ਵਿਚਾਰ
ਪੰਜਾਬ ਵਿੱਚ ਆਪ - ਰਿਸ਼ਤੇ ਹੀ ਰਿਸ਼ਤੇ - ਏਕ ਬਾਰ ਮਿਲ ਤੋ ਲੇਂ
- ਹਿਕਮਤ-ਏ-ਸਹਾਫ਼ਤ
ਪੰਜਾਬ ਵਿੱਚ ਆਪ - ਰਿਸ਼ਤੇ ਹੀ ਰਿਸ਼ਤੇ - ਏਕ ਬਾਰ ਮਿਲ ਤੋ ਲੇਂਕੈਸਾ ਖੇਵਣਹਾਰ ਹੈ? ਕਿਸ਼ਤੀ ਨੂੰ ਤੂਫ਼ਾਨ ਵਿੱਚੋਂ ਕੱਢ ਮੁੱਖ ਮੰਤਰੀ ਦੀ ਕੁਰਸੀ ਤੱਕ ਲੈ ਆਇਆ ਹੈ। ਕੋਈ ਠੋਸ ਰਾਜਨੀਤਕ ਸਟੈਂਡ ਲਏ ਬਿਨ੍ਹਾਂ ਇਹ ਚਮਤਕਾਰ ਕਰ ਵਿਖਾਇਆ ਹੈ। ਸਭ ਤੋਂ ਮਜ਼ਬੂਤੀ ਨਾਲ ਇੱਕੋ ਹੀ ਸਿਆਸੀ ਸਟੈਂਡ ਲਿਆ ਹੈ ਕਿ ਕੋਈ ਵੀ ਸਿਆਸੀ ਸਟੈਂਡ ਲੈਣਾ ਹੀ ਨਹੀਂ। ਇਹੀ ਸਿਆਸਤ ਹੁਣ ਸਭਨਾਂ ਨੂੰ ਸਿਖਾਉਣੀ। ਐਸੀ ਹੀ ਸਿਆਸਤ ਵਿੱਚੋਂ ਨਫ਼ਰਤੀ ਸਿਆਸਤ ਦੀ ਜ਼ਮੀਨ ਉਪਜਦੀ ਹੈ। ਪਰ ਆਪਾਂ ਨਫ਼ਰਤ ਦੀ ਸਿਆਸਤ ਖ਼ਿਲਾਫ਼ ਕੁੱਝ ਨਹੀਂ ਬੋਲਣਾ ਜੀ, ਆਪਾਂ ਚੰਗੇ ਸਕੂਲ ਬਣਾਵਾਂਗੇ, ਆਪਾਂ ਮੁਹੱਲਾ ਕਲਿਨਿੱਕ ਖ਼ੋਲ੍ਹਣ ਦੀ ਸਿਆਸਤ ਕਰਨੀ ਹੈ। ਇਲਾਜ ਤਾਂ ਸਭਨਾਂ ਨੂੰ ਚਾਹੀਦਾ ਹੈ।
 
ਜਿਹੜੇ ਸ਼ਾਹੀਨ ਬਾਗ਼ ਵਿੱਚ ਸੜਕ ਰੋਕੀ ਬੈਠੇ ਹਨ, ਅਤੇ ਜਿਹੜੇ ਓਥੇ ਗੋਲੀ ਚਲਾਉਣ ਜਾਂਦੇ ਹਨ, ਬਿਮਾਰ ਤਾਂ ਦੋਵੇਂ ਹੀ ਹੋ ਸਕਦੇ ਹਨ ਨਾ? ਇਸੇ ਲਈ ਸਾਡੀ ਸਿਆਸਤ ਮੁਹੱਲਾ ਕਲੀਨਿੱਕ ਬਣਾਉਣ ਦੀ ਹੈ। ਨਾ ਲੀਡਰ ਕੋਈ ਇਹਦਾ ਜਾਵੇ ਨਵੇਂ ਨਾਗਰਿਕਤਾ ਕਾਨੂੰਨ ਦੇ ਖ਼ਿਲਾਫ਼ ਕਿਸੇ ਧਰਨੇ ਵਿੱਚ, ਨਾ ਖੜ੍ਹੇ ਹੱਕ ਵਿੱਚ। ਜਦੋਂ ਆਪਾਂ ਮੁਹੱਲਾ ਕਲੀਨਿੱਕ ਬਣਾਉਣੇ ਹਨ ਤਾਂ ਅਜਿਹੇ ਲੋਕ ਮਾਰੂ ਕਾਨੂੰਨਾਂ ਖ਼ਿਲਾਫ਼ ਬੋਲਣ ਦੀ ਕੀ ਲੋੜ ਹੈ? ਇਹ ਤਾਂ ਧਿਆਨ ਭਟਕਾਉਣ ਦੀ ਚਾਲ ਹੈ।

ਜਦੋਂ ਸਾਰੇ ਦੇਸ਼ ਵਿੱਚ ਸਕੂਲ ਖੁਲ੍ਹ ਜਾਣਗੇ ਅਤੇ ਨਵੇਂ ਮੁਹੱਲਾ ਕਲੀਨਿੱਕ ਖੋਲ੍ਹਣ ਲਈ ਜਗ੍ਹਾਂ ਨਹੀਂ ਬਚੇਗੀ, ਅਤੇ ਫਿਰ ਹੋਰ ਮੁਹੱਲਾ ਕਲੀਨਿੱਕ ਉਹਨਾਂ ਪਹਿਲੇ ਵਾਲੇ ਮੁਹੱਲਾ ਕਲੀਨਿੱਕਾਂ ਦੀਆਂ ਛੱਤਾਂ ਉੱਤੇ ਖੋਲ੍ਹ ਦਿੱਤੇ ਜਾਣਗੇ ਤਾਂ ਕੀ ਉਸ ਤੋਂ ਬਾਅਦ ਅਰਵਿੰਦ ਕੇਜਰੀਵਾਲ ਇਹ ਸਟੈਂਡ ਲੈ ਲੈਣਗੇ ਕਿ ਬਾਬਰੀ ਮਸਜਿਦ ਵਾਲੇ ਕੇਸ ਵਿੱਚ ਸੁਪਰੀਮ ਕੋਰਟ ਦਾ ਫ਼ੈਸਲਾ ਘੱਟਗਿਣਤੀ ਨਾਲ ਖੁੱਲ੍ਹੇ-ਆਮ ਬੇਇਨਸਾਫ਼ੀ ਹੈ?
 
ਕਰੋੜਾਂ ਰੁਪਏ ਖ਼ਰਚ ਕੇ ਕੀਤੇ ਸਕੂਲ ਅਤੇ ਮੁਹੱਲਾ ਕਲੀਨਿੱਕ ਬਾਰੇ ਪ੍ਰਚਾਰ ਤੋਂ ਪਹਿਲੋਂ ਵਰ੍ਹਿਆਂ ਤੱਕ ਕੇਜਰੀਵਾਲ ਅਤੇ ਉਸ ਦੀ ਪਾਰਟੀ ਇਹ ਪ੍ਰਚਾਰ ਕਰਦੀ ਰਹੀ ਕਿ ਦਿੱਲੀ ਨੂੰ "ਪੂਰਨ ਰਾਜ" (full statehood) ਦਾ ਦਰਜਾ ਮਿਲਣਾ ਚਾਹੀਦਾ ਹੈ। ਫਿਰ ਪਾਰਲੀਮੈਂਟ ਵਿੱਚ ਵੋਟ ਪਾ ਦਿੱਤੀ ਕਿ ਪੂਰਨ ਰਾਜ ਜੰਮੂ-ਕਸ਼ਮੀਰ ਨੂੰ ਤੋੜ ਕੇ ਕੇਂਦਰ  ਸ਼ਾਸਿਤ ਪ੍ਰਦੇਸ਼ ਬਣਾ ਦਿੱਤਾ ਜਾਵੇ। ਜਦੋਂ ਦੇਸ਼ ਨੂੰ ਵਿਕਾਸ ਦਾ ਗੁਜਰਾਤ ਮਾਡਲ ਵੇਚਿਆ ਜਾ ਰਿਹਾ ਸੀ ਤਾਂ ਉਹਨਾਂ ਸਿਆਸਤ ਕੀਤੀ - ਗੁਜਰਾਤ ਪਹੁੰਚ ਗਏ। ਕਹਿੰਦੇ ਮੈਂ ਵਿਕਾਸ ਚੈੱਕ ਕਰਨ ਆਇਆ ਹਾਂ। ਇਹ ਚੰਗੀ ਸਿਆਸਤ ਸੀ, ਇਸ ਨਾਲ ਦੇਸ਼ ਵਿੱਚ ਵਿਕਾਸ ਦੇ ਦਾਅਵਿਆਂ ਬਾਰੇ ਚਰਚਾ ਛਿੜੀ।
 
ਧਾਰਾ 370 ਦੇ ਮੁੱਦੇ ਉੱਤੇ ਵੋਟ ਪਾਉਣ ਲੱਗਿਆਂ ਉਹ ਰਾਸ਼ਟਰਵਾਦੀ ਹੋ ਗਏ। ਲੋਕ, ਲੱਖਾਂ ਲੋਕ, ਘਰਾਂ ਵਿੱਚ ਬੰਦ, ਉਹਨਾਂ ਦੀਆਂ ਗਲੀਆਂ ਵਿੱਚ ਫੌਜ ਦਾ ਪਹਿਰਾ। ਨੌਜਵਾਨ ਬੱਚਿਆਂ ਨੂੰ ਘਰਾਂ ਤੋਂ ਚੁੱਕਿਆ ਜਾ ਰਿਹਾ ਸੀ। ਦੇਸ਼ ਦੇ ਵਿਰੋਧੀ ਧਿਰ ਦੇ ਕਈ ਨੇਤਾ ਕਸ਼ਮੀਰ ਜਾਣਾ ਲੋਚ ਰਹੇ ਸਨ। ਕੁੱਝ ਬਾਰਡਰ ਤੱਕ ਪਹੁੰਚੇ। ਕੁੱਝ ਏਅਰਪੋਰਟ ਤੱਕ। ਸਭ ਰੋਕ ਲਏ ਗਏ। ਕੋਈ ਸ਼ਿਕਾਇਤ ਲੈ ਕੇ ਸੁਪਰੀਮ ਕੋਰਟ ਚਲਾ ਗਿਆ ਕਿ ਉਸ ਨੂੰ ਕਸ਼ਮੀਰ ਜਾਣ ਤੋਂ ਰੋਕਿਆ ਜਾ ਰਿਹਾ ਹੈ। ਐਸੇ ਵੀ ਕਾਰਕੁੰਨ, ਪੱਤਰਕਾਰ, ਮਨੁੱਖੀ ਹੱਕਾਂ ਦੇ ਰਖਵਾਲੇ ਸਨ ਜਿਹੜੇ ਝਕਾਣੀ ਦੇ ਕੇ ਵਾਦੀ ਵਿੱਚ ਜਾ ਪਹੁੰਚੇ, ਓਥੋਂ ਦੇ ਹਾਲ ਪਤਾ ਕਰ ਕੇ ਆਏ।
 
ਪਰ ਅਰਵਿੰਦ ਕੇਜਰੀਵਾਲ ਨੇ ਇੱਕ ਵਾਰੀ ਨਹੀਂ ਕਿਹਾ ਕਿ ਉਹ ਕਸ਼ਮੀਰ ਜਾਣਾ ਚਾਹੁੰਦੇ ਹਨ, ਜਾਂ ਜਾਣਗੇ। ਉਹਨਾਂ ਨੇ ਆਪਣੀ ਪਾਰਟੀ ਦੇ ਕਿਸੇ ਕਾਰਕੁੰਨ ਨੂੰ ਨਹੀਂ ਭੇਜਿਆ। ਉਹਨਾਂ ਨੇ ਕਿਸੇ ਅਦਾਲਤ ਦਾ ਕੁੰਡਾ ਨਹੀਂ ਖੜਕਾਇਆ। ਉਹਨਾਂ ਨਹੀਂ ਕਿਹਾ ਕਿ ਮੈਂ ਚੈੱਕ ਕਰਨਾ ਚਾਹੁੰਦਾ ਹਾਂ ਕਿ ਕੇਂਦਰ ਕਸ਼ਮੀਰ ਦਾ ਵਿਕਾਸ ਕਿਵੇਂ ਕਰਨਾ ਚਾਹੁੰਦਾ ਹੈ। ਉਹ ਮਸਰੂਫ਼ ਸਨ -- ਮੁਹੱਲਾ ਕਲੀਨਿੱਕ ਅਤੇ ਸਕੂਲਾਂ ਬਾਰੇ ਇਸ਼ਤਿਹਾਰ ਬਣਾਉਣ ਬਾਰੇ ਮੀਟਿੰਗਾਂ 'ਤੇ ਮੀਟਿੰਗਾਂ ਹੋ ਰਹੀਆਂ ਸਨ।

ਸਿਆਸਤ ਕੇਵਲ ਏਨੀ ਹੀ ਹੋ ਰਹੀ ਸੀ ਕਿ ਦਿੱਲੀ ਦੇ ਮੁਸਲਮਾਨ ਵੋਟਰ ਕਿੱਥੇ ਜਾਣਗੇ, ਵੋਟ ਤਾਂ ਆਮ ਆਦਮੀ ਪਾਰਟੀ ਨੂੰ ਹੀ ਪਾਉਣਗੇ। ਮਸਲਾ ਹਿੰਦੂ ਵੋਟਰਾਂ ਦਾ ਸੀ। ਅਗਾਂਹਵਧੂ ਹਿੰਦੂ, ਸਿੱਖ, ਮੁਸਲਮਾਨ, ਇਸਾਈ ਵੋਟਰ ਕੋਲ ਇੱਕੋ ਹੀ ਰਸਤਾ ਹੈ ਕਿ ਉਸ ਨੂੰ ਵੋਟ ਪਾਵੇ ਜਿਹੜਾ ਭਾਜਪਾ ਨੂੰ ਰੋਕ ਸਕਦਾ ਹੈ। ਪਰ ਵੋਟਰਾਂ ਦਾ ਉਹ ਵੀ ਤਾਂ ਵੱਡਾ ਤਬਕਾ ਹੈ ਜਿਹੜਾ ਮੋਦੀ ਅਤੇ ਅਮਿਤ ਸ਼ਾਹ ਵਿੱਚੋਂ ਹੀਰੋ ਟੋਲਦਾ ਹੈ। ਮੁਸਲਮਾਨ ਅਤੇ ਪਾਕਿਸਤਾਨ ਨੂੰ ਇੱਕੋ ਖਾਤੇ ਤੋਲਦਾ ਹੈ। ਸਭਨਾਂ ਨੂੰ ਨਫ਼ਰਤ ਨਾਲ ਵੇਖਦਾ ਹੈ। ਉਹਨਾਂ ਦੀ ਵੋਟ ਲੈਣ ਦਾ ਇੱਕੋ-ਇੱਕ ਤਰੀਕਾ ਇਹ ਸੀ ਕਿ ਮੋਦੀ ਉੱਤੇ ਕੋਈ ਅਟੈਕ ਨਾ ਕੀਤਾ ਜਾਵੇ।
 
370 ਵੀ ਠੀਕ, ਨਾਗਰਿਕਤਾ ਸੋਧ ਕਾਨੂੰਨ ਵੀ ਠੀਕ, ਪਹਿਲੇ ਤੀਨ-ਤਲਾਕ਼ ਵਾਲਾ ਕਾਨੂੰਨ ਵੀ ਠੀਕ, ਜਿਹੜੇ ਮਰ ਗਏ ਜੱਜ ਸ਼ੱਕੀ ਹਾਲਾਤਾਂ ਵਿੱਚ, ਉਹ ਵੀ ਠੀਕ। ਜਿਹੜੇ ਪਾਰ ਬੁਲਾ ਦਿੱਤੇ ਸੌਹਰਾਬੂਦੀਨ ਐਨਕਾਊਂਟਰ ਵਿੱਚ, ਉਹ ਵੀ ਠੀਕ। ਘਰ ਵਾਪਸੀ-ਲਵ-ਜਿਹਾਦ ਦਾ ਮੁਹੱਲਾ ਕਲੀਨਿੱਕ-ਸਕੂਲਾਂ ਨਾਲ ਕੀ ਲੈਣਾ ਦੇਣਾ, ਇਸ ਲਈ ਉਸ ਸਭ ਦੀ ਵੀ ਕੀ ਗੱਲ ਕਰਨੀ?
 
