ਵਿਚਾਰ
ਕੇਵਿਨ ਕਾਰਟਰ ਦੀ ਤਸਵੀਰ ਅਤੇ ਪੰਜਾਬੀ ਟ੍ਰਿਬਿਊਨ ਦਾ ਕਾਲਮ
- ਹਰਲੀਨ ਕੌਰ
ਕੇਵਿਨ ਕਾਰਟਰ ਦੀ ਤਸਵੀਰ ਅਤੇ ਪੰਜਾਬੀ ਟ੍ਰਿਬਿਊਨ ਦਾ ਕਾਲਮ



ਜੇ ਇਕ ਮਾਸੂਮ ਬੱਚੀ ਨਾਲ ਬਲਾਤਕਾਰ ਵਰਗਾ ਨਾ-ਬਖ਼ਸ਼ਣਯੋਗ ਜੁਰਮ ਹੋਣ ਲੱਗੇ ਤੇ ਇਸ ਦੀ ਜਾਣਕਾਰੀ ਤੁਹਾਨੂੰ ਉਸ ਬਾਲੜੀ ਦੀ ਮਾਂ ਆਪ ਦੇ ਕੇ ਤੁਹਾਡੇ ਤੋਂ ਮਦਦ ਦੀ ਗੁਹਾਰ ਲਾਵੇ ਤਾਂ ਤੁਸੀਂ ਕੀ ਕਰੋਗੇ?

ਤੁਹਾਡੇ ਮਨ ਵਿੱਚ ਉੱਠ ਰਹੇ ਵਲਵਲੇ ਬਿਲਕੁੱਲ ਦਰੁੱਸਤ ਹਨ। ਹਾਲ ਹੀ ਵਿੱਚ ਪੰਜਾਬੀ ਟ੍ਰਿਬਿਊਨ  ਵੱਲੋਂ 'ਪੰਜਾਬ ਦੀਆਂ ਦਰਦ ਕਹਾਣੀਆਂ' ਨਾਂ ਹੇਠ ਕਾਲਮ ਸ਼ੁਰੂ ਕੀਤਾ ਗਿਆ ਜਿਸ 'ਚ ਪੰਜਾਬ ਦੀਆਂ ਸਮੱਸਿਆਵਾਂ ਦੇ ਚੌਤਰਫ਼ੇ ਸੰਕਟ ਕਾਰਨ ਔਰਤਾਂ ਨੂੰ ਪੈ ਰਹੀ ਦੂਹਰੀ-ਤੀਹਰੀ ਮਾਰ ਬਾਰੇ ਡਾ. ਹਰਸ਼ਿੰਦਰ ਕੌਰ ਵੱਲੋਂ ਔਰਤਾਂ ਦੀਆਂ ਦਰਦ ਕਹਾਣੀਆਂ ਨੂੰ ਜ਼ੁਬਾਨ ਦਿੱਤੀ ਜਾਣ ਦਾ ਦਾਅਵਾ ਕੀਤਾ ਗਿਆ ਹੈ। 1 ਮਾਰਚ ਨੂੰ ਇਸ ਕਾਲਮ 'ਚ ਛਪੀ ਲਿਖਤ "ਕੌਣ ਬਣੇਗਾ ਇਨ੍ਹਾਂ ਧੀਆਂ ਦੀ ਆਵਾਜ਼" ਪੜ੍ਹ ਕੇ ਹਿਰਦਾ ਵਲੂੰਧਰਿਆ ਗਿਆ।
----------
"ਕੱਲ੍ਹ ਸ਼ਾਹੂਕਾਰ ਫੇਰ ਆਇਆ ਸੀ। ਹੁਣ ਉਸ ਦਾ ਦਿਲ ਮੈਥੋਂ ਭਰ ਗਿਐ। ਉਸ ਦੀ ਅੱਖ ਹੁਣ ਮੇਰੀ 12 ਵਰ੍ਹਿਆਂ ਦੀ ਧੀ 'ਤੇ ਐ। ਕਹਿੰਦੈ, 50 ਰੁਪਏ ਦਿਆਂਗਾ, ਅੱਜ ਰਾਤ ਉਸ ਨੂੰ ਮੇਰੇ ਕੋਲ ਭੇਜ ਦੇ।"
----------
ਲੇਖਿਕਾ ਨੇ ਕਾਲਮ 'ਚ ਇੱਕ 40 ਕੁ ਵਰ੍ਹਿਆਂ ਦੀ ਔਰਤ ਦੀ ਦਾਸਤਾਨ ਬਿਆਨ ਕੀਤੀ ਜੋ ਉਸ ਨੂੰ ਰਾਜਿੰਦਰਾ ਹਸਪਤਾਲ (ਪਟਿਆਲਾ) ਦੇ ਬੱਚਾ ਓਪੀਡੀ 'ਚ ਮਿਲਣ ਆਈ ਸੀ। ਉਸ ਔਰਤ ਨੇ ਲੇਖਿਕਾ ਨੂੰ ਦੱਸਿਆ ਕਿ ਕਿਵੇਂ ਉਸ ਦਾ ਕਿਸਾਨ ਪਤੀ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰ ਪੀ ਕੇ ਮਰ ਗਿਆ ਪਰ ਉਸ ਨੂੰ ਅਤੇ ਉਸ ਦੀ 12 ਵਰ੍ਹਿਆਂ ਦੀ ਧੀ ਨੂੰ ਇੱਥੇ ਰੋਜ਼-ਰੋਜ਼ ਮਰਨ ਨੂੰ ਛੱਡ ਗਿਆ ਹੈ। ਲੇਖਿਕਾ ਨੂੰ ਲੱਗਿਆ ਕਿ ਅਤਿ ਦੀ ਗ਼ਰੀਬੀ ਇਸ ਔਰਤ ਨੂੰ ਉਸ ਕੋਲ ਖਿੱਚ ਲਿਆਈ ਹੈ। ਇਹ ਸੋਚ ਉਸ ਨੇ ਬੱਚੀ ਦੀ ਫੀਸ ਦੀ ਜ਼ਿੰਮੇਵਾਰੀ ਆਪਣੇ ਟਰਸਟ ਵੱਲੋਂ ਲੈਣ ਦੀ ਗੱਲ ਕਹੀ। ਲੇਕਿਨ ਉਸ ਔਰਤ ਨੇ ਹੋਰ ਹੀ ਕਹਾਣੀ ਬਿਆਨ ਕੀਤੀ।

ਉਸ ਔਰਤ ਨੇ ਲੇਖਿਕਾ ਨੂੰ ਦੱਸਿਆ ਕਿ ਇਹ ਦੁਨੀਆ ਕਿਵੇਂ ਨਿਰੀ ਜਿਸਮਾਂ ਦੀ ਭੁੱਖੀ ਐ ਅਤੇ ਕਿਵੇਂ ਪਿੰਡ ਦਾ ਸ਼ਾਹੂਕਾਰ ਚਾਰ ਮਹੀਨਿਆਂ ਤੋਂ ਉਸ ਦਾ ਬਲਾਤਕਾਰ ਕਰ ਰਿਹਾ ਹੈ। "ਸ਼ਾਹੂਕਾਰ ਹਲਕੇ ਕੁੱਤੇ ਵਾਂਗ ਮੇਰੇ ਮਗਰ ਪਿਐ। ਕੋਈ ਬਾਂਹ ਨਈਂ ਫੜਦਾ। ਗ਼ਰੀਬ ਦੀ ਔਰਤ ਤਾਂ ਰੂੜੀ ਬਣ ਜਾਂਦੀ ਐ। ਜੀਹਦਾ ਦਿਲ ਕਰਦੈ, ਥੁੱਕ ਕੇ ਤੁਰ ਜਾਂਦੈ। ਮੇਰੀ ਕੋਈ ਨੌਕਰੀ ਤਾਂ ਲੱਗੀ ਨਈਂ ਕਿ ਬੰਨ੍ਹਿਆ ਪੈਸਾ ਆਵੇ! ਰੋਟੀ ਕਿਵੇਂ ਖਾਵਾਂ? ਚਾਰ ਮਹੀਨਿਆਂ ਤੋਂ ਰੋਜ਼ ਸ਼ਾਹੂਕਾਰ ਮੇਰੇ ਨਾਲ ਰਾਤ ਨੂੰ ਖੇਹ ਖਾਂਦਾ। ਉਸੇ ਸਦਕਾ ਹੁਣ ਤਾਈਂ ਇਕ ਵੇਲੇ ਦੀ ਰੋਟੀ ਸਾਡੇ ਅੱਗੇ ਸੁੱਟ ਜਾਂਦਾ ਰਿਹੈ। ਭੁੱਖੇ ਢਿੱਡ ਨੂੰ ਕਿਵੇਂ ਨਪੀੜ ਕੇ ਦਿਨ ਲੰਘਦੈ, ਇਹ ਤਾਂ ਉਹੀ ਜਾਣਦੈ ਜਿਸ ਦੇ ਸਿਰ ਉੱਤੇ ਇਹ ਆਫ਼ਤ ਪਈ ਹੋਵੇ।"

ਇਸ ਤੋਂ ਅੱਗੇ ਉਸ ਲਾਚਾਰ ਔਰਤ ਨੇ ਉੱਚੀ-ਉੱਚੀ ਹਉਕੇ ਲੈਂਦਿਆਂ ਲੇਖਿਕਾ ਨੂੰ ਉਸ ਕੋਲ ਆਉਣ ਦਾ ਕਾਰਨ ਦੱਸਿਆ, "ਕੱਲ੍ਹ ਸ਼ਾਹੂਕਾਰ ਫੇਰ ਆਇਆ ਸੀ। ਹੁਣ ਉਸ ਦਾ ਦਿਲ ਮੈਥੋਂ ਭਰ ਗਿਐ। ਉਸ ਦੀ ਅੱਖ ਹੁਣ ਮੇਰੀ 12 ਵਰ੍ਹਿਆਂ ਦੀ ਧੀ 'ਤੇ ਐ। ਕਹਿੰਦੈ, 50 ਰੁਪਏ ਦਿਆਂਗਾ, ਅੱਜ ਰਾਤ ਉਸ ਨੂੰ ਮੇਰੇ ਕੋਲ ਭੇਜ ਦੇ।" ਇਹ ਸੁਣ ਲੇਖਿਕਾ ਨੇ ਸੁੰਨ ਹੋ ਜਾਣ ਦੀ ਗੱਲ ਆਖੀ ਅਤੇ ਉਸ ਦੀ ਪੀੜ ਨੂੰ ਔਰਤ ਹੁੰਦਿਆਂ ਸਮਝ ਸਕਣ ਦਾ ਦਾਅਵਾ ਕੀਤਾ। ਲੇਖਿਕਾ ਨੇ ਲਿਖਿਆ "ਇਹ ਸੁਣਦਿਆਂ ਹੀ ਮੈਂ ਸੁੰਨ ਹੋ ਗਈ। ਮੇਰੇ ਗਲੇ ਵਿਚੋਂ ਕੋਈ ਆਵਾਜ਼ ਨਿਕਲੀ ਹੀ ਨਹੀਂ। ਮੈਂ ਸਮਝ ਨਹੀਂ ਸਕੀ ਕਿ ਪੰਜਾਬੀ ਕਿਹੜੇ ਪਾਸੇ ਤੁਰ ਪਏ ਹਨ! ਨਿਆਸਰਿਆਂ ਦੇ ਆਸਰੇ, ਨਿਓਟਿਆਂ ਦੀ ਓਟ ਬਣਨ ਦੀ ਥਾਂ ਨਾਬਾਲਗ ਧੀਆਂ ਦੀ ਪੱਤ ਲੁੱਟਣ ਵਾਲੇ ਪਾਸੇ ਕਿਉਂ ਜਾ ਰਹੇ ਹਨ?"

ਲੇਖਿਕਾ ਨੇ ਆਪਣੀ ਲਿਖਤ ਵਿੱਚ ਸਵਾਲ ਚੁੱਕਿਆ ਕਿ "ਕੀ ਸਮਾਜ ਇਸ ਪਾਸੇ ਧਿਆਨ ਦੇਵੇਗਾ ਕਿ ਕਰਜ਼ੇ ਤੋਂ ਨਿਜਾਤ ਪਾਉਣ ਲਈ ਜਦੋਂ ਕੋਈ ਕਿਸਾਨ ਫਾਹਾ ਲੈ ਲੈਂਦਾ ਹੈ ਤਾਂ ਉਸ ਦੇ ਘਰ ਵਿਚਲੀਆਂ ਔਰਤਾਂ ਨਾਲ ਕੀ ਬੀਤਦੀ ਹੈ? ਕਿੰਨੀਆਂ ਮਜਬੂਰ ਔਰਤਾਂ ਤੇ ਧੀਆਂ ਅਜਿਹੀਆਂ ਗਿਰਝਾਂ ਦਾ ਤਸ਼ੱਦਦ ਸਹਿ ਰਹੀਆਂ ਹੋਣਗੀਆਂ ਜਿਨ੍ਹਾਂ ਦੀ ਹਾਲੇ ਤੱਕ ਕੋਈ ਆਵਾਜ਼ ਨਹੀਂ ਬਣਿਆ ਤੇ ਨਾ ਹੀ ਕੋਈ ਬਾਂਹ ਫੜਨ ਨੂੰ ਅਗਾਂਹ ਆਇਆ ਹੈ। ਕੋਈ ਸੰਸਥਾ ਇਨ੍ਹਾਂ ਦੀ ਬਾਂਹ ਫੜਨ ਲਈ ਅਗਾਂਹ ਆਏਗੀ?"

ਇਹ ਕਾਲਮ ਪੜ੍ਹ ਕੇ ਹੈਰਾਨੀ ਤੋਂ ਵੀ ਵੱਧ ਦੁੱਖ ਇਸ ਗੱਲ ਦਾ ਹੋਇਆ ਕਿ ਲੇਖਿਕਾ ਨੇ ਇਸ ਨੂੰ ਇੱਕ ਕਿੱਸੇ ਵਜੋਂ ਲਿਖ ਕੇ ਛਪਵਾ ਤਾਂ ਲਿਆ ਪਰ ਇਸ ਵਿੱਚ ਕਿਤੇ ਵੀ ਆਪਣੇ ਵੱਲੋਂ ਉਸ ਲਾਚਾਰ ਦੀ ਕੀਤੀ ਮਦਦ ਬਾਰੇ ਕੋਈ ਜ਼ਿਕਰ ਨਹੀਂ ਕੀਤਾ।

ਡਾਕਟਰ ਸਾਹਿਬਾ ਦੀ ਇਹ ਲਿਖਤ ਪੜ੍ਹ ਕੇ ਮੈਨੂੰ ਦੱਖਣੀ ਅਫਰੀਕਾ ਦੇ ਇੱਕ ਫ਼ੋਟੋ ਪੱਤਰਕਾਰ ਕੇਵਿਨ ਕਾਰਟਰ ਨਾਲ ਜੁੜੀ ਘਟਨਾ ਯਾਦ ਆਈ। ਕਾਰਟਰ ਨੇ ਅਕਾਲ ਪੀੜ੍ਹਤ ਦੇਸ਼ ਸੂਡਾਨ ਦੇ ਇੱਕ ਬੱਚੇ (ਜਿਸ ਨੂੰ ਪਹਿਲਾਂ ਇੱਕ ਬੱਚੀ ਸਮਝਿਆ ਗਿਆ ਸੀ) ਦੀ ਇੱਕ ਤਸਵੀਰ ਖਿੱਚੀ ਸੀ। ਉਹ ਤਸਵੀਰ 1993 ਵਿੱਚ ਨਿਊਯਾਰਕ ਟਾਈਮਜ਼  ਅਖ਼ਬਾਰ ਵਿੱਚ ਛਪੀ। ਉਸ ਤਸਵੀਰ ਵਿੱਚ ਅਕਾਲ ਦੀ ਮਾਰੀ, ਭੁੱਖ ਨਾਲ ਮਰਨ ਕਿਨਾਰੇ, ਇੱਕ ਬਹੁਤ ਹੀ ਕਮਜ਼ੋਰ ਬੱਚੀ ਨੂੰ ਦਿਖਾਇਆ ਗਿਆ ਜਿਸ ਬਾਰੇ ਕਿਹਾ ਗਿਆ ਕਿ ਉਹ ਇਕੱਲੀ ਕਿਸੇ ਰਾਹਤ ਕੈਂਪ ਵੱਲ ਵੱਧ ਰਹੀ ਸੀ। ਤਸਵੀਰ ਵਿੱਚ ਉਹ ਬੱਚੀ ਜ਼ਿੰਦਗੀ ਤੋਂ ਹਾਰ ਚੁੱਕੀ ਨਜ਼ਰ ਆਉਂਦੀ ਹੈ। ਉਸ ਦੇ ਨੇੜੇ ਹੀ ਇੱਕ ਗਿਰਝ ਬੈਠਾ ਦਿੱਸ ਰਿਹਾ ਹੈ ਜਿਹੜਾ ਕਿ ਉਸ ਬੱਚੀ ਦੇ ਮਰਨ ਦੀ ਉਡੀਕ ਕਰਦਾ ਜਾਪਦਾ ਹੈ ਕਿ ਕਦੋਂ ਉਹ ਬੱਚੀ ਆਪਣੇ ਸੁਆਸ ਛੱਡੇ ਤੇ ਉਹ ਗਿਰਝ ਉਸ ਨੂੰ ਖਾ ਸਕੇ।

ਜਦੋਂ ਇਹ ਤਸਵੀਰ ਅਖ਼ਬਾਰ ਵਿੱਚ ਛਪੀ ਤਾਂ ਹਰ ਜਾਗਦੀ ਜ਼ਮੀਰ ਵਾਲੇ ਇਨਸਾਨ ਨੇ ਉਸ ਅਖ਼ਬਾਰ ਦੇ ਦਫ਼ਤਰ ਫ਼ੋਨ ਕਰ ਕੇ ਪੁੱਛਣਾ ਸ਼ੁਰੂ ਕਰ ਦਿੱਤਾ ਕਿ ਆਖਿਰ ਉਸ ਤੋਂ ਬਾਅਦ ਉਸ ਬੱਚੀ ਦਾ ਬਣਿਆ ਕੀ ਸੀ? ਪਰ ਅਖ਼ਬਾਰ ਵਾਲਿਆਂ ਕੋਲ ਇਸ ਦਾ ਕੋਈ ਜਵਾਬ ਨਹੀਂ ਸੀ। ਉਸ ਤੋਂ ਬਾਅਦ ਇਹ ਤਸਵੀਰ ਦੁਨੀਆਂ ਭਰ ਦੀਆਂ ਹੋਰ ਅਖ਼ਬਾਰਾਂ ਵਿੱਚ ਵੀ ਛਪੀ ਅਤੇ ਇਸੇ ਤਸਵੀਰ ਕਰਕੇ ਕੇਵਿਨ ਕਾਰਟਰ ਨੂੰ ਪੱਤਰਕਾਰੀ ਦਾ ਬਹੁਤ ਹੀ ਨਾਮਵਰ ਪੁਰਸਕਾਰ 'ਪੁਲਿਤਜ਼ਰ ਪ੍ਰਾਈਜ਼' ਮਿਲਿਆ।

ਬਾਅਦ ਵਿੱਚ ਇੱਕ ਇੰਟਰਵਿਊ ਦੌਰਾਨ ਕਿਸੇ ਨੇ ਕਾਰਟਰ ਨੂੰ ਪੁੱਛਿਆ ਕਿ ਉਸ ਕੁੜੀ ਦਾ ਕੀ ਹੋਇਆ? ਤਾਂ ਕਾਰਟਰ ਨੇ ਕਿਹਾ ਕਿ ਉਹ ਇਹ ਵੇਖਣ ਲਈ ਇੰਤਜ਼ਾਰ ਨਹੀਂ ਕਰ ਸਕਿਆ ਕਿਉਂਕਿ ਉਸ ਨੇ ਹਵਾਈ ਜਹਾਜ਼ ਫੜਨਾ ਸੀ।

ਉਸ ਸਮੇਂ ਇੱਕ ਹੋਰ ਅਖ਼ਬਾਰ ਸੇਂਟ ਪੀਟਰਸਬਰਗ ਟਾਈਮਜ਼  ਨੇ ਇਸ ਤਸਵੀਰ ਦੇ ਪ੍ਰਤੀਕਰਮ ਵਿੱਚ ਲਿਖਿਆ ਕਿ "ਉਹ ਆਦਮੀ ਜਿਹੜਾ ਉਸ ਬੱਚੀ ਦੀ ਤਕਲੀਫ਼ ਦਰਸਾਉਂਦਾ ਸਹੀ ਫਰੇਮ ਬਣਾਉਣ ਲਈ ਆਪਣੇ ਕੈਮਰੇ ਦਾ ਲੈਂਸ ਸੈੱਟ ਕਰ ਰਿਹਾ ਸੀ, ਉਹ ਵੀ ਕਿਸੇ ਸ਼ਿਕਾਰੀ ਤੋਂ ਘੱਟ ਨਹੀਂ ਸੀ, ਉਥੇ ਮੌਜੂਦ ਦੂਜਾ ਗਿਰਝ! (The man adjusting his lens to take just the right frame of her suffering, might just as well be a predator, another vulture on the scene.)"

ਇਸ ਇੱਕ ਮੁੱਦੇ ਕਾਰਨ ਦੁਨੀਆਂ ਭਰ ਵਿੱਚ ਕਾਰਟਰ ਦੀ ਬਹੁਤ ਆਲੋਚਨਾ ਵੀ ਹੋਈ ਕਿ ਉਹ ਉਸ ਮਾਸੂਮ ਬੱਚੀ ਨੂੰ ਅਜਿਹੀ ਹਾਲਤ ਵਿੱਚ ਛੱਡ ਕੇ ਕਿਵੇਂ ਵਾਪਸ ਆ ਸਕਿਆ। ਹਾਲਾਂਕਿ ਇਸ ਕਹਾਣੀ ਦਾ ਦੂਜਾ ਪੱਖ ਵੀ ਹੈ। ਬੱਚੀ ਬਾਰੇ ਜਾਣਨ ਲਈ ਅਖ਼ਬਾਰ ਨੂੰ ਕਈ ਫੋਨ ਅਤੇ ਖ਼ਤ ਆਉਣ ਤੋਂ ਬਾਅਦ ਨਿਊਯਾਰਕ ਟਾਈਮਜ਼  ਨੇ ਸੰਪਾਦਕ ਵੱਲੋਂ ਇੱਕ ਨੋਟ ਛਾਪਿਆ ਕਿ "ਫ਼ੋਟੋਗ੍ਰਾਫ਼ਰ ਦੇ ਅਨੁਸਾਰ ਤਸਵੀਰ ਖਿੱਚਣ ਤੋਂ ਬਾਅਦ ਉਸ ਨੇ ਗਿਰਝ ਨੂੰ ਉਥੋਂ ਉਡਾ ਦਿੱਤਾ ਸੀ ਅਤੇ ਬੱਚੀ ਨੇ ਦੁਬਾਰਾ ਸੈਂਟਰ ਵੱਲ ਜਾਣਾ ਸ਼ੁਰੂ ਕਰ ਦਿੱਤਾ ਸੀ। ਹਾਲਾਂਕਿ ਇਹ ਨਹੀਂ ਪਤਾ ਕਿ ਉਹ ਸੈਂਟਰ ਪਹੁੰਚੀ ਜਾਂ ਨਹੀਂ। (The photographer reports that she recovered enough to resume her trek after the vulture was chased away. It is not known whether she reached the [feeding] center.)"
----------
ਹੈਰਤ ਇਸ ਗੱਲ ਦੀ ਵੀ ਹੋਈ ਕਿ ਪੰਜਾਬੀ ਟ੍ਰਿਬਿਊਨ  ਦੇ ਸੰਪਾਦਕੀ ਅਮਲੇ ਨੇ ਵੀ ਛਾਪਣ ਲੱਗਿਆਂ ਲੇਖਿਕਾ ਤੋਂ ਸਵਾਲ ਨਹੀਂ ਕੀਤਾ ਕਿ ਇਹ ਇੱਕ ਮਨੋਕਲਪਿਤ ਕਹਾਣੀ ਹੈ ਜਾਂ ਕਿਸੇ ਦੀ ਹੱਡਬੀਤੀ?
----------
ਕਾਰਟਰ ਵੱਲੋਂ ਉਸ ਬੱਚੀ ਦੀ ਮਦਦ ਨਾ ਕਰ ਸਕਣ ਦਾ ਕਾਰਨ ਇਹ ਸੀ ਕਿ ਉਸ ਸਮੇਂ ਸੂਡਾਨ ਦੇ ਹਾਲਾਤ ਬਹੁਤ ਖਰਾਬ ਸਨ ਅਤੇ ਤਸਵੀਰ ਖਿੱਚਣ ਸਮੇਂ ਵੀ ਉਹ ਸੁਡਾਨੀ ਸੈਨਿਕਾਂ ਨਾਲ ਘਿਰਿਆ ਹੋਇਆ ਸੀ ਜੋ ਉਸ ਨੂੰ ਤਸਵੀਰਾਂ ਖਿੱਚਣ ਤੋਂ ਇਲਾਵਾ ਕੋਈ ਹੋਰ ਦਖ਼ਲਅੰਦਾਜ਼ੀ ਕਰਨ ਦੀ ਇਜਾਜ਼ਤ ਨਹੀਂ ਦੇ ਰਹੇ ਸਨ।

ਸੂਡਾਨ ਅਤੇ ਅਜਿਹੀਆਂ ਹੀ ਕੁਝ ਹੋਰ ਥਾਂਵਾਂ 'ਤੇ ਲੋਕਾਂ ਦੇ ਹਾਲਾਤ ਵੇਖ ਅਤੇ ਉਨ੍ਹਾਂ ਦੀ ਮਦਦ ਨਾ ਕਰ ਸਕਣ ਕਾਰਨ ਕਾਰਟਰ ਡਿਪ੍ਰੈਸ਼ਨ ਵਿੱਚ ਚਲਾ ਗਿਆ ਅਤੇ ਐਵਾਰਡ ਮਿਲਣ ਤੋਂ ਤਿੰਨ ਮਹੀਨੇ ਬਾਅਦ ਹੀ ਉਸ ਨੇ ਆਤਮ-ਹੱਤਿਆ ਕਰ ਲਈ। ਇਸ ਨਾਲ ਹਰ ਪਾਸੇ ਇਹੀ ਚਰਚਾ ਹੋਈ ਕਿ ਜ਼ਰੂਰ ਹੀ ਉਸ ਨੇ ਆਤਮ ਗਿਲਾਨੀ ਕਰਕੇ ਹੀ ਆਤਮ ਹੱਤਿਆ ਕੀਤੀ ਹੋਵੇਗੀ।

ਪਰ ਕਾਰਟਰ ਵਾਂਗ ਡਾਕਟਰ ਸਾਹਿਬਾ ਕਿਸੀ ਐਸੀ ਮਜਬੂਰੀ ਦੀ ਮੁਥਾਜ ਨਹੀਂ ਸਨ ਕਿ ਉਹ ਉਸ ਔਰਤ ਦੀ ਮਦਦ ਲਈ ਜ਼ਰੂਰੀ ਕਦਮ ਨਾ ਚੁੱਕ ਸਕਣ। ਫਿਰ ਕਿਉਂ ਲੇਖਿਕਾ ਨੇ ਕਿਸੀ ਹੋਰ ਦੀ ਦਰਦ ਭਰੀ ਦਾਸਤਾਨ ਨੂੰ ਕੇਵਲ ਆਪਣੀ ਲਿਖਤ ਲਈ ਇਸਤੇਮਾਲ ਕਰਨ ਦੇ ਹੀ ਯੋਗ ਸਮਝਿਆ। ਪੰਜਾਬੀ ਟ੍ਰਿਬਿਊਨ  'ਚ ਛਪੀ ਲਿਖਤ ਰਾਹੀਂ ਲੇਖਿਕਾ ਨੇ ਸਵਾਲ ਤਾਂ ਉਠਾਇਆ ਕਿ ਅਜਿਹੀਆਂ ਧੀਆਂ ਦੀ ਮਦਦ ਲਈ ਕੌਣ ਅੱਗੇ ਆਵੇਗਾ, ਲੇਕਿਨ ਖ਼ੁਦ ਸਭ ਜਾਣ ਕੇ ਵੀ ਕੁਝ ਨਹੀਂ ਕੀਤਾ।

ਇਥੇ ਮੇਰਾ ਸਵਾਲ ਵਿੱਤੀ ਸਹਾਇਤਾ ਬਾਰੇ ਨਹੀਂ ਹੈ। ਇੱਕ ਬੇਬੱਸ ਮਾਂ ਆਪਣੀ ਮਾਸੂਮ ਧੀ ਨੂੰ ਬਚਾਉਣ ਦੀ ਫ਼ਰਿਆਦ ਇੱਕ ਪੜ੍ਹੀ-ਲਿਖੀ, ਸੰਵੇਦਨਸ਼ੀਲ ਸਮਾਜ ਸੇਵਿਕਾ ਕੋਲ ਮਦਦ ਦੀ ਆਸ ਵਿੱਚ ਲੈ ਕੇ ਗਈ। ਕੀ ਲੇਖਿਕਾ ਨੇ ਇਹ ਜਾਣ ਕੇ ਕਿ ਇੱਕ ਔਰਤ ਦਾ ਚਾਰ ਮਹੀਨੇ ਤੋਂ ਬਲਾਤਕਾਰ ਹੋ ਰਿਹਾ ਹੈ ਤੇ ਇੱਕ ਨਾਬਾਲਗ ਬੱਚੀ ਦਾ ਬਲਾਤਕਾਰ ਹੋਣ ਵਾਲਾ ਹੈ, ਸੁੰਨ ਹੋਣ ਤੋਂ ਇਲਾਵਾ ਮਦਦ ਲਈ ਕੋਈ ਕਦਮ ਚੁੱਕਿਆ? ਕੀ ਉਹ ਉਸ ਨੂੰ ਕਿਸੇ ਪੁਲਿਸ ਜਾਂ ਸਿਵਲ ਅਧਿਕਾਰੀ ਕੋਲ ਸ਼ਿਕਾਇਤ ਦਰਜ ਕਰਵਾਉਣ ਲਈ ਲੈ ਕੇ ਗਈ? ਕੀ ਉਸ ਨੇ ਸ਼ਾਹੂਕਾਰ ਖਿਲਾਫ ਕਾਰਵਾਈ ਕਰਵਾਉਣ ਲਈ ਕਿਸੇ ਨੂੰ ਸੰਪਰਕ ਕੀਤਾ? ਜੇ ਨਹੀਂ ਕੀਤਾ ਤਾਂ ਕਿਉਂ ਨਹੀਂ?
 
ਸਭ ਤੋਂ ਵੱਧ ਪ੍ਰੇਸ਼ਾਨ ਕਰਨ ਵਾਲਾ ਤੱਥ ਇਹ ਹੈ ਕਿ ਕਿਸੇ ਲੇਖਕ ਜਾਂ ਪੱਤਰਕਾਰ ਵੱਲੋਂ ਕਿਸੀ ਵਾਪਰ ਚੁੱਕੀ ਘਟਨਾ ਬਾਰੇ ਆਮ ਲੋਕਾਂ ਨੂੰ ਸੂਚਿਤ ਕਰਨ ਲਈ ਜਾਣਕਾਰੀ ਪ੍ਰਕਾਸ਼ਿਤ ਕਰਨੀ ਤਾਂ ਉਨ੍ਹਾਂ ਦਾ ਮੁੱਢਲਾ ਫਰਜ਼ ਹੈ, ਪਰ ਜੇ ਅਜਿਹਾ ਘਿਨਾਉਣਾ ਜੁਰਮ ਹੋਣ ਤੋੰ ਪਹਿਲਾਂ ਹੀ ਉਸ ਦੀ ਜਾਣਕਾਰੀ ਮਿਲ ਜਾਵੇ ਤਾਂ ਉਸ ਉੱਤੇ ਉਚਿਤ ਕਾਰਵਾਈ ਨਾ ਕਰਕੇ ਉਸ ਨੂੰ ਅੱਖੋਂ ਪਰੋਖੇ ਕਿਵੇਂ ਕੀਤਾ ਜਾ ਸਕਦਾ ਹੈ?
----------
ਤਸਵੀਰ ਵਿੱਚ ਉਹ ਬੱਚੀ ਜ਼ਿੰਦਗੀ ਤੋਂ ਹਾਰ ਚੁੱਕੀ ਨਜ਼ਰ ਆਉਂਦੀ ਹੈ। ਉਸ ਦੇ ਨੇੜੇ ਹੀ ਇੱਕ ਗਿਰਝ ਬੈਠਾ ਦਿੱਸ ਰਿਹਾ ਹੈ ਜਿਹੜਾ ਕਿ ਉਸ ਬੱਚੀ ਦੇ ਮਰਨ ਦੀ ਉਡੀਕ ਕਰਦਾ ਜਾਪਦਾ ਹੈ ਕਿ ਕਦੋਂ ਉਹ ਬੱਚੀ ਆਪਣੇ ਸੁਆਸ ਛੱਡੇ ਤੇ ਉਹ ਗਿਰਝ ਉਸ ਨੂੰ ਖਾ ਸਕੇ।
----------
ਹੈਰਤ ਇਸ ਗੱਲ ਦੀ ਵੀ ਹੋਈ ਕਿ ਪੰਜਾਬੀ ਟ੍ਰਿਬਿਊਨ  ਦੇ ਸੰਪਾਦਕੀ ਅਮਲੇ ਨੇ ਵੀ ਛਾਪਣ ਲੱਗਿਆਂ ਲੇਖਿਕਾ ਤੋਂ ਸਵਾਲ ਨਹੀਂ ਕੀਤਾ ਕਿ ਇਹ ਇੱਕ ਮਨੋਕਲਪਿਤ ਕਹਾਣੀ ਹੈ ਜਾਂ ਕਿਸੇ ਦੀ ਹੱਡਬੀਤੀ? ਜੇ ਹੱਡਬੀਤੀ ਹੈ, ਤਾਂ ਕੀ ਲੇਖਿਕਾ ਨੇ ਉਸ ਔਰਤ ਤੇ ਬੱਚੀ ਨੂੰ ਇੱਕ ਹੈਵਾਨ ਤੋਂ ਬਚਾਉਣ ਲਈ ਕੁਝ ਕੀਤਾ ਜਾਂ ਉਨ੍ਹਾਂ ਨੂੰ ਉਨ੍ਹਾਂ ਦੇ ਹਾਲ 'ਤੇ ਛੱਡ ਕੇ ਕੇਵਲ ਆਪਣੀ ਰਚਨਾ ਵਿਚਲਾ ਪਾਤਰ ਬਣਾ ਕੇ ਹੀ ਸੰਤੁਸ਼ਟੀ ਪ੍ਰਾਪਤ ਕਰ ਲਈ।

ਮੈਨੂੰ ਇਹ ਵੀ ਹੈਰਾਨੀ ਹੋਈ ਕਿ ਅਖ਼ਬਾਰ ਵੱਲੋਂ ਲਿਖਤ ਦੀ ਤਾਰੀਫ਼ ਵਿੱਚ ਤਾਂ ਹਫ਼ਤੇ ਭਰ ਕਈ 'ਸੰਪਾਦਕ ਦੇ ਨਾਂ ਖ਼ਤ' ਛਾਪੇ ਗਏ, ਪਰ ਮੇਰਾ ਪ੍ਰਤੀਕਰਮ ਵਜੋਂ ਭੇਜਿਆ ਗਿਆ ਖ਼ਤ ਛਾਪਣਾ ਉਨ੍ਹਾਂ ਨੂੰ ਜ਼ਰੂਰੀ ਨਹੀਂ ਲੱਗਿਆ। ਹੋ ਸਕਦਾ ਹੈ ਕਾਰਟਰ ਦੀ ਘਟਨਾ ਵਾਂਗ ਡਾ. ਹਰਸ਼ਿੰਦਰ ਕੌਰ ਦੀ ਕਹਾਣੀ ਦਾ ਦੂਜਾ ਪੱਖ ਹੋਵੇ। ਪਰ ਉਸ ਪੱਖ ਨੂੰ ਸਾਹਮਣੇ ਰੱਖਣਾ ਹਾਲੇ ਤਕ ਅਖ਼ਬਾਰ ਨੇ ਜ਼ਰੂਰੀ ਨਹੀਂ ਸਮਝਿਆ। ਸਮਾਜ ਦੀਆਂ ਸਮੱਸਿਆਵਾਂ ਨੂੰ ਲੋਕਾਂ ਸਾਹਮਣੇ ਲੈ ਕੇ ਆਉਣਾ ਪੱਤਰਕਾਰਾਂ ਅਤੇ ਲੇਖਕਾਂ ਦਾ ਫਰਜ਼ ਹੈ ਲੇਕਿਨ ਉਨ੍ਹਾਂ ਸਮੱਸਿਆਵਾਂ ਦੇ ਹੱਲ ਬਾਰੇ ਜਾਗਰੂਕ ਕਰਨਾ ਵੀ ਉਨ੍ਹਾਂ ਦੀ ਜ਼ਿੰਮੇਵਾਰੀ ਹੈ।

ਪਰ ਕੀ ਸਾਡੇ ਲੇਖਕ ਅਤੇ ਪੱਤਰਕਾਰ ਇੰਨੇ ਸੰਵੇਦਨਹੀਣ ਹੋ ਗਏ ਹਨ ਕਿ ਦੂਜਿਆਂ ਦੀ ਦਰਦ ਭਰੀ ਜ਼ਿੰਦਗੀ ਨੂੰ ਸਿਰਫ਼ ਆਪਣੀ ਰਚਨਾ ਦਾ ਵਿਸ਼ਾ ਬਣਾਉਣ ਤਕ ਹੀ ਉਨ੍ਹਾਂ ਦੀ ਸੋਚ ਸੀਮਤ ਹੋ ਗਈ ਹੈ। ਕਿਉਂ ਸਭ ਜਾਣ ਕੇ ਵੀ ਉਹ ਕਿਸੇ ਦੀ ਮਦਦ ਕਰਨ ਲਈ ਕੋਈ ਕਦਮ ਚੁੱਕਣ ਤੋਂ ਡਰ ਜਾਂਦੇ ਹਨ? ਇਨਸਾਨੀਅਤ ਦੇ ਨਾਤੇ ਦੂਜਿਆਂ ਦੀ ਤਕਲੀਫ਼ ਨੂੰ ਆਪਣੀ ਲਿਖਤ ਜਾਂ ਤਸਵੀਰਾਂ ਦਾ ਵਿਸ਼ਾ ਬਣਾਉਣ ਤੋਂ ਇਲਾਵਾ ਕੀ ਉਨ੍ਹਾਂ ਦੀ ਮਦਦ ਕਰਨਾ ਜ਼ਰੂਰੀ ਨਹੀਂ ਹੈ?

harleenkaur258@gmail.com
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :
 




...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________








Comment by: ਸਾਹਿਬ ਸਿੰਘ

ਹਰਲੀਨ ਜੀ, ਤੁਹਾਡੇ ਵੱਲੋਂ ਉਠਾਏ ਸਵਾਲ ਵਾਜ਼ਬ ਹਨ। ਅੱਜ ਦੇ ਸਮੇਂ ਵਿਚ ਹਰ ਇਕ ਕਿਸੇ ਘਟਨਾ ਦੀ ਮੂਵੀ ਜਾਂ ਫੋਟੋ ਬਣਾਉਣੀ ਸ਼ੁਰੂ ਕਰ ਦਿੰਦਾ ਹੈ, ਮਦਦ ਕਰਨੀ ਉਸ ਦੇ ਦਿਮਾਗ ਵਿਚ ਨਹੀਂ। ਡਾਕਟਰ ਹਰਸ਼ਿੰਦਰ ਕੌਰ ਪਟਿਆਲਾ ਨੇ ਗੱਲਾਂ ਵੱਡੀਆਂ ਵੱਡੀਆਂ ਕਰਦੇ ਨੇ ਪਰ ਬਾਂਹ ਫੜਨ ਦੀ ਮਿਸਾਲ ਸਾਹਮਣੇ ਨਹੀਂ ਆਈ।

reply


Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER