ਵਿਚਾਰ
ਨਿਗਰਾਨ ਸੱਤ੍ਹਾ ਅਤੇ ਰਾਸ਼ਟਰਵਾਦੀ ਅਲਗਾਓ ਦੇ ਖ਼ਤਰੇ
ਕੋਰੋਨਾ ਵਾਇਰਸ ਤੋਂ ਬਾਅਦ ਦੇ ਖ਼ਤਰੇ ਹੋਰ ਵੀ ਗੰਭੀਰ ਹਨ
- ਯੁਵਾਲ ਨੋਆਹ ਹਰਾਰੀ/ ਅਨੁਵਾਦ: ਰਣਜੀਤ ਲਹਿਰਾ
ਕੋਰੋਨਾ ਵਾਇਰਸ ਤੋਂ ਬਾਅਦ ਦੇ ਖ਼ਤਰੇ ਹੋਰ ਵੀ ਗੰਭੀਰ ਹਨਦੁਨੀਆਂ ਭਰ ਵਿੱਚ ਮਨੁੱਖਤਾ ਸਾਹਮਣੇ ਇੱਕ ਵੱਡਾ ਖ਼ਤਰਾ ਖੜ੍ਹਾ ਹੋ ਗਿਆ ਹੈ। ਸਾਡੀ ਪੀੜੀ ਦਾ ਸ਼ਾਇਦ ਇਹ ਸਭ ਤੋਂ ਵੱਡਾ ਸੰਕਟ ਹੈ। ਆਉਣ ਵਾਲੇ ਕੁੱਝ ਦਿਨਾਂ ਤੇ ਹਫਤਿਆਂ ਵਿੱਚ ਦੁਨੀਆ ਭਰ ਦੀਆਂ ਸਰਕਾਰਾਂ ਅਤੇ ਲੋਕ ਜਿਹੜੇ ਫੈਸਲੇ ਲੈਣਗੇ, ਉਨ੍ਹਾਂ ਦੇ ਅਸਰਾਂ ਨਾਲ ਆਉਣ ਵਾਲੇ ਸਾਲਾਂ ਵਿੱਚ ਦੁਨੀਆ ਦਾ ਨਕਸ਼ਾ ਬਦਲ ਜਾਵੇਗਾ। ਇਹ ਬਦਲਾਅ ਸਿਰਫ਼ ਸਿਹਤ ਦੇ ਖੇਤਰ ਵਿੱਚ ਹੀ ਨਹੀਂ ਸਗੋਂ ਅਰਥਚਾਰੇ, ਰਾਜਨੀਤੀ ਤੇ ਸੱਭਿਆਚਾਰ ਵਿੱਚ ਵੀ ਹੋਣਗੇ। ਸਾਨੂੰ ਤੇਜ਼ੀ ਨਾਲ ਨਿਰਣਾਇਕ ਫੈਸਲੇ ਲੈਣੇ ਹੋਣਗੇ। ਸਾਨੂੰ ਆਪਣੇ ਫੈਸਲਿਆਂ ਦੇ ਦੂਰਗਾਮੀ ਸਿੱਟਿਆਂ ਬਾਰੇ ਸੁਚੇਤ ਰਹਿਣਾ ਹੋਵੇਗਾ।
------------
Yuval Noah Harari ਇੱਕ ਵਿਦਵਾਨ ਦਾਰਸ਼ਨਿਕ ਹਨ। ਉਨ੍ਹਾਂ ਨੇ Financial Times 'ਚ ਇੱਕ ਬਾਕਮਾਲ ਲੇਖ ਲਿਖਿਆ ਹੈ। ਕੋਰੋਨਾ ਫੈਲਣ ਦੇ ਕਿੰਨੇ ਦੂਰਰਸੀ ਸਿਆਸੀ, ਸਮਾਜਕ ਅਤੇ ਸਭਿਆਚਾਰਕ ਖ਼ਤਰੇ ਕੁਲ ਦੁਨੀਆ ਵਿਚ ਹੋ ਸਕਦੇ ਹਨ, ਇਹ ਸਮਝਣ ਲਈ ਇਹ ਲੇਖ ਤੁਹਾਡੀ ਮਦਦ ਕਰ ਸਕਦਾ ਹੈ। ਰਣਜੀਤ ਲਹਿਰਾ ਨੇ ਯੁਵਾਲ ਨੋਆਹ ਹਰਾਰੀ ਦੇ ਲੇਖ "The World After Coronavirus" ਦਾ ਪੰਜਾਬੀ ਅਨੁਵਾਦ ਕੀਤਾ ਹੈ। ਤੁਸੀਂ ਵੀ ਜ਼ਰੂਰ ਪੜ੍ਹੋ।
------------

ਜਦੋਂ ਅਸੀਂ ਬਦਲਾਂ ਬਾਰੇ ਸੋਚ ਰਹੇ ਹੋਈਏ ਤਾਂ ਸਾਨੂੰ ਖੁਦ ਤੋਂ ਸਵਾਲ ਪੁੱਛਣਾ ਪਵੇਗਾ, ਸਿਰਫ਼ ਇਹੋ ਸਵਾਲ ਨਹੀਂ ਕਿ ਅਸੀਂ ਸੰਕਟ 'ਚੋਂ ਕਿਵੇਂ ਨਿਕਲਾਂਗੇ, ਸਗੋਂ ਇਹ ਸਵਾਲ ਵੀ ਕਿ ਇਸ ਤੂਫ਼ਾਨ ਦੇ ਗੁਜ਼ਰ ਜਾਣ ਤੋਂ ਬਾਅਦ, ਅਸੀਂ ਕਿਹੋ ਜਿਹੀ ਦੁਨੀਆ ਵਿੱਚ ਰਹਾਂਗੇ। ਤੂਫ਼ਾਨ ਗੁਜ਼ਰ ਜਾਵੇਗਾ, ਜ਼ਰੂੂਰ ਗੁਜ਼ਰ ਜਾਵੇਗਾ, ਸਾਡੇ 'ਚੋਂ ਬਹੁਤੇ ਜ਼ਿੰਦਾ ਬਚ ਰਹਿਣਗੇ, ਪਰ ਅਸੀਂ ਇੱਕ ਬਦਲੀ ਹੋਈ ਦੁਨੀਆ ਵਿੱਚ ਰਹਿ ਰਹੇ ਹੋਵਾਂਗੇ।

ਐਮਰਜੈਂਸੀ 'ਚ ਚੁੱਕੇ ਗਏ ਬਹੁਤ ਸਾਰੇ ਕਦਮ ਜ਼ਿੰਦਗੀ ਦਾ ਹਿੱਸਾ ਬਣ ਜਾਣਗੇ। ਐਮਰਜੈਂਸੀ ਦੀ ਇਹ ਫ਼ਿਤਰਤ ਹੁੰਦੀ ਹੈ ਕਿ ਉਹ ਬਹੁਤ ਸਾਰੀਆਂ ਪ੍ਰਕ੍ਰਿਆਵਾਂ ਨੂੂੰ ਫ਼ਾਸਟ ਫਾਰਵਰਡ ਕਰ ਦਿੰਦੀ ਹੈ। ਅਜਿਹੇ ਫ਼ੈਸਲੇ ਜਿਨ੍ਹਾਂ 'ਤੇ ਆਮ ਹਾਲਤਾਂ ਵਿੱਚ ਸਾਲਾਂਬੱਧੀ  ਵਿਚਾਰ-ਚਰਚਾ ਹੁੰਦੀ ਰਹਿੰਦੀ ਹੈ, ਐਮਰਜੈਂਸੀ ਹਾਲਤਾਂ 'ਚ ਉਹ ਕੁੱਝ ਘੰਟਿਆਂ 'ਚ ਹੋ ਜਾਂਦੇ ਹਨ। ਅੱਧਕਚਰਾ ਅਤੇ ਖ਼ਤਰਨਾਕ ਤਕਨੀਕ ਨੂੂੰ ਵੀ ਕੰਮ 'ਚ ਝੋਕ ਦਿੱਤਾ ਜਾਂਦਾ ਹੈ, ਕਿਉਂ ਜੋ ਕੁੱਝ ਵੀ ਨਾ ਕਰਨ ਦੇ ਖ਼ਤਰੇ ਕਿਤੇ ਵਡੇਰੇ ਹੋ ਸਕਦੇ ਹਨ। ਪੂਰੇ ਦੇਸ਼ ਦੇ ਨਾਗਰਿਕ ਵਿਸ਼ਾਲ ਸਮਾਜਿਕ ਪ੍ਰਯੋਗਾਂ ਦੇ ਚੂਹਿਆਂ 'ਚ ਤਬਦੀਲ ਹੋ ਜਾਂਦੇ ਹਨ।

ਮਸਲਨ ਉਦੋਂ ਕੀ ਹੋਵੇਗਾ ਜਦੋਂ ਸਾਰੇ ਲੋਕ ਘਰਾਂ ਤੋਂ ਕੰਮ ਕਰਨਗੇ, ਅਤੇ ਸਿਰਫ਼ ਦੂਰੋਂ ਹੀ ਸੰਵਾਦ  ਕਰਨਗੇ?

ਕੀ ਹੋਵੇਗਾ ਜਦੋਂ ਸਾਰੀਆਂ ਸਿੱਖਿਆ ਸੰਸਥਾਵਾਂ ਆਨਲਾਈਨ ਹੋ ਜਾਣਗੀਆਂ?

ਆਮ ਹਾਲਤਾਂ ਵਿੱਚ ਸਰਕਾਰਾਂ, ਕਾਰੋਬਾਰੀ ਅਦਾਰੇ ਅਤੇ ਸੰਸਥਾਵਾਂ ਅਜਿਹੇ ਪ੍ਰਯੋਗਾਂ ਲਈ ਤਿਆਰ ਨਹੀਂ ਹੁੰਦੀਆਂ, ਪਰ ਇਹ ਆਮ ਸਮਾਂ ਨਹੀਂ ਹੈ। ਸੰਕਟ ਦੇ ਇਸ ਸਮੇਂ ਵਿੱਚ ਅਸੀਂ ਦੋ ਬਹੁਤ ਅਹਿਮ ਫ਼ੈਸਲੇ ਲੈਣੇ ਹਨ। ਪਹਿਲਾ ਤਾਂ ਅਸੀਂ ਸਰਬ-ਅਧਿਕਾਰਸੰਪੰਨ ਨਿਗਰਾਨ ਸੱਤ੍ਹਾ( ਸਰਵੀਲੈਂਸ ਸਟੇਟ) ਅਤੇ ਨਾਗਰਿਕ ਸਸ਼ਕਤੀਕਰਨ ਵਿੱਚੋਂ ਇੱਕ ਨੂੰ ਚੁਣਨਾ ਹੈ।                 

ਦੂਜੀ ਚੋਣ ਅਸੀਂ ਰਾਸ਼ਟਰਵਾਦੀ ਅਲਗਾਓ ਅਤੇ ਆਲਮੀ ਇੱਕਜੁੱਟਤਾ ਵਿੱਚੋਂ ਇੱਕ ਦੀ ਕਰਨੀ ਹੈ।

ਮਹਾਂਮਾਰੀ ਨੂੂੰ ਰੋਕਣ ਲਈ ਪੂਰੀ ਆਬਾਦੀ ਨੂੂੰ ਤੈਅ ਕੀਤੇ ਨਿਯਮਾਂ ਦਾ ਪਾਲਣ ਕਰਨਾ ਹੁੰਦਾ ਹੈ। ਇਹਨੂੰ ਹਾਸਲ ਕਰਨ ਦੇ ਦੋ ਤਰੀਕੇ ਹਨ। ਪਹਿਲਾ ਤਰੀਕਾ ਇਹ ਹੈ ਕਿ ਸਰਕਾਰ ਨਾਗਰਿਕਾਂ ਦੀ ਨਿਗਰਾਨੀ ਕਰੇ, ਅਤੇ ਜਿਹੜੇ ਲੋਕ ਉਲੰਘਣਾ ਕਰਨ ਉਨ੍ਹਾਂ ਨੂੂੰ ਸਜ਼ਾ ਦਿੱਤੀ ਜਾਵੇ।

ਅੱਜ ਦੀ ਤਾਰੀਖ਼ ਵਿੱਚ, ਮਨੁੱਖਤਾ ਦੇ ਇਤਿਹਾਸ ਵਿੱਚ, ਤਕਨੀਕ ਨੇ ਇਸਨੂੰ ਪਹਿਲੀ ਵਾਰ ਸੰਭਵ  ਬਣਾ ਦਿੱਤਾ ਹੈ ਕਿ ਹਰ ਨਾਗਰਿਕ ਦੀ ਹਰ ਸਮੇਂ ਨਿਗਰਾਨੀ ਕੀਤੀ ਜਾ ਸਕੇ। 50 ਸਾਲ ਪਹਿਲਾਂ ਰੂਸੀ ਖੁਫੀਆ ਏਜੰਸੀ KGB 24 ਕਰੋੜ ਸੋਵੀਅਤ ਨਾਗਰਿਕਾਂ ਦੀ 24 ਘੰਟੇ ਨਿਗਰਾਨੀ ਨਹੀਂ ਕਰ ਪਾਉਂਦੀ ਸੀ, KGB ਮਨੁੱਖੀ ਏਜੰਟਾਂ ਤੇ ਵਿਸ਼ਲੇਸ਼ਕਾਂ 'ਤੇ ਨਿਰਭਰ ਸੀ, ਅਤੇ ਹਰ ਵਿਅਕਤੀ ਦੇ ਪਿੱਛੇ ਇੱਕ ਜਾਸੂਸ ਲਾਉਣਾ ਸੰਭਵ ਨਹੀਂ ਸੀ। ਹੁਣ ਮਨੁੱਖੀ ਜਾਸੂਸਾਂ ਦੀ ਲੋੜ ਨਹੀਂ ਰਹੀ, ਹਰ ਥਾਂ ਮੌਜੂਦ ਸੈਂਸਰਾਂ, ਅਲਗੋਰਿਥਮ ਤੇ ਕੈਮਰਿਆਂ 'ਤੇ ਸਰਕਾਰਾਂ ਨਿਰਭਰ ਕਰ ਸਕਦੀਆਂ ਹਨ।

ਕੋਰੋਨਾ ਵਾਇਰਸ ਦਾ ਮੁਕਾਬਲਾ ਕਰਨ ਲਈ ਅਨੇਕਾਂ ਸਰਕਾਰਾਂ ਨੇ ਨਿਗਰਾਨੀ ਦੇ ਨਵੇਂ ਯੰਤਰ ਅਤੇ ਸਿਸਟਮ ਲਾਗੂ ਕਰ ਦਿੱਤੇ ਹਨ। ਇਹਦੇ 'ਚ ਸਭ ਤੋਂ ਅਹਿਮ ਮਾਮਲਾ ਚੀਨ ਦਾ ਹੈ। ਲੋਕਾਂ ਦੇ ਸਮਾਰਟ ਫੋਨ ਨੂੂੰ ਡੂੰਘਾਈ ਨਾਲ ਮਾਨੀਟਰ ਕਰਕੇ, ਲੱਖਾਂ ਕੈਮਰਿਆਂ ਦੇ ਜ਼ਰੀਏ, ਚਿਹਰੇ ਪਹਿਚਾਨਣ ਵਾਲੀ ਤਕਨੀਕ ਦੀ ਵਰਤੋਂ ਕਰਕੇ, ਲੋਕਾਂ ਦੇ ਸਰੀਰ ਦਾ ਤਾਪਮਾਨ ਨੋਟ ਕਰਕੇ, ਬਿਮਾਰ ਲੋਕਾਂ ਦੀ ਰਿਪੋਰਟਿੰਗ ਨੂੂੰ ਸਖਤ ਬਣਾ ਕੇ ਇਨਫੈਕਟਿਡ ਲੋਕਾਂ ਦੀ ਪਛਾਣ ਕੀਤੀ ਗਈ। ਇਹੀ ਨਹੀਂ, ਉਨ੍ਹਾਂ ਦੇ ਆਉਣ-ਜਾਣ ਨੂੂੰ ਵੀ ਟਰੈਕ ਕੀਤਾ ਗਿਆ ਤਾਂ ਕਿ ਪਤਾ ਚੱਲ ਸਕੇ ਕਿ ਉਹ ਕਿਨ੍ਹਾਂ ਕਿਨ੍ਹਾਂ ਲੋਕਾਂ ਨੂੂੰ ਮਿਲੇ ਸਨ। ਅਜਿਹੇ ਮੋਬਾਇਲ ਐਪ ਵੀ ਨੇ, ਜਿਹੜੇ ਇਨਫੈਕਸ਼ਨ ਦੇ ਸ਼ੱਕ ਵਾਲੇ ਲੋਕਾਂ ਨੂੂੰ ਟਿੱਕ ਕੇ, ਨਾਗਰਿਕਾਂ ਨੂੰ ਸੂਚਿਤ ਕਰਦੇ ਰਹਿੰਦੇ ਹਨ ਕਿ ਉਨ੍ਹਾਂ ਤੋਂ ਦੂਰ ਰਹੋ।

ਅਜਿਹੀ ਤਕਨੀਕ ਚੀਨ ਤੱਕ ਹੀ ਸੀਮਤ ਨਹੀਂ ਹੈ। ਇਸਰਾਈਲ ਦੇ ਪ੍ਰਧਾਨ ਮੰਤਰੀ ਬੈਂਜੇਮਿਨ ਨੇਤਨਯਾਹੂ ਨੇ ਕੋਰੋਨਾ ਵਾਇਰਸ ਰੋਕਣ ਲਈ ਉਸ ਤਕਨੀਕ ਨੂੂੰ ਬੀੜਣ ਦਾ ਹੁਕਮ ਦਿੱਤਾ ਜੀਹਨੂੰ ਹੁਣ ਤੱਕ ਸਿਰਫ਼ ਅੱਤਵਾਦ ਦੇ ਖਿਲਾਫ਼ ਵਰਤਿਆ ਜਾ ਰਿਹਾ ਸੀ।

ਜਦੋਂ ਸੰਸਦੀ ਕਮੇਟੀ ਨੇ ਇਸਦੀ ਮਨਜੂਰੀ ਦੇਣ ਤੋਂ ਨਾਂਹ ਕਰ ਦਿੱਤੀ ਤਾਂ ਨੇਤਨਯਾਹੂ ਨੇ ਉਸਨੂੰ ਦਰਕਿਨਾਰ ਕਰਦੇ ਹੋਏ ਐਮਰਜੈਂਸੀ ਤਾਕਤਾਂ ਵਰਤ ਕੇ ਰਾਹ ਪੱਧਰਾ ਕਰ ਦਿੱਤਾ।

ਤੁਸੀਂ ਕਹਿ ਸਕਦੇ ਹੋ ਕਿ ਇਹਦੇ 'ਚ ਨਵਾਂ ਤਾਂ ਕੁੱਝ ਨਹੀਂ ਹੈ। ਹਾਲ ਹੀ ਦੇ ਸਾਲਾਂ ਵਿੱਚ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਲੋਕਾਂ ਨੂੂੰ ਟਰੈਕ, ਮਾਨੀਟਰ ਤੇ ਮੈਨੁਪਲੇਟ ਕਰਨ ਲਈ ਤਕਨੀਕ ਦੀ ਵਰਤੋਂ ਕਰਦੀਆਂ ਰਹੀਆਂ ਹਨ। ਪਰ ਜੇਕਰ ਅਸੀਂ ਸੁਚੇਤ ਨਾ ਹੋਏ, ਤਾਂ ਇਹ ਮਹਾਂਮਾਰੀ ਸਰਕਾਰੀ ਨਿਗਰਾਨੀ ਦੇ ਮਾਮਲੇ 'ਚ ਮੀਲ ਦਾ ਇੱਕ ਪੱਥਰ ਸਾਬਤ ਹੋਵੇਗੀ। ਉਨ੍ਹਾਂ ਦੇਸ਼ਾਂ ਵਿੱਚ ਅਜਿਹੇ ਵਿਆਪਕ ਨਿਗਰਾਨੀ ਸਿਸਟਮ ਨੂੂੰ ਲਾਗੂ ਕਰਨਾ ਸੌਖਾ ਹੋ ਜਾਵੇਗਾ ਜਿਹੜੇ ਹਾਲੇ ਤੀਕ ਇਸ ਤੋਂ ਇਨਕਾਰ ਕਰਦੇ ਰਹੇ ਹਨ। ੲਿਹੋ ਨਹੀਂ ਇਹ "ਓਵਰ ਦਾ ਸਕਿਨ" ਨਿਗਰਾਨੀ ਵਿੱਚ ਬਦਲ ਜਾਵੇਗੀ।

ਹੁਣ ਤੱਕ ਤਾਂ ਇਹ ਹੁੰਦਾ ਹੈ ਕਿ ਜਦੋਂ ਤੁਹਾਡੀ ਉਂਗਲੀ ਸਮਾਰਟ ਫੋਨ ਤੋਂ ਇੱਕ ਲਿੰਕ 'ਤੇ ਕਲਿੱਕ ਕਰਦੀ ਹੈ, ਤਾਂ ਸਰਕਾਰ ਜਾਣਨਾ ਚਾਹੁੰਦੀ ਹੈ ਕਿ ਤੁਸੀਂ ਕੀ ਦੇਖ-ਪੜ੍ਹ ਰਹੇ ਹੋ। ਪਰ ਕੋਰੋਨਾ ਵਾੲਿਰਸ ਤੋਂ ਬਾਅਦ ਹੁਣ ਇੰਟਰਨੈੱਟ ਦਾ ਫੋਕਸ ਬਦਲ ਜਾਵੇਗਾ। ਹੁਣ ਸਰਕਾਰ ਤੁਹਾਡੀ ੳੁਂਗਲੀ ਦਾ ਤਾਪਮਾਨ ਅਤੇ ਚਮੜੀ ਦੇ ਹੇਠਾਂ ਦਾ ਬਲੱਡ ਪ੍ਰੈਸ਼ਰ ਵੀ ਜਾਣਨ ਲੱਗੇਗੀ।

ਨਿਗਰਾਨੀ(ਸਰਵੀਲੈਂਸ) ਦੇ ਮਾਮਲੇ 'ਚ ਦਿੱਕਤ ਇਹੋ ਹੈ ਕਿ ਸਾਡੇ 'ਚੋਂ ਕੋਈ ਪੱਕ ਨਾਲ ਨਹੀਂ ਜਾਣਦਾ ਕਿ ਸਾਡੇ 'ਤੇ ਕਿਹੋ ਜਿਹੀ ਨਿਗਰਾਨੀ ਰੱਖੀ ਜਾ ਰਹੀ ਹੈ, ਅਤੇ ਆਉਣ ਵਾਲੇ ਸਾਲਾਂ ਵਿੱਚ ੳੁਸਦਾ ਕਿਹੋ ਜਿਹਾ ਰੂਪ ਹੋਵੇਗਾ। ਸਰਵੀਲੈਂਸ ਤਕਨੀਕ ਤੂਫ਼ਾਨੀ ਰਫਤਾਰ ਨਾਲ ਅੱਗੇ ਵਧ ਰਹੀ ਹੈ, ਦਸ ਸਾਲ ਪਹਿਲਾਂ ਤੱਕ ਜਿਹੜੀ ਸਾੲਿੰਸ ਫਿਕਸ਼ਨ ਦੀ ਗੱਲ ਜਾਪਦੀ ਸੀ, ਉਹ ਅੱਜ ਪੁਰਾਣੀ ਖ਼ਬਰ ਹੈ। ਸੌਖੇ ਰੂਪ 'ਚ ਸਮਝਣ ਲਈ ਮੰਨ ਲਓ ਕੋਈ ਸਰਕਾਰ ਆਪਣੇ ਨਾਗਰਿਕਾਂ ਨੂੰ ਕਹੇ ਕਿ ਸਭਨਾਂ ਲੋਕਾਂ ਨੂੂੰ ਇੱਕ ਬਾਇਓਮੀਟ੍ਰਿਕ ਬਰੈਸਲੇਟ ਪਾਉਣਾ ਲਾਜ਼ਿਮ ਹੋਵੇਗਾ, ਜਿਹੜਾ ਸਰੀਰ ਦੇ ਤਾਪਮਾਨ ਅਤੇ ਦਿਲ ਦੀ ਧੜਕਣ ਨੂੂੰ 24 ਘੰਟੇ ਮਾਨੀਟਰ ਕਰਦਾ ਰਹੇੇਗਾ। ਬ੍ਰੈਸਲੇਟ ਤੋਂ ਮਿਲਣ ਵਾਲਾ ਡਾਟਾ ਸਰਕਾਰੀ ਸਰਵਰ 'ਤੇ ਜਾਂਦਾ ਰਹੇਗਾ ਅਤੇ ਉਸਦਾ ਵਿਸਲੇਸ਼ਣ ਹੁੰਦਾ ਰਹੇਗਾ। ਇਸ ਤੋਂ ਪਹਿਲਾਂ ਕਿ ਤੁਹਾਨੂੰ ਪਤਾ ਲੱਗੇ ਕਿ ਤੁਸੀਂ ਬਿਮਾਰ ਹੋ, ਉਸ ਤੋਂ ਪਹਿਲਾਂ ਸਰਕਾਰ ਨੂੂੰ ਪਤਾ ਲੱਗ ਜਾਵੇਗਾ ਕਿ ਤੁਹਾਡੀ ਤਬੀਅਤ ਠੀਕ ਨਹੀਂ ਹੈ। ਸਿਸਟਮ ਨੂੂੰ ਇਹ ਵੀ ਪਤਾ ਹੋਵੇਗਾ ਕਿ ਤੁਸੀਂ ਕਿੱਥੇ-ਕਿੱਥੇ ਗਏ, ਕਿਸ-ਕਿਸ ਨੂੂੰ ਮਿਲੇ, ਇੰਝ ਵਾੲਿਰਸ ਦੀ ਚੇਨ ਨੂੂੰ ਛੋਟਾ ਕੀਤਾ ਜਾ ਸਕੇਗਾ, ਜਾਂ ਕਈ ਵਾਰ ਤੋੜਿਆ ਜਾ ਸਕੇਗਾ।

ਅਜਿਹਾ ਸਿਸਟਮ ਕਿਸੇ ਵਾੲਿਰਸ ਦੇ ਫੈਲਾਓ ਨੂੰ ਕੁੱਝ ਹੀ ਦਿਨਾਂ 'ਚ ਖਤਮ ਕਰ ਸਕਦਾ ਹੈ, ਸੁਣਨ 'ਚ ਬਹੁਤ ਵਧੀਆ ਲੱਗਦਾ ਹੈ, ਹੈ ਨਾ?

ਹੁਣ ਇਹਦੇ ਖ਼ਤਰਿਆਂ ਨੂੰ ਸਮਝੋ। ਇਹ ਇੱਕ ਖੌਫ਼ਨਾਕ ਨਿਗਰਾਨ ਸੱਤ੍ਹਾ ਦੀ ਸ਼ੁਰੂਅਾਤ ਹੈ। ਮਿਸਾਲ ਦੇ ਤੌਰ 'ਤੇ, ਜੇਕਰ ਕਿਸੇ ਨੂੰ ਇਹ ਪਤਾ ਹੋਵੇ ਕਿ ਮੈਂ ਫ਼ੌਕਸ ਨਿਊਜ਼ ਦੀ ਥਾਂ CNN ਦੇ ਲਿੰਕ 'ਤੇ ਕਲਿੱਕ ਕੀਤਾ ਹੈ ਤਾਂ ਉਹ ਮੇਰੇ ਸਿਆਸੀ ਵਿਚਾਰਾਂ ਅਤੇ ਇੱਥੋਂ ਤੱਕ ਕਿ ਕੁੱਝ ਹੱਦ ਤੱਕ ਮੇਰੇ ਵਿਅਕਤੀਤਵ ਨੂੂੰ ਵੀ ਸਮਝ ਜਾਵੇਗਾ। ਪਰ ਜੇਕਰ ਤੁਸੀਂ ਵੀਡੀਓ ਕਲਿੱਪ ਦੇਖਣ ਦੌਰਾਨ ਮੇਰੇ ਸਰੀਰ ਦੇ ਤਾਪਮਾਨ, ਬਲੱਡ ਪ੍ਰੈਸ਼ਰ ਤੇ ਹਾਰਟ ਰੇਟ ਨੂੰ ਮਾਨੀਟਰ ਕਰ ਰਹੇ ਹੋ ਤਾਂ ਤੁਸੀਂ ਇਹ ਜਾਣ ਸਕਦੇ ਹੋ ਕਿ ਮੈਨੂੰ ਕਿੰਨਾਂ ਗੱਲਾਂ 'ਤੇ ਗੁੱਸਾ, ਹਾਸਾ ਜਾਂ ਰੋਣਾ ਆਉਂਦਾ ਹੈ।

ਇਹ ਯਾਦ ਰੱਖਣਾ ਚਾਹੀਦਾ ਹੈ ਕਿ ਗੁੱਸਾ, ਖੁਸ਼ੀ, ਬੋਰੀਅਤ ਤੇ ਪਿਆਰ ਇੱਕ ਜੈਵਿਕ ਪ੍ਰਕ੍ਰਿਆ ਹੈ, ਠੀਕ ਬੁਖਾਰ ਤੇ ਖੰਘ ਦੀ ਤਰ੍ਹਾਂ ਹੀ। ਜਿਹੜੀ ਤਕਨੀਕ ਖੰਘ ਦਾ ਪਤਾ ਲਾ ਸਕਦੀ ਹੈ, ਉਹ ਹਾਸੇ ਦਾ ਪਤਾ ਵੀ ਲਾ ਸਕਦੀ ਹੈ।

ਜੇਕਰ ਸਰਕਾਰਾਂ ਤੇ ਵੱਡੀਆਂ ਕੰਪਨੀਆਂ ਨੂੂੰ ਵਿਆਪਕ ਪੈਮਾਨੇ 'ਤੇ ਸਾਡਾ ਡਾਟਾ ਇੱਕਠਾ ਕਰਨ ਦੀ  ਆਜ਼ਾਦੀ ਮਿਲ ਜਾਵੇਗੀ ਤਾਂ ਉਹ ਸਾਡੇ ਬਾਰੇ 'ਚ ਚੰਗੀ ਤਰ੍ਹਾਂ ਜਾਣਨ ਲੱਗਣਗੇ। ਉਹ ਸਾਡੀਆਂ ਭਾਵਨਾਵਾਂ ਦਾ ਅੰਦਾਜ਼ਾ ਪਹਿਲਾਂ ਹੀ ਲਾ ਸਕਣਗੇ। ਇਹੋ ਨਹੀਂ, ਉਹ ਸਾਡੀਆਂ ਭਾਵਨਾਵਾਂ ਨਾਲ ਖਿਲਵਾੜ ਵੀ ਕਰ ਸਕਣਗੇ। ਉਹ ਜਿਵੇ ਚਾਹੁੰਣ ਸਾਨੂੰ ਵੇਚ ਸਕਣਗੇ - ਚਾਹੇ ਕੋਈ ਉਤਪਾਦ ਹੋਵੇ ਤੇ ਚਾਹੇ ਕੋਈ ਨੇਤਾ।

ਬਾਇਓਮੀਟ੍ਰਿਕ ਡਾਟਾ ਹਾਰਵੈੇਸਟਿੰਗ ਤੋਂ ਬਾਅਦ "ਕੈਂਬਰਿਜ ਅਨਾਲਿਟਿਕਾ" ਪਾਸ਼ਾਨ ਯੁੱਗ ਦੀ ਤਕਨੀਕ ਲੱਗਣ ਲੱਗੇਗੀ। ਕਲਪਨਾ ਕਰੋ, ਉੱਤਰੀ ਕੋਰੀਆ ਵਿੱਚ 2030 ਤੱਕ ਹਰ ਨਾਗਰਿਕ ਨੂੰ  ਬਾਇਓਮੀਟ੍ਰਿਕ ਬ੍ਰੈਸਲੇਟ ਪਹਿਣਾ ਦੇਵੇ। ਮਹਾਨ ਨੇਤਾ ਦਾ ਭਾਸ਼ਨ ਸੁਣਨ ਤੋਂ ਬਾਅਦ ਜਿਨ੍ਹਾਂ ਦਾ ਬ੍ਰੈਸਲੇਟ ਦੱਸੇਗਾ ਕਿ ਉਨ੍ਹਾਂ ਨੂੂੰ ਗੁੱਸਾ ਆ ਰਿਹਾ ਸੀ, ਉਨ੍ਹਾਂ ਦਾ ਤਾਂ ਸਮਝੋ ਕੰਮ ਹੋ ਗਿਆ ਤਮਾਮ!

ਤੁਸੀਂ ਕਹਿ ਸਕਦੇ ਹੋ ਕਿ ਬਾਇਓਮੀਟ੍ਰਿਕ ਨਿਗਰਾਨੀ ਐਮਰਰਜੈਂਸੀ ਹਾਲਤ ਨਾਲ ਨਿਪਟਣ ਦਾ ਇੱਕ ਆਰਜ਼ੀ ਸਿਸਟਮ ਹੋਵੇਗਾ। ਜਦੋਂ ਅੈਮਰਜੈਂਸੀ ਖਤਮ ਹੋ ਜਾਵੇਗੀ ਤਾਂ ਇਹਨੂੰ ਹਟਾ ਦਿੱਤਾ ਜਾਵੇਗਾ, ਪਰ ਆਰਜ਼ੀ ਪ੍ਰਬੰਧਾਂ ਦੀ ਇੱਕ ਭੈੜੀ ਆਦਤ ੲਿਹ ਹੁੰਦੀ ਹੈ ਕਿ ਉਹ ਐਮਰਰਜੈਂਸੀ ਤੋਂ ਬਾਅਦ ਵੀ ਕਾਇਮ ਰਹਿੰਦੇ ਹਨ, ਵੈਸੇ ਵੀ ਨਵੀਂ ਐਮਰਰਜੈਂਸੀ ਦਾ ਖ਼ਤਰਾ ਬਣਿਆ ਰਹਿੰਦਾ ਹੈ। ਉਦਾਹਰਨ ਲਈ ਮੇਰੇ (ਲੇਖਕ ਦੇ) ਆਪਣੇ ਦੇਸ਼ ਇਸਰਾਈਲ ਵਿੱਚ 1948 ਵਿੱਚ ਆਜ਼ਾਦੀ ਦੀ ਲੜਾੲੀ ਦੌਰਾਨ ਐਮਰਰਜੈਂਸੀ ਲਾਈ ਗਈ ਸੀ, ਪ੍ਰੈੱਸ ਸੈਂਸਰਸ਼ਿਪ ਤੋਂ ਲੈ ਕੇ ਪੁਡਿੰਗ ਬਣਾਉਣ ਵਾਸਤੇ ਲੋਕਾਂ ਦੀ ਜ਼ਮੀਨ ਜਬਤ ਕਰਨ ਤੱਕ ਨੂੂੰ ਠੀਕ ਠਹਿਰਾਇਆ ਗਿਆ ਸੀ। ਜੀ ਹਾਂ, ਪੁਡਿੰਗ ਲਈ ਬਣਾਉਣ ਲਈ - ਮੈਂ ਮਜ਼ਾਕ ਨਹੀਂ ਕਰ ਰਿਹਾ। ਆਜ਼ਾਦੀ ਦੀ ਲੜਾਈ ਕਦੋਂ ਦੀ ਬੀਤ ਚੁੱਕੀ ਹੈ, ਪਰ ਇਸਰਾਈਲ ਨੇ ਕਦੇ ਨਹੀਂ ਕਿਹਾ ਕਿ ਐਮਰਰਜੈਂਸੀ ਖਤਮ ਹੋ ਗਈ ਹੈ। 1948 ਦੇ ਅਨੇਕਾਂ `ਅਸਥਾਈ ਕਦਮ' ਹੁਣ ਤੱਕ ਲਾਗੂ ਹਨ, ਉਨ੍ਹਾਂ ਨੂੰ ਹਟਾਇਆ ਨਹੀਂ ਗਿਆ। ਸ਼ੁਕਰ ਹੈ ਕਿ 2011 ਵਿੱਚ ਪੁਡਿੰਗ ਬਣਾਉਣ ਲਈ ਜ਼ਮੀਨ ਜਬਤ ਕਰਨ ਦਾ ਕਾਨੂੰਨ ਖਤਮ ਕਰ ਦਿੱਤਾ ਗਿਆ।

ਜਦੋਂ ਕੋਰੋਨਾ ਵਾਇਰਸ  ਦੀ ਲਾਗ ਪੂਰੀ ਤਰ੍ਹਾਂ ਖਤਮ ਹੋ ਜਾਵੇਗੀ ਤਦ ਵੀ ਡਾਟਾ ਦੀਆਂ ਭੁੱਖੀਆਂ ਸਰਕਾਰਾਂ, ਬਾਇਓਮੀਟ੍ਰਿਕ ਸਰਵੀਲੈਂਸ ਨੂੰ ਹਟਾਉਣ ਤੋਂ ਇਨਕਾਰ ਕਰ ਸਕਦੀਆਂ ਹਨ, ਸਰਕਾਰਾਂ ਦੀ ਦਲੀਲ ਹੋ ਸਕਦੀ ਹੈ ਕਿ ਕੋਰੋਨਾ ਵਾਇਰਸ ਦਾ ਅਗਲਾ ਦੌਰ ਆ ਸਕਦਾ ਹੈ, ਜਾਂ ਅਫਰੀਕਾ ਵਿੱਚ ਇਬੋਲਾ ਫੈਲ ਰਿਹਾ ਹੈ, ਜਾਂ ਕੁੱਝ ਹੋਰ... ਤੁਸੀਂ ਸਮਝ ਸਕਦੇ ਹੋ।

ਸਾਡੀ ਨਿੱਜਤਾ ਨੂੂੰ ਲੈ ਕੇ ਇੱਕ ਬਹੁਤ ਵੱਡਾ ਸੰਘਰਸ਼ ਪਿਛਲੇ ਕੁੱਝ ਸਾਲਾਂ ਤੋਂ ਛਿੜਿਆ ਹੋਇਆ ਹੈ। ਕੋਰੋਨਾ ਵਾਇਰਸ ਦੀ ਲਾਗ ਇਸ ਸੰਘਰਸ਼ ਦਾ ਨਿਰਣਾਇਕ ਮੋੜ ਹੋ ਸਕਦੀ ਹੈ। ਜਦੋਂ ਲੋਕਾਂ ਨੂੂੰ ਨਿੱਜਤਾ ਤੇ ਸਿਹਤ ਵਿੱਚੋਂ ਇੱਕ ਨੂੂੰ ਚੁਣਨਾ ਪਿਆ ਤਾਂ ਜ਼ਾਹਿਰ ਹੈ ਉਹ ਸਿਹਤ ਨੂੂੰ ਹੀ ਚੁਣਨਗੇ।

ਦਰਅਸਲ, ਲੋਕਾਂ ਨੂੂੰ ਸਿਹਤ ਤੇ ਨਿੱਜਤਾ ਵਿੱਚੋਂ ਇੱਕ ਦੀ ਚੋਣ ਕਰਨ ਲਈ ਕਹਿਣਾ ਹੀ ਸਮੱਸਿਆ ਦੀ ਜੜ੍ਹ ਹੈ, ਕਿਉਂਕਿ ਇਹ ਠੀਕ ਨਹੀਂ ਹੈ। ਅਸੀਂ ਨਿੱਜਤਾ ਤੇ ਸਿਹਤ ਦੋਵੇਂ ਇੱਕੋ ਸਮੇਂ ਰੱਖ ਸਕਦੇ ਹਾਂ। ਅਸੀਂ ਸਰਬ-ਅਧਿਕਾਰ ਸੰਪੰਨ ਨਿਗਰਾਨੀ ਵਿਵਸਥਾ ਨੂੂੰ ਲਾਗੂ ਕਰਕੇ ਨਹੀਂ, ਸਗੋਂ ਨਾਗਰਿਕਾਂ ਦੇ ਸਸ਼ਕਤੀਕਰਨ ਰਾਹੀਂ ਕੋਰੋਨਾ ਵਾਇਰਸ ਦਾ ਫੈਲਾਓ ਰੋਕ ਸਕਦੇ ਹਾਂ।

ਹਾਲ ਹੀ ਦੇ ਹਫਤਿਆਂ ਵਿੱਚ ਕੋਰੋਨਾ ਵਾਇਰਸ ਦਾ ਫੈਲਾਓ ਰੋਕਣ ਦੇ ਮਾਮਲੇ 'ਚ ਦੱਖਣੀ ਕੋਰੀਆ, ਤਾਇਵਾਨ ਤੇ ਸਿੰਗਾਪੁਰ ਨੇ ਚੰਗੀਆਂ ਮਿਸਾਲਾਂ ਪੇਸ਼ ਕੀਤੀਆਂ ਹਨ। ਇਨ੍ਹਾਂ ਦੇਸ਼ਾਂ ਨੇ ਕੁੱਝ ਟ੍ਰੈਕਿੰਗ ਐਪਲੀਕੇਸ਼ਨਾਂ ਦੀ ਵਰਤੋਂ ਤਾਂ ਕੀਤੀ ਹੈ, ਪਰ ਨਾਲ ਹੀ ਉਨ੍ਹਾਂ ਨੇ ਵਿਆਪਕ ਪੈਮਾਨੇ 'ਤੇ ਟੈਸਟ ਵੀ ਕਰਵਾਏ ਹਨ। ਇਮਾਨਦਾਰੀ ਨਾਲ ਜਾਣਕਾਰੀ ਦਿੱਤੀ ਹੈ, ਜਾਗਰੂਕ ਲੋਕਾਂ ਦੇ ਸਵੈ-ਇੱਛਕ ਸਹਿਯੋਗ 'ਤੇ ਨਿਰਭਰ ਕਰ ਰਹੇ ਹਨ।

ਕੇਂਦਰੀਕ੍ਰਿਤ ਨਿਗਰਾਨੀ, ਅਤੇ ਸਖ਼ਤ ਸਜ਼ਾ, ਇੱਕ ਲਾਭਕਾਰੀ ਦਿਸ਼ਾ-ਨਿਰਦੇਸ਼ ਲਈ ਜ਼ਰੂੂਰੀ ਨਹੀਂ ਹੈ।

ਜਦੋਂ ਲੋਕਾਂ ਨੂੂੰ ਵਿਗਿਆਨਕ ਤੱਥ ਦੱਸੇ ਜਾਂਦੇ ਹਨ, ਜਦੋਂ ਲੋਕ ਯਕੀਨ ਕਰਦੇ ਹਨ ਕਿ ਅਧਿਕਾਰੀ ਸੱਚ ਬੋਲ ਰਹੇ ਹਨ, ਤਾਂ ਆਪਣੇ ਆਪ ਸਹੀ ਕਦਮ ਚੁੱਕੇ ਜਾਂਦੇ ਹਨ, ਬਿੱਗ ਬ੍ਰਦਰ ਦੀਆਂ ਘੂਰਦੀਆਂ ਅੱਖਾਂ ਦੀ ਲੋੜ ਨਹੀਂ ਪੈਂਦੀ।

ਆਪਣੀ ਪ੍ਰੇਰਨਾ ਤੋਂ ਜਾਣੂ ਲੋਕਾਈ, ਜਦੋਂ ਕੋਈ ਕੰਮ ਕਰਦੀ ਹੈ ਤਾਂ ਉਹ ਵਧੇਰੇ ਪ੍ਰਭਾਵਸ਼ਾਲੀ ਹੁੰਦਾ ਹੈ, ਨਾ ਕਿ ਪੁਲਸ ਦੇ ਜੋਰ 'ਤੇ ਉਦਾਸੀਨ ਲੋਕਾਂ ਤੋਂ ਕਰਵਾਇਆ  ਯਤਨ।     

ਮਿਸਾਲ ਵੱਜੋਂ ਸਾਬਣ ਨਾਲ ਹੱਥ ਧੋਣਾ। ਇਹ ਮਨੁੱਖਾ ਜਗਤ ਦੇ ਸਾਫ਼ ਸਫ਼ਾਈ ਦੇ ਇਤਿਹਾਸ ਦੀ ਇੱਕ ਵੱਡੀ ਪੁਲਾਂਘ ਹੈ। ਇਹ ਸਧਾਰਣ ਕੰਮ ਹਰ ਸਾਲ ਲੱਖਾਂ ਜਾਨਾਂ ਬਚਾਉਂਦਾ ਹੈ, ਹੁਣ ਤਾਂ ਅਸੀਂ ਇਸ ਕੰਮ ਨੂੂੰ ਆਮ ਗੱਲ ਸਮਝਦੇ ਹਾਂ। ਪਰ 19ਵੀਂ ਸਦੀ ਦੇ ਵਿਗਿਆਨੀਆਂ ਨੇ ਸਾਬਣ ਨਾਲ ਹੱਥ ਧੋਣ ਦੀ ਮਹੱਤਤਾ ਨੂੰ ਸਮਝਿਆ, ਉਸ ਤੋਂ ਪਹਿਲਾਂ ਤੱਕ ਡਾਕਟਰ ਤੇ ਨਰਸਾਂ ਵੀ ਇੱਕ ਅਪ੍ਰੇਸ਼ਨ ਤੋਂ ਬਾਅਦ, ਦੂਜਾ ਅਪ੍ਰੇਸ਼ਨ ਬਿਨਾਂ ਹੱਥ ਧੋਏ ਹੀ ਕਰਦੇ ਸਨ। ਅੱਜ ਅਰਬਾਂ ਲੋਕ ਸਾਬਣ ਨਾਲ ਹੱਥ ਧੋਂਦੇ ਹਨ, ਇਸ ਲਈ ਨਹੀਂ ਕਿ ਉਨ੍ਹਾਂ ਨੂੰ ਪੁਲਸ ਦਾ ਡਰ ਹੈ, ਸਗੋਂ ਉਹ ਤੱਥਾਂ ਨੂ੍ੰ ਸਮਝਦੇ ਹਨ।

ਮੈਂ ਬੈਕਟੀਰੀਆ ਤੇ ਵਾਇਰਸ ਦੇ ਬਾਰੇ 'ਚ ਸੁਣਿਆ ਹੈ। ਇਸ ਲਈ ਮੈਂ ਸਾਬਣ ਨਾਲ ਹੱਥ ਧੋਂਦਾ ਹਾਂ, ਮੈਂ ਜਾਣਦਾ ਹਾਂ ਕਿ ਸਾਬਣ ਬਿਮਾਰ ਕਰਨ ਵਾਲੇ ਉਨ੍ਹਾਂ ਜੀਵਾਣੂਆਂ ਤੇ ਵਿਸ਼ਾਣੂਆਂ ਨੂੂੰ ਖਤਮ ਕਰ ਦਿੰਦੀ ਹੈ ।  

ਲੋਕ ਗੱਲਾਂ ਮੰਨਣ ਅਤੇ ਸਹਿਯੋਗ ਦੇਣ, ਇਹਦੇ ਲਈ ਵਿਸ਼ਵਾਸ ਹੋਣਾ ਬਹੁਤ ਜ਼ਰੂੂਰੀ ਹੈ। ਲੋਕਾਂ ਦੀ ਵਿਗਿਅਾਨ ਵਿੱਚ ਨਿਹਚਾ ਹੋਣੀ, ਸਰਕਾਰੀ ਅਧਿਕਾਰੀਆਂ 'ਤੇ ਯਕੀਨ ਹੋਣਾ ਅਤੇ ਮੀਡੀਆ 'ਤੇ ਵਿਸ਼ਵਾਸ ਹੋਣਾ ਚਾਹੀਦਾ ਹੈ। ਪਿਛਲੇ ਕੁੱਝ ਸਾਲਾਂ 'ਚ ਗੈਰ ਜੁੰਮੇਵਾਰ ਲੀਡਰਾਂ ਨੇ ਜਾਣ-ਬੁੱਝ ਕੇ ਵਿਗਿਆਨ, ਸਰਕਾਰੀ ਅਦਾਰਿਆਂ ਅਤੇ ਮੀਡੀਆ ਤੋਂ ਲੋਕਾਂ ਦਾ ਵਿਸ਼ਵਾਸ ਤੋੜਿਆ ਹੈ। ਇਹ ਗੈਰ ਜੁੰਮੇਵਾਰ ਲੀਡਰ ਆਪਹੁਦਰਾਸ਼ਾਹੀ ਦੇ ਰਾਹ ਪੈਣ ਲਈ ਕਾਹਲੇ ਹਨ, ਉਨ੍ਹਾਂ ਦੀ ਇਸ ਦਲੀਲ ਕਿ ਫੇਰ ਲੋਕ ਠੀਕ ਕੰਮ ਕਰਨਗੇ 'ਤੇ ਯਕੀਨ ਨਹੀਂ ਕੀਤਾ ਜਾ ਸਕਦਾ।

ਆਮ ਤੌਰ 'ਤੇ ਜਿਹੜਾ ਵਿਸ਼ਵਾਸ ਸਾਲਾਂ 'ਚ ਟੁੱਟਿਆ ਹੁੰਦਾ ਹੈ, ਉਹ ਰਾਤੋ-ਰਾਤ ਬਹਾਲ ਨਹੀਂ ਹੁੰਦਾ, ਪਰ ਇਹ ਆਮ ਸਮਾਂ ਨਹੀਂ ਹੈ। ਸੰਕਟ ਦੇ ਸਮੇਂ ਦਿਮਾਗ ਬਹੁਤ ਜਲਦੀ ਬਦਲ ਜਾਂਦਾ ਹੈ। ਤੁਹਾਡਾ ਭੈਣ-ਭਰਾਵਾਂ ਨਾਲ ਬੜੀ ਬੁਰੀ ਤਰ੍ਹਾਂ ਝਗੜਾ ਹੁੰਦਾ ਹੈ ਪਰ ਸੰਕਟ ਦੇ ਸਮੇਂ ਅਚਾਨਕ ਮਹਿਸੂਸ ਹੁੰਦਾ ਹੈ ਕਿ ਦੋਵਾਂ ਵਿੱਚ ਕਿੰਨਾ ਸਨੇਹ ਤੇ ਵਿਸ਼ਵਾਸ ਹੈ, ਤੁਸੀਂ ਇੱਕ-ਦੂਜੇ ਦੀ ਮੱਦਦ ਲਈ ਤਿਆਰ ਹੋ ਜਾਂਦੇ ਹੋ। ਨਿਗਰਾਨ ਸੱਤ੍ਹਾ ਕਾਇਮ ਕਰਨ ਦੀ ਥਾਂ, ਵਿਗਿਆਨ, ਸਰਕਾਰੀ ਅਦਾਰਿਆਂ ਅਤੇ ਮੀਡੀਆ ਵਿੱਚ ਲੋਕਾਂ ਦਾ ਵਿਸ਼ਵਾਸ ਬਹਾਲ ਕਰਨ ਲਈ ਕੰਮ ਹੋਣਾ ਚਾਹੀਦਾ ਹੈ।  ਸਾਨੂੰ ਨਵੀਂ ਤਕਨੀਕ ਦੀ ਯਕੀਨਣ ਹੀ ਵਰਤੋਂ ਕਰਨੀ ਚਾਹੀਦੀ ਹੈ, ਪਰ ਇਹਦੇ ਨਾਲ ਨਾਗਰਿਕਾਂ ਦਾ ਸਸ਼ਕਤੀਕਰਨ ਹੋਣਾ ਚਾਹੀਦਾ ਹੈ। ਮੈਂ ਆਪਣੇ ਸਰੀਰ ਦਾ ਤਾਪਮਾਨ ਤੇ ਬਲੱਡ ਪ੍ਰੈਸ਼ਰ ਚੈੱਕ ਕਰਨ ਦੇ ਪੱਖ 'ਚ ਹਾਂ, ਪਰ ਉਸ ਡਾਟਾ ਦੀ ਵਰਤੋਂ ਸਰਕਾਰ ਨੂੂੰ ਸਰਬ ਸ਼ਕਤੀਮਾਨ ਬਣਾਉਣ ਲਈ ਹੋਵੇ, ਇਹਦੇ ਹੱਕ 'ਚ ਨਹੀਂ। ਡਾਟਾ ਦੀ ਵਰਤੋਂ ਮੈਂ ਸੁਚੇਤ ਨਿੱਜੀ ਫੈਸਲਿਆਂ ਲਈ ਕਰਾਂ, ਅਤੇ ਸਰਕਾਰ ਨੂੂੰ ਉਸਦੇ ਫੈਸਲਿਆਂ ਲਈ ਜੁੰਮੇਵਾਰ ਵੀ ਠਹਿਰਾ ਸਕਾਂ।

ਜੇਕਰ ਮੈਂ ਆਪਣੀ ਸਿਹਤ ਦੀ 24 ਘੰਟੇ ਨਿਗਰਾਨੀ ਕਰਾਂਗਾ ਤਾਂ ਮੈਂ ਸਮਝ ਸਕਾਂਗਾ ਕਿ ਕਦੋਂ ਮੈਂ ਹੋਰਨਾਂ ਲਈ ਖ਼ਤਰਾ ਬਣ ਗਿਆ ਹਾਂ, ਅਤੇ ਠੀਕ ਹੋਣ ਲਈ ਮੈਨੂੰ ਕੀ ਕਰਨਾ ਚਾਹੀਦਾ ਹੈ, ਕਿਹੋ ਜਿਹੀਆਂ ਆਦਤਾਂ ਮੈਨੂੰ ਸਿਹਤ ਲਈ ਅਪਨਾਉਣੀਆਂ ਚਾਹੀਦੀਆਂ ਹਨ। ਜੇਕਰ ਮੈਂ ਕੋਰੋਨਾ ਵਾਇਰਸ ਦੇ ਫੈਲਾਓ ਸਬੰਧੀ ਵਿਸ਼ਵਾਸਯੋਗ ਅੰਕੜੇ ਜੁਟਾ ਪਾਵਾਂਗਾ ਅਤੇ ਉਨ੍ਹਾਂ ਦਾ ਵਿਸ਼ਲੇਸ਼ਣ ਕਰ ਸਕਾਂਗਾ ਤਾਂ ਮੈਂ ਨਿਰਣਾ ਲੈ ਸਕਾਂਗਾ ਕਿ ਸਰਕਾਰ ਸੱਚ ਬੋਲ ਰਹੀ ਹੈ ਜਾਂ ਨਹੀਂ, ਅਤੇ ਮਹਾਂਮਾਰੀ ਨਾਲ ਨਿਪਟਣ ਲਈ ਠੀਕ ਤਰੀਕੇ ਅਪਣਾ ਰਹੀ ਹੈ ਜਾਂ ਨਹੀਂ।

ਜਦੋਂ ਵੀ ਅਸੀਂ ਨਿਗਰਾਨੀ ਦੇ ਸਿਸਟਮ ਦੀ ਗੱਲ ਕਰਦੇ ਹਾਂ ਤਾਂ ਇਹ ਯਾਦ ਰੱਖਣਾ ਚਾਹੀਦਾ ਹੈ ਕਿ ਉਸੇ ਤਕਨੀਕ ਨਾਲ ਸਰਕਾਰ ਦੀ ਨਿਗਰਾਨੀ ਵੀ ਹੋ ਸਕਦੀ ਹੈ, ਜੀਹਦੇ ਨਾਲ ਲੋਕਾਂ ਦੀ ਹੁੰਦੀ ਹੈ।

ਕੋਰੋਨਾ ਵਾਇਰਸ ਦਾ ਫੈਲਾਓ ਨਾਗਰਿਕਾਂ ਦੇ ਹੱਕਾਂ ਤੇ ਫਰਜ਼ਾਂ ਦਾ ਵੱਡਾ ਇਮਤਿਹਾਨ ਹੈ।               

ਆਉਣ ਵਾਲੇ ਦਿਨਾਂ 'ਚ ਸਾਨੂੰ ਸਭ ਨੂੂੰ ਵਿਗਿਆਨਕ ਡਾਟਾ ਅਤੇ ਸਿਹਤ ਮਾਹਿਰਾਂ 'ਤੇ ਯਕੀਨ ਕਰਨਾ ਚਾਹੀਦਾ ਹੈ, ਨਾ ਕਿ ਬੇਬੁਨਿਆਦ ਕਹਾਣੀਆਂ ਅਤੇ ਆਪਣਾ ਉੱਲੂ ਸਿੱਧਾ ਕਰਨ 'ਤੇ ਲੱਗੇ ਲੀਡਰਾਂ ਦੀਆਂ ਗੱਲਾਂ 'ਤੇ।

ਜੇਕਰ ਅਸੀਂ ਦਰੁੱਸਤ ਨਿਰਣੇ ਨਾ ਲਏ ਤਾਂ ਅਸੀਂ ਆਪਣੀਆਂ ਸਭ ਤੋਂ ਕੀਮਤੀ ਆਜ਼ਾਦੀਆਂ ਖੋ ਦੇਵਾਂਗੇ, ਅਸੀਂ ਇਹ ਮੰਨ ਲਵਾਂਗੇ ਕਿ ਸਾਡੀ ਸਿਹਤ ਦੀ ਸੁਰੱਖਿਆ ਲਈ ਇਹੋ ਠੀਕ ਫੈਸਲਾ ਹੈ।

ਦੂਜੀ ਅਹਿਮ ਚੋਣ, ਅਸੀਂ ਰਾਸ਼ਟਰਵਾਦੀ ਅਲਗਾਓ ਅਤੇ ਆਲਮੀ ਇੱਕਜੁੱਟਤਾ ਵਿੱਚੋਂ ਕਰਨੀ ਹੈ। ਇਹ ਮਹਾਂਮਾਰੀ ਅਤੇ ਉਸਦਾ ਅਰਥਚਾਰੇ ਉੱਤੇ ਅਸਰ ਵਿਸ਼ਵੀ ਸੰਕਟ ਹੈ। ਇਸ ਸੰਕਟ ਨਾਲ ਆਲਮੀ ਸਹਿਯੋਗ ਨਾਲ ਹੀ ਨਿਪਟਿਆ ਜਾ ਸਕਦਾ ਹੈ। ਸਭ ਤੋਂ ਪਹਿਲਾਂ ਤਾਂ ਵਾਇਰਸ ਨਾਲ ਨਿਪਟਣ ਲਈ ਦੁਨੀਆ ਦੇ ਸਭਨਾਂ ਦੇਸ਼ਾਂ ਨੂੰ ਸੂਚਨਾਵਾਂ ਦਾ ਲੈਣ-ਦੇਣ ਕਰਨਾ ਹੋਵੇਗਾ। ਇਹੀ ਗੱਲ ਮਨੁੱਖ ਨੂੰ ਵਾਇਰਸਾਂ ਤੋਂ ਉੱਪਰ ਦੀ ਕਰ ਸਕਦੀ ਹੈ! 

ਅਮਰੀਕਾ ਦਾ ਕੋਰੋਨਾ ਵਾਇਰਸ ਅਤੇ ਚੀਨ ਦਾ ਕੋਰੋਨਾ ਵਾਇਰਸ ਇਹ ਗੱਲ ਨਹੀਂ ਸੋਚ ਸਕਦੇ ਕਿ ਲੋਕਾਂ ਦੇ ਸਰੀਰ ਵਿੱਚ ਕਿਵੇਂ ਘੁਸਿਆ ਜਾਵੇ। ਪਰ ਚੀਨ ਅਮਰੀਕਾ ਨੂੂੰ ਕੁੱਝ ਫਾਇਦੇ ਦੀਆਂ ਗੱਲਾਂ ਦੱਸ ਸਕਦਾ ਹੈ, ਇਟਲੀ ਵਿੱਚ ਮਿਲਾਨ ਦਾ ਡਾਕਟਰ ਸਵੇਰੇ ਜਿਹੜੀ ਜਾਣਕਾਰੀ ਹਾਸਲ ਕਰਦਾ ਹੈ, ਉਹ ਸ਼ਾਮ ਤੱਕ ਤਹਿਰਾਨ ਵਿੱਚ ਲੋਕਾਂ ਦੀ ਜਾਨ ਬਚਾ ਸਕਦੀ ਹੈ। ਕਈ ਨੀਤੀਆਂ ਨੂੂੰ ਲੈ ਕੇ ਜੇ ਬਰਤਾਨਵੀ ਸਰਕਾਰ ਦੁਚਿੱਤੀ ਵਿੱਚ ਹੈ ਤਾਂ ੳੁਹ ਕੋਰੀਆ ਦੀ ਸਰਕਾਰ ਨਾਲ ਗੱਲ ਕਰ ਸਕਦੀ ਹੈ ਜਿਹੜੀ ਕਰੀਬ ਇੱਕ ਮਹੀਨਾ ਪਹਿਲਾਂ ਹੀ ਅਜਿਹੇ ਦੌਰ ਵਿੱਚੋਂ ਲੰਘੀ ਹੈ। ਪਰ ਅਜਿਹਾ ਕਰਨ ਲਈ ਸੰਸਾਰਕ ਭਰੱਪਣ ਅਤੇ ਇੱਕਜੁੱਟਤਾ ਦੀ ਭਾਵਨਾ ਹੋਣੀ ਚਾਹੀਦੀ ਹੈ। 

ਦੇਸ਼ਾਂ ਨੂੂੰ ਖੁੱਲ ਕੇ ਸੂਚਨਾਵਾਂ ਤੇ ਜਾਣਕਾਰੀਆਂ ਦਾ ਆਦਾਨ ਪ੍ਰਦਾਨ ਕਰਨਾ ਹੋਵੇਗਾ, ਨਿਮਰਤਾ ਸਹਿਤ ਸਲਾਹ ਮੰਗਣੀ ਹੋਵੇਗੀ, ਅਤੇ ਜੋ ਕੁੱਝ ਦੂਜੇ ਦੇਸ਼ ਦੇਣਗੇ ਉਸ 'ਤੇੇ ਯਕੀਨ ਕਰਨ ਲਾਇਕ ਮਾਹੌਲ ਬਣਾਉਣਾ ਹੋਵੇਗਾ। ਮੈਡੀਕਲ ਕਿੱਟਾਂ ਦੀ ਪੈਦਾਵਾਰ ਤੇ ਵੰਡ ਲਈ ਆਲਮੀ ਪੱਧਰ 'ਤੇ ਯਤਨ ਕਰਨੇ ਹੋਣਗੇ। ਆਪਣੇ ਦੇਸ਼ ਵਿੱਚ ਹੀ ਪੈਦਾਵਾਰ ਕਰਨ, ਅਤੇ ਉਨ੍ਹਾਂ ਨੂੂੰ ਜਮ੍ਹਾਂ ਕਰਨ ਦੀ ਕੋਸ਼ਿਸ਼ ਦੀ ਥਾਂ,  ਬਰਾਬਰੀ ਨਾਲ ਕੀਤੇ ਗਏ ਆਲਮੀ ਯਤਨ ਵਧੇਰੇ ਕਾਰਗਰ ਸਾਬਤ ਹੋਣਗੇ। ਜਿਵੇਂ ਕਿ ਜੰਗਾਂ ਦੇ ਦੌਰਾਨ ਸਾਰੇ ਦੇਸ਼ ਸੱਨਅਤਾਂ ਦਾ ਕੌਮੀਕਰਨ ਕਰ ਦਿੰਦੇ ਹਨ,  ਉਵੇਂ ਹੀ ਕੋਰੋਨਾ ਵਾੲਿਰਸ ਨਾਲ ਲੜਾਈ ਦੌਰਾਨ ਜ਼ਰੂੂਰੀ ਚੀਜਾਂ ਦੀ ਪੈਦਾਵਾਰ ਨੂੂੰ ਸਾਨੂੰ ਕੌਮੀ ਦੀ ਥਾਂ ਮਾਨਵੀ ਬਣਾਉਣਾ ਚਾਹੀਦਾ ਹੈ। ਇੱਕ ਅਮੀਰ ਦੇਸ਼, ਜਿਸ ਵਿੱਚ ਕੋਰੋਨਾ ਦਾ ਫੈਲਾਓ ਘੱਟ ਹੈ, ਉਹਨੂੰ ਅਜਿਹੇ ਦੇਸ਼ਾਂ ਨੂੂੰ ਸਾਜੋ ਸਾਮਾਨ ਭੇਜਣਾ ਚਾਹੀਦਾ ਹੈ ਜਿੱਥੇ ਫੈਲਾਓ ਵਧੇਰੇ ਹੈ। ਅਜਿਹੀ ਹੀ ਕੋਸ਼ਿਸ਼ ਡਾਕਟਰਾਂ ਦੀ ਤਾਇਨਾਤੀ ਦੇ ਮਾਮਲੇ 'ਚ ਵੀ ਹੋਣੀ ਚਾਹੀਦੀ ਹੈ।

ਅਰਥਚਾਰਿਆਂ ਨੂੂੰ ਸੰਭਾਲਾ ਦੇਣ ਲਈ ਵੀ ਇੱਕ ਆਲਮੀ ਨੀਤੀ ਬਣਨੀ ਚਾਹੀਦੀ ਹੈ, ਜੇ ਹਰ ਦੇਸ਼ ਆਪਣੇ ਹਿਸਾਬ ਨਾਲ ਚੱਲੇਗਾ ਤਾਂ ਸੰਕਟ ਹੋਰ ਡੂੰਘਾ ਹੋਵੇਗਾ। ਇੰਝ ਹੀ ਸਫਰ ਨੂੂੰ ਲੈ ਕੇ ਸਹਿਮਤੀ ਬਣਨੀ ਚਾਹੀਦੀ ਹੈ, ਲੰਮੇ ਸਮੇਂ ਤੱਕ ਯਾਤਰਾ 'ਤੇ ਪੂਰਨ ਪਾਬੰਦੀ ਨਾਲ ਵੀ ਨੁਕਸਾਨ ਹੋਵੇਗਾ, ਕੋਰੋਨਾ ਖਿਲਾਫ਼ ਲੜਾਈ ਵੀ ਕਮਜੋਰ ਹੋਵੇਗੀ। ਕਿਉਂ ਜੋ ਵਿਗਿਆਨੀਆਂ, ਡਾਕਟਰਾਂ ਤੇ ਸਪਲਾਇਰਾਂ ਨੂੂੰ ਵੀ ਦੁਨੀਆ ਦੇ ਇੱਕ ਕੋਨੇ ਤੋਂ ਦੂਜੇ ਤੱਕ ਜਾਣਾ ਪੈਂਦਾ ਹੈ। ਪ੍ਰੀ-ਸਕਰੀਨਿੰਗ ਨਾਲ ਆਵਾਜਾਈ ਸ਼ੁਰੂ ਕਰਨ 'ਤੇ ਸਹਿਮਤੀ ਬਣਾਈ ਜਾ ਸਕਦੀ ਹੈ।    

ਪਰ ਅਫਸੋਸ ਕਿ ਇਨ੍ਹਾਂ ਕਦਮਾਂ 'ਚੋਂ ਕੋਈ ਵੀ ਨਹੀਂ ਚੁੱਕਿਆ ਜਾ ਰਿਹਾ, ਦੁਨੀਆ ਭਰ ਦੀਆਂ ਸਰਕਾਰਾਂ ਇੱਕ ਸਮੂਹਿਕ ਲਕਵੇ ਦੀ ਹਾਲਤ ਵਿੱਚ ਹਨ। ਸੰਸਾਰ ਦੇ ਸਭ ਤੋਂ ਅਮੀਰ ਸੱਤ ਦੇਸ਼ਾਂ ਦੇ ਆਗੂਆਂ ਦੀ ਮੀਟਿੰਗ ਹੁਣ ਜਾ ਕੇ ਟੈਲੀ-ਕਾਨਫਰੰਸਿੰਗ ਦੇ ਜ਼ਰੀਏ ਹੋਈ ਹੈ ਜਿਸ ਵਿੱਚ ਅਜਿਹਾ ਕੋਈ ਪਲਾਨ ਸਾਹਮਣੇ ਨਹੀਂ ਆਇਆ ਜਿਸ ਵਿੱਚ ਦੁਨੀਆ ਦੇ ਦੇਸ਼ ਇੱਕਜੁੱਟ ਹੋ ਕੇ ਕੋਰੋਨਾ ਨਾਲ ਲੜ ਸਕਣ।

2008 ਦੀ ਆਰਥਿਕ ਮੰਦੀ ਅਤੇ 2014 'ਚ ਇਬੋਲਾ ਫੈਲਣ ਵਕਤ ਅਮਰੀਕਾ ਨੇ ਗਲੋਬਲ ਲੀਡਰ ਦੀ ਭੂਮਿਕਾ ਨਿਭਾਈ ਸੀ, ਇਸ ਵਾਰ ਅਮਰੀਕੀ ਲੀਡਰਸ਼ਿਪ ਨੇ ਇਹ ਕੰਮ ਟਾਲ ਦਿੱਤਾ ਹੈ। ਅਜਿਹਾ ਜਾਪ ਰਿਹਾ ਹੈ ਕਿ ਮਨੁੱਖਤਾ ਦੇ ਭਵਿੱਖ ਤੋਂ ਵਧੇਰੇ ਚਿੰਤਾ  ਗ੍ਰੇਟਨੈੱਸ ਆਫ਼ ਅਮਰੀਕਾ ਦੀ ਹੈ। ਮੌਜੂਦਾ ਲੀਡਰਸ਼ਿਪ ਨੇ ਆਪਣੇ ਸਭ ਤੋਂ ਨੇੜਲੇ ਜੋਟੀਦਾਰਾਂ ਨੂੂੰ ਵੀ ਇੱਕਲਿਆਂ ਛੱਡ ਦਿੱਤਾ ਹੈ। ਅਮਰੀਕਾ, ਯੂਰਪੀ ਯੂਨੀਅਨ ਨਾਲ ਕੋਈ ਸਹਿਯੋਗ ਨਹੀਂ ਕਰ ਰਿਹਾ ਅਤੇ ਜਰਮਨੀ ਦੇ ਟੀਕੇ ਨੂੂੰ ਲੈ ਕੇ ਤਾਂ ਅਜੀਬ ਸਕੈਂਡਲ ਬਣ ਗਿਆ ਹੈ।

ਅਸੀਂ ਇਹ ਤੈਅ ਕਰਨਾ ਹੈ ਕਿ ਅਸੀਂ ਆਲਮੀ ਇੱਕਜੁੱਟਤਾ ਵੱਲ ਜਾਣਾ ਹੈ ਜਾਂ ਰਾਸ਼ਟਰਵਾਦੀ ਅਲਗਾਓ ਵੱਲ?

ਜੇਕਰ ਅਸੀਂ ਰਾਸ਼ਟਰੀ ਅਲਗਾਓ ਨੂੰ ਚੁਣਾਂਗੇ, ਤਾਂ ਸੰਕਟ ਜ਼ਿਆਦਾ ਨੁਕਸਾਨ ਕਰਕੇ ਦੇਰ ਨਾਲ ਟਲੇਗਾ ਅਤੇ ਭਵਿੱਖ ਵਿੱਚ ਵੀ ਅਜਿਹੇ ਸੰਕਟ ਆਉਂਦੇ ਰਹਿਣਗੇ। ਪਰ ਜੇਕਰ ਅਸੀਂ ਆਲਮੀ ਇੱਕਜੁੱਟਤਾ ਨੂੰ ਚੁਣਦੇ ਹਾਂ ਤਾਂ ਇਹ ਕੋਰੋਨਾ ਦੇ ਖਿਲਾਫ਼ ਸਾਡੀ ਵੱਡੀ ਜਿੱਤ ਤਾਂ ਹੋਵੇਗੀ ਹੀ, ਨਾਲ ਹੀ ਅਸੀਂ ਭਵਿੱਖੀ ਸੰਕਟਾਂ ਨਾਲ ਨਜਿੱਠਣ ਲਈ ਤਕੜੇ ਵੀ ਹੋਵਾਂਗੇ। ਅਜਿਹੇ ਸੰਕਟ, ਜਿਹੜੇ 21ਵੀਂ ਸਦੀ ਵਿੱਚ ਧਰਤੀ ਤੋਂ ਮਨੁੱਖ ਜਾਤੀ ਦਾ ਨਾਮੋ ਨਿਸ਼ਾਨ ਹੀ ਮਿਟਾ ਸਕਦੇ ਹਨ। 
 
 
ਵੇਖੋ ਵੀਡਿਓ 
 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਜਨਾਬਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ

ਜੇ ਬਦੇਸ਼ਾਂ ' ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ ' ਕਿਉਂ ਨਹੀਂ?

ਕਤਲ ਹੋਇਆ ਇਨਸਾਨਹਾਂਜੀ ਉਹ ਮੁਸਲਮਾਨ ਹੀ ਸੀ...

ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

ਨਾਨਕ ਸ਼ਾਹ ਫਕੀਰਬਲੀ ਦਾ ਬਕਰਾ ਕੌਣ?

 ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?

ਕਿਸਾਨ ਖੁਦਕੁਸ਼ੀਆਂਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ

ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ

ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?

ਪ੍ਰਧਾਨ ਜੀਕੀ ਸੱਚ ਸੁਣਨਗੇ?

ਰੌਸ਼ਨ ਖ਼ਵਾਬ ਦਾ ਖ਼ਤ

ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER