ਵਿਚਾਰ
#ਹਮਵਾਪਸਆਏਂਗੇ —
ਘਰਾਂ ਨੂੰ ਵਾਪਸ ਮੁੜ ਆਉਣ ਦਾ ਅਧਿਕਾਰ
- ਸੁਵੀਰ ਕੌਲ
ਘਰਾਂ ਨੂੰ ਵਾਪਸ ਮੁੜ ਆਉਣ ਦਾ ਅਧਿਕਾਰਜੇ ਪੰਡਿਤ ਕਸ਼ਮੀਰ ਵਿੱਚ ਵਾਪਿਸ ਆਉਂਦੇ ਹਨ, ਜਿਵੇਂ ਕੇ ਉਹਨਾਂ ਨੂੰ ਆਉਣਾ ਹੀ ਚਾਹੀਦਾ ਹੈ, ਤਾਂ ਉਹਨਾਂ ਨੂੰ ਵੀ ਉਵੇਂ ਹੀ ਸਹਿਮ ਵਿੱਚ ਰਹਿਣਾ ਹੋਵੇਗਾ ਜਿਵੇਂ ਉੱਥੋਂ ਦੇ ਸਿੱਖ ਜਾਂ ਮੁਸਲਮਾਨ ਬਰਾਦਰੀ ਦੇ ਲੋਕ ਰਹਿੰਦੇ ਹਨ। 
 
ਇਹ 2010 ਦੇ ਅਗਸਤ ਮਹੀਨੇ ਦੀ ਗੱਲ ਹੈ ਜਦੋਂ ਹਿੰਦੁਸਤਾਨੀ ਫੌਜ ਇੱਕ ਮਨਸੂਬਾ-ਬੰਦੀ ਵਾਲੀ ਕਵਾਇਦ ਦੇ ਅਧੀਨ ਕਸ਼ਮੀਰ ਵਿੱਚ ਪੱਥਰ ਮਾਰਨ ਵਾਲਿਆਂ ਨੂੰ ਗੋਲੀਆਂ ਮਾਰ ਰਹੀ ਸੀ। (112 ਲੋਕ ਇਸ ਸੰਗਬਾਜ਼ਾਂ ਨੂੰ ਗੋਲੀ ਮਾਰੋ ਵਾਲੀ ਮੁਹਿੰਮ ਵਿੱਚ ਹਲਾਕ ਹੋ ਗਏ ਸਨ।) 

ਦੁਨੀਆ ਦੇ ਵੱਖ-ਵੱਖ ਹਿੱਸਿਆਂ ਵਿੱਚ ਰਹਿੰਦੇ ਮੇਰੇ ਰਿਸ਼ਤੇਦਾਰਾਂ ਨੇ ਮੇਰੀ ਮਾਂ ਨੂੰ ਟੈਲੀਫੋਨ ਕਰਕੇ ਪੁੱਛਿਆ ਸੀ ਕਿ ਉਹ ਕਦੋਂ ਸ੍ਰੀਨਗਰ ਛੱਡਣ ਦੀ ਸਲਾਹ ਕਰ ਰਹੇ ਹਨ? ਉਸ ਦਾ ਸਾਦਾ ਜਿਹਾ ਜੁਆਬ ਸੀ. "ਸਾਡਾ ਤਾਂ ਛੱਡ ਕੇ ਜਾਣ ਦਾ ਕੋਈ ਇਰਾਦਾ ਨਹੀਂ। ਇਹ ਸਾਡਾ ਘਰ ਹੈ ਅਤੇ ਵੈਸੇ ਮੌਸਮ ਵੀ ਇੱਥੇ ਬੜਾ ਹੁਸੀਨ ਹੈ।" ਕੁਝ ਸਾਲਾਂ ਬਾਅਦ ਫਿਰ ਕੋਈ ਅਜਿਹਾ ਹੀ ਮੌਕਾ ਆਇਆ ਜਦੋਂ ਸ੍ਰੀਨਗਰ ਵਿੱਚ ਹਿੰਸਾ ਦਾ ਦੌਰ ਵੱਗ ਰਿਹਾ ਸੀ। ਕਿਉਂਕਿ ਸਾਡਾ ਘਰ ਮਾਈਸੁਮਾ ਇਲਾਕੇ ਦੇ ਨਾਲ ਲਗਵਾਂ ਹੀ ਹੈ ਜਿੱਥੇ ਹਕੂਮਤ ਖ਼ਿਲਾਫ਼ ਖ਼ੂਬ ਜ਼ੋਰਦਾਰ ਮੁਜ਼ਾਹਰੇ ਹੁੰਦੇ ਰਹਿੰਦੇ ਸਨ, ਇਸ ਲਈ ਜਦੋਂ ਮੈਂ ਚਿੰਤਾ ਵਿੱਚ ਮਾਂ ਨੂੰ ਟੈਲੀਫੋਨ ਕੀਤਾ ਤਾਂ ਗੱਲਬਾਤ ਦੌਰਾਨ ਪਿੱਠ-ਭੂਮੀ ਵਿੱਚ ਮੈਨੂੰ ਗੋਲੀਆਂ ਦੀਆਂ ਆਵਾਜ਼ਾਂ ਸੁਣੀਆਂ। ਮੈਂ ਪੁੱਛਿਆ, "ਮਾਂ, ਤੈਨੂੰ ਡਰ ਨਹੀਂ ਲੱਗਦਾ?" ਉਸ ਜਵਾਬ ਦਿੱਤਾ, "ਕਿਉਂ? ਕੀ ਅਮਰੀਕਾ ਦੀਆਂ ਸੜਕਾਂ 'ਤੇ ਗੋਲੀਆਂ ਨਹੀਂ ਚੱਲਦੀਆਂ?" 

ਮੈਂ ਇਹਨਾਂ ਦੋ ਘਟਨਾਵਾਂ ਦਾ ਖਾਸ ਤੌਰ ਤੇ ਜ਼ਿਕਰ ਕਰ ਰਿਹਾ ਹਾਂ (ਮੈਂ ਹੋਰਨਾਂ ਵੀ ਬਹੁਤ ਦਾ ਜ਼ਿਕਰ ਕਰ ਸਕਦਾ ਸਾਂ) ਕਿਉਂਕਿ ਹਰ ਵਾਰੀ ਮੇਰੀ ਮਾਂ ਮੈਨੂੰ ਅਛੋਪਲੇ ਜਿਹੇ ਇੱਕ ਸਬਕ ਸਿਖਾ ਰਹੀ ਸੀ -- ਜੇ ਤੁਸੀਂ ਕਸ਼ਮੀਰੀ ਹੋ ਅਤੇ ਪੰਡਿਤ ਹੋ ਤਾਂ ਵਕਤ ਦੀ ਪੁਕਾਰ ਹੈ ਕਿ ਤੁਸੀਂ ਘਰ ਜਾਓ ਅਤੇ ਉਸ ਨੂੰ ਆਪਣਾ ਬਣਾਓ, ਅਤੇ ਇਹ ਸਭ ਬਿਨਾਂ ਇਸ ਦੀ ਪ੍ਰਵਾਹ ਕੀਤਿਆਂ ਕਿ ਇਸ ਲਈ ਤੁਹਾਨੂੰ ਕੀ ਕੀ ਝੱਲਣਾ ਪਵੇਗਾ। ਨਿਰਸੰਦੇਹ ਕਸ਼ਮੀਰੀਆਂ ਨੇ ਝੱਲਿਆ ਹੈ ਅਤੇ ਅੱਜ ਵੀ ਝੱਲ ਰਹੇ ਹਨ। 
 
ਉਹ ਹਰ ਕਿਸਮ ਦੀਆਂ ਮੁਸ਼ਕਿਲਾਂ ਵਿੱਚੋਂ ਲੰਘ ਰਹੇ ਹਨ, ਪਰ ਜੇ ਕਸ਼ਮੀਰ ਤੁਹਾਡਾ ਘਰ ਹੈ ਤਾਂ ਤੁਹਾਨੂੰ ਉੱਥੇ ਹੋਣਾ ਚਾਹੀਦਾ ਹੈ। ਉਮਰ ਦੇ ਢਲਦੇ ਜਾ ਰਹੇ ਸਾਲਾਂ ਵਿੱਚ ਵੀ, ਉਨ੍ਹਾਂ ਸਾਰੀਆਂ ਮੁਸ਼ਕਿਲਾਂ ਵਿੱਚੋਂ ਲੰਘਦਿਆਂ ਹੋਇਆਂ ਵੀ ਜਿਹੜੀਆਂ ਉਥੇ ਜ਼ਿੰਦਗੀ ਦਾ ਹਿੱਸਾ ਬਣ ਗਈਆਂ ਹਨ। ਪਰ ਪੰਡਿਤ ਲੋਕ ਇਹ ਸਭ ਕਿਓਂ ਕਰਨ? ਇਸ ਲਈ ਕਿਉਂਕਿ ਕਸ਼ਮੀਰ ਉਹਨਾਂ ਦਾ ਘਰ ਹੈ।   
-------------
If you are Kashmiri, and a Pandit, you need to go home ... regardless of the privations you suffer. Kashmiris have suffered... you will suffer the inconveniences and the fears that are a staple of life, because it is home.
-------------

2014 ਵਿੱਚ ਮੇਰੀ ਮਾਂ ਅਤੇ ਮੇਰੀ ਭੈਣ ਘਰ ਵਿੱਚ ਬਣੀ ਪੜਛੱਤੀ ਵਿੱਚ ਚੜ੍ਹ ਆਪਣੇ ਆਪ ਨੂੰ ਹੜ੍ਹਾਂ ਦੌਰਾਨ ਬਚਾ ਸਕੀਆਂ ਸਨ। ਦਸ ਦਿਨਾਂ ਤੱਕ ਉਹ ਉਥੇ ਹੀ ਫਸੀਆਂ ਰਹੀਆਂ ਜਦੋਂ ਸਾਡੇ ਮੁਕਾਮੀ ਦੋਸਤਾਂ ਨੇ ਆ ਕੇ ਉਨ੍ਹਾਂ ਨੂੰ ਬਚਾਇਆ। ਕੀ ਮੇਰੇ ਇਹ ਕਹਿਣ ਦੀ ਜ਼ਰੂਰਤ ਅਜੇ ਬਚੀ ਹੈ ਕਿ ਉਹ ਮੁਕਾਮੀ ਦੋਸਤ ਸਥਾਨਕ ਮੁਸਲਮਾਨ ਹੀ ਸਨ? 

ਇੱਕ ਦਹਾਕੇ ਤੋਂ ਵੀ ਵਧੇਰੇ ਸਮਾਂ ਮੇਰੇ ਮਾਂ-ਬਾਪ ਸ੍ਰੀਨਗਰ ਵਿਚਲੇ ਸਾਡੇ ਪੁਸ਼ਤੈਨੀ ਘਰ ਵਿੱਚ ਸਮਾਂ ਨਹੀਂ ਬਿਤਾ ਸਕੇ ਸਨ ਪਰ ਇੱਕ ਵਾਰੀ ਜਦੋਂ ਉਹ ਦੇਸ਼ ਵਾਪਸ ਪਰਤ ਆਏ ਤਾਂ 2003 ਤੋਂ ਬਾਅਦ ਉਨ੍ਹਾਂ ਨੇ ਹਮੇਸ਼ਾ ਕੋਸ਼ਿਸ਼ ਕੀਤੀ ਕਿ ਗਰਮੀਆਂ ਦੇ ਲੰਬੇ ਮਹੀਨੇ ਉਹ ਵਾਦੀ ਵਾਲੇ ਘਰ ਹੀ ਬਿਤਾਉਣ। ਮੇਰੇ ਬਾਪ ਨੇ ਆਪਣੇ ਆਖਰੀ ਸਾਹ ਆਪਣੀ ਮਨਪਸੰਦ ਕੁਰਸੀ 'ਤੇ ਬੈਠਿਆਂ, ਉਸੇ ਘਰ ਵਿੱਚ ਲਏ ਜਿਹੜਾ ਉਸ ਦੇ ਬਾਪ ਨੇ ਬਣਾਇਆ ਸੀ। ਮੇਰੀ ਮਾਂ ਨੇ ਦਿੱਲੀ ਵਾਲੇ ਘਰ ਵਿੱਚ ਆਖਰੀ ਸਾਹ ਲਏ। ਉਹ ਬਹੁਤ ਕਮਜ਼ੋਰ ਹੋ ਗਈ ਸੀ, ਇਸ ਲਈ ਸ੍ਰੀਨਗਰ ਵਿਚਲੇ ਉਸ ਘਰ ਵਿੱਚ ਨਾ ਜਾ ਸਕੀ ਜਿਸ ਲਈ ਉਹ ਸਹਿਕਦੀ ਸੀ।  

ਪਰ ਉਨ੍ਹਾਂ ਦੀ ਬਦੌਲਤ ਅਸੀਂ ਵਾਪਸ ਕਸ਼ਮੀਰ ਆਏ, ਇਹ ਸਿੱਖਣ ਲਈ ਕਿ ਉਨ੍ਹਾਂ ਸਮਿਆਂ ਵਿੱਚ ਜਦੋਂ ਉਨ੍ਹਾਂ ਦੇ ਸਾਰੇ ਮੁੱਢਲੇ ਅਧਿਕਾਰ, ਉਨ੍ਹਾਂ ਦੇ ਇਨਸਾਨ ਹੋਣ ਦੀ ਹਕੀਕਤ ਤੋਂ ਵੀ ਹਕੂਮਤ ਇਨਕਾਰੀ ਹੋ ਜਾਵੇ, ਤਾਂ ਕਸ਼ਮੀਰੀ ਹੋਣ ਦੇ ਮਾਅਨੇ ਕੀ ਹੁੰਦੇ ਹਨ?  

ਨਿਰਸੰਦੇਹ ਮੇਰੇ ਮਾਂ-ਬਾਪ ਦੀ ਉਦਾਹਰਨ ਸਾਰਿਆਂ 'ਤੇ ਲਾਗੂ ਨਹੀਂ ਕੀਤੀ ਜਾ ਸਕਦੀ। ਉਨ੍ਹਾਂ ਕੋਲ ਦਿੱਲੀ ਵਿੱਚ ਆਪਣਾ ਘਰ ਸੀ, ਸੋ ਉਹ ਉਵੇਂ ਮੁਸ਼ਕਲਾਂ ਵਿੱਚੋਂ ਨਹੀਂ ਲੰਘੇ ਜਿਵੇਂ 1990 ਅਤੇ ਉਸ ਤੋਂ ਬਾਅਦ ਉਹ ਕਸ਼ਮੀਰੀ ਪੰਡਿਤ ਲੰਘੇ ਜਿਨ੍ਹਾਂ ਨੂੰ ਬਹੁਤ ਕੁਝ ਝੱਲਣਾ ਪਿਆ। 

ਸਾਡਾ ਘਰ ਕਸ਼ਮੀਰ ਵਿੱਚ ਇੱਕ ਅਜਿਹੇ ਇਲਾਕੇ ਵਿੱਚ ਸੀ ਜਿਸ ਦੇ ਆਸ-ਪਾਸ ਫੌਜੀ ਖੰਦਕਾਂ ਦੇ ਦੋ ਘੇਰੇ ਸਨ, ਅਤੇ ਭਾਵੇਂ ਦੋ ਵਾਰ ਉਨ੍ਹਾਂ ਵਿੱਚ ਵੀ ਘੁਸਪੈਠ ਕਰਕੇ ਉਹ ਆ ਗਏ ਸਨ, ਫਿਰ ਵੀ ਕੋਈ ਬਹੁਤਾ ਨੁਕਸਾਨ ਨਹੀਂ ਸੀ ਹੋਇਆ। 

ਬਹੁਤ ਸਾਰੇ ਕਸ਼ਮੀਰੀ ਪੰਡਿਤਾਂ ਨਾਲ ਬਹੁਤ ਬੁਰਾ ਹੋਇਆ ਸੀ। ਉਨ੍ਹਾਂ ਦੇ ਘਰ ਜਲਾ ਦਿੱਤੇ ਗਏ ਸਨ, ਫ਼ੌਜੀਆਂ ਨੇ ਖੋਹ ਲਏ ਸਨ ਜਾਂ ਕੌਡੀਆਂ ਦੇ ਭਾਅ ਵੇਚਣ 'ਤੇ ਮਜਬੂਰ ਕਰ ਦਿੱਤਾ ਗਿਆ ਸੀ। ਕੁੱਝ ਅਜੇ ਵੀ ਕਿਤੇ ਖੜ੍ਹੇ ਹਨ, ਉਨ੍ਹਾਂ ਖੰਡਰਾਂ ਵਾਂਗ ਜਿਨ੍ਹਾਂ ਵਿੱਚੋਂ ਰੂਹ ਗਾਇਬ ਹੋ ਚੁੱਕੀ ਹੁੰਦੀ ਹੈ। 

ਕਸ਼ਮੀਰ ਤੋਂ ਬਾਹਰ ਜਾ ਕੇ ਕੈਂਪਾਂ ਵਿੱਚ ਜਾਂ ਘਰਾਂ ਵਿੱਚ ਕਸ਼ਮੀਰੀ ਪੰਡਿਤ ਇੱਕ ਲੰਬੇ ਸਮੇਂ ਤੋਂ ਗੁਰਬਤ ਨਾਲ, ਨੁਕਸਾਨ ਨਾਲ ਸਿੱਝ ਰਹੇ ਹਨ। ਬਹੁਤ ਸਾਰੇ ਲੋਕ ਤਾਂ ਚੱਲ ਹੀ ਵਸੇ, ਕੁਝ ਨੇ ਡੌਰ-ਭੌਰ ਹੋ ਬਹੁਤ ਮਾੜੇ ਹਾਲਾਤਾਂ ਵਿੱਚ ਜ਼ਿੰਦਗੀ ਗੁਜ਼ਾਰੀ। ਇੱਕ ਤੋਂ ਬਾਅਦ ਇੱਕ ਵਫ਼ਾਕੀ ਅਤੇ ਸੂਬਾਈ ਸਰਕਾਰਾਂ ਨੇ ਉਹਨਾਂ ਨਾਲ ਸ਼ੱਕੀ ਵਰਤਾ ਹੀ ਕੀਤਾ। ਉਹਨਾਂ ਨੂੰ ਕੱਟੜਪੰਥੀ ਇਸਲਾਮ ਦੀ ਕਿਸੇ ਭੱਦੀ ਉਦਾਹਰਨ ਵਜੋਂ ਪੇਸ਼ ਕਰ ਕੇ ਉਨ੍ਹਾਂ ਦਾ ਖੂਬ ਦੁਰਉਪਯੋਗ ਕੀਤਾ ਗਿਆ। 
------------
Kashmiri Muslims...lament their loss but after decades of being subject to far worse forms of the violence that the Pandits feared and experienced, their sympathies are strained.
------------
ਕਸ਼ਮੀਰੀ ਪੰਡਿਤਾਂ ਨੇ ਕਸ਼ਮੀਰ ਇਸ ਲਈ ਛੱਡਿਆ ਸੀ ਕਿ ਕਿ ਉਨ੍ਹਾਂ ਨੂੰ ਆਪਣੀ ਜਾਨ ਦਾ ਡਰ ਸੀ। ਮੈਂ ਸਪੱਸ਼ਟ ਕਰ ਦੇਣਾ ਚਾਹੁੰਦਾ ਹਾਂ ਕਿ ਇਹ ਬਿਲਕੁਲ ਵੀ ਮਹੱਤਤਾ ਨਹੀਂ ਰੱਖਦਾ ਜੇ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਸਾਰੇ ਕਸ਼ਮੀਰੀ ਮੁਸਲਮਾਨ ਅਚਾਨਕ ਕਸ਼ਮੀਰੀ ਪੰਡਿਤਾਂ ਦੇ ਦੁਸ਼ਮਣ ਹੋ ਗਏ ਸਨ, ਜਾਂ ਫਿਰ ਤੁਸੀਂ ਸੋਚਦੇ ਹੋ ਕਿ ਉਸ ਵੇਲੇ ਦੇ ਸੂਬਾਈ ਗਵਰਨਰ ਜਗਮੋਹਨ ਨੇ ਹੀ ਕਸ਼ਮੀਰੀ ਪੰਡਿਤਾਂ ਨੂੰ ਕਸ਼ਮੀਰ ਛੱਡ ਜਾਣ ਲਈ ਕਿਹਾ ਸੀ ਤਾਂ ਜੋ ਹਿੰਦੁਸਤਾਨੀ ਅਰਧ-ਸੈਨਿਕ ਦਲ ਇਨਸਾਨੀ ਹਕੂਕਾਂ ਦੀ ਪ੍ਰਵਾਹ ਕੀਤੇ ਬਿਨਾਂ ਕਸ਼ਮੀਰੀਆਂ 'ਤੇ ਟੁੱਟ ਪੈਣ। ਇਹ ਹਕੀਕਤ ਤਾਂ ਆਪਣੀ ਜਗ੍ਹਾ ਕਾਇਮ ਹੀ ਹੈ ਨਾ ਕਿ ਇੱਕ ਛੋਟੀ ਜਿਹੀ ਅਕਲੀਅਤ ਵਾਲੀ ਕੌਮ ਏਨੀ ਡਰਾ ਦਿੱਤੀ ਗਈ ਕਿ ਉਹਦੇ ਬਾਸ਼ਿੰਦੇ ਆਪਣੇ ਘਰ, ਜੀਵਨ, ਰੁਜ਼ਗਾਰ ਛੱਡ ਕੇ ਪ੍ਰਵਾਸੀ ਹੋ ਜਾਣ ਲਈ ਮਜਬੂਰ ਹੋ ਗਏ ਅਤੇ ਕਿਸੇ ਨੇ ਉਹਨਾਂ ਲਈ ਦਹਾਕਿਆਂ ਤੱਕ ਕੁੱਝ ਨਾ ਕੀਤਾ। 

ਉਨ੍ਹਾਂ ਦੀ ਗੈਰ ਹਾਜ਼ਰੀ ਨੇ ਕਸ਼ਮੀਰੀ ਜ਼ਿੰਦਗੀ ਨੂੰ ਪਰਿਭਾਸ਼ਤ ਕੀਤਾ ਹੈ। ਕਸ਼ਮੀਰੀ ਮੁਸਲਮਾਨਾਂ ਨੇ, ਖ਼ਾਸ ਤੌਰ ਤੇ ਬਜ਼ੁਰਗ ਪੀੜ੍ਹੀ ਨੇ, ਇਸ ਨੁਕਸਾਨ ਉੱਤੇ ਬਥੇਰਾ ਅਫ਼ਸੋਸ ਕੀਤਾ ਹੈ, ਪਰ ਦਹਾਕਿਆਂ ਤੋਂ ਉਨ੍ਹਾਂ ਦੇ ਆਪਣੇ ਉੱਤੇ ਏਨੇ ਜ਼ੁਲਮ ਢਾਏ ਜਾ ਰਹੇ ਹਨ, ਉਹ ਏਨੀ ਹਿੰਸਾ ਦਾ ਸ਼ਿਕਾਰ ਹਨ, ਕਿ ਸਤਾਏ ਹੋਏ ਕਸ਼ਮੀਰੀ ਪੰਡਿਤਾਂ ਲਈ ਅਤੇ ਉਨ੍ਹਾਂ ਦੇ ਕੌੜੇ ਦਰਦਨਾਕ ਜੀਵਨ ਅਭਿਆਸ ਲਈ ਕਸ਼ਮੀਰੀ ਮੁਸਲਮਾਨ ਨੂੰ ਆਪਣੀ ਹਮਦਰਦੀ ਵਿੱਚੋਂ ਗੁੰਜਾਇਸ਼ ਕੱਢਣ ਲਈ ਤਰੱਦਦ ਕਰਨਾ ਪੈਂਦਾ ਹੈ। 

ਹੁਣ ਜਦੋਂ ਕਸ਼ਮੀਰੀ ਪੰਡਿਤ ਇਹ ਫੈਸਲਾ ਕਰ ਰਹੇ ਹਨ ਕਿ ਉਹ ਘਰਾਂ ਨੂੰ ਵਾਪਸ ਪਰਤਣਗੇ, #ਹਮਵਾਪਸਆਏਂਗੇ (#HumWapasAayenge), ਤਾਂ ਮੈਂ ਆਸ ਕਰਦਾ ਹਾਂ ਕਿ ਸਾਡੇ ਵਿੱਚੋਂ ਬਹੁਤ ਸਾਰੇ ਬਿਲਕੁਲ ਯਕੀਨਨ ਹੀ ਅਜਿਹਾ ਕਰਨਗੇ ਪਰ ਸਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਕਿਸੇ ਵੀ ਸਰਕਾਰ ਤੋਂ ਸਾਨੂੰ ਸ਼ਾਇਦ ਕੁਝ ਮਾਇਕ ਮਦਦ ਤੋਂ ਬਿਨਾਂ ਹੋਰ ਕੁਝ ਬਹੁਤਾ ਮਿਲਣ ਵਾਲਾ ਨਹੀਂ।  

ਜੇ ਕੋਈ ਸੋਚਦਾ ਹੈ ਕਿ ਕਸ਼ਮੀਰ ਦੀਆਂ ਵਾਦੀਆਂ ਵਿੱਚ ਕੋਈ ਖ਼ਾਸ ਸੁਰੱਖਿਅਤ ਕੈਂਪ ਲਾ ਦਿੱਤੇ ਜਾਣਗੇ ਜਿਨ੍ਹਾਂ ਨੂੰ ਹਥਿਆਰਾਂ ਨਾਲ ਤਹੱਫ਼ੁਜ਼ ਪ੍ਰਦਾਨ ਕੀਤਾ ਜਾਵੇਗਾ ਤਾਂ ਮਹਿਫ਼ੂਜ਼ ਹੋ ਕੇ ਜੀਵਨ ਜਿਊਣ ਵਾਲੀ ਇਹ ਕਵਾਇਦ ਰਤਾ ਅਜੀਬ ਅਤੇ ਗੈਰ ਹਕੀਕੀ ਸੋਚ ਹੋਵੇਗੀ। 

ਜੇ ਕਸ਼ਮੀਰ ਤੇ ਪੰਡਿਤਾਂ ਅਤੇ ਹੋਰ ਕੌਮੀਅਤਾਂ ਨੇ ਆਪਸੀ ਰਿਸ਼ਤਿਆਂ ਨੂੰ ਮਜ਼ਬੂਤ ਕਰਨਾ ਹੈ ਤਾਂ ਪੰਡਿਤਾਂ ਨੂੰ ਉੱਥੇ ਆਪਣੇ ਮੁਸਲਮਾਨ ਗੁਆਂਢੀਆਂ ਨਾਲ ਉਵੇਂ ਹੀ ਰਹਿਣਾ ਪਵੇਗਾ ਜਿਵੇਂ ਉਹ ਪਹਿਲਾਂ ਰਹਿੰਦੇ ਸਨ। ਕੀ ਇਹ ਆਸਾਨ ਹੋਵੇਗਾ? ਬਿਲਕੁਲ ਵੀ ਨਹੀਂ। ਸਗੋਂ ਸ਼ਕੋ-ਸ਼ਕੂਕ ਦੂਰ ਹੁੰਦਿਆਂ ਅਤੇ ਆਪਸੀ ਰਿਸ਼ਤਿਆਂ ਨੂੰ ਮੁੜ ਵਿਗਸਦਿਆਂ ਸਾਲਾਂ ਸਾਲ ਲੱਗ ਜਾਣਗੇ। 

ਪਰ ਜੇ ਪੰਡਿਤ ਵਾਪਿਸ ਜਾਂਦੇ ਹਨ ਅਤੇ ਇਸ ਗੱਲ 'ਤੇ ਬਜ਼ਿੱਦ ਹੁੰਦੇ ਹਨ ਕਿ ਉਹ ਇਸ ਧਰਤੀ ਦੇ ਸੰਪੂਰਨ ਤੌਰ ਉੱਤੇ ਨਾਗਰਿਕ ਬਣ ਕੇ ਰਹਿਣਗੇ, ਤਾਂ ਉਨ੍ਹਾਂ ਦਾ ਇਹ ਦਾਅਵਾ ਉਵੇਂ ਹੀ ਮਜ਼ਬੂਤ ਹੋਵੇਗਾ ਜਿਵੇਂ ਉਹਨਾਂ ਹਜ਼ਾਰਾਂ ਲੱਖਾਂ ਗ਼ੈਰ ਮੁਸਲਮਾਨਾਂ ਦਾ ਹੈ ਜਿਹੜੇ ਇਨ੍ਹਾਂ ਸਾਰੇ ਸਾਲਾਂ ਵਿੱਚ ਕਸ਼ਮੀਰ ਦੀ ਧਰਤੀ ਤੇ ਰਹਿੰਦੇ ਰਹੇ, ਛੱਡ ਕੇ ਨਹੀਂ ਗਏ। 
--------------
Pandits will have to display great fortitude in choosing to live as Indians while recognising the immense alienation of their Muslim neighbours from the Indian state. 
--------------
ਕੀ ਉਨ੍ਹਾਂ ਦੀਆਂ ਜ਼ਿੰਦਗੀਆਂ, ਉਨ੍ਹਾਂ ਦੇ ਸੁੱਖ-ਆਰਾਮ ਉੱਤੇ ਅਜੇ ਵੀ ਖਤਰੇ ਮੰਡਰਾਉਂਦੇ ਰਹਿਣਗੇ? ਨਿਸਚਿਤ ਹੀ, ਬਿਲਕੁਲ ਅਜਿਹਾ ਹੀ ਹੋਵੇਗਾ।  

ਉਨ੍ਹਾਂ ਦੇ ਮੁਸਲਮਾਨ, ਸਿੱਖ ਅਤੇ ਪਿੱਛੇ ਰਹਿ ਗਏ ਪੰਡਿਤ ਗੁਆਂਢੀਆਂ ਨਾਲ ਵੀ ਇੰਝ ਹੀ ਹੋ ਰਿਹਾ ਹੈ। ਕਸ਼ਮੀਰ ਇੱਕ ਕਨਫਲਿਕਟ ਜ਼ੋਨ ਹੈ, ਟਕਰਾਅ ਵਾਲਾ ਖਿੱਤਾ ਹੈ, ਅਤੇ ਜਾਪਦਾ ਹੈ ਕਿ ਆਉਣ ਵਾਲੇ ਕਾਫੀ ਸਮੇਂ ਲਈ ਇਵੇਂ ਹੀ ਰਹੇਗਾ ਪਰ ਕਸ਼ਮੀਰ ਵਿੱਚ ਰਹਿਣਾ, ਵਾਦੀ ਵਿੱਚ ਰਹਿਣਾ ਸਾਡਾ ਹੱਕ ਹੈ ਅਤੇ ਇਸ ਹੱਕ ਨੂੰ ਅਸੀਂ ਆਪਣੇ ਤਰੱਦਦ ਨਾਲ ਹੀ ਦੁਬਾਰਾ ਹਾਸਲ ਕਰ ਸਕਦੇ ਹਾਂ, ਭਾਰਤੀ ਜਾਂ ਸੂਬਾਈ ਸਰਕਾਰੀ ਏਜੰਸੀਆਂ ਦੀ ਕਿਸੇ ਸਪਾਂਸਰਸ਼ਿਪ ਦੁਆਰਾ ਨਹੀਂ।  

ਇੱਕ ਹੋਰ ਪਹਾੜ ਜਿੱਡੀ ਮੁਸ਼ਕਿਲ ਵੀ ਸਾਹਮਣੇ ਹੈ ਤੇ ਸਾਨੂੰ ਆਪਣੇ ਧੁਰਅੰਦਰ ਦੇ ਇਖ਼ਲਾਕ ਵਿੱਚ ਹੱਥ ਮਾਰ ਇਸ ਦਾ ਸਾਹਮਣਾ ਕਰਨਾ ਪਵੇਗਾ। ਪੰਡਿਤ, ਜਾਂ ਘੱਟੋਘੱਟ ਉਨ੍ਹਾਂ ਦੀ ਵੱਡੀ ਤਾਦਾਦ, ਭਾਵੇਂ ਉਹ ਕਸ਼ਮੀਰ ਵਿੱਚ ਹੋਣ ਅਤੇ ਭਾਵੇਂ ਬਾਹਰ, ਆਪਣਾ ਅਤੇ ਕਸ਼ਮੀਰ ਦਾ ਭਵਿੱਖ ਹਿੰਦੁਸਤਾਨ ਦੇ ਅੰਦਰ ਹੀ ਦੇਖਦੇ ਹਨ। ਦੂਜੇ ਪਾਸੇ ਇਹ ਵੀ ਸੱਚ ਹੈ ਕਿ ਬਹੁਤ ਸਾਰੇ ਮੁਸਲਮਾਨ ਆਪਣੇ ਆਪ ਨੂੰ ਜਾਂ ਤਾਂ ਕਿਸੇ ਆਜ਼ਾਦ ਜਾਂ ਵੱਡੇ ਤੌਰ ਉੱਤੇ ਖ਼ੁਦ-ਮੁਖਤਿਆਰ ਖਿੱਤੇ ਦੇ ਰੂਪ ਵਿੱਚ ਦੇਖਦੇ ਹਨ। ਇਹਨਾਂ ਦੋਹਾਂ ਚਿਤਵੇ ਹੋਏ ਬਿਆਨੀਆਂ ਵਿੱਚ ਬੜਾ ਫਾਸਲਾ ਹੈ। ਪੰਡਿਤ ਬਰਾਦਰੀ ਨੂੰ ਵੱਡੇ ਦਿਲ, ਗੁਰਦੇ, ਜਿਗਰ ਨਾਲ ਹਿੰਦੁਸਤਾਨੀ ਦੇ ਤੌਰ ਉੱਤੇ ਵਿਚਰਦਿਆਂ ਉਸ ਖਿੱਤੇ ਵਿੱਚ ਰਹਿਣਾ ਪਵੇਗਾ ਅਤੇ ਨਾਲ ਹੀ ਨਾਲ ਇਹ ਵੀ ਸਮਝਣਾ ਪਵੇਗਾ ਕਿ ਉਨ੍ਹਾਂ ਦੇ ਮੁਸਲਮਾਨ ਗੁਆਂਢੀਆਂ ਦੀ ਹਿੰਦੁਸਤਾਨੀ ਰਾਜ ਸੱਤਾ ਨਾਲ ਇੱਕ ਵੱਡੀ ਵਿੱਥ ਪੈ ਚੁੱਕੀ ਹੈ।  

ਦੋਹਾਂ ਧਿਰਾਂ ਕੋਲ ਆਪਣੀਆਂ ਰਾਜਨੀਤਕ ਪੁਜ਼ੀਸ਼ਨਾਂ ਲਈ ਲੈਣ ਦਾ ਹੱਕ ਹੈ, ਵਡੇਰੀ ਰਾਜਨੀਤੀ ਵਿੱਚ ਦੋਵਾਂ ਧਿਰਾਂ ਨੇ ਆਪਣੇ ਬਿਆਨੀਏ ਦੀ ਸਾਰਥਕਤਾ ਲਈ ਕੰਮ ਕਰਨਾ ਹੈ। ਕਸ਼ਮੀਰੀ ਮੁਸਲਮਾਨਾਂ ਦੁਆਰਾ ਚਿੱਤਵੀ ਆਜ਼ਾਦੀ ਦੀ ਤਹਿਰੀਕ ਵਿੱਚ ਧਾਰਾ 370 ਅਤੇ 35ਏ ਨੂੰ ਹਟਾਉਣ ਤੋਂ ਬਾਅਦ ਹੋਰ ਵਧੇਰੇ ਜੁੰਬਿਸ਼ ਹੀ ਆਈ ਹੈ। ਵਫ਼ਾਕੀ ਹਕੂਮਤ ਕਸ਼ਮੀਰ ਦੀ ਵਾਦੀ ਵਿੱਚ ਜਿਵੇਂ ਨਿਭੀ ਹੈ, ਇਸ ਨਾਲ ਹਾਲਾਤ ਹੋਰ ਮਾੜੇ ਹੀ ਹੋਏ ਹਨ।  

ਜੇ ਕਸ਼ਮੀਰੀ ਪੰਡਿਤ ਕਸ਼ਮੀਰ ਵਾਪਸ ਪਰਤਦੇ ਹਨ ਤਾਂ ਉਹ ਜਾਣ ਜਾਣਗੇ ਕਿ ਜ਼ਿੰਦਗੀ ਨੂੰ ਕਿਸ ਹੱਦ ਤੱਕ ਰੋਕ ਦਿੱਤਾ ਗਿਆ, ਹਿੰਸਾ ਕਿਵੇਂ ਅੰਦਰ ਤੱਕ ਖੁੱਭ ਚੁੱਕੀ ਹੈ ਅਤੇ ਉਹ ਆਪਣੇ ਮੁਸਲਮਾਨ ਅਤੇ ਸਿੱਖ ਭਰਾਤਰੀ ਬਰਾਦਰੀਆਂ ਨਾਲ ਉਵੇਂ ਹੀ ਉਸੇ ਫੌਜ ਦੇ ਡਰ ਦੇ ਸਾਏ ਥੱਲੇ ਰਹਿਣਗੇ ਜਿਹੜੀ ਨਾਗਰਿਕਾਂ ਦੀਆਂ ਜ਼ਿੰਦਗੀਆਂ ਨੂੰ ਕੰਟਰੋਲ ਕਰਦੀ ਹੈ। ਮੁਸਲਮਾਨ ਅਤੇ ਪੰਡਿਤ ਦੋਵਾਂ ਬਰਾਦਰੀਆਂ ਨੂੰ ਇੱਕ ਦੂਜੇ ਪ੍ਰਤੀ ਹਮਦਰਦੀ ਅਤੇ ਵੱਡਦਿੱਲੀ ਦੇ ਅਹਿਸਾਸ ਦੀ ਜ਼ਰੂਰਤ ਹੋਵੇਗੀ ਤਾਂ ਜੋ ਉਹਨਾਂ ਵਿਚਲੇ ਰਾਜਨੀਤਕ ਪਾੜਿਆਂ ਨੂੰ ਉਲੰਘ ਉਹ ਇਕ ਦੂਜੇ ਨੂੰ ਸਮਝ ਸਕਣ। ਯਾਦ ਰੱਖੋ ਕਿ ਜੇ ਅਜਿਹਾ ਹੋਇਆ ਤਾਂ ਰਾਜ ਦੀਆਂ ਏਜੰਸੀਆਂ ਉਹ ਸਭ ਕੁਝ ਕਰਨਗੀਆਂ ਜਿਸ ਨਾਲ ਅਜਿਹੀ ਕਿਸੇ ਵੀ ਭਾਈਵਾਲੀ ਨੂੰ ਰੋਕਿਆ ਜਾ ਸਕੇ।  

ਇਹ ਬਹੁਤ ਮੁਸ਼ਕਿਲ ਕੰਮ ਹੈ ਪਰ ਜੇ ਅਸੀਂ ਵਾਪਸ ਆਪਣੇ ਸਾਂਝੇ, ਅਤੇ ਇਤਿਹਾਸਕ ਸਾਂਝਾਂ ਵਾਲੇ, ਖੂਬਸੂਰਤ ਕਸ਼ਮੀਰ ਵਿੱਚ ਜਾ ਕੇ ਰਹਿਣਾ ਚਾਹੁੰਦੇ ਹਾਂ, ਬਲਕਿ ਜੇ ਅਸੀਂ ਆਪਣੇ ਸਾਂਝੇ, ਸਹਿਣਸ਼ੀਲਤਾ ਵਾਲੇ, ਸਾਂਝਾਂ ਵਾਲੇ ਹਿੰਦੁਸਤਾਨ ਵਿੱਚ ਮੁੜ ਰਹਿਣਾ ਚਾਹੁੰਦੇ ਹਾਂ, ਤਾਂ ਇਹ ਕੋਸ਼ਿਸ਼ ਤਾਂ ਕਰਨੀ ਹੀ ਪਵੇਗੀ। 

(This article has been translated/adapted from the author’s piece published in the Indian Express. You can read the original piece here.)

 

{*ਲੇਖਕ ਅਮਰੀਕਾ ਦੀ ਪੈਨਸਿਲਵੇਨੀਆ ਯੂਨੀਵਰਸਿਟੀ ਵਿੱਚ ਅੰਗਰੇਜ਼ੀ ਵਿਭਾਗ ਵਿੱਚ ਐੱਮ ਰੋਜ਼ੈਂਥਲ ਪ੍ਰੋਫੈਸਰ ਹੈ। ਦਿੱਲੀ ਯੂਨੀਵਰਸਿਟੀ ਵਿੱਚ ਤਾਲੀਮ ਯਾਫ਼ਤਾ ਅਤੇ ਫਿਰ ਕੌਰਨੇਲ ਯੂਨੀਵਰਸਿਟੀ ਤੋਂ ਡਾਕਟਰੇਟ ਹਾਸਲ ਕਰ ਉਹ ਦਿੱਲੀ ਦੇ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ, ਫਿਰ ਅਰਬਾਨਾ- ਸ਼ੈਮਪੇਨ ਵਿਖੇ ਇਲੀਨੋਇਸ ਯੂਨੀਵਰਸਿਟੀ, ਸਟੈਨਫੋਰਡ ਯੂਨੀਵਰਸਿਟੀ ਅਤੇ ਜਾਮੀਆ ਮਿਲੀਆ ਇਸਲਾਮੀਆ ਵਿੱਚ ਪੜ੍ਹਾ ਚੁੱਕੇ ਹਨ। ਉਹਨਾਂ ਦੀਆਂ ਪੁਸਤਕਾਂ ਵਿੱਚ  Of Gardens and Graves: Essays on Kashmir; Poems in Translation (New Delhi: Three Essays Collective, 2015; Durham: Duke University Press, 2016) ਵੀ ਹੈ। ਉਹਨਾਂ ਦੀ ਸੰਪਾਦਿਤ ਪੁਸਤਕ The Partitions of Memory: the afterlife of the division of India (Delhi: Permanent Black, 2001; London: C. Hurst, 2001; Bloomington: Indiana University Press, 2002) ਵੀ ਖ਼ੂਬ ਚਰਚਾ ਵਿੱਚ ਰਹੀ ਸੀ।}

 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਉਨ੍ਹਾਂ ਹਲਵਾ ਖਾ ਲਿਆ ਹੈ, ਤੁਸੀਂ ਸੈਲਫ਼ੀ ਦੀ ਤਿਆਰੀ ਕਰੋ

______________________
Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER