ਵਿਚਾਰ
ਕਰਤਾਰਪੁਰ ਲਾਂਘਾ
ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ
- ਉਜਾਗਰ ਸਿੰਘ*
ਦੋ ਕ੍ਰਿਕਟਰਾਂ ਦੀ ਦੋਸਤੀ ਦਾ ਸਿੱਖ ਜਗਤ ਨੂੰ ਤੋਹਫ਼ਾ



ਕਰਤਾਰਪੁਰ ਸਾਹਿਬ ਦੇ ਲਾਂਘੇ ਦਾ ਦੋਹਾਂ ਦੇਸ਼ਾਂ ਭਾਰਤ ਅਤੇ ਪਾਕਿਸਤਾਨ ਵੱਲੋਂ ਨੀਂਹ ਪੱਥਰ ਰੱਖਣ ਨਾਲ ਨਵੀਆਂ ਸੰਭਾਵਨਾਵਾਂ ਦੇ ਰਸਤੇ ਵੀ ਖੁੱਲ੍ਹਣ ਲੱਗ ਪਏ ਹਨ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਮੁਹੰਮਦ ਫ਼ੈਜ਼ਲ ਨੇ ਇਕ ਬਿਆਨ ਵਿੱਚ ਦੱਸਿਆ ਹੈ ਕਿ ਲਾਂਘੇ ਰਾਹੀਂ ਆਉਣ ਵਾਲੇ ਸ਼ਰਧਾਲੂਆਂ ਨੂੰ ਵੀਜ਼ਾ ਲੈਣ ਦੀ ਲੋੜ ਨਹੀਂ ਹੋਵੇਗੀ।

ਪਾਕਿਸਤਾਨ ਦੇ ਰੇਲਵੇ ਵਿਭਾਗ ਦੇ ਮੰਤਰੀ ਸ਼ੇਖ਼ ਰਾਸ਼ਿਦ ਨੇ ਕਿਹਾ ਹੈ ਕਿ ਕਰਤਾਰਪੁਰ ਵਿੱਚ ਆਧੁਨਿਕ ਰੇਲਵੇ ਸਟੇਸ਼ਨ ਬਣਾਇਆ ਜਾਵੇਗਾ। ਨਨਕਾਣਾ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਕਰਤਾਰਪੁਰ ਸਾਹਿਬ ਗੁਰੂ ਘਰ ਦੇ ਦਰਸ਼ਨਾਂ ਲਈ ਰੇਲ ਗੱਡੀ ਰਾਹੀਂ ਲਿਜਾਇਆ ਜਾਵੇਗਾ। ਸਰਕਾਰ 10-10 ਏਕੜ ਜ਼ਮੀਨ ਕਰਤਾਰਪੁਰ ਅਤੇ ਨਨਕਾਣਾ ਸਾਹਿਬ ਵਿਖੇ ਹੋਟਲ ਬਣਾਉਣ ਲਈ ਦੇਵੇਗੀ ਤਾਂ ਜੋ ਸ਼ਰਧਾਲੂਆਂ ਨੂੰ ਉਥੇ ਠਹਿਰਨ ਦੀ ਦਿੱਕਤ ਨਾ ਆਵੇ। ਕੋਈ ਵੀ ਸਿੱਖ ਇਸ ਜ਼ਮੀਨ ਉਪਰ ਹੋਟਲ ਬਣਾ ਸਕਦਾ ਹੈ।

ਜੰਗੀ ਕੈਦੀਆਂ ਦੇ ਪਰਿਵਾਰਾਂ ਨੂੰ ਵੀ ਆਪਣੇ ਸੰਬੰਧੀਆਂ ਦੇ ਵਾਪਸ ਆਉਣ ਦੀ ਉਮੀਦ ਬੱਝ ਗਈ ਹੈ। ਦੋਹਾਂ ਦੇਸ਼ਾਂ ਦੇ ਸਿਆਸਤਦਾਨ ਭਾਵੇਂ ਖੁਸ਼ ਹੋਣ ਚਾਹੇ ਨਾ ਹੋਣ ਪ੍ਰੰਤੂ ਦੋਹਾਂ ਦੇਸ਼ਾਂ ਦੀ ਜਨਤਾ ਪੂਰੀ ਬਾਗੋ ਬਾਗ ਹੋ ਗਈ ਹੈ ਕਿਉਂਕਿ ਸਰਹੱਦ ਉਪਰ ਸ਼ਾਂਤੀ ਸਥਾਪਤ ਹੋਣ ਦੀ ਆਸ ਪੈਦਾ ਹੋ ਗਈ ਹੈ। ਇਥੋਂ ਤਕ ਕਿ ਭਾਰਤੀ ਕਸ਼ਮੀਰ ਦੇ ਲੋਕ ਵੀ ਅਜਿਹੇ ਲਾਂਘੇ ਦੀ ਮੰਗ ਕਰਨ ਲੱਗ ਪਏ ਹਨ।
----------
ਜਦੋਂ ਦੋਹਾਂ ਦੇਸ਼ਾਂ ਨੇ ਲਾਂਘੇ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਹਰ ਸਿਆਸੀ ਲੀਡਰ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ।
----------
ਦੋਹਾਂ ਦੇਸ਼ਾਂ ਦੇ ਲੋਕ ਖੁਸ਼ ਹਨ ਪ੍ਰੰਤੂ ਭਾਰਤ ਅਤੇ ਖਾਸ ਤੌਰ 'ਤੇ ਪੰਜਾਬ ਦੀਆਂ ਸਿਆਸੀ ਪਾਰਟੀਆਂ ਵਿੱਚ ਕਰਤਾਰਪੁਰ ਸਾਹਿਬ ਲਾਂਘੇ ਬਾਰੇ ਦੋਹਾਂ ਦੇਸ਼ਾਂ ਦੀ ਸਹਿਮਤੀ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਦੌੜ ਲੱਗੀ ਹੋਈ ਹੈ। ਡਾ. ਮਨਮੋਹਨ ਸਿੰਘ ਨੇ ਵੀ ਲਾਂਘਾ ਖੋਲ੍ਹਣ ਲਈ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੂੰ ਅਤੇ ਕੈਪਟਨ ਅਮਰਿੰਦਰ ਸਿੰਘ ਨੇ ਭਾਰਤ ਦੇ ਪ੍ਰਧਾਨ ਮੰਤਰੀ ਅਤੇ ਵਿਦੇਸ਼ ਮੰਤਰੀ ਨੂੰ ਚਿੱਠੀਆਂ ਲਿਖੀਆਂ ਸਨ। ਪਿਛਲੇ 70 ਸਾਲਾਂ ਤੋਂ ਇਹ ਮੰਗ ਕੀਤੀ ਜਾ ਰਹੀ ਸੀ ਪ੍ਰੰਤੂ ਪਾਕਿਸਤਾਨ ਸਰਕਾਰ ਨੇ ਕਦੀ ਹੁੰਗਾਰਾ ਹੀ ਨਹੀਂ ਭਰਿਆ ਸੀ।

ਹੁਣ ਚਾਹੇ ਸਾਰੇ ਨੇਤਾ ਆਪਣੇ ਮੂੰਹ ਮੀਆਂ ਮਿੱਠੂ ਬਣੀ ਜਾਣ ਪ੍ਰੰਤੂ ਇਸਦੀ ਪਹਿਲਕਦਮੀ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਯਤਨਾਂ ਦਾ ਸਿੱਟਾ ਹੈ। ਜੇ ਇਹ ਕਹਿ ਲਿਆ ਜਾਵੇ ਕਿ ਦੋ ਕ੍ਰਿਕਟ ਦੇ ਖਿਡਾਰੀਆਂ ਦੀ ਦੋਸਤੀ ਦਾ ਸਿੱਟਾ ਹੈ ਤਾਂ ਇਸ ਵਿਚ ਵੀ ਕੋਈ ਅਤਕਥਨੀ ਨਹੀਂ ਹੋਵੇਗੀ।

ਭਾਰਤ ਅਤੇ ਪਾਕਿਸਤਾਨ ਦੀਆਂ ਸਰਕਾਰਾਂ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਆਗਮਨ ਪ੍ਰਕਾਸ਼ ਦਿਵਸ ਮੌਕੇ 12 ਕਰੋੜ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਨੂੰ ਨਾਰੋਵਾਲ ਜ਼ਿਲ੍ਹੇ ਦੇ ਸ੍ਰੀ ਕਰਤਾਰਪੁਰ ਸਾਹਿਬ ਦੇ ਗੁਰੂ ਘਰ ਦੇ ਦਰਸ਼ਨਾਂ ਲਈ ਜਾਣ ਵਾਸਤੇ ਪ੍ਰਵਾਨਗੀ ਦੇਣਾ ਸ਼ੁਭ ਸ਼ਗਨ ਹੈ। ਦੇਸ਼ ਦੀ ਵੰਡ ਸਮੇਂ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ, ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੇ ਆਖਰੀ 18 ਸਾਲ ਪਿੰਡ ਕਰਤਾਰਪੁਰ ਵਿਚ ਗੁਜ਼ਾਰੇ ਸਨ ਅਤੇ ਉਥੇ ਹੀ ਜੋਤੀ ਜੋਤਿ ਸਮਾਏ ਸਨ, ਉਹ ਪਾਕਿਸਤਾਨ ਵਿੱਚ ਰਹਿ ਗਿਆ ਸੀ। ਸਿੱਖ ਪਿਛਲੇ 70 ਸਾਲਾਂ ਤੋਂ ਹੀ ਅਰਦਾਸ ਕਰਦੇ ਆ ਰਹੇ ਸਨ ਕਿ ਉਨ੍ਹਾਂ ਦੇ ਦਰਸ਼ਨੇ ਦੀਦਾਰ ਕਰਨ ਦਾ ਮੌਕਾ ਮਿਲੇ। ਹੁਣ ਦੋਹਾਂ ਦੇਸ਼ਾਂ ਵੱਲੋਂ ਆਪਸੀ ਸਹਿਮਤੀ ਨਾਲ ਕਰਤਾਰਪੁਰ ਸਾਹਿਬ ਲਾਂਘਾ ਬਣਾਉਣ ਦਾ ਫ਼ੈਸਲਾ ਕੀਤਾ ਗਿਆ ਹੈ, ਜਿਸ ਦਾ ਸੰਸਾਰ ਵਿਚ ਰਹਿੰਦੇ ਸਿੱਖਾਂ ਨੇ ਸਵਾਗਤ ਕੀਤਾ ਹੈ। ਇਕ ਕਿਸਮ ਨਾਲ ਸਿੱਖ ਜਗਤ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ।

ਇਹ ਲਾਂਘਾ ਬਣਾਉਣ ਲਈ ਮੰਗ ਅਕਾਲੀ ਦਲ ਦੇ ਸਾਬਕਾ ਮਰਹੂਮ ਵਿਧਾਇਕ ਕੁਲਦੀਪ ਸਿੰਘ ਵਡਾਲਾ ਨੇ 18 ਸਾਲ ਪਹਿਲਾਂ ਸਰਹੱਦ 'ਤੇ ਪਹੁੰਚ ਕੇ ਅਰਦਾਸ ਕਰਕੇ ਕੀਤੀ ਸੀ।

ਹੁਣ ਜਦੋਂ ਦੋਹਾਂ ਦੇਸ਼ਾਂ ਨੇ ਲਾਂਘੇ ਦੀ ਪ੍ਰਵਾਨਗੀ ਦੇ ਦਿੱਤੀ ਹੈ ਤਾਂ ਹਰ ਸਿਆਸੀ ਲੀਡਰ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹਣ ਦੀ ਕੋਸ਼ਿਸ਼ ਕਰ ਰਿਹਾ ਹੈ।

ਅਸਲ ਵਿੱਚ ਤਾਜ਼ਾ ਘਟਨਾਕ੍ਰਮ ਅਨੁਸਾਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ ਜਨਾਬ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਨਵਜੋਤ ਸਿੰਘ ਸਿੱਧੂ ਨੂੰ ਬੁਲਾਉਣ ਸਮੇਂ ਨਵਜੋਤ ਸਿੰਘ ਸਿੱਧੂ ਨੇ ਲਾਂਘੇ ਦੀ ਮੰਗ ਰੱਖੀ ਸੀ, ਜਿਸ ਦੀ ਪਾਕਿਸਤਾਨ ਸਰਕਾਰ ਨੇ ਸਹਿਮਤੀ ਦੇ ਦਿੱਤੀ ਸੀ। ਉਦੋਂ ਤਾਂ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਨੇਤਾਵਾਂ ਨੇ ਨਵਜੋਤ ਸਿੰਘ ਸਿੱਧੂ ਨੂੰ ਦੇਸ਼ਧ੍ਰੋਹੀ ਤਕ ਕਹਿ ਦਿੱਤਾ ਸੀ। ਅਜੇ ਵੀ ਆਰ.ਐੱਸ.ਐੱਸ. ਦੇ ਨੇਤਾਵਾਂ ਦੇ ਤਲੂੰਏ ਲੜਦੇ ਹਨ। ਉਨ੍ਹਾਂ ਦੇ ਨੇਤਾ ਇੰਦਰੇਸ਼ ਕੁਮਾਰ ਨੇ ਚੰਡੀਗੜ੍ਹ ਵਿਖੇ ਇਕ ਸਮਾਗਮ ਵਿੱਚ ਬੋਲਦਿਆਂ ਨਵਜੋਤ ਸਿੰਘ ਸਿੱਧੂ ਨੂੰ ਦੇਸ਼ਧ੍ਰੋਹੀ ਕਹਿ ਦਿੱਤਾ।

ਨਵਜੋਤ ਸਿੰਘ ਸਿੱਧੂ ਦੇ ਪਾਕਿਸਤਾਨ ਜਾਣ ਤੋਂ ਤਿੰਨ ਮਹੀਨੇ ਬਾਅਦ ਜਦੋਂ ਭਾਰਤ ਸਰਕਾਰ ਨੇ ਲਾਂਘੇ ਸੰਬੰਧੀ ਕੋਈ ਪ੍ਰਤੀਕਿਰਿਆ ਹੀ ਨਹੀਂ ਦਿੱਤੀ ਤਾਂ ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਿਚ ਲਾਂਘੇ ਦਾ ਨੀਂਹ ਪੱਥਰ ਰੱਖਣ ਲਈ 28 ਨਵੰਬਰ ਨਿਸ਼ਚਿਤ ਕਰ ਦਿੱਤੀ ਸੀ। ਜਦੋਂ ਇਸ ਦੀ ਭਿਣਕ ਭਾਰਤ ਸਰਕਾਰ ਨੂੰ ਪਈ ਤਾਂ ਤੁਰੰਤ ਭਾਰਤ ਸਰਕਾਰ ਨੇ ਵੀ ਲਾਂਘਾ ਦੇਣ ਦਾ ਫ਼ੈਸਲਾ ਕਰ ਲਿਆ ਕਿਉਂਕਿ ਜੇਕਰ ਉਹ ਇਹ ਪ੍ਰਵਾਨਗੀ ਨਾ ਦਿੰਦੇ ਤਾਂ ਭਾਰਤੀ ਜਨਤਾ ਪਾਰਟੀ ਦੇ ਸਿੱਖ ਵਿਰੋਧੀ ਹੋਣ ਦਾ ਲੱਗਿਆ ਇਲਜ਼ਾਮ ਸਾਬਤ ਹੋ ਜਾਣਾ ਸੀ।

ਹੁਣ ਹਰਸਿਮਰਤ ਕੌਰ ਬਾਦਲ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਹੇ ਹਨ। ਇਥੇ ਹੀ ਬੱਸ ਨਹੀਂ ਸਗੋਂ ਉਹ 28 ਨਵੰਬਰ ਨੂੰ ਪਾਕਿਸਤਾਨ ਵਿੱਚ ਇਸ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸ਼ਾਮਲ ਹੋ ਗਏ ਹਨ। ਉਨ੍ਹਾਂ ਉਪਰ ਇਹ ਕਹਾਵਤ ਢੁੱਕਦੀ ਹੈ ਕਿ "ਸੱਦੀ ਨਾ ਬੁਲਾਈ ਮੈਂ ਲਾੜੇ ਦੀ ਤਾਈ" ਕਿਉਂਕਿ ਸੱਦਾ ਪੱਤਰ ਤਾਂ ਸੁਸ਼ਮਾ ਸਵਰਾਜ ਨੂੰ ਸੀ ਪ੍ਰੰਤੂ ਉਨ੍ਹਾਂ ਨੇ ਇਨ੍ਹਾਂ ਨੂੰ ਭੇਜ ਦਿੱਤਾ। ਉਹ ਕਿਹੜੇ ਮੂੰਹ ਨਾਲ ਪਾਕਿਸਤਾਨ ਗਏ ਹਨ, ਜਦੋਂ ਕਿ ਨਵਜੋਤ ਸਿੰਘ ਸਿੱਧੂ ਨੂੰ ਤਾਂ ਉਥੇ ਜਾਣ ਲਈ ਗ਼ਦਾਰ ਤਕ ਕਹਿ ਦਿੱਤਾ ਸੀ।

ਅਕਾਲੀ ਦਲ ਲਈ ਇਹ ਥੁੱਕ ਕੇ ਚੱਟਣ ਵਾਲੀ ਗੱਲ ਹੋ ਗਈ ਹੈ ਕਿਉਂਕਿ ਜਦੋਂ ਨਵਜੋਤ ਸਿੰਘ ਸਿੱਧੂ ਸਹੁੰ ਚੁੱਕ ਸਮਾਗਮ ਵਿਚ ਸ਼ਾਮਲ ਹੋਇਆ ਸੀ ਤਾਂ ਸਾਰੇ ਅਕਾਲੀ ਨੇਤਾਵਾਂ ਨੇ ਇਕ ਦੂਜੇ ਤੋਂ ਪਹਿਲਾਂ ਬਿਆਨ ਦੇ ਕੇ ਉਸ ਦੀ ਨਿੰਦਿਆ ਕੀਤੀ ਸੀ। ਸਿਆਸਤਦਾਨ ਦੂਸ਼ਣਬਾਜੀ ਲਾਉਣ ਸਮੇਂ ਸ਼ਿਸ਼ਟਾਚਾਰ ਵੀ ਨਹੀਂ ਰੱਖਦੇ।

ਦੇਸ਼ ਦੀ ਵੰਡ ਤੋਂ ਬਾਅਦ ਹੀ ਲਗਾਤਾਰ ਦੋਹਾਂ ਦੇਸ਼ਾਂ ਵਿਚ ਤਣਾਅ ਬਣਿਆ ਰਹਿੰਦਾ ਹੈ। ਇਹ ਫ਼ੈਸਲਾ ਦੋਹਾਂ ਦੇਸ਼ਾਂ ਵਿੱਚ ਪੁੱਲ ਦਾ ਕੰਮ ਕਰਦਾ ਹੋਇਆ ਅਮਨ ਸ਼ਾਂਤੀ ਅਤੇ ਸਦਭਾਵਨਾ ਪੈਦਾ ਕਰਨ ਵਿੱਚ ਮਹੱਤਵਪੂਰਨ ਯੋਗਦਾਨ ਪਾਵੇਗਾ। ਪੰਜਾਬ ਭਾਰਤ ਦੀ ਖੜਗਭੁਜਾ ਹੈ। ਜੇਕਰ ਪਾਕਿਸਤਾਨ ਵੱਲੋਂ ਠੰਡੀ ਹਵਾ ਦਾ ਬੁੱਲਾ ਆਵੇਗਾ ਤਾਂ ਪੰਜਾਬ ਵਿਚ ਸ਼ਾਂਤੀ ਰਹੇਗੀ, ਪ੍ਰੰਤੂ ਜੇਕਰ ਗਰਮ ਹਵਾ ਆਵੇਗੀ ਤਾਂ ਪੰਜਾਬ ਦੀ ਧਰਤੀ ਜੰਗ ਦਾ ਅਖਾੜਾ ਬਣੇਗੀ। ਨੁਕਸਾਨ ਦੇਸ਼ ਨੂੰ ਤਾਂ ਹੋਵੇਗਾ ਹੀ ਪ੍ਰੰਤੂ ਸਭ ਤੋਂ ਜ਼ਿਆਦਾ ਜਾਨੀ ਤੇ ਮਾਲੀ ਨੁਕਸਾਨ ਪੰਜਾਬੀਆਂ ਦਾ ਹੋਵੇਗਾ।

ਪਾਕਿਸਤਾਨ ਦੇ ਨਵੇਂ ਪ੍ਰਧਾਨ ਮੰਤਰੀ ਇਮਰਾਨ ਖਾਨ ਦੇ ਸਹੁੰ ਚੁੱਕ ਸਮਾਗਮ ਵਿੱਚ ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਇੱਕ ਦੋਸਤ ਦੇ ਤੌਰ 'ਤੇ ਸ਼ਾਮਲ ਹੋਣਾ, ਪੰਜਾਬੀਆਂ ਅਤੇ ਖਾਸ ਤੌਰ 'ਤੇ ਸਿੱਖਾਂ ਲਈ ਕਰਤਾਰਪੁਰ ਸਾਹਿਬ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਦੀਦਾਰ ਦੀ ਪਿਛਲੇ 50 ਸਾਲਾਂ ਤੋਂ ਲਟਕਦੀ ਮੰਗ ਨੂੰ ਪੂਰਾ ਕਰਨ ਵਿੱਚ ਸਹਾਈ ਹੋਈ ਹੈ। ਮੁੱਦਤ ਤੋਂ ਬਾਅਦ ਪਾਕਿਸਤਾਨ ਵੱਲੋਂ ਠੰਡੀ ਹਵਾ ਦੇ ਬੁੱਲੇ ਆਉਣ ਦੀ ਉਮੀਦ ਬੱਝੀ ਹੈ।

ਇਹ ਵੀ ਹੈਰਾਨੀ ਦੀ ਗੱਲ ਹੈ ਕਿ ਅਕਾਲੀ ਦਲ, ਜਿਹੜਾ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਿੰਦਾ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਵਕਾਲਤ ਦਾ ਵਿਰੋਧ ਕਰ ਰਿਹਾ ਸੀ। ਹੁਣ ਜਦੋਂ ਕੇਂਦਰ ਸਰਕਾਰ ਨੇ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਇਜਾਜ਼ਤ ਦੇ ਦਿੱਤੀ ਹੈ ਤਾਂ ਇਸ ਦਾ ਸਿਹਰਾ ਆਪਣੇ ਸਿਰ ਬੰਨ੍ਹ ਰਿਹਾ ਹੈ।

ਇਹ ਗੱਲ ਬਿਲਕੁਲ ਵਾਜਬ ਹੈ ਕਿ ਤਾੜੀ ਹਮੇਸ਼ਾ ਦੋਹਾਂ ਹੱਥਾਂ ਨਾਲ ਵੱਜਦੀ ਹੈ। ਭਾਵ ਕਿ ਭਾਰਤ ਅਤੇ ਪਾਕਿਸਤਾਨ ਦੀਆਂ ਦੋਵੇਂ ਸਰਕਾਰਾਂ ਦੀ ਸਹਿਮਤੀ ਤੋਂ ਬਿਨਾਂ ਇਹ ਲਾਂਘਾ ਖੁੱਲ੍ਹਣਾ ਅਸੰਭਵ ਸੀ। ਇਹ ਹੈ ਵੀ ਕੁਦਰਤੀ ਕਿ ਜਦੋਂ ਪਿਛਲੇ ਲੰਮੇ ਸਮੇਂ ਦੀ ਸਿੱਖਾਂ ਦੀ ਮੰਗ ਪੂਰੀ ਹੋਣ ਜਾ ਰਹੀ ਹੋਵੇ ਤਾਂ ਇਕ ਸਿੱਖ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਹੁੰਦਾ। ਸਿਆਸੀ ਪਾਰਟੀਆਂ ਨੂੰ ਦੂਸ਼ਣਬਾਜ਼ੀ ਨਹੀਂ ਕਰਨੀ ਚਾਹੀਦੀ। ਸਿਆਸੀ ਲੋਕਾਂ ਕੋਲ ਸਿਆਸਤ ਕਰਨ ਲਈ ਹੋਰ ਬਥੇਰੇ ਮੌਕੇ ਹੁੰਦੇ ਹਨ। ਡੇਰਾ ਬਾਬਾ ਨਾਨਕ ਵਿਖੇ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਸਿਆਸਤਦਾਨਾਂ ਨੇ ਕਿਰਕਰੀ ਕਰਨ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ।

ਜਿਹੜੇ ਲੋਕ ਸਿੱਧੂ ਬਾਰੇ ਵਾਵਰੋਲਾ ਖੜ੍ਹਾ ਕਰਕੇ ਨਿੰਦਿਆ ਕਰ ਰਹੇ ਸਨ, ਉਹੀ ਲੋਕ ਹੁਣ ਖੁਸ਼ੀ ਮਹਿਸੂਸ ਕਰ ਰਹੇ ਹਨ। ਪੰਜਾਬ ਕਾਂਗਰਸ ਦੇ ਨੇਤਾ ਉਦੋਂ ਦੱਬੀ ਜ਼ਬਾਨ ਨਾਲ ਸਿੱਧੂ ਦਾ ਵਿਰੋਧ ਕਰ ਰਹੇ ਸਨ, ਪ੍ਰੰਤੂ ਹੁਣ ਉਹੀ ਨੇਤਾ ਸਿੱਧੂ ਦੀ ਪਹਿਲਕਦਮੀ ਦੀ ਖੁੱਲ੍ਹ ਕੇ ਸਪੋਰਟ ਕਰ ਰਹੇ ਹਨ। ਭਾਰਤੀ ਜਨਤਾ ਪਾਰਟੀ ਦੇ ਨੇਤਾ ਬਾਤ ਦਾ ਬਤੰਗੜ ਬਣਾ ਲੈਂਦੇ ਹਨ। ਅਸਲ ਵਿੱਚ ਨਵਜੋਤ ਸਿੰਘ ਸਿੱਧੂ ਦੀ ਭਾਰਤੀਆਂ, ਪੰਜਾਬੀਆਂ ਅਤੇ ਖਾਸ ਕਰਕੇ ਪੰਜਾਬ ਦੇ ਸਿੱਖਾਂ ਵਿਚ ਵਾਅਵਾ-ਸ਼ਾਹਵਾ ਹੋ ਗਈ। ਇਹ ਪ੍ਰਸੰਸਾ ਭਾਰਤੀ ਜਨਤਾ ਪਾਰਟੀ ਨੂੰ ਪਚਦੀ ਨਹੀਂ। ਨਵਜੋਤ ਸਿੰਘ ਸਿੱਧੂ ਭਾਰਤੀ ਜਨਤਾ ਪਾਰਟੀ ਨੂੰ ਛੱਡ ਕੇ ਕਾਂਗਰਸ ਪਾਰਟੀ ਦਾ ਪੱਲਾ ਫੜ ਬੈਠਾ, ਜਿਸ ਕਰਕੇ ਉਹ ਬੁਖਲਾਏ ਹੋਏ ਹਨ।

ਕਰਤਾਰਪੁਰ ਸਾਹਿਬ ਦਾ ਗੁਰਦੁਆਰਾ ਸਿੱਖ ਸੰਗਤਾਂ ਲਈ ਸਭ ਤੋਂ ਮੁਕੱਦਸ ਅਤੇ ਪਵਿੱਤਰ ਸਥਾਨ ਹੈ, ਜਿਥੇ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ 18 ਸਾਲ ਰਹੇ, ਖੇਤੀ ਕੀਤੀ, 'ਨਾਮ ਜਪੋ, ਕਿਰਤ ਕਰੋ ਅਤੇ ਵੰਡ ਕੇ ਛੱਕੋ' ਦਾ ਸਿਧਾਂਤ ਦਿੱਤਾ ਅਤੇ ਉਥੇ ਹੀ ਜੋਤੀ ਜੋਤ ਸਮਾਏ। ਇਹ ਗੁਰੂ ਘਰ ਗੁਰਦਾਸਪੁਰ ਜ਼ਿਲ੍ਹੇ ਵਿੱਚ ਬਾਬਾ ਬਕਾਲਾ ਦੇ ਕੋਲ ਰਾਵੀ ਦਰਿਆ ਦੇ ਕੰਢੇ 'ਤੇ ਭਾਰਤ-ਪਾਕਿ ਸਰਹੱਦ ਤੋਂ ਪਾਕਿਸਤਾਨ ਵਾਲੇ ਪਾਸੇ 3 ਕਿਲੋਮੀਟਰ ਦੂਰ ਹੈ। ਸਿੱਖ ਸੰਗਤਾਂ ਹਿੰਦ ਪਾਕਿ ਸਰਹੱਦ ਤੋਂ ਖੜ੍ਹ ਕੇ ਇਸ ਗੁਰੂ ਘਰ ਦੇ ਦਰਸ਼ਨ ਕਰਦੀਆਂ ਸਨ। ਇਸ ਦੀ ਮਹੱਤਤਾ ਨੂੰ ਵੇਖ ਕੇ ਬਾਰਡਰ ਸਿਕਿਓਰਿਟੀ ਫੋਰਸ ਨੇ 6 ਮਈ 2001 ਨੂੰ ਬਾਬਾ ਨਾਨਕ ਸੈਕਟਰ ਵਿੱਚ ਕੰਡਿਆਲੀ ਤਾਰ ਦੇ ਨਜ਼ਦੀਕ "ਕਰਤਾਰਪਰ ਦਰਸ਼ਨ ਅਸਥਾਨ" ਬਣਾ ਦਿੱਤਾ ਸੀ, ਜਿਥੋਂ ਖੜ੍ਹ ਕੇ ਗੁਰਦੁਆਰਾ ਸਾਹਿਬ ਕਰਤਾਰਪੁਰ ਦੇ ਦਰਸ਼ਨ ਹੋ ਸਕਣ।
----------
ਅਕਾਲੀ ਦਲ, ਜਿਹੜਾ ਆਪਣੇ ਆਪ ਨੂੰ ਸਿੱਖਾਂ ਦੀ ਨੁਮਾਇੰਦਾ ਪਾਰਟੀ ਕਹਿੰਦਾ ਹੈ, ਉਹ ਵੀ ਨਵਜੋਤ ਸਿੰਘ ਸਿੱਧੂ ਵੱਲੋਂ ਕਰਤਾਰਪੁਰ ਲਾਂਘਾ ਖੋਲ੍ਹਣ ਦੀ ਵਕਾਲਤ ਦਾ ਵਿਰੋਧ ਕਰ ਰਿਹਾ ਸੀ।
----------
ਮੈਂ ਨਵਜੋਤ ਸਿੰਘ ਸਿੱਧੂ ਨੂੰ ਬਚਪਨ ਤੋਂ ਜਾਣਦਾ ਹਾਂ ਜਦੋਂ ਉਹ ਬਾਰਾਂਦਰੀ ਬਾਗ ਪਟਿਆਲਾ ਦੇ ਕ੍ਰਿਕਟ ਸਟੇਡੀਅਮ ਵਿੱਚ ਪ੍ਰੈਕਟਿਸ ਕਰਦਾ ਹੁੰਦਾ ਸੀ। ਉਹ ਭਾਵਨਾਵਾਂ ਵਿੱਚ ਵਹਿਣ ਵਾਲਾ, ਦਿਲ ਦਾ ਸੱਚਾ-ਸੁੱਚਾ, ਪਟਿਆਲਵੀਆਂ ਦਾ ਸ਼ੈਰੀ ਅਤੇ ਖਿਡਾਰੀ ਸਪਿਰਟ ਨਾਲ ਹਰ ਕੰਮ ਕਰਨ ਵਾਲਾ ਹੈ। ਭਾਰਤੀਓ ਭਾਵੇਂ ਨਵਜੋਤ ਸਿੰਘ ਸਿੱਧੂ ਦੀ ਸਿਆਸਤ ਨਾਲ ਸਹਿਮਤ ਹੋਵੋ ਭਾਵੇਂ ਨਾ ਹੋਵੋ ਪ੍ਰੰਤੂ ਜਿਹੜਾ ਸੁਖਦ ਸੁਨੇਹਾ ਉਹ ਸਿੱਖ ਜਗਤ ਲਈ ਪਾਕਿਸਤਾਨ ਤੋਂ ਲੈ ਕੇ ਆਇਆ ਹੈ, ਘੱਟੋ-ਘੱਟ ਉਸ ਦਾ ਸਵਾਗਤ ਕਰਨਾ ਹਰ ਭਾਰਤੀ, ਪੰਜਾਬੀ ਅਤੇ ਖਾਸ ਤੌਰ 'ਤੇ ਸਿੱਖ ਦਾ ਬਣਦਾ ਹੈ। ਉਸ ਨੇ ਭਾਵੇਂ ਹੁਣ ਤਕ ਸਿਆਸਤ ਵਿਚ ਜਿਤਨੀਆਂ ਵੀ ਗਲਤੀਆਂ ਕੀਤੀਆਂ ਹੋਣ ਪ੍ਰੰਤੂ ਉਸ ਦੇ ਇਸ ਕਦਮ ਨੇ ਉਹ ਸਾਰੀਆਂ ਧੋ ਦਿੱਤੀਆਂ ਹਨ ਅਤੇ ਸਿੱਖਾਂ ਦੇ ਦਿਲ ਜਿੱਤ ਲਏ ਹਨ।

ਜੇਕਰ ਸਰਹੱਦ 'ਤੇ ਸ਼ਾਂਤੀ ਰਹੇਗੀ ਤਾਂ ਫੌਜੀ ਪਰਿਵਾਰ ਸੁੱਖ ਦਾ ਸਾਹ ਲੈਂਦੇ ਰਹਿਣਗੇ। ਜੇ ਉਹ ਪਰਿਵਾਰ ਸੁਖੀ ਰਹਿਣਗੇ ਤਾਂ ਦੇਸ਼ ਅਤੇ ਪੰਜਾਬ ਵਿਕਾਸ ਦੇ ਰਾਹ 'ਤੇ ਚਲਦਾ ਰਹੇਗਾ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਸੁਨੀਲ ਕੁਮਾਰ ਜਾਖੜ, ਲੁਧਿਆਣਾ ਤੋਂ ਲੋਕ ਸਭਾ ਦੇ ਮੈਂਬਰ ਰਵਨੀਤ ਸਿੰਘ ਬਿੱਟੂ ਅਤੇ ਗੁਰਜੀਤ ਸਿੰਘ ਅਤੇ ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਮੇਤ ਕਾਂਗਰਸ ਦੇ ਬਹੁਤੇ ਵਿਧਾਨਕਾਰਾਂ ਨੇ ਸਿੱਧੂ ਦੀ ਪਹਿਲਕਦਮੀ ਦੀ ਭਰਪੂਰ ਸ਼ਲਾਘਾ ਕੀਤੀ ਹੈ।

ਕੈਪਟਨ ਅਮਰਿੰਦਰ ਸਿੰਘ ਨੂੰ ਵੀ ਪਾਕਿਸਤਾਨ ਸਰਕਾਰ ਨੇ 28 ਨਵੰਬਰ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਸ਼ਾਮਲ ਹੋਣ ਦਾ ਸੱਦਾ ਪੱਤਰ ਦਿੱਤਾ ਸੀ, ਪ੍ਰੰਤੂ ਉਨ੍ਹਾਂ ਉਥੇ ਨਾ ਜਾਣ ਦਾ ਫੈਸਲਾ ਕੀਤਾ ਹੈ। ਉਹ ਸਾਬਕਾ ਫ਼ੌਜੀ ਅਧਿਕਾਰੀ ਹਨ, ਦੇਸ਼ ਭਗਤੀ ਦਾ ਜਜ਼ਬਾ ਉਨ੍ਹਾਂ 'ਤੇ ਭਾਰੂ ਹੈ। ਇਹ ਉਨ੍ਹਾਂ ਦਾ ਨਿੱਜੀ ਫੈਸਲਾ ਹੈ ਪ੍ਰੰਤੂ ਇਥੇ ਇਹ ਦੱਸਣਾ ਬਣਦਾ ਹੈ ਕਿ ਉਨ੍ਹਾਂ ਦੇ ਦਾਦਾ ਮਹਾਰਾਜਾ ਭੁਪਿੰਦਰ ਸਿੰਘ ਨੇ 1923 ਵਿੱਚ ਜਦੋਂ ਰਾਵੀ ਦਰਿਆ ਵਿੱਚ ਹੜ੍ਹ ਆਉਣ ਨਾਲ ਕਰਤਾਰਪੁਰ ਗੁਰਦੁਆਰਾ ਸਾਹਿਬ ਦਾ ਨੁਕਸਾਨ ਹੋ ਗਿਆ ਸੀ, ਉਸ ਦੀ ਕਾਰ ਸੇਵਾ ਲਈ 1 ਲੱਖ 35 ਹਜ਼ਾਰ 600 ਰੁਪਏ ਦੇ ਕੇ ਮੁਰੰਮਤ ਕਰਵਾਈ ਸੀ। ਕਰਤਾਰਪੁਰ ਗੁਰਦੁਆਰਾ ਸਾਹਿਬ ਵਿੱਚ ਅਜੇ ਵੀ ਮਹਾਰਾਜਾ ਭੁਪਿੰਦਰ ਸਿੰਘ ਦੇ ਦਾਨ ਦੇਣ ਦਾ ਪੱਥਰ ਲੱਗਿਆ ਹੋਇਆ ਹੈ।

ਨਵਜੋਤ ਸਿੰਘ ਸਿੱਧੂ 28 ਨਵੰਬਰ ਨੂੰ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਨੀਂਹ ਪੱਥਰ ਰੱਖਣ ਦੇ ਸਮਾਗਮ ਵਿੱਚ ਸ਼ਾਮਲ ਹੋ ਗਏ ਹਨ। ਉਮੀਦ ਕੀਤੀ ਜਾਂਦੀ ਹੈ ਕਿ ਉਸ ਦੇ ਦੂਜੀ ਵਾਰ ਪਾਕਿਸਤਾਨ ਜਾਣ ਤੋਂ ਬਾਅਦ ਸਰਹੱਦ ਉਪਰ ਸ਼ਾਂਤੀ ਹੋਣ ਦੀ ਆਸ ਬੱਝੇਗੀ ਕਿਉਂਕਿ ਪਹਿਲੀ ਵਾਰ ਜਾਣ ਤੋਂ ਬਾਅਦ ਦੋਹਾਂ ਦੇਸ਼ਾਂ ਵਿੱਚ ਕਰਤਾਰਪੁਰ ਲਾਂਘੇ ਬਾਰੇ ਸਹਿਮਤੀ ਹੋ ਗਈ ਹੈ। ਉਮੀਦ ਹੈ ਕਿ ਦੋਹਾਂ ਦੇਸ਼ਾਂ ਦੇ ਸੰਬੰਧ ਸਾਜਗਾਰ ਹੋਣਗੇ ਕਿਉਂਕਿ ਧਾਰਮਿਕ ਪ੍ਰੋਗਰਾਮ ਦਾ ਅਸਰ ਜ਼ਰੂਰ ਹੋਵੇਗਾ।

(*ਸਾਬਕਾ ਜ਼ਿਲ੍ਹਾ ਲੋਕ ਸੰਪਰਕ ਅਧਿਕਾਰੀ)

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.

_______________________________________________________________


ਪੜ੍ਹੋ  'ਪੰਜਾਬ ਟੂਡੇ' ਦੇ ਕੁਝ ਹੋਰ ਦਿਲਚਸਪ ਅਤੇ ਜਾਣਕਾਰੀ ਭਰਪੂਰ ਲੇਖ :

ਟੀਕਿਆਂ ਨਾਲ ਅਚਾਨਕ ਮੌਤਾਂ ਤੇ 'ਕੱਟ': ਸੱਚ ਜੋ ਨਹੀਂ ਦੱਸਿਆ ਜਾ ਰਿਹਾ


...ਤੇ ਪੰਜਾਬ ਦੀ ਜਵਾਨੀ ਇਸ ਤਰ੍ਹਾਂ ਬਰਬਾਦ ਨਾ ਹੁੰਦੀ

 

ਜਨਾਬ, ਆਪਣਿਆਂ ਦੀਆਂ ਲਾਸ਼ਾਂ ਦਾ ਭਾਰ ਚੁੱਕਣਾ ਔਖਾ ਹੁੰਦਾ ਹੈ


ਨਵਜੋਤ ਸਿੱਧੂ ਦੀ ਅੱਖ ਮੁੱਖ ਮੰਤਰੀ ਦੀ ਕੁਰਸੀ 'ਤੇ


ਜੇ ਬਦੇਸ਼ਾਂ 'ਚ ਭਾਰਤੀ-ਪਾਕਿਸਤਾਨੀ ਪਿਆਰ ਨਾਲ ਰਹਿੰਦੇ ਨੇ ਤਾਂ ਸੁਦੇਸ਼ 'ਚ ਕਿਉਂ ਨਹੀਂ?


ਇਨਸਾਨ ਦੇ ਲਾਲਚ ਨੇ ਸੁਕਾ ਦਿੱਤਾ ਇੱਕ ਸਮੁੰਦਰ: ਅਰਾਲ ਸਾਗਰ


ਕਤਲ ਹੋਇਆ ਇਨਸਾਨ; ਹਾਂਜੀ ਉਹ ਮੁਸਲਮਾਨ ਹੀ ਸੀ...


ਗੁਰੂ ਕਾ ਲੰਗਰ ਤੇ ਸਰਕਾਰੀ ਮਦਦ

 

ਕਿਉਂ ਹਵਸ ਦਾ ਸ਼ਿਕਾਰ ਬਣ ਰਹੀਆਂ ਨੇ ਕੰਜਕਾਂ?

 

ਕਿਉਂ ਕੀਤੇ ਪਿੰਜਰੇ 'ਚ ਬੰਦ ਮਾਸੂਮ ਬਾਲ?

 

ਨਾਨਕ ਸ਼ਾਹ ਫਕੀਰ: ਬਲੀ ਦਾ ਬਕਰਾ ਕੌਣ?

 

ਮੋਦੀ ਸਰਕਾਰ ਬਨਾਮ 'ਅੱਛੇ ਦਿਨ'


ਕੀ ਤੁਹਾਡੇ ਖੂਨ-ਪਸੀਨੇ ਦੀ ਕਮਾਈ ਬੈਂਕਾਂ ਵਿੱਚ ਸੁਰੱਖਿਅਤ ਹੈ?


ਕਿਸਾਨ ਖੁਦਕੁਸ਼ੀਆਂ: ਆਓ ਦੂਸ਼ਣਬਾਜ਼ੀ ਛੱਡ ਕੇ ਹੱਲ ਸੋਚੀਏ

 

ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ

 

ਸ਼ਿਲਾਂਗ ਦੇ ਸਿੱਖਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ?

 

ਨਾ ਸੁਧਰਨੇ ਬਾਬੇ ਤੇ ਨਾ ਸੁਧਰਨੇ ਲੋਕ

 

ਮਿਸ਼ਨ ਤੰਦਰੁਸਤ ਪੰਜਾਬ: ਪੱਲੇ ਨਹੀਂ ਧੇਲਾ, ਕਰਦੀ ਮੇਲਾ-ਮੇਲਾ


ਬਲੈਕ ਪ੍ਰਿੰਸ ਆਫ਼ ਪਰਥਸ਼ਾਇਰ: ਮਹਾਰਾਜਾ ਦਲੀਪ ਸਿੰਘ


ਸੋਮਾਲੀਅਨ ਪਾਇਰੇਟਸ: ਸਮੁੰਦਰੀ-ਜਹਾਜ਼ਾਂ ਦੇ ਸਭ ਤੋਂ ਵੱਡੇ ਦੁਸ਼ਮਣ

 

ਹਿਰੋਸ਼ਿਮਾ ਅਤੇ ਨਾਗਾਸਾਕੀ ਦੀ ਦੁਖਦ ਪ੍ਰਮਾਣੂ ਘਟਨਾ


ਸਾਕਾ ਨੀਲਾ ਤਾਰਾ ਦੀ ਵਰੇਗੰਢ 'ਤੇ ਲੱਡੂ, ਪੰਜ-ਤਾਰਾ ਹੋਟਲ ਵਿਚ ਪਾਰਟੀ - ਤੁਹਾਡੀ ਇੱਕ-ਦੂਜੇ ਬਾਰੇ ਚੁੱਪ ਸਮਝ ਆਉਂਦੀ ਹੈ


ਗੁਰੂ ਗੋਬਿੰਦ ਸਿੰਘ ਜੀ ਨੈਪੋਲੀਅਨ ਦੇ ਘੋੜੇ 'ਤੇ ਸਵਾਰ - ਪਾਖੰਡ ਬੰਦ ਕਰੋ ਤੇ ਮਾਫ਼ੀ ਮੰਗੋ


ਕੀ ਰਾਹੁਲ ਗਾਂਧੀ ਕਾਂਗਰਸ ਦੀ ਡਿਗੀ ਸਾਖ਼ ਨੂੰ ਬਹਾਲ ਕਰ ਸਕਣਗੇ?


ਪ੍ਰਧਾਨ ਜੀ, ਕੀ ਸੱਚ ਸੁਣਨਗੇ?


ਰੌਸ਼ਨ ਖ਼ਵਾਬ ਦਾ ਖ਼ਤ


ਨੈਸ਼ਨਲ ਗ੍ਰੀਨ ਟ੍ਰਿਬਿਊਨਲ ਦਾ ਫੈਸਲਾ ਅਤੇ ਪਰਾਲੀ ਨੂੰ ਲਗਾਈ ਜਾਂਦੀ ਅੱਗ

_______________________________________________________________






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER