ਵਿਚਾਰ
ਪ੍ਰਿਯੰਕਾ ਗਾਂਧੀ ਦੀ ਆਮਦ 'ਤੇ ਸਵਾਲ - ਤੱਤੀ ਜ਼ਮੀਨ 'ਤੇ ਨੰਗਾ ਪੈਰ ਕਿਓਂ ਰੱਖਿਆ ਹੈ ਉਸ?
- ਨੇਹਾ ਜਿੰਦਲ*
ਪ੍ਰਿਯੰਕਾ ਗਾਂਧੀ ਦੀ ਆਮਦ 'ਤੇ ਸਵਾਲ - ਤੱਤੀ ਜ਼ਮੀਨ 'ਤੇ ਨੰਗਾ ਪੈਰ ਕਿਓਂ ਰੱਖਿਆ ਹੈ ਉਸ?



ਨਰਿੰਦਰ ਮੋਦੀ ਦੀ ਸਰਕਾਰ-ਏ-ਹਿੰਦ ਨੂੰ ਆਪਣੀ ਮੰਤਰੀ ਹਰਸਿਮਰਤ ਕੌਰ ਬਾਦਲ ਦਾ ਕਿੰਨਾ ਕੁ ਫ਼ਾਇਦਾ ਹੋ ਰਿਹਾ ਹੈ, ਇਹ ਜਨਤਾ ਜਾਣਦੀ ਹੈ। ਨਰਿੰਦਰ ਮੋਦੀ ਸਰਕਾਰ ਦੇ ਆਮ ਚਲਣ ਅਨੁਸਾਰ ਸਮੇਂ ਸਮੇਂ ਤੇ ਕਿਸੇ ਵਿਰੋਧੀ ਉੱਤੇ ਆਮ ਤੋਂ ਜ਼ਿਆਦਾ ਤਿੱਖਾ ਹਮਲਾ ਬੋਲ ਦਿੱਤਾ ਜਾਂਦਾ ਹੈ। ਪਹਿਲੋਂ ਰਾਹੁਲ ਗਾਂਧੀ ਨੂੰ ਨਿਸ਼ਾਨਾ ਬਣਾ ਮਾਨਯੋਗ ਕੇਂਦਰੀ ਮੰਤਰੀ ਸਮ੍ਰਿਤੀ ਇਰਾਨੀ ਜੀ ਨੇ ਦੇਸ਼ ਦੀ ਰਾਜਨੀਤਕ ਭਾਸ਼ਾ ਅਤੇ ਵਿਆਕਰਣ ਵਿਚ ਚੋਖਾ ਯੋਗਦਾਨ ਪਾਇਆ ਸੀ। ਅੱਜਕਲ ਗਾਂਧੀ ਪਰਿਵਾਰ ਉੱਤੇ ਤਾਬੜ-ਤੋੜ ਹਮਲੇ ਕਰਨ ਦਾ ਬੋਝ ਬੀਬੀ ਬਾਦਲ ਦੇ ਮੋਢਿਆਂ ਤੇ ਹੈ।    

ਹਿੰਦੁਸਤਾਨ ਦੀ ਰਾਜਨੀਤੀ ਵਿੱਚ ਨਹਿਰੂ-ਗਾਂਧੀ ਪਰਿਵਾਰ ਵਿਚੋਂ ਬੀਬੀ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ਵਿਚ ਪ੍ਰਵੇਸ਼ ਕਰਨ ਉੱਤੇ ਜਿਸ ਕਿਸਮ ਦਾ ਬਿਆਨੀਆ ਭਾਰਤੀ ਜਨਤਾ ਪਾਰਟੀ ਦੀ ਧਿਰ ਵੱਲੋਂ ਅਕਾਲੀ ਦਲ ਦੀ ਬੀਬੀ ਹਰਸਿਮਰਤ ਕੌਰ ਬਾਦਲ ਦੁਆਰਾ ਪੇਸ਼ ਕੀਤਾ ਜਾ ਰਿਹਾ ਹੈ, ਉਸ ਤੋਂ ਸਰਕਾਰ ਵਿੱਚ ਬੀਬੀ ਬਾਦਲ ਦੇ ਰੋਲ ਬਾਰੇ ਵੀ ਜਾਣਕਾਰੀ ਮਿਲਦੀ ਹੈ ਅਤੇ ਰਾਜਨੀਤੀ ਵਿੱਚ ਬਿਨਾਂ ਝਿਜਕ ਆਪਾ-ਵਿਰੋਧੀ ਗੱਲ ਕਹਿ ਦੇਣ ਦੀ ਸਮਰੱਥਾ ਉੱਤੇ ਵੀ ਤਾੜੀ ਮਾਰਨੀ ਬਣਦੀ ਹੈ।  

ਜਿਸ ਵੇਲੇ ਭਾਜਪਾ ਨੇ ਲੋਕਾਂ ਨੂੰ ਇਹ ਯਾਦ ਕਰਵਾਉਣਾ ਹੋਵੇ ਕਿ ਕਾਂਗਰਸ ਪਾਰਟੀ ਵੰਸ਼ਵਾਦ ਦੀ ਮਰਜ਼ ਤੋਂ ਪੀੜਤ ਹੈ ਤਾਂ ਉਹ ਇਹ ਕੰਮ ਬੀਬੀ ਹਰਸਿਮਰਤ ਬਾਦਲ ਨੂੰ ਸੌੰਪ ਦੇਂਦੇ ਹਨ। ਬੀਬੀ ਬਾਦਲ ਨੂੰ ਇਹ ਕਹਿਣ ਤੇ ਕੋਈ ਇਤਰਾਜ਼ ਨਹੀਂ ਕਿ ਹੁਣ ਰਾਹੁਲ ਗਾਂਧੀ ਨੇ ਆਪਣੀ ਭੈਣ ਨੂੰ ਰਾਜਨੀਤੀ ਵਿੱਚ ਧੱਕ ਦਿੱਤਾ ਹੈ ਕਿਉਂਕਿ ਕਾਂਗਰਸ ਵੰਸ਼ਵਾਦ ਤੋਂ ਪੀੜਤ ਹੈ। ਇਹ ਵੀ ਕਹਿੰਦੇ ਹਨ ਕਿ ਅੱਧਾ ਕਦਮ ਕਿਓਂ ਪੁੱਟਿਆ, ਪੂਰਾ ਹੀ ਪੁੱਟਦੇ; ਪ੍ਰਿਯੰਕਾ ਗਾਂਧੀ ਨੂੰ ਪਾਰਟੀ ਦਾ ਪ੍ਰਧਾਨ ਹੀ ਲਾ ਦੇਂਦੇ। ਸਪਸ਼ਟ ਹੈ ਕਿ ਅਕਾਲੀ ਦਲ ਵਿੱਚ ਕਿਸੇ ਕਿਸਮ ਦਾ ਵੰਸ਼ਵਾਦ ਨਹੀਂ ਹੋਵੇਗਾ। 

ਔਰਤ ਹੋਣ ਦੇ ਨਾਤੇ ਉਹ ਇਹ ਤਾਂ ਕਹਿ ਹੀ ਨਹੀਂ ਸਕਦੇ ਕਿ ਕਿਸੇ ਵਿਰੋਧੀ ਦੀ ਭੈਣ ਰਾਜਨੀਤੀ ਵਿੱਚ ਨਾ ਆਵੇ ਅਤੇ ਉਨ੍ਹਾਂ ਦਾ ਆਪਣਾ ਭਰਾ ਰਾਜਨੀਤੀ ਵਿੱਚ ਜ਼ਰੂਰ ਆਵੇ। ਅਜਿਹਾ ਕਹਿਣਾ ਤਾਂ ਔਰਤ ਵਿਰੋਧੀ ਹੋ ਜਾਵੇਗਾ ਅਤੇ ਬੀਬੀ ਹਰਸਿਮਰਤ ਕੌਰ ਜੀ ਬਾਦਲ ਤਾਂ ਕਦੀ ਔਰਤ ਵਿਰੁੱਧ ਹੋ ਹੀ ਨਹੀਂ ਸਕਦੇ। ਇਸ ਲਈ ਕੋਈ ਅਜਿਹਾ ਦੋਸ਼ ਮੈਂ ਨਹੀਂ ਲਾ ਰਹੀ। 

ਦੇਸ਼ ਦੀ ਵਡੇਰੀ ਰਾਜਨੀਤੀ ਤੋਂ ਦੂਰ ਵੱਖ ਵੱਖ ਸੂਬਿਆਂ ਵਿੱਚ ਸਿਆਸੀ ਅਸਲੀਅਤ ਤੋਂ ਰਤਾ ਘੱਟ ਜਾਣੂ ਪਾਠਕ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ਵਿੱਚ ਪ੍ਰਵੇਸ਼ ਬਾਰੇ ਇਥੋਂ ਦੇ ਪੰਜਾਬੀ ਅਖ਼ਬਾਰਾਂ ਵਿਚ ਅਤੇ ਟੀਵੀ ਚੈਨਲਾਂ ਉੱਤੇ ਜਿਸ ਕਿਸਮ ਦਾ ਤਬਸਰਾ ਪੜ੍ਹ, ਸੁਣ ਰਹੇ ਹਨ, ਉਸ ਵਿੱਚੋਂ ਕੁਝ ਠੋਸ ਸਿਆਸੀ ਹਕੀਕਤਾਂ ਗਾਇਬ ਹਨ। ਕਿਉਂ ਜੋ ਦੇਸ਼ ਦੀ ਰਾਜਨੀਤੀ ਦੇ ਇਸ ਘਟਨਾਕ੍ਰਮ ਨੂੰ ਪੰਜਾਬ ਵਿੱਚ ਅਤੇ ਪੰਜਾਬੀ ਵਿੱਚ ਬੀਬੀ ਹਰਸਿਮਰਤ ਬਾਦਲ ਦੇ ਹਵਾਲੇ ਨਾਲ ਨਸ਼ਰ ਕੀਤਾ ਗਿਆ ਹੈ, ਇਸ ਲਈ ਇਸੇ ਹਵਾਲੇ ਨਾਲ ਹੀ ਗੱਲ ਨੂੰ ਸਮਝਣ ਦਾ ਯਤਨ ਕਰਦੇ ਹਾਂ। 
----------
ਔਰਤ ਹੋਣ ਦੇ ਨਾਤੇ ਉਹ ਇਹ ਤਾਂ ਕਹਿ ਹੀ ਨਹੀਂ ਸਕਦੇ ਕਿ ਕਿਸੇ ਵਿਰੋਧੀ ਦੀ ਭੈਣ ਰਾਜਨੀਤੀ ਵਿੱਚ ਨਾ ਆਵੇ ਅਤੇ ਉਨ੍ਹਾਂ ਦਾ ਆਪਣਾ ਭਰਾ ਰਾਜਨੀਤੀ ਵਿੱਚ ਜ਼ਰੂਰ ਆਵੇ। ਅਜਿਹਾ ਕਹਿਣਾ ਤਾਂ ਔਰਤ ਵਿਰੋਧੀ ਹੋ ਜਾਵੇਗਾ ਅਤੇ ਬੀਬੀ ਹਰਸਿਮਰਤ ਕੌਰ ਜੀ ਬਾਦਲ ਤਾਂ ਕਦੀ ਔਰਤ ਵਿਰੁੱਧ ਹੋ ਹੀ ਨਹੀਂ ਸਕਦੇ।
-----------
ਰਤਾ ਯਾਦ ਕਰੋ ਕਿ ਬਾਦਲ ਵੰਸ਼ ਵਿੱਚੋਂ ਰਾਜਨੀਤੀ ਵਿੱਚ ਗੰਭੀਰ ਯੋਗਦਾਨ ਕਿਸ, ਕਿਸ ਮੌਕੇ ਪਿਆ। ਜਿਨ੍ਹਾਂ ਹਾਲਾਤਾਂ ਵਿੱਚੋਂ, ਜਿਹੜੇ ਕਾਲੇ ਦੌਰ ਵਿੱਚੋਂ ਪੰਜਾਬ ਲੰਘ ਕੇ ਆਇਆ, ਉਸ ਵੇਲੇ ਬਾਦਲ ਪਰਿਵਾਰ ਦੇ ਨੌਜਵਾਨ ਨੇਤਾ ਕਿੱਥੇ ਸਨ ਅਤੇ ਕੀ ਕਰ ਰਹੇ ਸਨ? ਅਮਰੀਕਾ ਤੋਂ ਆਏ ਸੁਖਬੀਰ ਸਿੰਘ ਬਾਦਲ ਕਿਵੇਂ ਸਿੱਧੇ ਪਾਰਲੀਮੈਂਟ ਵਿੱਚ ਪਹੁੰਚਦੇ ਨੇ, ਕੇਂਦਰੀ ਸਰਕਾਰ ਵਿੱਚ ਮੰਤਰੀ ਬਣਦੇ ਹਨ ਤੇ ਵੇਖਦਿਆਂ ਹੀ ਵੇਖਦਿਆਂ ਅਕਾਲੀ ਦਲ ਦੇ ਟਕਸਾਲੀ ਨੇਤਾ ਉਨ੍ਹਾਂ ਲਈ ਕਤਾਰ ਬੰਨ੍ਹ ਹੱਥ ਜੋੜ ਖੜ੍ਹੇ ਹੁੰਦੇ ਹਨ ਅਤੇ ਉਨ੍ਹਾਂ ਦੇ ਗੋਡਿਆਂ ਤੱਕ ਆਪਣੇ ਝੁਰੜੀਆਂ ਭਰੇ ਹੱਥ ਵਧਾਉਂਦਿਆਂ ਦੀਆਂ ਤਸਵੀਰਾਂ ਕਿਵੇਂ ਪੰਜਾਬ ਦੀਆਂ ਅਖ਼ਬਾਰਾਂ ਨੂੰ ਸੁਸ਼ੋਭਿਤ ਕਰਦੀਆਂ ਹਨ, ਇਹ ਸਭ ਤਾਂ ਰਾਜਨੀਤੀ ਨਾਲ ਥੋੜ੍ਹੀ ਬਹੁਤ ਵਾਕਫ਼ੀਅਤ ਰੱਖਣ ਵਾਲੇ ਪਾਠਕ ਵੀ ਚੰਗੀ ਤਰ੍ਹਾਂ ਜਾਣਦੇ ਹਨ। 

ਪੰਜਾਬ, ਪੰਜਾਬੀ, ਪੰਜਾਬੀਅਤ, ਸਿੱਖੀ ਅਤੇ ਪੰਥ ਲਈ ਬੀਬਾ ਹਰਸਿਮਰਤ ਕੌਰ ਬਾਦਲ ਦੀਆਂ ਕੁਰਬਾਨੀਆਂ ਬਾਰੇ ਪ੍ਰਸੰਗ ਸਹਿਤ ਵਿਸਥਾਰ ਨਾਲ ਦੱਸਦੀ ਕੋਈ ਲਿਖਤ, ਤਬਸਰਾ ਜਾਂ ਪੁਸਤਕ ਅਜੇ ਬਾਜ਼ਾਰ ਵਿੱਚ ਨਹੀਂ ਆਈ। ਅਕਾਲੀ ਦਲ ਦੀਆਂ ਧਰਤੀ ਤੋਂ ਲੈ ਕੇ ਸਿਖਰ ਤੱਕ ਦੀਆਂ ਕਿਹੜੀਆਂ ਪੌੜੀਆਂ ਉਨ੍ਹਾਂ ਨੇ ਕਿਹੜੀਆਂ ਮੱਲਾਂ ਮਾਰ-ਮਾਰ ਚੜ੍ਹੀਆਂ, ਅਤੇ ਅਜਿਹੀ ਕਿਹੜੀ ਪ੍ਰਾਪਤੀ ਤੋਂ ਇਸ ਪਾਰਟੀ ਦੇ ਲੀਡਰਾਨ ਏਨੇ ਪ੍ਰਭਾਵਿਤ ਹੋਏ ਕਿ ਉਨ੍ਹਾਂ ਨੇ ਬੀਬੀ ਬਾਦਲ ਨੂੰ ਹੀ ਭਾਰਤ ਸਰਕਾਰ ਵਿੱਚ ਆਪਣਾ ਮੰਤਰੀ ਬਣਾਉਣਾ ਚਾਹਿਆ, ਇਸ ਸਭ ਦਾ ਵਿਸਥਾਰ ਵੱਡੇ-ਵੱਡੇ ਸਿਆਸੀ ਵਿਸ਼ਲੇਸ਼ਕਾਂ ਤੋਂ ਵੀ ਗੁਪਤ ਰੱਖਿਆ ਗਿਆ ਹੈ। 

ਅਤਿ ਪਰਮ ਸਤਿਕਾਰਯੋਗ ਸਰਦਾਰ ਬਿਕਰਮਜੀਤ ਸਿੰਘ ਮਜੀਠੀਆ ਜੀ ਦੇ ਬਚਪਨ ਅਤੇ ਜਵਾਨੀ ਵਿੱਚ ਸਿੱਖ ਪੰਥ ਲਈ ਕੀਤੇ ਘੋਲ, ਕੁਰਬਾਨੀਆਂ ਅਤੇ ਅਥਾਹ ਅਣਥੱਕ ਮਿਹਨਤ ਬਾਰੇ ਵਿਸਥਾਰਤ ਜਾਣਕਾਰੀ ਵੀ ਬਹੁਤੀਆਂ ਕਿਤਾਬਾਂ ਵਿੱਚ ਮੁਹੱਈਆ ਨਹੀਂ ਹੁੰਦੀ।  

ਪਰਿਵਾਰ ਦਾ ਕੁਰਸੀਨਾਮਾ ਫਰੋਲਣ ਵਾਲੇ ਇਹ ਚੰਗੀ ਤਰ੍ਹਾਂ ਜਾਣਦੇ ਹਨ ਕਿ ਇਸ ਦੇ ਵੱਖ-ਵੱਖ ਮੈਂਬਰ ਸਾਹਿਬਾਨ, ਉਨ੍ਹਾਂ ਨਾਲ ਰਿਸ਼ਤੇਦਾਰੀਆਂ ਰੱਖਣ ਵਾਲੇ ਸਨਮਾਨਤ ਜਨ ਅਤੇ ਉਹ ਵੱਡਭਾਗੇ ਲੋਕ ਜਿਨ੍ਹਾਂ ਨੇ ਇਸ ਪਰਿਵਾਰ ਦੇ ਮੈਂਬਰਾਂ ਨਾਲ ਵੱਖ-ਵੱਖ ਸਮਿਆਂ ਉੱਤੇ ਵੱਖ-ਵੱਖ ਕਿਸਮ ਦੇ ਵਪਾਰਕ ਸਬੰਧ ਬਣਾਏ, ਕਿਵੇਂ ਅਕਾਲ ਪੁਰਖ ਦੀ ਅਪਾਰ ਬਖਸ਼ਿਸ਼ ਸਦਕਾ ਤਰੱਕੀ-ਯਾਫਤਾ ਹੋਏ। 

ਬਾਦਲ ਪਰਿਵਾਰ ਦੇ ਦੋਸਤਾਂ ਦਾ ਕਿੱਸਾ ਵੀ ਇਸ ਤੋਂ ਕੋਈ ਵੱਖਰਾ ਨਹੀਂ। ਪੰਜਾਬ ਵਿੱਚ ਆਪਣੇ ਸੀਨੇ ਉੱਤੇ ਟਕਸਾਲੀ ਦਾ ਬਿੱਲਾ ਲਾਈ ਬਹੁਤ ਸਾਰੇ ਨੇਤਾਵਾਂ ਨੇ ਲੀਡਰ ਤੋਂ ਸਿੱਖਿਆ, ਇਸੇ ਰਸਤੇ ਚੱਲੇ, ਆਪਣੇ ਫਰਜ਼ੰਦਾਂ ਨੂੰ ਉਸੇ ਦੇ ਲੜ ਲਾਇਆ ਜਿਸ ਦੀ ਗੁਲਾਮੀ ਤਾ-ਉਮਰ ਆਪ ਕੀਤੀ। ਵਪਾਰ ਕਰਦੀ ਸੰਤਾਨ ਅਤੇ ਰਾਜਨੀਤੀ ਕਰਦੇ ਨੇਤਾ ਵੱਡੇ ਪਰਿਵਾਰ ਦੇ ਨਾਲੋ-ਨਾਲ ਵਧੇ-ਫੁੱਲੇ, ਬੱਚਿਆਂ ਦੇ ਵਪਾਰ ਵਿੱਚ ਦਿਨ ਚੌਗੁਣੀ, ਰਾਤ ਨੂੰ ਅੱਠ ਗੁਣੀ ਤਰੱਕੀ ਹੋਈ। ਕੇਬਲ, ਰੇਤਾ ਅਤੇ ਜ਼ਮੀਰ ਹੱਥੋਂ-ਹੱਥੀਂ ਵਿਕੇ।   
----------
ਇਨ੍ਹਾਂ ਸਾਰੇ ਪਰਿਵਾਰਾਂ ਨੇ ਜਿਸ ਵੇਲੇ ਵੀ ਵੰਸ਼ ਦੇ ਕਿਸੇ ਨਵੇਂ ਬੀਜ ਨੂੰ ਰਾਜਨੀਤੀ ਵਿੱਚ ਉਤਾਰਿਆ ਤਾਂ ਪਹਿਲਾਂ ਜ਼ਮੀਨ ਨੂੰ ਪੋਲਿਆਂ ਕੀਤਾ ਤਾਂ ਜੋ ਫਰਜ਼ੰਦ ਦੇ ਗੋਡੇ-ਗਿੱਟਿਆਂ 'ਤੇ ਕੋਈ ਸੱਟ ਨਾ ਲੱਗ ਜਾਵੇ। ਅਮਰੀਕਾ ਤੋਂ ਵਾਪਸ ਆ ਕੇ ਭੁੰਜੇ ਪੈਰ ਨਾ ਪਾਉਣਾ ਪਵੇ, ਸਿੱਧਾ ਕਦਮ ਪਾਰਲੀਮੈਂਟ ਵਿੱਚ ਹੀ ਜਾਵੇ। ਨੂੰਹ ਨੂੰ ਜ਼ਿਆਦਾ ਤਰੱਦਦ ਨਾ ਕਰਨਾ ਪਵੇ, ਉਹ ਸਿੱਧੀ ਮੰਤਰੀ ਹੀ ਬਣੇ
----------
ਗਵਾਂਢ ਵਿੱਚ ਪੰਜਾਬ ਦੇ ਗੂੜ੍ਹੇ ਮਿੱਤਰ ਚੌਧਰੀ ਦੇਵੀ ਲਾਲ ਨਾਲ ਗੂੜ੍ਹੀਆਂ ਯਾਰੀਆਂ ਪਾਲਣ ਵਾਲਿਆਂ ਨੇ ਉਸ ਪਰਿਵਾਰ ਦੇ ਫਰਜ਼ੰਦਾਂ ਨੂੰ ਵੀ ਇੰਜ ਹੀ ਰਾਜਨੀਤੀ ਵਿੱਚ ਕਦਮ ਰੱਖਦਿਆਂ ਵਧਦਿਆਂ-ਫੁੱਲਦਿਆਂ ਵੇਖਿਆ ਅਤੇ ਹੁਣ ਉਨ੍ਹਾਂ ਦੀ ਅਗਲੀ ਪੀੜ੍ਹੀ ਨੂੰ ਇਸੇ ਨਕਸ਼ੇ-ਕਦਮ ਉੱਤੇ ਚੱਲਣ ਦਾ ਸੁਭਾਗ ਪ੍ਰਾਪਤ ਹੋਇਆ ਹੈ। 

ਇਨ੍ਹਾਂ ਸਾਰੇ ਪਰਿਵਾਰਾਂ ਨੇ ਜਿਸ ਵੇਲੇ ਵੀ ਵੰਸ਼ ਦੇ ਕਿਸੇ ਨਵੇਂ ਬੀਜ ਨੂੰ ਰਾਜਨੀਤੀ ਵਿੱਚ ਉਤਾਰਿਆ ਤਾਂ ਪਹਿਲਾਂ ਜ਼ਮੀਨ ਨੂੰ ਪੋਲਿਆਂ ਕੀਤਾ ਤਾਂ ਜੋ ਫਰਜ਼ੰਦ ਦੇ ਗੋਡੇ-ਗਿੱਟਿਆਂ ਤੇ ਕੋਈ ਸੱਟ ਨਾ ਲੱਗ ਜਾਵੇ। ਅਮਰੀਕਾ ਤੋਂ ਵਾਪਸ ਆ ਕੇ ਭੁੰਜੇ ਪੈਰ ਨਾ ਪਾਉਣਾ ਪਵੇ, ਸਿੱਧਾ ਕਦਮ ਪਾਰਲੀਮੈਂਟ ਵਿੱਚ ਹੀ ਜਾਵੇ। ਨੂੰਹ ਨੂੰ ਜ਼ਿਆਦਾ ਤਰੱਦਦ ਨਾ ਕਰਨਾ ਪਵੇ, ਉਹ ਸਿੱਧੀ ਮੰਤਰੀ ਹੀ ਬਣੇ। ਪਤਨੀ ਦਾ ਭਰਾ ਪੰਜਾਬ ਦੀ ਗੰਧਲੀ ਸਿਆਸਤ ਵਿੱਚ ਐਵੇਂ ਕੱਪੜਿਆਂ ਤੇ ਮਿੱਟੀ ਨਾ ਲਵਾਉਂਦਾ ਫਿਰੇ, ਸਿੱਧੇ ਹੀ ਪੰਜਾਬ ਦੀ ਕੈਬਨਿਟ ਵਿਚ ਮੰਤਰੀ ਦੀ ਕੁਰਸੀ ਤੇ ਬੈਠੇ। ਬਲਕਿ ਇਹ ਸੁਨੇਹਾ ਘਰ-ਘਰ ਪਹੁੰਚੇ ਕਿ ਇਹ ਪੰਜਾਬ ਦਾ ਸਭ ਤੋਂ ਸ਼ਕਤੀਸ਼ਾਲੀ ਮੰਤਰੀ ਹੈ। ਮੁੱਖ ਮੰਤਰੀ ਦੇ ਦਫ਼ਤਰ ਵਿੱਚ ਅਫ਼ਸਰ ਵੀ ਨੇੜੇ ਜਾਂ ਦੂਰ ਦੀਆਂ ਰਿਸ਼ਤੇਦਾਰੀਆਂ ਵਿੱਚੋਂ ਲੱਭ ਜਾਣ ਤਾਂ ਇਸ ਨਾਲ ਕੰਮਕਾਜ ਵਿਚ ਹੋਰ ਵੀ ਤੇਜ਼ੀ ਆਉਂਦੀ ਹੈ ਅਤੇ ਜਨਤਾ ਦਾ ਭਲਾ ਹੁੰਦਾ ਹੈ। ਖ਼ਾਸ ਤੌਰ ਉੱਤੇ ਜੇ ਕੰਮਕਾਜ ਅਜਿਹੇ ਹੋਣ ਜਿਨ੍ਹਾਂ ਦਾ ਜ਼ਿਕਰ ਅੱਜ ਪੰਜਾਬ ਦਾ ਬੱਚਾ-ਬੱਚਾ ਸੁਣ ਰਿਹਾ ਹੈ। ਸੜਕਾਂ ਉੱਤੇ ਭੱਜਦੀਆਂ, ਲੋਕਾਂ ਨੂੰ ਤੁੰਨ-ਤੁੰਨ ਕੇ ਅੰਦਰ ਡੱਕਦੀਆਂ, ਰਾਹ ਜਾਂਦਿਆਂ ਨੂੰ ਦਰੜਦੀਆਂ, ਪਰਮਿਟ ਸਿਸਟਮ ਦਾ ਮਜ਼ਾਕ ਉਡਾਉਂਦੀਆਂ, ਬੂਹੇ-ਬਾਰੀਆਂ ਵਿੱਚੋਂ ਗਰੀਬ-ਗੁਰਬਾ ਪੰਜਾਬੀਆਂ ਦਾ ਮੂੰਹ ਚਿੜ੍ਹਾਉਂਦੀਆਂ ਬੱਸਾਂ, ਰਾਤਾਂ ਨੂੰ ਦਰਿਆਵਾਂ ਨੂੰ ਚੀਰ ਧਰਤੀ ਦੀ ਹਿੱਕ ਪਾੜ ਕੇ ਨਾਜਾਇਜ਼ ਤਰੀਕਿਆਂ ਨਾਲ ਰੇਤਾ ਕੱਢਦੀਆਂ ਮਸ਼ੀਨਾਂ, ਇਸ ਨੂੰ ਢੋਂਦੀਆਂ ਟਰੈਕਟਰ-ਟਰਾਲੀਆਂ ਅਤੇ ਇਹਦੇ ਰੇਟ ਸੁਣ ਕੇ ਚੀਕਾਂ ਮਾਰਦੀਆਂ ਖਲਕਤ ਦੀਆਂ ਭੀੜਾਂ ਤੋਂ ਹੁਣ ਕੌਣ ਨਾਵਾਕਿਫ਼ ਹੈ?
----------
ਇਸ ਸੰਦਰਭ ਵਿੱਚ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ਵਿੱਚ ਪ੍ਰਵੇਸ਼ ਨੂੰ ਤੱਕੋਗੇ ਤਾਂ ਕੁਝ ਵੱਖਰਾ ਜਿਹਾ ਭਾਸੇਗਾ। ਹੁਣ ਉਸ ਨੇ ਹਿੰਦੁਸਤਾਨ ਦੀ ਸਿਆਸਤ ਵਿੱਚ ਇੱਕ ਨਵੀਂ ਪਿਰਤ ਪਾਈ ਹੈ – ਤੱਤੀ ਜ਼ਮੀਨ ਉੱਤੇ ਨੰਗਾ ਪੈਰ ਰੱਖਿਆ ਹੈ। ਝੁਲਸ ਜਾਣ ਦਾ ਖਤਰਾ ਪੂਰਾ ਹੈ।
----------  
ਹਮਾਮ ਵਿੱਚ ਨਹਾਉਣ ਵਾਲਿਆਂ ਦੇ ਕੱਪੜਿਆਂ ਨਾਲ ਰਿਸ਼ਤੇ ਬਾਰੇ ਮੁਹਾਵਰੇ ਤੋਂ ਬਚਦਿਆਂ ਹੋਇਆਂ ਏਨਾ ਤਾਂ ਕਹਿ ਹੀ ਦੇਣਾ ਚਾਹੀਦਾ ਹੈ ਕਿ ਪੰਜਾਬ ਦੇ ਕਾਂਗਰਸੀ ਵੀ ਉੱਥੇ ਹੀ ਨਹਾਉਂਦੇ ਰਹੇ ਹਨ। ਇੱਕ-ਇੱਕ ਕਰ ਆਪਣੇ ਬੱਚਿਆਂ ਨੂੰ ਰਾਜਨੀਤੀ ਵਿੱਚ ਵਾੜਨ ਲਈ ਵੱਡੇ ਦਰਵਾਜ਼ਿਆਂ ਅਤੇ ਸੌਖੀਆਂ ਰਾਹਾਂ ਦੀ ਤਲਾਸ਼ ਕਰਦੇ ਰਹੇ ਹਨ।  
ਦਰ ਅਸਲ ਇਹ ਅਮਲ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਪੁਰਜ਼ੋਰ ਤਰੀਕੇ ਨਾਲ ਤਾਰੀ ਹੈ। ਜਵਾਹਰ ਲਾਲ ਨਹਿਰੂ ਇੰਦਰਾ ਗਾਂਧੀ ਨੂੰ, ਇੰਦਰਾ ਗਾਂਧੀ ਸੰਜੇ ਗਾਂਧੀ ਨੂੰ ਅਤੇ ਸੋਨੀਆ ਗਾਂਧੀ ਰਾਹੁਲ ਗਾਂਧੀ ਨੂੰ ਰਾਜਨੀਤੀ ਵਿੱਚ ਉਦੋਂ ਹੀ ਲੈ ਕੇ ਆਏ ਜਦੋਂ ਉਨ੍ਹਾਂ ਦੀ ਆਮਦ ਲਈ ਜ਼ਮੀਨ ਪੋਲੀ ਕਰ ਦਿੱਤੀ ਗਈ ਸੀ, ਗਲੀਚੇ ਵਿੱਛ ਗਏ ਸਨ ਅਤੇ ਫੁੱਲਾਂ ਦੀ ਵਰਖਾ ਦਾ ਇੰਤਜ਼ਾਮ ਹੋ ਗਿਆ ਸੀ। 

ਹਰਿਆਣੇ ਵਾਲੇ ਭੁਪਿੰਦਰ ਹੁੱਡਾ ਨੇ ਆਪਣੇ ਸਪੁੱਤਰ ਦੀਪੇਂਦਰ ਹੁੱਡਾ ਨੂੰ ਰੋਹਤਕ ਦੀ ਸਰਜ਼ਮੀਨ ਤੇ ਉਦੋਂ ਹੀ ਉਤਾਰਿਆ ਜਦੋਂ ਭੀੜਾਂ ਉਹਦੀ ਆਮਦ ਲਈ ਵਿਰਲਾਪ ਕਰਦੀਆਂ ਭਾਵੁਕ ਹੋ ਚੁੱਕੀਆਂ ਸਨ। ਮਹਾਰਾਸ਼ਟਰ ਦੇ ਸ਼ਰਦ ਪਵਾਰ ਜੀ ਨੇ ਆਪਣੀ ਬੇਟੀ ਸੁਪ੍ਰਿਆ ਸੂਲੇ ਨੂੰ ਲੋਕ ਸੇਵਾ ਹਿੱਤ ਉਦੋਂ ਹੀ ਰਾਜਨੀਤੀ ਵਿੱਚ ਭੇਜਿਆ ਜਦੋਂ ਜ਼ਮੀਨ ਪੋਲੀ ਹੋ ਗਈ ਸੀ। ਰਾਹ ਪੱਧਰਾ ਸੀ। ਜਿੱਤ ਵੱਟ ਤੇ ਪਈ ਸੀ। ਗੁਆਂਢ ਦੇ ਪਹਾੜੀ ਰਾਜ ਹਿਮਾਚਲ ਵਿੱਚ ਵੀ ਪ੍ਰੇਮ ਕੁਮਾਰ ਧੂਮਲ ਜੀ ਆਪਣੇ ਸਪੁੱਤਰ ਅਨੁਰਾਗ ਠਾਕੁਰ ਨੂੰ ਮਿੱਠਾ ਜਿਹਾ ਮੌਸਮ ਵੇਖ ਹੀ ਰਾਜਨੀਤੀ ਵਿੱਚ ਲਿਆਏ ਸਨ। 

ਤੁਸੀਂ ਇਹ ਕਥਾ ਕਿਸੇ ਵੀ ਸੂਬੇ ਵਿੱਚ ਕਹਿ ਸਕਦੇ ਹੋ। ਵਸੁੰਧਰਾ ਰਾਜੇ, ਸ਼ਿਵਰਾਜ ਸਿੰਘ ਚੌਹਾਨ, ਰਮਨ ਸਿੰਘ, ਮੇਨਕਾ ਗਾਂਧੀ, ਪ੍ਰਮੋਦ ਮਹਾਜਨ, ਗੋਪੀਨਾਥ ਮੁੰਡੇ, ਪੂਰਨੋ ਸੰਗਮਾ,  ਰਾਮ ਵਿਲਾਸ ਪਾਸਵਾਨ — ਰਾਜਨੀਤੀ ਵਿੱਚ ਆਪਣੇ ਬੱਚਿਆਂ, ਬੱਚੀਆਂ ਦੇ ਜਨਮ ਸਮੇਂ ਇਨ੍ਹਾਂ ਦੇ ਮਾਂ ਬਾਪ ਬੜੀ ਹੋਣਹਾਰ ਦਾਈ ਸਨ ਜਿਨ੍ਹਾਂ ਨੇ ਬਹੁਤੀਆਂ ਜਣੇਪਾ ਪੀੜਾਂ ਨਹੀਂ ਝੱਲੀਆਂ, ਬੱਚਿਆਂ ਨੂੰ ਸਿੱਧੇ ਸਫਲਤਾ ਸਹਿਤ ਪ੍ਰਵੇਸ਼ ਲਈ ਅਗਾਊਂ ਟੀਕਾਕਰਨ ਕਰਵਾਇਆ, ਰਾਜਨੀਤੀ ਵਿੱਚ ਸ਼ਾਰਟ ਕੱਟ ਰਾਹੀਂ ਟੋਲ ਫ੍ਰੀ ਰਸਤੇ ਤੋਂ ਸਿਖਰ ਤੱਕ ਪਹੁੰਚਾਇਆ। 

ਇਸ ਸੰਦਰਭ ਵਿੱਚ ਪ੍ਰਿਯੰਕਾ ਗਾਂਧੀ ਦੇ ਰਾਜਨੀਤੀ ਵਿੱਚ ਪ੍ਰਵੇਸ਼ ਨੂੰ ਤੱਕੋਗੇ ਤਾਂ ਕੁਝ ਵੱਖਰਾ ਜਿਹਾ ਭਾਸੇਗਾ। ਉੱਤਰ ਪ੍ਰਦੇਸ਼ ਦੀ ਸਰ-ਜ਼ਮੀਨ ਤੇ ਕਾਂਗਰਸ ਪਾਰਟੀ ਤਾਂ ਕੀ, ਉਹਦਾ ਪਰਛਾਵਾਂ ਵੀ ਗਾਇਬ ਹੋ ਚੁੱਕਾ ਹੈ। ਰਾਹੁਲ ਗਾਂਧੀ ਤੇ ਸੋਨੀਆ ਗਾਂਧੀ ਆਪਣੀਆਂ ਸੀਟਾਂ ਹੁਣ ਵਿਰੋਧੀ ਪਾਰਟੀਆਂ ਦੇ ਰਹਿਮੋ-ਕਰਮ ਤੇ ਜਿੱਤਦੇ ਹਨ ਕਿਉਂ ਜੋ ਉਹ ਉਨ੍ਹਾਂ ਦੇ ਮੁਕਾਬਲੇ ਕੋਈ ਤਕੜਾ ਉਮੀਦਵਾਰ ਹੀ ਮੈਦਾਨ ਵਿੱਚ ਨਹੀਂ ਉਤਾਰਦੀਆਂ। 

ਕਾਂਗਰਸ ਪਾਰਟੀ ਉੱਤਰ ਪ੍ਰਦੇਸ਼ ਵਿੱਚੋਂ ਗਾਇਬ ਹੈ ਅਤੇ ਰਾਹੁਲ ਗਾਂਧੀ ਚੰਗੀ ਤਰ੍ਹਾਂ ਜਾਣਦੇ ਹਨ ਕਿ ਸੱਤਾ ਤੱਕ ਦਾ ਰਸਤਾ ਇਸੇ ਪ੍ਰਦੇਸ਼ ਵਿੱਚੋਂ ਲੰਘ ਕੇ ਜਾਂਦਾ ਹੈ। ਜੇ ਕਾਂਗਰਸ ਉੱਤਰ ਪ੍ਰਦੇਸ਼ ਵਿੱਚ ਮਾੜਾ ਪ੍ਰਦਰਸ਼ਨ ਵੀ ਕਰੇ, ਬਹੁਤ ਮਾੜਾ ਵੀ ਕਰੇ ਤਾਂ ਵੀ ਕਿਸੇ ਨੇ ਰਾਹੁਲ ਗਾਂਧੀ ਦਾ ਕੋਈ ਵੱਡਾ ਕਸੂਰ ਨਹੀਂ ਕੱਢਣਾ ਕਿਉਂ ਜੋ ਪਾਰਟੀ ਦਾ ਬੁਰਾ ਹਾਲ ਉਨ੍ਹਾਂ ਦੇ ਰਾਜਨੀਤੀ ਵਿੱਚ ਪ੍ਰਵੇਸ਼ ਕਰਨ ਤੋਂ ਬਹੁਤ ਪਹਿਲਾਂ ਤੋਂ ਹੈ।  

ਕੋਈ ਵੀ ਆਮ ਰਾਜਨੀਤਕ ਨੇਤਾ ਆਪਣੇ ਤੁਰੱਮ ਦੇ ਪੱਤੇ ਨੂੰ ਰਾਜਨੀਤੀ ਵਿੱਚ ਉਦੋਂ ਹੀ ਉਤਾਰਦਾ ਹੈ ਜਦੋਂ ਇਹਦੇ ਲਈ ਹਾਲਾਤ ਸਾਜ਼ਗਾਰ ਹੋਣ, ਵੱਡੀ ਜਿੱਤ ਸੁਨਿਸ਼ਚਿਤ ਹੋਵੇ ਅਤੇ ਭੀੜਾਂ ਘਰਾਨੇ ਦੇ ਇਸ ਲੋਕ-ਤੋਹਫੇ ਨੂੰ ਮੋਢਿਆਂ ਤੇ ਚੁੱਕੀ ਫਿਰਨ।  

ਪ੍ਰਿਯੰਕਾ ਗਾਂਧੀ ਦਾ ਰਾਜਨੀਤੀ ਵਿੱਚ ਪ੍ਰਵੇਸ਼ ਇਸ ਪ੍ਰਚੱਲਤ ਅਮਲ ਦੇ ਠੀਕ ਵਿਰੁੱਧ ਹੈ। ਪਰਦੇ ਦੇ ਪਿੱਛੇ ਉਹ ਰਾਹੁਲ ਗਾਂਧੀ ਦੀ ਸਲਾਹਕਾਰ ਰਹੀ ਹੈ, ਇਸ ਦੇ ਚਰਚੇ ਹਨ। ਉੱਤਰ ਪ੍ਰਦੇਸ਼ ਦੀ ਰਾਜਨੀਤੀ ਦੇ ਨਾਲ ਨੇੜਿਓਂ ਜੁੜੀ ਰਹੀ ਹੈ, ਇਹ ਵੀ ਸੁਣਦੇ ਆਏ ਹਾਂ। ਅਮੇਠੀ ਅਤੇ ਰਾਏਬਰੇਲੀ ਨੂੰ ਨੇੜਿਉਂ ਤੱਕਦੀ-ਵਾਚਦੀ ਰਹੀ ਹੈ, ਇਸ ਦਾ ਜ਼ਿਕਰ ਅਕਸਰ ਰਾਜਨੀਤਕ ਪੰਡਤ ਕਰਦੇ ਰਹਿੰਦੇ ਹਨ। 

ਹੁਣ ਉਸ ਨੇ ਹਿੰਦੁਸਤਾਨ ਦੀ ਸਿਆਸਤ ਵਿੱਚ ਇੱਕ ਨਵੀਂ ਪਿਰਤ ਪਾਈ ਹੈ — ਤੱਤੀ ਜ਼ਮੀਨ ਉੱਤੇ ਨੰਗਾ ਪੈਰ ਰੱਖਿਆ ਹੈ। ਝੁਲਸ ਜਾਣ ਦਾ ਖਤਰਾ ਪੂਰਾ ਹੈ।    
----------
ਆਪਣੀ ਪੱਪੂ ਵਾਲੀ ਛਵੀ ਨੂੰ ਪਿੱਛੇ ਛੱਡ ਬੁਲੰਦ ਆਵਾਜ਼ ਵਿੱਚ "ਚੌਕੀਦਾਰ ਚੋਰ ਹੈ" ਦੇ ਨਾਅਰੇ ਦੀ ਮਾਲਕੀ ਤੱਕ ਪਹੁੰਚਦਿਆਂ ਰਾਹੁਲ ਗਾਂਧੀ ਨੇ ਨੇਤਾ ਹੋਣ ਦੇ ਕੁਝ ਸਬੂਤ ਦੇਣੇ ਸ਼ੁਰੂ ਕੀਤੇ ਹਨ। ਇਸੇ ਲੜੀ ਵਿਚ ਇਹ ਫੈਸਲਾ ਵੀ ਹੈ। 
----------
ਜਿਸ ਕਿਸਮ ਦੀ ਭਾਰਤੀ ਰਾਜਨੀਤੀ ਹੋ ਚੁੱਕੀ ਹੈ, ਉਸ ਵਿੱਚ ਉਸ ਨੇ ਵੱਡਾ ਰਿਸਕ ਲਿਆ ਹੈ। ਭਾਰਤੀ ਰਾਜਨੀਤੀ ਵਿੱਚ ਇਸ ਦੀਆਂ ਬਹੁਤੀਆਂ ਮਿਸਾਲਾਂ ਨਹੀਂ ਮਿਲਦੀਆਂ। ਪ੍ਰਿਯੰਕਾ ਗਾਂਧੀ ਕੋਈ ਵੱਡੀ ਕੁਰਬਾਨੀ ਕਰਕੇ ਨਹੀਂ ਆਈ। ਦੇਸ਼ ਦੀ ਰਾਜਨੀਤੀ ਵਿੱਚ ਉਹਨੇ ਕੋਈ ਵੱਡਾ ਹਿੱਸਾ ਨਹੀਂ ਪਾਇਆ। ਵੱਡੇ ਖਾਨਦਾਨ ਦੀ ਹੋਣ ਕਰਕੇ ਜਿਹੜੀਆਂ ਸੁੱਖ-ਸਹੂਲਤਾਂ ਵਿੱਚ ਉਹ ਪਲੀ ਹੈ, ਉਸ ਨੇ ਉਹਦਾ ਲੋਕਾਈ ਨਾਲ ਜੁੜਾਵ ਕਿੰਨਾ ਕੁ ਰਹਿਣ ਦਿੱਤਾ ਹੈ, ਇਹ ਹੁਣ ਪਤਾ ਲੱਗ ਜਾਵੇਗਾ। ਉਸਨੇ ਆਮ ਵਿਅਕਤੀ ਹੋਣ ਦਾ ਪਾਖੰਡ ਕਦੀ ਨਹੀਂ ਕੀਤਾ।  

ਹੁਣ ਜਦੋਂ ਕਿ ਉਹ ਰਾਜਨੀਤੀ ਵਿੱਚ ਆ ਗਈ ਹੈ, ਬਹੁਤ ਸਾਰੇ ਪੁਰਾਣੇ ਸਵਾਲ ਵੀ ਮੁੜ ਉਭਰਨਗੇ ਅਤੇ ਹੁਣ ਪ੍ਰਿਯੰਕਾ ਗਾਂਧੀ ਨੂੰ ਉਨ੍ਹਾਂ ਦੇ ਜਵਾਬ ਦੇਣੇ ਹੀ ਪੈਣਗੇ। ਰਾਬਰਟ ਵਾਡਰਾ ਦੀ ਭਾਰਤੀ ਰਾਜਨੀਤੀ ਨੂੰ ਦੇਣ ਬਾਰੇ ਹੁਣ ਉਨ੍ਹਾਂ ਦੀ ਪਤਨੀ ਵੀ ਜਵਾਬਦੇਹੀ ਦੇ ਘੇਰੇ ਵਿੱਚ ਆ ਗਈ ਹੈ।  

ਪਰ ਫਿਲਹਾਲ ਉਹਦੇ ਸਾਹਮਣੇ ਨਿਸ਼ਾਨਾ ਵੱਡਾ ਹੈ। ਉੱਤਰ ਪ੍ਰਦੇਸ਼ ਦੇ ਜਿਸ ਹਿੱਸੇ ਦੀ ਜ਼ਿੰਮੇਵਾਰੀ ਪ੍ਰਿਯੰਕਾ ਗਾਂਧੀ ਨੂੰ ਦਿੱਤੀ ਗਈ ਹੈ, ਉਸੇ ਵਿੱਚ ਹੀ ਵਾਰਾਨਸੀ ਦੀ ਲੋਕ ਸਭਾ ਸੀਟ ਪੈਂਦੀ ਹੈ ਜਿੱਥੋਂ ਨਰਿੰਦਰ ਮੋਦੀ 2019 ਦੇ ਉਮੀਦਵਾਰ ਹੋਣਗੇ। ਹੁਣ ਤੁਸੀਂ ਹਿੰਦੁਸਤਾਨ ਦੀ ਰਾਜਨੀਤੀ ਵਿੱਚ ਨਰਿੰਦਰ ਮੋਦੀ ਬਨਾਮ ਪ੍ਰਿਯੰਕਾ ਗਾਂਧੀ ਨਾਅਰੇ ਸੁਣੋਗੇ।  

ਆਪਣੀ ਪੱਪੂ ਵਾਲੀ ਛਵੀ ਨੂੰ ਪਿੱਛੇ ਛੱਡ ਬੁਲੰਦ ਆਵਾਜ਼ ਵਿੱਚ "ਚੌਕੀਦਾਰ ਚੋਰ ਹੈ" ਦੇ ਨਾਅਰੇ ਦੀ ਮਾਲਕੀ ਤੱਕ ਪਹੁੰਚਦਿਆਂ ਰਾਹੁਲ ਗਾਂਧੀ ਨੇ ਨੇਤਾ ਹੋਣ ਦੇ ਕੁਝ ਸਬੂਤ ਦੇਣੇ ਸ਼ੁਰੂ ਕੀਤੇ ਹਨ। ਇਸੇ ਲੜੀ ਵਿਚ ਇਹ ਫੈਸਲਾ ਵੀ ਹੈ।  

ਜਿਸ ਰਾਜਨੀਤੀ ਵਿੱਚ ਅਸੀਂ ਹਮੇਸ਼ਾਂ ਔਰਤਾਂ ਦੀ ਕਮੀ ਸ਼ਿੱਦਤ ਨਾਲ ਮਹਿਸੂਸ ਕਰਦੇ ਹਾਂ, ਉਸ ਵਿੱਚ ਕਿਸੇ ਨੌਜਵਾਨ ਔਰਤ ਦਾ ਜੋਖ਼ਮ ਭਰੀ ਸਿਆਸਤ ਵਿੱਚ ਪ੍ਰਵੇਸ਼ ਕਰਕੇ ਇੱਕ ਵੱਡੀ ਚੁਣੌਤੀ ਨੂੰ ਕਬੂਲ ਕਰਨਾ ਖੁਸ਼ਾਇਨ ਖ਼ਬਰ ਹੈ। 

ਭਾਰਤੀ ਜਨਤਾ ਪਾਰਟੀ ਚੰਗੀ ਤਰ੍ਹਾਂ ਜਾਣਦੀ ਹੈ ਕਿ ਪ੍ਰਿਯੰਕਾ ਗਾਂਧੀ ਦੀ ਆਮਦ ਦਾ ਅਸਰ ਉੱਤਰ ਪ੍ਰਦੇਸ਼ ਤੱਕ ਮਹਿਦੂਦ ਨਹੀਂ ਰਹੇਗਾ। ਇਹ ਹੋ ਸਕਦਾ ਹੈ ਕਿ ਉੱਤਰ ਪ੍ਰਦੇਸ਼ ਵਿੱਚ ਤਾਂ ਉਹ ਕੋਈ ਬਹੁਤਾ ਕੱਦੂ ਵਿਚ ਤੀਰ ਮਾਰ ਹੀ ਨਾ ਸਕਣ ਪਰ ਦੇਸ਼ ਭਰ ਵਿੱਚ ਜੋ ਸੁਨੇਹਾ ਨੌਜਵਾਨ ਵੋਟਰਾਂ ਨੂੰ ਜਾ ਰਿਹਾ ਹੈ, ਉਸ ਨਾਲ ਕਾਂਗਰਸ ਨੂੰ ਵੱਡਾ ਫਾਇਦਾ ਪਹੁੰਚ ਸਕਦਾ ਹੈ। 
----------
ਓਨੀ ਦੇਰ ਤੱਕ ਭੈਣ ਹਰਸਿਮਰਤ ਕੌਰ ਬਾਦਲ ਜੀ ਸਿਆਸਤ ਵਿੱਚ ਪੈਰ ਰੱਖਣ ਵਾਲੀ ਇਸ ਨੌਜਵਾਨ ਔਰਤ ਨੂੰ "ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ" ਵਾਲੇ ਡੰਡੇ ਨਾਲ ਕੁੱਟਦੇ ਰਹਿਣ ਅਤੇ ਸਿੱਖ ਕੌਮ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਸੇਵਾ ਕਰਦੇ ਰਹਿਣ। ਇਸ ਨਾਲ ਸ਼ਾਇਦ ਸੰਗਤ ਵਿੱਚ ਬਾਦਲ ਪਰਿਵਾਰ ਦੀ ਇੱਜ਼ਤ ਹੋਰ ਵੀ ਵੱਧ ਜਾਵੇ।
----------
ਚੰਗਾ ਹੋਵੇਗਾ ਜੇ ਪ੍ਰਿਯੰਕਾ ਗਾਂਧੀ ਰਾਜਨੀਤੀ ਵਿੱਚ ਆ ਕੇ ਇਹ ਖੁਲਾਸਾ ਕਰਨ ਕਿ ਕਿਵੇਂ ਉਨ੍ਹਾਂ ਦੀ ਆਮਦ entitlement ਦੀ ਰਾਜਨੀਤੀ ਨੂੰ ਰੇਖਾਂਕਿਤ ਕਰਦੀ ਹੈ, ਕਿਵੇਂ ਸਾਡੀ ਰਾਜਨੀਤੀ ਇਸ ਤੋਂ ਆਜ਼ਾਦ ਹੋਣੀ ਚਾਹੀਦੀ ਹੈ ਅਤੇ ਇਹ ਰਾਜਨੀਤੀ ਕਿਵੇਂ ਲੋਕ ਸਰੋਕਾਰਾਂ ਵਾਲੀ ਰਾਜਨੀਤੀ ਵਿੱਚ ਬਦਲੀ ਜਾ ਸਕਦੀ ਹੈ। ਉਨ੍ਹਾਂ ਨੇ ਉਸ ਪਰਿਵਾਰ ਵਿੱਚ ਰਹਿ ਕੇ, ਜਿਸ ਦੇ ਬਸ਼ਿੰਦਿਆਂ ਨੇ ਦੇਸ਼ ਨੂੰ ਅੱਗੇ ਲਿਜਾਣ ਵਿੱਚ ਬੇਹੱਦ ਯੋਗਦਾਨ ਪਾਇਆ ਹੈ ਅਤੇ ਨਾਲ ਹੀ ਨਾਲ ਅਜਿਹੀਆਂ ਬੱਜਰ ਭੁੱਲਾਂ ਕੀਤੀਆਂ ਹਨ ਜਿਨ੍ਹਾਂ ਦੀ ਮੁਆਫ਼ੀ ਕਦੀ ਬਹਿਸ਼ਤੀਂ ਵੀ ਨਾ ਮਿਲ ਸਕੇ, ਰਾਜਨੀਤੀ ਬਾਰੇ ਕੀ ਸਿੱਖਿਆ ਹੈ?

ਦੇਸ਼ ਪ੍ਰਿਯੰਕਾ ਗਾਂਧੀ ਨਾਲ ਇਹ ਸੰਵਾਦ ਰਚਾਉਣ ਲਈ ਤਿਆਰ ਹੈ ਪਰ ਅਸੀਂ ਕਿਵੇਂ ਵਿਸ਼ਵਾਸ ਕਰ ਲਈਏ ਕਿ 2019 ਦੇ ਦੰਗਲ ਤੋਂ ਬਾਅਦ ਪ੍ਰਿਅੰਕਾ ਗਾਂਧੀ ਲੋਕਾਂ ਵਿੱਚ ਹੀ ਹੋਵੇਗੀ ਜਾਂ ਵਾਪਸ ਉਸ ਬੁੱਕਲ ਵਿੱਚ ਜਾ ਬੈਠੇਗੀ ਜਿੱਥੇ ਉਹ ਭੈਣ ਬਣ ਕੇ ਪਰਦੇ ਪਿੱਛੇ ਭਰਾ ਨੂੰ ਸਲਾਹ ਦੇਵੇ, ਆਪਣੇ ਬੱਚਿਆਂ ਨੂੰ ਪਾਲੇ ਅਤੇ ਰਾਬਰਟ ਵਾਡਰਾ ਬਾਰੇ ਕਿਸੇ ਕਿਸਮ ਦੀ ਤਫ਼ਸੀਲੀ ਗੱਲਬਾਤ ਤੋਂ ਬਚੀ ਰਹੇ? 

ਓਨੀ ਦੇਰ ਤੱਕ ਭੈਣ ਹਰਸਿਮਰਤ ਕੌਰ ਬਾਦਲ ਜੀ ਸਿਆਸਤ ਵਿੱਚ ਪੈਰ ਰੱਖਣ ਵਾਲੀ ਇਸ ਨੌਜਵਾਨ ਔਰਤ ਨੂੰ "ਕਾਂਗਰਸ ਸਿੱਖਾਂ ਦੀ ਦੁਸ਼ਮਣ ਜਮਾਤ ਹੈ" ਵਾਲੇ ਡੰਡੇ ਨਾਲ ਕੁੱਟਦੇ ਰਹਿਣ ਅਤੇ ਸਿੱਖ ਕੌਮ ਅਤੇ ਪੰਜਾਬ, ਪੰਜਾਬੀ, ਪੰਜਾਬੀਅਤ ਦੀ ਸੇਵਾ ਕਰਦੇ ਰਹਿਣ। ਇਸ ਨਾਲ ਸ਼ਾਇਦ ਸੰਗਤ ਵਿੱਚ ਬਾਦਲ ਪਰਿਵਾਰ ਦੀ ਇੱਜ਼ਤ ਹੋਰ ਵੀ ਵੱਧ ਜਾਵੇ। ਪੰਜਾਬੀਆਂ ਨੇ ਪ੍ਰਿਯੰਕਾ ਗਾਂਧੀ ਤੋਂ ਵੈਸੇ ਲੈਣਾ ਵੀ ਕੀ ਹੈ। ਅਸੀਂ ਕਿਹੜਾ ਬਨਾਰਸ ਜਾਣਾ ਹੈ, ਏਥੇ ਕੀਰਤਪੁਰ ਸਾਹਿਬ ਹੀ ਸਫ਼ਰ ਖਤਮ ਕਰਨਾ ਹੈ।  
 
  

*(ਨੇਹਾ ਜਿੰਦਲ ਵੱਖ ਵੱਖ ਅਦਾਰਿਆਂ ਵਿੱਚ ਜਨ ਸੰਵਾਦ ਅਤੇ ਪੱਤਰਕਾਰੀ ਦਾ ਵਿਸ਼ਾ ਪੜ੍ਹਾਉਂਦੇ ਰਹੇ ਹਨ ਅਤੇ ਪੰਜਾਬ ਦੇ ਨੇਤਾਵਾਂ ਦੇ ਆਪਣੀ ਜਨਤਾ ਨਾਲ ਰਚਾਏ ਅਤੇ ਉਲਝਾਏ ਸੰਵਾਦ ਨੂੰ ਨੇੜਿਓਂ ਵੇਖਦੇ ਹਨ।)




 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________



...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________

 






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER