੂੰ ਅਧਿਕਾਰ ਦੇਣ ਵਾਲੀ ਮੀਟਿੰਗ ਵਿੱਚ ਸ਼ਾਮਿਲ ਹੋਏ ਨਾ ਹੀ ਅੱਜ ਦੇ ਅਜਲਾਸ ਵਿੱਚ। ਜਨਰਲ ਅਜਲਾਸ ਦੀ ਕਾਰਵਾਈ ਚਲਾਉਣ ਲਈ ਸ਼੍ਰੋਮਣੀ ਕਮੇਟੀ ਮੁਖ ਸਕੱਤਰ ਡਾ:ਰੂਪ ਸਿੰਘ ਹਾਜਰ ਰਹੇ ਜਦੋਂ ਬੈਲਟ ਪੇਪਰ ਰਾਹੀਂ ਚੋਣ ਕਰਵਾਏ ਜਾਣ ਦੀ ਜ਼ਿੰਮੇਵਾਰੀ ਕਮੇਟੀ ਸਕੱਤਰ ਮਹਿੰਦਰ ਸਿੰਘ ਆਹਲੀ, ਮੀਤ ਸਕੱਤਰ ਸਕੱਤਰ ਸਿੰਘ ਨੇ ਨਿਭਾਈ।


Comment by: Sahib singh

Only Basal's possession and control over SGPC AND election is stent.

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER