ਪੰਜਾਬ
'ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ'
- ਬੀਰ ਦਵਿੰਦਰ ਸਿੰਘ
'ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ'ਇਹ ਬੜੇ ਦੁੱਖ ਅਤੇ ਸ਼ਰਮ ਵਾਲੀ ਗੱਲ ਹੈ ਕਿ ਪੰਜਾਬ ਦੇ ਰਾਜ-ਭਾਗ 'ਤੇ ਪਿਛਲੇ ਦਸਾਂ ਸਾਲਾਂ ਤੋਂ ਕਾਬਜ਼ ਬਾਦਲ ਪਰਿਵਾਰ ਦੀਆਂ ਟ੍ਰਾਂਸਪੋਰਟ ਕੰਪਨੀਆਂ ਨਾਲ ਸਬੰਧਤ ਬੱਸਾਂ ਨੇ ਪੰਜਾਬ ਦੀਆਂ ਸੜਕਾਂ 'ਤੇ ਮੌਤ ਦੀ ਦਹਿਸ਼ਤ ਦਾ ਹੜਕੰਪ ਮਚਾਇਆ ਹੋਇਆ ਹੈ।ਬਾਦਲਾਂ ਦੀਆਂ ਬੱਸਾਂ ਹਰ ਰੋਜ਼ ਹੀ, ਕਿਸੇ ਨਾ ਕਿਸੇ ਥਾਂ, ਪੰਜਾਬ ਦੀਆਂ ਸੜਕਾਂ 'ਤੇ ਚੱਲ ਰਹੇ ਆਮ ਲੋਕਾਂ ਨੂੰ, ਹਾਦਸਿਆਂ ਦਾ ਸ਼ਿਕਾਰ ਬਣਾ ਲੈਂਦੀਆਂ ਹਨ। ਇਹ ਦੁੱਖ ਨਾਲ ਕਹਿਣਾ ਪੈ ਰਿਹਾ ਹੈ ਕਿ ਐਨੇ ਲੋਕ ਤਾਂ ਕਸ਼ਮੀਰ ਵਿੱਚ ਗੋਲੀਆਂ ਨਾਲ ਨਹੀਂ ਮਰੇ, ਜਿੰਨੇ ਪੰਜਾਬ ਵਿੱਚ ਬਾਦਲਾਂ ਦੀਆਂ ਬੱਸਾਂ ਨੇ ਦਰੜ ਦਿੱਤੇ ਹਨ। ਬਾਦਲਾਂ ਦੀਆਂ ਬੱਸਾਂ ਦੇ ਡਰਾਈਵਰ ਅਤੇ ਹੋਰ ਅਮਲਾ ਦੈਂਤਾਂ ਦੀ ਤਰ੍ਹਾਂ ਸੜਕਾਂ 'ਤੇ ਦਹਾੜਦੇ ਹਨ ਤੇ ਲੋਕਾਂ ਨੂੰ ਗੰਦੀਆਂ ਗਾਲ੍ਹਾਂ ਕੱਢਦੇ ਹਨ ਤੇ ਹਰ ਕਿਸਮ ਦੀ ਅਸ਼ਲੀਲ ਭਾਸ਼ਾ ਦਾ ਇਸਤੇਮਾਲ ਕਰਦੇ ਹਨ। ਔਰਤਾਂ ਦੇ ਦੁਪੱਟੇ ਅਤੇ ਬਜ਼ੁਰਗਾਂ ਦੀਆਂ ਦਸਤਾਰਾਂ ਉਛਾਲਣਾ ਤਾਂ ਇਨ੍ਹਾਂ ਲਈ ਆਮ ਜਿਹੀ ਗੱਲ ਹੈ।

ਇਨ੍ਹਾਂ ਹਾਦਸਿਆਂ ਦਾ ਇੱਕ ਕਾਰਨ ਇਹ ਵੀ ਹੈ ਕਿ ਬਾਦਲਾਂ ਦੀਆ ਟ੍ਰਾਂਸਪੋਰਟ ਕੰਪਨੀਆਂ ਦੇ ਡਰਾਈਵਰਾਂ ਦੇ ਸਿਰ 'ਤੇ ਬਾਦਲਾਂ ਦੀ ਸਰਕਾਰ ਦਾ ਘੁਮੰਡ ਤੇ ਤਕੱਬਰ ਸਵਾਰ ਹੈ। ਇਹ ਬੇਪ੍ਰਵਾਹੀ ਨਾਲ, ਦੂਜੀਆਂ ਸਰਕਾਰੀ ਅਤੇ ਪ੍ਰਾਈਵੇਟ ਕੰਪਨੀਆਂ ਨੂੰ ਟ੍ਰਾਂਸਪੋਰਟ ਦੇ ਵਪਾਰ ਵਿੱਚ ਪਛਾੜਨ ਦੇ ਮਨਸ਼ੇ ਨਾਲ, ਬਾਦਲਾਂ ਦੀਆਂ ਬੱਸਾਂ ਨੂੰ ਹੱਦੋਂ ਵੱਧ ਤੇਜ਼ ਰਫ਼ਤਾਰ ਨਾਲ ਦੁੜਾਉਂਦੇ ਹਨ ਤੇ ਸੜਕਾਂ 'ਤੇ ਚੱਲ ਰਹੀ ਬਾਕੀ ਸਾਰੀ ਆਵਾਜਾਈ ਨੂੰ ਭੈ-ਭੀਤ ਕਰਦੇ ਹੋਏ, ਅੜੋ-ਅੜੀ ਸਵਾਰੀਆਂ ਚੁੱਕ ਲੈਂਦੇ ਹਨ। ਬਾਦਲਾਂ ਦੀਆ ਬੱਸਾਂ ਦੇ ਡਰਾਈਵਰਾਂ ਦੀਆਂ ਅੱਖਾਂ 'ਤੇ ਤਾਕਤ ਦੇ ਨਸ਼ੇ ਦੀ ਚਰਬੀ ਚੜ੍ਹੀ ਹੋਈ ਹੈ ਜਿਸ ਕਰਕੇ ਸੜਕਾਂ ਕਿਨਾਰੇ ਚੱਲ ਰਹੇ ਆਮ ਲੋਕ ਇਨ੍ਹਾਂ ਨੂੰ ਕੀੜੇ-ਮਕੌੜੇ ਹੀ ਨਜ਼ਰ ਆਉਂਦੇ ਹਨ, ਜਿਨ੍ਹਾਂ ਨੂੰ ਉਹ ਬੇਰਹਿਮੀ ਨਾਲ ਕੁਚਲ ਦਿੰਦੇ ਹਨ। ਬਾਦਲਾਂ ਦੀਆਂ ਬੱਸਾਂ ਦੀ ਦਹਿਸ਼ਤ ਕਾਰਣ ਉਤਪੰਨ ਹੋਈ ਖ਼ੌਫ਼ਨਾਕ ਸਥਿੱਤੀ ਅਤੇ ਉਨ੍ਹਾਂ ਵੱਲੋਂ ਕੀਤੀ ਜਾ ਰਹੀ ਹਰ ਕਿਸਮ ਦੀ ਕਾਨੂੰਨੀ ਉਲੰਘਣਾ 'ਤੇ ਸਰਕਾਰ ਦਾ ਟ੍ਰਾਂਸਪੋਰਟ ਵਿਭਾਗ, ਕਰ ਵਿਭਾਗ ਅਤੇ ਪੰਜਾਬ ਦੀ ਪੁਲਿਸ, ਇਹ ਤਿੰਨੇ ਵਿਭਾਗ ਅਪਾਹਜ ਹੋ ਜਾਣ ਦੀ ਸੂਰਤ ਕਾਰਣ ਮੂਕ ਦਰਸ਼ਕ ਬਣੇ ਬੈਠੇ ਹਨ।

ਕੀ ਇਹ ਤੁਅੱਜਬ ਦੀ ਗੱਲ ਨਹੀਂ ਕਿ ਟ੍ਰਾਂਸਪੋਰਟ ਦੀ ਅੰਨ੍ਹੀ ਕਮਾਈ ਦੇ ਪੈਸੇ ਤਾਂ ਬਾਦਲ ਪਰਿਵਾਰ ਆਪਣੀ ਜੇਬ੍ਹ ਵਿੱਚ ਪਾਵੇੇ ਤੇ ਜਦ ਕੋਈ ਇਨ੍ਹਾਂ ਦੀਆਂ ਬੱਸਾਂ ਤੋਂ ਹਾਦਸਾ ਹੋ ਜਾਂਦਾ ਹੈ ਤਾਂ ਪੀੜਤ ਪਰਿਵਾਰਾਂ ਦੇ ਮੂੰਹ ਬੰਦ ਕਰਨ ਲਈ ਸਾਰੀ ਚੱਟੀ ਦਾ ਬੋਝ ਸਰਕਾਰੀ ਖਜ਼ਾਨੇ 'ਤੇ ਪਾ ਦਿੰਦੇ ਹਨ, ਜੋ ਕਿ ਸਰਾਸਰ ਗ਼ਲਤ ਅਤੇ ਗ਼ੈਰ ਕਾਨੂੰਨੀ ਹੈ। ਪੀੜਤ ਪਰਿਵਾਰ ਨਾਲ ਸਮਝੌਤੇ ਅਧੀਨ ਤੈਅ ਹੋਏ ਕਿਸੇ ਵੀ ਮੁਆਵਜ਼ੇ ਦਾ ਹਰਜਾਨਾ ਟ੍ਰਾਂਸਪੋਰਟ ਕੰਪਨੀ ਦੇ ਸਿਰ ਹੀ ਪੈਣਾ ਚਾਹੀਦਾ ਹੈ ਤੇ ਉਨ੍ਹਾਂ ਨੂੰ ਹੀ ਆਪਣੇ ਵਪਾਰਕ ਅਦਾਰਿਆਂ ਵਿੱਚ ਮ੍ਰਿਤਕ ਦੇ ਆਸ਼ਰਿਤਾਂ ਨੂੰ ਨੌਕਰੀ ਦੇਣ ਦਾ ਪ੍ਰਬੰਧ ਵੀ ਕਰਨਾ ਚਾਹੀਦਾ ਹੈ।

ਪੰਜਾਬ ਦੀਆਂ ਸਾਰੀਆਂ ਰਾਜਨੀਤਕ ਪਾਰਟੀਆਂ ਨੂੰ ਆਪਸੀ ਸਹਿਮਤੀ ਨਾਲ ਸੜਕੀ ਆਵਾਜਾਈ ਅਤੇ ਸੜਕਾਂ 'ਤੇ ਚੱਲਣ ਵਾਲੇ ਆਮ ਨਾਗਰਿਕਾਂ ਦੀ ਸੁਰੱਖਿਆ ਲਈ ਸਖਤ ਕਾਨੂੰਨ ਅਮਲ ਵਿੱਚ ਲਿਆਉਣੇ ਚਾਹੀਦੇ ਹਨ। ਡਰਾਈਵਰ ਦੀ ਲਾਪ੍ਰਵਾਹੀ ਨਾਲ ਹੋਏ ਹਾਦਸਿਆਂ ਵਿੱਚ ਬੱਸਾਂ ਅਤੇ ਟਰੱਕ ਸਮੇਤ ਰੂਟ ਜ਼ਬਤ ਹੋਣੇ ਚਾਹੀਦੇ ਹਨ। ਸ਼ਰਾਬ ਪੀ ਕੇ ਜਾਂ ਕਿਸੇ ਵੀ ਹੋਰ ਨਸ਼ੇ ਦੇ ਪ੍ਰਭਾਵ ਅਧੀਨ ਵਾਹਨ ਚਲਾਉਣ ਵਾਲੇ ਵਾਹਨ ਚਾਲਕ ਦਾ ਡਰਾਈਵਿੰਗ ਲਾਇਸੈਂਸ ਵੀ ਹਮੇਸ਼ਾਂ ਵਾਸਤੇ ਰੱਦ ਹੋਣਾ ਚਾਹੀਦਾ ਹੈ। ਮੇਰਾ ਵਿਚਾਰ ਹੈ ਕਿ ਜਦੋਂ ਤੱਕ ਸੜਕੀ ਨਿਯਮ ਅਤੇ ਜ਼ਾਬਤਾ ਸਖ਼ਤੀ ਨਾਲ ਲਾਗੂ ਨਹੀਂ ਕੀਤਾ ਜਾਂਦਾ, ਤਦ ਤੱਕ ਸੜਕ ਹਾਦਸੇ ਇੰਝ ਹੀ ਵਾਪਰਦੇ ਰਹਿਣਗੇ ਤੇ ਬੇਗੁਨਾਹ ਅਤੇ ਮਾਸੂਮ ਲੋਕਾਂ ਦੇ ਘਰ ਉਜੜਦੇ ਰਹਿਣਗੇ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER