ਵਿਚਾਰ
ਦਾਜ ਤੇ ਬਲਾਤਕਾਰ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ 'ਤੇ ਚਿੰਤਾ
- ਜਸਵੰਤ ਸਿੰਘ 'ਅਜੀਤ'
ਦਾਜ ਤੇ ਬਲਾਤਕਾਰ ਵਿਰੋਧੀ ਕਾਨੂੰਨਾਂ ਦੀ ਦੁਰਵਰਤੋਂ 'ਤੇ ਚਿੰਤਾ



ਪਿਛਲੇ ਦਿਨੀਂ ਸੁਪਰੀਮ ਕੋਰਟ ਦੇ ਵਿਦਵਾਨ ਜੱਜਾਂ ਦੇ ਇੱਕ ਬੈਂਚ ਨੇ ਇੱਕ ਪਾਸੇ ਤਾਂ ਦੇਸ਼ ਭਰ ਵਿੱਚ ਔਰਤਾਂ ਵਿਰੁੱਧ ਵੱਧ ਰਹੇ ਅਪਰਾਧਾਂ ਉਪਰ ਡੂੰਘੀ ਚਿੰਤਾ ਪ੍ਰਗਟ ਕਰਦਿਆਂ, ਸਵੀਕਾਰ ਕੀਤਾ ਕਿ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਨੂੰ ਮਹਿਸੂਸ ਕਰਦਿਆਂ, ਇਨ੍ਹਾਂ ਉਪਰ ਪਹਿਲ ਦੇ ਆਧਾਰ 'ਤੇ ਸੁਣਵਾਈ ਕੀਤੇ ਜਾਣ ਦੀ ਲੋੜ ਹੈ। ਅਦਾਲਤ ਨੇ ਰਾਜ ਸਰਕਾਰਾਂ ਨੂੰ ਵੀ ਹਿਦਾਇਤ ਕੀਤੀ ਕਿ ਉਹ ਔਰਤਾਂ ਵਿਰੁੱਧ ਵੱਧ ਰਹੀਆਂ ਅਪਰਾਧਕ ਘਟਨਾਵਾਂ ਉਪਰ ਅੰਕੁਸ਼ ਲਾਉਣ ਸੰਬੰਧੀ ਕੀਤੀ ਜਾ ਰਹੀ ਆਪਣੀ ਕਾਰਵਾਈ ਦੀ ਜਾਣਕਾਰੀ ਅਦਾਲਤ ਨੂੰ ਤੁਰੰਤ ਦੇਣ।

ਇਸ ਦੇ ਨਾਲ ਹੀ ਦੂਜੇ ਪਾਸੇ ਵਿਦਵਾਨ ਜੱਜਾਂ ਨੇ ਦੇਸ਼ ਵਿੱਚ ਦਾਜ-ਵਿਰੋਧੀ ਕਾਨੂੰਨ ਦੀ ਵੱਡੇ ਪੈਮਾਨੇ 'ਤੇ ਹੋ ਰਹੀ ਦੁਰਵਰਤੋਂ ਉਪਰ ਵੀ ਡੂੰਘੀ ਚਿੰਤਾ ਪ੍ਰਗਟ ਕੀਤੀ ਹੈ। ਇਸੇ ਤਰ੍ਹਾਂ ਦੇ ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਵਿਦਵਾਨ ਜੱਜਾਂ ਵਲੋਂ ਇਨ੍ਹਾਂ ਹੀ ਦਿਨਾਂ ਵਿੱਚ ਦਿੱਤੇ ਗਏ ਇੱਕ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਗ੍ਰਿਫਤਾਰੀ, ਬਾਅਦ ਵਿੱਚ ਬਾਕੀ ਕਾਰਵਾਈ ਕਰਨ ਦਾ ਰਵੱਈਆ ਬਹੁਤ ਹੀ ਚਿੰਤਾਜਨਕ ਹੈ, ਜਿਸ ਉਪਰ ਕਾਬੂ ਪਾਇਆ ਜਾਣਾ ਚਾਹੀਦਾ ਹੈ।
----------
ਕੇਂਦਰ ਸਰਕਾਰ ਦਾਜ-ਵਿਰੋਧੀ ਕਾਨੂੰਨ ਦੀ ਵੱਡੇ ਪੈਮਾਨੇ 'ਤੇ ਹੋ ਰਹੀ ਦੁਰਵਰਤੋਂ ਕਾਰਨ ਵੱਧਦੇ ਜਾ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ, ਦਾਜ ਦੀ ਪਰਿਭਾਸ਼ਾ ਵਿੱਚ ਕੁਝ ਬਦਲਾਉ ਕਰਨ ਦੇ ਨਾਲ ਹੀ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਲਈ ਸਜ਼ਾ ਤੇ ਜੁਰਮਾਨੇ ਦਾ ਪ੍ਰਾਵਧਾਨ ਕਰਨ ਬਾਰੇ ਵਿਚਾਰ ਕਰ ਰਹੀ ਹੈ।
----------
ਸੁਪਰੀਮ ਕੋਰਟ ਦੇ ਵਿਦਵਾਨ ਜੱਜਾਂ ਨੇ ਸਾਰੀਆਂ ਰਾਜ ਸਰਕਾਰਾਂ ਦੇ ਨਾਂ ਆਦੇਸ਼ ਜਾਰੀ ਕਰਦਿਆਂ ਕਿਹਾ ਹੈ ਕਿ ਉਹ ਆਪਣੇ ਪੁਲਿਸ ਅਧਿਕਾਰੀਆਂ ਨੂੰ ਹਿਦਾਇਤ ਕਰਨ ਕਿ ਦਾਜ-ਵਿਰੋਧੀ ਕਾਨੂੰਨ ਅਧੀਨ ਮਾਮਲਾ ਦਰਜ ਹੋਣ 'ਤੇ ਉਹ ਆਪਣੇ-ਆਪ ਗ੍ਰਿਫਤਾਰੀ ਨਾ ਕਰਨ। ਪਹਿਲਾਂ ਸੀ.ਆਰ.ਪੀ.ਸੀ. ਦੀ ਧਾਰਾ 14 ਵਿੱਚ ਨਿਸ਼ਚਿਤ ਮਾਪ-ਦੰਡਾਂ ਦੇ ਅਧੀਨ ਗ੍ਰਿਫਤਾਰੀ ਦੀ ਲੋੜ ਦੇ ਸੰਬੰਧ ਵਿੱਚ ਆਪਣੇ-ਆਪਨੂੰ ਸੰਤੁਸ਼ਟ ਕਰਨ ਤੇ ਫਿਰ ਉਸ ਸੰਬੰਧੀ ਮੈਜਿਸਟਰੇਟ ਦੇ ਸਾਹਮਣੇ ਕਾਰਨ ਅਤੇ ਦਸਤਾਵੇਜ਼ ਪੇਸ਼ ਕਰ, ਉਸ ਨੂੰ ਸੰਤੁਸ਼ਟ ਕਰ ਉਸ ਪਾਸੋਂ ਗ੍ਰਿਫਤਾਰੀ ਦਾ ਆਦੇਸ਼ ਪ੍ਰਾਪਤ ਕਰਨ।

ਇਹ ਵੀ ਦੱਸਿਆ ਜਾ ਰਿਹਾ ਹੈ ਕਿ ਕੇਂਦਰ ਸਰਕਾਰ ਦਾਜ-ਵਿਰੋਧੀ ਕਾਨੂੰਨ ਦੀ ਵੱਡੇ ਪੈਮਾਨੇ 'ਤੇ ਹੋ ਰਹੀ ਦੁਰਵਰਤੋਂ ਕਾਰਨ ਵੱਧਦੇ ਜਾ ਰਹੇ ਮਾਮਲਿਆਂ ਨੂੰ ਗੰਭੀਰਤਾ ਨਾਲ ਲੈ, ਦਾਜ ਦੀ ਪਰਿਭਾਸ਼ਾ ਵਿੱਚ ਕੁਝ ਬਦਲਾਉ ਕਰਨ ਦੇ ਨਾਲ ਹੀ ਕਾਨੂੰਨ ਦੀ ਦੁਰਵਰਤੋਂ ਕਰਨ ਵਾਲਿਆਂ ਲਈ ਸਜ਼ਾ ਤੇ ਜੁਰਮਾਨੇ ਦਾ ਪ੍ਰਾਵਧਾਨ ਕਰਨ ਬਾਰੇ ਵਿਚਾਰ ਕਰ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਦਾਜ-ਵਿਰੋਧੀ ਕਾਨੂੰਨ ਵਿਚਲੇ ਘਰੇਲੂ-ਹਿੰਸਾ ਵਿਰੋਧੀ ਕੁਝ ਮਾਪਦੰਡਾਂ ਵਿੱਚ ਵੀ ਸਰਕਾਰ ਸੋਧ ਕਰ ਸਕਦੀ ਹੈ। ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕੁਝ ਹੀ ਸਮਾਂ ਪਹਿਲਾਂ ਸੁਪਰੀਮ ਕੋਰਟ ਨੇ ਦਾਜ-ਵਿਰੋਧੀ ਕਾਨੂੰਨ ਦੀ ਹੋ ਰਹੀ ਦੁਰਵਰਤੋਂ ਉਪਰ ਸਖਤ ਟਿੱਪਣੀ ਕੀਤੀ ਸੀ। ਕੇਂਦਰ ਸਰਕਾਰ ਦੇ ਮਹਿਲਾ ਅਤੇ ਬਾਲ ਕਲਿਆਣ ਵਿਭਾਗ ਨੇ ਵੀ ਸਵੀਕਾਰ ਕੀਤਾ ਕਿ ਦਾਜ-ਵਿਰੋਧੀ ਕਾਨੂੰਨ ਦੀ ਦੁਰਵਰਤੋਂ ਕੀਤੇ ਜਾਣ ਦੀਆਂ ਬਹੁਤ ਸਾਰੀਆਂ ਘਟਨਾਵਾਂ, ਉਸ ਦੇ ਨੋਟਿਸ ਵਿੱਚ ਵੀ ਆਈਆਂ ਸਨ। ਕੁਝ ਮਾਮਲਿਆਂ ਵਿੱਚ ਤਾਂ ਔਰਤਾਂ ਦਾਜ-ਵਿਰੋਧੀ ਕਾਨੂੰਨ ਦਾ ਸਹਾਰਾ ਲੈ, ਆਪਣੇ ਪਤੀ ਤੇ ਉਸ ਦੇ ਪਰਿਵਾਰ ਉਪਰ ਝੂਠੇ ਦੋਸ਼ ਲਾ, ੳਨ੍ਹਾਂ ਨੂੰ ਫਸਾ ਦਿੰਦੀਆਂ ਹਨ।

ਬਲਾਤਕਾਰ ਦੀਆਂ ਘਟਨਾਵਾਂ : ਦਿੱਲੀ ਵਿੱਚ ਇੱਕ ਪਾਸੇ ਤਾਂ ਔਰਤਾਂ ਨਾਲ ਹੋ ਰਹੇ ਬਲਾਤਕਾਰ ਦੇ, ਪੁਲਿਸ ਪਾਸ ਦਰਜ ਹੋਣ ਵਾਲੇ ਮਾਮਲਿਆਂ ਦੀ ਰਫਤਾਰ ਵਿੱਚ ਤੇਜ਼ੀ ਨਾਲ ਵਾਧਾ ਹੁੰਦਾ ਜਾ ਰਿਹਾ ਹੈ ਤੇ ਦੂਜੇ ਹੀ ਪਾਸੇ ਇਨ੍ਹਾਂ ਹੀ ਮਾਮਲਿਆਂ ਨਾਲ ਸੰਬੰਧਤ ਮੁਕਦਮੇ ਜਦੋਂ ਅਦਾਲਤ ਵਿੱਚ ਪੁਜਦੇ ਹਨ ਤਾਂ ਤਕਰੀਬਨ 40 ਪ੍ਰਤੀਸ਼ਤ ਮਾਮਲਿਆਂ ਨੂੰ ਸਾਬਤ ਕਰਨਾ ਮੁਸ਼ਕਲ ਹੋ ਜਾਂਦਾ ਹੈ। ਬੀਤੇ ਕੁਝ ਹੀ ਸਮੇਂ ਵਿੱਚ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਫੋਰੈਂਸਿਕ ਰਿਪੋਰਟ ਰਾਹੀਂ ਦੋਸ਼ੀ ਬੇਕਸੂਰ ਸਾਬਤ ਹੋ ਗਏ ਸਨ। ਇਨ੍ਹਾਂ ਵਿਚੋਂ ਬਹੁਤੇ ਮਾਮਲੇ ਆਪਸੀ ਝਗੜੇ ਤੇ ਰੰਜਸ਼ ਨਾਲ ਸੰਬੰਧਤ ਦੱਸੇ ਗਏ।
----------
ਅਦਾਲਤ ਵਿੱਚ ਅੱਧੀ ਦਰਜਨ ਤੋਂ ਵੱਧ ਅਜਿਹੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਵਿੱਚ ਜਬਰਨ ਵਸੂਲੀ ਅਤੇ ਰੰਜਸ਼ ਦੇ ਉਦੇਸ਼ ਨਾਲ ਕਈ ਪਲੇਸਮੈਂਟ ਏਜੰਸੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਜੁੜੇ ਲੋਕੀਂ ਲੜਕੀਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਵਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਉਪਰ ਬਲਾਤਕਾਰ ਕਰਨ ਦਾ ਦੋਸ਼ ਲਗਵਾਇਆ ਜਾਂਦਾ ਹੈ। ਸੌਦਾ ਹੋ ਜਾਣ 'ਤੇ ਥਾਣੇ ਵਿੱਚ ਹੀ ਮਾਮਲਾ ਰਫਾ-ਦਫਾ ਹੋ ਜਾਂਦਾ ਹੈ।
----------
ਅਦਾਲਤ ਨੇ ਇਨ੍ਹਾਂ ਤੱਥਾਂ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਨੂੰ ਸਲਾਹ ਦਿੱਤੀ ਹੈ ਕਿ ਉਹ ਬਲਾਤਕਾਰ ਦਾ ਮੁਕਦਮਾ ਦਰਜ ਹੋਣ ਤੇ ਦੋਸ਼ੀ ਦੀ ਗ੍ਰਿਫਤਾਰੀ ਕਰਨ ਤੋਂ ਪਹਿਲਾਂ ਸਹੀ ਤਰੀਕੇ ਨਾਲ ਜਾਂਚ ਕਰਨ ਦੀ ਕੋਸ਼ਿਸ਼ ਕਰੇ। ਖਾਸ ਤੌਰ 'ਤੇ ਵਿਵਾਦਤ ਬਲਾਤਕਾਰ ਦੇ ਮਾਮਲਿਆਂ ਵਿੱਚ ਸਾਵਧਾਨੀ ਵਰਤੇ। ਰੋਹਿਣੀ (ਦਿੱਲੀ) ਸਥਿਤ ਅਦਾਲਤ ਦੇ ਇੱਕ ਐਡੀਸ਼ਨਲ ਸੈਸ਼ਨ ਜੱਜ ਨੇ ਅਪਣੇ ਇਸ ਆਦੇਸ਼ ਵਿੱਚ ਸੁਪਰੀਮ ਕੋਰਟ ਦੇ ਇੱਕ ਆਦੇਸ਼ ਦਾ ਹਵਾਲਾ ਵੀ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜਦੋਂ ਕਿਸੇ ਬਲਾਤਕਾਰ ਦੇ ਮਾਮਲੇ ਵਿੱਚ ਜਾਇਦਾਦ, ਦੀਵਾਨੀ ਜਾਂ ਆਪਸੀ ਵਿਵਾਦ ਆਦਿ ਦਾ ਮਾਮਲਾ ਸਾਹਮਣੇ ਆਏ ਤਾਂ ਪਹਿਲਾਂ ਉਸੇ ਦ੍ਰਿਸ਼ਟੀਕੋਣ ਤੋਂ ਮਾਮਲੇ ਦੀ ਜਾਂਚ ਕੀਤੀ ਜਾਏ, ਕਿਉਂਕਿ ਵੇਖਣ ਵਿੱਚ ਆ ਰਿਹਾ ਹੈ ਕਿ ਇਨ੍ਹਾਂ ਮਾਮਲਿਆਂ ਵਿੱਚ ਔਰਤਾਂ ਵਿਰੁੱਧ ਘਰੇਲੂ ਹਿੰਸਾ ਨੂੰ ਰੋਕਣ ਲਈ ਲਾਗੂ ਕੀਤੇ ਗਏ ਕਾਨੂੰਨ ਦੀ ਦੁਰਵਰਤੋਂ ਹੋ ਰਹੀ ਹੈ।

ਅਦਾਲਤ ਨੇ ਹੋਰ ਕਿਹਾ ਕਿ ਬੀਤੇ ਕੁਝ ਸਮੇਂ ਤੋਂ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਇਸ ਕਾਨੂੰਨ ਦੀ ਦੁਰਵਰਤੋਂ ਕੀਤੀ ਗਈ ਹੋਈ ਸੀ। ਅਦਾਲਤ ਨੇ ਇਹ ਟਿੱਪਣੀ ਇੱਕ ਦੋਸ਼ੀ ਵਿਰੁੱਧ ਸਬੂਤ ਨਾ ਮਿਲਣ 'ਤੇ ਉਸ ਨੂੰ ਜ਼ਮਾਨਤ ਦਿੰਦਿਆਂ ਕੀਤੀ। ਇਥੇ ਇਹ ਗੱਲ ਵਰਨਣਯੋਗ ਹੈ ਕਿ ਇਸ ਤੋਂ ਪਹਿਲਾਂ ਅਦਾਲਤ ਕੁਝ ਅਜਿਹੀਆਂ ਔਰਤਾਂ ਵਿਰੁੱਧ ਕਾਰਵਾਈ ਕੀਤੇ ਜਾਣ ਦਾ ਆਦੇਸ਼ ਦੇ ਚੁੱਕੀ ਸੀ, ਜਿਨ੍ਹਾਂ ਨੇ ਬਲਾਤਕਾਰ ਦਾ ਫਰਜ਼ੀ ਮੁਕਦਮਾ ਦਰਜ ਕਰਵਾਇਆ ਸੀ।
----------
ਬੀਤੇ ਕੁਝ ਹੀ ਸਮੇਂ ਵਿੱਚ ਬਲਾਤਕਾਰ ਦੇ ਅਜਿਹੇ ਕਈ ਮਾਮਲੇ ਸਾਹਮਣੇ ਆਏ ਹਨ, ਜਿਨ੍ਹਾਂ ਵਿੱਚ ਫੋਰੈਂਸਿਕ ਰਿਪੋਰਟ ਰਾਹੀਂ ਦੋਸ਼ੀ ਬੇਕਸੂਰ ਸਾਬਤ ਹੋ ਗਏ ਸਨ। ਇਨ੍ਹਾਂ ਵਿਚੋਂ ਬਹੁਤੇ ਮਾਮਲੇ ਆਪਸੀ ਝਗੜੇ ਤੇ ਰੰਜਸ਼ ਨਾਲ ਸੰਬੰਧਤ ਦੱਸੇ ਗਏ।
----------
ਦੱਸਿਆ ਜਾਂਦਾ ਹੈ ਕਿ ਅਦਾਲਤ ਵਿੱਚ ਅੱਧੀ ਦਰਜਨ ਤੋਂ ਵੱਧ ਅਜਿਹੇ ਮਾਮਲਿਆਂ ਦਾ ਖੁਲਾਸਾ ਹੋਇਆ ਹੈ, ਜਿਨ੍ਹਾਂ ਵਿੱਚ ਜਬਰਨ ਵਸੂਲੀ ਅਤੇ ਰੰਜਸ਼ ਦੇ ਉਦੇਸ਼ ਨਾਲ ਕਈ ਪਲੇਸਮੈਂਟ ਏਜੰਸੀਆਂ ਅਤੇ ਗੈਰ-ਸਰਕਾਰੀ ਸੰਗਠਨਾਂ ਨਾਲ ਜੁੜੇ ਲੋਕੀਂ ਲੜਕੀਆਂ ਦੀ ਵਰਤੋਂ ਕਰ ਰਹੇ ਹਨ। ਉਨ੍ਹਾਂ ਵਲੋਂ ਨਾਮਜ਼ਦ ਕੀਤੇ ਗਏ ਵਿਅਕਤੀ ਉਪਰ ਬਲਾਤਕਾਰ ਕਰਨ ਦਾ ਦੋਸ਼ ਲਗਵਾਇਆ ਜਾਂਦਾ ਹੈ। ਸੌਦਾ ਹੋ ਜਾਣ 'ਤੇ ਥਾਣੇ ਵਿੱਚ ਹੀ ਮਾਮਲਾ ਰਫਾ-ਦਫਾ ਹੋ ਜਾਂਦਾ ਹੈ। ਜੇ ਸੌਦਾ ਸਿਰੇ ਨਾ ਚੜ੍ਹੇ ਤਾਂ ਬਲਾਤਕਾਰ ਦੀ ਐੱਫ.ਆਈ.ਆਰ. ਦਰਜ ਕਰਵਾ ਦਿੱਤੀ ਜਾਂਦੀ ਹੈ।

ਇਨ੍ਹਾਂ ਹੀ ਦਿਨਾਂ ਵਿੱਚ ਇਹ ਗੱਲ ਵੀ ਸਾਹਮਣੇ ਆਈ ਕਿ ਇਕੋ ਔਰਤ ਨੇ ਦਿੱਲੀ ਦੇ ਇਕੋ ਥਾਣੇ ਵਿੱਚ ਛੇੜ-ਛਾੜ, ਬਲਾਤਕਾਰ ਅਤੇ ਹੱਤਿਆ ਦੀ ਕੋਸ਼ਿਸ਼ ਦੇ ਦਸ ਮਾਮਲੇ ਦਰਜ ਕਰਵਾਏ। ਇਸ ਗੱਲ ਨੂੰ ਵੇਖ ਕੇ ਭਾਵੇਂ ਦਿੱਲੀ ਦੀ ਪੁਲਿਸ ਨੂੰ ਕੋਈ ਹੈਰਾਨੀ ਨਾ ਹੋਈ ਹੋਵੇ, ਪਰ ਇਹ ਮਾਮਲੇ ਸਾਹਮਣੇ ਆਉਣ 'ਤੇ ਅਦਾਲਤ ਵਲੋਂ ਜ਼ਰੂਰ ਹੈਰਾਨੀ ਪ੍ਰਗਟ ਕੀਤੀ ਗਈ। ਦੱਸਿਆ ਜਾਂਦਾ ਹੈ ਕਿ ਇੱਕ ਮਾਮਲੇ ਵਿੱਚ ਜ਼ਮਾਨਤ ਦੀ ਅਰਜ਼ੀ 'ਤੇ ਸੁਣਵਾਈ ਦੌਰਾਨ ਦੋਸ਼ੀ ਨੇ ਅਦਾਲਤ ਨੂੰ ਦੱਸਿਆ ਕਿ ਉਸ ਨੂੰ ਜਬਰਨ ਵਸੂਲੀ ਕਰਨ ਦਾ ਧੰਦਾ ਕਰਨ ਵਾਲੇ ਗਰੋਹ ਵਲੋਂ ਫਸਾਇਆ ਗਿਆ ਹੈ ਅਤੇ ਕਥਿਤ ਪੀੜਤ ਔਰਤ ਨੇ ਇਕੱਲੇ ਥਾਣੇ ਵਿੱਚ ਹੀ 10 ਲੋਕਾਂ ਦੇ ਵਿਰੁੱਧ ਇਸੇ ਤਰ੍ਹਾਂ ਦੇ ਮੁਕਦਮੇ ਦਰਜ ਕਰਵਾਏ ਹਨ। ਇਸ ਉਪਰ ਅਦਾਲਤ ਨੇ ਸੁਆਲ ਉਠਾਉਂਦਿਆਂ ਕਿਹਾ ਕਿ ਜੇ ਸ਼ਿਕਾਇਤ ਕਰਤਾ ਦੇ ਦੋਸ਼ ਠੀਕ ਹਨ ਤੇ ਬਲਾਤਕਾਰ ਦੀ ਸ਼ਿਕਾਇਤ ਕਰਨ ਵਾਲੀ ਔਰਤ ਜਬਰਨ ਵਸੂਲੀ ਕਰਨ ਵਾਲੇ ਗਰੋਹ ਨਾਲ ਜੁੜੀ ਹੋਈ ਹੈ ਤਾਂ ਇਹ ਬਹੁਤ ਹੀ ਗੰਭੀਰ ਮਾਮਲਾ ਹੈ। ਅਦਾਲਤ ਨੇ ਹੋਰ ਕਿਹਾ ਕਿ ਇਸ ਦੀ ਉਚ-ਪੱਧਰੀ ਜਾਂਚ ਕੀਤੀ ਜਾਣੀ ਬਹੁਤ ਜ਼ਰੂਰੀ ਹੈ।
----------
ਇੱਕ ਮਾਮਲੇ ਦੀ ਸੁਣਵਾਈ ਕਰਦਿਆਂ ਸੁਪਰੀਮ ਕੋਰਟ ਦੇ ਜੱਜਾਂ ਵਲੋਂ ਦਾਜ-ਵਿਰੋਧੀ ਕਾਨੂੰਨ ਦੀ ਵੱਡੇ ਪੈਮਾਨੇ 'ਤੇ ਹੋ ਰਹੀ ਦੁਰਵਰਤੋਂ ਬਾਰੇ ਇੱਕ ਫੈਸਲੇ ਵਿੱਚ ਕਿਹਾ ਗਿਆ ਹੈ ਕਿ ਪਹਿਲਾਂ ਗ੍ਰਿਫਤਾਰੀ, ਬਾਅਦ ਵਿੱਚ ਬਾਕੀ ਕਾਰਵਾਈ ਕਰਨ ਦਾ ਰਵੱਈਆ ਬਹੁਤ ਹੀ ਚਿੰਤਾਜਨਕ ਹੈ, ਜਿਸ ਉਪਰ ਕਾਬੂ ਪਾਇਆ ਜਾਣਾ ਚਾਹੀਦਾ ਹੈ।
----------
…ਅਤੇ ਅੰਤ ਵਿੱਚ : ਕੁਝ ਹੀ ਸਮਾਂ ਪਹਿਲਾਂ ਇੱਕ ਖ਼ਬਰ ਆਈ ਸੀ, ਜਿਸ ਵਿੱਚ ਦੱਸਿਆ ਗਿਆ ਸੀ ਕਿ ਬਰਤਾਨੀਆ ਦੀ ਇੱਕ ਕੰਪਨੀ 'ਸਲੇਟਰ ਐਂਡ ਗਾਰਡਨ' ਵਲੋਂ ਲਗਭਗ 2200 ਜੋੜਿਆਂ ਨਾਲ ਅਲੱਗ-ਅਲੱਗ ਮੁਲਾਕਾਤ ਕਰ ਉਨ੍ਹਾਂ ਦੇ ਨਿਜੀ ਜੀਵਨ ਬਾਰੇ ਗੱਲਬਾਤ ਕੀਤੀ ਗਈ। ਉਸ ਨੇ ਇਸ ਗੱਲਬਾਤ ਤੋਂ ਇਹ ਨਤੀਜਾ ਕੱਢਿਆ ਕਿ ਬਹੁਤੇ ਵਿਆਹਿਆਂ, ਭਾਵੇਂ ਉਹ ਇਸਤਰੀ ਹੈ ਜਾਂ ਪੁਰਸ਼, ਪਾਸ ਆਪਣੇ ਅਤੀਤ ਨਾਲ ਸੰਬੰਧਤ ਕੋਈ ਨਾ ਕੋਈ ਅਜਿਹਾ ਰਾਜ਼ ਜ਼ਰੂਰ ਹੁੰਦਾ ਹੈ, ਜੇ ਉਹ ਉਜਾਗਰ ਹੋ ਜਾਏ ਤਾਂ ਉਨ੍ਹਾਂ ਦਾ ਸ਼ਾਦੀਸ਼ੁਦਾ ਜੀਵਨ ਖਤਮ ਹੋ ਸਕਦਾ ਹੈ। ਕੰਪਨੀ ਵਲੋਂ ਆਪਣੀ ਸਰਵੇ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਕਿ 25 ਪ੍ਰਤੀਸ਼ਤ ਲੋਕਾਂ ਨੇ ਗੱਲਬਾਤ ਦੌਰਾਨ ਮੰਨਿਆ ਕਿ ਉਨ੍ਹਾਂ ਆਪਣੇ ਜੀਵਨ-ਸਾਥੀ ਤੋਂ ਕੁਝ ਨਾ ਕੁਝ ਜ਼ਰੂਰ ਛੁਪਾਇਆ ਹੈ। ਇਨ੍ਹਾਂ ਵਿਚੋਂ 42 ਪ੍ਰਤੀਸ਼ਤ ਲੋਕਾਂ ਨੂੰ ਵਿਸ਼ਵਾਸ ਹੈ ਕਿ ਉਹ ਕਦੀ ਵੀ ਪਕੜੇ ਨਹੀਂ ਜਾਣਗੇ, ਜਦਕਿ 26 ਪ੍ਰਤੀਸ਼ਤ ਨੂੰ ਡਰ ਹੈ ਕਿ ਜੇ ਉਨ੍ਹਾਂ ਦਾ ਰਾਜ਼ ਖੁੱਲ੍ਹ ਗਿਆ ਤਾਂ ਉਨ੍ਹਾਂ ਦੀ ਸ਼ਾਦੀ ਟੁੱਟ ਜਾਵੇਗੀ।

ਕੰਪਨੀ ਦੀ ਰਿਪੋਰਟ ਅਨੁਸਾਰ ਸਾਧਾਰਣ ਤੋਂ ਸਾਧਾਰਣ ਜੋੜੇ ਵਿੱਚ ਵੀ ਕੁਝ ਰਾਜ਼ ਅਜਿਹੇ ਜ਼ਰੂਰ ਹੁੰਦੇ ਹਨ, ਜੋ ਉਨ੍ਹਾਂ ਦੇ ਸ਼ਾਦੀ-ਸ਼ੁਦਾ ਜੀਵਨ ਨੂੰ ਪ੍ਰਭਾਵਤ ਕਰ ਸਕਦੇ ਹਨ। ਖੋਜੀ ਅਮਾਂਡਾ ਐੱਮ.ਸੀ.ਏ. ਲਿਸਟਰ ਅਨੁਸਾਰ ਛੋਟੇ-ਛੋਟੇ ਝਗੜੇ ਵੀ ਸ਼ਾਦੀ ਨੂੰ ਖਤਮ ਕਰ ਸਕਦੇ ਹਨ। ਉਨ੍ਹਾਂ ਪਾਸ ਆਉਣ ਵਾਲੇ ਵਧੇਰੇ ਜੋੜਿਆਂ ਦੀ ਸ਼ਾਦੀ-ਸ਼ੁਦਾ ਜ਼ਿੰਦਗੀ ਤਲਾਕ ਤੋਂ ਇੱਕ ਹਫਤਾ ਪਹਿਲਾਂ ਤਕ ਠੀਕ-ਠਾਕ ਚੱਲ ਰਹੀ ਸੀ ਕਿ ਅਚਾਨਕ ਹੀ ਕੋਈ ਇੱਕ ਰਾਜ਼ ਖੁੱਲ੍ਹ ਗਿਆ, ਜਿਸ ਨੇ ਉਨ੍ਹਾਂ ਦੇ ਸ਼ਾਦੀ-ਸ਼ੁਦਾ ਜੀਵਨ ਵਿੱਚ ਇੱਕ ਨਾ ਮਿਟਣ ਵਾਲੀ ਤਰੇੜ ਪੈਦਾ ਕਰ ਦਿੱਤੀ।

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.






Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 







MOST VISITED
YOU MAY LIKE

TOPIC CLOUD

TAGS CLOUD

ARCHIVE



Copyright © 2016-2017










NEWS LETTER