ਵਿਚਾਰ
ਵਿਸ਼ਵ ਵਾਤਾਵਰਨ ਦਿਵਸ - 2018
ਪਲਾਸਟਿਕ ਬਿਨਾਂ ਜ਼ਿੰਦਗੀ?
- ਡਾ. ਚਰਨਜੀਤ ਸਿੰਘ ਨਾਭਾ*
ਪਲਾਸਟਿਕ ਬਿਨਾਂ ਜ਼ਿੰਦਗੀ?



ਹਰ ਰੋਜ਼ ਸਵੇਰੇ ਜਪੁ ਜੀ ਸਾਹਿਬ ਵਿੱਚ ਅੰਕਿਤ ਸ਼ਲੋਕ "ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ॥" ਦਾ ਓਟ ਆਸਰਾ ਲੈ ਕੇ ਸਰਬੱਤ ਦੇ ਭਲੇ ਦੀ ਅਰਦਾਸ ਕਰਨ ਵਾਲਾ ਹਰ ਪੰਜਾਬੀ ਆਪਣੇ ਆਪ ਨੂੰ ਪ੍ਰਦੂਸ਼ਣ ਦੀ ਮਾਰ ਹੇਠ ਆਇਆ ਮਹਿਸੂਸ ਕਰਦਾ ਹੈ ਉਹ ਚਾਹੇ ਹਵਾ ਦਾ ਪ੍ਰਦੂਸ਼ਣ ਹੈ, ਪਾਣੀਆਂ ਦੇ ਦੂਸ਼ਿਤ ਹੋਣ ਦੀ ਗੱਲ ਹੋਵੇ ਜਾਂ ਧਰਤੀ ਮਾਂ ਦੀ ਮਿੱਟੀ ਵਿੱਚ ਪੈਦਾਵਾਰ ਦੇ ਵਾਧੇ ਲਈ ਪਾਈਆਂ ਗਈਆਂ ਖਾਦਾਂ ਅਤੇ ਜਹਿਰੀਲੇ ਰਸਾਇਣਾਂ ਦੀ ਜਹਿਰ ਦੀ ਮੌਜੂਦਗੀ ਹੋਵੇ।

ਮਹਾਤਮਾ ਗਾਂਧੀ ਜੀ ਨੇ ਆਪਣੀ ਜੀਵਨੀ ਵਿੱਚ ਲਿਖਿਆ ਹੈ ਕਿ ਇਹ ਧਰਤੀ ਸਾਡੀਆਂ ਸਾਰੀਆਂ ਲੋੜਾਂ ਦੀ ਪੂਰਤੀ ਤਾਂ ਕਰ ਸਕਦੀ ਹੈ ਅਤੇ ਇਸ ਦੇ ਸਮਰੱਥ ਹੈ ਪਰ ਇਹ ਸਾਡੀਆਂ ਹੋੜਾਂ (ਲਾਲਚ) ਦੀ ਪੂਰਤੀ ਨਹੀਂ ਕਰ ਸਕਦੀ। ਵੱਸੋਂ ਦੇ ਬੇਤਹਾਸ਼ਾ ਵਾਧੇ ਨੇ ਲੋੜਾਂ ਅਤੇ ਹੋੜਾਂ ਨੂੰ ਵਧਾਇਆ ਅਤੇ ਅਸੀਂ ਆਪਣੇ ਕੁਦਰਤੀ ਸ੍ਰੋਤਾਂ ਦਾ ਚੀਰ-ਹਰਨ ਕਰਨਾ ਸ਼ੁਰੂ ਕੀਤਾ।

ਸੰਯੁਕਤ ਰਾਸ਼ਟਰ ਨੇ ਪਹਿਲੀ ਵਾਰ ਵਾਤਾਵਰਨ ਦੀ ਸਮੱਸਿਆ ਨੂੰ ਆਪਣੇ ਚਾਰਟਰ ਦਾ ਹਿੱਸਾ ਬਣਾਉਂਦਿਆਂ 5 ਜੂਨ, 1972 ਨੂੰ ਸਵੀਡਨ ਦੀ ਰਾਜਧਾਨੀ ਸਟਾਕਹੋਮ ਵਿੱਚ ਸੰਸਾਰ ਭਰ ਦੇ ਲੀਡਰਾਂ ਨੂੰ ਇਸ ਬਾਰੇ ਸੁਚੇਤ ਕਰਨ ਲਈ ਜੋ ਬੈਠਕ ਸੱਦੀ ਉਸ ਵਿੱਚ ਭਾਰਤ ਦੀ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਜੀ ਨੇ ਕਿਹਾ ਸੀ:

"ਗਰੀਬੀ ਹੀ ਪ੍ਰਦੂਸ਼ਣ ਦਾ ਸਭ ਤੋਂ ਭੈੜਾ ਰੂਪ ਹੈ ਅਤੇ ਗਰੀਬ ਦੀ ਸ਼ਮੂਲੀਅਤ ਤੋਂ ਬਿਨਾਂ ਉਸਾਰਿਆ ਗਿਆ ਕੋਈ ਵੀ ਆਰਥਿਕ ਮਾਡਲ ਜੀਵ-ਭਿੰਨਤਾ ਅਤੇ ਵਾਤਾਵਰਣ ਦੀ ਬਰਬਾਦੀ ਦਾ ਮੁੱਖ ਕਾਰਨ ਹੋਵੇਗਾ।"
----------
ਤੁਸੀਂ 2 ਮਿੰਟ ਲਈ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ 'ਚੋਂ ਪਲਾਸਟਿਕ ਮਨਫ਼ੀ ਕਰਨ ਬਾਰੇ ਸੋਚੋ, ਤੁਹਾਨੂੰ ਜ਼ਿੰਦਗੀ ਖੜ੍ਹਦੀ ਦਿਖਾਈ ਦੇਵੇਗੀ।
----------
ਸੰਯੁਕਤ ਰਾਸ਼ਟਰ ਅਧੀਨ ਚੱਲ ਰਹੇ ਸੰਯੁਕਤ ਰਾਸ਼ਟਰ ਵਾਤਾਵਰਨ ਪ੍ਰੋਗਰਾਮ (UNEP) ਨੇ ਇਸ ਸਾਲ ਵਿਸ਼ਵ ਵਾਤਾਵਰਨ ਦਿਵਸ ਦਾ ਨਾਅਰਾ 'ਬੀਟ ਪਲਾਸਟਿਕ ਪੋਲੀਊਸ਼ਨ' (ਆਓ! ਪਲਾਸਟਿਕ ਪ੍ਰਦੂਸ਼ਣ ਨੂੰ ਮਾਤ ਦੇਈਏ) ਰੱਖਿਆ ਹੈ। ਮੈਂ ਆਪ ਸਾਰਿਆਂ ਦੇ ਧਿਆਨ ਗੋਚਰੇ ਇਹ ਦੱਸਣਾ ਚਾਹੁੰਦਾ ਹਾਂ ਕਿ 125 ਕਰੋੜ ਤੋਂ ਵੱਧ ਦੀ ਆਬਾਦੀ ਵਾਲਾ ਇਹ ਦੇਸ਼ ਹਰ ਰੋਜ਼ 26000 ਟਨ ਪਲਾਸਟਿਕ ਕਚਰਾ ਪੈਦਾ ਕਰ ਰਿਹਾ ਹੈ ਜਿਸ ਵਿੱਚ ਦਿੱਲੀ ਦਾ ਸਭ ਤੋਂ ਵੱਧ 700 ਟਨ, ਚੇਨਈ ਦਾ 450 ਟਨ, ਮੁੰਬਈ ਦਾ 425 ਟਨ, ਬੈਂਗਲੁਰੂ ਦਾ 325 ਟਨ ਅਤੇ ਹੈਦਰਾਬਾਦ ਦਾ 300 ਟਨ ਪ੍ਰਮੁੱਖ ਹਨ ਕਿਉਂਕਿ ਪਲਾਸਟਿਕ ਸਾਡੀ ਰੋਜ਼ਮੱਰਾ ਦੀ ਜ਼ਿੰਦਗੀ ਦਾ ਪ੍ਰਮੁੱਖ ਹਿੱਸਾ ਬਣ ਚੁੱਕਾ ਹੈ।

ਤੁਸੀਂ 2 ਮਿੰਟ ਲਈ ਆਪਣੀ ਰੋਜ਼ਮੱਰਾ ਦੀ ਜ਼ਿੰਦਗੀ 'ਚੋਂ ਪਲਾਸਟਿਕ ਮਨਫ਼ੀ ਕਰਨ ਬਾਰੇ ਸੋਚੋ, ਤੁਹਾਨੂੰ ਜ਼ਿੰਦਗੀ ਖੜ੍ਹਦੀ ਦਿਖਾਈ ਦੇਵੇਗੀ। ਪਾਣੀ ਦੀਆਂ ਬੋਤਲਾਂ, ਦੁੱਧ ਅਤੇ ਹੋਰ ਖਾਧ ਵਸਤਾਂ ਦੇ ਪੈਕੇਟ, ਦਵਾਈਆਂ ਦੇ ਕਵਰ, ਗਲੂਕੋਜ਼ ਦੀਆਂ ਬੋਤਲਾਂ, ਕੈਰੀਬੈਗ, ਕੰਟਨੇਰ ਆਦਿ ਸਾਡੀ ਜ਼ਿੰਦਗੀ ਦਾ ਅਹਿਮ ਅੰਗ ਬਣ ਚੁੱਕੇ ਹਨ ਅਤੇ ਅਸੀਂ ਪਲਾਸਟਿਕ ਦੇ ਉਪਯੋਗ ਨੂੰ ਆਪਣੇ ਜੀਵਨ 'ਚੋਂ ਕਿਵੇਂ ਕੱਢ ਸਕਦੇ ਹਾਂ।

ਪਰ ਹਾਂ, ਅਸੀਂ ਇਸ ਦੀ ਵਰਤੋਂ ਘਟਾ ਸਕਦੇ ਹਾਂ, ਇਸ ਨੂੰ ਮੁੜ ਵਰਤ ਕੇ ਇਸ ਤੋਂ ਹੋ ਰਹੇ ਲਗਾਤਾਰ ਪ੍ਰਦੂਸ਼ਣ ਨੂੰ ਘਟਾ ਸਕਦੇ ਹਾਂ ਇਹ ਸਾਡੇ ਸਾਰਿਆਂ ਦੇ ਹੱਥ ਵਿੱਚ ਹੈ। ਕਿਉਂਕਿ ਪਲਾਸਟਿਕ ਦਾ ਕਚਰਾ ਸਾਡੀ ਧਰਤੀ ਦੇ ਕੁਦਰਤੀ ਸ੍ਰੋਤਾਂ ਨੂੰ ਪ੍ਰਦੂਸ਼ਿਤ ਕਰ ਰਿਹਾ ਹੈ। ਜਦੋਂ ਵੱਡੀ ਮਿਕਦਾਰ ਵਿੱਚ ਇਸ ਨੂੰ ਬਣਾਇਆ ਜਾਂਦਾ ਹੈ ਜਾਂ ਫਿਰ ਨਿਪਟਾਉਣ ਲਈ ਜਲਾਇਆ ਜਾਂਦਾ ਹੈ ਤਾਂ ਇਸ ਵਿੱਚੋਂ ਜਹਿਰੀਲੀਆਂ ਗੈਸਾਂ ਜਿਵੇਂ ਕਾਰਬਨ ਮੋਨੋਆਕਸਾਈਡ, ਕਲੋਰੀਨ, ਲੂਣ ਦਾ ਤਿਜ਼ਾਬ, ਡਾਈਆਕਸਨਜ਼, ਫਿਊਰੇਨ, ਆਮੀਨਜ਼, ਸਟਾਈਰੀਨ, ਕਾਰਬਨ ਟੈਟਰਾਕਲੋਰਾਈਡ ਪੈਦਾ ਹੁੰਦੀਆਂ ਹਨ ਜੋ ਕੈਂਸਰ ਦਾ ਕਾਰਨ ਵੀ ਬਣਦੀਆਂ ਹਨ।

ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਕਿ ਭਾਰਤ ਪਲਾਸਟਿਕ ਦੀ ਵਰਤੋਂ ਕਰਨ ਵਾਲੇ ਮੋਹਰੀ ਦੇਸ਼ਾਂ ਵਿੱਚੋਂ ਇੱਕ ਹੈ ਪਰ ਪਲਾਸਟਿਕ ਦਾ ਕਚਰਾ ਪੈਦਾ ਕਰਨ ਵਾਲੇ ਪਹਿਲੇ ਦਸ ਦੇਸ਼ਾਂ ਵਿੱਚ ਭਾਰਤ ਦਾ ਨਾਮ ਨਹੀਂ ਹੈ। ਇਸ ਦਾ ਸਿਹਰਾ ਇਸ ਦੇਸ਼ ਦੇ ਸਭ ਤੋਂ ਗਰੀਬ ਵਰਗ RAG-PICKERS (ਕਚਰਾ ਚੁੱਗ ਕੇ ਵੇਚਣ ਵਾਲੇ) ਨੂੰ ਜਾਂਦਾ ਹੈ ਜੋ ਇਸ ਕਚਰੇ ਤੋਂ ਆਪਣੀ ਰੋਜ਼ੀ-ਰੋਟੀ ਕਮਾ ਰਹੇ ਹਨ। ਇਕੱਲੇ ਦਿੱਲੀ ਸ਼ਹਿਰ ਦੇ ਕਚਰੇ ਦਾ 20-25 ਪ੍ਰਤੀਸ਼ਤ ਤਕ ਦਾ ਨਿਪਟਰਾ ਇਹ ਰੈਗ-ਪਿੱਕਰ ਹੀ ਕਰਨ ਵਿੱਚ ਸਹਾਈ ਸਿੱਧ ਹੋ ਰਹੇ ਹਨ। ਇਕੱਲੇ ਦਿੱਲੀ ਸ਼ਹਿਰ ਦੀਆਂ ਮਿਊਂਸਪਲ ਕਾਰਪੋਰੇਸ਼ਨਾਂ ਲੱਗਭੱਗ 1 ਕਰੋੜ ਰੁਪਏ ਰੋਜ਼ਾਨਾ ਬਚਾ ਰਹੀਆਂ ਹਨ।

ਪਲਾਸਟਿਕ ਦੇ ਪ੍ਰਦੂਸ਼ਣ ਤੋਂ ਛੁਟਕਾਰਾ ਪਾਉਣ ਲਈ ਪੰਜਾਬ ਸਰਕਾਰ ਨੇ ਵੱਡੇ ਉਪਰਾਲੇ ਆਰੰਭੇ ਹਨ। ਪੰਜਾਬ ਦੇ ਹਰ ਸ਼ਹਿਰ, ਕਸਬੇ ਵਿੱਚ ਮੱਕੀ ਅਤੇ ਆਲੂ ਦੇ ਸਟਾਰਚ ਤੋਂ ਬਣੇ ਗਲਣਸ਼ੀਲ ਲਿਫ਼ਾਫ਼ੇ ਪਹੁੰਚਦੇ ਕਰ ਦਿੱਤੇ ਗਏ ਹਨ ਅਤੇ ਇਨ੍ਹਾਂ ਲਿਫ਼ਾਫ਼ਿਆਂ ਦੀ ਵਰਤੋਂ ਯਕੀਨੀ ਬਣਾਈ ਜਾ ਰਹੀ ਹੈ ਅਤੇ ਜਲਦ ਪੰਜਾਬ ਵਿੱਚੋਂ ਵੀ ਪਲਾਸਟਿਕ ਦੇ ਲਿਫ਼ਾਫ਼ੇ ਅਤੀਤ ਬਣ ਜਾਣਗੇ।

ਇਸੇ ਤਰ੍ਹਾਂ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਨੇ ਵੀ ਇੱਕ ਨਿਵੇਕਲਾ ਉਪਰਾਲਾ ਕਰਦੇ ਹੋਏ ਪਟਿਆਲਾ ਸ਼ਹਿਰ ਦੇ ਰੈਗ-ਪਿੱਕਰ ਰਾਹੀਂ ਸ਼ਹਿਰ ਵਿੱਚੋਂ ਮਲਟੀਲੇਅਰ ਪਲਾਸਟਿਕ ਲਿਫ਼ਾਫ਼ੇ (ਜਿਵੇਂ ਕਿ ਕੁਰਕਰਿਆਂ ਆਦਿ ਦੇ ਲਿਫ਼ਾਫ਼ੇ) ਦੇ 125 ਟਨ ਕਚਰੇ ਦੀਆਂ ਗੰਢਾਂ ਬਣਵਾ ਕੇ ਇਸ ਵਿੱਚੋਂ PYRO-OIL ਤਿਆਰ ਕਰਵਾਇਆ, ਜੋ ਗੋਬਿੰਦਗੜ੍ਹ ਸ਼ਹਿਰ ਦੀ ਇੱਕ ਫ਼ਰਨੇਸ ਵਿੱਚ ਵਰਤਿਆ ਜਾ ਰਿਹਾ ਹੈ। ਇਸ ਨਿਵੇਕਲੀ ਪਹਿਲ ਕਦਮੀ ਲਈ ਬੋਰਡ ਵਧਾਈ ਦਾ ਹੱਕਦਾਰ ਹੈ।

ਪੰਜਾਬ ਦੇ ਕੁਦਰਤੀ ਸ੍ਰੋਤਾਂ, ਆਬੋ-ਹਵਾ ਅਤੇ ਨਦੀਆਂ, ਨਾਲਿਆਂ ਦੇ ਪਾਣੀ ਨੂੰ ਮੁੜ ਮੋੜਾ ਪਾਉਣ ਲਈ ਅਤੇ ਪੰਜਾਬੀਆਂ ਨੂੰ ਇੱਕ ਚੰਗਾ ਸਿਹਤਮੰਦ ਮਾਹੌਲ ਅਤੇ ਸੁਵਿਧਾਵਾਂ ਦੇਣ ਲਈ "ਤੰਦਰੁਸਤ ਪੰਜਾਬ" ਦਾ ਇੱਕ ਪਵਿੱਤਰ ਉੱਦਮ ਕੀਤਾ ਹੈ। ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਦਾ ਇਹ ਡਰੀਮ-ਪ੍ਰਾਜੈਕਟ ਹੈ, ਜਿਸ ਤਹਿਤ ਉਨ੍ਹਾਂ ਨੇ ਹਰੇਕ ਪੰਜਾਬੀ ਨੂੰ ਸ਼ੁੱਧ ਹਵਾ, ਸਾਫ਼ ਅਤੇ ਪੀਣਯੋਗ ਪਾਣੀ, ਮਿਲਾਵਟ ਰਹਿਤ ਖਾਧ ਪਦਾਰਥ ਸਿਹਤਮੰਦ ਚੌਗਿਰਦਾ ਦੇਣ ਲਈ ਆਪਣੀ ਸਰਕਾਰ ਦੀ ਵਚਨਬੱਧਤਾ ਪ੍ਰਗਟਾਈ ਹੈ। ਪੰਜਾਬ ਸਰਕਾਰ ਦਾ ਇਹ ਉਦੇਸ਼ ਸਮੁੱਚੇ ਪੰਜਾਬੀਆਂ ਨੂੰ ਸਮਰਪਿਤ ਹੈ ਅਤੇ ਜਲਦ ਹੀ ਇਸ ਦੇ ਸਾਰਥਿਕ ਨਤੀਜੇ ਸਮੁੱਚੇ ਪੰਜਾਬ ਦੇ ਸਾਹਮਣੇ ਹੋਣਗੇ। ਆਓ, ਰਲ ਕੇ ਹੰਭਲਾ ਮਾਰੀਏ। 

ਆਮੀਨ.....
  
 
*ਲੇਖਕ ਪੰਜਾਬ ਪ੍ਰਦੂਸ਼ਣ ਰੋਕਥਾਮ ਬੋਰਡ, ਪਟਿਆਲਾ ਵਿੱਚ ਡਿਪਟੀ ਡਾਇਰੈਕਟਰ (ਲੋਕ ਸੰਪਰਕ) ਦੇ ਅਹੁਦੇ 'ਤੇ ਤਾਇਨਾਤ ਹਨ
 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER