ਪੰਜਾਬ
ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਮੁਲਕ ਨੂੰ ‘ਨੇਸ਼ਨ ਸਟੇਟ’ ਮੁਹਿੰਮ ਦੀ ਕੜੀ ਸੀ; ‘ਜੂਨ 84 ਦੀ ਪੱਤਰਕਾਰੀ’ ਰਿਲੀਜ਼
- ਪੀ ਟੀ ਟੀਮ
ਦਰਬਾਰ ਸਾਹਿਬ ਉੱਤੇ ਫ਼ੌਜੀ ਹਮਲਾ ਮੁਲਕ ਨੂੰ ‘ਨੇਸ਼ਨ ਸਟੇਟ’ ਮੁਹਿੰਮ ਦੀ ਕੜੀ ਸੀ; ‘ਜੂਨ 84 ਦੀ ਪੱਤਰਕਾਰੀ’ ਰਿਲੀਜ਼ਮੰਨੇ ਪ੍ਰਮੰਨੇ ਸਿੱਖ ਚਿੰਤਕ ਅਜਮੇਰ ਸਿੰਘ ਨੇ ਅੱਜ ਕਿਹਾ ਹੈ ਕਿ ਭਾਰਤ ਸਰਕਾਰ ਵਲੋਂ ਸ੍ਰੀ ਦਰਬਾਰ ਸਾਹਿਬ ਅੰਮਿ੍ਰਤਸਰ ਉੱਤੇ ਕੀਤਾ ਗਿਆ ਫ਼ੌਜੀ ਹਮਲਾ ਦਰਅਸਲ ਆਜ਼ਾਦੀ ਤੋਂ ਬਾਅਦ ਮੁਲਕ ਨੂੰ ‘ਨੇਸ਼ਨ ਸਟੇਟ’ ਬਣਾਉਣ ਦੀ ਸ਼ਰੂ ਕੀਤੀ ਗਈ ਮੁਹਿੰਮ ਦੀ ਹੀ ਇਕ ਕੜੀ ਸੀ। ਉਹਨਾਂ ਕਿਹਾ ਕਿ ਇਸ ਮੁਹਿੰਮ ਅਧੀਨ ਹੁਕਮਰਾਨਾਂ ਨੇ ਮੁਲਕ ਵਿਚ ਧਾਰਮਿਕ, ਸਭਿਆਰਕ ਅਤੇ ਭਾਸ਼ਾਈ ਬਹੁਰੂਪਤਾ ਨੂੰ ਮਲੀਆਮੇਟ ਕਰਕੇ ਇਕਹਿਰਾ ਸਮਾਜ ਸਿਰਜਣ ਦਾ ਟੀਚਾ ਮਿੱਥਿਆ ਹੋਇਆ ਸੀ ਅਤੇ ਆਪਣੀ ਵੱਖਰੀ ਹਸਤੀ ਤੇ ਹੋਂਦ ਪ੍ਰਤੀ ਸੁਚੇਤ ਸਿੱਖ ਭਾਈਚਾਰਾ ਉਹਨਾਂ ਨੂੰ ਆਪਣੇ ਇਸ ਮਿਸ਼ਨ ਦੀ ਪੂਰਤੀ ਵਿਚ ਸਭ ਤੋਂ ਵੱਧ ਰੜਕਦਾ ਸੀ।
 
ਅਜਮੇਰ ਸਿੰਘ ਨੇ ਆਪਣੇ ਇਹ ਵਿਚਾਰ ਅੱਜ ਚੰਡੀਗੜ੍ਹ ਦੇ ਕਿਸਾਨ ਭਵਨ ਵਿਚ ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ ਵਲੋਂ ਆਪਣੀਆਂ ਯਾਦਾਂ ਤੇ ਤਜ਼ਰਬਿਆਂ ਦੇ ਅਧਾਰ ਉੱਤੇ ਲਿਖੀ ਗਈ ਕਿਤਾਬ ‘‘ਸੰਤ ਭਿੰਡਰਾਂਵਾਲਿਆਂ ਦੇ ਰੂਬਰੂ-ਜੂਨ ੮੪ ਦੀ ਪੱਤਰਕਾਰੀ’’ ਦੇ ਰਿਲੀਜ ਸਮਾਗਮ ਦੌਰਾਨ ਪ੍ਰਗਟ ਕੀਤੇ। ਉਹਨਾਂ ਕਿਹਾ ਕਿ ਕਿਉਂਕਿ ਭਾਰਤੀ ਸਟੇਟ ਨੇ ਆਪਣੇ ਆਪ ਨੂੰ ਨੇਸ਼ਨ ਸਟੇਟ ਵਿਚ ਦੇ ਸਾਂਚੇ ਵਿਚ ਢਾਲਣ ਦੀ ਪ੍ਰਕਿ੍ਰਆ ਸ਼ੁਰੂ ਕਰ ਲਈ ਸੀ ਇਸ ਲਈ ਮੀਡੀਆ, ਯੂਨੀਵਰਸਿਟੀਆਂ ਅਤੇ ਅਦਾਲਤਾਂ ਸਮੇਤ ਤਕਰੀਬਨ ਸਾਰੀਆਂ ਹੀ ਸੰਸਥਾਵਾਂ ਨੇ ਇਸ ‘ਮਿਸ਼ਨ’ ਵਿਚ ਸਰਕਾਰ ਦੀ ਰੱਜ ਕੇ ਸੇਵਾ ਕੀਤੀ। ਸਿੱਖ ਚਿੰਤਕ ਨੇ ਕਿਹਾ ਕਿ ਇਸ ਸਾਰੇ ਅਮਲ ਨੇ ਸਰਕਾਰੀ ਦਹਿਸ਼ਤਗਰਦੀ ਤੋਂ ਪੀੜਤ ਸਿੱਖ ਭਾਈਚਾਰੇ ਨੂੰ ਵੱਖਵਾਦੀ, ਧੱਕੜ, ਦੋਸ਼ੀ ਤੇ ਮੁਲਕ ਦੋਖ਼ੀ ਬਣਾ ਕੇ ਪੇਸ਼ ਕੀਤਾ।
 
ਅਜੋਕੇ ਸਿੱਖ ਸੰਘਰਸ਼ ਦੀਆਂ ਕਈ ਅਹਿਮ ਘਟਨਾਵਾਂ ਦੇ ਚਸ਼ਮਦੀਦ ਗਵਾਹ ਸੀਨੀਅਰ ਪੱਤਰਕਾਰ ਦਲਬੀਰ ਸਿੰਘ ਨੇ ਕਿਹਾ ਕਿ ਇਸ ਦੌਰ ਵਿਚ ਕਈ ਅਖ਼ਬਾਰਾਂ ਦੇ ਮਾਲਕਾਂ, ਸੰਪਾਦਕਾਂ ਅਤੇ ਪੱਤਰਕਾਰਾਂ ਨੇ ਸਿੱਖ ਭਾਈਚਾਰੇ ਨਾਲ ਰੱਜ ਕੇ ਦੁਸ਼ਮਣੀ ਕਮਾਈ। ਉਹਨਾਂ ਕਿਹਾ ਕਿ ਉਹ ਅਜਿਹੀਆਂ ਕਿੰਨ੍ਹੀਆਂ ਹੀ ਘਟਨਾਵਾਂ ਅਤੇ ਇਹਨਾਂ ਦੀ ਗਿਣ ਮਿੱਥ ਕੇ ਕੀਤੀ ਗਈ ਤੱਥਾਂ ਤੋਂ ਕੋਰੀ ਪੇਸ਼ਕਾਰੀ ਦੇ ਚਸ਼ਮਦੀਦ ਗਵਾਹ ਹਨ ਜਿਨ੍ਹਾਂ ਨੇ ਨਾ ਸਿਰਫ ਸਿੱਖਾਂ ਦਾ ਅਕਸ ਹੀ ਵਿਗਾੜਿਆ ਬਲਕਿ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਵੀ ਕੀਤਾ।
 
ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਇਸ ਮੌਕੇ ਉੱਤੇ ਬੋਲਦਿਆਂ ਕਿਹਾ ਕਿ ਜਸਪਾਲ ਸਿੱਧੂ ਦੀ ਇਹ ਕਿਤਾਬ ਪੰਜਾਬ ਅਤੇ ਅਜੋਕੀ ਸਿੱਖ ਰਾਜਨੀਤੀ ਨੂੰ ਸਮਝਣ ਲਈ ਅਹਿਮ ਦਸਤਾਵੇਜ਼ ਸਾਬਤ ਹੋਵੇਗੀ। ਉਨ੍ਹਾਂ ਕਿਹਾ ਕਿ ਇਹ ਕਿਤਾਬ ਨਵੀਂ ਜਾਣਕਾਰੀ ਦੇਣ ਦੇ ਨਾਲ ਨਾਲ ਉਸ ਦੌਰ ਦੀਆਂ ਅਹਿਮ ਘਟਨਾਵਾਂ ਦਾ ਪਿਛੋਕੜ ਦਸ ਕੇ ਇਹਨਾਂ ਨੂੰ ਸਮਝਣ ਵਿਚ ਸਹਾਈ ਹੁੰਦੀ ਹੈ। ਆਪਣੀਆਂ ਖ਼ਬਰਾਂ ਤੇ ਲੇਖਾਂ ਕਾਰਨ ਜੇਲ੍ਹ ਵਿਚ ਬੰਦ ਰਹੇ ਪੱਤਰਕਾਰ ਸੁਖਦੇਵ ਸਿੰਘ ਨੇ ਕਿਹਾ ਕਿ ‘ਨੇਸ਼ਨ ਸਟੇਟ’ ਦੀ ਇਸ ਮੁਹਿੰਮ ਕਾਰਨ ਹੀ ਅਕਾਲੀਆਂ ਵਲੋਂ ਲਾਏ ਗਏ ਧਰਮਯੁੱਧ ਮੋਰਚੇ ਦੇ ਪੰਜਾਬ ਤੇ ਸਿੱਖ ਪੰਥ ਨਾਲ ਸਬੰਧਤ ਸਾਰੇ ਮੁੱਦੇ ਗਾਇਬ ਹੀ ਕਰ ਦਿੱਤੇ ਗਏ। ਹਮੀਰ ਸਿੰਘ ਨੇ ਕਿਹਾ ਕਿ ਮੀਡੀਆ ਕਦੇ ਵੀ ਪੂਰਨ ਰੂਪ ਵਿਚ ਆਜ਼ਾਦ ਨਹੀਂ ਰਿਹਾ ਅਤੇ ਨਾ ਹੀ ਇਸ ਤੋਂ ਆਜ਼ਾਦ ਹੋਣ ਦੀ ਆਸ ਹੀ ਰੱਖਣੀ ਚਾਹੀਦੀ ਹੈ ਕਿਉਂਕਿ ਮੀਡੀਆ ਹੁਣ ਪੂਰਨ ਰੂਪ ਵਿਚ ਕਾਰਪੋਰੇਟ ਵਰਤਾਰਾ ਬਣ ਚੁੱਕਿਆ ਹੈ। ਉਹਨਾਂ ਕਿਹਾ ਕਿ ਫੀਲਡ ਵਿਚ ਕੰਮ ਕਰਨ ਵਾਲਾ ਪੱਤਰਕਾਰ ਇਸ ਸਾਰੇ ਅਮਲ ਵਿਚ ਇੱਕ ਛੋਟਾ ਕਿਹਾ ਪੁਰਜ਼ਾ ਹੈ ਅਤੇ ਉਹ ਆਪਣੇ ਤੌਰ ਉੱਤੇ ਕਿਸੇ ਰਾਜਨੀਤਕ ਜਾਂ ਸਮਾਜਿਕ ਵਰਤਾਰੇ ਵਿਚ ਬਹੁਤ ਵੱਡੀ ਭੂਮਿਕਾ ਨਹੀਂ ਨਿਭਾਅ ਸਕਦਾ।
 
ਪੱਤਰਕਾਰ ਚੰਚਲਮਨੋਹਰ ਸਿੰਘ ਨੇ ਕਿਹਾ ਕਿ ਇਸ ਕਿਤਾਬ ਵਿਚ ਠੋਸ ਤੱਥਾਂ ਰਾਹੀਂ ਦਸਿਆ ਗਿਆ ਹੈ ਕਿ ਸਿੱਖਾਂ ਨੂੰ ਬਦਨਾਮ ਕਰਨ ਲਈ ਕਈ ਪੱਤਰਕਾਰਾਂ ਵਲੋਂ ਗਿਣ ਮਿੱਥ ਕੇ ਘੜੀਆਂ ਗਈਆਂ ਕਿਹੜੀਆਂ ਕਿਹੜੀਆਂ ਖ਼ਬਰਾਂ ਅਖ਼ਬਾਰਾਂ ਦੀਆਂ ਮੁੱਖ ਸੁਰਖੀਆਂ ਬਣਦੀਆਂ ਰਹੀਆਂ ਅਤੇ ਇਹਨਾਂ ਖ਼ਬਰਾਂ ਨੇ ਸਿੱਖ ਭਾਈਚਾਰੇ ਦਾ ਕਿੰਨ੍ਹਾਂ ਨੁਕਸਾਨ ਕੀਤਾ।
 
ਲੇਖਕ ਜਸਪਾਲ ਸਿੰਘ ਸਿੱਧੂ ਨੇ ਕਿਤਾਬ ਲਿਖੇ ਜਾਣ ਦੀ ਭਾਵਨਾ ਅਤੇ ਪਿਛੋਕੜ ਦਾ ਜ਼ਿਕਰ ਕਰਦਿਆ ਕਿਹਾ ਕਿ ਜੋ ਕੁਝ ਉਹ ਪੱਤਰਕਾਰੀ ਦੌਰਾਨ ਲੋਕਾਂ ਨੂੰ ਨਹੀਂ ਦੱਸ ਸਕੇ ਸਨ ਉਹ ਕੁਝ ੳਨ੍ਹਾਂ ਇਸ ਕਿਤਾਬ ਰਾਹੀਂ ਕਹਿਣ ਦੀ ਕੋਸ਼ਿਸ਼ ਕੀਤੀ ਹੈ।
 
ਇਸ ਮੌਕੇ ਹੋਰਨਾਂ ਤੋਂ ਇਲਾਵਾ ਸੀਨੀਅਰ ਪੱਤਰਕਾਰ ਸਿੱਧੂ ਦਮਦਮੀ, ਪੰਜਾਬੀ ਟਿ੍ਰਬਿਊਨ ਦੇ ਸਹਾਇਕ ਸੰਪਾਦਕ ਡਾ. ਮੇਘਾ ਸਿੰਘ, ਦੀ ਟਿ੍ਰਬਿਊਨ ਦੇ ਬਿਊਰੋ ਚੀਫ਼ ਸਰਬਜੀਤ ਸਿੰਘ ਧਾਲੀਵਾਲ, ਬਲਵਿੰਦਰ ਜੰਮੂ, ਦਵਿੰਦਰ ਪਾਲ, ਪ੍ਰੀਤਮ ਸਿੰਘ ਰੁਪਾਲ, ਪ੍ਰਭਜੀਤ ਸਿੰਘ ਅਤੇ ਅਜੇ ਭਾਰਦਵਾਜ਼ ਵੀ ਮੌਜ਼ੂਦ ਸਨ। ਇਹਨਾਂ ਦੇ ਨਾਲ ਹੀ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਪਿਸ਼ੌਰਾ ਸਿੰਘ ਸਿੱਧੂਪਰ, ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸਾਬਕਾ ਵਾਈਸ ਚਾਂਸਲਰ ਡਾ. ਗੁਰਨੇਕ ਸਿੰਘ, ਸ਼੍ਰੋਮਣੀ ਕਮੇਟੀ ਦੇ ਸਾਬਕਾ ਮੈਂਬਰ ਅਮਰਿੰਦਰ ਸਿੰਘ, ਸਿੱਖ ਆਗੂ ਸੁਰਿੰਦਰ ਸਿੰਘ ਕਿਸ਼ਨਪੁਰਾ ਅਤੇ ਖੁਸ਼ਹਾਲ ਸਿੰਘ ਵੀ ਹਾਜ਼ਰ ਸਨ।


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVE


Copyright © 2016-2017


NEWS LETTER