ਪੰਜਾਬ
ਸਿੱਖ ਨੌਜੁਆਨਾਂ ਨੂੰ ਮਾਰ ਮੁਕਾਉਣ ਵਾਲੇ ਲਈ ਅਪਣਾਏ ਗਏ ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ?
- ਨਰਿੰਦਰ ਪਾਲ ਸਿੰਘ
ਸਿੱਖ  ਨੌਜੁਆਨਾਂ ਨੂੰ ਮਾਰ ਮੁਕਾਉਣ ਵਾਲੇ ਲਈ ਅਪਣਾਏ ਗਏ  ਕੈਟ ਸਿਸਟਮ ਦਾ ਹਿੱਸਾ ਰਿਹੈ ਇੰਦਰਜੀਤ ਸਿੰਘ?ਸੂਬੇ ਵਿੱਚ ਨਸ਼ਿਆਂ ਦੇ ਪਸਾਰੇ ਨੂੰ ਠੱਲ੍ਹ ਪਾਣ ਲਈ ਚਲਾਈ ਜਾ ਰਹੀ ਮੁਹਿੰਮ ਤਹਿਤ ਸਪੈਸ਼ਲ ਟਾਸਕ ਫੋਰਸ (ਐਸ.ਟੀ.ਐਫ)ਵਲੋਂ ਗ੍ਰਿਫਤਾਰ ਕੀਤਾ ਗਿਆ ਪੁਲਿਸ ਇੰਸਪੈਕਟਰ ਇੰਦਰਜੀਤ ਸਿੰਘ ਉਹ ਕੰਡਿਆਲੀ ਥੋਹਰ ਹੈ ਜਿਸਨੂੰ ਪੁਲਿਸ ਨੇ ਖਾੜਕੂ ਵਾਦ ਨੂੰ ਖਤਮ ਕਰਨ ਲਈ ਕਦੇ ਖੁੱਦ ਸਿੰਜਿਆ ਸੀ। ਆਖਿਰ ਪੁਲਿਸ ਦੇ ਇਸ ਕਮਾਊ ਪੁੱਤਰ ਨੂੰ ਗ੍ਰਿਫਤਾਰ ਕਰਨ ਦਾ ਕੌੜਾ ਘੁੱਟ ਕਿਉਂ ਕਰਨਾ ਪਿਆ ਇਹ ਸਵਾਲ ਗੁਰੂ ਨਗਰੀ ਅੰਮ੍ਰਿਤਸਰ ਦੇ ਵਸਨੀਕ ਤੇ ਵਿਸ਼ੇਸ਼ ਕਰਕੇ ਇੰਦਰਜੀਤ ਸਿੰਘ ਦੇ ਜਾਣਕਾਰ,ਬਾਰ ਬਾਰ ਪੁੱਛ ਰਹੇ ਹਨ।
 
ਇੰਦਰਜੀਤ ਸਿੰਘ ਦੀ ਅੰਮ੍ਰਿਤਸਰ ਨਾਲ ਸਾਂਝ ਦੀ ਗਲ ਕੀਤੀ ਜਾਏ ਤਾਂ ਉਹ ਸ੍ਰੀ ਦਰਬਾਰ ਸਾਹਿਬ ਦੇ ਨਾਲ ਲਗਦੇ ਬਾਬਾ ਸਾਹਿਬ ਚੌਕ ਦੀ ਗਲੀ ਪੰਜਾਬ ਦੇ ਵਸਨੀਕ ਰਹੇ ਸ੍ਰ:ਕਰਤਾਰ ਸਿੰਘ ਦੇ ਪੰਜ ਪੁੱਤਰਾਂ 'ਚੋਂ ਇੱਕ ਹੈ।ਉਸਦਾ ਇਕ ਭਰਾ ਸੰਸਾਰ ਤੋਂ ਚਲਾਣਾ ਕਰ ਚੁੱਕਾ ਹੈ, ਦੂਸਰਾ ਸ਼ੈਲਰ ਵਿੱਚ ਕੰਮ ਕਰਕੇ ਬੱਚੇ ਪਾਲ ਰਿਹਾ ਹੈ, ਤੀਸਰਾ ਬਾਦਲ ਅਕਾਲੀ ਦਲ ਨਾਲ ਸਬੰਧਤ  ਨਗਰ ਨਿਗਮ ਕੌਂਸਲਰ ਹੈ ਤੇ ਚੌਥਾ ਚਾਰ ਦੀਵਾਰੀ ਵਾਲੇ ਸ਼ਹਿਰ ਅੰਦਰ ਮੌਜੂਦ ਹੋਟਲਾਂ ਦੀ ਐਸੋਸੀਏਸ਼ਨ ਦਾ ਅਧਿਕਾਰੀ।
 
ਇੰਦਰਜੀਤ ਸਿੰਘ ਉਸ ਵੇਲੇ ਪੰਜਾਬ ਪੁਲਿਸ ਵਿੱਚ ਭਰਤੀ ਹੁੰਦਾ ਹੈ ਜਦੋਂ ਸ੍ਰੀ ਦਰਬਾਰ ਸਾਹਿਬ ਦੇ ਚੌਗਿਰਦੇ ਵਿੱਚੋਂ ਗੁਜਰਨ ਵਾਲੇ ਸਿੱਖ ਸੰਘਰਸ਼ ਨਾਲ ਜੁੜੇ ਸਿੰਘਾਂ ਤੇ ਹੀ ਨਿਗਾਹ ਰੱਖਣ ਲਈ ਪੰਜਾਬ ਪੁਲਿਸ ਦੇ ਇੱਕ ਦਰਜਨ ਦੇ ਕਰੀਬ ਕੈਟ, ਗੁਰੂ ਰਾਮਦਾਸ ਸਰਾਂ ਵਾਲੀ ਬਾਹੀ ਤੋਂ ਲੈਕੇ ਬਾਬਾ ਸਾਹਿਬ ਚੌਕ, ਆਟਾ ਮੰਡੀ, ਗੁਰੂ ਬਾਜਾਰ ਖੇਤਰ ਵਿੱਚ ਸ਼ਰੇਆਮ ਵਿਚਰਦੇ ਸਨ।
 
ਉਸਦੀ ਨੇੜਤਾ ਬਦਨਾਮ ਪੁਲਿਸ ਕੈਟ ਸੰਤੋਖ ਸਿੰਘ ਕਾਲਾ ਨਾਲ ਵੀ ਦੱਸੀ ਜਾਂਦੀ ਹੈ। ਉਸਦਾ ਆਪਣਾ ਭਰਾ ਵੀ ਖਾੜਕੂਆਂ ਨਾਲ ਨੇੜਤਾ ਰੱਖਦਾ ਸੀ ਪ੍ਰੰਤੂ ਉਸਨੂੰ ਕਿਸੇ ਨੇ ਕਦੇ ਕੁਝ ਨਹੀ ਕਿਹਾ । ਉਸਦੇ ਇੱਕ ਹੋਰ ਜਾਣਕਾਰ ਦਾ ਕਹਿਣਾ ਹੈ ਕਿ ਇੰਦਰਜੀਤ ਦਾ 90-92 ਵਿੱਚ ਵੀ ਦਬਕਾ ਕੋਈ ਸਾਧਾਰਣ ਸਿਪਾਹੀ ਵਾਲਾ ਨਹੀ ਬਲਕਿ ਵੱਡੇ ਪੁਲਿਸ ਮੁਲਾਜਮ ਵਾਲਾ ਸੀ।
 
ਇੰਦਰਜੀਤ ਸਿੰਘ ਦੀ ਸਪੈਸ਼ਲ ਟਾਸਕ ਫੋਰਸ ਦੁਆਰਾ  ਗ੍ਰਿਫਤਾਰੀ ਭਾਵੇਂ ਬੀਤੇ ਕਲ੍ਹ ਦਰਸਾਈ ਗਈ ਹੈ ਪ੍ਰੰਤੂ ਨਸ਼ਾ ਸਮਗਲਿੰਗ ਨਾਲ ਜੁੜੇ ਉਸਦੇ ਨਾਮ ਦੀ ਚਰਚਾ ਦਾ ਜਿਕਰ ਇੱਕ ਹਿੰਦੀ ਅਖਬਾਰ (ਦੈਨਿਕ ਭਾਸਕਰ) ਦੇ ਅੰਮ੍ਰਿਤਸਰ ਤੋਂ ਰਿਪੋਰਟਰ ਨੇ 30 ਮਈ ਦੇ ਅੰਕ ਵਿੱਚ ਹੀ ਛਾਪ  ਦਿੱਤਾ ਸੀ । ਅਖਬਾਰ ਨੇ ਇੰਦਰਜੀਤ ਸਿੰਘ ਵਲੋਂ ਖਾੜਕੂਆਂ ਨੂੰ ਖਤਮ ਕਰਨ ਲਈ ਪਾਏ ਯੋਗਦਾਨ ਦਾ ਬਕਾਇਦਾ ਜਿਕਰ ਕਰਦਿਆਂ ਸਿਫਤ ਵੀ ਕੀਤੀ ਕਿ ਕਿਸ ਤਰ੍ਹਾਂ ਇੰਦਰਜੀਤ ਸਿੰਘ ਨੇ ਤਰਨਤਾਰਨ ਜਿਲ੍ਹੇ ਵਿੱਚ ਨਸ਼ਾ ਸਮਗਲਰਾਂ ਦਾ ਗੜ੍ਹ ਤੋੜਨ ਵਿੱਚ ਸਫਲਤਾ ਹਾਸਿਲ ਕੀਤੀ।
 
ਬੀਤੇ ਕਲ੍ਹ ਪਹਿਲਾਂ ਜਲੰਧਰ ਸਥਿਤ ਸਰਕਾਰੀ ਪੁਲਿਸ ਕੁਆਟਰ ਤੇ ਫਿਰ ਫਗਵਾੜਾ ਵਿਖੇ ਕੀਤੀ ਗਈ ਛਾਪਾਮਾਰੀ ਬਾਅਦ ਸਪੈਸ਼ਲ ਟਾਸਕ ਫੋਰਸ ਨੇ ਉਸਦੀ ਅੰਮ੍ਰਿਤਸਰ ਸਥਿਤ ਕੋਠੀ ਵੀ ਸੀਲ ਕਰ ਦਿੱਤੀ ਹੈ । ਕੌਂਸਲਰ ਭਰਾ ਕੋਈ ਇੱਕ ਮਹੀਨੇ ਤੋਂ ਪਰੀਵਾਰ ਸਮੇਤ ਕਨੇਡਾ ਦੇ ਦੌਰੇ ਤੇ ਹੈ।  ਅਖਬਾਰੀ ਖਬਰ ਅਨੁਸਾਰ ਜੇਕਰ ਇੰਦਰਜੀਤ ਸਿੰਘ ਦੇ ਨਾਮ ਦੀ ਚਰਚਾ ਸਪੈਸ਼ਲ ਟਾਸਕ ਫੋਰਸ ਵਿੱਚ ਸੀ ਤਾਂ ਉਸਦੇ ਬਾਵਜੂਦ ਵੀ ਉਹ ਬਿਨ੍ਹਾਂ ਕਿਸੇ ਝਿਜਕ ਵਿਚਰਦਾ  ਹੈ। ਉਸਦੇ ਕਬਜੇ 'ਚੋਂ ਮੋਟੀ ਰਕਮ ਹਥਿਆਰ, ਵਿਦੇਸ਼ੀ ਕਰੰਸੀ, ਸੈਂਕੜੇ ਰੌਂਦ ਤੋਂ ਇਲਾਵਾ ਹੈਰੋਇਨ ਤੇ ਸਮੈਕ ਬਰਾਮਦ ਹੋ ਜਾਂਦੇ ਹਨ ਤਾਂ ਕਿਹਾ ਜਾ ਸਕਦਾ ਹੈ ਕਿ ਇੰਦਰਜੀਤ ਸਿੰਘ ਨੂੰ ਆਤਮ ਵਿਸ਼ਵਾਸ਼ ਸੀ ਕਿ ਉਹ ਆਪਣੇ ਖਿਲਾਫ ਹੋਣ ਵਾਲੀ ਕਿਸੇ ਵੀ ਕਾਰਵਾਈ ਨੂੰ ਨਕੇਲ ਪਾਣ ਦੇ ਸਮਰੱਥ ਹੈ।
 
ਇੱਕ ਅਖਬਾਰੀ ਖਬਰ ਅਨੁਸਾਰ ਇੰਦਰਜੀਤ ਸਿੰਘ ਦੀ ਗ੍ਰਿਫਤਾਰੀ ਨੇ ਸਕਤਰੇਤ ਨੂੰ ਹੀ ਸੁੰਨ ਕਰ ਦਿੱਤਾ ਹੈ । ਚਰਚਾ ਤਾਂ ਇਹ ਵੀ ਹੈ ਕਿ  ਖੁਦ ਸਪੈਸ਼ਲ ਟਾਸਕ ਫੋਰਸ ਨੂੰ ਉਮੀਦ ਨਹੀ ਸੀ ਕਿ ਉਸਨੂੰ ਇੰਦਰਜੀਤ ਸਿੰਘ ਤੋਂ ਐਨੀ ਵੱਡੀ 'ਪ੍ਰਾਪਤੀ' ਹੋ ਜਾਵੇਗੀ। ਹਾਲਾਂਕਿ ਵਿਭਾਗ ਇਸ ਦਿਸ਼ਾ ਵਿੱਚ ਕਾਫੀ ਕੰਮ ਕਰ ਚੁੱਕਾ ਸੀ ਕਿ ਪੁਲਿਸ ਵਲੋਂ ਫੜੇ ਜਾਣ ਵਾਲੇ ਨਸ਼ਾ ਸਮਗਲਰ ਛੇਤੀ ਰਿਹਾਅ ਕਿਉਂ ਹੋ ਜਾਂਦੇ ਹਨ?
 
ਫਿਲਹਾਲ ਫੋਰਸ ਪਾਸ ਇੱਕ ਹੀ ਤਰਕ ਸੀ ਕਿ ਇੰਦਰਜੀਤ ਸਿੰਘ ਸਿਰਫ ਹੌਲਦਾਰ ਸੀ ਤੇ ਨਿਯਮਾਂ ਅਨੁਸਾਰ ਉਹ ਨਰਕਾਟਿਕਸ ਐਕਟ ਅਨੁਸਾਰ ,ਨਸ਼ਾ ਬਰਾਮਦਗੀ ਦੇ ਮਾਮਲੇ ਵਿੱਚ ਜਾਂਚ ਕਰਨ ਦਾ ਅਧਿਕਾਰ ਨਹੀ ਸੀ ਰੱਖਦਾ । ਅਜੇਹੇ ਵਿੱਚ ਸਵਾਲ ਅਹਿਮ ਹੈ ਕਿ ਪਿਛਲੇ 31 ਸਾਲਾਂ ਤੋਂ ਚਲੇ ਆ ਰਹੇ ਇੱਕ ਹੌਲਦਾਰ ਨੂੰ ਇਹ ਅਖਤਿਆਰ ਕਿਸਨੇ ਦਿੱਤੇ ਕਿ ਉਹ ਬਿਨ੍ਹਾਂ ਕਿਸੇ ਸੀਨੀਅਰ ਅਧਿਕਾਰੀ ਦੇ ਹੀ ਕੋਈ ਕਾਰਵਾਈ ਅੰਜ਼ਾਮ ਦੇ ਜਾਵੇ।
 
ਇੰਦਰਜੀਤ ਸਿੰਘ ਵਲੋਂ ਕੀਤੇ ਜਾਣ ਵਾਲੇ ਇੰਕਸ਼ਾਫ,ਇਸ ਵਪਾਰ ਵਿੱਚ ਉਸਦੇ ਭਾਈਵਾਲਾਂ ਦੀ ਫਰਿਸਤ, ਉਸ ਖਿਲਾਫ ਕੀਤੀ ਜਾਣ ਵਾਲੀ ਕਾਨੂੰਨੀ ਕਾਰਵਾਈ ਤੇ ਬਚਾਅ ਪੱਖ ਦੇ ਵਕੀਲਾਂ ਵਲੋਂ ਦੋਸ਼ੀ ਨੂੰ ਨਿਰਦੋਸ਼ ਦਿੱਤੀਆਂ ਜਾਣ ਵਾਲੀਆਂ ਦਲੀਲਾਂ ਅਜੇ ਸਮੇਂ ਦੇ ਗਰਭ ਵਿੱਚ ਹਨ ।ਲੇਕਿਨ ਇਹ ਜਰੂਰ ਹੈ ਕਿ ਪਹਿਲਾਂ ਹੱਕਾਂ ਖਾਤਿਰ ਲੜਨ ਵਾਲੇ ਅਨਗਿਣਤ ਸਿੱਖ ਨੌਜੁਆਨਾਂ ਨੂੰ ਮਾਰ ਮੁਕਾਉਣ ਲਈ ਵਰਤਿਆ ਗਿਆ ਕੈਟ ਸਿਸਟਮ ਹੀ ਪੰਜਾਬ ਵਿੱਚ ਨਸ਼ਿਆਂ ਰਾਹੀਂ ਨੌਜੁਆਨਾਂ ਨੂੰ ਖਤਮ ਕਰਨ ਲਈ ਜਿੰਮੇਵਾਰ ਹੈ। 


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER