ਵਿਚਾਰ
ਸੁਣੋ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ
ਮੇਰਾ ਸਵਾਲ ਤੇ ਬੇਬੇ ਦਾ ਲੱਕੜ ਦਾ ਸਟੈਂਡ
- ਐੱਸ ਪੀ ਸਿੰਘ
ਮੇਰਾ ਸਵਾਲ ਤੇ ਬੇਬੇ ਦਾ ਲੱਕੜ ਦਾ ਸਟੈਂਡ



ਕਿਸੇ ਦੁਖੀ ਵਿਅਕਤੀ ਨੂੰ, ਜਿਹੜਾ ਆਪਣੇ ਦੁੱਖ ਨਾਲ ਹਰ ਚੜ੍ਹਦੇ ਸੂਰਜ ਜਿਉਂਦਾ ਮਰਦਾ ਹੋਵੇ, ਉਹਨੂੰ ਮੁੜ-ਮੁੜ ਕੇ ਇਹ ਕਹਿਣਾ ਕਿ ਉਹ ਆਪਣੇ ਦੁੱਖ ਦੀ ਦਾਸਤਾਨ ਕਿਸੇ ਨਵੇਂ ਆਏ ਮਹਿਮਾਨ ਨੂੰ ਮੁੱਢ ਤੋਂ ਸੁਣਾਵੇ ਅਤੇ ਉਨ੍ਹਾਂ ਸਾਰੀਆਂ ਗੱਲਾਂ ਨੂੰ ਵਿਸਥਾਰ ਨਾਲ ਦੱਸੇ ਜਿਹੜੀਆਂ ਉਹਦਾ ਅੰਦਰਲਾ ਵਲੂੰਧਰ ਕੇ ਰੱਖ ਦਿੰਦੀਆਂ ਨੇ – ਇਹ ਸਭ ਤੁਹਾਨੂੰ ਕਿਹੋ ਜਿਹਾ ਕੰਮ ਲੱਗਦਾ ਹੈ?

ਪਿਛਲੇ ਕੁਝ ਮਹੀਨਿਆਂ ਦੌਰਾਨ ਮੈਂ ਨਿੱਠ ਕੇ ਕੰਮ ਕਰਦੇ ਕੁਝ ਸਮਾਜਿਕ ਕਾਰਕੁਨਾਂ, ਬੁੱਧੀਜੀਵੀਆਂ, ਨੌਜਵਾਨਾਂ ਨੂੰ ਇਹ ਸਭ ਕਰਦਿਆਂ ਵਾਰ-ਵਾਰ ਵੇਖਿਆ ਹੈ। ਉਨ੍ਹਾਂ ਦੇ ਨਾਲ ਵੀ ਤੁਰਿਆ ਹਾਂ। ਇਸੇ ਤਰ੍ਹਾਂ ਦੀ ਮੁਹਿੰਮ ਦਾ ਹਿੱਸਾ ਵੀ ਰਿਹਾ ਹਾਂ। ਮੰਦਹਾਲ ਕਿਰਸਾਨੀ, ਨਿਰਮੋਹੀਆਂ ਸਰਕਾਰਾਂ, ਸਰੋਕਾਰਾਂ ਤੋਂ ਟੁੱਟਿਆ ਵੱਡ-ਅਕਲਾਂ ਦਾ ਲਾਣਾ, ਕਾਰ ਦੀ ਲੰਬਾਈ ਵਿੱਚੋਂ ਸਮਾਜਿਕ ਰੁਤਬੇ ਦੀ ਉਚਾਈ ਭਾਲਦਾ, ਤਰੱਕੀ-ਦੌੜ ਵਿੱਚ ਹਫਿਆ, ਉੱਚ-ਮੱਧਵਰਗੀ ਅਖਵਾਉਣ ਦੀ ਹਸਰਤ ਪਾਲਦਾ ਸ਼ਹਿਰੀ-ਪੇਂਡੂ ਕੁਲੀਨ ਵਰਗ- ਸ਼ਤਰੰਜ ਵਿਛੀ ਪਈ ਹੈ।

ਇਸ ਸ਼ਤਰੰਜ ਵਿੱਚ ਕਿਸਾਨ, ਮਜ਼ਦੂਰ ਕੋਈ ਵੀ ਚਾਲ ਨਹੀਂ ਚੱਲ ਰਿਹਾ। ਪਿਆਦਿਆਂ ਨੇ ਕਦੋਂ ਪਾਸਾ ਖੇਡਿਆ ਹੈ? ਉਹ ਤਾਂ ਬਸ ਇੱਕ ਖਾਨੇ ਤੋਂ ਦੂਜੇ ਖਾਨੇ ਵਿੱਚ ਡਿੱਗਦੇ ਨੇ। ਉਨ੍ਹਾਂ ਦੀ ਹੱਕੀ ਲੜਾਈ ਦਾ ਤਤਕਾਲੀ ਨਿਸ਼ਾਨਾ ਫ਼ੌਰੀ ਮਾਲੀ ਇਮਦਾਦ, ਮੁੜ ਵਸੇਬਾ, ਮੁਆਵਜ਼ਾ, ਸਕੂਲ ਫੀਸ ਮੁਆਫ਼ੀ, ਬੁਢਾਪਾ ਪੈਨਸ਼ਨ ਤੱਕ ਹੈ। ਉਹ ਹਾਸ਼ੀਏ 'ਤੇ ਧੱਕ ਦਿੱਤੀ ਗਈ ਖਲਕਤ ਦੇ ਹਾਸ਼ੀਏ 'ਤੇ ਹਨ। ਹਾਸ਼ੀਆਂ ਦੇ ਹਾਸ਼ੀਏ 'ਤੇ ਜ਼ਿੰਦਗੀ ਬੜੀ ਨਿਰਮਮ ਹੋ ਜਾਂਦੀ ਹੈ। ਓਥੋਂ ਦੇ ਬਸ਼ਿੰਦਿਆਂ ਨੂੰ ਜਿੱਥੇ ਕਹੋ, ਉਹ ਦਸਤਬੰਦ ਹਾਜ਼ਰੀ ਲਵਾਉਣ ਟੈਂਪੂ ਭਰ ਕੇ ਪਹੁੰਚ ਜਾਂਦੇ ਨੇ। ਫਿਰ ਆਪਣੇ ਹਮਦਰਦਾਂ ਦੇ ਪਿਆਰ ਨਾਲ ਭੇਜੇ ਸੱਦੇ ਨੂੰ ਕਿਵੇਂ ਨਕਾਰਣ?

ਹਰ ਵਾਰੀ ਭਰੀ ਸਭਾ ਵਿੱਚ ਉਨ੍ਹਾਂ ਉਦਾਸ ਚਿਹਰਿਆਂ ਨੂੰ ਸਮੇਂ ਸਿਰ ਪਹੁੰਚਦਿਆਂ ਵੇਖਿਆ ਹੈ। 'ਇਨਸਾਨ ਦਾ ਨਸੀਬ' ਨਾਮ ਨਾਲ ਪੰਜਾਬੀ ਵਿੱਚ ਅਨੁਵਾਦ ਕੀਤੀ ਕਹਾਣੀ ਵਿੱਚ ਸ਼ੋਲੋਖੋਵ ਕਿਸਮਤ-ਮਾਰੇ ਬਜ਼ੁਰਗ ਦੀਆਂ ਅੱਖਾਂ ਬਾਰੇ ਕਹਿੰਦਾ ਹੈ ਕਿ ਉਹ ਇੰਝ ਸਨ ਜਿਵੇਂ ਉਨ੍ਹਾਂ ਵਿੱਚ ਕਿਸੇ ਨੇ ਸੁਆਹ ਪਾਈ ਹੋਵੇ। ਏਨੀਆਂ ਉਦਾਸ ਤੇ ਪੀੜ ਨਾਲ ਭਰੀਆਂ ਕਿ ਤੁਸੀਂ ਉਨ੍ਹਾਂ ਵਿੱਚ ਝਾਕ ਨਾ ਸਕੋ। ਪੰਜਾਬ ਦੇ ਖ਼ੁਦਕੁਸ਼ੀ ਪੀੜਤ ਕਿਸਾਨ ਮਜ਼ਦੂਰ ਪਰਿਵਾਰਾਂ ਦੇ ਕਿਸੇ ਵੀ ਇਕੱਠ ਵਿੱਚ ਤੁਸੀਂ ਇਨ੍ਹਾਂ ਅੱਖੀਆਂ ਦਾ ਝੁੰਡ ਵੇਖ ਸਕਦੇ ਹੋ। ਪਲ ਭਰ ਲਈ ਰੁਕੋ, ਕੁਝ ਅੱਖਾਂ ਤੁਹਾਡੇ ਵੱਲ ਤੱਕਦੀਆਂ ਤੁਹਾਡੇ ਕੋਲ ਆ ਜਾਂਦੀਆਂ ਹਨ। "ਬੀਬਾ…" ਕਹਿ ਉਹ ਗੱਲ ਸ਼ੁਰੂ ਕਰ ਦਿੰਦੇ ਨੇ। ਤੁਸੀਂ ਉਸ ਨੂੰ ਕਦੇ ਨਹੀਂ ਮਿਲੇ ਜੋ ਤੁਹਾਡੇ ਕੋਲ ਖੜ੍ਹੀ ਆਪਣਾ ਧੁਰ-ਅੰਦਰਲਾ ਫਰੋਲ ਰਹੀ ਹੈ, ਪਰ ਤੁਸੀਂ ਸਾਰੀ ਗੱਲ ਪਹਿਲਾਂ ਹੀ ਸੁਣੀ ਹੋਈ ਹੈ। ਸਿਰਫ਼ ਨਾਮ ਦਾ ਫ਼ਰਕ ਹੈ। ਕਿਸੇ ਦਾ ਪਤੀ, ਕਿਸੇ ਦਾ ਭਰਾ, ਕਿਸੇ ਦਾ ਪਿਤਾ। ਕਿਸੇ ਦੇ ਦੋ ਨਿਆਣੇ, ਕਿਸੇ ਦੇ ਚਾਰ। ਕੋਈ ਗੋਹਾ-ਕੂੜਾ ਕਰਦੀ ਏ, ਕੋਈ ਦਿਹਾੜੀ। ਕਿਸੇ ਦੀ ਧੀ ਸਕੂਲੋਂ ਹਟ ਗਈ ਏ, ਕਿਸੇ ਦੀ ਮਾਂ ਜਾਂ ਬਾਪ ਘਰ ਮੰਜੇ ’ਤੇ ਪਿਆ ਏ। ਤੁਸੀਂ ਅੱਠ-ਦਸ ਵਾਰੀ ਸੁਣ ਚੁੱਕੇ ਹੋ, ਉਹ ਅਣਗਿਣਤ ਵਾਰੀ ਸੁਣਾ ਚੁੱਕੀ ਹੈ।

ਸੰਵਾਦ ਚੱਲ ਰਿਹਾ ਹੈ

ਦੁਖਿਆਰਿਆਂ ਤੇ ਉਨ੍ਹਾਂ ਦਾ ਦੁੱਖ-ਦਾਰੂ ਕਰਨ ਦੇ ਤਲਬਗਾਰਾਂ ਵਿੱਚ ਇੱਕ ਸਾਂਝੀ ਲੜਾਈ ਦਾ ਮੁਹਾਜ਼ ਖੜ੍ਹਾ ਕਰਨ ਦੀ ਕਵਾਇਦ ਹੋ ਰਹੀ ਹੈ। ਇਸ ਸ਼ੁਭ ਕਾਰਜ ਵਿੱਚ ਹਾਸ਼ੀਏ, ਹਾਸ਼ੀਏ ਕਦੇ-ਕਦੇ ਮੈਂ ਵੀ ਟੁਰਿਆ ਹਾਂ, ਬਹੁਤ ਸਾਰੇ ਹੋਰਾਂ ਵਾਂਗ। ਕੁਝ ਤਾਂ ਨਿੱਠ ਕੇ ਲੱਗੇ ਹੋਏ ਨੇ। ਆਪਣਾ ਸਮਾਂ, ਆਪਣਾ ਪੈਸਾ, ਆਪਣਾ ਦਿਲ-ਦਿਮਾਗ਼ ਇਸੇ ਕਾਰਜ ਵਿੱਚ ਝੋਂਕ ਰੱਖਿਆ ਹੈ।

ਪਰ ਇਸ ਸਭ ਵਿੱਚ ਸਭ ਕੁਝ ਸਮਝਣ ਦੀ ਕੁੱਵਤ ਰੱਖਣ ਵਾਲੇ ਵੀ ਕੁਝ ਸਵਾਲ ਨਹੀਂ ਚੁੱਕ ਰਹੇ। ਉਨ੍ਹਾਂ ਵਿੱਚ ਮੈਂ ਵੀ ਸ਼ਾਮਲ ਹਾਂ। ਮਸਲਨ, ਵਾਰ-ਵਾਰ ਅਤਿ-ਸਤਾਏ ਨੂੰ ਆਪਣਾ ਦੁੱਖ ਭਰੀ ਸਭਾ ਵਿਚ ਮਾਈਕ 'ਤੇ ਆ ਕੇ ਦੱਸਣ ਲਈ ਕਹਿਣ ਲੱਗਿਆਂ ਤੁਸੀਂ ਆਪਣੇ ਅੰਦਰਲੇ ਦੀਆਂ ਦੁਬਿਧਾਵਾਂ ਨਾਲ ਕਿੰਨਾ ਕੁ ਸਿੱਝਿਆ ਹੈ?

ਕਿਉਂ ਜੋ ਕਾਰਜ ਸੱਚਾ-ਸੁੱਚਾ ਹੈ, ਉਹਦੇ 'ਤੇ ਗ਼ਰੀਬ ਦੇ ਦਰਦ ਦੀ ਮੋਹਰ ਹੈ, ਇਸ ਲਈ ਕੌਣ ਆ ਕੇ ਇਹ ਪੁੱਛਣ ਲਈ ਤੁਹਾਨੂੰ ਕਟਹਿਰੇ ਵਿੱਚ ਖੜ੍ਹਾ ਕਰੇ ਕਿ ਤੁਸੀਂ ਅੱਠਵੀਂ ਵਾਰੀ ਉਸ ਪੰਜ ਬੱਚਿਆਂ ਦੀ ਮਾਂ ਨੂੰ ਕਿਉਂ ਕਿਹਾ ਕਿ ਮਾਈਕ 'ਤੇ ਨਵੇਂ ਮਹਿਮਾਨਾਂ ਸਾਹਮਣੇ ਨਵੇਂ ਸ਼ਹਿਰ ਵਿੱਚ ਫਿਰ ਦੱਸੇ ਕਿ ਉਸ ਨਾਲ ਕੀ ਬੀਤੀ? ਹਰ ਔਰਤ ਦੀ ਦਾਸਤਾਨ ਵਿੱਚ ਇਨ੍ਹਾਂ ਅਣਪੁੱਛੇ ਸਵਾਲਾਂ ਦੀ ਜ਼ਾਹਰਾ ਸੰਭਾਵਨਾ ਦਿਖਾਈ ਦੇ ਰਹੀ ਹੁੰਦੀ ਹੈ ਪਰ ਇਹ ਸਵਾਲ ਕੋਈ ਨਹੀਂ ਪੁੱਛ ਰਿਹਾ ਕਿਉਂ ਜੋ ਅਸੀਂ ਤਾਂ ਭਲੇ ਦਾ ਕੰਮ ਕਰ ਰਹੇ ਹਾਂ।

"ਜੀ ਮੈਂ ਪਹਿਲਾਂ ਵਿਆਹੀ ਗਈ ਸੀ ਪਰ ਮੇਰਾ ਘਰ ਵਾਲਾ ਖ਼ੁਦਕੁਸ਼ੀ ਕਰ ਗਿਆ। ਫਿਰ ਮੈਂ ਛੋਟੇ ਦੇ ਲੜ ਲੱਗੀ ਪਰ ਉਸ ਨੇ ਵੀ ਫਾਹਾ ਲੈ ਲਿਆ।"

ਉਹ ਆਪਣੇ ਬੱਚਿਆਂ ਬਾਰੇ ਦੱਸਦੀ ਹੈ, ਘਰ ਮੰਜੇ ਨੂੰ ਫੜੀ ਬੈਠੇ ਆਪਣੇ ਦੂਹਰੇ ਸੱਸ-ਸਹੁਰੇ ਬਾਰੇ ਵੀ। ਹਮਦਰਦੀ ਵਿੱਚ ਸਿਰ ਹਿੱਲਦੇ ਨੇ। ਮੌਕੇ 'ਤੇ ਮੌਜੂਦ ਸਰਕਾਰੀ ਅਧਿਕਾਰੀ ਦੇ ਵੀ ਅੱਥਰੂ ਕਿਰਦੇ ਨੇ। ਇਸ ਸਭ ਵਿੱਚ ਇਹ ਪੁੱਛਣਾ ਰਹਿ ਹੀ ਜਾਂਦਾ ਹੈ ਕਿ ਇੱਕ ਦੇ ਮਰ ਜਾਣ ਤੋਂ ਬਾਅਦ ਉਹਦੇ ਭਰਾ ਦੇ ਲੜ ਲੱਗਣ ਦੇ ਏਡੇ ਸਹਿਜੇ ਜਿਹੇ ਹੋ ਰਹੇ ਵਰਤਾਰੇ ਬਾਰੇ ਕੋਈ ਕਿਉਂ ਨਹੀਂ ਚੌਂਕ ਰਿਹਾ? ਕਿਉਂ ਹਮਦਰਦਾਂ ਨੂੰ ਕਟਹਿਰੇ ਵਿੱਚ ਨਹੀਂ ਖੜ੍ਹਾ ਕਰ ਰਿਹਾ?

ਭੀੜ ਵਿੱਚ ਬਹੁਤੇ ਤਾਂ ਬੇਜ਼ਮੀਨੇ ਨੇ। ਕੇਵਲ ਉਨ੍ਹਾਂ ਘਰਾਂ ਦੀਆਂ ਔਰਤਾਂ ਦੇ ਨਾਮ ਹੀ ਜ਼ਮੀਨ ਹੋਈ ਜਿਨ੍ਹਾਂ ਦੇ ਘਰ ਵਾਲੇ ਦੀ ਖ਼ੁਦਕੁਸ਼ੀ ਤੋਂ ਬਾਅਦ ਸਿਰਫ਼ ਕੁੜੀਆਂ ਹੀ ਰਹਿ ਗਈਆਂ। ਨਹੀਂ ਤਾਂ ਜ਼ਮੀਨ ਛੋਟੇ ਕਾਕੇ ਦੇ ਨਾਮ ਹੋ ਗਈ। ਜ਼ਮੀਨ ਤੇ ਲਿੰਗ ਦੇ ਇਸ ਰਿਸ਼ਤੇ ਬਾਰੇ ਸੰਤਾਪਿਆਂ ਦੇ ਘਰ ਰੱਖੀ ਚਿੰਤਨ-ਬੈਠਕ ਵਿੱਚੋਂ ਵੀ ਮੰਥਨ ਅਜੇ ਗਾਇਬ ਹੈ। ਜੇ ਕਿਤੇ ਹੁੰਦਾ ਹੈ ਤਾਂ ਕਿਸੇ ਵਿਰਲੇ, ਜਾਗਦੇ ਸਰੋਕਾਰੀ ਕਰਕੇ। ਮਾਹੌਲ ਨੂੰ ਵੇਖ ਸ਼ਾਇਦ ਉਹ ਵੀ ਪੇਚੀਦਾ ਸਵਾਲਾਂ ਤੋਂ ਗੁਰੇਜ਼ ਕਰਦਾ ਹੋਵੇ।

ਥੁੜ੍ਹਾਂ ਦੀ ਗਾਥਾ ਵਿੱਚ ਅਜਿਹੇ ਬਾਰੀਕ ਸਵਾਲ ਬੇਮਾਅਨੇ ਨੇ ਜਾਂ ਅਸੀਂ ਅਜੇ ਤਤਕਾਲ ਕੋਟੇ ਵਿੱਚ ਹੀ ਹੱਲ ਭਾਲਣ ਦੀ ਫਿਰਾਕ ਵਿੱਚ ਹਾਂ? ਪਤੀ ਦੇ ਸਲਫਾਸ ਖਾ, ਜਹਾਨੋਂ ਤੁਰ ਜਾਣ ਤੋਂ ਬਾਅਦ ਉਹਦੇ ਮਾਂ-ਬਾਪ ਦੀ ਸੇਵਾ-ਸੰਭਾਲ ਦਾ ਜ਼ਿੰਮਾ ਨੌਜਵਾਨ ਵਿਧਵਾ ਦੇ ਮੋਢੀਂ ਪੈ ਜਾਣਾ ਇੰਨਾ ਕੁਦਰਤੀ ਵਰਤਾਰਾ ਕਿਉਂ ਹੋ ਗਿਆ ਹੈ ਕਿ ਇਹਦੇ ਬਾਰੇ ਸ਼ਹਿਰੋ-ਸ਼ਹਿਰ, ਪਿੰਡੋਂ-ਪਿੰਡ ਖ਼ੁਦਕੁਸ਼ੀ-ਪੀੜਤ ਪਰਿਵਾਰਾਂ ਨੂੰ ਰਾਹਤ ਦੇਣ ਲਈ ਮਨਸੂਬਾਬੰਦੀ ਕਰਦੇ ਸਮਾਗਮਾਂ ਵਿੱਚ ਕੋਈ ਸਵਾਲ ਹੀ ਨਹੀਂ ਚੁੱਕਿਆ ਜਾਂਦਾ? "ਤੁਸੀਂ ਦੁਬਾਰਾ ਵਿਆਹ ਕਿਉਂ ਨਹੀਂ ਕਰਵਾਇਆ?" ਪੁੱਛਦਿਆਂ ਹੀ ਕਿੰਨੀਆਂ ਅੱਖਾਂ ਦੀਆਂ ਜੋੜੀਆਂ ਮੈਨੂੰ ਘੂਰ ਕੇ ਵੇਖਣ ਲੱਗ ਪੈਂਦੀਆਂ ਨੇ। ਹਾਅ ਦਾ ਨਾਅਰਾ ਮਾਰਦੀਆਂ ਭਾਰਤੀ ਕਿਸਾਨ ਯੂਨੀਅਨਾਂ ਅਤੇ ਹੋਰ ਸੰਘਰਸ਼ੀ ਇਸ ਬਾਰੇ ਕਦੇ ਆਪਸ ਵਿੱਚ ਗੁੱਥਮ-ਗੁੱਥਾ ਕਿਉਂ ਨਹੀਂ ਹੋਏ?

ਹਰ ਵਾਰੀ ਅਜਿਹੀ ਕਿਸੇ ਕੋਸ਼ਿਸ਼ ਦਾ ਹਿੱਸਾ ਹੋਣ ਲਈ ਘਰੋਂ ਤੁਰਨ ਲੱਗਿਆਂ ਮੈਂ ਫ਼ੈਸਲਾ ਕਰ ਕੇ ਜਾਂਦਾ ਹਾਂ ਕਿ ਇਹ ਸਵਾਲ ਪੁੱਛਣੇ ਚਾਹੀਦੇ ਹਨ ਤੇ ਮੈਂ ਮੌਕੇ ਦੀ ਤਲਾਸ਼ ਕਰਾਂਗਾ। ਫਿਰ ਕਿਸੇ ਨਾ ਕਿਸੇ ਚਿਹਰੇ ਨੂੰ ਵੇਖ ਧੁਰ ਅੰਦਰ ਤੱਕ ਕੰਬ ਜਾਂਦਾ ਹਾਂ ਕਿ ਗੈਰ-ਜ਼ਰੂਰੀ ਗੱਲ ਕਰਕੇ ਉਨ੍ਹਾਂ ਦਾ ਬੇਸ਼ਕੀਮਤੀ ਵਕਤ ਜ਼ਾਇਆ ਨਾ ਕਰ ਦਿਆਂ ਜਿਨ੍ਹਾਂ ਦੀ ਸੋਚ-ਸਮਝ ਭਲੇ ਦਾ ਕੰਮ ਕਰਨ 'ਤੇ ਕੇਂਦਰਿਤ ਹੈ।

ਅੱਠਵੀਂ ਪੜ੍ਹਦੀ ਸਿਮਰਜੀਤ ਕੌਰ ਦਾ ਨਾਮ ਮੇਰੀ ਇੱਕ ਮਿੱਤਰ ਦੇ ਨਾਮ ਨਾਲ ਰਲਦਾ-ਮਿਲਦਾ ਸੀ, ਗੱਲ ਸੁਣਨ ਲਈ ਖੜ੍ਹਾ ਹੋ ਗਿਆ। ਪੰਜ ਸਾਲ ਦੀ ਉਮਰੇ ਉਹਦੀ ਮੰਮੀ ਮਰ ਗਈ ਸੀ, ਉਦੋਂ ਤੋਂ ਘਰ ਚਲਾ ਰਹੀ ਹੈ। ਰੋਟੀ-ਟੁੱਕ ਕਰਦੀ ਏ, ਸਕੂਲ ਵੀ ਜਾਂਦੀ ਏ, ਗੱਲ ਦੱਸਦੀ ਏ, ਹਉਕੇ ਭਰ-ਭਰ ਰੋਂਦੀ ਏ। ਫਿਰ ਸਿਰ ਝਟਕ ਆਪਣੇ ਆਪ ਨੂੰ ਕਾਇਮ ਕਰਦੀ ਏ, ਦੂਜੇ ਪੱਤਰਕਾਰ ਨੂੰ ਸਾਰੀ ਗੱਲ ਫਿਰ ਦੱਸਦੀ ਹੈ। ਤੁਸੀਂ ਬੱਚਿਆਂ ਦੇ ਅਧਿਕਾਰਾਂ ਬਾਰੇ ਕਿਸੇ ਬਾਰੀਕ ਨੁਕਤੇ ਨੂੰ ਵਿਚਾਰੋਗੇ ਜਾਂ ਉਹਦੀ ਕੋਈ ਇਮਦਾਦ ਹੋ ਸਕੇ, ਇਹਦੇ ਲਈ ਹੱਥ-ਪੈਰ ਮਾਰੋਗੇ?

ਅਣਪੁੱਛੇ ਸਵਾਲਾਂ ਦਾ ਖ਼ਿਆਲ ਛੱਡ ਤੁਸੀਂ ਫ਼ੈਸਲਾ ਕਰਦੇ ਹੋ ਕਿ ਅਗਲੀ ਔਰਤ ਨੂੰ ਜੇ ਕੋਈ ਨੇਕ ਸਲਾਹ ਦੇ ਸਕਾਂ ਤਾਂ ਚੰਗਾ। ਏਨੇ ਨੂੰ ਕੁੱਛੜ ਕੁੜੀ ਚੁੱਕੀ ਮਹਿਲਾ ਦੱਸਦੀ ਹੈ ਕਿ ਉਹਦੇ ਪਤੀ ਦੀ ਡੇਢ ਮਹੀਨਾ ਪਹਿਲਾਂ ਮੌਤ ਹੋ ਚੁੱਕੀ ਹੈ। "ਨਹੀਂ, ਉਹਨੇ ਖ਼ੁਦਕੁਸ਼ੀ ਨਹੀਂ ਕੀਤੀ ਪਰ ਜੀ ਮੈਂ ਬਹੁਤ ਮਜਬੂਰ ਹਾਂ। ਪੰਜ ਬੱਚੇ ਨੇ – ਚਾਰ ਗੁੱਡੀਆਂ ਤੇ ਇੱਕ ਕਾਕਾ। ਸਾਡੀ ਮਦਦ ਹੋਵੇਗੀ?"

ਮੈਂ ਉਹਨੂੰ ਦੱਸਿਆ ਕਿ ਮੁਆਵਜ਼ਾ ਸਿਰਫ਼ ਖ਼ੁਦਕੁਸ਼ੀ-ਪੀੜਤ ਪਰਿਵਾਰ ਲਈ ਹੈ, ਵੈਸੇ ਉਹਨੂੰ ਮਦਦ ਮਿਲਣੀ ਚਾਹੀਦੀ ਹੈ। ਇਹ ਸਾਫ਼ ਸੀ ਕਿ ਮੇਰੀ ਗੱਲ ਨੇ ਰਾਹਤ ਨਹੀਂ ਦਿੱਤੀ ਸੀ। ਚਾਰ ਗੁੱਡੀਆਂ ਕਾਕੇ ਤੋਂ ਵੱਡੀਆਂ ਹੀ ਹੋਣਗੀਆਂ, ਮੈਂ ਜਾਣਦਾ ਹਾਂ। ਕਾਕੇ ਦੀ ਭਾਲ ਵਿੱਚ ਘਰ ਵਿੱਚ ਚਾਰ ਗੁੱਡੀਆਂ ਦੀ ਆਮਦ ਬਾਰੇ ਅਣਪੁੱਛੇ ਸਵਾਲ ਖੜ੍ਹਾ ਕਰਨ ਦਾ ਹੁਣ ਕੋਈ ਮਨ ਨਹੀਂ ਸੀ।

ਏਨੇ ਨੂੰ ਮੁਖਤਿਆਰ ਕੌਰ ਆਣ ਮਿਲੀ। "ਸੰਤਾਲੀ ਵੇਖਿਆ ਮੈਂ ਪੁੱਤ।" ਮੈਂ ਉਮਰ ਪੁੱਛੀ ਸੀ। ਉਹਨੂੰ ਮੁਆਵਜ਼ਾ ਨਹੀਂ ਚਾਹੀਦਾ, ਉਹਦੇ ਘਰ ਖ਼ੁਦਕੁਸ਼ੀ ਨਹੀਂ ਹੋਈ। "ਕੁੜੀਆਂ ਵਿਆਹ ਕੇ ਆਪਣੇ ਘਰ ਚਲੀਆਂ ਗਈਆਂ। ਘਰ ਵਾਲਾ ਇਸੇ ਸਾਲ ਜੁਲਾਈ ਵਿਚ ਮਰ ਗਿਆ। ਹੁਣ ਰੋਟੀ ਦੇਣ ਵਾਲਾ ਕੋਈ ਨਹੀਂ, ਗੋਡੇ ਨਹੀਂ ਮੁੜਦੇ।" ਮੈਨੂੰ ਅਣਪੁੱਛਿਆ ਸਵਾਲ ਦਿਸ ਗਿਆ ਸੀ- "ਕੁੜੀਆਂ ਦੇ ਆਪਣੇ ਘਰ ਦਾ ਕੀ ਮਤਲਬ?" ਪਰ ਅਜੇ ਉਹਦੀ ਗੱਲ ਪੂਰੀ ਨਹੀਂ ਸੀ ਹੋਈ। "ਬੇਬੇ, ਕੀ ਕਰੇ ਸਰਕਾਰ ਤੁਹਾਡੇ ਲਈ?" ਉਸ ਆਖਿਆ, "ਰੋਜ਼ ਸਵੇਰੇ ਖੜ੍ਹੀ ਹੋ ਕੇ ਟੱਟੀ ਜਾਂਦੀ ਹਾਂ, ਗੰਦੀ ਹੋ ਜਾਨੀ ਆਂ। ਜੇ ਕੋਈ ਲੱਕੜ ਦਾ ਸਟੈਂਡ ਜਿਹਾ ਬਣ ਜਾਵੇ…"

"ਕਰੂ ਸਰਕਾਰ ਕੁਛ?"

ਤੁਹਾਡਾ ਕੋਈ ਅਣਪੁੱਛਿਆ ਸਵਾਲ ਹੋਵੇ ਤਾਂ ਦੱਸਣਾ, ਅਗਲੀ ਵਾਰੀ ਕੋਸ਼ਿਸ਼ ਕਰਾਂਗਾ।
----------
ਸੁਣੋ ਉਨ੍ਹਾਂ ਲੋਕਾਂ ਦੀ ਦਾਸਤਾਨ ਜਿਨ੍ਹਾਂ ਦੀ ਕੋਈ ਨਹੀਂ ਸੁਣਦਾ:

----------

 
ਲੇਖਕ ਸੀਨੀਅਰ ਪੱਤਰਕਾਰ ਹੈ ਅਤੇ ਬੋਝੇ ਵਿਚ ਕਈ ਗ਼ੈਰਜ਼ਰੂਰੀ, ਅਣਪੁੱਛੇ ਸਵਾਲ ਪਾਈ ਫਿਰਦਾ ਹੈ।
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ। 



Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER