ਵਿਚਾਰ
ਸਿਆਸਤਦਾਨਾਂ ਦਾ ਖੋਖਲਾਪਨ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਵੀ ਸਿਆਸਤ
- ਉਜਾਗਰ ਸਿੰਘ*
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ 'ਤੇ ਵੀ ਸਿਆਸਤ



ਵਰਤਮਾਨ ਸਿਆਸੀ ਅਤੇੇ ਪ੍ਰਬੰਧਕੀ ਪ੍ਰਣਾਲੀ ਵਿੱਚ ਇਨਸਾਫ਼ ਲੈਣਾ ਅਸੰਭਵ ਹੁੰਦਾ ਜਾ ਰਿਹਾ ਹੈ। ਸਿਆਸਤਦਾਨ ਆਪਣੀਆਂ ਕੁਰਸੀਆਂ ਬਚਾਉਣ ਅਤੇ ਪ੍ਰਬੰਧਕੀ ਅਫ਼ਸਰਸ਼ਾਹੀ ਮਲਾਈ ਵਾਲੀਆਂ ਪੋਸਟਾਂ ਲੈਣ ਨੂੰ ਤਰਜੀਹ ਦੇਣ ਲੱਗਿਆਂ ਇਨਸਾਫ਼ ਦੇ ਰਸਤੇ ਬੰਦ ਕਰਨ ਤੋਂ ਵੀ ਨਹੀਂ ਝਿਜਕਦੇ।

ਬਰਗਾੜੀ ਕਾਂਡ ਨਾਲ ਸੰਬੰਧਤ ਤਿੰਨ ਕੇਸ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਸਨ, ਸੀ.ਬੀ.ਆਈ. ਨੇ ਚੁੱਪ ਚੁਪੀਤੇ 4 ਜੁਲਾਈ ਨੂੰ ਬੰਦ ਕਰਨ ਦੀ ਰਿਪੋਰਟ ਮੋਹਾਲੀ ਸੀ.ਬੀ.ਆਈ. ਕਚਹਿਰੀ ਵਿੱਚ ਦਾਖ਼ਲ ਕਰ ਦਿੱਤੀ। ਹੈਰਾਨੀ ਦੀ ਗੱਲ ਹੈ ਕਿ ਇਸ ਕੇਸ ਨੂੰ ਬੰਦ ਕਰਨ ਦੀ ਕਾਰਵਾਈ ਇਤਨੀ ਗੁਪਤ ਰੱਖੀ ਗਈ ਕਿ ਉਸ ਦੀ ਕਨਸੋਅ 13 ਜੁਲਾਈ ਨੂੰ ਆਈ। ਜਿਨ੍ਹਾਂ ਅਧਿਕਾਰੀਆਂ ਅਤੇ ਸਿਆਸਤਦਾਨਾਂ 'ਤੇ ਇਨਸਾਫ਼ ਲੈਣ ਲਈ ਪਰਜਾ ਰੱਬ ਜਿਤਨਾ ਵਿਸ਼ਵਾਸ ਕਰਦੀ ਹੈ, ਜੇ ਉਹ ਹੀ ਲੋਕਾਂ ਦੀਆਂ ਅੱਖਾਂ ਵਿੱਚ ਘੱਟਾ ਪਾਉਣ ਲੱਗ ਜਾਣ ਤਾਂ ਫਿਰ ਪਰਜਾ ਦਾ ਕੀ ਬਣੇਗਾ।

ਹੈਰਾਨੀ ਤੇ ਪ੍ਰੇਸ਼ਾਨੀ ਇਸ ਗੱਲ ਦੀ ਹੈ ਕਿ ਸਿੱਖ ਸੰਗਤ ਦੀਆਂ ਧਾਰਮਿਕ ਭਾਵਨਾਵਾਂ ਦੀ ਕਦਰ ਵੀ ਨਹੀਂ ਕੀਤੀ ਗਈ। ਸਿੱਖ ਸੰਗਤ ਲਈ ਸ੍ਰੀ ਗੁਰੂ ਗ੍ਰੰਥ ਸਾਹਿਬ ਸਰਵੋਤਮ ਤੇ ਪਵਿਤਰ ਹੈ। ਇਹ ਸੰਸਾਰ ਵਿੱਚ ਭਰਾਤਰੀ ਭਾਵ ਅਤੇ ਸਦਭਾਵਨਾ ਦਾ ਸੰਦੇਸ਼ ਦਿੰਦਾ ਹੈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਸੰਬੰਧਤ ਤਿੰਨ ਕੇਸ ਬੰਦ ਕਰਨ ਦੀ ਕਾਰਵਾਈ ਨੇ ਸਿੱਖ ਸੰਗਤਾਂ ਦੀਆਂ ਮਾਨਸਿਕ ਭਾਵਨਾਵਾਂ ਨੂੰ ਗਹਿਰੀ ਸੱਟ ਮਾਰੀ ਹੈ। ਸਿੱਖ ਜਗਤ ਵਿੱਚ ਗੁੱਸੇ ਦੀ ਲਹਿਰ ਦੌੜ ਗਈ ਹੈ। ਸਿੱਖ ਜਗਤ ਦੋਸ਼ੀਆਂ ਨੂੰ ਸਜ਼ਾ ਮਿਲਣ ਦਾ ਇੰਤਜ਼ਾਰ ਕਰ ਰਿਹਾ ਸੀ ਪ੍ਰੰਤੂ ਕੇਸ ਬੰਦ ਕਰਨ ਦੀ ਰਿਪੋਰਟ ਨਾਲ ਕੇਂਦਰ ਦੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਅਤੇ ਉਸ ਵਿੱਚ ਸ਼ਾਮਲ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਅਤੇ ਉਨ੍ਹਾਂ ਦੀ ਪਤਨੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਦੀ ਸਾਜ਼ਿਸ਼ ਦਾ ਪਤਾ ਲੱਗ ਗਿਆ ਹੈ। ਇਹ ਸਮਝ ਤੋਂ ਬਾਹਰ ਹੈ ਕਿ ਅਕਾਲੀ ਦਲ ਪਹਿਲਾਂ ਹੀ ਬੇਅਦਬੀ ਦੀਆਂ ਘਟਨਾਵਾਂ ਕਰਕੇ ਗਰਦਸ਼ ਵਿਚੋਂ ਲੰਘ ਰਿਹਾ ਹੈ। ਫਿਰ ਵੀ ਅਜਿਹੀਆਂ ਹਰਕਤਾਂ ਕਿਵੇਂ ਕਰ ਰਿਹਾ ਹੈ। ਲੋਕ ਸਭਾ ਚੋਣਾਂ ਦੇ ਨਤੀਜਿਆਂ ਤੋਂ ਅਕਾਲੀ ਦਲ ਬਾਦਲ ਸਬਕ ਸਿੱਖਣ ਦੀ ਕੋਸ਼ਿਸ਼ ਹੀ ਨਹੀਂ ਕਰਦਾ। ਭਾਰਤੀ ਜਨਤਾ ਪਾਰਟੀ ਬਾਦਲ ਦਲ ਨੂੰ ਕਮਜ਼ੋਰ ਕਰਕੇ ਪੰਜਾਬ ਵਿੱਚ ਆਪਣੀ ਸਰਕਾਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ।

ਕੇਸ ਬੰਦ ਕਰਨ ਦੀ ਦਰਖਾਸਤ ਵਿੱਚ ਸੀ.ਬੀ.ਆਈ. ਨੇ ਲਿਖਿਆ ਹੈ ਕਿ ਉਨ੍ਹਾਂ ਕੋਲ ਦੋਸ਼ੀਆਂ ਦੇ ਵਿਰੁੱਧ ਕੋਈ ਸਬੂਤ ਹੀ ਨਹੀਂ ਹਨ ਕਿਉਂਕਿ ਉਦੋਂ ਦੀ ਪੁਲਿਸ ਨੇ ਰਿਕਾਰਡ ਤੇ ਗੁਰੂ ਘਰ ਨੂੰ ਸੀਲ ਨਹੀਂ ਕੀਤਾ, ਜਿਸ ਕਰਕੇ ਫਿੰਗਰ ਪ੍ਰਿੰਟ ਨਹੀਂ ਲਏ ਜਾ ਸਕਦੇ। ਮਤਲਬ ਕਿ ਤਕਨੀਕੀ ਸਬੂਤ ਨਸ਼ਟ ਹੋ ਚੁੱਕੇ ਹਨ। ਇਸ ਲਈ ਕੇਸ ਦੀ ਤਹਿ ਤਕ ਜਾਣਾ ਅਸੰਭਵ ਹੈ। ਸੀ.ਬੀ.ਆਈ. ਦਾ ਸਪੈਸ਼ਲ ਜੱਜ ਅਗਲੀ ਤਰੀਕ 'ਤੇ ਕੇਸ ਬੰਦ ਕਰਨ ਦੀ ਰਿਪੋਰਟ ਬਾਰੇ ਫੈਸਲਾ ਕਰੇਗਾ। ਸੀ.ਬੀ.ਆਈ. ਨੇ ਇਸ ਕੇਸ ਦੀ ਪੜਤਾਲ ਕਰਦਿਆਂ ਬਰਗਾੜੀ ਪਿੰਡ ਦੇ 400 ਵਿਅਕਤੀਆਂ ਦੇ ਫਿੰਗਰ ਪ੍ਰਿੰਟ ਅਤੇ ਆਧਾਰ ਕਾਰਡ ਦੇ ਨਮੂਨੇ ਲਏ ਸਨ। ਸਾਰਾ ਰਿਕਾਰਡ ਉਨ੍ਹਾਂ ਕੋਲ ਸੀ। ਸੀ.ਬੀ.ਆਈ. ਨੂੰ ਕੇਸ ਬਾਦਲ ਸਰਕਾਰ ਨੇ ਹੀ ਨਵੰਬਰ 2015 ਵਿੱਚ ਦਿੱਤਾ ਸੀ। ਹੈਰਾਨੀ ਇਸ ਗੱਲ ਦੀ ਹੈ ਕਿ ਸੀ.ਬੀ.ਆਈ. ਸਾਢੇ ਤਿੰਨ ਸਾਲ ਕੇਸ ਦੀ ਪੜਤਾਲ ਕਰਦੀ ਰਹੀ। ਉਨ੍ਹਾਂ ਦੇ ਟੀ.ਏ.-ਡੀ.ਏ. ਅਤੇ ਹੋਰ ਖਰਚੇ 'ਤੇ ਲੱਖਾਂ ਰੁਪਏ ਖਰਚ ਹੋਏ, ਉਹ ਸਾਰੇ ਅਜਾਈਂ ਚਲੇ ਗਏ। ਹੁਣ ਕਹਿ ਦਿੱਤਾ ਕਿ ਕੋਈ ਫੌਰੈਂਸਿਕ ਸਬੂਤ ਨਹੀਂ ਹਨ।

ਸੀ.ਬੀ.ਆਈ. ਨੇ ਨਾਭਾ ਜੇਲ੍ਹ ਵਿੱਚ ਮੁੱਖ ਦੋਸ਼ੀ ਮਹਿੰਦਰਪਾਲ ਬਿੱਟੂ ਦਾ ਨਾਰਕੋਟਿਕ ਟੈਸਟ ਅਤੇ ਬਰੇਨ ਮੈਪਿੰਗ ਵੀ ਕਰਵਾਈ ਸੀ। ਉਨ੍ਹਾਂ ਅਨੁਸਾਰ ਇਸ ਵਿੱਚ ਬਿੱਟੂ ਦਾ ਨਤੀਜਾ ਨੈਗੇਟਿਵ ਆਇਆ ਸੀ। ਇਹ ਟੈਸਟ ਤਾਂ ਏਥੇ ਹੋ ਹੀ ਨਹੀਂ ਸਕਦੇ। ਜੇ ਟੈਸਟ ਕਰਵਾਉਣੇ ਸਨ ਤਾਂ ਬੰਗਲੌਰ ਜਾਂ ਗੁਜਰਾਤ ਵਿੱਚ ਗਾਂਧੀ ਨਗਰ ਤੋਂ ਕਰਵਾਏ ਜਾਂਦੇ ਜਿਨ੍ਹਾਂ ਨੂੰ ਅਧਿਕਾਰਤ ਟੈਸਟ ਮੰਨਿਆ ਜਾਂਦਾ ਹੈ। ਇਸ ਲਈ ਇਹ ਟੈਸਟ ਵੀ ਸ਼ੱਕੀ ਹੋ ਗਏ।

ਸੁਖਜਿੰਦਰ ਸਿੰਘ ਰੰਧਾਵਾ ਸਹਿਕਾਰਤਾ ਮੰਤਰੀ ਨੇ ਦੋਸ਼ ਲਾਇਆ ਹੈ ਕਿ ਅਸਲ ਵਿੱਚ ਕੇਂਦਰ ਸਰਕਾਰ ਦਾ ਮਨ ਸਾਫ ਨਹੀਂ ਲੱਗਦਾ ਕਿਉਂਕਿ ਹਰਿਆਣਾ ਵਿੱਚ ਵਿਧਾਨ ਸਭਾ ਦੀਆਂ ਚੋਣਾਂ ਆ ਰਹੀਆਂ ਹਨ। ਪ੍ਰੇਮੀਆਂ ਦੀਆਂ ਵੋਟਾਂ ਨੂੰ ਮੁੱਖ ਰੱਖਦਿਆਂ ਅਜਿਹੇ ਫੈਸਲੇ ਕੀਤੇ ਗਏ ਹਨ। ਇਹ ਵੇਖਣ ਵਾਲੀ ਗੱਲ ਹੈ ਕਿ ਕੀ ਸਾਰੇ ਕੇਸ ਫੌਰੈਂਸਿਕ ਪੜਤਾਲ ਨਾਲ ਹੀ ਹਲ ਕੀਤੇ ਜਾਂਦੇ ਹਨ। "ਜੱਟ ਮਚਲਾ ਖ਼ੁਦਾ ਨੂੰ ਲੈ ਗਏ ਚੋਰ" ਵਾਲੀ ਕਹਾਵਤ ਸੀ.ਬੀ.ਆਈ. 'ਤੇ ਢੁਕਦੀ ਹੈ। ਇਤਨੇ ਸੰਵੇਦਨਸ਼ੀਲ ਕੇਸ, ਜਿਸ ਵੱਲ ਸਮੁੱਚੇ ਸਿੱਖ ਜਗਤ ਦੀਆਂ ਆਸ਼ਾਵਾਂ ਸਨ, ਵਿੱਚ ਅਣਗਹਿਲੀ ਵਰਤੀ ਗਈ ਹੈ।

6 ਜੁਲਾਈ 2018 ਨੂੰ ਸੀ.ਬੀ.ਆਈ. ਨੇ ਦੋਸ਼ੀ ਮਹਿੰਦਰਪਾਲ ਬਿੱਟੂ ਨੂੰ ਗ੍ਰਿਫ਼ਤਾਰ ਕਰਕੇ 13 ਜੁਲਾਈ ਤਕ ਦਿੱਲੀ ਲਿਜਾ ਕੇ ਇਨਟੈਰੋਗੇਸ਼ਨ ਕੀਤੀ ਸੀ। ਜਦੋਂ ਕਿ ਦੋਸ਼ੀਆਂ ਦੇ ਦੋਸ਼ ਮੰਨਣ ਤੇ ਮੈਜਿਸਟਰੇਟ ਸਾਹਮਣੇ 164 ਦੇ ਇਕਬਾਲੀਆ ਬਿਆਨ ਦਰਜ ਹੋਏ ਸਨ। 6 ਸਤੰਬਰ 2018 ਨੂੰ ਸਾਰੇ ਦੋਸ਼ੀਆਂ ਦੀ ਜ਼ਮਾਨਤ ਹੋ ਗਈ ਕਿਉਂਕਿ ਸੀ.ਬੀ.ਆਈ. ਨੇ ਤਿੰਨ ਮਹੀਨੇ ਵਿੱਚ ਚਲਾਣ ਪੇਸ਼ ਨਹੀਂ ਕੀਤਾ ਸੀ। ਵੈਸੇ ਤਾਂ ਕੇਂਦਰ ਸਰਕਾਰ ਦੀ ਮਨਸ਼ਾ ਦਾ ਉਦੋਂ ਹੀ ਪਤਾ ਲੱਗ ਗਿਆ ਸੀ, ਜਦੋਂ ਚਲਾਣ ਪੇਸ਼ ਨਹੀਂ ਕੀਤਾ ਗਿਆ ਸੀ। ਜੇਕਰ ਸੰਜੀਦਗੀ ਨਾਲ ਨਿਪਟਦੇ ਤਾਂ ਇਹ ਮੌਕਾ ਨਹੀਂ ਆਉਣਾ ਸੀ।

ਪਹਿਲਾਂ ਬਾਦਲ ਸਰਕਾਰ ਨੇ ਜੋਰਾ ਸਿੰਘ ਕਮਿਸ਼ਨ ਬਣਾਇਆ, ਉਸ ਦੀ ਰਿਪੋਰਟ ਬਾਦਲ ਸਰਕਾਰ ਨੇ ਲੈਣ ਤੋਂ ਆਨਾਕਾਨੀ ਕੀਤੀ ਕਿਉਂਕਿ ਉਹ ਦੋਸ਼ੀਆਂ ਨੂੰ ਸਜ਼ਾ ਦੇਣ ਦੇ ਹੱਕ ਵਿਚ ਨਹੀਂ ਸਨ। ਉਹ ਇੱਕ ਧਾਰਮਿਕ ਸੰਸਥਾ ਨਾਲ ਵੈਰ ਨਹੀਂ ਪਾਉਣਾ ਚਾਹੁੰਦੇ ਸਨ। ਉਸ ਤੋਂ ਬਾਅਦ ਕਾਂਗਰਸ ਪਾਰਟੀ ਦੀ ਸਰਕਾਰ ਆ ਗਈ ਤਾਂ ਕੈਪਟਨ ਅਮਰਿੰਦਰ ਸਿੰਘ ਨੇ ਜਸਟਿਸ ਰਣਜੀਤ ਸਿੰਘ ਦੀ ਅਗਵਾਈ ਵਿੱਚ ਕਮਿਸ਼ਨ ਬਣਾ ਦਿਤਾ। ਉਸ ਕਮਿਸ਼ਨ ਦੀ ਰਿਪੋਰਟ ਤੋਂ ਬਾਅਦ ਸੀ.ਬੀ.ਆਈ. ਤੋਂ ਕੇਸ ਵਾਪਸ ਲੈਣ ਲਈ ਪੰਜਾਬ ਵਿਧਾਨ ਸਭਾ ਨੇ ਆਪਣੇ ਵਿਸ਼ੇਸ਼ ਸ਼ੈਸ਼ਨ ਵਿਚ 29 ਅਗਸਤ 2018 ਨੂੰ ਕੇਸ ਸੀ.ਬੀ.ਆਈ. ਤੋਂ ਵਾਪਸ ਲੈਣ ਲਈ ਮਤਾ ਪਾਸ ਕਰਕੇ ਕਮਿਸ਼ਨ ਦੀ ਰਿਪੋਰਟ 'ਤੇ ਐੱਸ.ਆਈ.ਟੀ. ਬਣਾਉਣ ਦਾ ਫੈਸਲਾ ਕੀਤਾ ਸੀ। ਇਸ ਫੈਸਲੇ ਬਾਰੇ ਕੇਂਦਰ ਸਰਕਾਰ ਨੂੰ ਸੂਚਿਤ ਕਰ ਦਿੱਤਾ ਗਿਆ ਸੀ।

ਫਰੀਦਕੋਟ ਜ਼ਿਲ੍ਹੇ ਦੇ ਪਿੰਡ ਬੁਰਜ ਜਵਾਹਰਕੇ ਵਿੱਚ 1 ਜੂਨ 2015 ਨੂੰ ਗੁਰਦੁਆਰਾ ਸਾਹਿਬ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਹੋ ਗਈ ਸੀ। ਪੰਜਾਬ ਪੁਲਿਸ ਨੇ ਉਸ ਸਮੇਂ ਇਸ ਘਟਨਾ ਨੂੰ ਸੰਜੀਦਗੀ ਨਾਲ ਨਹੀਂ ਲਿਆ। ਜਿਸ ਦੇ ਸਿੱਟੇ ਵੱਜੋਂ 24 ਸਤੰਬਰ ਨੂੰ ਬਰਗਾੜੀ ਪਿੰਡ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਅੰਗ ਪਾੜ ਕੇ ਗਲੀਆਂ ਵਿੱਚ ਖਿਲਾਰ ਦਿੱਤੇ ਗਏ। ਪੰਜਾਬ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਨੇ ਰਾਜਨੀਤਕ ਖੇਤਰ ਵਿੱਚ ਜਿਥੇ ਹਲਚਲ ਮਚਾਈ ਸੀ, ਉਥੇ ਹੀ ਸਿੱਖ ਸੰਗਤਾਂ ਦੇ ਦਿਲ ਵਲੂੰਧਰੇ ਗਏ ਸਨ। ਇਥੇ ਹੀ ਬਸ ਨਹੀਂ, ਸਗੋਂ 12 ਅਕਤੂਬਰ ਨੂੰ ਬਰਗਾੜੀ ਪਿੰਡ ਵਿੱਚ ਪੋਸਟਰਾਂ 'ਤੇ ਲਿਖ ਕੇ ਲਾ ਦਿੱਤਾ ਗਿਆ ਕਿ 'ਤੁਹਾਡਾ ਗੁਰੂ ਸਾਡੇ ਕੋਲ ਹੈ। ਜੇ ਲੱਭ ਸਕਦੇ ਹੋ ਤਾਂ ਲੱਭ ਲਓ।' ਦੋਸ਼ੀਆਂ ਦੇ ਹੌਸਲੇ ਪੁਲਿਸ ਦੀ ਢਿੱਲੀ ਕਾਰਗੁਜ਼ਾਰੀ ਕਰਕੇ ਬੁਲੰਦ ਹੋਏ ਪਏ ਸਨ। ਉਹ ਸਿੱਖ ਸੰਗਤਾਂ ਨੂੰ ਵੰਗਾਰ ਰਹੇ ਸਨ। ਇਹ ਸਾਰਾ ਕੁਝ ਉਦੋਂ ਦੀ ਅਕਾਲੀ ਸਰਕਾਰ ਦੀ ਸਹਿਮਤੀ ਤੋਂ ਬਿਨਾਂ ਅਸੰਭਵ ਲੱਗਦਾ ਹੈ।

1 ਜੂਨ 2018 ਨੂੰ ਸਿੱਖ ਸੰਗਤਾਂ ਨੇ ਜਿਨ੍ਹਾਂ ਦੀ ਅਗਵਾਈ ਪੰਥਕ ਜਥੇਬੰਦੀਆਂ ਕਰ ਰਹੀਆਂ ਸਨ ਨੇ  ਬਰਗਾੜੀ ਇਨਸਾਫ਼ ਮੋਰਚਾ ਲਗਾ ਦਿੱਤਾ। ਲੱਖਾਂ ਦੀ ਗਿਣਤੀ ਵਿੱਚ ਸਿੱਖ ਸੰਗਤਾਂ ਉਸ ਮੋਰਚੇ ਵਿੱਚ ਸ਼ਾਮਲ ਹੋਣ ਲੱਗ ਗਈਆਂ। ਇਤਨੇ ਵੱਡੇ ਇਕੱਠ ਨੇ ਸਰਕਾਰ ਨੂੰ ਵੀ ਚਿੰਤਾ ਵਿੱਚ ਪਾ ਦਿੱਤਾ। ਸਰਕਾਰ ਦੇ ਦੋ ਮੰਤਰੀ ਸਿੱਖ ਸੰਗਤ ਦੇ ਇਕੱਠ ਵਿੱਚ ਵਾਅਦਾ ਕਰਕੇ ਆਏ ਕਿ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾਵੇਗਾ। ਡੀ.ਆਈ.ਜੀ. ਖਟੜਾ ਦੀ ਅਗਵਾਈ ਵਿੱਚ ਐੱਸ.ਆਈ.ਟੀ. ਨੇ ਪੜਤਾਲ ਕਰਕੇ 7 ਜੂਨ 2018 ਨੂੰ ਬਰਗਾੜੀ ਦੀਆਂ ਘਟਨਾਵਾਂ ਲਈ ਮਹਿੰਦਰਪਾਲ ਬਿੱਟੂ, ਸ਼ਕਤੀ ਸਿੰਘ ਅਤੇ ਸੁਖਜਿੰਦਰ ਸਿੰਘ ਦੇ ਵਿਰੁਧ ਐੱਫ.ਆਈ.ਆਰ.ਦਰਜ ਕਰਵਾ ਦਿੱਤੀ। ਬੇਅਦਬੀ ਦੀਆਂ ਘਟਨਾਵਾਂ ਤੋਂ ਬਾਅਦ ਤਿੰਨ ਵਿਅਕਤੀ ਮਾਰੇ ਗਏ ਸਨ। 11 ਜੂਨ 2018 ਨੂੰ ਮਹਿੰਦਰਪਾਲ ਬਿੱਟੂ ਨੂੰ ਉਸ ਦੀ ਦੁਕਾਨ ਤੋਂ ਪਾਲਮਪੁਰ ਹਿਮਾਚਲ ਤੋਂ ਗ੍ਰਿਫ਼ਤਾਰ ਕਰ ਲਿਆ। ਇਸ ਦੌਰਾਨ ਮਹਿੰਦਰਪਾਲ ਬਿੱਟੂ ਨੂੰ ਨਾਭਾ ਜੇਲ੍ਹ ਵਿੱਚ ਸਹਿਯੋਗੀ ਕੈਦੀਆਂ ਨੇ ਮੌਤ ਦੇ ਘਾਟ ਉਤਾਰ ਦਿੱਤਾ।

ਬੇਅਦਬੀ ਦੀਆਂ ਘਟਨਾਵਾਂ ਦੇ ਕੇਸ ਬੰਦ ਹੋਣ ਨਾਲ ਸਿੱਖ ਜਗਤ ਵਿੱਚ ਅਕਰੋਸ਼ ਪੈਦਾ ਹੋ ਗਿਆ ਹੈ ਜੋ ਕਿਸੇ ਵੀ ਸਮੇਂ ਪੰਜਾਬ ਵਿੱਚ ਅਮਨ ਅਮਾਨ ਦੀ ਨਵੀਂ ਸਮੱਸਿਆ ਖੜ੍ਹੀ ਹੋਣ ਦਾ ਅੰਦੇਸ਼ਾ ਹੈ। ਇਸ ਕਲੋਜ਼ਰ ਰਿਪੋਰਟ ਤੋਂ ਕੇਂਦਰ ਸਰਕਾਰ ਦੀ ਮਨਸ਼ਾ ਦਾ ਪਤਾ ਲੱਗਦਾ ਹੈ ਕਿ ਉਹ ਪੰਜਾਬ ਬਾਰੇ ਸੰਜੀਦਾ ਨਹੀਂ ਹੈ। ਪੰਜਾਬ ਸਰਕਾਰ ਦੀ ਵਿਸ਼ੇਸ਼ ਜਾਂਚ ਟੀਮ ਅਜੇ ਇਸ ਕੇਸ ਦੀ ਪੜਤਾਲ ਕਰ ਰਹੀ ਹੈ। ਸੀ.ਬੀ.ਆਈ. ਵੱਲੋਂ ਅਜਿਹਾ ਕਰਨ ਨਾਲ ਸੰਵਿਧਾਨਕ ਸਮੱਸਿਆ ਖੜ੍ਹੀ ਹੋਣ ਦੀ ਸੰਭਾਵਨਾ ਹੈ। ਪੰਜਾਬ ਸਰਕਾਰ ਸੀ.ਬੀ.ਆਈ. ਦੀ ਰਿਪੋਰਟ ਦੀ ਕਾਪੀ ਲੈ ਕੇ ਅਗਲੀ ਕਾਰਵਾਈ ਕਰਨ ਲਈ ਕਹਿ ਰਹੀ ਹੈ।

ਇਕ ਕਿਸਮ ਨਾਲ ਸੀ.ਬੀ.ਆਈ. ਨੇ ਬਾਦਲ ਪਰਿਵਾਰ ਬਰੀ ਕਰ ਦਿੱਤਾ ਹੈ ਕਿਉਂਕਿ ਰਾਜਨੀਤਕ ਪਾਰਟੀਆਂ ਬੇਅਦਬੀ ਦੀਆਂ ਘਟਨਾਵਾਂ ਦੇ ਦੋਸ਼ੀਆਂ ਨੂੰ ਫੜ੍ਹਨ ਵਿਚ ਨਾਕਾਮ ਰਹਿਣ ਅਤੇ ਸੰਜੀਦਗੀ ਨਾਲ ਹੱਲ ਨਾ ਕਰਨ ਲਈ ਬਾਦਲ ਸਰਕਾਰ ਤੇ ਪਰਿਵਾਰ ਨੂੰ ਦੋਸ਼ੀ ਕਹਿ ਰਹੀਆਂ ਸਨ।

*ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________







Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER