ਵਿਚਾਰ
ਸਿਮਰਜੀਤ ਸਿੰਘ ਬੈਂਸ ਦੀ ਬੇਬਾਕੀ ਕਰਕੇ ਵਾਦ ਵਿਵਾਦ ਉਸ ਦਾ ਖਹਿੜਾ ਨਹੀਂ ਛੱਡਦੇ?
- ਉਜਾਗਰ ਸਿੰਘ*



ਡਿਪਟੀ ਕਮਿਸ਼ਨਰ ਗੁਰਦਾਸਪੁਰ ਅਤੇ ਸਿਮਰਜੀਤ ਸਿੰਘ ਬੈਂਸ ਵਿਧਾਨਕਾਰ ਦਾ ਵਾਦਵਿਵਾਦ ਅੱਜ-ਕੱਲ੍ਹ ਚਰਚਾ ਦਾ ਵਿਸ਼ਾ ਬਣਿਆ ਹੋਇਆ ਹੈ। ਸਿਮਰਜੀਤ ਸਿੰਘ ਬੈਂਸ ਹਮੇਸ਼ਾ ਕਿਸੇ ਨਾ ਕਿਸੇ ਵਾਦਵਿਵਾਦ ਵਿੱਚ ਉਲਝੇ ਰਹਿੰਦੇ ਹਨ। ਉਹ ਲੁਧਿਆਣਾ ਜ਼ਿਲ੍ਹੇ ਦੇ ਆਤਮ ਨਗਰ ਵਿਧਾਨ ਸਭਾ ਹਲਕੇ ਤੋਂ ਵਿਧਾਨਕਾਰ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਹਨ। ਆਪਣੇ ਹਲਕੇ ਵਿੱਚ ਹਰਮਨ ਪਿਆਰੇ ਹਨ। ਉਨ੍ਹਾਂ ਦਾ ਕੰਮ ਕਰਨ ਦਾ ਢੰਗ ਵੀ ਬਿਹਤਰੀਨ ਹੈ। ਆਪਣੇ ਦਫ਼ਤਰ ਵਿੱਚ ਆਉਣ ਵਾਲੇ ਹਰ ਵਿਅਕਤੀ ਦਾ ਕੰਮ ਕੰਮਪਿਊਟਰਾਈਜ਼ ਹੀ ਨਹੀਂ ਕੀਤਾ ਜਾਂਦਾ ਸਗੋਂ ਕੰਮ ਕਰਕੇ ਉਨ੍ਹਾਂ ਨੂੰ ਸੂਚਨਾ ਵੀ ਦਿੱਤੀ ਜਾਂਦੀ ਹੈ। ਲੁਧਿਆਣਾ ਸਥਾਨਕ ਪ੍ਰਸ਼ਾਸ਼ਨ 'ਤੇ ਉਨ੍ਹਾਂ ਦਾ ਪੂਰਾ ਦਬਦਬਾ ਹੈ। ਕੋਈ ਅਧਿਕਾਰੀ ਉਨ੍ਹਾਂ ਨੂੰ ਤਾਂ ਕੀ ਜਵਾਬ ਦੇਵੇਗਾ ਪ੍ਰੰਤੂ ਉਨ੍ਹਾਂ ਦੇ ਪਿਆਦੇ ਵੀ ਕੰਮ ਕਰਵਾ ਜਾਂਦੇ ਹਨ। ਇਸ ਤੋਂ ਉਨ੍ਹਾਂ ਦੇ ਦਬਦਬੇ ਦਾ ਪਤਾ ਲੱਗਦਾ ਹੈ।

ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਸਬ ਡਵੀਜ਼ਨ ਮੈਜਿਸਟ੍ਰੇਟ ਬਟਾਲਾ ਬਲਬੀਰ ਰਾਜ ਸਿੰਘ ਵੱਲੋਂ ਪੁਲਿਸ ਕੇਸ ਦਰਜ ਕਰਵਾਉਣ ਨਾਲ 'ਮੱਟੂ ਪਟਾਕਾ ਵਰਕਸ' ਬਟਾਲਾ ਦੀ ਪੜਤਾਲ ਦਾ ਰੁੱਖ ਬਦਲ ਗਿਆ ਹੈ। ਇਸ ਕੇਸ ਤੋਂ ਪਹਿਲਾਂ ਲੋਕ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਅਣਗਹਿਲੀ ਦੇ ਵਿਰੁੱਧ ਲਾਮਬੰਦ ਅਤੇ ਗੁੱਸੇ ਵਿੱਚ ਸਨ ਪ੍ਰੰਤੂ ਹੁਣ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਥੋੜ੍ਹੀ ਰਾਹਤ ਮਿਲ ਗਈ ਹੈ ਕਿਉਂਕਿ ਲੋਕਾਂ ਦਾ ਧਿਆਨ ਪੜਤਾਲ ਤੋਂ ਹਟ ਕੇ ਬੈਂਸ ਵਿਰੁੱਧ ਕੇਸ ਤਰਫ਼ ਹੋ ਗਿਆ ਹੈ। ਇਹੋ ਪ੍ਰਸ਼ਾਸ਼ਨ ਚਾਹੁੰਦਾ ਸੀ ਕਿ ਲੋਕ ਉਨ੍ਹਾਂ ਨੂੰ ਕਟਹਿਰੇ ਵਿੱਚ ਖੜ੍ਹਾ ਨਾ ਕਰਨ।

ਸਿਮਰਜੀਤ ਸਿੰਘ ਬੈਂਸ ਨੇ ਵੀ ਇਹ ਨਹੀਂ ਸੋਚਿਆ ਹੋਣਾ ਕਿ ਉਸ ਦੇ ਅਜਿਹੇ ਵਰਤਾਓ ਨਾਲ ਫੈਕਟਰੀ ਧਮਾਕੇ ਵਿੱਚ ਮਾਰੇ ਗਏ ਲੋਕਾਂ ਨੂੰ ਇਨਸਾਫ਼ ਮਿਲਣ ਵਿੱਚ ਦੇਰੀ ਹੋ ਜਾਵੇਗੀ। ਹੁਣ ਤਾਂ ਸਾਰੇ ਸੰਸਾਰ ਦੇ ਪੰਜਾਬੀਆਂ ਦਾ ਧਿਆਨ ਇਸ ਚਰਚਿਤ ਵਾਇਰਲ ਵੀਡੀਓ ਅਤੇ ਸਿਮਰਜੀਤ ਸਿੰਘ ਬੈਂਸ ਵਿਰੁੱਧ ਦਰਜ ਕੇਸ ਤਰਫ਼ ਹੋ ਗਿਆ ਹੈ। ਬਟਾਲਾ ਪਟਾਕਾ ਫੈਕਟਰੀ ਦੀ ਪੜਤਾਲ ਤੇਜਿੰਦਰ ਪਾਲ ਸਿੰਘ ਸੰਧੂ ਏ.ਡੀ.ਸੀ.ਕਰ ਰਹੇ ਹਨ। ਇਹ ਵੀ ਅਜੀਬ ਗੱਲ ਹੈ ਕਿ ਲੋਕਾਂ ਵਿੱਚ ਡਿਪਟੀ ਕਮਿਸ਼ਨਰ ਦੇ ਦਫ਼ਤਰ ਵਿਰੁੱਧ ਅਣਗਹਿਲੀ ਵਰਤਣ ਦਾ ਰੋਸ ਹੈ। ਉਸ ਦਫ਼ਤਰ ਦਾ ਏ.ਡੀ.ਸੀ.ਆਪਣੇ ਦਫ਼ਤਰ ਵਿਰੁੱਧ ਪੜਤਾਲ ਕਰ ਰਿਹਾ ਹੈ। ਲੋਕਾਂ ਨੂੰ ਇਨਸਾਫ਼ ਕਿਵੇਂ ਮਿਲੇਗਾ? ਕੋਈ ਅਧਿਕਾਰੀ ਆਪਣੇ ਦਫ਼ਤਰ ਦੇ ਵਿਰੁੱਧ ਫ਼ੈਸਲਾ ਕਿਵੇਂ ਦੇਵੇਗਾ?

ਸਰਕਾਰਾਂ ਦੇ ਵੀ ਰੰਗ ਨਿਰਾਲੇ ਹਨ। ਮੁੱਖ ਮੰਤਰੀ ਨੇ ਮੁੱਖ ਸਕੱਤਰ ਨੂੰ ਮੈਜਿਸਟ੍ਰੇਟੀ ਪੜਤਾਲ ਕਰਨ ਲਈ ਰਿਹਾ। ਮੁੱਖ ਸਕੱਤਰ ਨੇ ਡਿਪਟੀ ਕਮਿਸ਼ਨਰ ਨੂੰ ਪੜਤਾਲ ਕਰਨ ਲਈ ਕਹਿ ਦਿੱਤਾ। ਡਿਪਟੀ ਕਮਿਸ਼ਨਰ ਨੇ ਆਪਣੇ ਹੀ ਡਿਪਟੀ ਨੂੰ ਪੜਤਾਲ ਸੌਂਪ ਦਿੱਤੀ। ਘਰ ਦਾ ਮਸਲਾ ਤੇ ਫ਼ੈਸਲਾ ਘਰ ਵਿੱਚ ਹੀ ਰਹਿ ਗਿਆ। ਆਪੇ ਦੋਸ਼ੀ ਆਪੇ ਫ਼ੈਸਲਾ ਕਰਨ ਵਾਲਾ। ਵਾਹ ਨੀ ਸਰਕਾਰੇ ਤੇਰੇ ਕੰਮ ਨਿਆਰੇ, ਤੈਨੂੰ ਆਪਣੇ ਹੀ ਪਿਆਰੇ।

ਬਟਾਲਾ ਵਿਖੇ ਮੱਟੂ ਪਟਾਕਾ ਵਰਕਸ ਵਿੱਚ ਹੋਏ ਧਮਾਕੇ ਨਾਲ ਮਾਰੇ ਗਏ ਵਿਅਕਤੀਆਂ ਦੀਆਂ ਲਾਸ਼ਾਂ ਦੀ ਪਛਾਣ ਸੰਬੰਧੀ ਆਤਮ ਨਗਰ ਲੁਧਿਆਣਾ ਤੋਂ ਵਿਧਾਨਕਾਰ ਸਿਮਰਜੀਤ ਸਿੰਘ ਬੈਂਸ ਵੱਲੋਂ ਡਿਪਟੀ ਕਮਿਸ਼ਨਰ ਗੁਰਦਾਸਪੁਰ ਨਾਲ ਕੀਤੇ ਗਏ ਦੁਰਵਿਵਹਾਰ ਦੀ ਵੀਡੀਓ ਵਾਇਰਲ ਹੋਣ ਤੋਂ ਬਾਅਦ ਵਿਧਾਨਕਾਰ ਅਤੇ ਉਨ੍ਹਾਂ ਦੇ ਸਾਥੀਆਂ ਵਿਰੁੱਧ ਸਰਕਾਰੀ ਕੰਮ ਵਿੱਚ ਵਿਘਨ ਪਾਉਣ, ਟਰੈਸ ਪਾਸ ਕਰਨ, ਅਧਿਕਾਰੀਆਂ ਨੂੰ ਧਮਕਾਉਣ ਅਤੇ ਬਦਸਲੂਕੀ ਕਰਨ ਦਾ ਪੁਲਿਸ ਕੇਸ ਦਰਜ ਹੋਣ ਦੀ ਚਰਚਾ ਅਖ਼ਬਾਰਾਂ ਅਤੇ ਸ਼ੋਸ਼ਲ ਮੀਡੀਆ 'ਤੇ ਲਗਾਤਾਰ ਹੋ ਰਹੀ ਹੈ।

ਵੀਡੀਓ ਵਾਇਰਲ ਹੋਣ ਤੋਂ ਤੁਰੰਤ ਬਾਅਦ ਚਰਚਾਵਾਂ ਸ਼ੁਰੂ ਹੋ ਗਈਆਂ ਸਨ, ਕੁਝ ਲੋਕ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਅਤੇ ਕੁਝ ਲੋਕ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਬੋਲ ਰਹੇ ਸਨ। ਇਸ ਫ਼ੈਕਟਰੀ ਵਿੱਚ ਹੋਏ ਜਾਨੀ ਤੇ ਮਾਲੀ ਨੁਕਸਾਨ ਤੋਂ ਪੰਜਾਬ ਦੇ ਆਮ ਲੋਕ ਪ੍ਰਸ਼ਾਸ਼ਨ ਵਿਰੁੱਧ ਗੁੱਸੇ ਵਿੱਚ ਹਨ। ਸਿਮਰਜੀਤ ਸਿੰਘ ਬੈਂਸ ਦਾ ਗੁੱਸਾ ਬੇਸ਼ੱਕ ਜਾਇਜ਼ ਹੋਵੇ ਪ੍ਰੰਤੂ ਉਸ ਦੀ ਸ਼ਬਦਾਵਲੀ ਇਕ ਸੁਲਝੇ ਹੋਏ ਸਿਆਸਤਦਾਨ ਵਰਗੀ ਨਹੀਂ ਸੀ।

ਅਜਿਹੇ ਹਾਲਾਤ ਵਿੱਚ ਸਿਆਸਤਦਾਨ ਵੀ ਦੁਰਘਟਨਾ ਦੀ ਸੰਜੀਦਗੀ ਨੂੰ ਸਮਝਣ ਤੋਂ ਬਿਨਾਂ ਹੀ ਬਿਆਨਬਾਜ਼ੀ ਕਰਕੇ ਸਿਆਸੀ ਲਾਹਾ ਲੈਣ ਦੀ ਕੋਸ਼ਿਸ਼ ਕਰ ਰਹੇ ਹਨ। ਇਹ ਮੌਕਾ ਗ਼ਰੀਬ ਲੋਕਾਂ ਦੇ ਰੋਟੀ ਰੋਜ਼ੀ ਕਮਾਉਣ ਵਾਲਿਆਂ ਦੇ ਮਾਰੇ ਜਾਣ ਦੇ ਦੁੱਖ ਨੂੰ ਮਹਿਸੂਸ ਕਰਕੇ ਉਨ੍ਹਾਂ ਨਾਲ ਹਮਦਰਦੀ ਪ੍ਰਗਟ ਕਰਨ ਦਾ ਹੈ। ਸਾਰੀਆਂ ਪਾਰਟੀਆਂ ਦੇ ਸਿਆਸਤਦਾਨ ਅਜਿਹੇ ਮੌਕਿਆਂ ਦਾ ਲਾਭ ਉਠਾਉਣ ਦੀ ਕੋਸ਼ਿਸ਼ ਵਿਚ ਰਹਿੰਦੇ ਹਨ। ਉਹ ਦੁਖੀ ਲੋਕਾਂ ਦੀ ਦੁੱਖਦੀ ਰਗ 'ਤੇ ਹੱਥ ਰੱਖ ਕੇ ਸਥਾਨਕ ਪ੍ਰਸ਼ਾਸ਼ਨ ਅਤੇ ਸਰਕਾਰ ਦੇ ਵਿਰੁੱਧ ਬਿਆਨ ਦੇ ਕੇ ਵਾਰਸਾਂ ਦੀ ਹਮਦਰਦੀ ਲੈਣ ਵਿੱਚ ਯਤਨਸ਼ੀਲ ਹੁੰਦੇ ਹਨ, ਜੋ ਬਿਲਕੁਲ ਹੀ ਜਾਇਜ਼ ਨਹੀਂ ਹੁੰਦਾ।

ਇਸ ਵਿੱਚ ਕੋਈ ਸ਼ੱਕ ਨਹੀਂ ਕਿ ਪ੍ਰਸ਼ਾਸ਼ਨ ਦੀ ਅਣਗਹਿਲੀ ਕਾਰਨ ਇਹ ਘਟਨਾ ਵਾਪਰੀ ਹੈ। ਸਵਾਲ ਤਾਂ ਇਹ ਹੈ ਕਿ ਦੁਰਘਟਨਾ ਤੋਂ ਤੁਰੰਤ ਬਾਅਦ ਤਾਂ ਬਚਾਓ ਪ੍ਰਬੰਧਾਂ ਵਿੱਚ ਤੇਜ਼ੀ ਲਿਆਉਣੀ ਹੁੰਦੀ ਹੈ, ਅਜਿਹੇ ਮੌਕੇ 'ਤੇ ਪ੍ਰਸ਼ਾਸ਼ਨ ਦੇ ਬਚਾਓ ਪ੍ਰਬੰਧਾਂ ਵਿੱਚ ਰੁਕਾਵਟ ਪਾਉਣੀ ਜਾਇਜ਼ ਨਹੀਂ ਹੁੰਦੀ। ਬਚਾਓ ਪ੍ਰਬੰਧਾਂ ਦੇ ਰੌਲੇ ਰੱਪੇ ਵਿੱਚ ਕਈ ਊਣਤਾਈਆਂ ਵੀ ਰਹਿ ਜਾਂਦੀਆਂ ਹਨ ਕਿਉਂਕਿ ਪ੍ਰਭਾਵਤ ਲੋਕ ਗਹਿਰੇ ਸਦਮੇ ਵਿੱਚ ਹੁੰਦੇ ਹਨ। ਉਨ੍ਹਾਂ ਨਾਲ ਹਮਦਰਦੀ ਜ਼ਰੂਰੀ ਹੁੰਦੀ ਹੈ। ਇਸ ਲਈ ਉਹ ਹਰ ਵਿਅਕਤੀ ਤੋਂ ਮਦਦ ਦੀ ਆਸ ਰੱਖਦੇ ਹਨ।

ਸਤਨਾਮ ਸਿੰਘ ਦੀ ਲਾਸ਼ ਦੀ ਪਛਾਣ ਦਾ ਮਸਲਾ ਲਟਕਿਆ ਹੋਇਆ ਸੀ। ਉਸ ਦਾ ਭਰਾ ਬੇਬਸ ਹੋਇਆ ਪਿਆ ਸੀ ਕਿਉਂਕਿ ਲਾਸ਼ ਦੀ ਪਛਾਣ ਨਹੀਂ ਹੋ ਰਹੀ ਸੀ। ਸਿਮਰਜੀਤ ਸਿੰਘ ਬੈਂਸ ਸਹਿਜਸੁਭਾ ਹੀ ਗਰਮਜੋਸ਼ੀ ਵਿੱਚ ਅਧਿਕਾਰੀਆਂ ਦੀ ਮੀਟਿੰਗ ਵਿੱਚ ਘੁਸ ਗਿਆ, ਜਿਥੋਂ ਤਕਰਾਰ ਸ਼ੁਰੂ ਹੋਈ।

ਸਵਾਲ ਤਾਂ ਇਹ ਪੈਦਾ ਹੁੰਦਾ ਹੈ ਕਿ ਸਿਮਰਜੀਤ ਸਿੰਘ ਬੈਂਸ ਕਸੂਰਵਾਰ ਹੈ ਜਾਂ ਡਿਪਟੀ ਕਮਿਸ਼ਨਰ? ਸਿਮਰਜੀਤ ਸਿੰਘ ਬੈਂਸ ਦੀ ਲੋਕਾਂ ਵਿੱਚ ਹਰਮਨ ਪਿਆਰਤਾ ਕਾਫ਼ੀ ਹੈ। ਲੋਕ ਉਸ ਤੇ ਵਿਸ਼ਵਾਸ ਕਰਦੇ ਹਨ। ਕਸੂਰਵਾਰ ਕੌਣ ਹੈ, ਇਸ ਦਾ ਫ਼ੈਸਲਾ ਪੁਲਿਸ ਪੜਤਾਲ ਕਰੇਗੀ। ਹੈਰਾਨੀ ਇਸ ਗੱਲ ਦੀ ਹੈ ਕਿ ਪੜਤਾਲ ਕੌਣ ਕਰ ਰਿਹਾ ਹੈ, ਪੁਲਿਸ ਦੇ ਥਾਣੇ ਦਾ ਮੁਖੀ? ਮੀਟਿੰਗ ਵਿੱਚ ਤਾਂ ਉਪਿੰਦਰਜੀਤ ਸਿੰਘ ਘੁੰਮਣ ਐੱਸ.ਐੱਸ.ਪੀ., ਤੇਜਿੰਦਰਪਾਲ ਸਿੰਘ ਸੰਧੂ ਏ.ਡੀ.ਸੀ., ਬਲਬੀਰ ਰਾਜ ਸਿੰਘ ਐੱਸ.ਡੀ.ਐੱਮ., ਡਾ.ਕਿਸ਼ਨ ਚੰਦ ਸਿਵਲ ਸਰਜਨ ਅਤੇ ਹੋਰ ਅਧਿਕਾਰੀ ਮੌਜੂਦ ਸਨ।

ਸ਼ਿਕਾਇਤ ਕਰਨ ਵਾਲਾ ਐੱਸ.ਡੀ.ਐੱਮ. ਹੈ, ਸ਼ਿਕਾਇਤ ਡਿਪਟੀ ਕਮਿਸ਼ਨਰ ਨਾਲ ਬਦਸਲੂਕੀ ਦੀ ਹੈ। ਜਿਹੜਾ ਵੀ ਛੋਟਾ ਪੁਲਿਸ ਅਧਿਕਾਰੀ ਪੜਤਾਲ ਕਰੇਗਾ ਉਹ ਸਿਮਰਜੀਤ ਸਿੰਘ ਬੈਂਸ ਦੇ ਵਿਰੁੱਧ ਹੀ ਪੜਤਾਲ ਦਾ ਫ਼ੈਸਲਾ ਕਰੇਗਾ। ਪੜਤਾਲ ਸਥਾਨਕ ਅਧਿਕਾਰੀਆਂ ਤੋਂ ਨਹੀਂ ਕਰਵਾਉਣੀ ਚਾਹੀਦੀ। ਪੜਤਾਲ ਤਾਂ ਸੀਨੀਅਰ ਆਈ.ਏ.ਐੱਸ. ਅਧਿਕਾਰੀ ਤੋਂ ਕਰਵਾਉਣੀ ਚਾਹੀਦੀ ਹੈ। ਵੈਸੇ ਤਾਂ ਆਈ.ਏ.ਐੱਸ. ਵੀ ਆਈ.ਏ.ਐੱਸ. ਦੇ ਵਿਰੁੱਧ ਫ਼ੈਸਲਾ ਨਹੀਂ ਕਰਨਗੇ।

ਸਿਮਰਜੀਤ ਸਿੰਘ ਬੈਂਸ ਦਾ ਸੁਭਾਅ ਹੀ ਇਸ ਤਰ੍ਹਾਂ ਦਾ ਹੈ ਕਿ ਉਹ ਹਮੇਸ਼ਾ ਹੀ ਅਧਿਕਾਰੀਆਂ ਅਤੇ ਸਰਕਾਰੀ ਕਰਮਚਾਰੀਆਂ ਨਾਲ ਹਮਲਾਵਰ ਰੁੱਖ ਅਪਣਾ ਕੇ ਗੱਲ ਕਰਦਾ ਹੈ। ਉਹ ਹਰ ਅਧਿਕਾਰੀ ਨੂੰ ਡਿਫ਼ੈਂਸਿਵ ਬਣਾ ਦਿੰਦਾ ਹੈ। ਸਲੀਕੇ ਨਾਲ ਬਹੁਤ ਹੀ ਘੱਟ ਗੱਲ ਕਰਦਾ ਹੈ। ਦੂਜੇ ਉਹ ਬੇਸ਼ਕ ਆਪਣੇ ਆਪ ਨੂੰ ਇਮਾਨਦਾਰ ਸਮਝਦਾ ਹੈ, ਸ਼ਾਇਦ ਹੋਵੇ ਵੀ ਪ੍ਰੰਤੂ ਸਾਰੇ ਅਧਿਕਾਰੀ ਅਤੇ ਕਰਮਚਾਰੀ ਵੀ ਭ੍ਰਿਸ਼ਟ ਨਹੀਂ ਹੁੰਦੇ। ਉਨ੍ਹਾਂ ਦਾ ਇਕ ਵਿਧਾਇਕ ਹੋਣ ਦੇ ਨਾਤੇ ਪ੍ਰੋਟੋਕੋਲ ਅਨੁਸਾਰ ਮੁੱਖ ਸਕੱਤਰ ਤੋਂ ਉਪਰ ਸਟੇਟਸ ਹੈ। ਇਸ ਲਈ ਉਸ ਦਾ ਹੱਕ ਬਣਦਾ ਹੈ ਕਿ ਉਹ ਲੋਕ ਮਸਲਿਆਂ 'ਤੇ ਅਧਿਕਾਰੀਆਂ ਨਾਲ ਗੱਲਬਾਤ ਕਰ ਸਕਦਾ ਹੈ। ਪ੍ਰੰਤੂ ਸਿਮਰਜੀਤ ਸਿੰਘ ਬੈਂਸ ਦਾ ਗੱਲਬਾਤ ਕਰਨ ਦਾ ਢੰਗ ਸਹੀ ਨਹੀਂ ਹੈ।

ਵਿਧਾਇਕ ਦਾ ਇਹ ਹੱਕ ਨਹੀਂ ਕਿ ਉਹ ਅਧਿਕਾਰੀਆਂ ਨਾਲ ਗ਼ੈਰ ਇਨਸਾਨੀਅਤ ਵਾਲਾ ਵਿਵਹਾਰ ਕਰੇ। ਡਿਪਟੀ ਕਮਿਸ਼ਨਰ ਦਾ ਵੀ ਫਰਜ਼ ਬਣਦਾ ਹੈ ਕਿ ਉਹ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨਾਲ ਪਹਿਲ ਦੇ ਆਧਾਰ 'ਤੇ ਗੱਲ ਕਰੇ ਅਤੇ ਬਣਦਾ ਸਤਿਕਾਰ ਦੇਵੇ। ਬੈਂਸ ਸਾਹਿਬ ਨੂੰ ਸਹਿਜਤਾ ਨਾਲ ਸਮਾਂ ਲੈ ਕੇ ਗੱਲ ਕਰਨੀ ਚਾਹੀਦੀ ਸੀ। ਜ਼ੋਰ ਜ਼ਬਰਦਸਤੀ ਦਾ ਢੰਗ ਅਜਿਹੇ ਗੰਭੀਰ ਮੌਕੇ 'ਤੇ ਨਹੀਂ ਕਰਨਾ ਚਾਹੀਦਾ ਸੀ। ਇਹ ਕੋਈ ਪਹਿਲਾ ਮੌਕਾ ਨਹੀਂ ਜਦੋਂ ਉਨ੍ਹਾਂ ਅਜਿਹਾ ਵਿਵਹਾਰ ਕੀਤਾ ਹੋਵੇ। ਉਨ੍ਹਾਂ ਦਾ ਇਹ ਢੰਗ ਵੋਟ ਵਟੋਰਨ ਵਾਲਾ ਹੋ ਸਕਦਾ ਹੈ ਪ੍ਰੰਤੂ ਇਹ ਪ੍ਰਣਾਲੀ ਲੋਕਤੰਤਰਿਕ ਢਾਂਚੇ ਵਿੱਚ ਸਹੀ ਨਹੀਂ ਹੁੰਦੀ। ਜੇ ਵਿਧਾਨਕਾਰ ਦੇ ਹੱਕ ਹਨ ਤਾਂ ਅਧਿਕਾਰੀਆਂ ਤੇ ਕਰਮਚਾਰੀਆਂ ਦੇ ਵੀ ਹੱਕ ਉਸੇ ਤਰ੍ਹਾਂ ਹਨ। ਫਰਜ਼ ਵੀ ਦੋਹਾਂ ਦੇ ਬਰਾਬਰ ਹਨ। ਇਸ ਕਰਕੇ ਸੰਜਮ ਅਤੇ ਸਹਿਜਤਾ ਨਾਲ ਵਰਤਾਓ ਕਰਨਾ ਹੀ ਸਹੀ ਹੁੰਦਾ ਹੈ।

2009 ਵਿੱਚ ਜਦੋਂ ਸਿਮਰਜੀਤ ਸਿੰਘ ਬੈਂਸ ਅਕਾਲੀ ਦਲ ਵਿੱਚ ਹੁੰਦੇ ਸਨ ਤਾਂ ਲੁਧਿਆਣਾ ਵਿਖੇ 2009 ਵਿੱਚ ਤਹਿਸੀਲਦਾਰ ਦੇ ਦਫ਼ਤਰ ਵਿੱਚ ਆਪਣੇ ਸਾਥੀਆਂ ਨਾਲ ਜਾ ਕੇ ਤਹਿਸੀਲਦਾਰ ਗੁਰਜਿੰਦਰ ਸਿੰਘ ਬੈਨੀਪਾਲ ਦੀ ਕੁੱਟ ਮਾਰ ਦਾ ਦੋਸ਼ ਸੀ, ਉਸ ਸਮੇਂ ਵੀ ਅਟੈਂਪਟ ਟੂ ਮਰਡਰ ਕੇਸ ਦਰਜ ਹੋਇਆ ਸੀ। ਏਸੇ ਤਰ੍ਹਾਂ 2015 ਵਿੱਚ ਪਾਸਪੋਰਟ ਦਫ਼ਤਰ ਵਿੱਚ ਗਏ ਸੀ, ਉਥੇ ਵੀ ਝਗੜਾ ਹੋਇਆ ਸੀ ਅਤੇ 2018 ਵਿੱਚ ਵੇਰਕਾ ਮਿਲਕ ਪਲਾਂਟ ਲੁਧਿਆਣਾ ਦੀ ਲੈਬੋਰੇਟਰੀ ਵਿੱਚ ਧੱਕੇ ਨਾਲ ਵੜੇ ਸੀ ਤੇ ਕੇਸ ਦਰਜ ਹੋਇਆ ਸੀ।

ਸਿਮਰਜੀਤ ਸਿੰਘ ਬੈਂਸ ਆਪ ਬਿਆਨ ਵਿੱਚ ਕਹਿ ਰਹੇ ਹਨ ਕਿ ਉਨ੍ਹਾਂ ਵਿਰੁੱਧ 17 ਕੇਸ ਚਲ ਰਹੇ ਹਨ। ਸਿਮਰਜੀਤ ਸਿੰਘ ਬੈਂਸ ਹਮੇਸ਼ਾ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿੱਚ ਰਹਿੰਦੇ ਹਨ। ਪੰਜਾਬ ਵਿੱਚ ਜਿਥੇ ਵੀ ਕਿਤੇ ਕੋਈ ਗੰਭੀਰ ਮਸਲਾ ਖੜ੍ਹਾ ਹੁੰਦਾ ਹੈ ਤਾਂ ਸਿਮਰਜੀਤ ਸਿੰਘ ਬੈਂਸ ਮੋਹਰੀ ਬਣ ਕੇ ਉਥੇ ਪਹੁੰਚਦੇ ਹਨ। ਪੰਜਾਬ ਦੇ ਆਈ.ਏ.ਐੱਸ. ਅਧਿਕਾਰੀਆਂ ਦੀ ਸੰਸਥਾ ਨੇ ਵੀ ਸਰਕਾਰ ਨੂੰ ਯੋਗ ਕਾਰਵਾਈ ਕਰਨ ਦੀ ਗੱਲ ਕੀਤੀ ਹੈ। ਜ਼ਿਲ੍ਹਿਆਂ ਦੇ ਡੀ.ਸੀ. ਦਫ਼ਤਰਾਂ ਦੇ ਕਰਮਚਾਰੀਆਂ ਨੇ ਵੀ ਡਿਪਟੀ ਕਮਿਸ਼ਨਰ ਦੇ ਹੱਕ ਵਿੱਚ ਹੜਤਾਲ ਕੀਤੀ ਹੈ।

ਇਨ੍ਹਾਂ ਸਾਰੀਆਂ ਘਟਨਾਵਾਂ ਨਾਲ ਸਿਮਰਜੀਤ ਸਿੰਘ ਬੈਂਸ ਦੀ ਆਮ ਲੋਕਾਂ ਵਿੱਚ ਹਰਮਨ ਪਿਆਰਤਾ ਵਿੱਚ ਵਾਧਾ ਹੋਇਆ ਹੈ ਪ੍ਰੰਤੂ ਪੜ੍ਹੇ-ਲਿਖੇ ਲੋਕਾਂ ਨੇ ਉਨ੍ਹਾਂ ਦੇ ਵਰਤਾਓ ਨੂੰ ਚੰਗਾ ਨਹੀਂ ਸਮਝਿਆ। ਆਮ ਲੋਕ ਇਹ ਮਹਿਸੂਸ ਕਰ ਰਹੇ ਹਨ ਕਿ ਅਧਿਕਾਰੀ ਲੋਕਾਂ ਦੀਆਂ ਸਮੱਸਿਆਵਾਂ ਵੱਲ ਧਿਆਨ ਨਹੀਂ ਦਿੰਦੇ, ਇਸ ਲਈ ਉਨ੍ਹਾਂ ਨੇ ਸਿਮਰਜੀਤ ਸਿੰਘ ਬੈਂਸ ਦੀ ਸਪੋਰਟ ਕਰ ਦਿੱਤੀ ਹੈ। ਇਕ ਕਿਸਮ ਨਾਲ ਲੋਕ ਹੁਣ ਆਪਣੇ ਹੱਕਾਂ ਪ੍ਰਤੀ ਜਾਗ੍ਰਿਤ ਹੋ ਰਹੇ ਹਨ।

ਜੀਰਾ ਵਿਖੇ ਇਕ ਸਬ ਡਵੀਜ਼ਨ ਮੈਜਿਸਟ੍ਰੇਟ ਨੂੰ ਵੀ ਲੋਕਾਂ ਨੇ ਘੇਰਿਆ ਹੈ। ਭਾਵੇਂ ਅਮਨ-ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਣਾ ਜਾਇਜ਼ ਨਹੀਂ ਪ੍ਰੰਤੂ ਜਦੋਂ ਲੋਕਾਂ ਨੂੰ ਇਨਸਾਫ਼ ਨਹੀਂ ਮਿਲਦਾ ਤਾਂ ਉਹ ਮਜਬੂਰ ਹੋ ਕੇ ਅਜਿਹਾ ਕਦਮ ਚੁੱਕਦੇ ਹਨ। ਲੋਕਾਂ ਦੇ ਸੁਜੱਗ ਹੋਣ ਨਾਲ ਇਨਸਾਫ਼ ਦਾ ਰਾਹ ਖੁੱਲ੍ਹ ਜਾਵੇਗਾ ਪ੍ਰੰਤੂ ਮਰਿਆਦਾ ਵਿੱਚ ਰਹਿਣਾ ਲਾਜ਼ਮੀ ਹੈ।

ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER