ਵਿਚਾਰ
ਇੱਕ ਇਤਿਹਾਸਕ ਅਤੇ ਪ੍ਰਸੰਗਕ ਸੁਨੇਹਾ - ਤਖ਼ਤ ਅਕਾਲ ਵੱਲੋਂ
- ਓਅੰਕਾਰ ਸਿੰਘ (ਡਾ.)
ਇੱਕ ਇਤਿਹਾਸਕ ਅਤੇ ਪ੍ਰਸੰਗਕ ਸੁਨੇਹਾ - ਤਖ਼ਤ ਅਕਾਲ ਵੱਲੋਂ



ਚਿਰਾਂ ਪਿੱਛੋਂ ਸਿੱਖ ਸੰਗਤ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਆ ਰਹੀ ਠੰਡੀ ਰੂਹਾਨੀ ਹਵਾ ਦੇ ਬੁੱਲੇ ਨੂੰ ਮਹਿਸੂਸ ਕਰ ਰਹੀ ਹੈ। ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਲਗਾਤਾਰ ਜਿਵੇਂ ਆਪਣੀ ਵਿਸ਼ਵ-ਵਿਆਪੀ ਸੋਚ ਰਾਹੀਂ ਸਭਨਾਂ ਨੂੰ ਅਕਾਲ ਤਖ਼ਤ ਸਾਹਿਬ ਦੇ ਕਲਾਵੇ ਵਿੱਚ ਲੈਣ ਲਈ ਯਤਨਸ਼ੀਲ ਹਨ, ਉਸ ਦਾ ਪ੍ਰਗਟਾਵਾ ਉਨ੍ਹਾਂ ਨੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ 31 ਮਾਰਚ ਵਾਲੇ ਦਿਨ ਦਿੱਤੇ ਆਪਣੇ ਸੁਨੇਹੇ ਵਿੱਚ ਬਹੁਤ ਗੰਭੀਰਤਾ ਨਾਲ ਕੀਤਾ ਹੈ। 

ਲੰਬੇ ਸਮੇਂ ਪਿੱਛੋ ਕਿਸੇ ਜਥੇਦਾਰ ਨੇ ਸਿਆਸੀ-ਗੰਧਲੇਪਣ ਤੋਂ ਉਪਰ ਉੱਠਕੇ ਸੰਸਾਰ ਪੱਧਰ ਤੇ ਸਿੱਖ-ਭਾਈਚਾਰੇ ਦੀ ਸਥਾਪਤੀ ਦੀ ਗੱਲ ਕੀਤੀ ਹੈ। ਉਨ੍ਹਾਂ ਵੱਲੋ ਕਰੋਨਾਵਾਇਰਸ ਦੀ ਝੁੱਲੀ ਹਨ੍ਹੇਰੀ ਦੇ ਸੰਕਟ ਸਮੇਂ ਦਿੱਤਾ ਇਹ ਇਤਿਹਾਸਕ ਸੁਨੇਹਾ ਹੋਰ ਵੀ ਮਹੱਤਪੂਰਣ ਹੋ ਜਾਂਦਾ ਹੈ, ਕਿਉਂਕਿ ਇਸ ਸਮੇਂ ਸਾਰੇ ਸੰਸਾਰ ਦੀਆਂ ਨਿਗਾਹਾਂ ਆਸ ਦੀ ਇੱਕ ਕਿਰਨ ਨਾਲ ਸਿੱਖ-ਜਗਤ ਵੱਲ ਲੱਗੀਆਂ ਹੋਈਆਂ ਹਨ। 

ਸੰਸਾਰ ਦੀ ਮਹਾਂ-ਸ਼ਕਤੀ ਦੇ ਮੁੱਖੀ ਡੋਨਾਲਡ ਟਰੰਪ ਵੱਲੋਂ ਇਹ ਕਹਿਣਾ, ਜਿਸ ਦਾ ਜ਼ਿਕਰ ਜਥੇਦਾਰ ਸਾਹਿਬ ਨੇ ਆਪਣੇ ਸੁਨੇਹੇ ਵਿੱਚ ਵੀ ਕੀਤਾ ਹੈ, ਕਿ ਸੰਸਾਰ ਦੇ ਹਰ ਖਿੱਤੇ ਵਿੱਚ ਸਿੱਖ ਅਤੇ ਸਿੱਖਾਂ ਦੇ ਗੁਰਦੁਆਰੇ ਹੋਣੇ ਚਾਹੀਦੇ ਹਨ, ਸਮੇਂ ਦਾ ਇੱਕ ਮਹਾਂ-ਸੱਚ ਹੈ, ਜਿਸ ਨੂੰ ਬਹੁਤ ਵੱਡੀ ਇਤਿਹਾਸਕ ਘਟਨਾਂ ਵੱਜੋਂ ਵੇਖਿਆ ਜਾਣਾ ਚਾਹੀਦਾ ਹੈ।

ਨਿਊਯਾਰਕ ਦੇ ਮੇਅਰ ਵੱਲੋਂ ਸਿੱਖ ਗੁਰਦੁਆਰਾ ਸਾਹਿਬਾਨ ਨੂੰ ਕੀਤੀ ਇਹ ਅਪੀਲ ਵੀ ਧਿਆਨ ਮੰਗਦੀ ਹੈ ਕਿ ਉਹ ਲੋੜਵੰਦ ਅਮਰੀਕਨਾਂ ਨੂੰ ਖਾਣ-ਪੀਣ ਦੀਆਂ ਵਸਤੂਆਂ ਭਾਵ ਭੋਜਨ ਇਤਿਆਦਿ ਵੰਡਣ ਲਈ ਹਰ ਵੇਲੇ ਤਿਆਰ ਬਰ ਤਿਆਰ ਰਹਿਣ। ਇਸ ਅਪੀਲ ਦਾ ਨਿਊਯਾਰਕ ਦੇ ਗੁਰਦੁਆਰਾ ਸਾਹਿਬਾਨਾਂ ਵੱਲੋਂ ਭਰਪੂਰ ਹੁੰਗਾਰਾ ਵੀ ਦਿੱਤਾ ਜਾ ਰਿਹਾ ਹੈ। 

ਕੇਵਲ ਉੱਥੇ ਹੀ ਨਹੀਂ ਸਗੋਂ ਕੁੱਲ ਦੁਨੀਆਂ ਦੇ ਗੁਰਦੁਆਰੇ ਅਤੇ ਖਾਲਸਾ-ਏਡ ਵਰਗੀਆਂ ਸੰਸਥਾਵਾਂ ਇਸ ਸੰਕਟ ਦੇ ਸਮੇਂ ਸੰਸਾਰ ਭਰ ਦੀਆਂ ਸੇਵਾ-ਸੰਸਥਾਵਾਂ ਦੇ ਲੀਡਰ ਵੱਜੋਂ ਉੱਭਰ ਰਹੀਆਂ ਹਨ। ਸਭ ਸੂਝਵਾਨ ਗੁਰਸਿੱਖਾਂ ਨੇ ਗੁਰਦੁਆਰਿਆਂ ਅਤੇ ਹੋਰ ਸਿੱਖ ਸੰਸਥਾਵਾਂ ਵਿੱਚੋਂ ਮੋਦੀਖਾਨੇ ਵਾਂਗ ਤੇਰਾ ਤੇਰਾ ਦਾ ਮਿਠਬੋਲੜਾ ਹੋਕਾ ਦੇਣਾ ਸ਼ੁਰੂ ਕੀਤਾ ਹੋਇਆ ਹੈ। ਸਭ ਗੁਰਸਿੱਖ ਆਪਣੀਆਂ ਜਾਨਾਂ ਦੀ ਪਰਵਾਹ ਨਾ ਕਰਦਿਆਂ ਹੋਇਆਂ ਵੀ ਗਲ਼ਾਂ ਵਿੱਚ ਆਪਣੇ ਬਾਬੇ ਵੱਲੋਂ ਬਖਸ਼ੀ ਸੇਵਾ ਦਾ ਪੱਲੂ ਪਾਕੇ ਦੁਖੀ ਲੋਕਾਈ ਦਾ ਦੁੱਖ ਵੰਡਾਉਣ ਲਈ ਵਹੀਰਾਂ ਘੱਤ ਕੇ ਵਾਹੋਦਾਹੀ ਅੱਗੇ ਹੀ ਅੱਗੇ ਵਧੀ ਜਾ ਰਹੇ ਹਨ। 

ਸਭ ਧਰਮ ਅਸਥਾਨਾਂ ਦੇ ਦਰਵਾਜ਼ੇ ਬੰਦ ਹੋਣ ਦੇ ਬਾਵਜੂਦ ਵੀ ਸਿੱਖ ਗੁਰਦੁਆਰਿਆਂ ਦੇ ਦਰਵਾਜ਼ੇ ਅਜੇ ਵੀ ਲੋੜਵੰਦਾਂ ਲਈ ਖੁਲ੍ਹੇ ਹਨ ਅਤੇ ਖੁਲ੍ਹੇ ਹੀ ਰਹਿਣੇ ਚਾਹੀਦੇ ਹਨ। ਜਗਤ ਗੁਰੂ ਨਾਨਕ ਦਾ ਇਹੀ ਸੁਨੇਹਾ ਹੈ ਅਤੇ ਬਾਬੇ ਦੇ ਸਿੱਖ ਕਦੀ ਇਸ ਸੁਨੇਹੇ ਵੱਲ ਪਿੱਠ ਨਹੀਂ ਕਰ ਸਕਦੇ। ਕਈਆਂ ਨੂੰ ਸ਼ਾਇਦ ਇਹ ਠੀਕ ਨਹੀਂ ਲਗ ਰਿਹਾ। ਉਹ ਆਪਣੀਆਂ ਸ਼ੰਕਾਵਾਂ ਵੀ ਦਰਸਾ ਰਹੇ ਹਨ। ਪਰ ਸਾਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਖਾਲਸਾ ਕਦੀ ਭੀੜ ਦਾ ਹਿੱਸਾ ਨਹੀਂ ਬਣਿਆਂ। ਉਹ ਨਿਕੇਵਲੇ ਰਾਹਾਂ ਦਾ ਪਾਂਧੀ ਹੈ। 

ਖਾਲਸਾ ਇਨ੍ਹਾਂ ਸੰਕਟਮਈ ਘੜੀਆਂ ਵਿੱਚ ਵੀ ਇੱਕ ਅਦੁੱਤੀ ਇਤਿਹਾਸ ਦੀ ਸਿਰਜਣਾ ਕਰ ਰਿਹਾ ਹੈ, ਜਿਸ ਨਾਲ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਮਾਣ ਨਾਲ ਸਿਰ ਉੱਚਾ ਕਰਕੇ ਤੁਰ ਸਕਣਗੀਆਂ। 

ਖਾਲਸਾ ਪੰਥ ਨੂੰ ਜਥੇਦਾਰ ਸਾਹਿਬ ਵੱਲੋਂ 31 ਮਾਰਚ ਨੂੰ ਗੁਰੂ ਨਾਨਕ ਨਾਮ ਲੇਵਾ ਸਿੱਖ ਸੰਗਤਾਂ ਦੇ ਨਾਂ ਭੇਜੇ ਸੁਨੇਹੇ ਨੂੰ ਸਰਬੱਤ ਦੇ ਭਲੇ ਵਾਲੇ ਇਸੇ ਸਿੱਖ ਸਿਧਾਂਤ ਦੀ ਰੌਸ਼ਨੀ ਵਿੱਚ ਵਿਚਾਰਨਾ ਹੋਏਗਾ। ਉਨ੍ਹਾਂ ਕਿਹਾ ਹੈ ਕਿ ਕਰੋਨਾਵਾਇਰਸ ਦਾ ਇਹ ਮਹਾਂਮਾਰੀ ਵਾਲੀ ਪਰਲੋ ਦਾ ਜੋ ਸਮਾਂ ਆਇਆ ਹੈ, ਉਹ ਮੁੱਕ ਵੀ ਜਾਏਗਾ। ਸੰਸਾਰ ਆਪਣੀ ਚਾਲੇ ਫਿਰ ਤੁਰਨ ਲੱਗ ਪਏਗਾ, ਲੇਕਿਨ ਆਉਣ ਵਾਲਾ ਸਮਾਂ ਬਿਲਕੁਲ ਬਦਲਿਆ ਹੋਇਆ ਹੋਏਗਾ। ਸੰਸਾਰ ਦੀ ਚਾਲ ਬਿਲਕੁਲ ਨਵੀਂ ਦਿੱਖ ਵਾਲੀ ਹੋਏਗੀ। 

ਉਨ੍ਹਾਂ ਰਾਸ਼ਟਰਵਾਦ ਦੀ ਗੱਲ ਵੀ ਕਰਦਿਆਂ ਕਿਹਾ ਹੈ ਕਿ ਜਿਹੜਾ ਵੀ ਦੇਸ਼, ਆਉਣ ਵਾਲੇ ਸਮੇਂ ਵਿੱਚ ਸਿਰਫ਼ ਰਾਸ਼ਟਰਵਾਦ ਦੀ ਸੌੜੀ ਸੋਚ ਵਾਲੇ ਝਮੇਲੇ ਵਿੱਚ ਹੀ ਉਲਝਿਆ ਰਹੇਗਾ, ਉਹ ਵਿਸ਼ਵ-ਦੌੜ ਵਿੱਚ ਬਹੁਤ ਪਛੜ ਜਾਏਗਾ। ਹੁਣ ਸੰਸਾਰ ਨੂੰ ਸਤਿਗੁਰੂ ਨਾਨਕ ਦੀ ਸਰਬੱਤ ਦੇ ਭਲੇ ਵਾਲੀ ਵਿਸ਼ਵ-ਵਿਆਪੀ ਸੋਚ ਦੇ ਝਰੋਖੇ ਵਿੱਚੋਂ ਹੀ ਵੇਖਣਾ ਹੋਏਗਾ। ਅਜੋਕੀ ਤਕਨਾਲੋਜੀ ਨੇ ਤਾਂ ਸੰਸਾਰ ਨੂੰ ਪਹਿਲਾਂ ਹੀ ਗਲੋਬਲ ਵਿਲੇਜ ਦੇ ਤੌਰ ਤੇ ਸਥਾਪਤ ਕਰ ਦਿੱਤਾ ਹੈ। ਆਉਣ ਵਾਲੇ ਸਮੇਂ ਵਿੱਚ ਐਜੂਕੇਸ਼ਨ, ਹੈਲਥ, ਵਪਾਰ ਅਤੇ ਹੋਰ ਸਮਾਜਿਕ ਗਤੀਵਿਧੀਆਂ ਦੇ ਢਾਂਚੇ, ਨਵੇਂ ਅਰਥ ਗ੍ਰਹਿਣ ਕਰ ਲੈਣਗੇ। ਲਗਭਗ ਸਭ ਕੁੱਝ ਡਿਜਟੀਲਾਈਜ਼ ਹੋ ਜਾਏਗਾ। 

ਇਸ ਬਦਲੀ ਹੋਈ ਸੰਸਾਰ ਮਾਨਸਿਕਤਾ ਵਿੱਚ ਸਿੱਖ ਜਗਤ ਦਾ ਵੀ ਬਹੁਤ ਮਹੱਤਵਪੂਰਣ ਰੋਲ ਸਥਾਪਿਤ ਹੋ ਸਕਦਾ ਹੈ, ਜੇਕਰ ਸਾਰੇ ਸੰਸਾਰ ਵਿੱਚ ਪਸਰਿਆ ਹੋਇਆ ਸਿੱਖ ਭਾਈਚਾਰਾ, ਸੰਸਥਾਗਤ ਰੂਪ ਵਿੱਚ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਨਿਸ਼ਾਨ ਥੱਲੇ ਇਕੱਤਰ ਹੋ ਜਾਏ। ਵਿਸ਼ਵ ਦੇ ਹਰ ਖਿੱਤੇ ਵਿੱਚ ਬਣੇ ਹੋਏ ਸਿੱਖ ਗੁਰਦੁਆਰਾ ਸਾਹਿਬਾਨ ਵੀ ਇਸ ਵਿੱਚ ਅਤਿ ਮਹੱਤਵਪੂਰਣ ਰੋਲ ਅਦਾ ਕਰ ਸਕਣਗੇ। 

ਜਥੇਦਾਰ ਸਾਹਿਬ ਦੇ ਸੁਨੇਹੇ ਨੂੰ ਗਹੁ ਨਾਲ ਸੁਣਿਆ, ਇਹ ਸਮਝ ਆ ਰਹੀ ਸੀ ਕਿ ਆਉਣ ਵਾਲੇ ਸਮੇਂ ਵਿੱਚ ਜਿਵੇਂ ਰਾਸ਼ਟਰਵਾਦ ਦਾ ਮਹੱਤਵ ਦਿਨੋਂ ਦਿਨ ਘੱਟ ਹੁੰਦਾ ਚਲਾ ਜਾਏਗਾ ਅਤੇ ਸਾਰਾ ਸੰਸਾਰ ਡਿਜਟੀਲਾਈਜ਼ ਹੋਕੇ ਵਿਸ਼ਵ-ਵਿਆਪੀ ਸੋਚ ਰਾਹੀਂ ਵਿਸ਼ਵ-ਰਾਜ ਦੀ ਤਰ੍ਹਾਂ ਕੰਮ ਕਰੇਗਾ, ਇਉਂ ਹੀ ‘ਰਾਜ ਕਰੇਗਾ ਖਾਲਸਾ’ਦੀ ਸੋਚ ਵੀ ਨਵੀਂ ਤਕਨਾਲੋਜੀ ਦੀ ਛਾਂ ਹੇਠ ਸਮੁੱਚੇ ਵਿਸ਼ਵ ਵਿੱਚ ਸਥਾਪਤ ਹੋ ਜਾਏਗੀ ਅਤੇ ਉਸ ਦੇ ਬਹੁਤ ਹੀ ਹੈਰਾਨਕੁਨ ਨਤੀਜੇ ਸਾਹਮਣੇ ਆਉਣਗੇ। ਇਸ ਨਵੀਂ ਤਕਨਾਲੋਜੀ ਦੇ ਹਾਣ ਦਾ ਬਣਕੇ ਸਰਬੱਤ ਦੇ ਭਲੇ ਵਾਲੇ ਸਿੱਖ ਸਿਧਾਂਤ ਰਾਹੀਂ ਖਾਲਸਈ ਰਾਜ ਦੀ ਸੋਚ ਨੂੰ ਬਹੁਤ ਤੇਜ਼ੀ ਨਾਲ ਵਿੱਸ਼ਵ-ਪੱਧਰੀ ਬਣਾਇਆ ਜਾ ਸਕਦਾ ਹੈ। 

ਇਸ ਪੰਥਕ ਸੋਚ ਵਾਲੇ ਸੰਦੇਸ਼ ਰਾਹੀਂ ਉਨ੍ਹਾਂ ਨੇ ਸਿੱਖ ਭਾਈਚਾਰੇ ਨੂੰ ਇੱਕ ਸੰਸਥਾ ਦੇ ਰੂਪ ਵਿੱਚ ਸੰਗਠਿਤ ਕਰਨ ਦਾ ਇਸ਼ਾਰਾ ਵੀ ਕੀਤਾ ਹੈ ਅਤੇ ਸਮੂਹ ਗੁਰਸਿੱਖਾਂ ਨੂੰ ਆਪਣੇ ਭਵਿੱਖਮੁਖੀ ਪੰਥਕ-ਸੋਚ ਵਾਲੇ ਸੁਝਾਅ ਭੇਜਣ ਲਈ ਵੀ ਕਿਹਾ ਹੈ। ਸਭ ਪੰਥ-ਹਿਤੈਸ਼ੀਆਂ, ਬੁਧੀਜੀਵੀਆਂ ਅਤੇ ਨੌਜੁਆਨਾਂ ਨੂੰ ਮੇਰੀ ਪੁਰ-ਜ਼ੋਰ ਅਪੀਲ ਹੈ ਕਿ ਆਪਣੇ ਹਿਰਦਿਆਂ ਦੀਆਂ ਡੂੰਘਾਣਾਂ ਵਿੱਚੋਂ ਸਰਬੰਸ ਦਾਨੀ ਨੂੰ ਨਮੋਂ ਕਰਦਿਆਂ, ਉਸਾਰੂ ਸੁਝਾਵਾਂ ਦਾ ਇੱਕ ਹੜ੍ਹ ਜਿਹਾ ਲਿਆ ਦਿਓ, ਤਾਂਕਿ ਜਥੇਦਾਰ ਸਾਹਿਬ ਐਸ ਵਕਤ ਪੰਥ ਦੀ ਚੜ੍ਹਦੀ ਕਲਾ ਵਾਲੇ ਜਿਸ ਚਿੰਤਨ ਵਿੱਚ ਬੈਠੇ ਹੋਏ ਹਨ, ਉਸ ਵਿੱਚੋਂ ਬਾਬੇ ਨਾਨਕ ਦੇ ਨਿਰਮਲ-ਪੰਥ ਲਈ ਇੱਕ ਨਵੀਂ ਨਰੋਈ ਸੱਜਰੀ ਪ੍ਰਭਾਤ ਰੌਸ਼ਨ ਹੋ ਸਕੇ। 

ਸਿੰਘ ਸਾਹਿਬ ਦੇ ਅਗਲੇ ਸੁਨੇਹੇ ਦੀ ਸਿੱਖ ਸੰਗਤਾਂ ਨੂੰ ਉਡੀਕ ਰਹੇਗੀ। ਮੈਨੂੰ ਲਗਦੈ ਜਿਵੇਂ ਕਲਗੀਧਰ ਪਾਤਸ਼ਾਹ ਦੇ ਸਾਜੇ ਨਿਵਾਜੇ ਖਾਲਸਾ-ਪੰਥ ਵੱਲੋਂ ਸਰਬੱਤ ਦੇ ਭਲੇ ਵਾਲਾ ਝੰਡਾ ਬਹੁਤ ਜਲਦੀ ਉੱਚੇ ਅਸਮਾਨੀ ਝੁਲਾ ਦਿੱਤਾ ਜਾਏਗਾ। ਸਾਨੂੰ ਸਭਨਾਂ ਨੂੰ ਜਥੇਦਾਰ ਸਾਹਿਬ ਦੇ ਆਉਣ ਵਾਲੇ ਅਗਲੇ ਸੁਨੇਹੇ ਨੂੰ ਬਹੁਤ ਗੰਭੀਰਤਾ ਨਾਲ ਉਡੀਕਦਿਆਂ ਤਨ, ਮਨ ਅਤੇ ਧਨ ਕਰਕੇ ਸਤਿਗੁਰੂ ਨਾਨਕ ਦੀ ਕਿਰਤ ਅਤੇ ਕੀਰਤ ਵਾਲੀ ਸੋਚ ਨਾਲ ਜੁੜਕੇ ਅਗਾਂਹ ਕੂ ਤ੍ਰਾਂਘਣਾ ਚਾਹੀਦਾ ਹੈ। 
 ---------------
ਵੇਖੋ ਵੀਡਿਓ 
 

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER