ਬਾਹਰ ਬਾਜ਼ਾਰ ਵਿੱਚ ਰੌਣਕਾਂ ਨੇ। ਅੰਦਰ ਦਾ ਖਲਾਅ ਭਰਨ ਲਈ ਲੋਕਾਈ ਸੜਕਾਂ ’ਤੇ ਡੁੱਲ੍ਹ ਪਈ ਏ। ਪਿੰਡ ਦੇ ਧੂੜ ਭਰੇ ਗਿਣਤੀ ਦੀਆਂ ਚੰਦ ਦੁਕਾਨਾਂ ਵਾਲੇ ਬਾਜ਼ਾਰ ਤੋਂ ਲੈ ਕੇ ਸ਼ਹਿਰਾਂ ਵਿੱਚ ਉਚੇਚ ਨਾਲ ਸਜਾਈਆਂ ਵੱਡੀਆਂ ਮਾਲ-ਹੱਟੀਆਂ ਤੱਕ ਕੁਰਬਲ-ਕੁਰਬਲ ਖ਼ਲਕਤ ਦਾ ਦਰਿਆ ਵਹਿ ਰਿਹਾ ਹੈ। ਤਿਓਹਾਰੀ ਦਿਨਾਂ ਦੀ ਸੂਚਨਾ ਦੇਣ, ਤੁਹਾਨੂੰ ਇਨ੍ਹੀਂ ਦਿਨੀਂ ਖ਼ੁਸ਼ ਹੋ ਜਾਣ ਅਤੇ ਆਪਣੀ ਖ਼ੁਸ਼ੀ ਦੇ ਇਜ਼ਹਾਰ ਕਰਨ ਦੀ ਸਮਾਜਿਕ ਜ਼ਿੰਮੇਵਾਰੀ ਬਾਰੇ ਸੁਚੇਤ ਕਰਨ ਲਈ ਅਖ਼ਬਾਰਾਂ, ਇਸ਼ਤਿਹਾਰਾਂ ਦੀ ਬਹੁ-ਪੰਨੀ ਬੁੱਕਲ ਮਾਰ, ਤੁਹਾਡੀ ਡਿਓਢੀ ਅੱਪੜ ਰਹੀਆਂ ਨੇ।
ਜੀਵਨ ਦੇ ਨਿਰੰਤਰ ਚਲੰਤ ਹੋਣ ਦੇ ਸਬੂਤ ਵਜੋਂ ਸਾਡੇ ਗੋਲੇ ਨੇ ਮਘਦੇ ਗੋਲੇ ਦੇ ਕੁਝ ਚੱਕਰ ਲਾਏ ਨੇ, ਇਸ ਲਈ ਇਹ ਸੁਭਾਗਾ ਦਿਨ ਆਇਆ ਏ। ਬਿਖੜੇ ਪੈਂਡਿਆਂ ਦਾ ਰਾਹੀ ਚੌਦਾਂ ਸਾਲ ਬੀਆਬਾਨਾਂ ਵਿੱਚ ਕੱਟ, ਦੁੱਖ ਭੋਗ, ਬਦੀ ਦਾ ਨਾਸ ਕਰ, ਪਰਵਾਸ ਮੁਕਾ ਘਰ ਆਇਆ ਏ। ਟਿਮਟਿਮਾਉਂਦੀਆਂ ਬਿਜਲਈ ਲੜੀਆਂ ਨਾਲ ਸਾਰਾ ਆਲਮ ਰੁਸ਼ਨਾਇਆ ਏ। ਦਿਲ-ਤੋੜ ਖ਼ਬਰਾਂ ਦੀਆਂ ਸੁਰਖ਼ੀਆਂ ਪਾਸੇ ਸੁੱਟ, ਸਾਨੂੰ ਕਾਰਜ ਸੌਖੇ ਲਾਇਆ ਏ। ਅੰਦਰਲੇ ਅੰਨ੍ਹੇ ਖੂਹ ਦੀ ਚਿੰਤਨੀ ਚੁੱਪ ਦਰਕਿਨਾਰ ਕਰ, ਬਿਨਾਂ ਆਤਮ ਗਿਲਾਨੀ ਇਹ ਜੀਵਨ ਜੀਣ ਯੋਗ ਮੁੜ ਬਣਾਇਆ ਏ। ਤਿਉਹਾਰ ਆਇਆ ਏ।

ਯੂਨਾਨੀ ਮਿਥਿਹਾਸ ਤੋਂ ਲੈ ਕੇ ਅਜੋਕੇ 'ਮੋਟੀਵੇਸ਼ਨਲ ਸਪੀਕਰਾਂ' ਵਾਲੀ ਕਿਸੇ ਵੀ ਪਰੰਪਰਾ ਵਿੱਚ ਜੀਵਨ ਦੇ ਦੁੱਖ-ਸੁੱਖ ਬਾਰੇ ਅਨੰਤ ਟੂਕਾਂ ਮਿਲ ਜਾਣਗੀਆਂ। ਇਹ ਢੁਕਵੀਆਂ ਵੀ ਜਾਪਣਗੀਆਂ ਕਿਉਂ ਜੋ ਕੁਝ ਹੀ ਦਿਨ ਪਹਿਲਾਂ ਵਾਪਰੇ ਕਿਸੇ ਹਾਦਸੇ, ਤੇ ਫਿਰ ਦਿਨਾਂ ਤੱਕ ਛਪਦੀਆਂ ਰਹੀਆਂ ਵਿਰਲਾਪੀ ਸੁਰਖ਼ੀਆਂ ਦੇ ਭਾਰ ਤੋਂ ਸਾਨੂੰ ਸੁਰਖਰੂ ਕਰਵਾਉਣ ਲਈ ਇਨ੍ਹਾਂ ਮਹਾਨ ਫਿਲਾਸਫ਼ਰਾਂ ਤੇ ਸ਼ਬਦਘਾੜਿਆਂ ਤੋਂ ਬਿਨਾਂ ਢੋਈ ਵੀ ਤਾਂ ਸਾਡਾ ਆਪਣਾ ਅੰਦਰਲਾ ਆਪਾ ਕਿੱਥੇ ਦਿੰਦਾ ਏ? ਨਾਲੇ ਹਰ ਹਫ਼ਤੇ ਕੁਝ ਹਾਦਸੇ ਵਾਪਰਨੇ ਹੁੰਦੇ ਨੇ, ਹਰ ਆਏ ਦਿਨ ਤਿਉਹਾਰ ਵੀ ਦਸਤਕ ਦਿੰਦੇ ਨੇ। ਫਿਰ ਕੀ ਵਿਰਲਾਪੇ ਰਹੀਏ? ਟਿਮਟਿਮਾਉਂਦੀਆਂ ਲੜੀਆਂ ਨਾ ਟੰਗੀਏ ਦਰਵਾਜ਼ਿਆਂ ਨਾਲ?
ਹੁਣ ਅਸੀਂ ਵਿਰਲਾਪ-ਖੇੜੇ-ਵਿਰਲਾਪ-ਖੇੜੇ ਦੀਆਂ ਹਫ਼ਤਾਵਰੀ ਸੁਰਖੀਆਂ ਦੇ ਤਾਮੀਰ ਕੀਤੇ ਸੰਸਾਰ ਵਿੱਚ ਵਿਚਰਨ-ਵਿਗਸਣ ਦੇ ਅਭਿਆਸੀ ਹੋ ਗਏ ਹਾਂ। ਮਨੁੱਖੀ ਸੱਭਿਅਤਾ ਵਿੱਚ ਦੁੱਖ-ਸੁੱਖ ਦੇ ਇਸ ਚੱਕਰ ਦੀ ਪਰੰਪਰਾ ਮੁੱਢ-ਕਦੀਮ ਤੋਂ ਰਹੀ ਹੈ। ਇਹਨੇ ਸਾਨੂੰ ਵਾਰ-ਵਾਰ ਸਵੈ-ਪੜਚੋਲ ਵੱਲ ਧੱਕਿਆ ਹੈ, ਪਰ ਹੁਣ ਹਰ ਬਦਲਦੀ ਸੁਰਖ਼ੀ ਨਾਲ ਵਿਰਲਾਪ-ਖੇੜੇ ਦਾ ਚੱਕਰ ਏਨੀ ਤੇਜ਼ ਗਤੀ ਨਾਲ ਚੱਲਦਾ ਹੈ ਕਿ ਪੜਚੋਲ ਦੇ ਅਡੰਬਰ ਤਕ ਦੀ ਵੀ ਜ਼ਰੂਰਤ ਨਹੀਂ ਰਹੀ।
----------
ਖ਼ਬਰਾਂ, ਟੀਵੀ ਦੇ ਬਿਨ-ਨਾਗਾ ਸੇਵਨ ਵਾਲੇ ਅਭਿਆਸ ਨੇ ਸਾਨੂੰ ਪਕੇਰਿਆਂ ਕਰ ਦਿੱਤਾ ਏ। ਨਿੱਤ ਦਿਨ ਦੀ ਸੁਰਖ਼ੀ ਕਿਸੇ ਦੁਬਿਧਾ ਤੋਂ ਸੁਰਖਰੂ ਹੋਣ ਵਿੱਚ ਸਹਾਈ ਹੋਈ ਏ।
----------
ਅਤਿ ਅਫ਼ਸੋਸ ਭਰੇ ਕਿਸੇ ਸੰਦੇਸ਼ ਨੂੰ ਵਟਸਐੱਪ ’ਤੇ ਦਾਗਣ ਤੋਂ ਬਾਅਦ ਪਿੱਛੇ ਪਿੱਛੇ ‘ਹੈਪੀ ਦੀਵਾਲੀ’ ਵਾਲਾ ਮੈਸੇਜ, ਸਦੀਆਂ ਦੇ ਸੁਖ-ਦੁਖ ਵਾਲੇ ਬ੍ਰਹਿਮੰਡੀ ਵਰਤਾਰੇ ਬਾਰੇ ਕਿਸੇ ਟੂਕ ਨਾਲ ਬਾਦਲੀਲ ਤਰਕਸੰਗਤ ਠਹਿਰਾਇਆ ਜਾ ਸਕਦਾ ਹੈ। ਇਸੇ ਘੁਣਤਰ ਵਿੱਚੋਂ ਇੱਕ ਸਵਾਲ ਸਾਂਝਾ ਕਰ ਰਿਹਾ ਹਾਂ- ਤੁਸੀਂ ਅਖ਼ਬਾਰ ਕਿਵੇਂ ਪੜ੍ਹਦੇ ਹੋ? ਟੀਵੀ ਕਿਵੇਂ ਵੇਖਦੇ ਹੋ?

ਸਾਡੀਆਂ ਲੋੜਾਂ, ਜੀਵਨ ਸ਼ੈਲੀ ਤੇ ਸੱਧਰਾਂ ਨੇ ਜ਼ਿੰਦਗੀ ਨੂੰ ਏਨਾ ਤੇਜ਼ ਰਫ਼ਤਾਰ ਬਣਾ ਦਿੱਤਾ ਹੈ ਕਿ ਦਿਨ ਭਰ ਦੇ ਥਕੇਵੇਂ ਤੋਂ ਬਾਅਦ ਪਰਿਵਾਰ ਨਾਲ ਬੈਠ, ਸ਼ਾਮ ਨੂੰ ਖ਼ਬਰਾਂ ਤੇ ਭੋਜਨ ਦੇ ਸਾਂਝੇ ਸੇਵਨ ਦੇ ਸਮੇਂ ਇਸ ਸੁਰਖ਼ੀ ਨਾਲ ਕਿਵੇਂ ਨਜਿੱਠਿਆ ਜਾਵੇ ਕਿ ਇਕ ਆਦਮੀ ਆਪਣੀ ਪਤਨੀ ਦੀ ਲਾਸ਼ ਮੋਢੇ ’ਤੇ ਚੁੱਕੀ ਕਈ ਕਿਲੋਮੀਟਰ ਪੈਦਲ ਜਾ ਰਿਹਾ ਹੈ ਕਿਉਂ ਜੋ ਦਹਾਕਿਆਂ ਦੇ ਵਿਕਾਸ ਨਾਲ ਤਾਮੀਰ ਕੀਤੇ ਸੰਸਾਰ ਨੇ ਉਹਦੇ ਤੋਂ ਮੂੰਹ ਮੋੜ ਲਿਆ ਹੈ?
ਇਸ ਖ਼ਬਰ ਤੋਂ ਬਾਅਦ ਤੁਸੀਂ ਕੀ ਕਰਦੇ ਹੋ? ਅਗਲੀ ਬੁਰਕੀ ਲੰਘਾਉਣੀ ਔਖੀ ਜਾਪਦੀ ਏ, ਥਾਲੀ ਰਤਾ ਪਾਸੇ ਕਰ ਦਿੰਦੇ ਹੋ, ਮਸੋਸੇ ਮਨ ਨਾਲ ਕੁਝ ਪਲ ਚੁੱਪ ਰਹਿੰਦੇ ਹੋ। ਉਦਾਸੀ ਤੁਹਾਡੇ ਸਚਿਆਰੇ ਮਨੁੱਖ ਹੋਣ ਦਾ ਸਬੂਤ ਹੈ ਪਰ ਇਸ ਤੋਂ ਅੱਗੇ ਕੀ? ਕਿਸਾਨ, ਮਜ਼ਦੂਰ ਦੀ ਖ਼ੁਦਕੁਸ਼ੀ ਬਾਰੇ ਸੁਰਖ਼ੀ ਪੜ੍ਹਨ ਤੋਂ ਬਾਅਦ ਅਗਲੇਰਾ ਕਦਮ ਕੀ ਹੋਵੇ?

ਅੰਮ੍ਰਿਤਸਰ ਵਿੱਚ ਦੁਸਹਿਰੇ ਮੌਕੇ ਖ਼ੁਸ਼ੀਆਂ ਦੇ ਆਲਮ ਵਿੱਚ ਟਿਮਟਿਮਾਉਂਦੀਆਂ ਲੜੀਆਂ ਦੀ ਰੌਸ਼ਨੀ ਵਿੱਚ, ਪਟਾਕਿਆਂ ਦੀ ਆਵਾਜ਼ ਵਿੱਚ ਕੋਈ ਰੇਲਗੱਡੀ ਸੱਠ ਜ਼ਿੰਦਗੀਆਂ ਦੇ ਵਿਚਾਲਿਓਂ ਦੀ ਨਿਕਲ ਜਾਵੇ ਤੇ ਉਹਦੀ ਫ਼ਿਲਮ ਵਾਰ-ਵਾਰ ਸਾਡੇ ਘਰਾਂ ਦੀ ਚਾਰਦੀਵਾਰੀ ਅੰਦਰ ਚੱਲੇ ਤਾਂ ਇਸ ਤੋਂ ਬਾਅਦ ਅਗਲੇਰਾ ਕਦਮ ਕੀ ਹੋਵੇ? ਕਿਉਂ ਜੋ ਧਰਤੀ ਵਾਲੇ ਗੋਲੇ ਨੇ ਤਾਂ ਬਿੰਦ ਕੁ ਉਦਾਸੀ ਧਾਰ, ਖਲੋ ਨਹੀਂ ਜਾਣਾ? ਉਹਨੇ ਤਾਂ ਮਘਦੇ ਗੋਲੇ ਦੁਆਲੇ ਗੇੜੀ ਮਾਰੀ ਜਾਣੀ ਏ। ਵੀਹ ਗੇੜੀਆਂ ਬਾਅਦ ਦੀਵਾਲੀ ਆਉਣੀ ਏ। ਲਿਸ਼ਕਾਂ ਮਾਰਦੀ ਮਾਲ ਨੇ ਸੈਨਤਾਂ ਕਰਨੀਆਂ ਨੇ, ਅਖ਼ਬਾਰਾਂ ਨੇ ਸੁਰਖ਼ੀਆਂ ਦੇ ਸਿਰ ਉੱਤੇ ਇਸ਼ਤਿਹਾਰਾਂ ਦੀ ਦੇਗ ਰੱਖ, ਖ਼ੁਸ਼ੀਆਂ ਦੀ ਹੋਮ ਡਿਲਿਵਰੀ ਦੀ ਜ਼ਿੰਮੇਵਾਰੀ ਨਿਭਾਉਣੀ ਏ। ਇਸ ਸਭ ਵਿੱਚ ਗੁਰੂ ਨਾਨਕ ਦੀ ਫੋਟੋ ਵਾਲੇ ਕੈਲੰਡਰ ਵਿੱਚ ਅੰਕਿਤ ਤਰੀਕ ਵੇਖ, ਨੇਤਾ ਨੇ ਵੀ ਹੱਥ ਵਿੱਚ ਕਾਲੀ ਝੰਡੀ ਫੜ ਕਿਸੇ ਨਰਸੰਹਾਰ ਦੀ ਬਰਸੀ ਮਨਾਉਣੀ ਏ। ਜਿਹੜਾ ਤੜਫ਼ਦੀ ਲੋਕਾਈ ਵੇਖ ਘਰ ਨਾ ਬੈਠ ਸਕਿਆ, ਵਾਰ ਵਾਰ ਉਦਾਸੀ 'ਤੇ ਟੁਰ ਜਾਂਦਾ ਰਿਹਾ, ਧੁੰਦ ਮਿਟਾ, ਜੱਗ ਚਾਨਣ ਕਰਦਾ ਰਿਹਾ, ਉਹਦਾ ਵੀ ਤਾਂ 550ਵਾਂ ਅਵਤਾਰ ਪੁਰਬ ਮਨਾਉਣਾ ਏ। ਕੈਲੰਡਰ ਵਿਚਲੀ ਹਰ ਆਈਟਮ ਭੁਗਤਾਉਣੀ ਏ। 'ਇਹੀ ਵਿਧਾਨ ਹੈ' ਕਹਿ ਕੇ ਆਪਣੀ ਦੁਬਿਧਾ ਹਰਾਉਣੀ ਏ। ਕੱਲ੍ਹ ਫਿਰ ਭਾਵੇਂ ਜਿਹੜੀ ਮਰਜ਼ੀ ਸੁਰਖ਼ੀ ਆ ਜਾਵੇ, ਅਸਾਂ ਚਾਲ ਓਹੀ ਅਪਣਾਉਣੀ ਏ। ਨਾ ਇਹਦੇ ਵਿੱਚ ਕੋਈ ਮੁਸ਼ਕਲ ਬਹੁਤੀ, ਨਾ ਪੈਣੀ ਕੋਈ ਅੜਾਉਣੀ ਏ। ਰਾਵਣੀ ਰੇਲ ਨੂੰ ਠੇਲ੍ਹ, ਕਿਸੇ ਚੁਰਾਸੀ ਵਾਲੇ ਵਿਰਲਾਪ ਨਾਲ ਖਹਿ, ਦੀਵਾਲੀ ਸੇਲ ਵੀ ਆਉਣੀ ਏ। ਅਸਾਂ ਉਦਾਸ ਵੀ ਹੋ ਲੈਣਾ ਏ, ਮਾੜੇ ਵਰਤਾਰੇ 'ਤੇ ਗੁਸੈਲ ਵੀ ਤੇ ਫਿਰ ਚੱਕਰ ਵੀ ਇੱਕ ਬਾਜ਼ਾਰ ਦਾ ਲਾਉਣਾ ਏ। ਅਯੁੱਧਿਆ ਵਿੱਚ ਮਰਿਆਦਾ ਪੁਰਸ਼ੋਤਮ ਨੇ ਜੋ ਆਉਣਾ ਏ।

ਕਦੀ ਬੱਚਿਆਂ ਭਰੀ ਕੋਈ ਬੱਸ ਕਿਸੇ ਨਹਿਰ ਵਿਚ ਡਿੱਗੀ ਸੀ ਤਾਂ ਕਿੰਨੇ ਸਾਰੇ ਉਨ੍ਹਾਂ ਘਰਾਂ ਵਿਚ ਰੋਟੀ ਨਹੀਂ ਸੀ ਪੱਕੀ ਜਿਹੜੇ ਮੀਲਾਂ ਦੂਰ ਸਨ, ਸਿਰਫ਼ ਸੁਰਖ਼ੀ ਰਾਹੀਂ ਘਟਨਾ ਨਾਲ ਜੁੜੇ ਸਨ। ਕਿਸਾਨ ਖ਼ੁਦਕੁਸ਼ੀ ਕਰੇ ਤਾਂ ਅੰਦਰਲਾ ਬਾਹਰ ਨੂੰ ਆਉਂਦਾ ਸੀ। ਹੁਣ ਖ਼ਬਰ ਨਿਰੰਤਰ ਛਪਦੀ ਏ। ਮੇਰੇ ਗਿਆਰਾਂ-ਗਿਆਰਾਂ ਸਾਲ ਦੇ ਭਤੀਜਾ, ਭਤੀਜੀ ਸਕੂਲ ਦੀ ਅਧਿਆਪਕਾ ਦੇ ਹੁਕਮ ਅਨੁਸਾਰ, ਸ਼ਬਦ-ਜੋੜ ਕਰ-ਕਰ ਸੁਰਖ਼ੀਆਂ ਪੜ੍ਹਦੇ ਨੇ। 'ਅੱਜ ਦੀ ਖ਼ਬਰ' ਦੇ ਸਿਰਨਾਵੇਂ ਵਾਲੇ ਬਲੈਕਬੋਰਡ 'ਤੇ ਚਾਕ ਨਾਲ ਲਿਖਦੇ ਨੇ। ਬਹੁਤ ਸਾਰੀਆਂ ਸੁਰਖ਼ੀਆਂ ਵਿੱਚੋਂ ਇਹ ਵੀ ਇੱਕ ਸੁਰਖ਼ੀ ਹੁੰਦੀ ਏ, ਇਹ ਸਮਝਦੇ ਨੇ। ਹਰ ਕੋਈ ਮਸੋਸਿਆ ਫਿਰਦਾ, ਗਲੀ-ਗੁਆਂਢ ਗੱਲ ਹੁੰਦੀ ਤਾਂ ਜਾਣਦੇ ਕਿ ਅਣਹੋਣੀ ਹੈ। ਨਿਆਣੇ ਨਿੱਕੇ ਨੇ, ਉਸ ਦੁਨੀਆਂ ਵਿੱਚ ਵੱਡੇ ਹੋ ਰਹੇ ਨੇ ਜਿੱਥੇ ਇਹ ਸੁਰਖ਼ੀ ਰੋਜ਼ ਛਪਦੀ ਹੈ। ਰੇਲਗੱਡੀ ਰਾਜਨੀਤੀ ਵਿੱਚ ਨਿੱਕਾ ਜਿਹਾ ਤਮਾਸ਼ਾ ਕਰ ਸੀਟੀ ਵਜਾਉਂਦੀ ਲੰਘ ਗਈ, ਹੁਣ ਅਗਲੀ ਕੋਈ ਅਣਹੋਣੀ ਹੋਵੇ ਤਾਂ ਰਤਾ ਸਾਹ ਲੈ ਗੱਲ ਕਰੀਏ।
----------
ਉਦਾਸੀ ਤੁਹਾਡੇ ਸਚਿਆਰੇ ਮਨੁੱਖ ਹੋਣ ਦਾ ਸਬੂਤ ਹੈ ਪਰ ਇਸ ਤੋਂ ਅੱਗੇ ਕੀ? ਕਿਸਾਨ, ਮਜ਼ਦੂਰ ਦੀ ਖ਼ੁਦਕੁਸ਼ੀ ਬਾਰੇ ਸੁਰਖ਼ੀ ਪੜ੍ਹਨ ਤੋਂ ਬਾਅਦ ਅਗਲੇਰਾ ਕਦਮ ਕੀ ਹੋਵੇ?
----------
ਇਸ ਵਿਰਲਾਪ-ਖੇੜੇ ਵਾਲੇ ਚੱਕਰਵਿਊ ਵਿਚ ਫਸਿਆਂ ਲਈ ਇੱਕੋ ਹੀ ਰਸਤਾ ਏ। ਆਪਣੇ ਅੰਦਰਲੇ ਨਾਲ ਜੁੜਨ, ਗਵਾਂਢੀ ਨੂੰ ਜੋੜਨ, ਸਮਝ ਨੂੰ ਵਿਕਸਤ ਕਰਨ, ਸੰਗਠਿਤ ਹੋਣ, ਜਿੱਥੇ ਅੱਗੇ ਵਧ ਕੋਈ ਲੜ ਰਿਹਾ, ਉਹਦੇ ਨਾਲ ਖੜ੍ਹਨ, "ਮੈਂ ਨਾ ਲੜਿਆ ਤਾਂ ਮਾਰਿਆ ਜਾਵਾਂਗਾ" ਵਾਲੇ ਜਨੂੰਨ ਨਾਲ ਘੋਲ ਵਿੱਚ ਕੁੱਦਣ ਵਾਲਾ ਰਸਤਾ ਫੜਨ। ਕਦੀ ਚੁੱਪ ਰਹਿ, ਕਾਵਾਂਰੌਲੀ ਤੋਂ ਬਚ, 'ਮੈਂ ਕੀ ਕਰਾਂ' ਨਾਲ ਗੁਥੱਮ-ਗੁੱਥਾ ਹੋ ਜਾਣ ਵਾਲਾ ਮੋੜ ਮੁੜਨ। ਦੂਜਾ ਰਸਤਾ ਰਾਵਣ ਵਾਲੀ ਰੇਲ ਤੋਂ ਮਾਲ ਨੂੰ ਜਾਂਦਾ ਏ। ਓਥੇ ਸੈਲਫੀ ਖਿੱਚ, ਉਸ ਵਿੱਚੋਂ ਸਵੈ ਨੂੰ ਮਨਫ਼ੀ ਕਰਨ ਦਾ ਜਾਦੂ ਹੋ ਰਿਹਾ ਹੈ।
ਖ਼ਬਰਾਂ, ਟੀਵੀ ਦੇ ਬਿਨ-ਨਾਗਾ ਸੇਵਨ ਵਾਲੇ ਅਭਿਆਸ ਨੇ ਸਾਨੂੰ ਪਕੇਰਿਆਂ ਕਰ ਦਿੱਤਾ ਏ। ਨਿੱਤ ਦਿਨ ਦੀ ਸੁਰਖ਼ੀ ਕਿਸੇ ਦੁਬਿਧਾ ਤੋਂ ਸੁਰਖਰੂ ਹੋਣ ਵਿੱਚ ਸਹਾਈ ਹੋਈ ਏ। ਪਹਿਲਾਂ ਮਸੋਸੇ ਮਨ ਨੂੰ ਕੋਈ ਸੱਜਣ ਪਿਆਰਾ ਕੁਝ ਦਿਨ ਪਲੋਸਦਾ ਸੀ, ਹੌਲੀ-ਹੌਲੀ ਰੋਜ਼ਨੁਮਾ ਦੀ ਜ਼ਿੰਦਗੀ ਵਿੱਚ ਚਿੱਤ ਫਿਰ ਲੱਗਦਾ ਸੀ। ਹੁਣ ਤਾਂ ਸਭ ਸਵਿੱਚ ਦੇ ਦੱਬੇ ਵਾਂਗ ਹੁੰਦਾ ਏ। ਦੁਸਹਿਰਾ, ਹਾਸ਼ਿਮਪੁਰਾ, 1984, ਦੀਵਾਲੀ। ਵਿਰਲਾਪ-ਖੇੜਾ-ਵਿਰਲਾਪ-ਖੇੜਾ। ਤਿਉਹਾਰੀ ਸੇਲ ਹੈ, ਹਰ ਸ਼ੈਅ ਆਈਟਮ ਹੈ। ਭਾਵਨਾਵਾਂ ਦਾ ਡਿਸਕਾਊਂਟ ਹੈ। ਕੋਈ ਆਪਣੀ ਪਤਨੀ ਦੀ ਲਾਸ਼ ਮੋਢੇ 'ਤੇ ਲਈ ਟੁਰੀ ਜਾ ਰਿਹਾ ਹੈ, ਅਸੀਂ ਅਫ਼ਸੋਸ ਵੀ ਕਰ ਰਹੇ ਹਾਂ, ਟਿਮਟਿਮਾਉਂਦੀਆਂ ਲੜੀਆਂ ਵੀ ਬਨੇਰੇ 'ਤੇ ਟੰਗ ਰਹੇ ਹਾਂ।
----------
ਲੇਖਕ ਸੀਨੀਅਰ ਪੱਤਰਕਾਰ ਹੈ ਜਿਹੜਾ ਅੰਤਲੀ ਸਤਰ ਤੱਕ ਤੁਹਾਨੂੰ ਦੀਵਾਲੀ ਮੁਬਾਰਕ ਕਹਿਣ ਜਾਂ ਨਾ ਕਹਿਣ ਬਾਰੇ ਫ਼ੈਸਲਾ ਨਹੀਂ ਕਰ ਸਕਿਆ।
ਇਹ ਲੇਖ ਮੂਲ ਰੂਪ ਵਿਚ ਪੰਜਾਬੀ ਟ੍ਰਿਬਿਊਨ ਵਿੱਚ ਛਪਿਆ ਸੀ ਅਤੇ ਧੰਨਵਾਦ-ਸਹਿਤ ਏਥੇ ਪ੍ਰਕਾਸ਼ਿਤ ਕੀਤਾ ਜਾ ਰਿਹਾ ਹੈ।