ਵਿਚਾਰ
ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂ
- ਡਾ. ਪਿਆਰਾ ਲਾਲ ਗਰਗ
ਖਸਰੇ ਤੇ ਜਰਮਨ ਮੀਜ਼ਲਜ਼ ਦਾ ਵਿਆਪਕ ਟੀਕਾਕਾਰਨ ਪ੍ਰੋਗਰਾਮ: ਤੱਥ ਤੇ ਹਕੀਕਤਾਂਪੰਜਾਬ ਸਰਕਾਰ ਦੇ ਸਿਹਤ ਵਿਭਾਗ ਨੇ ਅੱਜ-ਕੱਲ੍ਹ ਸਕੂਲਾਂ ਤੇ ਪਿੰਡਾਂ ਸ਼ਹਿਰਾਂ ਵਿੱਚ ਖਸਰੇ ਦੇ ਟੀਕਾਕਰਨ ਦੀ ਸਰਵ ਵਿਆਪਕ ਮੁਹਿੰਮ ਚਲਾਈ ਹੋਈ ਹੈ। ਸਰਕਾਰੀ ਦਸਤਾਵੇਜਾਂ ਅਨੁਸਾਰ ਇਸ ਮੁਹਿੰਮ ਵਿੱਚ ਸੰਸਾਰ ਸਿਹਤ ਸੰਸਥਾ, ਯੁਨੀਸੈਫ, ਰੈੱਡ ਕਰਾਸ, ਬਿਲ ਤੇ ਮਿਲਿੰਦਾ ਗੇਟ ਫਾਊਂਡੇਸ਼ਨ ਅਤੇ ਹੋਰ ਕਈ ਰਾਸ਼ਟਰੀ ਤੇ ਅੰਤਰ-ਰਾਸ਼ਟਰੀ ਏਜੰਸੀਆਂ ਦਾ ਸਹਿਯੋਗ ਹੈ। ਇਹ ਐੱਮ ਆਰ (ਮੀਜ਼ਲਜ਼ ਤੇ ਰੁਬੈਲਾ) ਦਾ ਟੀਕਾ 9 ਮਹੀਨਿਆਂ ਦੀ ਉਮਰ ਤੋਂ ਲੈ ਕੇ 15 ਸਾਲ ਦੀ ਉਮਰ ਤੱਕ ਦੇ ਹਰ ਬੱਚੇ ਨੂੰ ਲਗਾਉਣਾ ਹੈ। ਇਸ ਮੁਹਿੰਮ ਤਹਿਤ ਕਰੀਬ 75 ਲੱਖ ਬੱਚਿਆਂ ਨੂੰ ਇਹ ਐੱਮ ਆਰ ਵੈਕਸੀਨ ਲਾਉਣ ਦਾ ਪ੍ਰੋਗਰਾਮ ਹੈ! ਇਹ ਪ੍ਰੋਗਰਾਮ ਪੂਰੇ ਦੇਸ਼ ਵਿੱਚ ਬਦੇਸ਼ੀ ਏਜੰਸੀਆਂ ਦੀ ਸਹਾਇਤਾ ਅਤੇ ਸਲਾਹ ਨਾਲ ਚਲਾਇਆ ਜਾ ਰਿਹਾ ਹੈ।

ਸ਼ੁਰੂ ਵਿੱਚ ਇਸ ਟੀਕਾਕਰਨ ਮੁਹਿੰਮ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਵਿੱਚ ਅਜਿਹਾ ਕੂੜ ਤੇ ਦਿਲ ਦਹਿਲਾ ਦੇਣ ਵਾਲਾ ਪ੍ਰਚਾਰ ਕਰ ਦਿੱਤਾ ਗਿਆ ਕਿ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਹੋ ਗਿਆ। ਸੋਸ਼ਲ ਮੀਡੀਆ ਵਿੱਚ ਅਫਵਾਹਾਂ ਦਾ ਦੌਰ ਗਰਮ ਹੈ। ਤੱਥਹੀਣ ਕੂੜ ਪ੍ਰਚਾਰ ਬਿਨਾਂ ਕਿਸੇ ਵਿਗਿਆਨਕ ਸਬੂਤਾਂ ਦੇ ਜਾਂ ਬਿਨਾਂ ਤਕਨੀਕੀ ਰਿਪੋਰਟਾਂ ਦੇ ਆਧਾਰ ਦੇ ਕਈ ਪੋਸਟਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਇਹ ਟੀਕਾ ਨਪੁੰਸਕਤਾ ਪੈਦਾ ਕਰ ਦੇਵੇਗਾ। ਇਸ ਨਾਲ ਬਾਂਝਪਨ ਜਾਂ ਮਰਦ ਸਟਰਲਿਟੀ ਹੋ ਜਾਵੇਗੀ! ਇਹ ਬੱਚਿਆਂ ਨੂੰ ਮੌਤ ਦੇ ਮੂੰਹ ਧੱਕ ਦੇਵੇਗਾ। ਇਸ ਸਰਾ ਸਰ ਝੂਠ ਪ੍ਰਚਾਰ ਨੇ, ਜੋ ਕਿ ਡਾ. ਅਮਰ ਸਿੰਘ ਅਜ਼ਾਦ ਦੇ ਨਾਮ ਹੇਠ ਪੋਸਟਾਂ ਪਾ ਕੇ ਕੀਤਾ ਗਿਆ ਤੇ ਜਿਸ ਨੂੰ ਉਨ੍ਹਾਂ ਨੇ ਰੱਦ ਵੀ ਨਹੀਂ ਕੀਤਾ, ਲੋਕਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕੀਤਾ ਹੈ ਅਤੇ ਉਨ੍ਹਾਂ ਦੇ ਦਿਲ ਦਹਿਲਾ ਕੇ ਸਨਸਨੀਖੇਜ ਤਰੀਕੇ ਨਾਲ ਸਹਿਮ ਪੈਦਾ ਕਰ ਦਿੱਤਾ ਹੈ।

ਕਈਆਂ ਨੇ ਇਸ ਨੂੰ ਫਿਰਕੂ ਰੰਗਤ ਦੇਣ ਵਾਸਤੇ ਮੁਹਿੰਮ ਚਲਾ ਦਿੱਤੀ ਕਿ ਇਹ ਤਾਂ ਸਿਖਾਂ ਦੀ ਨਸਲਕੁਸ਼ੀ ਵਾਸਤੇ ਹੈ ਜਦ ਕਿ ਦੂਜੇ ਕਹਿ ਰਹੇ ਹਨ ਕਿ ਇਹ ਮੁਸਲਮਾਨਾਂ ਦੀ ਨਸਲਕੁਸ਼ੀ ਦਾ ਪ੍ਰੋਗਰਾਮ ਹੈ। ਹੁਣ ਕਈ ਦਲਿਤਾਂ ਨੇ ਵੀ ਇਹ ਕਹਿਣਾ ਸੁਰੂ ਕਰ ਦਿੱਤਾ ਕਿ ਇਹ ਦਲਿਤਾਂ ਦੀ ਨਸਲਕੁਸ਼ੀ ਹੈ। ਇਹ ਵੀ ਕਿਹਾ ਜਾ ਹੈ ਕਿ ਇਸ ਟੀਕੇ ਨਾਲ ਮੌਤ ਦਾ ਅਤੇ ਹੋਰ ਗੰਭੀਰ ਕਿਸਮ ਦੇ ਰਿਐਕਸ਼ਨ ਹੋਣ ਦਾ ਬਹੁਤ ਵੱਡਾ ਖਤਰਾ ਹੈ।

ਪਿਛਲੀ ਸਰਕਾਰ ਵੱਲੋਂ ਜਦ 2015  ਵਿੱਚ ਪੋਲੀਓ ਦੀਆਂ ਬੂੰਦਾਂ ਦੇ ਨਾਲ-ਨਾਲ ਪੋਲੀਓ ਦਾ ਟੀਕਾ ਸ਼ੁਰੂ ਕੀਤਾ ਗਿਆ, ਜਿਹੜਾ ਕਿ 15 ਲੱਖ ਬੱਚਿਆਂ ਵਿੱਚੋਂ ਇੱਕ ਨੂੰ ਪੋਲੀਓ ਦੀਆਂ ਬੂੰਦਾਂ ਕਾਰਨ ਹੋਣ ਵਾਲੀ ਪੋਲੀਓ ਨੂੰ ਰੋਕਨ ਵਾਸਤੇ ਸੀ ਅਤੇ ਜਿਸ ਦੀ ਕੀਮਤ ਕਰੀਬ 127 ਰੁਪਏ ਸੀ ਅਤੇ ਕਰੋੜਾਂ ਰੁਪਏ ਦਾ ਫਾਲਤੂ ਖਰਚਾ ਸੀ ਯਾਨੀ ਇੱਕ ਬੱਚੇ ਨੂੰ ਬਚਾਉਣ ਵਾਸਤੇ 15 ਲੱਖ ਨੂੰ ਕਰੀਬ 20 ਕਰੋੜ ਦੇ ਖਰਚੇ ਨਾਲ ਟੀਕੇ ਲਗਾਏ ਗਏ, ਉਦੋਂ ਇਹ ਚੁੱਪ ਰਹੇ।

ਇਸੇ ਤਰ੍ਹਾਂ ਐੱਚ.ਪੀ.ਵੀ. ਟੀਕਾਕਰਨ ਕੀਤਾ ਗਿਆ ਸੀ ਮਾਨਸਾ ਜ਼ਿਲ੍ਹੇ ਦੀਆਂ ਸਰਕਾਰੀ ਸਕੂਲਾਂ ਦੀਆਂ 9-13 ਸਾਲ ਦੀਆਂ ਅਣਭੋਲ ਬਾਲੜੀਆਂ ਦਾ, ਜਿਸ ਦਾ ਪ੍ਰਭਾਵ 30-40 ਸਾਲ ਬਾਅਦ ਵੇਖਣ ਨੂੰ ਮਿਲਣ ਦੀ ਸੰਭਾਵਨਾ ਸੀ, ਉਸ ਵਕਤ ਵੀ ਇਹ ਪਹਿਲਵਾਨ ਚੁੱਪ ਰਹੇ। ਇਨ੍ਹਾਂ ਦੀ ਉਸ ਵਕਤ ਦੀ ਚੁੱਪ ਅਤੇ ਹੁਣ ਦਾ ਝੂਠਾ ਤੇ ਗੁੰਮਰਾਹਕੁਨ ਵਾ-ਵੇਲਾ ਵੀ ਬਹੁਤ ਕੁੱਝ ਕਹਿੰਦਾ ਹੈ।
------------
ਸ਼ੁਰੂ ਵਿੱਚ ਇਸ ਟੀਕਾਕਰਨ ਮੁਹਿੰਮ ਦੇ ਵਿਰੋਧ ਵਿੱਚ ਸੋਸ਼ਲ ਮੀਡੀਆ ਵਿੱਚ ਅਜਿਹਾ ਕੂੜ ਤੇ ਦਿਲ ਦਹਿਲਾ ਦੇਣ ਵਾਲਾ ਪ੍ਰਚਾਰ ਕਰ ਦਿੱਤਾ ਗਿਆ ਕਿ ਲੋਕਾਂ ਦੇ ਮਨਾਂ ਵਿੱਚ ਸਹਿਮ ਪੈਦਾ ਹੋ ਗਿਆ। ਸੋਸ਼ਲ ਮੀਡੀਆ ਵਿੱਚ ਅਫਵਾਹਾਂ ਦਾ ਦੌਰ ਗਰਮ ਹੈ। ਤੱਥਹੀਣ ਕੂੜ ਪ੍ਰਚਾਰ ਬਿਨਾਂ ਕਿਸੇ ਵਿਗਿਆਨਕ ਸਬੂਤਾਂ ਦੇ ਜਾਂ ਬਿਨਾਂ ਤਕਨੀਕੀ ਰਿਪੋਰਟਾਂ ਦੇ ਆਧਾਰ ਦੇ ਕਈ ਪੋਸਟਾਂ ਵਿੱਚ ਇਹ ਕਹਿ ਦਿੱਤਾ ਗਿਆ ਕਿ ਇਹ ਟੀਕਾ ਨਪੁੰਸਕਤਾ ਪੈਦਾ ਕਰ ਦੇਵੇਗਾ। 
-----------
ਉਧਰ ਪੰਜਾਬ ਸਰਕਾਰ ਦੇ ਸਿਹਤ ਵਿਭਾਗ ਦਾ ਬਾਬਾ ਆਦਮ ਵੀ ਨਿਰਾਲਾ ਹੀ ਹੈ। ਪੰਜਾਬ ਸਰਕਾਰ ਨੇ ਐੱਮ ਆਰ ਵੈਕਸੀਨੇਸ਼ਨ ਬਾਬਤ ਉਠਾਏ ਗਏ ਕਾਨੂੰਨੀ ਨੁਕਤਿਆਂ ਦਾ ਤੇ ਪ੍ਰਗਟ ਕੀਤੇ ਗਏ ਤੌਖਲਿਆਂ ਦਾ ਵਿਗਿਆਨਕ ਅਤੇ ਦਸਤਾਵੇਜੀ ਤੱਥਾਂ ਦੇ ਆਧਾਰ 'ਤੇ ਜਵਾਬ ਦੇਣ ਦੀ ਥਾਂ ਅਤੇ ਲੋੜੀਂਦੀਆਂ ਸੋਧਾਂ ਕਰਨ ਦੀ ਬਜਾਏ ਪ੍ਰਚਾਰ ਸ਼ੁਰੂ ਕਰ ਦਿੱਤਾ ਕਿ ਇਹ ਟੀਕਾ ਤਾਂ "ਸੀ ਆਰ ਐੱਸ" ਯਾਨੀ ਜੰਮਾਂਦਰੂ ਰੂਬੈਲਾ ਸਿੰਡਰੋਮ ਜਿਸ ਵਿੱਚ ਤੰਤੂ ਬੋਲਾਪਨ, ਅੰਨ੍ਹਾਪਨ ਅਤੇ ਦਿਲ ਦੇ ਜੰਮਾਂਦਰੂ ਰੋਗਾਂ ਦੇ ਖਤਰੇ ਨੂੰ ਰੋਕਣ ਵਾਸਤੇ ਹੈ।

ਲੰਬੇ ਸਮੇਂ ਤੋਂ ਸਰਬ ਵਿਆਪਕ ਟੀਕਾਕਰਨ ਪ੍ਰੋਗਰਾਮ ਤਹਿਤ ਲੱਗ ਰਹੇ ਖਸਰੇ ਦੇ ਟੀਕੇ ਦੇ ਪ੍ਰਭਾਵ, ਖਸਰੇ ਦੀ ਰੋਕਥਾਮ ਵਾਸਤੇ ਅਸਰਦਾਰ ਨਾ ਰਹਿਣ ਬਾਬਤ ਵੀ ਕੋਈ ਵਿਗਿਆਨਕ ਤੱਥ ਜਾਂ ਅਧਿਐਨ ਪੇਸ਼ ਨਹੀਂ ਕੀਤਾ! ਜੇ ਇਹ ਪ੍ਰਭਾਵਹੀਣ ਸੀ ਤਾਂ ਐਨੇ ਲੰਮੇਂ ਸਮੇਂ ਤੱਕ ਐਨਾ ਵਿੱਤ ਅਤੇ ਸਰੋਤ ਖਰਚ ਕਰਕੇ ਚਲਾਏ ਪ੍ਰਗੋਰਾਮ ਦੀ ਕੋਈ ਨਜ਼ਰਸਾਨੀ ਬਾਬਤ ਵੀ ਵਿਭਾਗ ਚੁੱਪ ਹੈ! ਜੇ ਦਹਾਕਿਆਂ ਤੋਂ ਸਰਕਾਰ ਵੱਲੋਂ ਲਗਾਇਆ ਖਸਰੇ ਦਾ ਪਹਿਲਾ ਟੀਕਾ ਪ੍ਰਭਾਵਹੀਨ ਹੋ ਗਿਆ ਤਾਂ ਹੁਣ ਇਹ ਨਵੇਂ ਐੱਮ ਆਰ ਕਿਵੇਂ ਪ੍ਰਭਾਵਹੀਨ ਨਹੀਂ ਹੋਣਗੇ, ਇਸ ਪ੍ਰਸ਼ਨ ਦਾ ਵੀ ਕੋਈ ਜਵਾਬ ਨਹੀਂ!

ਹੁਣ ਇਸ ਮੁਹਿੰਮ ਤਹਿਤ ਇਕੱਲਾ ਰੁਬੈਲਾ ਦਾ ਟੀਕਾ ਲਗਾਉਣ ਦੀ ਥਾਂ ਇਹ ਐੱਮ ਆਰ ਵੈਕਸੀਨ ਸਾਰਿਆਂ ਨੂੰ ਵਿਸ਼ੇਸ਼ ਕਰਕੇ ਦੋ ਸਾਲ ਤੋਂ 15 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਵੀ ਕਿਉਂ, ਜਦ ਕਿ ਉਨ੍ਹਾਂ ਨੂੰ ਖਸਰੇ ਦਾ ਟੀਕਾ ਤਾਂ ਪਹਿਲਾਂ ਹੀ ਲੱਗ ਚੁੱਕਿਆ ਹੈ ਅਤੇ ਅੱਠ ਸਾਲ ਦੀ ਉਮਰ ਤੱਕ ਵਾਲਿਆਂ ਨੂੰ ਤਾਂ ਦੋ ਖੁਰਾਕਾਂ ਵੀ ਲੱਗ ਚੁੱਕੀਆਂ ਹਨ?

ਕੀ ਸਰਕਾਰ ਦੇ ਅੰਕੜੇ ਜੋ ਦਰਸਾਉਂਦੇ ਹਨ ਕਿ ਉਨ੍ਹਾਂ ਦੀ ਟੀਕਾਕਰਨ ਮੁਹਿੰਮ ਵਿੱਚ ਸਫਲਤਾ 115% ਤੱਕ ਵੀ ਪਹੁੰਚੀ ਰਹੀ ਹੈ, ਗਲਤ ਹਨ? ਸਰਕਾਰ ਵੱਲੋਂ ਇਹ ਵੀ ਨਹੀਂ ਦੱਸਿਆ ਜਾ ਰਿਹਾ ਕਿ ਇਸ ਟੀਕੇ ਦੇ ਬੁਰੇ ਪ੍ਰਭਾਵ ਕੀ ਹਨ! ਸਰਕਾਰ ਇਹ ਵੀ ਨਹੀਂ ਦੱਸਦੀ ਕਿ ਇਹ ਟੀਕਾ ਬਹੁਤ ਹੀ ਨੀਵੇਂ ਤਾਪਮਾਨ 'ਤੇ ਰੱਖਣਾ ਜ਼ਰੂਰੀ ਹੈ, ਨਹੀਂ ਤਾਂ ਇਸ ਦਾ ਪ੍ਰਭਾਵ ਘੱਟਣਾ, ਖਤਮ ਹੋਣਾ ਤੇ ਨੁਕਸਾਨਦਾਇਕ ਹੋਣਾ ਆਮ ਹੈ। ਇਸ ਜਾਣਕਾਰੀ ਦੀ ਅਣਹੋਂਦ ਵਿੱਚ ਟੀਕਾ ਲਗਵਾਉਣ ਵੇਲੇ ਮਾਪੇ, ਅਧਿਆਪਕ ਤੇ ਵੱਡੇ ਬੱਚੇ ਇਸ ਤੱਥ ਨੂੰ ਟੀਕਾ ਲਗਵਾਉਣ ਤੋਂ ਪਹਿਲਾਂ ਸੁਨਿਸਚਿਤ ਹੀ ਨਹੀਂ ਕਰ ਸਕਦੇ ਕਿ ਟੀਕਾ ਸਹੀ ਤਾਪਮਾਨ 'ਤੇ ਹੈ ਜਾ ਨਹੀਂ! ਇਹ ਟੀਕਾਕਰਨ ਮਈ ਮਹੀਨੇ ਜੇਠ ਦੀ ਤਪਦੀ ਗਰਮੀ ਵਿੱਚ ਲਾਉਣ ਦੀ ਕੀ ਲੋੜ, ਕੀ ਗਲਤ ਸਲਾਹ ਜਾਂ ਕੀ ਮਜਬੂਰੀ ਹੈ?

ਇਸ ਦੇ ਵਿਪਰੀਤ ਇਹ ਵੀ ਉਨਾ ਵੱਡਾ ਸੱਚ ਹੈ ਕਿ ਸਰਕਾਰ ਦੀ ਮੁਹਿੰਮ ਉਪਰ ਤਕਨੀਕੀ ਇਤਰਾਜ ਕਰਨ ਵਾਲੇ ਜਿਹੜੇ ਅੰਕੜੇ ਦੇ ਰਹੇ ਹਨ ਉਹ ਅੰਕੜੇ ਤਾਂ ਇਸ ਐੱਮ ਆਰ ਟੀਕੇ ਦੇ ਹੈ ਹੀ ਨਹੀਂ! ਉਹ ਤਾਂ ਇੱਕ ਹੋਰ ਟੀਕੇ ਐੱਮ ਐੱਮ ਆਰ (ਮੀਜ਼ਲਜ਼, ਮੰਪਸ ਤੇ ਰੁਬੈਲਾ) ਦੇ ਹਨ ਜੋ ਕਿ ਸਰਕਾਰ ਦੇ ਸਰਬ ਵਿਆਪਕ ਟੀਕਾਕਰਨ ਦਾ ਤਾਂ ਹਿੱਸਾ ਹੀ ਨਹੀਂ ਸੀ। ਇਹ ਕਹਿਣਾ ਵੀ ਸਹੀ ਨਹੀਂ ਕਿ ਜਿਨ੍ਹਾਂ ਨੂੰ ਹੁਣ ਐੱਮ ਆਰ ਟੀਕਾ ਲਗਾਇਆ ਜਾ ਰਿਹਾ ਹੈ, ਉਨ੍ਹਾਂ ਸਭ ਨੂੰ ਮੀਜ਼ਲਜ਼ ਦੇ ਟੀਕੇ ਦੀਆਂ ਦੋ ਖੁਰਾਕਾਂ ਮਿਲ ਚੁੱਕੀਆਂ ਹਨ। ਇਨ੍ਹਾਂ ਅਲੋਚਕਾਂ ਵੱਲੋਂ ਹੋਰ ਬਹੁਤ ਸਾਰੇ ਉਹ ਸਵਾਲ ਖੜ੍ਹੇ ਕੀਤੇ ਗਏ ਹਨ, ਜਿਹੜੇ ਬਹੁਤੇ ਵਿਸ਼ੇ ਤੋਂ ਹੱਟ ਕੇ ਇਧਰ-ਉਧਰ ਦੇ ਹੀ ਹਨ। ਇਨ੍ਹਾਂ ਅਲੋਚਕਾਂ ਦੇ ਟੀਕੇ ਸਬੰਧੀ ਕੇਵਲ ਇੱਕ ਪ੍ਰਸ਼ਨ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਸਾਰੇ ਮਾਪਿਆਂ, ਅਧਿਆਪਕਾਂ ਤੇ ਵੱਡੇ ਬੱਚਿਆਂ ਨੂੰ ਇਸ ਟੀਕੇ ਬਾਬਤ ਪੂਰੀ ਸੂਚਨਾ ਦੇ ਕੇ ਸਹਿਮਤੀ ਲੈਣੀ ਬਣਦੀ ਹੈ ਤੇ ਸਹਿਮਤੀ ਤੋਂ ਬਾਅਦ ਹੀ ਟੀਕੇ ਲਾਉਣੇ ਬਣਦੇ ਹਨ।
------------
ਵੱਡਾ ਸੱਚ ਇਹ ਹੈ ਕਿ ਸਰਕਾਰ ਦੀ ਮੁਹਿੰਮ ਉਪਰ ਤਕਨੀਕੀ ਇਤਰਾਜ ਕਰਨ ਵਾਲੇ ਜਿਹੜੇ ਅੰਕੜੇ ਦੇ ਰਹੇ ਹਨ ਉਹ ਅੰਕੜੇ ਤਾਂ ਇਸ ਐੱਮ ਆਰ ਟੀਕੇ ਦੇ ਹੈ ਹੀ ਨਹੀਂ! ਉਹ ਤਾਂ ਇੱਕ ਹੋਰ ਟੀਕੇ ਐੱਮ ਐੱਮ ਆਰ (ਮੀਜ਼ਲਜ਼, ਮੰਪਸ ਤੇ ਰੁਬੈਲਾ) ਦੇ ਹਨ ਜੋ ਕਿ ਸਰਕਾਰ ਦੇ ਸਰਬ ਵਿਆਪਕ ਟੀਕਾਕਰਨ ਦਾ ਤਾਂ ਹਿੱਸਾ ਹੀ ਨਹੀਂ ਸੀ। 
-----------
ਪਰ ਸਰਕਾਰ ਤੇ ਸਿਹਤ ਵਿਭਾਗ ਨੇ ਇਸ ਕੂੜ ਪ੍ਰਚਾਰ ਦੇ ਵਿਰੁੱਧ ਸਹੀ ਪੈਂਤਰਾ ਲੈ ਕੇ ਝੂਠ ਉਜਾਗਰ ਕਰਨ ਦੀ ਬਜਾਏ ਡਾ. ਆਜਾਦ ਵਿਰੁੱਧ ਫੋਜ਼ਦਾਰੀ ਕੇਸ ਦਰਜ ਕਰਕੇ ਇਸ ਕੂੜ ਪ੍ਰਚਾਰ ਨੂੰ ਹਵਾ ਦੇ ਦਿੱਤੀ ਹੈ। ਤਕਨੀਕੀ ਵਿਸ਼ਿਆਂ ਉਪਰ ਮਾਹਰਾਂ ਵੱਲੋਂ ਚੁੱਕੇ ਸਵਾਲਾਂ ਕਾਰਨ ਉਨ੍ਹਾਂ ਦਾ ਮੂੰਹ ਬੰਦ ਕਰਨ ਵਾਸਤੇ ਫੋਜਦਾਰੀ ਕੇਸ ਰਜਿਸਟਰ ਕਰਕੇ ਲੋਕਾਂ ਦੇ ਬੋਲਣ ਦੀ ਆਜ਼ਾਦੀ ਦੇ ਮੂਲ ਅਧਿਕਾਰ 'ਤੇ ਛਾਪਾ ਸਰਾਸਰ ਗਲਤ ਹੈ। ਡਾ. ਅਜ਼ਾਦ ਵੱਲੋਂ ਉਠਾਏ ਨੁਕਤਿਆਂ ਦਾ ਜਵਾਬ ਦੇਣਾ ਅਤੇ ਕੁੱਝ ਮਾਮਲਿਆਂ ਵਿੱਚ ਸੋਧ ਕਰ ਲੈਣਾ ਕੋਈ ਔਖਾ ਕੰਮ ਨਹੀਂ, ਪਰ ਲੱਗਦਾ ਹੈ ਸਰਕਾਰ ਕੋਲ ਵੀ ਬੁੱਧੀ, ਜਮਹੂਰੀਅਤ ਅਤੇ ਕਾਨੂੰਨ ਦੇ ਰਾਜ ਦਾ ਕਾਲ ਪੈ ਗਿਆ ਤੇ ਸਰਕਾਰ ਨੇ ਗਲਤ ਰਸਤਾ ਚੁਣ ਲਿਆ।

ਸਰਕਾਰ ਨੂੰ ਚਾਹੀਦਾ ਸੀ ਕਿ ਲੋਕਾਂ ਵਿੱਚ ਕੂੜ ਪ੍ਰਚਾਰ ਨਾਲ ਪੈਦਾ ਕੀਤੇ ਨਸਲਕੁਸ਼ੀ ਦੇ ਤੌਖਲਿਆਂ ਦਾ ਤੇ ਮੌਤਾਂ ਦੇ ਡਰ ਦਾ, ਪੂਰੀ ਸੂਚਨਾ ਨਾਲ ਸਹਿਮਤੀ ਲੈਣ ਦੇ ਅਸੂਲ ਦਾ ਪਾਲਨ ਕਰਦੇ ਹੋਏ, ਤਕਨੀਕੀ ਇਤਰਾਜ਼ਾਂ ਜਾਂ ਪ੍ਰੇਖਣਾਂ ਦਾ ਸਹੀ ਸਟੀਕ ਉੱਤਰ ਦਿੰਦੇ ਹੋਏ, ਲੋੜੀਂਦੀਆਂ ਸੋਧਾਂ ਕਰਦੇ ਹੋਏ ਲੋਕਾਂ ਵਿੱਚ ਭਰੋਸਾ ਪੈਦਾ ਕਰਦੀ, ਜੋ ਕਿ ਨਹੀਂ ਕੀਤਾ ਗਿਆ। ਐੱਮ ਆਰ ਟੀਕਾਕਰਨ ਬਾਬਤ ਸਰਕਾਰ ਨੇ ਲੋਕਾਂ ਦੇ ਮਨਾ ਦੇ ਤੌਖਲੇ ਦੂਰ ਕਰਨ ਵਾਸਤੇ ਨਾ ਤਾਂ ਵਿਗਿਆਨਕ ਤੱਥ ਲੋਕਾਂ ਸਾਹਮਣੇ ਰੱਖੇ ਹਨ ਤੇ ਨਾ ਹੀ ਮਾਹਰਾਂ ਵੱਲੋਂ ਪੰਜਾਬ, ਭਾਰਤ ਅਤੇ ਦੁਨੀਆਂ ਵਿੱਚ ਇਸ ਟੀਕੇ ਬਾਬਤ ਖੜ੍ਹੇ ਕੀਤੇ ਸਵਾਲਾਂ ਦਾ ਕੋਈ ਜਵਾਬ ਦਿੱਤਾ ਹੈ। ਬਸ ਇੰਨਾ ਕਹਿ ਕੇ ਸਾਰਨ ਦੀ ਕੋਸ਼ਿਸ਼ ਕੀਤੀ ਕਿ ਬੁਰੇ ਪ੍ਰਭਾਵ ਦੂਰ ਕਰਨ ਵਾਸਤੇ ਹੁਣ ਐੱਮ ਐੱਮ ਆਰ (ਮੀਜ਼ਲਜ਼, ਮੰਪਸ ਤੇ ਰੁਬੈਲਾ, ਖਸਰਾ ਕੰਨਪੇੜੇ ਤੇ ਜਰਮਨ ਮੀਜ਼ਲਜ਼) ਦੇ ਟੀਕਿਆਂ ਦੀ ਥਾਂ ਐੱਮ ਆਰ ਯਾਨੀ ਕੇਵਲ (ਮੀਜ਼ਲਜ਼ ਤੇ ਰੁਬੈਲਾ) ਦਾ ਟੀਕਾ ਹੀ ਲਾਇਆ ਜਾ ਰਿਹਾ ਹੈ।

ਜਿੱਥੋਂ ਤੱਕ ਡਾਕਟਰ ਅਜ਼ਾਦ ਵੱਲੋਂ ਡਾਕਟਰਾਂ ਨੂੰ ਕਮਿਸ਼ਨ ਤੇ ਇਨਸੈਂਟਿਵ ਆਦਿ ਦਾ ਪ੍ਰਸ਼ਨ ਹੈ, ਉਸ ਦਾ ਇਸ ਟੀਕਾਕਰਨ ਦੀ ਮੌਜੂਦਾ ਮੁਹਿੰਮ ਨਾਲ ਤਾਂ ਕੋਈ ਐਡਾ ਵੱਡਾ ਸਬੰਧ ਲੱਭਦਾ ਨਹੀਂ ਕਿਉਂ ਜੋ ਮੀਜ਼ਲਜ਼ ਵਿੱਚ ਰੁਬੈਲਾ ਦਾ ਟੀਕਾ ਰਲਾਉਣ ਨਾਲ ਜੋ ਖਰਚਾ ਵੱਧਦਾ ਹੈ ਉਹ ਬਹੁਤ ਜਿਆਦਾ ਨਹੀਂ ਹੈ! ਦਰਅਸਲ ਇਹ ਮੁੱਦਾ ਤਾਂ ਸਿਹਤ ਵਿਭਾਗ ਵਿੱਚ ਤਰਜੀਹਾਂ ਅਤੇ ਡਾਕਟਰੀ ਫਲਸਫੇ ਵਿੱਚ ਟੀਕਾਕਰਨ ਰਾਹੀਂ ਬਿਮਾਰੀਆਂ ਦੀ ਰੋਕ ਲੱਭਣ ਦੇ ਰੁਝਾਨਾਂ 'ਤੇ ਪ੍ਰਸ਼ਨ ਖੜ੍ਹੇ ਕਰਨ ਵਾਲਾ ਮੁੱਦਾ ਹੈ ਜੋ ਕਿ ਕੇਸ ਰਜਿਸਟਰ ਹੋਣ ਤੋਂ ਮਗਰੋਂ ਬਚਾਅ ਵਜੋਂ ਚੁਕਿਆ ਗਿਆ ਹੈ! ਪਤਾ ਨਹੀਂ ਕਿਉਂ ਡਾ. ਅਜ਼ਾਦ ਨੇ ਸਟੈਂਟਾਂ, ਮੈਡੀਕਲ ਟੈਸਟਾਂ, ਗਿੱਟੇ ਗੋਡੇ, ਚੂਲੇ ਬਦਲਣ ਅਤੇ ਦਵਾਈਆਂ ਦੀਆਂ ਅਤੇ ਸਾਜੋ ਸਮਾਨ ਦੀਆਂ ਅਸਮਾਨੀ ਛੂਹੰਦੀਆਂ ਕੀਮਤਾਂ ਵਿੱਚ ਕਮਿਸ਼ਨ ਅਤੇ ਵਾਧੂ ਟੈਸਟਾਂ ਵਿੱਚ ਕਮਿਸ਼ਨ, ਆਯੁਰਵੇਦਾਂ ਤੇ ਹੋਰ ਪੈਥੀਆਂ ਵੱਲੋਂ ਐੱਮ.ਆਰ.ਆਈ., ਸੀ.ਟੀ. ਸਕੈਨ ਤੇ ਤਰ੍ਹਾਂ-ਤਰ੍ਹਾਂ ਦੇ ਐਲੋਪੈਥੀ ਦੇ ਟੈਸਟਾਂ ਨਾਲ ਲੋਕਾਂ ਦੀ ਸਿਹਤ ਦਾ ਹਰ ਰੋਜ਼ ਹੋ ਰਹੇ ਨੁਕਸਾਨ ਨੂੰ ਵੇਖਣਾ ਨਹੀਂ ਚਾਹਿਆ!

ਭਾਰਤ ਵਿੱਚ ਖਸਰੇ ਦੇ ਟੀਕਰਕਰਨ ਦਾ ਇਤਿਹਾਸ:

ਸਰਬ-ਵਿਆਪਕ ਟੀਕਾਕਰਨ ਮੁਹਿੰਮ ਤਹਿਤ ਭਾਰਤ ਵਿੱਚ ਖਸਰੇ ਦਾ ਟੀਕਾ 1985 ਤੋਂ ਲੱਗ ਰਿਹਾ ਹੈ! ਇਸ ਪ੍ਰੋਗਰਾਮ ਤਹਿਤ ਸਾਲ 1990 ਤੋਂ ਇਹ ਟੀਕਾ ਭਾਰਤ ਦੇ ਸਾਰੇ ਦੇ ਸਾਰੇ ਜਿਲ੍ਹਿਆਂ ਵਿੱਚ ਲੱਗਣਾ ਸ਼ੁਰੂ ਹੋ ਗਿਆ। ਸਾਲ 2010 ਤੱਕ ਇਸ ਦੀ ਇੱਕ ਖੁਰਾਕ ਦਿੰਦੇ ਰਹੇ ਹਨ ਅਤੇ 2010 ਤੋਂ ਦੋ ਖੁਰਾਕਾਂ ਸ਼ੁਰੂ ਕੀਤੀਆਂ ਗਈਆਂ। ਸਰਕਾਰ ਦੇ ਅੰਕੜੇ ਇਹ ਦਾਅਵਾ ਕਰਦੇ ਹਨ ਕਿ ਉਨ੍ਹਾਂ ਦਾ ਸਰਬ-ਵਿਆਪੀ ਟੀਕਾਕਰਨ ਦਾ ਪ੍ਰੋਗਰਾਮ 115% ਤੱਕ ਵੀ ਸਫਲ ਰਿਹਾ। ਟੀਕਿਆਂ ਰਾਹੀਂ ਬਿਮਾਰੀਆਂ ਦੀ ਰੋਕ ਥਾਮ ਦੇ ਮੁੱਦੇ 'ਤੇ ਇਹ ਵੀ ਵਰਨਣਯੋਗ ਹੈ ਕਿ 'ਹੈਪੇਟਾਈਟਸ-ਬੀ' ਦਾ ਟੀਕਾ 2002-2003 ਵਿੱਚ ਇਸ ਪ੍ਰੋਗਰਾਮ ਦਾ ਹਿੱਸਾ ਬਣਿਆ। ਪਰ ਉਸ ਤੋਂ ਬਾਅਦ ਜੇ ਹੈਪੇਟਾਈਟਸ-ਬੀ ਘੱਟ ਵੀ ਗਿਆ ਤਾਂ ਹੈਪੇਟਾਈਟਸ 'ਸੀ', ਜੋ ਵੱਧ ਮਾਰੂ ਹੈ, ਨੇ ਪੰਜਾਬ ਵਿੱਚ ਪੈਰ ਪਸਾਰ ਲਏ ਹਨ! ਸਰਕਾਰੀ ਰਿਪੋਰਟਾਂ ਮੁਤਾਬਕ  ਹੈਪੇਟਾਈਟਸ 'ਸੀ' ਦੇ ਮਾਮਲੇ, ਜੋ ਕੇਵਲ ਕੁੱਝ ਸੈਂਕੜਿਆਂ ਤੱਕ ਸੀਮਤ ਹੁੰਦੇ ਸਨ, ਉਹ ਵੱਧ ਕੇ ਮਿਤੀ 21.04 2018 ਤੱਕ 44323 ਹੋ ਗਏ।

ਸਰਕਾਰ ਵੱਲੋਂ ਲੋਕਾਂ ਨੂੰ ਸਿਹਤਯਾਬ ਰੱਖਣ ਵਾਸਤੇ ਪੀਣਯੋਗ ਪਾਣੀ, ਪ੍ਰਦੂਸ਼ਨ ਰਹਿਤ ਹਵਾ, ਗੁਜ਼ਾਰਾਯੋਗ ਰੁਜ਼ਗਾਰ ਰਾਹੀਂ ਪੌਸ਼ਟਿਕ ਆਹਾਰ ਅਤੇ ਰੈਣ ਬਸੇਰੇ ਆਦਿ ਉਪਲਬਧ ਕਰਵਾ ਕੇ, ਸਿਹਤ ਸਹੂਲਤਾਂ ਦਾ ਸਮੁੱਚਾ ਸਰਬ ਵਿਆਪੀਕਰਨ ਕਰਕੇ, ਬਿਮਾਰੀਆਂ ਘਟਾਉਣ ਦੇ ਸਰਬ ਪ੍ਰਵਾਨਤ ਗੁਰ ਨੂੰ ਅਪਣਾਉਣ ਦੀ ਲੋੜ ਹੈ। ਪਰ ਇਸ ਸਟੀਕ ਹੱਲ ਦੀ ਥਾਂ ਜਰਮ ਸਿਧਾਂਤ 'ਤੇ ਚਲਦੇ ਹੋਏ, ਬਿਮਾਰੀ ਦੇ ਜਰਮਾਂ ਜਾਂ ਰੋਗਾਣੂਆਂ ਵਿਰੁੱਧ ਟੀਕੇ ਲਗਾ ਕੇ ਜਾਂ ਫਿਰ ਬਿਮਾਰੀਆਂ ਵਾਲੇ ਮੱਛਰਾਂ ਆਦਿ ਦੇ ਕੱਟੇ ਜਾਣ ਤੋਂ ਬਚਾਓ ਕਰਨ ਦੇ ਸਾਧਨ ਅਪਣਾ ਕੇ ਅਤੇ ਮੱਛਰਾਂ ਆਦਿ ਨੂੰ ਮਾਰ ਕੇ ਇਨ੍ਹਾਂ ਬਿਮਾਰੀਆਂ ਦੀ ਰੋਕਥਾਮ ਦੇ ਯਤਨ ਤਾਂ ਢੋਲ ਦਾ ਥੱਲਾ ਤੋੜ ਕੇ ਟੂਟੀ ਚਲਾਏ ਰੱਖਣ ਦੇ ਤੁੱਲ ਹੈ। ਮੌਜੂਦਾ ਐੱਮ ਆਰ ਟੀਕਾਕਰਨ ਵੀ ਉਸੇ ਦਾ ਇੱਕ ਹਿਸਾ ਹੈ। ਇਹ ਸਾਡੇ ਸੀਮਤ ਸਰੋਤਾਂ ਦੀ ਬਰਬਾਦੀ ਵੀ ਹੈ, ਗਲਤ ਤਰਜੀਹਾਂ ਕਾਰਨ ਸਿਹਤ ਸੇਵਾਵਾਂ ਦੀ ਮੰਦੀ ਹਾਲਤ ਵੱਲ ਵੀ ਲੈ ਕੇ ਜਾਂਦਾ ਹੈ ਅਤੇ ਇਹ ਸਾਡੇ ਸਾਧਨਾਂ ਦੀ ਦੁਰਵਰਤੋਂ ਵੀ ਹੈ।

ਸਿਹਤ ਵਿਭਾਗ ਵੱਲੋਂ ਇਹ ਵੀ ਨਹੀਂ ਸਪਸ਼ਟ ਕੀਤਾ ਜਾ ਰਿਹਾ ਕਿ 
 • ਇਸ ਟੀਕੇ ਨਾਲ ਰੋਗ ਰੋਧਕਤਾ ਯਾਨੀ ਬਿਮਾਰੀ ਤੋਂ ਰੋਕ ਕਿੰਨੇ ਅਰਸੇ ਤੱਕ ਰਹਿੰਦੀ ਹੈ?
 • ਪਹਿਲੇ ਗੇੜ ਵਿੱਚ ਹਰ ਬੱਚੇ ਨੂੰ ਕਿੰਨੇ ਵਾਰ ਟੀਕੇ ਕਿੰਨੀ ਵਿੱਥ 'ਤੇ ਲਗਾਏ ਜਾਣਗੇ?
 • ਜਿਨ੍ਹਾਂ ਨੇ ਪਹਿਲਾਂ ਹੀ ਇਹ ਟੀਕੇ ਲਗਵਾਏ ਹੋਏ ਹਨ, ਉਨ੍ਹਾਂ ਨੂੰ ਦੁਬਾਰਾ ਕਿਉਂ ਲਗਾਏ ਜਾ ਰਹੇ ਹਨ?
 •  ਜਦ ਟੀਕੇ ਦੀਆਂ ਆਮ ਸਿਫਾਰਸ਼ਾਂ 12 ਮਹੀਨੇ ਤੋਂ 24 ਮਹੀਨੇ ਦੀ ਉਮਰ ਵਿੱਚ ਤੇ ਦੂਜੀ ਵਾਰ 4-6 ਸਾਲ ਦੀ ਉਮਰ ਵਿੱਚ ਟੀਕਾ ਲਗਵਾਉਣ ਦੀਆਂ ਹਨ ਤਾਂ ਫਿਰ ਪੰਦਰਾਂ ਸਾਲ ਤੱਕ ਦੇ ਸਾਰੇ ਬੱਚਿਆਂ ਨੂੰ ਟੀਕਾ ਕਿਉਂ?
 • ਜਦ ਰਾਸ਼ਟਰੀ ਮਿਸ਼ਨ ਨੇ 15 ਸਾਲ ਤੋਂ ਘੱਟ ਉਮਰ ਲਿਖੀ ਹੈ ਤਾਂ 15 ਸਾਲ ਤੱਕ ਉਮਰ ਵਾਸਤੇ ਮੁਹਿੰਮ ਚਲਾਉਣ ਵਾਸਤੇ ਅਤੇ ਬਦੇਸ਼ੀ ਇੱਕੋ ਇੱਕ ਟੀਕਾ ਕੰਪਨੀ ਦੀਆਂ ਪੰਜ ਲੱਖ ਡੋਜਾਂ ਹੋਰ ਵੱਧ ਖਰੀਦਣ ਦਾ ਨੁਕਤਾ ਕਿਸ ਨੇ ਲਿਆਉਂਦਾ?
 • ਜਦ ਖਸਰੇ ਦਾ ਟੀਕਾ 9 ਮਹੀਨਿਆਂ ਦੀ ਉਮਰ 'ਤੇ ਲਗਾਉਣ ਨਾਲ 85% ਵਿੱਚ ਅਸਰ ਕਰਦਾ ਹੈ ਤੇ ਇੱਕ ਸਾਲ ਤੋਂ ਬਾਅਦ ਦੀ ਉਮਰ 'ਤੇ ਲਗਾਉਣ ਨਾਲ 99% ਅਸਰ ਕਰਦਾ ਹੈ (ਰਾਸ਼ਟਰੀ ਸਹਿਤ ਮਿਸ਼ਨ ਦੀਆਂ ਸੇਧਾਂ ਵਿੱਚੋਂ) ਤਾਂ ਫਿਰ ਨੌ ਮਹੀਨਿਆਂ 'ਤੇ ਇਹ ਟੀਕਾ ਲਗਾਉਣ ਦੀ ਕਾਹਲ ਕਿਉਂ?
 • ਜੇਕਰ ਇਹ ਟੀਕਾ ਗਰਭ ਦੌਰਾਨ ਦੀਆਂ ਬੱਚੇ ਨੂੰ ਹੋਣ ਵਾਲੀਆਂ ਅਲਾਮਤਾਂ ਬੋਲਾਪਣ, ਅੰਨ੍ਹਾਪਨ ਅਤੇ ਦਿਲ ਦੇ ਨੁਕਸਾਂ ਨੂੰ ਰੋਕਣ ਵਾਸਤੇ ਹੈ ਤਾਂ ਫਿਰ ਇਹ ਟੀਕਾ ਲੜਕਿਆਂ ਨੂੰ ਵੀ ਕਿਉਂ ਲਗਾਇਆ ਜਾ ਰਿਹਾ ਹੈ?
 • ਇਹ ਟੀਕਾ ਵੀ ਇਸੇ ਬਿਮਾਰੀ ਦਾ ਵਾਇਰਸ (ਰੋਗਾਣੂ) ਹੈ, ਪਰ ਪੰਦਰਾਂ ਸਾਲ ਦੀ ਉਮਰ ਤੱਕ ਨੂੰ ਤਾਂ ਬਹੁਤ ਸਾਰਿਆਂ ਨੂੰ ਇਹ ਬੀਮਾਰੀ ਹੋ ਚੁੱਕੀ ਹੋਵੇਗੀ, ਉਨ੍ਹਾਂ ਵਿੱਚ ਤਾਂ ਪਹਿਲਾਂ ਹੀ ਕਈ ਗੁਣਾ ਵੱਧ ਰੋਗ ਰੋਧਕਤਾ ਪੈਦਾ ਹੋ ਗਈ ਹੋਵੇਗੀ ਤਾਂ ਫਿਰ ਹੁਣ ਉਨ੍ਹਾਂ ਨੂੰ ਟੀਕਾ ਕਿਉਂ ਲਗਾਇਆ ਜਾ ਰਿਹਾ ਹੈ?
 • ਇਸ ਦੇ ਉਲਟ ਜੇਕਰ 15 ਸਾਲ ਤੱਕ ਕਿਸੇ ਨੂੰ ਇਹ ਖਸਰੇ ਨਿਕਲੇ ਹੀ ਨਹੀਂ ਤਾਂ 15 ਸਾਲ ਦੀ ਉਮਰ ਤੋਂ ਬਾਅਦ ਇਨ੍ਹਾਂ ਦੇ ਨਿਕਲਣ ਦਾ ਕਿੰਨਾ ਕੁ ਖਤਰਾ ਹੈ?
 • ਪੰਜਾਬ ਦੇ ਅਧਿਐਨ ਕੀ ਹਨ ਕਿ ਕਿੰਨਿਆਂ ਨੂੰ ਪੰਜਾਬ ਵਿੱਚ ਜਰਮਨ ਮੀਜ਼ਲਜ਼ ਤੇ ਮੀਜ਼ਲਜ਼ ਹੋਏ?
 • ਪੰਜਾਬ ਵਿੱਚ ਕਿੰਨੇ ਕੁ ਬੱਚਿਆਂ ਨੂੰ ਜਮਾਂਦਰੂ ਰੁਬੈਲਾ ਸਿੰਡਰੋਮ ਯਾਣੀ ਅੰਨ੍ਹਾਪਨ, ਬੋਲਾਪਨ ਤੇ ਦਿਲ ਦੇ ਜੰਮਾਂਦਰੂ ਨੁਕਸ ਪੈਦਾ ਹੋਏ?

ਇਨ੍ਹਾਂ ਦੋਵਾਂ ਖਸਰਿਆਂ ਦੀਆਂ ਇਹ ਬਿਮਾਰੀਆਂ ਜੇਕਰ ਬਾਲਗਾਂ ਨੂੰ ਹੋ ਜਾਣ ਤਾਂ ਬਹੁਤ ਹੀ ਨਾ ਮਾਤਰ ਮਾਮਲਿਆਂ ਵਿੱਚ ਮਰਦਾਂ ਵਿੱਚ ਸਟਰਲਿਟੀ ਤੇ ਔਰਤਾਂ ਵਿੱਚ ਇਨਫਰਟਿਲਿਟੀ (ਬਾਂਝਪਣ) ਕਰ ਸਕਦੀਆਂ ਹਨ। ਔਰਤਾਂ ਵਿੱਚ ਜੇਕਰ ਗਰਭ ਦੇ ਪਹਿਲੇ ਤਿੰਨ ਮਹੀਨਿਆਂ ਵਿੱਚ ਇਹ ਵਾਇਰਸ ਹਮਲਾ ਕਰ ਦੇਣ ਤਾਂ ਗਰਭਪਾਤ, ਗਰਭ ਵਿੱਚ ਹੀ ਮੌਤ ਅਤੇ ਬੱਚੇ ਵਿੱਚ ਜਮਾਂਦਰੂ ਨੁਕਸ ਪੈਦਾ ਕਰ ਸਕਦੀਆਂ ਹਨ। ਇਨ੍ਹਾਂ ਜੰਮਾਂਦਰੂ ਨੁਕਸਾਂ ਵਿੱਚ ਬੋਲਾਪਨ, ਅੰਨ੍ਹਾਂਪਨ ਅਤੇ ਦਿਲ ਦੇ ਨੁਕਸ ਸ਼ਾਮਲ ਹਨ। ਦਰਅਸਲ ਇਹ ਮੌਜੂਦਾ ਐੱਮ ਆਰ ਟੀਕਾ ਮੀਜ਼ਲਜ ਅਤੇ ਜਰਮਨ ਮੀਜ਼ਲਜ਼ ਦਾ ਕਮਜੋਰ ਕੀਤਾ ਵਾਇਰਸ ਹੀ ਹੈ। ਇਸ ਦੀ 0.5 ਐੱਮ.ਐੱਲ. ਖੁਰਾਕ ਲਗਾਈ ਜਾਂਦੀ ਹੈ। ਇਹ ਟੀਕਾ ਕਈ ਦਵਾਈਆਂ ਨਾਲ ਰਿਐਕਸ਼ਨ ਕਰ ਲੈਂਦਾ ਹੈ, ਜਿਸ ਕਰਕੇ ਜੋ ਵੀ ਦਵਾਈਆਂ ਲਈਆਂ ਹੋਣ ਜਾਂ ਟੀਕੇ ਕੁੱਝ ਅਰਸੇ ਦੌਰਾਨ ਲਗਵਾਏ ਹੋਣ ਉਹ ਟੀਕਾ ਲਗਵਾਉਣ ਵੇਲੇ ਡਾਕਟਰ ਨੂੰ ਦੱਸ ਦੇਣੇ ਚਾਹੀਦੇ ਹਨ!
------------
ਇਨ੍ਹਾਂ ਅਲੋਚਕਾਂ ਵੱਲੋਂ ਹੋਰ ਬਹੁਤ ਸਾਰੇ ਉਹ ਸਵਾਲ ਖੜ੍ਹੇ ਕੀਤੇ ਗਏ ਹਨ, ਜਿਹੜੇ ਬਹੁਤੇ ਵਿਸ਼ੇ ਤੋਂ ਹੱਟ ਕੇ ਇਧਰ-ਉਧਰ ਦੇ ਹੀ ਹਨ। ਇਨ੍ਹਾਂ ਅਲੋਚਕਾਂ ਦੇ ਟੀਕੇ ਸਬੰਧੀ ਕੇਵਲ ਇੱਕ ਪ੍ਰਸ਼ਨ ਨਾਲ ਸਹਿਮਤ ਹੋਇਆ ਜਾ ਸਕਦਾ ਹੈ ਕਿ ਸਾਰੇ ਮਾਪਿਆਂ, ਅਧਿਆਪਕਾਂ ਤੇ ਵੱਡੇ ਬੱਚਿਆਂ ਨੂੰ ਇਸ ਟੀਕੇ ਬਾਬਤ ਪੂਰੀ ਸੂਚਨਾ ਦੇ ਕੇ ਸਹਿਮਤੀ ਲੈਣੀ ਬਣਦੀ ਹੈ ਤੇ ਸਹਿਮਤੀ ਤੋਂ ਬਾਅਦ ਹੀ ਟੀਕੇ ਲਾਉਣੇ ਬਣਦੇ ਹਨ 
-----------
ਸੰਸਾਰ ਸਿਹਤ ਸੰਸਥਾ ਦੇ ਸਹਿਯੋਗ ਨਾਲ ਰਾਸ਼ਟਰੀ ਸਿਹਤ ਮਿਸ਼ਨ ਵੱਲੋਂ ਜਾਰੀ ਨੀਤੀ ਨਿਰਦੇਸ਼:

ਇਹ ਟੀਕਾ 20 ਤੋਂ 80 ਸੈਲਸੀਅਸ ਤੱਕ ਭੰਡਾਰ ਕੀਤਾ ਜਾਣਾ ਹੈ ਅਤੇ ਟੀਕਾ ਘੋਲਣ ਤੋਂ ਬਾਅਦ ਵੀ 20 ਤੋਂ 80 ਸੈਲਸੀਅਸ ਤੱਕ ਹੀ ਰੱਖਣਾ ਹੈ ਅਤੇ 4 ਘੰਟੇ ਦੇ ਅੰਦਰ-ਅੰਦਰ ਲਗਾਉਣਾ ਹੈ। ਇੱਕ ਸਿਹਤ ਕਾਮੇ ਵਾਸਤੇ ਸਕੂਲਾਂ ਆਦਿ ਵਿੱਚ 150-200 ਬੱਚਿਆਂ ਨੂੰ ਟੀਕਾ ਲਗਾਉਣ ਦਾ ਉਪਬੰਧ ਹੈ ਅਤੇ ਪਿੰਡਾਂ ਦੀ ਵਸੋਂ ਅੰਦਰ 100-150 ਨੂੰ।

ਟੀਕੇ ਦੇ ਸਾਈਡ ਇਫੈਕਟ (ਬੁਰੇ ਪ੍ਰਭਾਵ):

 • ਪਹਿਲੇ 24 ਘੰਟੇ ਦੌਰਾਨ: ਜਰਾ ਜਿੰਨਾ ਦਰਦ, ਸੋਜਸ਼, ਹਲਕਾ ਬੁਖਾਰ
 • 7-12 ਦਿਨ ਤੱਕ: 5% ਬੱਚਿਆਂ ਨੂੰ 39.40 ਸੈਲਲਸੀਅਸ (ਯਾਨੀ 103) ਤੱਕ ਬੁਖਾਰ ਅਤੇ ਕਈ ਵਾਰ ਬੁਖਾਰ ਵਿੱਚ ਦੌਰੇ ਪੈ ਸਕਦੇ ਹਨ 3000 ਵਿੱਚੋਂ ਇੱਕ ਨੂੰ, 2% ਬੱਚਿਆਂ ਦੇ ਖਸਰੇ ਵਰਗੇ ਦਾਣੇ ਨਿਕਲ ਸਕਦੇ ਹਨ!
 • 30000 ਵਿੱਚੋਂ ਇੱਕ ਨੂੰ ਪਲੇਟਲੈਟ ਘੱਟਣ ਕਰਕੇ ਥਾਂ-ਥਾਂ ਖੂਨ ਵਗਣ ਦੀ ਬਿਮਾਰੀ (ਥਰੌਂਬੋਸਾਈਟੋਪੀਨਿਕ ਪਰਪੁਰਾ) ਲੱਗ ਸਕਦੀ ਹੈ।
 • ਇੱਕ ਬਹੁਤ ਹੀ ਵਿਰਲਾ ਟਾਵਾਂ ਪਰ ਬਹੁਤ ਗੰਭੀਰ ਹੈ ਐਨਾਫਾਈਲੈਕਟਿਕ ਸ਼ਾਕ!
 • ਦਿਮਾਗ ਦੀ ਸ਼ੋਜਸ਼, ਪੱਕੇ ਤੌਰ 'ਤੇ ਨਾੜੀ ਤੰਤੂ (ਨਰਵਸ ਪ੍ਰਣਾਲੀ) ਨੂੰ ਨੁਕਸਾਨ ਜਾਂ ਗੁਲਿਨ ਬਾਰੇ ਸਿੰਡਰੋਮ, ਅੋਟਿਜ਼ਮ ਆਦਿ ਦੇ ਹੋਣ ਦੇ ਕੋਈ ਸਬੂਤ ਨਹੀਂ ਹਨ।

ਪਰ ਇਨ੍ਹਾਂ ਸੇਧਾਂ ਵਿੱਚ ਉਲਟੀਆਂ, ਭੁੱਖ ਨਾ ਲੱਗਨਾ, ਜੋੜਾਂ ਦਾ ਦਰਦ, ਗਿਲਟੀਆਂ ਦੀ ਸੋਜਸ਼, ਜੋੜਾਂ ਦੀ ਜਲਣ (ਆਰਥਰਾਈਟਸ) ਦਾ ਹਵਾਲਾ ਨਹੀਂ ਜਦ ਕਿ ਇਹ ਹੋ ਸਕਦੀਆਂ ਹਨ! ਕੋਈ ਵੀ ਟੀਕਾ ਜਿਨ੍ਹਾਂ ਅਲਾਮਤਾਂ ਦੀ ਰੋਕ ਵਾਸਤੇ ਲਗਾਇਆ ਜਾਂਦਾ ਹੈ, ਜੇ ਉਹ ਵਿਗੜ ਜਾਵੇ ਤਾਂ ਉਹ ਖੁਦ ਹੀ ਉਹੀ ਬਿਮਾਰੀਆਂ ਪੈਦਾ ਕਰ ਸਕਦਾ ਹੈ।

ਇਸ ਵਾਸਤੇ ਜਿਨ੍ਹਾਂ ਨੂੰ 380-390 ਸੈਲਸੀਅਸ ਬੁਖਾਰ ਹੋਵੇ, ਜਾਂ ਪਹਿਲਾਂ ਨੀਓਮਾਈਸਿਨ ਵਰਗੀਆਂ ਦਵਾਈਆਂ ਦਾ ਰਿਐਕਸ਼ਨ ਹੋਇਆ ਹੋਵੇ, ਜਿਨ੍ਹਾਂ ਦੀ ਰੋਗ ਰੋਧਕਤਾ ਘਟੀ ਹੋਈ ਹੋਵੇ ਜਿਵੇਂ ਐੱਚ.ਆਈ.ਵੀ. ਕਾਰਨ ਜਾਂ ਜਮਾਂਦਰੂ ਤੌਰ 'ਤੇ ਕੈਂਸਰ, ਬਲੱਡ ਕੈਂਸਰ, ਸਟੀਰਾਇਡ ਲੈ ਰਹੇ ਜਾਂ ਬਿਜਲੀਆਂ ਲਗਵਾ ਰਹੇ ਬੱਚਿਆਂ ਨੂੰ ਇਹ ਟੀਕਾ ਨਹੀਂ ਲਗਾਉਣਾ ਚਾਹੀਦਾ।

1990 ਦੌਰਾਨ ਅਮਰੀਕਾ ਵਿੱਚ ਬੱਚਿਆਂ ਨੂੰ ਟੀਕਿਆਂ ਦੇ ਨੁਕਸਾਨਾਂ ਤੋਂ ਬਚਾਉਣ ਵਾਸਤੇ ਬਣੇ ਕਾਨੂੰਨ ਤਹਿਤ ਵੇਅਰਜ਼ ਪ੍ਰਣਾਲੀ ਸਥਾਪਤ ਕੀਤੀ ਗਈ ਸੀ। ਪ੍ਰੰਤੂ ਸਰਕਾਰ ਵੱਲੋਂ ਦਿਤੀਆਂ ਇਨ੍ਹਾਂ ਸੇਧਾਂ ਵਿੱਚ ਵੇਅਰਜ਼ ਵੱਲੋਂ ਦਿੱਤੀਆਂ ਕਈ ਸੇਧਾਂ ਜਿਵੇਂ ਕਿ ਜੇ ਘਰ ਵਿੱਚ ਕਿਸੇ ਵੀ ਭੈਣ-ਭਾਈ, ਮਾਪੇ ਦੀ ਰੋਗ ਰੋਧਕਤਾ ਘੱਟ ਹੋਵੇ ਜਾਂ ਜੇ ਪਿਛਲੇ ਚਾਰ ਹਫਤੇ ਵਿੱਚ ਕੋਈ ਵੈਕਸੀਨ ਲਗਵਾਇਆ ਹੋਵੇ ਜਾਂ ਜੇ ਬਹੁਤ ਹੀ ਮਾਮੂਲੀ ਬਿਮਾਰੀ ਨੂੰ ਛੱਡ ਕੇ ਕੋਈ ਵੀ ਬਿਮਾਰੀ ਹੋਵੇ ਤਾਂ ਵੀ ਟੀਕਾ ਨਹੀਂ ਲਵਾਉਣਾ ਚਾਹੀਦਾ, ਜੇ ਬੱਚਾ ਠੀਕ ਮਹਿਸੂਸ ਨਾ ਕਰੇ ਤਾਂ ਵੀ ਨਹੀਂ ਲਗਵਾਉਣਾ ਚਾਹੀਦਾ, ਸਰਕਾਰ ਨੇ ਸ਼ਾਮਲ ਨਹੀਂ ਕੀਤੀਆਂ। ਜਿਨ੍ਹਾਂ ਨੂੰ ਪਿਛਲੇ 3-11 ਮਹੀਨਿਆਂ ਵਿੱਚ ਖੂਨ ਜਾਂ ਖੂਨ ਦੇ ਉਤਪਾਦ ਚੜ੍ਹੇ ਹੋਣ ਨੂੰ ਟੀਕਾ ਨਹੀਂ ਲਗਾਉਣਾ ਚਾਹੀਦਾ ਅਤੇ ਟੀਕਾ ਲਗਾਉਣ ਤੋਂ ਬਾਅਦ ਦੋ ਹਫਤੇ ਤੱਕ ਜਿਥੋਂ ਤੱਕ ਸੰਭਵ ਹੋਵੇ ਖੂਨ ਆਦਿ ਨਹੀਂ ਚੜ੍ਹਾਉਣਾ ਚਾਹੀਦਾ।

ਜੇਕਰ ਸਰਕਾਰ ਨੇ ਲੋਕਾਂ ਦੀ ਸਰਬ ਵਿਆਪੀ ਤੰਦਰੁਸਤੀ ਵਾਸਤੇ ਤਰਜੀਹਾਂ ਅਤੇ ਇਲਾਜ ਪ੍ਰਣਾਲੀ ਤੇ ਬਿਮਾਰੀ ਦੇ ਨਿਊਟਨੀ ਭੌਤਿਕ ਵਿਗਿਆਨ ਦੇ ਮਕਾਨਕੀ ਫਲਸਫੇ ਬਾਬਤ ਇਤਰਾਜ਼ਾਂ ਨੂੰ ਨਾ ਮੰਨਦੇ ਹੋਏ ਇਹ ਸਰਬ-ਵਿਆਪੀ ਟੀਕਾਕਰਨ ਕਰਨਾ ਹੀ ਸੀ ਤਾਂ ਵੀ ਜ਼ਰੂਰੀ ਸੀ ਕਿ ਸਰਕਾਰ ਦਾ ਸਿਹਤ ਵਿਭਾਗ ਇਸ ਟੀਕੇ ਦੇ ਸਾਰੇ ਪੱਖਾਂ ਬਾਬਤ ਲੋਕਾਂ ਨੂੰ ਜਾਗਰੂਕ ਕਰਦਾ ਅਤੇ ਥਾਂ-ਥਾਂ ਮੀਟਿੰਗਾਂ ਕਰਕੇ ਚੇਤਨਾ ਪੈਦਾ ਕਰਨ ਦਾ ਜੋ ਪ੍ਰਬੰਧ ਸੀ, ਉਹ ਮੁਕੰਮਲ ਰੂਪ ਵਿੱਚ ਲਾਗੂ ਕਰਕੇ ਇੱਕ ਲੋਕ ਮੁਹਿੰਮ ਖੜ੍ਹੀ ਕਰਦਾ। ਝੂਠੇ ਤੇ ਗੈਰ ਵਿਗਿਆਨਕ ਪ੍ਰਚਾਰ ਕਾਰਨ ਲੋਕਾਂ ਦੇ ਮਨਾਂ ਵਿੱਚ ਪੈਦਾ ਤੌਖਲੇ ਤੇ ਸਹਿਮ ਦੂਰ ਕਰਕੇ, ਟੀਕਾਕਰਨ ਵਾਸਤੇ ਸਹੀ ਤੱਥ ਦੱਸ ਕੇ ਸਹਿਮਤੀ ਲੈਣੀ ਚਾਹੀਦੀ ਸੀ ਜੋ ਕਿ ਨਹੀਂ ਲਈ ਗਈ।

ਇਹ ਟੀਕਾ ਗਰਮੀ ਵਿੱਚ ਖਰਾਬ ਹੋ ਜਾਂਦਾ ਹੈ (20-80 ਸੈਲਸੀਅਸ ਤੱਕ ਹੀ ਰੱਖਣਾ ਜ਼ਰੂਰੀ ਹੈ), ਜਿਸ ਕਰਕੇ ਮਈ ਦੀ ਸਖਤ ਗਰਮੀ ਵਿੱਚ ਇਹ ਮੁਹਿੰਮ ਸ਼ੁਰੂ ਕਰਨ ਦੀ ਕੋਈ ਕਾਹਲ ਨਹੀਂ ਸੀ ਹੋਣੀ ਚਾਹੀਦੀ। ਗਰਭ ਵੇਲੇ ਜੰਮਾਂਦਰੂ ਰੂਬੈਲਾ ਸਿੰਡਰੋਮ ਦੀ ਰੋਕਥਾਮ ਤਾਂ ਇਸ ਟੀਕਾਕਰਨ ਨਾਲ ਹੋਣ ਸਕਣ ਦੀ ਸੰਭਾਵਨਾ ਤਾਂ ਨਜ਼ਰ ਨਹੀਂ ਆਉਂਦੀ! ਉਸ ਵਾਸਤੇ ਤਾਂ ਕਿਸੇ ਹੋਰ ਪੁਖਤਾ ਯੁੱਧਨੀਤੀ ਦੀ ਲੋੜ ਹੀ ਪਵੇਗੀ ਹੀ!

ਕਰਮਚਾਰੀਆਂ ਨੂੰ ਅਧਿਆਪਕਾਂ, ਮਾਪਿਆਂ ਤੇ ਸਮਾਜ ਸੇਵੀਆਂ ਨੂੰ ਚਾਹੀਦਾ ਹੈ ਕਿ ਟੀਕਾ ਲਗਵਾਉਣ ਤੋਂ ਪਹਿਲਾਂ ਇਸ ਦਾ ਤਾਪਮਾਨ ਵੀ ਸੁਨਿਸਚਿਤ ਕਰ ਲੈਣ ਕਿ ਇਹ 80 ਸੈਲਸੀਅਸ ਤੋਂ ਵੱਧ ਤਾਂ ਕਿਸੇ ਵੀ ਹਾਲਤ ਵਿੱਚ ਨਾ ਹੋਵੇ ਅਤੇ ਘੋਲਣ ਤੋਂ ਬਾਅਦ ਚਾਰ ਘੰਟੇ ਦੇ ਅੰਦਰ-ਅੰਦਰ ਹੀ ਇਹ ਟੀਕਾ ਵਰਤਿਆ ਜਾ ਰਿਹਾ ਹੋਵੇ, ਨਹੀਂ ਤਾਂ ਇਹ ਖਤਰਨਾਕ ਵੀ ਹੋ ਸਕਦਾ ਹੈ।
 
 
 
*ਲੇਖਕ ਬਾਬਾ ਫ਼ਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਦੇ ਰਜਿਸਟਰਾਰ ਰਹਿ ਚੁੱਕੇ ਹਨ। 
 
 

Disclaimer : PunjabToday.net and other platforms of the Punjab Today group strive to include views and opinions from across the entire spectrum, but by no means do we agree with everything we publish. Our efforts and editorial choices consistently underscore our authors' right to the freedom of speech. However, it should be clear to all readers that individual authors are responsible for the information, ideas or opinions in their articles, and very often, these do not reflect the views of PunjabToday.net or other platforms of the group. Punjab Today does not assume any responsibility or liability for the views of authors whose work appears here.Comment

your name*

email address*

comments*
You may use these HTML tags:<p> <u> <i> <b> <strong> <del> <code> <hr> <em> <ul> <li> <ol> <span> <div>

verification code*
 MOST VISITED
YOU MAY LIKE

TOPIC CLOUD

TAGS CLOUD

ARCHIVECopyright © 2016-2017


NEWS LETTER