ਰਾਮ ਮੰਦਿਰ ਦਾ ਫ਼ੈਸਲਾ ਸੁਪਰੀਮ ਕੋਰਟ ਨੇ ਦਿੱਤਾ ਹੈ, ਅਸੀਂ ਕੀ ਕਰੀਏ? ਕਸ਼ਮੀਰੀਆਂ ਲਈ ਹੈਬੀਅਸ ਕਾਰਪੱਸ ਪਟੀਸ਼ਨਾਂ ਦਾ ਜੋ ਹਸ਼ਰ ਹੋ ਰਿਹਾ ਹੈ, ਉਹਦਾ ਦਿੱਲੀ ਦੀ ਸਿਆਸਤ ਨਾਲ ਕੀ ਸਬੰਧ? ਸਾਨੂੰ ਜਨਤਾ ਨੇ ਦਿੱਲੀ ਦੀ ਸੇਵਾ ਕਰਨ ਲਈ ਚੁਣਿਆ ਹੈ।

ਦਿੱਲੀ-ਨਿਵਾਸੀ ਨਜੀਬ ਘਰ ਆਇਆ ਕਿ ਨਹੀਂ, ਇਹ ਪੁੱਛਣ ਦੀ ਕੀ ਲੋੜ? ਨਜੀਬ ਦੀ ਚਿੰਤਾ ਕਰਦੇ ਵੋਟ ਕਿਸ ਨੂੰ ਪਾਉਣਗੇ, ਇਹ ਤਾਂ ਪਤਾ ਹੀ ਹੈ। ਚਿੰਤਾ ਇਸ ਦੀ ਹੈ ਕਿ ਜਿਹੜੇ ਸਾਰਾ ਦਿਨ ਸੋਸ਼ਲ ਮੀਡੀਆ ਉੱਤੇ ਪਹਿਲੂ ਖ਼ਾਨ ਦੇ ਹਤਿਆਰਿਆਂ ਵਿਚੋਂ ਗਊ-ਭਗਤ ਦੇਸ਼-ਪ੍ਰੇਮੀ ਵੇਖਦੇ ਹਨ, ਉਹਨਾਂ ਦੀ ਵੋਟ ਕਿਵੇਂ ਹਾਸਲ ਕਰਨੀ ਹੈ? ਸਿਆਸਤ ਕਰਨੀ ਹੈ ਪਰ ਸਿਆਸਤ ਨਹੀਂ ਕਰਨੀ, ਜੇ ਕਦੀ ਕਰੀਏ ਤਾਂ ਭਾਵੇਂ ਸਾਡਾ ਨਾਮ ਬਦਲ ਦੇਣਾ।

ਨਾਮ ਬਦਲ ਦੇਣਾ? ਉਹਨਾਂ ਦੀ ਲੀਡਰ ਸੀ ਆਤਿਸ਼ੀ ਮਾਰਲੀਨਾ। "ਮਾਰਲੀਨਾ" ਤੁਹਾਨੂੰ ਨਹੀਂ ਮਿਲੇਗਾ ਕਿਸੇ ਜਾਤ ਜਨਗਣਨਾ ਵਾਲੀ ਸੂਚੀ ਵਿੱਚ। ਆਤਿਸ਼ੀ ਦੇ ਮਾਪੇ - ਡਾ. ਤ੍ਰਿਪਤਾ ਵਾਹੀ ਅਤੇ ਡਾ. ਵਿਜੇ ਸਿੰਘ - ਪੜ੍ਹੇ ਲਿਖੇ ਪਾੜ੍ਹੇ ਸਨ। (ਜੀ ਹਾਂ, ਅਨਪੜ੍ਹ ਪਾੜ੍ਹੇ ਵੀ ਹੁੰਦੇ ਹਨ।) ਦੋਵੇਂ ਦਿੱਲੀ ਯੂਨੀਵਰਸਿਟੀ ਵਿੱਚ ਪ੍ਰੋਫੈਸਰ। 2016 ਦੀ ਫ਼ਰਵਰੀ ਦੀ ਠੰਡੀ ਰਾਤ ਨੂੰ ਦੋਵਾਂ ਨੂੰ ਪਾਰਲੀਮੈਂਟ ਸਟ੍ਰੀਟ ਥਾਣੇ ਵਿੱਚ ਸੱਦਿਆ ਗਿਆ ਸੀ ਪੁਲਿਸ ਵੱਲੋਂ। ਦੋਵਾਂ ਨੇ ਲੈਕਚਰ ਜੋ ਦਿੱਤੇ ਸਨ ਪ੍ਰੈਸ ਕਲੱਬ ਵਿੱਚ ਅਫ਼ਜ਼ਲ ਗੁਰੂ ਦੀ ਫਾਂਸੀ ਦੀ ਤੀਜੀ ਵਰ੍ਹੇਗੰਢ ਉੱਤੇ। ਉਹ ਸਿਆਸਤ ਕਰਦੇ ਸਨ। ਇਸੇ ਸਿਆਸਤ ਵਿੱਚੋਂ ਇਹ ਨਾਮ ਨਿਕਲਿਆ ਸੀ -- ਮਾਰਲੀਨਾ। ਕਾਰਲ ਮਾਰਕਸ ਅਤੇ ਵਲਾਦੀਮੀਰ ਲੈਨਿਨ ਦੇ ਉਮਰ ਭਰ ਪਾਠਕ, ਸ਼ਾਇਦ ਉਪਾਸ਼ਕ, ਅਤੇ ਉਹਨਾਂ ਰਸਤਿਆਂ ਦੇ ਹਮਸਫ਼ਰਾਂ ਨੇ ਬੇਟੀ ਦਾ ਨਾਓਂ ਆਪਣੀ ਸਿਆਸਤ ਵਿੱਚੋਂ ਚੁਣਿਆ, ਚਿੰਨ੍ਹ ਕੇ ਬਣਾਇਆ - ਮਾਰਕਸ + ਲੈਨਿਨ = ਮਾਰਲੀਨਾ। ਤੁਹਾਨੂੰ ਕੋਈ ਸ਼ੱਕ ਹੋਵੇ ਤਾਂ ਦਿੱਲੀ ਯੂਨੀਵਰਸਿਟੀ ਦੇ ਕਿਸੇ ਪ੍ਰੋਫੈਸਰ ਤੋਂ ਪੁੱਛ ਵੇਖੋ, ਗੂਗਲ ਕਰ ਲਵੋ। ਗੂਗਲ ਕਰਦਿਆਂ ਕਰਦਿਆਂ ਫ਼ਿਰ ਇਹ ਵੀ ਗਿਆਨ ਵਧੇਗਾ ਕਿ ਆਤਿਸ਼ੀ ਨਾਲੋਂ ਮਾਰਲੀਨਾ ਕਿੱਥੇ ਛੁੱਟ ਗਿਆ, ਦੋ ਸ਼ਬਦਾਂ ਵਿੱਚੋਂ ਇੱਕ ਕਿਵੇਂ ਨਾਲੋਂ ਟੁੱਟ ਗਿਆ।

ਚੋਣਾਂ ਆ ਰਹੀਆਂ ਸਨ। 2018 ਦੇ ਅਗਸਤ ਮਹੀਨੇ ਨਾਮ ਤੈਅ ਹੋ ਗਏ, ਕੌਣ ਕਿੱਥੋਂ ਚੋਣ ਲੜੇਗਾ। ਪਰ ਹਰ ਸੀਟ ਉੱਤੇ ਹਿੰਦੂ ਹਿਰਦੈਅ ਸਮਰਾਟ ਹੀ ਤਾਂ ਚੋਣ ਲੜ ਰਿਹਾ ਸੀ। ਕਿਸੇ ਆਖਿਆ ਨਾਮ ਰਤਾ ਕ੍ਰਿਸਚਿਅਨ ਲੱਗਦਾ ਹੈ, ਅੰਗਰੇਜ਼ੀ ਜਿਹਾ, ਜਿਵੇਂ ਇਸਾਈ ਹੋਵੇ। ਬਾਹਰੋਂ ਆਈ ਹੋਵੇ। ਝੱਟ ਐਕਸ਼ਨ ਹੋ ਗਿਆ। ਟਵਿੱਟਰ ਵਾਲਾ ਸਿਰਨਾਵਾਂ ਬਦਲ ਗਿਆ। ਮਾਂ-ਬਾਪ ਦੀ ਸਿਆਸਤ ਵਿੱਚੋਂ ਨਿਕਲਿਆ "ਮਾਰਲੀਨਾ" ਗਵਾਚ ਗਿਆ। ਲਾਲ ਚੌਂਕ ਵਿੱਚ ਸੁੱਤਾ ਕਾਮਰੇਡ ਕਦੀ ਪੁੱਛਦਾ ਸੀ -- ਵਹਾੱਟ ਇਜ਼ ਟੂ ਬੀ ਡੰਨ? ਆਮ ਆਦਮੀ ਪਾਰਟੀ ਲਈ ਹੁਣ ਰਸਤਾ ਸਾਫ਼ ਸੀ -- ਮਾਰਕਸ, ਲੈਨਿਨ ਗਏ ਤੇਲ ਲੈਣ। ਬਜਰੰਗ ਬਲੀ ਦਾ ਪ੍ਰਸ਼ਾਦ ਵੰਡਦਾ, ਹਨੂੰਮਾਨ ਚਾਲੀਸਾ ਪੜ੍ਹਦਾ ਚੰਗਾ ਲੱਗਦਾ ਕਾਮਰੇਡ?    

ਇਸ ਲਈ ਧਿਆਨ ਰੱਖੋ। ਜੇ.ਐੱਨ.ਯੂ. ਵਾਲੀ ਸੜਕ ਤੋਂ ਵੀ ਨਾ ਲੰਘੋ। ਆਇਸ਼ੀ ਘੋਸ਼ ਨਾਲ ਕੋਈ ਫੋਟੋ ਨਾ ਖਿਚਵਾਓ। ਇਹ ਕੰਮ ਤਾਂ ਬੌਲੀਵੁੱਡ ਦੀ ਕਿਸੇ ਦੀਪਿਕਾ ਪਾਦੁਕੋਣ ਦਾ ਹੈ, ਸਿਆਸਤ ਨਾਲ ਇਹਦਾ ਕੀ ਜੋੜ? ਸ਼ਾਹੀਨ ਬਾਗ਼ ਓਖਲਾ ਵਿੱਚ ਹੈ, ਉੱਥੇ ਮੁਸਲਮਾਨ ਵਿਧਾਇਕ ਅਮਾਨਤੁੱਲ੍ਹਾ ਖ਼ਾਨ ਭੁਗਤਾ ਲਵੇਗਾ। ਦਿੱਲੀ ਆਏ ਯੋਗੀ ਨੂੰ ਨਾ ਪੁੱਛੋ ਕਿ ਪੁਲਿਸ ਦੀ ਗੋਲੀ ਨਾਲ ਮੁਸਲਮਾਨ ਹੀ ਕਿਉਂ ਮਰਦੇ ਹਨ? ਦਿੱਲੀ ਦੀ ਢੂਈ ਵਿੱਚ ਯੂਪੀ ਵੱਜਦਾ ਹੈ। ਦਿੱਲੀ ਵਿੱਚ ਕੰਮ ਕਰਦੇ ਅਜਿਹੇ ਅਣਗਿਣਤ ਹਨ ਜਿਹੜੇ ਨੋਇਡਾ, ਗਾਜ਼ੀਆਬਾਦ ਤੋਂ ਨਿੱਤ ਆਉਂਦੇ ਹਨ। ਓਥੇ ਯੋਗੀ ਰਾਜ ਚੱਲ ਰਿਹਾ ਹੈ, ਪਰ ਇਹ ਕਦੀ ਨਾ ਪੁੱਛੋ ਕਿ ਮੁਜ਼ੱਫਰਨਗਰ ਕਿਉਂ ਜਾਰੀ ਹੈ?  

ਅੱਛਾ, ਬੀਫ਼ ਉੱਤੇ ਬੈਨ ਬਾਰੇ ਤੁਹਾਡਾ ਕੀ ਖ਼ਿਆਲ ਹੈ? "ਅਸੀਂ ਸਰਕਾਰ ਚਲਾਉਣੀ ਹੈ, ਰੈਸਟੋਰੈਂਟ ਨਹੀਂ। ਫਜ਼ੂਲ ਬਹਿਸ ਵਿੱਚ ਸਾਨੂੰ ਨਾ ਉਲਝਾਓ। ਭਾਰਤ ਮਾਤਾ ਕੀ ਜੈ।"  

ਸਗੋਂ ਹਨੂੰਮਾਨ ਮੰਦਰ ਜਾਓ, ਮੱਥੇ ਤਿਲਕ ਵੱਡਾ ਸਾਰਾ ਲਗਾਓ। ਹਨੂੰਮਾਨ ਚਾਲੀਸਾ ਪੜ੍ਹੋ ਪੜ੍ਹਾਓ। ਟੀਵੀ ਕੈਮਰੇ ਘਰ ਬੁਲਾਓ। ਫਲੈਸ਼ ਲਾਈਟਾਂ ਜਗਮਗ ਕਰਨ ਤਾਂ ਘਰ ਬਣੇ ਛੋਟੇ ਜਿਹੇ ਮੰਦਰ ਵਿੱਚ ਪੂਜਾ ਕਰੋ। ਦੁਨੀਆ ਵੇਖੇ ਕਿੰਨਾ ਸੱਚਾ ਹਿੰਦੂ ਹੈ। ਸੱਚਾ ਹਿੰਦੂ ਕਹੋ ਕਹਾਓ। ਬਜਰੰਗ ਬਲੀ ਨਾਲ ਦਿਲ ਲਗਾਓ। ਉਸ ਨੂੰ ਮਿਲ ਕੇ ਆਓ। ਜਨਤਾ ਨੂੰ ਦੱਸੋ ਕਿ ਬਜਰੰਗ ਬਲੀ ਨੇ ਮੈਨੂੰ ਕੀ ਦੱਸਿਆ। ਜਿਸ ਨੇ ਦਿਲ ਚੀਰ ਕੇ ਭਗਵਾਨ ਰਾਮ ਦੀ ਤਸਵੀਰ ਵਿਖਾ ਦਿੱਤੀ, ਉਸ ਦੀ ਕੋਈ ਗੱਲ ਨਿੱਜੀ ਕਿਓਂ ਰਹੇ, ਇਸ ਲਈ ਬਜਰੰਗ ਬਲੀ ਦੀ ਦੱਸੀ ਟਵੀਟ ਕਰੋ।
 
ਇੱਕ ਪਾਸੇ ਜੈ ਸ੍ਰੀ ਰਾਮ ਦੇ ਨਾਅਰੇ ਗੂੰਜਣ ਤਾਂ ਦੂਜੇ ਪਾਸਿਓਂ ਜੈ ਬਜਰੰਗ ਬਲੀ ਦੇ ਆਉਣ ਆਵਾਜ਼ੇ। ਫਿਰ ਕਿਸ ਪਾਸੇ ਜਾਵਣ ਹਿੰਦੂ ਵੋਟ? ਨਾਲੇ ਵਿੱਚ-ਵਿੱਚ ਮੁਹੱਲਾ ਕਲੀਨਿੱਕ ਅਤੇ ਸਕੂਲ ਦੀ ਵੀ ਤਾਂ ਗੱਲ ਕਰਨੀ ਹੈ। ਬਿਜਲੀ ਮੁਫ਼ਤ ਦਿੱਤੀ ਹੈ, ਇਸ ਲਈ ਮੁਫ਼ਤ ਬਿਜਲੀ ਦੀ ਗੱਲ ਕਰੋ। ਜਿਹੜਾ ਸ਼ਾਹੀਨ ਬਾਗ਼ ਵਿੱਚ ਬੈਠੀਆਂ ਨੂੰ ਕਰੰਟ ਮਾਰਨ ਦੀਆਂ ਗੱਲਾਂ ਕਰੇ, ਉਸ ਨਾਲ ਨਾ ਲੜੋ। ਕਰੰਟ ਖਾ ਕੇ ਵੀ ਤਾਂ ਝਾੜੂ ਹੀ ਮਾਰਨ ਗੀਆਂ, ਇਸ ਲਈ ਉਹਨਾਂ ਦੀ ਮੰਗ ਤੇ ਕੰਨ ਨਾ ਧਰੋ। ਸਿਆਸਤ ਇਹ ਚਾਲਾਕ ਕਰੋ। ਹਮ ਤੋਂ ਜੀ ਕਾਮ ਕਰਤੇ ਹੈਂ, ਬੀਜੇਪੀ ਵਾਲੇ ਤੋ ਜੀ ਹਿੰਦੂ ਮੁਸਲਮਾਨ ਕਰਤੇ ਹੈਂ। ਮੈਂ ਜੀ ਆਪ ਕਾ ਬੜਾ ਲੜਕਾ। ਦਿੱਲੀ ਵਾਲੋ, ਗ਼ਜ਼ਬ ਕਰ ਦੋ। ਸਿਆਸਤ ਛੱਡੋ, ਕੀ ਪਿਆ ਇਸ ਵਿੱਚ? ਸਕੂਲ-ਕਲੀਨਿੱਕ-ਬਿਜਲੀ-ਸੜਕ-- ਨਵੀਂ ਸਿਆਸਤ ਦੇਸ਼ ਵਿੱਚ ਆ ਗਈ ਹੈ। ਵਿਕਾਸ ਦੀ ਗੱਲ ਕਰੋ। ਕਾਮ ਕਰ ਕੇ ਦਿਖਾਓ। ਦਿਲ ਚੀਰ ਕੇ ਦਿਖਾਓ। ਸੱਚਾ ਹਿੰਦੂ ਕੌਣ ਹੈ?

ਸੱਚਾ ਹਿੰਦੂ ਝੂਠੇ ਪੁਲਿਸ ਮੁਕਾਬਲਿਆਂ ਬਾਰੇ ਕੋਈ ਰਾਏ ਰੱਖਦਾ ਹੈ ਕਿ ਨਹੀਂ, ਇਹ ਨਾ ਪੁੱਛਣਾ। ਸਾਕਾ ਨੀਲਾਤਾਰਾ ਬਾਰੇ ਕੋਈ ਜ਼ਿਕਰ ਕਿਓਂ ਆਵੇ, ਉਦੋਂ ਮੈਂ ਥੋੜੀ ਸਾਂ?

"ਅੱਛਾ, ਉਹ ਸੰਤ ਸੀ ਕਿ ਦਹਿਸ਼ਤਵਾਦੀ?"
"ਇਹ ਸਵਾਲ ਅਕਾਲੀਆਂ ਨੂੰ ਕਿਓਂ ਨਹੀਂ ਪੁੱਛਦੇ ਤੁਸੀਂ?"
"ਉਹਨਾਂ ਨੂੰ ਵੀ ਪੁੱਛਦੇ ਹਾਂ ਜੀ?"
"ਬਸ ਫਿਰ, ਉਹਨਾਂ ਨੂੰ ਪੁੱਛਿਆ ਕਰੋ। ਸਾਡੇ ਸਲੇਬਸ ਵਿੱਚ ਹੈ ਹੀ ਨਹੀਂ। ਅਸੀਂ ਸਕੂਲ ਬਾਹਰੋਂ ਪੇਂਟ ਕਰਵਾਉਣੇ ਹਨ, ਅੰਦਰ ਪੱਖੇ ਲਾਉਣੇ ਹਨ। ਕੰਪਿਊਟਰ ਚਲਾਉਣੇ ਹਨ, ਬੱਚੇ ਪੜ੍ਹਾਉਣੇ ਹਨ।"    

ਹੁਣ ਉਹਦੇ ਕੁੱਝ ਸੱਚੇ ਸਿੱਖ ਪੈਰੋਕਾਰ ਪੰਜਾਬ ਵਿੱਚ ਛਾ ਜਾਣਗੇ। ਨਾਲ ਸੱਚੇ ਹਿੰਦੂ ਪੈਰੋਕਾਰ ਵੀ ਆਉਣਗੇ। ਸਕੂਲ, ਕਲੀਨਿੱਕ ਬਣਾਉਣਗੇ। ਅਕਾਲੀ ਕਾਂਗਰਸੀ ਚੋਰ, ਅਸੀਂ ਦੁੱਧ ਧੋਤੇ। ਧਰਮਵੀਰ ਗਾਂਧੀ ਤਾਂ ਪਾਰਟੀ ਤੋੜ ਰਿਹਾ ਸੀ।
 
ਯੋਗੇਂਦਰ ਯਾਦਵ, ਪ੍ਰਸ਼ਾਂਤ ਭੂਸ਼ਣ ਪੁਰਾਣੀਆਂ ਗੱਲਾਂ ਹੋ ਗਈਆਂ। ਛੋਟੇਪੁਰ ਦੀ ਤੁਸੀਂ ਵੀਡਿਓ ਨਹੀਂ ਵੇਖੀ? ਘੁੱਗੀ ਤਾਂ ਐਵੇਂ ਹੀ...ਪੁਰਾਣੀਆਂ ਗੱਲਾਂ ਨਾ ਕਰੋ। ਰਵਾਇਤੀ ਪਾਰਟੀਆਂ ਦਾ ਮਾੜਾ ਹਾਲ ਹੈ। ਅਸੀਂ ਨਵੇਂ, ਸਾਨੂੰ ਚੁਣੋ। ਪਹਿਲੇ ਤੁਹਾਥੋਂ ਗ਼ਲਤੀ ਹੋ ਗਈ। ਸਾਡੇ ਤੁਸੀਂ ਸੌ ਜਿਤਾਉਣੇ ਸੀ, 20 ਨਾਲ ਗੱਲ ਨਹੀਂ ਬਣਦੀ। ਸਾਨੂੰ ਗੱਲ ਬਣਾਉਣੀ ਆਉਂਦੀ ਹੈ। ਕਾਂਗਰਸੀ ਦੁੱਲ੍ਹੋ ਦੀ ਘਰ ਵਾਲੀ ਨੂੰ ਟਿਕਟ ਦੇਣੀ ਆਉਂਦੀ ਹੈ। ਸਾਡੀ ਸਟ੍ਰੈਟੇਜੀ ਹੁੰਦੀ ਹੈ - ਚੜ੍ਹ ਜਾਈਏ ਹਮਲਾ ਕਰਨ ਕਦੀ, ਕਦੀ ਮੰਗ ਲਈਏ ਮੁਆਫ਼ੀ। ਤੁਸੀਂ ਵੀ ਤਾਂ ਦੁਖੀ ਆਏ ਹੋ - ਲੁੱਟ ਕੇ ਖਾ ਗਏ ਬਾਕੀ। ਗੁਰੂ ਦੀ ਬੇਅਦਬੀ ਯਾਦ ਹੈ ਨਾ ਤੁਹਾਨੂੰ? ਜਿੱਥੇ ਮੁਹੱਲਾ ਕਲੀਨਿੱਕ ਨਾ ਚੱਲੇ, ਉੱਥੇ ਗੁਰੂ ਜੀ ਦੀ ਕਰਾਂਗੇ ਗੱਲ। ਦਿੱਲੀ ਤੋਂ ਸਿੱਖੇ ਨੇ ਕਈ ਵੱਲ।

ਪੰਜਾਬ ਤਾਂ ਪਹਿਲਾਂ ਹੀ ਦੁਖੀ ਹੈ। ਬਾਕੀਆਂ ਤੋਂ ਹੋਈ ਬੇਰੁਖ਼ੀ ਹੈ। ਦਿੱਲੀ ਸੁਣਿਆ ਹੈ ਬੜੀ ਸੁਖੀ ਹੈ। ਪੰਜਾਬ ਵਾਲੋ, ਗ਼ਜ਼ਬ ਕਰ ਦੇਣਾ। ਸਿਆਸਤ ਨਾ ਸਮਝਣ, ਕਰਨ ਲੱਗ ਜਾਣਾ। ਖ਼ੁਦਮੁਖ਼ਤਿਆਰੀ, ਪੰਜਾਬੀ ਬੋਲੀ, ਪੰਜਾਬ ਦੀ ਵਿਚਾਰਕ ਪ੍ਰੰਪਰਾ, ਪੂਰਨ ਸਿੰਘੀ ਪੰਜਾਬ ਦੇ ਸੁਪਨੇ, ਹੱਥੀਂ-ਕਿਰਤ ਦੀ ਅਜ਼ਮਤ, ਨੌਜਵਾਨਾਂ ਦਾ ਸੱਭਿਆਚਾਰਕ ਖ਼ਲਾਅ ਵਿੱਚ ਵਿਗਸਣਾ, ਧਰਤ ਤੋਂ ਟੁੱਟ ਵਿਦੇਸ਼ਾਂ ਵਿੱਚ ਵਾਸਾ ਭਾਲਣਾ, ਪਿੰਡਾਂ ਦੇ ਉਜਾੜੇ, ਸ਼ਹਿਰਾਂ ਦੇ ਮੰਦਵਾੜੇ, ਸਿਆਸਤ ਤੋਂ ਆਮ ਆਦਮੀ ਦੀ ਦੂਰੀ। ਇਹ ਸਭ ਨੇ ਐਵੇਂ ਗੱਲਾਂ ਬਾਤਾਂ।
 
ਗੱਲ ਕਰੋ ਸਿਰਫ ਜਰੂਰੀ। ਮੁਹੱਲਾ ਕਲੀਨਿੱਕ, ਮੁਫ਼ਤ ਬਿਜਲੀ, ਮਾਡਰਨ ਸਕੂਲ ਜਿੱਥੇ ਨਫ਼ਰੀ ਪੂਰੀ। ਚੱਕ ਦਿਓ ਫੱਟੇ, ਨੱਪ ਦਿਓ ਕਿੱਲੀ, ਵੱਟ ਲਓ ਐਸੇ ਸਵਾਲ ਕਰਨ ਵਾਲਿਆਂ ਨੂੰ ਘੂਰੀ।

ਫ਼ਾਰਮੂਲਾ ਤਿਆਰ ਹੈ, ਦਿੱਲੀ ਵਾਲੇ ਸ਼ਾਹੀ ਦਵਾਖਾਨੇ ਤੋਂ ਬਣਵਾਇਆ ਹੈ। ਸਾਰੇ ਜ਼ਾਹਰਾ ਅਤੇ ਗੁਪਤ ਰੋਗਾਂ ਦਾ ਸ਼ਰਤੀਆ ਇਲਾਜ ਹੈ। ਸਾਡੇ ਤੁਹਾਡੇ ਤਾਂ 2014 ਤੋਂ ਚੱਲ ਰਹੇ ਨੇ ਰਿਸ਼ਤੇ ਹੀ ਰਿਸ਼ਤੇ, ਐਸ ਵਾਰੀ ਪੱਕਾ ਰਿਸ਼ਤਾ ਕਰ ਕੇ ਤਾਂ ਵੇਖੋ। ਕੰਧਾਂ ਤੇ ਲਿਖਿਆ ਪੜ੍ਹਿਆ ਨਹੀਂ ਤੁਸਾਂ ਕਦੇ? ਜੱਥੇਦਾਰ ਸਰਦਾਰ ਭਗਵੰਤ ਸਿੰਘ ਮਾਨ ਤੁਹਾਡੇ ਸ਼ਹਿਰ ਹਰ ਮੰਗਲ, ਸ਼ੁੱਕਰ, ਸ਼ਨੀ ਆਉਣਗੇ - ਆਜ ਜਲੰਧਰ, ਕੱਲ ਲੁਧਿਆਣਾ, ਪਰਸੋਂ ਬਠਿੰਡਾ, ਏਕ ਬਾਰ ਮਿਲ ਤੋ ਲੇਂ...          


(ਲੇਖਕ ਸੀਨੀਅਰ ਸਹਾਫ਼ਤੀ ਹਕੀਮ ਹੈ ਅਤੇ ਅੱਜਕਲ ਖੁੱਡੇ-ਲਾਈਨ ਉਦਾਸਿਆ ਬੈਠਾ, ਗੋਲੀਆਂ ਛੱਡ ਮੁੱਕੀਆਂ, ਕਚੀਚੀਆਂ ਵੱਟਦਾ ਹੈ।) 

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ

______________________   


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER