ਵਿਚਾਰ
ਲਿਖਤੁਮ ਬਾਦਲੀਲ
ਟੁਰਦਿਆਂ ਦਾ ਵੈਬੀਨਾਰ – ਪਰਚਾ ਵਿਦਵਤਾ-ਭਰਪੂਰ ਹੈ
- ਐੱਸ ਪੀ ਸਿੰਘ
ਟੁਰਦਿਆਂ ਦਾ ਵੈਬੀਨਾਰ – ਪਰਚਾ ਵਿਦਵਤਾ-ਭਰਪੂਰ ਹੈਦੁਨੀਆਂ ਭਰ ਵਿੱਚ ਵਬਾ ਦੀ ਕਹਾਣੀ ਭਾਵੇਂ ਕੁਝ ਵੀ ਹੋਵੇ, ਹਿੰਦੁਸਤਾਨ ਵਿੱਚ ਇਹ ਸੜਕ ’ਤੇ ਟੁਰਦੇ ਮਨੁੱਖਾਂ ਦੀ ਕਹਾਣੀ ਬਣ ਚੁੱਕੀ ਹੈ। ਇੱਕਾ-ਦੁੱਕਾ ਟੋਲੀਆਂ ਵਿੱਚ, ਵੱਡੀਆਂ ਭੀੜਾਂ ਬਣਾ ਜਾਂ ਕਤਾਰਾਂ ਬੰਨ੍ਹ, ਬਹੁਤ ਸਾਰੇ ਮਨੁੱਖ ਕਦੀ ਵਾਹੋਦਾਹੀ, ਕਦੀ ਥੱਕੇ ਕਦਮੀਂ, ਚੱਪਲਾਂ ਘਸੀਟਦੇ ਜਾਂ ਫਟੇ ਨੰਗੇ ਪੈਰੀਂ ਟੁਰੇ ਜਾ ਰਹੇ ਹਨ।

ਟੁਰਨ ਦੀ ਇਤਿਹਾਸਕਾਰ Rebecca Solnit ਆਪਣੀ ਬੇਹੱਦ ਚਰਚਿਤ ਕਿਤਾਬ Wanderlust: A History of Walking ਵਿੱਚ ਟੁਰਨਾ ਸਮਝਾਉਂਦੀ ਹੈ। ਇੱਕ ਲੱਤ ਥੰਮਲੇ ਵਾਂਗੂੰ ਧਰਤੀ ਅਤੇ ਅਸਮਾਨ ਦੇ ਵਿਚਕਾਰ ਤੁਹਾਡਾ ਬੋਝ ਸੰਭਾਲਦੀ ਹੈ, ਦੂਜੀ ਪੈਂਡੂਲਮ ਵਾਂਗੂ ਪਿੱਛੋਂ ਅਗਾਂਹ ਨੂੰ ਆਉਂਦੀ ਹੈ। ਅੱਡੀ ਭੁੰਜੇ ਲੱਗਦੀ ਹੈ, ਸਰੀਰ ਦਾ ਭਾਰ ਅਗਾਂਹ ਉਲਰਦਾ ਹੈ, ਪੰਜਾ ਧਰਤੀ ਮਾਤਾ ਨੂੰ ਪਿੱਛੇ ਧੱਕਦਾ ਹੈ। ਹੁਣ ਤੱਕ ਦੂਜੀ ਲੱਤ ਥੰਮਲਾ ਬਣ ਚੁੱਕੀ ਹੁੰਦੀ ਹੈ।

ਇਹ ਇੱਕ ਪੂਰੇ ਪੁੱਟੇ ਕਦਮ ਦੀ ਦਾਸਤਾਨ ਹੈ। ਵਬਾ ਦੇ ਦਿਨਾਂ ਵਿੱਚ ਹਿੰਦੁਸਤਾਨ ਦੇ ਪਿੰਡੇ ’ਤੇ ਬੇਇੰਤਹਾ ਸੱਚੇ ਕਦਮ ਪੁੱਟੇ ਜਾ ਰਹੇ ਹਨ।

ਮਨੁੱਖਾਂ ਨੇ ਟੁਰ ਕੇ ਆਪਣੀ ਸਮਝ, ਅੰਦਰੂਨ, ਬਾਹਰ, ਧਰਮ, ਸਿਆਸਤ, ਜੀਵਨ, ਰਾਜ ਬਹੁਤ ਕੁਝ ਬਦਲਿਆ ਹੈ। Henry David Thoreau ਦੀ 1861 ਦੀ ਲਿਖਤ ‘Walking’ ਤੋਂ ਦੁਨੀਆ ਨੇ ਟੁਰਨ ਬਾਰੇ ਬਹੁਤ ਸਮਝਿਆ। Rousseau ਨੇ ਆਪਣੀਆਂ ‘Confessions’ ਵਿੱਚ ਕਿਹਾ ਕਿ ਜੇ ਮੈਂ ਟੁਰਨਾ ਛੱਡ ਦੇਵਾਂ ਤਾਂ ਸੋਚਣਾ ਛੁੱਟ ਜਾਵੇਗਾ। ਆਪਣੇ ਅੰਤਲੇ ਸਾਲਾਂ ਵਿੱਚ ਉਸ ‘Reveries of the Solitary Walker’ ਲਿਖੀ। ਉਨ੍ਹਾਂ ਸਾਰੇ ਫੁਰਨਿਆਂ, ਸੋਚਾਂ ਦਾ ਸੰਗ੍ਰਹਿ ਜਿਹੜੀਆਂ ਉਸ ਨੂੰ ਟੁਰਦਿਆਂ ਅਹੁੜੀਆਂ।

ਕਹਿੰਦੇ ਨੇ ਅਰਸਤੂ ਆਪਣੇ ਲੈਕਚਰ ਦੌਰਾਨ ਟੁਰਦਾ ਰਹਿੰਦਾ ਸੀ। ਦਰਅਸਲ ਸੁਕਰਾਤ, ਪਲੈਟੋ ਅਤੇ ਅਰਸਤੂ ਤੋਂ ਪਹਿਲਾਂ ਵਾਲੇ ਬੜੇ ਫਿਲਾਸਫ਼ਰ ਮੰਨੇ ਪ੍ਰਮੰਨੇ ਘੁਮੱਕੜ ਸਨ। 18ਵੀਂ ਸਦੀ ਦੇ ਅੰਤ ’ਚ ਅੰਗਰੇਜ਼ John Thelwall ਦੀ ਘੁਮੱਕੜਾਂ ਉੱਤੇ ਮਸ਼ਹੂਰ ਕਿਤਾਬ ‘The Peripatetic’ ਨੇ ਸਦਾ ਲਈ ਸਾਬਤ ਕਰ ਦਿੱਤਾ ਕਿ ਸਾਡੇ ਪੁਰਖਿਆਂ ਟੁਰ-ਟੁਰ ਅਥਾਹ ਗਿਆਨ ਕਮਾਇਆ। ਡੇਢ ਸੌ ਸਾਲ ਬਾਅਦ James Joyce ਨੇ Ulysses ਵਿੱਚ ਜਾਂ Virginia Woolf ਨੇ Mrs Dalloway ਵਿੱਚ ਜਿਸ stream of consciousness (‘ਚਿੰਤਨ ਪ੍ਰਵਾਹ’) ਦੀ ਰੂਪਕਾਰੀ ਕੀਤੀ, ਉਹ ਵਧੇਰੇ ਕਰਕੇ ਉਨ੍ਹਾਂ ਕਿਰਦਾਰਾਂ ’ਚੋਂ ਝਲਕੀ ਜਿਹੜੇ ਇਨ੍ਹਾਂ ਰਚਨਾਵਾਂ ਦੇ ਵੱਖ-ਵੱਖ ਸਫ਼ਿਆਂ ’ਤੇ ਟੁਰ ਰਹੇ ਸਨ। ਜਿਸ ਰਾਹੁਲ ਸਾਂਕ੍ਰਾਤਿਯਾਯਨ ਦੇ ਸ਼ਬਦਾਂ ’ਤੇ ਸਵਾਰ ਅਸਾਂ ਵੋਲਗਾ ਤੋਂ ਗੰਗਾ ਦੀ ਯਾਤਰਾ ਕੀਤੀ, ਉਸ ਆਪਣੇ ਸੱਤ੍ਹਰਾਂ ਵਿੱਚੋਂ ਪੰਤਾਲੀ ਘੁੰਮਦਿਆਂ ਟੁਰਦਿਆਂ ਬਿਤਾਏ।

Donald Johanson with plaster-cast skull of Lucy
 
ਟੁਰਨਾ ਵੈਸੇ ਅਸਾਂ ਝਾਈ ਲੂਸੀ ਤੋਂ ਸਿੱਖਿਆ ਸੀ। ਲੂਸੀ ਨੇ ਖੌਰੇ ਕੀਹਤੋਂ ਸਿੱਖਿਆ ਹੋਵੇਗਾ? 32 ਲੱਖ ਸਾਲ (3.2 million years) ਦੀ ਉਮਰ ਹੰਢਾ ਚੁੱਕੀ ਲੂਸੀ 1974 ਵਿੱਚ ਇਥੋਪੀਆ ’ਚ ਪੱਥਰਾਂ ’ਚ ਸੁੱਤੀ ਪਈ ਮਿਲੀ ਸੀ। ਸਦੀਆਂ ਤੋਂ ਜ਼ਮੀਨ ਵਿੱਚ ਦੱਬੀਆਂ ਹੱਡੀਆਂ ਦੇ ਮਾਹਿਰ Donald Johanson ਨੇ ਉਹਨੂੰ ਜਗਾਇਆ ਸੀ। ਪੁਰਾਤੱਤਵ ਵਿਗਿਆਨੀਆਂ ਨੇ ਸਾਲਾਂ ਦੀ ਖੋਜ ਬਾਅਦ ਸਾਨੂੰ ਯਕੀਨ ਦਿਵਾਇਆ ਕਿ ਲੂਸੀ ਅੰਮਾਂ ਨੂੰ ਟੁਰਨਾ ਆ ਗਿਆ ਸੀ, ਜ਼ੁਬਾਨ ਅਜੇ ਭਾਵੇਂ ਉਸ ਬਹੁਤੀ ਚਲਾਉਣੀ ਨਹੀਂ ਸੀ ਸਿੱਖੀ। ਬਸ ਉਸ ਤੋਂ ਬਾਅਦ ਜਿਉਂ ਟੁਰੇ ਹਾਂ ਕਿ ਫਿਰ ਅਸੀਂ ਨਿੱਠ ਕੇ ਨਹੀਂ ਬੈਠੇ।

ਅੱਜ ਸਿਰਾਂ ’ਤੇ ਗੱਠੜੀਆਂ, ਕੁੱਛੜ ਬਾਲ, ਢਿੱਡ ’ਚ ਭੁੱਖ ਦੀ ਪੀੜ, ਅੱਖਾਂ ’ਚ ਮਣਾਂਮੂੰਹੀ ਦਰਦ ਚੁੱਕੀ ਸਾਡੇ ਘਰ ਦੇ ਬਾਹਰ ਅਤੇ ਅੰਦਰ ਸਾਡੇ ਟੀਵੀ ਦੀ ਸਕਰੀਨ ਉੱਤੇ ਟੁਰੇ ਜਾਂਦੇ ਇਹ ਸਾਡੇ ਸਮਿਆਂ ਦੇ ਉਹ ਬਾਸ਼ਿੰਦੇ ਹਨ ਜਿਨ੍ਹਾਂ ਪੱਕੀਆਂ ਸੜਕਾਂ ਅਤੇ ਕੱਚੇ ਰਾਹ ਗ਼ਾਹ, ਸਾਡੀ ਆਧੁਨਿਕਤਾ ਅਤੇ ਮਨੁੱਖਤਾ ਬਾਰੇ ਇੱਕ ਸੱਚ ਕਮਾਇਆ ਹੈ। ਵਬਾ ਦੇ ਮਾਰੇ ਇਹ ਉਨ੍ਹਾਂ ਦਿਨਾਂ ਵਿੱਚ ਟੁਰ ਰਹੇ ਹਨ ਜਿਨ੍ਹੀਂ ਦਿਨੀਂ ਸਾਡੇ ਬੁੱਧੀਜੀਵੀ ਸੈਮੀਨਾਰਾਂ ਤੋਂ ਵੈੱਬੀਨਾਰਾਂ ਵੱਲ ਨੂੰ ਤਰੱਕੀਸ਼ੁਦਾ ਹਨ। ਕੁੱਲ ਅਕਲ ਦਾ ਕਾਰੋਬਾਰ ਹੁਣ ਲੈਪਟਾਪ-ਯੁਕਤ ਘਰਾਂ ਤੋਂ ਹੀ ਚੱਲਣਾ ਸ਼ੁਰੂ ਹੋ ਗਿਆ ਹੈ।

ਜਿਨ੍ਹੀਂ ਦਿਨੀਂ ਕਰੋਨਾ ਦੂਰ ਮੁਲਕੋਂ ਨਿਕਲ ਯਾਤਰਾ ਦੇ ਪੜਾਅ ਮੁਕਾਉਂਦਾ ਸਾਡੇ ਮੁਲਕੀਂ ਭੱਜਿਆ ਆ ਰਿਹਾ ਸੀ, ਉਹ ਐਸੇ ਦਿਨ ਸਨ ਜਿਨ੍ਹਾਂ ਨੂੰ ਚੰਡੀਗੜ੍ਹ ਵਾਲੀ ਪੰਜਾਬ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਸਾਹਿਤ ਪੜ੍ਹਾਉਂਦੇ ਮੇਰੇ ਪ੍ਰੋਫ਼ੈਸਰ ਮਿੱਤਰ ਡਾ. ਅਕਸ਼ੈ ਕੁਮਾਰ ਅਕਸਰ ‘ਅਕਾਦਮਿਕ ਸ਼ਰਾਧ’ ਦੇ ਦਿਨ ਕਹਿੰਦੇ ਹਨ। ਯੂਨੀਵਰਸਿਟੀਆਂ, ਕਾਲਜਾਂ ’ਚ ਹਫ਼ੜਾ-ਦਫ਼ੜੀ ਪਈ ਹੁੰਦੀ ਹੈ, ਸੈਮੀਨਾਰਾਂ ਦਾ ਹੜ੍ਹ ਜਿਹਾ ਆ ਜਾਂਦਾ ਹੈ। ਸਾਹੋ-ਸਾਹੀ ਹੋਏ ਅਕਲ ਦੇ ਮੁਜੱਸਮੇ ਬੁੱਧੀਜੀਵੀ ਇੱਕ ਤੋਂ ਦੂਜੀ ਵਰਕਸ਼ਾਪ ਵੱਲ ਵਹੀਰਾਂ ਘੱਤਦੇ, ਟੀਏ-ਡੀਏ ਉਗਰਾਹੁੰਦੇ, ਦਰਸ਼ਨ-ਵਿਗਿਆਨ ਵਰਤਾਉਂਦੇ, ਸਾਰੀਆਂ ਗਰਾਂਟਾਂ ਭੁਗਤਾਉਂਦੇ ਸਾਡੀ ਅਕਾਦਮਿਕ ਜੀਵਨ ਮੌਤ ਦੀ ਰੂਪਕਾਰੀ ਕਰ ਰਹੇ ਹੁੰਦੇ ਹਨ।

ਸੁਣਿਆ ਹੈ ਕਿ ਕਰੋਨਾ ਵਾਲੇ ਲੌਕਡਾਊਨ ਨੇ 31 ਮਾਰਚ ਤੋਂ ਪਹਿਲਾਂ ਹੀ ਪੁੱਜ ਐਸ ਵਾਰੀ ਬੜੀਆਂ ਗਰਾਂਟਾਂ ਗੁੱਲ ਕਰਵਾ ਦਿੱਤੀਆਂ ਹਨ। ਸ਼ਰਾਧਾਂ ਵਿੱਚ ਵਿਘਨ ਪਾਉਣ ਵਾਲਿਆਂ ਨੂੰ ਇਨ੍ਹਾਂ ਅਕਲਾਂ ਵਾਲਿਆਂ ਦੀ ਹਾਅ ਲੱਗਸੀ।

ਉਧਰ ਅਰਸਤੂ, Rousseau, Thoreau ਦੀ ਡਗਰ ’ਤੇ ਚੱਲਦਿਆਂ ਹੱਥੀਂ ਜੀਵਨ ਦਾ ਸੱਚ ਕਮਾਉਣ ਵਾਲਿਆਂ ਅੱਜਕੱਲ੍ਹ ਦੇਸ਼ ਭਰ ਵਿੱਚ ਵੱਡਾ ਸਾਰਾ ਸੈਮੀਨਾਰ/ਵੈਬੀਨਾਰ ਰਚਿਆ ਹੋਇਆ ਹੈ। ਦਹਾਕਿਆਂ ਤੱਕ ਅਸੀਂ ਜੋ ਸਭ ਦੇਖ ਕੇ ਅਣਡਿੱਠ ਕਰ ਰੱਖਿਆ ਸੀ, ਉਸ ਸੱਚ ਦਾ ਖੋਜ ਪੱਤਰ ਜਰਨੈਲੀ ਸੜਕ ’ਤੇ ਸ਼ਰੇਆਮ ਪੜ੍ਹਿਆ ਜਾ ਰਿਹਾ ਹੈ। ਇਹ ਤੁਹਾਡੇ ਸੋਸ਼ਲ ਮੀਡੀਆ ਤੋਂ ਲੈ ਕੇ ਰਵਾਇਤੀ ਟੀਵੀ ਚੈਨਲਾਂ ਉੱਤੇ ਵੀ ਉਪਲੱਬਧ ਹੈ। ਉਨ੍ਹਾਂ ਦੀਆਂ ਚੱਪਲਾਂ ਦੇ ਤਲੇ, ਫਟੇ ਬੂਟ, ਪੈਰਾਂ ਦੇ ਛਾਲੇ, ਕਰੜੀਆਂ ਪਿੱਲੀਆਂ, ਰਿਸਦੇ ਜ਼ਖ਼ਮ ਫਿੰਸੀਆਂ, ਜੰਮੀਆਂ ਖ਼ੂਨ ਦੀਆਂ ਪੇਪੜੀਆਂ ਕੈਮਰਿਆਂ ਸਾਹਵੇਂ ਗੱਲ ਕਰ ਰਹੀਆਂ ਹਨ, ਸਬੂਤ ਸਹਿਤ ਅੰਕੜੇ ਧਰ ਰਹੀਆਂ ਹਨ, ਸੂਖ਼ਮ ਖੋਜ ਪਰਚੇ ਪੜ੍ਹ ਰਹੀਆਂ ਹਨ।

ਅੱਜ ਇਹਨਾਂ ਰਾਹਾਂ ਨਾਪਦਿਆਂ, ਡੰਡੇ ਖਾਂਦਿਆਂ, ਰਾਸ਼ਨ ਭੋਜਨ ਖ਼ੈਰਾਤ ਨੂੰ ਤਰਸਦਿਆਂ, ਸੜਕਾਂ ਕਿਨਾਰੇ ਜਣੇਪੇ ਕਰਦਿਆਂ ਨੂੰ ਬਹੁਤੇ ਰਸਤਿਆਂ ਤੋਂ ਦੁਤਕਾਰਿਆ ਜਾ ਰਿਹਾ ਹੈ। ਉਹ ਕਿਧਰੋਂ ਦੀ ਲੰਘ ਸਕਦੇ ਹਨ, ਕਿੱਥੇ ਰੋਕ ਦਿੱਤੇ ਜਾਣਗੇ, ਇਹ ਸਭ ਤਮਾਮ ਮੌਲਿਕ ਅਧਿਕਾਰ ਦੇਂਦੇ ਸੰਵਿਧਾਨ ਥੱਲੇ ਚੁਣੀ ਸਰਕਾਰ ਹੀ ਨਹੀਂ ਤਹਿ ਕਰ ਰਹੀ, ਇਸ ਵਿੱਚ ਸਾਰਾ ‘ਮੁਹੱਜ਼ਬ’ ਸਮਾਜ ਵੀ ਸ਼ਾਮਲ ਹੈ।  

ਇੰਗਲੈਂਡ ਵਿੱਚ ਜਿੱਥੇ ਕੋਈ ਨਾਗਰਿਕ ਚਾਹਵੇ, ਘੁੰਮ ਫ਼ਿਰ ਸਕੇ, ਅਵਾਰਾਗਰਦੀ ਕਰ ਸਕੇ, ਇਸ ਲਈ ਲੋਕਾਂ ਲੰਬੀ ਲੜਾਈ ਲੜੀ। ਜਿਵੇਂ ਮਨ ਦੀ ਮੌਜ ਆਵੇ, ਤਿਵੇਂ ਘੁੰਮਣਾ ਕਿਵੇਂ ਮੌਲਿਕ ਅਧਿਕਾਰ ਨਹੀਂ? ਦਹਾਕਿਆਂ ਲੰਬੇ ਐਕਟਿਵਿਜ਼ਮ ਦੇ ਨਤੀਜੇ ਵਜੋਂ ਕੋਈ ਚਾਰ ਸਾਲ ਪਹਿਲਾਂ 2015 ਵਿੱਚ ਅਦਾਲਤਾਂ ਨੇ 1801 ਦੇ Inclosure Consolidation Act ਵਿੱਚੋਂ ਦੀ ਰਸਤਾ ਕੱਢਦਿਆਂ ਕਿਹਾ ਕਿ ਖੁੱਲ੍ਹੀਆਂ ਥਾਵਾਂ ਅਤੇ ਵਿਸ਼ਾਲ ਇਲਾਕੇ ਜਿੱਥੇ ਘੁੰਮ ਫਿਰ, ਤਫਰੀ ਕਰ ਕੁਦਰਤ ਦਾ ਆਨੰਦ ਮਾਣਿਆ ਜਾ ਸਕਦਾ ਹੈ, ਨਾਗਰਿਕਾਂ ਲਈ ਖੋਲ੍ਹਣੇ ਹੀ ਪੈਣਗੇ ਭਾਵੇਂ ਉਹ ਇਲਾਕੇ ਕਿਸੇ ਦੀ ਨਿੱਜੀ ਸੰਪਤੀ ਹੀ ਕਿਓਂ ਨਾ ਹੋਣ। ਉੱਥੇ ਇਸ ਨੂੰ Right to Roam ਕਿਹਾ ਜਾਂਦਾ ਹੈ।        

ਅਸਾਂ ਰਾਹੁਲ ਸਾਂਕ੍ਰਾਤਿਯਾਯਨ ਦੇ ਘੁਮੱਕੜ ਸ਼ਾਸਤ੍ਰ ਨੂੰ ਤੱਜ, ਅੱਜ ਆਪਣੇ ਮੁਲਕ ਵਿੱਚ ਨੰਦ ਕਿਸ਼ੋਰ ਨੂੰ ਘਰੋਂ ਕੱਢਿਆ, ਹੁਣ ਉਹਨੂੰ ਆਪਣੇ ਘਰ ਜਾਣੋਂ ਵੀ ਰੋਕ ਰਹੇ ਹਾਂ। ਰਿਜ਼ਕ ਤੋਂ ਬਿਨ-ਤਨਖਾਹ ਭਜਾਇਆ ਨੰਦ ਕਿਸ਼ੋਰ ਹੁਣ ਕਿਸੇ ਸਿਆਲਦਾਹ ਗੱਡੀ ਬਿਨਾਂ ਹੀ ਵਾਪਸੀ ਦਾ ਪੈਂਡਾ ਨਾਪ ਰਿਹਾ ਹੈ। ਬੁੱਢੀ ਠੇਰੀ ਉਹਦੀ ਸੁਘੜ ਲੁਗਾਈ ਰਾਮਕਲੀ ਹੁਣ ਜਵਾਨ-ਜਹਾਨ ਧੀ ਮਾਧੁਰੀ ਨੂੰ ਬਾਹੋਂ ਫੜੀ ਭੁੱਖਣ ਭਾਣੀ ਹੀ ਟੁਰਦੀ ਜਾ ਰਹੀ ਹੈ। ਇਸ ਦੇਸ਼-ਵਿਆਪੀ ਔਫਲਾਈਨ/ਔਨਲਾਈਨ ਸੈਮੀਨਾਰ/ਵੈਬੀਨਾਰ ਵਿੱਚ ਗਰਾਂਟਾਂ ਖੁਣੋਂ ਮੀਲਾਂ ਟੁਰਦੇ ਪਾਤਰਾਂ ਨੇ ਕਿਸੇ ਰਚਨਾਕਾਰ ‘ਪਾਤਰ’ ਦੀ ਮਦਦ ਬਿਨਾਂ ਹੀ ਸ਼ਾਹਕਾਰੀ ਅਫ਼ਸਾਨਾਨਿਗਾਰੀ ਕਰ ਵਿਖਾਈ ਹੈ। 

ਕਿਉਂ ਜੋ ਅੱਖਰਾਂ ਵਾਲਿਆਂ ਨੇ ਰਿਸ਼ਤੇ ਸਿਰਫ਼ ਅਕਾਂਕਸ਼ਾ ਨਾਲ ਪਾਲੇ ਸਨ, ਇਸ ਲਈ ਉਹ ਹੁਣ ਟੀਵੀ ਚੈਨਲਾਂ, ਫੇਸਬੁੱਕ ਸਫ਼ਿਆਂ, ਵਟਸਐਪ ਗਰੁੱਪਾਂ ਜਾਂ ਕਾਹਲੀ ਕਾਹਲੀ ਨਾਲ ਜੁਗਾੜ ਕੀਤੇ ਵੈਬੀਨਾਰਾਂ ਵਿੱਚ ਮਿਹਨਤਕਸ਼ਾਂ ਦੇ ਪੈਰੀਂ ਚੱਲ ਕੇ ਪੜ੍ਹੇ ਜਾ ਰਹੇ ਇਸ ਵਿਆਪਕ ਖੋਜਪੱਤਰ ਉੱਤੇ ਤਬਸਰੇ ਕਰਨ ਜੋਗੇ ਹੀ ਬਚੇ ਹਨ। ਚਿੰਤਾ ਜਤਾ ਰਹੇ ਹਨ, ਹੈਰਾਨੀ ਪ੍ਰਗਟ ਕਰ ਰਹੇ ਹਨ ਪਰ ਇਸ ਸਵਾਲ ਦਾ ਜਵਾਬ ਨਾਦਾਰਦ ਹੈ ਕਿ ਦਹਾਕਿਆਂ ਤੋਂ ਸਾਰੇ ਸੱਚ ਦੇ ਸਾਹਵੇਂ ਹੁੰਦਿਆਂ ਵੀ ਡਾਕਟਰ ਕਰੋਨਾ ਜੀ ਦੇ ਖਿੱਚੇ ਐਕਸਰੇ ਨੂੰ ਵੇਖ ਕੇ ਸੁਘੜ-ਸਿਆਣੇ ਹੈਰਾਨ ਕਿਉਂ ਹਨ?

ਜਾਏ ਤਾਂ ਅਸੀਂ ਉਸਦੇ ਹਾਂ ਜਿਸ ਦੂਰ ਦੇਸ਼ ਤੱਕ ਮੀਲਾਂ ਟੁਰ ਉਦਾਸੀਆਂ ਕੀਤੀਆਂ, ਧੁੰਦ ਮਿਟਾਈ, ਜੱਗ ਰੁਸ਼ਨਾਇਆ ਸੀ, ਪਰ ਉਸ ਡਗਰ ’ਤੇ ਟੁਰਨਾ ਤਾਂ ਅਸਾਂ ਮੁੱਦਤਾਂ ਪਹਿਲਾਂ ਛੱਡ ਦਿੱਤਾ ਸੀ। 550ਵੀਂ ਆਈ ਤਾਂ ਉਹ ਵੀ ਇਵੇਂ ਈ ਲੰਘਾਈ। ਬਹੁਤਾ ਕੰਮ ਗਰਾਂਟ-ਆਧਾਰਿਤ ਸੈਮੀਨਾਰਾਂ ਵਿੱਚ ਹਾਜ਼ਰੀ ਲਵਾ, ‘‘ਪਰਚਾ ਬੜਾ ਹੀ ਵਿਦਵਤਾ ਭਰਪੂਰ ਸੀ’’ ਕਹਾ, ਚੱਲੀ ਜਾ ਰਿਹਾ ਸੀ। ਜਦੋਂ ਸੜਕ ’ਤੇ ਫਟੀਆਂ ਅੱਡੀਆਂ ਵਾਲਿਆਂ ਨੇ ਖੋਜ ਪੱਤਰ ਪੜ੍ਹ ਦਿੱਤਾ ਤਾਂ ਅਸੀਂ ਅੱਖੀਆਂ ਅੱਡੀ ਹੈਰਾਨ ਹੋ ਰਹੇ ਹਾਂ। ਓਧਰ ਮਹਾਂਰਾਸ਼ਟਰ ਤੋਂ ਮੱਧ ਪ੍ਰਦੇਸ਼ ਟੁਰਦੀ ਜਾ ਰਹੀ ਮਜ਼ਦੂਰ ਔਰਤ ਰਾਹ ਵਿੱਚ ਹੀ ਬੱਚਾ ਜੰਮ, ਦੋ ਘੰਟਿਆਂ ਬਾਅਦ ਉਹਨੂੰ ਕੁੱਛੜ ਚੁੱਕ 150 ਕਿਲੋਮੀਟਰ ਪੈਂਡਾ ਘੱਤਦੀ ਇਸਮਤ ਚੁਗਤਾਈ ਦੀ ਕਹਾਣੀ ‘ਛੂਈ-ਮੂਈ’ ਦਾ ਹਕੀਕੀ ਮੰਚਨ ਕਰੀ ਜਾ ਰਹੀ ਹੈ।

ਟੁਰੇ ਅਸੀਂ ਵਾਰ ਵਾਰ ਹਾਂ। ਜਦੋਂ 15 ਫ਼ਰਵਰੀ 2003 ਨੂੰ ਦਰਜਨਾਂ ਦੇਸ਼ਾਂ ਵਿੱਚ ਕਰੋੜਾਂ ਲੋਕ ਯੁੱਧ ਦੇ ਖ਼ਿਲਾਫ਼ ਘਰਾਂ ’ਚੋਂ ਨਿਕਲ ਟੁਰ ਪਏ ਸਨ ਤਾਂ ਨਿਊਯੌਰਕ ਟਾਈਮਜ਼ ਨੇ ਸਮਾਜਿਕ ਕਾਰਕੁਨਾਂ ਦੀ ਜਮਾਤ ਨੂੰ ਦੁਨੀਆਂ ਦੀ ਨਵੀਂ ਵੱਡੀ ਸੁਪਰਪਾਵਰ ਕਿਹਾ ਸੀ। ਖਿੱਝ ਕੇ ਕਦੀ-ਕਦੀ ਕੋਈ ਕਲਮ-ਘਸੀਟੀਆ ਇਨ੍ਹਾਂ ਨੂੰ ਢਾਈ ਟੋਟਰੂ ਵੀ ਦੱਸਦਾ ਹੈ। ਵਕ਼ਤ ਆ ਗਿਆ ਹੈ ਕਿ ਅਸੀਂ ਆਪਣੇ ਆਪੇ ਨੂੰ ਪੁੱਛੀਏ ਕਿ ਅਕਾਦਮਿਕ ਸ਼ਰਾਧ ਰਚਦੀ ਵਿਦਵਤਾ ਅਤੇ ਜਰਨੈਲੀ ਸੜਕ ਦੇ ਸੱਚ ਵਿਚਕਾਰ ਅੱਜ ਕਿਹੜੀ ਵਬਾ ਨਾਲ ਮਰ ਰਹੇ ਹਾਂ? ਇਹ ਹਨ੍ਹੇਰਾ ਕਿਵੇਂ ਜਰ ਰਹੇ ਹਾਂ?

*ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਆਪਣੇ ਬਾਇਓਡਾਟਾ ਵਿੱਚ ਪ੍ਰਮਾਣਿਤ ਵਿਦਵਤਾ-ਭਰਪੂਰ ਪਰਚਿਆਂ ਦੀ ਘਾਟ ਕਾਰਨ ਘੱਟ ਹੀ ਕਿਸੇ ਸੈਮੀਨਾਰ, ਵੈਬੀਨਾਰ ਉੱਤੇ ਬੁਲਾਇਆ ਜਾਂਦਾ ਹੈ। 

ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।  

 


Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

  
 
 
 
 


_______________________________________________________________

  


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER